ਸਮੱਗਰੀ 'ਤੇ ਜਾਓ

ਵਰਜਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਟੈਬੂ ਤੋਂ ਮੋੜਿਆ ਗਿਆ)

ਟੈਬੂ ਕਿਸੇ ਅਜਿਹੇ ਕਾਰਜ ਨੂੰ ਕਰਨ ਦੀ ਪ੍ਰਬਲ ਮਨਾਹੀ ਨੂੰ ਕਹਿੰਦੇ ਹਨ। ਜਿਸ ਬਾਰੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਉਹ ਕਾਰਜ ਜਾਂ ਤਾਂ ਬਹੁਤ ਪਵਿਤਰ ਹੈ ਜਾਂ ਸਰਾਪਿਆ ਕਿ ਸਧਾਰਨ ਲੋਕਾਂ ਦੇ ਕਰਨ ਲਈ ਨਹੀਂ ਹੈ।[1][2] ਅਤੇ ਅਗਰ ਕੋਈ ਵਿਅਕਤੀ ਅਜਿਹਾ ਕੰਮ ਕਰਦਾ ਹੈ ਤਾਂ ਉਹ ਯਾਦਗਾਰੀ ਸਜ਼ਾ ਦਾ ਭਾਗੀ ਬਣਦਾ ਹੈ। ਇਸ ਤਰ੍ਹਾਂ ਦੇ ਟੈਬੂ ਆਮ ਤੌਰ ਤੇ ਹਰ ਸਮੁਦਾਏ ਵਿੱਚ ਮੌਜੂਦ ਹਨ।[1] ਸਮਾਜਕ ਵਿਗਿਆਨ ਵਿੱਚ ਟੈਬੂ ਸ਼ਬਦ ਦਾ ਪ੍ਰਯੋਗ ਕੁੱਝ ਹੱਦ ਤੱਕ ਉਨ੍ਹਾਂ ਮਨੁੱਖ ਗਤੀਵਿਧੀਆਂ ਜਾਂ ਪ੍ਰਥਾਵਾਂ ਦੀ ਮਨਾਹੀ ਹੈ ਜਿਹਨਾਂ ਨੂੰ ਨੈਤਿਕ ਅਤੇ ਧਾਰਮਿਕ ਮਾਨਤਾਵਾਂ ਦੇ ਆਧਾਰ ਉੱਤੇ ਪਵਿਤਰ ਅਤੇ ਨਿਸ਼ਿੱਧ ਮੰਨਿਆ ਜਾਂਦਾ ਹੈ। ਟੈਬੂ ਤੋੜਨ ਨੂੰ ਆਮ ਤੌਰ ਤੇ ਕਿਸੇ ਵੀ ਸਭਿਆਚਾਰ ਵਿੱਚ ਬਿਪਤਾ ਦਾ ਜਨਕ ਮੰਨਿਆ ਜਾਂਦਾ ਹੈ। ਇਹ ਸਭਿਆਚਾਰ ਦੇ ਖੇਤਰ ਦਾ ਬੇਹੱਦ ਪ੍ਰਚਲਿਤ ਵਰਤਾਰਾ ਹੈ।

ਟੈਬੂ ਸ਼ਬਦ ਸਾਧਾਰਨ ਅਰਥਾਂ ਵਿੱਚ ਵਿਸ਼ੇਸ਼ ਪ੍ਰਕਾਰ ਦੀ ਮਨਾਹੀ ਲਈ ਵਰਤਿਆ ਜਾਂਦਾ ਹੈ। ਇਹ ਵਿਸ਼ੇਸ਼ ਪ੍ਰਕਾਰ ਦੀ ਮਨਾਹੀ ਦੇ ਪਿਛੋਕੜ ਵਿਚ ਕੋਈ ਨਾ ਕੋਈ ਲੋਕ ਵਿਸ਼ਵਾਸ ਹੁੰਦਾ ਹੈ ਜੋ ਉਸ ਕਾਰਜ ਨੂੰ ਕਰਨ ਤੋਂ ਉਤਪੰਨ ਹੋਣ ਵਾਲੇ ਮਾੜੇ ਨਤੀਜਿਆਂ 'ਤੇ ਵਿਸ਼ਵਾਸ ਰੱਖਣ ਕਰਕੇ ਆਪਣੇ ਲੋਕਾਂ ਨੂੰ ਖਾਸ ਸਖ਼ਤ ਮਨਾਹੀਆਂ ਕਰਦਾ ਹੈ। ਹਰੇਕ ਪ੍ਰਕਾਰ ਦੀ ਮਨਾਹੀ ਟੈਬੂ ਨਹੀਂ ਹੁੰਦੀ। ਟੈਬੂ ਮਨਾਹੀ ਜ਼ਰੂਰ ਹੈ। ਟੈਬੂ ਦਾ ਭਾਵ ਹੈ ਕੁਝ ਵਿਸ਼ੇਸ਼ ਕਰਨ ਤੋਂ ਸਖ਼ਤ ਰੋਕ। ਫਰੇਜ਼ਰ ਟੈਬੂ ਨੂੰ ਜਾਦੂ ਦਾ ਹਿੱਸਾ ਮੰਨਦਾ ਹੈ ਤੇ ਇਸਨੂੰ negative Magic ਆਖਦਾ ਹੈ। ਆਦਿਕਾਲੀਨ ਸਭਿਆਚਾਰਾਂ ਵਿਚ ਲੋਕਾਂ ਨੇ ਆਪਣੇ ਸਾਂਝੇ ਅਨੁਭਵਾਂ ਅਤੇ ਵਿਸ਼ੇਸ਼ ਪਰਿਕਲਪਨਾਵਾਂ ਦੁਆਰਾ ਕੁਝ ਅਜਿਹੀਆਂ ਮਨਾਹੀਆਂ ਨੂੰ ਮੰਨਿਆ ਤੇ ਲਾਗੂ ਕੀਤਾ ਜੋ ਉਸ ਸਭਿਆਚਾਰ ਵਿਚ ਪੀੜੀ-ਦਰ-ਪੀੜੀ ਤੁਰੀਆਂ ਆਉਂਦੀਆਂ ਹਨ। ਭਾਵੇਂ ਮੁਢਲੇ ਟੈਬੂ ਵਿਸ਼ੇਸ਼ ਫੈਸਲਾਕੁੰਨ, ਸੰਕਟਕਾਲੀਨ ਸਥਿਤੀ ਬਾਰੇ ਉਤਪੰਨ ਪ੍ਰਤਿਕਿਰਿਆ ਹੀ ਸਨ, ਪਰ ਹੌਲੀ ਹੌਲੀ ਇਸਨੇ ਜਾਦੂ ਤੇ ਲੋਕ ਧਰਮ ਵਿਚ ਪ੍ਰਵਾਨਗੀ ਪਾ ਲਈ। ਬਹੁਤੀ ਵਾਰ ਕਿਸੇ ਟੈਬੂ ਦਾ ਮੂਲ ਆਧਾਰ ਤਰਕ ਨਹੀਂ ਹੁੰਦਾ, ਸਗੋਂ ਲੋਕ ਵਿਸ਼ਵਾਸ ਹੁੰਦਾ ਹੈ। ਜਿਸਨੂੰ ਅੱਜਕੱਲ੍ਹ ਦੇ ਜ਼ਮਾਨੇ `ਚ ਭਰਮ ਜਾਂ ਵਹਿਮ ਵੀ ਆਖ ਦਿੱਤਾ ਜਾਂਦਾ ਹੈ। Collier's Encyclopaedia, Vol. 16 ਵਿਚ ਇਸ ਬਾਰੇ ਇਉਂ ਦਰਜ ਹੈ : The Polynesian word taboo refers to a prohibition against touching, taking or using a thing or a person because of the santity with it is charged, Taboo involves more than a caution, respect or reverence with which the sacred is approached in all cultures. The mystic essence of the object or person is held to be infectious and dangerous.

ਸ਼ਬਦ-ਨਿਰੁਕਤੀ

[ਸੋਧੋ]

ਅੰਗਰੇਜੀ ਦਾ ਸ਼ਬਦ ਟੈਬੂ ਪੋਲੀਨੀਸ਼ੀਅਨ ਸ਼ਬਦ ‘ਟਾਪੂ` ਜਾਂ ਫ਼ਿਜੀਆਈ ਟਾਬੂ ਤੋਂ ਲਿਆ ਗਿਆ ਹੈ।[3] ਪੋਲੀਨੀਸ਼ੀਅਨ ਭਾਸ਼ਾਵਾਂ ਵਿੱਚ ਇਸ ਸ਼ਬਦ ਦੇ ਅਰਥ ਹਨ, ਮਨਾਹੀ ਕਰਨਾ, ਵਰਜਣਾ। ਟੈਬੂ ਸ਼ਬਦ ਸਧਾਰਨ ਅਰਥਾਂ ਵਿੱਚ ਵਿਸ਼ੇਸ਼ ਪ੍ਰਕਾਰ ਦੀ ਮਨਾਹੀ ਲਈ ਵਰਤਿਆ ਜਾਂਦਾ ਹੈ।

According to Collier's Encyclopedia, Vol. 16:- The Polynesion word taboo refers to a prohibition against touching, taking or using a thing or a person because of the santity with it is charged, Taboo involves more than a caution, respect or reverence with which the secred is approached in all cultures. The mystic essence of the object or person is held to be infectious and dangerous. ਟੈਬੂ ਦੀ ਇਹ ਸਭਿਆਚਾਰਕ ਘਾੜ੍ਹਤ ਸ਼ੁਰੂ ਭਾਵੇ਼ ਲੋਕ ਵਿਹਾਰ ਤੇ ਸਮਾਜਿਕ ਵਿਵਸਥਾ ਦੀ ਵਿਉਂਤਬੰਦੀ ਤੋਂ ਹੋਈ ਹੋਵੇ, ਪਰ ਆਦਿ ਕਾਲੀਨ ਮਨੁੱਖ ਦੇ ਜਾਦੂ ਤੇ ਗੈਬੀ ਸ਼ਕਤੀਆਂ ਵਿੱਚ ਵਿਸ਼ਵਾਸ ਨੇ ਇਸਨੂੰ ਸੰਸਕਾਰਕ ਅਰਥ ਦੇ ਦਿੱਤੇ। ਅੰਗਰੇਜ਼ੀ ਵਿੱਚ ਇਹ ਸ਼ਬਦ ਪਹਿਲੀ ਵਾਰ 1777 ਵਿੱਚ ਜੇਮਜ ਕੁੱਕ ਨੇ ਵਰਤਿਆ ਸੀ।

ਉਤਪਤੀ ਤੇ ਵਿਕਾਸ

[ਸੋਧੋ]

ਕਬੀਲਾ ਸਮਾਜ ਵਿੱਚ ਟੈਬੂ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਟੈਬੂ ਕਿਸੇ ਕਬੀਲੇ ਵਿੱਚ ਵਿਸ਼ੇਸ਼ ਮਨਾਹੀ ਵਾਲੇ ਕਾਰਜ ਹੁੰਦੇ ਹਨ, ਜਿਨ੍ਹਾਂ ਦੀ ਉਸ ਜਨ ਸਮੂਹ ਦੁਆਰਾ ਹਰ ਹਾਲਤ ਵਿੱਚ ਪਾਲਣਾ ਕਰਨੀ ਜ਼ਰੂਰੀ ਸਮਝੀ ਜਾਂਦੀ ਹੈ। ਟੈਬੂ ਮੂਲ ਰੂਪ ਵਿੱਚ ਪੋਲੀਨੀਸ਼ੀਅਨ ਸ਼ਬਦ ਹੈ, ਜਿਸ ਬਾਰੇ ਕਪਤਾਨ ਕੁੱਕ ਨੇ 1771 ਈ. ਵਿੱਚ ਸ਼ਾਂਤ ਸਾਗਰ ਦੇ ਇਲਾਕੇ ʻਟਾਗਾʼ ਤੋਂ ਪ੍ਰਾਪਤ ਕੀਤਾ। ਟੈਬੂ ਰੱਬੀ ਜਾਂ ਮਾਨਵੀ ਹੁਕਮ ਨਾਲੋਂ ਵੱਧ ਹੈ। ਦੁਰਖੀਮ ਅਨੁਸਾਰ, “ਇਸ ਨੂੰ ਪਵਿੱਤਰ ਅਤੇ ਅਪਵਿੱਤਰ ਦੇ ਵਿਚਕਾਰ ਅੰਤਰ ਬਣਾਏ ਰੱਖਣ ਦੇ ਲਈ ਤੇ ਸਮਾਜਿਕ ਇੱਕਜੁੱਟਤਾ ਨੂੰ ਬਣਾਈ ਰੱਖਣ ਦੇ ਸੰਬੰਧ ਵਿੱਚ ਵੇਖਦਾ ਅਤੇ ਸਮਝਦਾ ਹੈ।”

ਟੈਬੂ ਹਰ ਸਮਾਜ ਵਿੱਚ ਸਾਂਝੇ ਵੀ ਮੰਨੇ ਗਏ ਹਨ। ਮੂਲ ਰੂਪ ਵਿੱਚ ਪਤੀ-ਪਤਨੀ ਤੋਂ ਬਿਨਾਂ ਜਿਨਸੀ ਸੰਬੰਧ ਰੱਖਣਾ, ਮਨੁੱਖ ਵੱਲੋਂ ਮਨੁੱਖੀ ਮਾਸ ਖਾਧਾ ਜਾਣਾ। ਭੈਣ ਅਤੇ ਮਾਂ ਨਾਲ ਸੈਕਸ ਕਰਨਾ। ਵੱਖ-ਵੱਖ ਸਮਾਜਾਂ ਦੇ ਵੱਖ-ਵੱਖ ਤਾਬੂ ਵੀ ਹੋ ਸਕਦੇ ਹਨ ਜਿਵੇਂ, ਹਿੰਦੂ ਸਮਾਜ ਵਿੱਚ ਗਊ ਹੱਤਿਆ, ਮੁਸਲਿਮ ਸਮਾਜ ਵਿੱਚ ਸੂਰ ਦੀ ਹੱਤਿਆ।

ਟੈਬੂ ਸਮਾਜ ਵਿਚੋਂ ਜੋ ਮਨਾਹੀ ਹੈ, ਉਸ ਨੂੰ ਕਿਹਾ ਜਾਂਦਾ ਹੈ। ʻਟੈਬੂʼ ਪੋਲੀਨੀਸ਼ੀਅਨ ਸ਼ਬਦ ʻਤਾਬੂʼ ਤੋਂ ਬਣਿਆ ਹੈ, ਜਿਸ ਦੇ ਅਰਥ ਹਨ, ਮਨਾਹੀ, ਰੋਕ, ਵਿਸ਼ੇਸ਼ ਮਨਾਹੀ ਭਰਪੂਰ ਨਿਯਮ, ਜਿਸ ਦੀ ਹਰ ਸਮਾਜ ਉਲੰਘਣਾ, ਪਰਾਹਨ ਕਰਨ ਤੋਂ ਗੁਰੇਜ਼ ਕਰਦਾ ਤੇ ਇਨ੍ਹਾਂ ਨੂੰ ਨਾ ਕਰਨ ਬਾਰੇ ਸੋਚਦਾ ਹੈ। ਭਾਵ ਅਜਿਹੀ ਹਰਕਤ ਅਜਿਹਾ ਕੰਮ ਜਿਸ ਨੂੰ ਸਮਾਜ ਵਿੱਚ ਕਰਨ ਦੀ ਸਖ਼ਤ ਮਨਾਹੀ ਹੋਵੇ, ਉਹ ਟੈਬੂ ਹੈ। ਗਾਲ੍ਹਾਂ ਨੂੰ ਸਮਾਜਿਕ ਪ੍ਰਵਾਨਗੀ ਨਹੀਂ ਹੁੰਦੀ। ਸਭਿਅਕ ਸਮਾਜ ਵਿੱਚ ਗਾਲ੍ਹਾਂ ਦੀ ਮਨਾਹੀ ਹੈ, ਇਸੇ ਲਈ ਗਾਲ੍ਹਾਂ ਟੈਬੂ ਹਨ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਕੱਢਣਾ ਟੈਬੂ ਹੈ। ਟੈਬੂ ਸਮਾਜਿਕ ਮਨਾਹੀ ਹੋਣ ਦੇ ਨਾਲ ਨਾਲ ਕੁਦਰਤੀ ਤੌਰ ਤੇ ਮੰਨੀ ਜਾਣ ਵਾਲੀ ਇੱਕ ਧਾਰਮਿਕ ਮਨਾਹੀ ਹੈ। ਧਰਮ ਅਨੁਸਾਰ ਕੋਈ ਗੁਨਾਹ ਕਰਨਾ ਪਾਪ ਹੈ। ਕਾਨੂੰਨ ਅਨੁਸਾਰ ਅਪਰਾਧ ਕਹਾਉਂਦਾ ਹੈ, ਉਹ ਟੈਬੂ ਹੈ। ਟੈਬੂ ਅਜਿਹੇ ਸੁਰੱਖਿਅਤ ਨਿਯਮ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਮਨੁੱਖ ਪਾਪੀ, ਅਪਰਾਧੀ ਹੋਣ ਤੋਂ ਬਚਦਾ ਹੈ।

ਟੈਬੂ ਪਵਿੱਤਰ ਵੀ ਹਨ ਅਤੇ ਖ਼ਤਰਨਾਕ ਵੀ। ਜਦੋਂ ਟੈਬੂਆਂ ਦੀ ਪਾਲਣਾ ਕੀਤੀ ਜਾਂਦੀ ਹੈ ਤਾਂ ਇਹ ਵਿਅਕਤੀ ਨੂੰ ਪਾਪ ਕਰਨ ਤੋਂ ਵਰਜ ਕੇ ਰੱਖਦੇ ਹਨ ਤੇ ਪਵਿੱਤਰ ਬਣਾਉਂਦੇ ਹਨ। ਪਰ ਜਦੋਂ ਇਨ੍ਹਾਂ ਦੀ ਉਲੰਘਣਾ ਕਹੀ ਜਾਂਦੀ ਹੈ, ਤਾਂ ਇਹ ਜੋ ਅਪਸ਼ਬਦ ਜਾਂ ਗਾਲ੍ਹ ਦੇ ਰੂਪ ਵਿੱਚ ਵਰਤੇ ਜਾਂਦੇ ਹਨ, ਜਿਵੇਂ; ਭੈਣ ਦਾ ਖ਼ਸਮ, ਧੀ ਦਾ ਯਾਰ, ਧੀ ਦਾ ਖ਼ਸਮ, ਸਹੁਰੇ ਦੀ ਰੰਨ, ਕੁੱਤਿਆਂ ਦੀ ਰੰਨ ਆਦਿ। ਇਹ ਗਾਲ੍ਹਾਂ ਤਾਂ ਬਣਦੀਆਂ ਹਨ ਕਿਉਂਕਿ ਸਮਾਜ ਵਿੱਚ ਰਹਿੰਦੇ ਹਰ ਵਿਅਕਤੀ ਲਈ ਇਹ ਟੈਬੂ ਸ਼ਬਦ ਹਨ।

ਟੈਬੂ ਜਿਸ ਵਿਸ਼ੇਸ਼ ਕਰਮ ਜਾਂ ਵਿਹਾਰ ਤੋਂ ਆਪਣੇ ਲੋਕਾਂ ਨੂੰ ਰੋਕਦਾ ਹੈ, ਉਸ ਪਿੱਛੇ ਇਹ ਧਾਰਨਾ ਕੰਮ ਕਰਦੀ ਹੈ ਕਿ ਇਹ ਮਨਾਹੀ ਤੋੜਨ ਜਾਂ ਉਲੰਘਣ ਕਰਨਾ ਬੱਜਰ ਪਾਪ ਹੋਵੇਗੀ। ਇਸਦਾ ਪਰਿਣਾਮ ਉਸ ਵਿਅਕਤੀ ਦੇ ਵੱਡੇ ਨੁਕਸਾਨ, ਬਿਮਾਰੀ ਜਾਂ ਮੌਤ ਵਿਚ ਨਿਕਲੇਗਾ। ਟੈਬੂ ਬਾਰੇ ਲੋਕ ਧਰਮ ਵਿਚ ਪੰਕੀ ਧਾਰਨਾ ਹੁੰਦੀ ਹੈ। ਟੈਬੂ ਦੀ ਇਹ ਸਭਿਆਚਾਰਕ ਘਾੜਤ ਸ਼ੁਰੂ ਭਾਵੇਂ ਲੋਕ ਵਿਹਾਰ ਅਤੇ ਸਾਮਾਜਿਕ ਵਿਵਸਥਾ ਦੀ ਵਿਉਂਤਬੰਦੀ ਤੋਂ ਹੋਈ ਹੋਵੇ, ਪਰ ਆਦਿਕਾਲੀਨ ਮਨੁੱਖ ਦੇ ਜਾਦੂ ਅਤੇ ਗੈਬੀ ਸ਼ਕਤੀਆਂ ਵਿਚ ਵਿਸ਼ਵਾਸ ਨੇ ਇਸ ਨੂੰ ਸੰਸਕਾਰਕ ਅਰਥ ਦੇ ਦਿੱਤੇ। ਟੈਬੂ ਨੂੰ ਪੱਕੀ ਤਰ੍ਹਾਂ ਲਾਗੂ ਕਰਨ ਲਈ ਡਰ ਅਤੇ ਭੈਅ ਉਪਜਾਉਣ ਲਈ ਪਰਾਲੌਕਿਕ ਜਾਦੂਮਈ ਸ਼ਕਤੀਆਂ ਦਾ ਖਤਰਨਾਕ ਬਦਲਾਲਊ ਬਿੰਬ ਉਸਾਰਿਆ ਗਿਆ।

ਟੈਬੂ ਦੀ ਪ੍ਰਕਿਰਤੀ ਵਿਚ ਸਾਮਾਜਿਕ ਕੀਮਤਾਂ ਅਤੇ ਸੰਸਕਾਰਕ ਕੀਮਤਾਂ ਹਾਜ਼ਰ ਹੁੰਦੀਆਂ ਹਨ। ਸਾਮਾਜਿਕ ਕੀਮਤਾਂ ਦਾ ਸਬੰਧ ਲੋਕ ਸਮੂਹ ਦੀ ਸਾਂਝੀ ਜੀਵਨ ਸ਼ੈਲੀ ਦੇ ਪੈਟਰਨ ਤੇ ਪ੍ਰਤਿਮਾਨ ਨਿਸ਼ਚਿਤ ਕਰਨਾ ਹੁੰਦਾ ਹੈ। ਜੀਵਨ ਦੇ ਵੱਡੇ ਸੰਕਟਸ਼ੀਲ ਮੌਕਿਆਂ ਖਾਸ ਕਰਕੇ ਜਨਮ, ਵਿਆਹ ਅਤੇ ਮੌਤ ਬਾਰੇ ਜ਼ਿਆਦਾ ਟੈਬੂ ਪ੍ਰਚਲਿਤ ਹਨ। ਪ੍ਰਸੂਤ, ਨਵਜਨਮ ਬਾਲ ਤੇ ਇਸ ਨਾਲ ਸਬੰਧਤ ਕਿਰਿਆਵਾਂ ਬਾਰੇ ਟੈਬੂ, ਵਿਆਹੰਦੜ ਮੁੰਡੇ-ਕੁੜੀ ਬਾਰੇ ਟੈਬੂ, ਮ੍ਰਿਤਕ ਸਰੀਰ ਬਾਰੇ ਟੈਬੂ ਸਾਡੇ ਸਭਿਆਚਾਰ ਦਾ ਹਿੱਸਾ ਹਨ।

ਟੈਬੂ ਦਾ ਦੂਸਰਾ ਪਾਸਾਰ ਉਹ ਸੰਸਕਾਰਕ ਕੀਮਤ ਹੈ, ਜੋ ਉਹ ਲੋਕ ਉਸਨੂੰ ਦਿੰਦੇ ਹਨ। ਟੈਬੂ ਮੰਨਣ ਵਾਲੇ ਲੋਕ ਹਰ ਟੈਬੂ ਦੀ ਆਪਣੀ ਤਰ੍ਹਾਂ ਵਿਆਖਿਆ ਕਰਦੇ ਹਨ। ਅੱਜ ਦੇ ਵਿਗਿਆਨਕ ਯੁਗ ਵਿਚ ਅਜਿਹੇ ਟੈਬੂ ਨੂੰ ਸਹੀ ਮੰਨਣਾ ਭਾਵੇਂ ਬਹੁਤਾ ਸੰਭਵ ਨਹੀਂ। ਪਰ ਇਹ ਟੈਬੂ ਲੋਕ ਮਨ ਨੂੰ ਸਮਝਣ ਲਈ ਬਹੁਤ ਮਹੱਤਵਸ਼ੀਲ ਹਨ। ਇਹਨਾਂ ਟੈਬੂਆਂ ਪਿੱਛੇ ਲੁਪਤ ਮਨੋਰਥ ਦਿਲਚਸਪ ਹੁੰਦੇ ਹਨ। ਟੈਬੂ ਨਾਲ ਸਬੰਧਤ ਸੰਸਕਾਰਕ ਕਾਰਜ ਤਕਨੀਕੀ ਕਾਰਜ ਤੋਂ ਮੂਲੋਂ ਭਿੰਨ ਹੁੰਦੇ ਹਨ। ਅਸਲ ਵਿਚ ਇਹ ਪ੍ਰਤੀਕਮਈ ਕਾਰਜ ਹੁੰਦੇ ਹਨ। ਕਈ ਵਿਅਕਤੀ ਮੰਗਲਵਾਰ ਮੀਟ ਅਤੇ ਸ਼ਰਾਬ ਦਾ ਸੇਵਨ ਨਹੀਂ ਕਰਦੇ, ਇਸਨੂੰ ਟੈਬੂ ਮੰਨਦੇ ਹਨ। ਕੁਝ ਲੋਕ ਸ਼ਨਿੱਚਰਵਾਰ ਲੋਹਾ ਖਰੀਦਣ ਨੂੰ ਟੈਬੂ ਮੰਨਦੇ ਹਨ। ਕੁਝ ਖਾਸ ਸਭਿਆਚਾਰ ਕੁਝ ਖਾਸ ਅੰਕਾਂ ਨੂੰ ਟੈਬੂ ਮੰਨਦੇ ਹਨ।ਕੁਝ ਖਾਸ ਸਭਿਆਚਾਰ ਕੁਝ ਖਾਸ ਅੰਕਾਂ ਨੂੰ ਟੈਬੂ ਮੰਨਦੇ ਹਨ।

ਪਰਿਭਾਸ਼ਾ ਅਤੇ ਪ੍ਰਸੰਗ

[ਸੋਧੋ]

ਟੈਬੂ ਦੀ ਇਹ ਸਭਿਆਚਾਰਕ ਘਾੜ੍ਹਤ ਸ਼ੁਰੂ ਭਾਵੇ਼ ਲੋਕ ਵਿਹਾਰ ਤੇ ਸਮਾਜਿਕ ਵਿਵਸਥਾ ਦੀ ਵਿਉਂਤਬੰਦੀ ਤੋਂ ਹੋਈ ਹੋਵੇ, ਪਰ ਆਦਿ ਕਾਲੀਨ ਮਨੁੱਖ ਦੇ ਜਾਦੂ ਤੇ ਗੈਬੀ ਸ਼ਕਤੀਆਂ ਵਿੱਚ ਵਿਸ਼ਵਾਸ ਨੇ ਇਸਨੂੰ ਸੰਸਕਾਰਕ ਅਰਥ ਦੇ ਦਿੱਤੇ। ਟੈਬੂ ਹਰ ਸਮਾਜ ਵਿੱਚ ਸਾਂਝੇ ਹੁੰਦੇ ਹਨ। ਮੁੱਢਲੇ ਪਰਿਵਾਰਕ ਸੰਬੰਧਾ ਵਿੱਚ ਪਤੀ-ਪਤਨੀ ਤੋਂ ਬਿਨਾਂ ਜਿਨਸੀ- ਸੰਬੰਧ ਕਾਇਮ ਕਰਨਾ ਜਾਂ ਮਨੁੱਖ ਵਲੋਂ ਮਨੁੱਖ ਦਾ ਮਾਸ ਖਾਧੇ ਜਾਣਾ ਹਰ ਮਨੁੱਖੀ ਸਮਾਜ ਵਿੱਚ ਟੈਬੂ ਹੈ। ਪਰੰਤੂ ਵੱਖ-ਵੱਖ ਧਰਮਾਂ ਦੇ ਖੇਤਰਾਂ ਵਿੱਚ ਟੈਬੂ ਵੱਖਰੇ-ਵੱਖਰੇ ਵੀ ਹੋ ਸਕਦੇ ਹਨ। ਹਿੰਦੂ ਸਮਾਜ ਵਿੱਚ ਗਊ ਹੱਤਿਆ ਤੇ ਮੁਸਲਮਾਨਾ ਵਿੱਚ ਸੂਰ ਦਾ ਮਾਸ ਖਾਣਾ ਟੈਬੂ ਹੈ।[4] ਇਕ ਹੋਰ ਤਰ੍ਹਾਂ ਦੇ ਨਿਯਮ ਵੀ ਹੁੰਦੇ ਹਨ, ਜਿੰਨਾਂ ਨੂੰ ਕਾਨੂੰਨ ਦਾ ਨਾਂ ਦਿੱਤਾ ਜਾਂਦਾ ਹੈ। ਕਾਨੂੰਨਾ ਦੇ ਆਧਾਰ ਉੱਪਰ ਗਿਣਵਾਏ ਗਏ ਹਨ। ਹਰ ਤਰ੍ਹਾਂ ਦੇ ਨਿਯਮ ਹੀ ਹੁੰਦੇ ਹਨ, ਸਿਵਾਇ ਉਹਨਾਂ ਨਿਯਮਾਂ ਦੇ ਜਿਹੜੇ ਅਤਿ ਨਿਗੂਣੇ ਜਾਂ ਅਤਿ ਦੇ ਘ੍ਰਿਣਤ ਜਾਂ ਭਿਅੰਕਰ ਮਨੁੱਖੀ ਵਿਹਾਰ ਨਾਲ ਸੰਬੰਧਿਤ ਟੈਬੂ ਹੋਣ। ਕਾਨੂੰਨਾਂ ਵਿੱਚ ਲੋਕਾਚਾਰ ਜਾਂ ਸਦਾਚਾਰ ਵਾਲੀ ਅਨਿਸਚਿਤਤਾ ਹੁੰਦੀ ਨਹੀਂ। ਇਹ ਸਮੇਂ ਦੇ ਸਮਾਜ ਦੇ ਲਕਸ਼ਾਂ ਦੇ ਮੁਤਾਬਕ ਸਮਾਜਿਕ ਵਿਹਾਰ ਦੇ ਨਿਯਮ ਨਿਸ਼ਚਿਤ ਭਾਸ਼ਾ ਵਿੱਚ ਉਲੀਕਦੇ ਹਨ ਤੇ ਉਹਨਾਂ ਦੀ ਉਲੰਘਣਾ ਲਈ ਨਿਸਚਿਤ ਸਜ਼ਾ ਅੰਕਿਤ ਕਰਦੇ ਹਨ।[5] ਵਿਲਹੈਲਮ ਵੰਟੁ ਨੇ ਟੈਬੂ ਦੇ ਸੰਕਲਪ ਦੀਆਂ ਜੜਾਂ ਸਾਡੇ ਆਦਿ ਕਾਲ ਜੀਵਨ ਦੌਰ ਵਿੱਚ ਢੂੰਡਣ ਦੀ ਕੋਸ਼ਿਸ਼ ਕੀਤੀ ਹੈ। ਉਹ ਲਿਖਦਾ ਹੈ, “ਇਸ ਵਿੱਚ ਉਹ ਸਾਰੇ ਭਾਵ ਸ਼ਾਮਿਲ ਹਨ ਜਿਹੜੇ ਕੁਝ ਚੀਜਾਂ ਬਾਰੇ ਡਰਾਉਣੇ ਵਿਚਾਰਾ ਦਾ ਪਤਾ ਦਿੰਦੇ ਹਨ। ਜੇ ਇਸ ਦੇ ਸ਼ਾਬਦਿਕ ਅਰਥਾਂ ਨੂੰ ਲਈਏ ਤਾਂ ਹਰ ਮਨਾਹੀ ਜੋ ਕਿਸੇ ਚੀਜ਼ ਨੂੰ ਛੂਹਣ ਤੇ ਵਰਤਣ ਉੱਪਰ ਲਾਗੂ ਹੁੰਦੀ ਹੈ, ਇਸ ਵਿੱਚ ਸ਼ਾਮਿਲ ਹੈ। ਕਿਸੇ ਕੌਮ ਦੀ ਸੱਭਿਅਤਾ ਦੇ ਵਿਕਾਸ ਦਾ ਕੋਈ ਅਜਿਹਾ ਦੌਰ ਨਹੀਂ, ਜੋ ਇਹਨਾਂ ਤੋ ਪੂਰੀ ਤਰ੍ਹਾਂ ਮੁਕਤ ਰਿਹਾ ਹੋਵੇ”। ਆਸਟ੍ਰੇਲੀਅਨ ਕਬੀਲਿਆਂ ਵਿੱਚ ਇਹਨਾਂ ਮਨਾਹੀਆਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ।

  1. ਜਾਨਵਰਾਂ ਨਾਲ ਸਬੰਧਿਤ
  2. ਮਨੁੱਖਾਂ ਨਾਲ ਸਬੰਧਿਤ
  3. ਬਾਕੀ ਚੀਜ਼ਾਂ ਨਾਲ ਸਬੰਧਿਤ

ਜਾਨਵਰਾਂ ਨਾਲ ਸਬੰਧਿਤ ਟੈਬੂ ਉਹਨਾਂ ਨੂੰ ਮਾਰਨ ਤੇ ਖਾਣ ਦੇ ਵਿਰੁੱਧ ਹਨ। ਇਹ ਮਨਾਹੀ ਟੋਟਮਵਾਦੀ ਵਿਵਸਥਾ ਦਾ ਕੇਂਦਰ ਬਿੰਦੂ ਹੈ। ਮਨੁੱਖਾ ਨਾਲ ਸੰਬੰਧਿਤ ਟੈਬੂ ਬਿਲਕੁਲ ਵੱਖਰੀ ਕਿਸਮ ਦੇ ਹਨ। ਸਭ ਤੋਂ ਪਹਿਲਾਂ ਉਹ ਵਿਅਕਤੀ ਦੇ ਅਸਧਾਰਨ ਹਾਲਾਤ ਨਾਲ ਸੰਬੰਧਿਤ ਹਨ। ਨੌਜਵਾਨ ਉਸ ਸਮੇਂ ਟੈਬੂ ਹੁੰਦਾ ਹੈ, ਜਦੋਂ ਉਸਨੂੰ ਸਮਾਜ ਵਿੱਚ ਬਾਲਗ ਵਿਅਕਤੀ ਵਜੋਂ ਰਸਮੀ ਤੌਰ ਤੇ ਸ਼ਾਮਿਲ ਕੀਤਾ ਜਾਂਦਾ ਹੈ। ਮੁਟਿਆਰਾਂ ਮਹਾਵਾਰੀ ਦੇ ਪੀਰਡ ਵਿੱਚ ਜਾਂ ਬੱਚੇ ਦੇ ਜਨਮ ਤੋਂ ਫ਼ੌਰਨ ਬਾਦ ਟੈਬੂ ਹੁੰਦੀਆਂ ਹਨ। ਨਵ ਜਨਮੇ ਬਾਲ ਬੀਮਾਰ ਤੇ ਮ੍ਰਿਤਕ ਵਿਅਕਤੀ ਵੀ ਆਟੋਮੈਟੀਕਲੀ ਟੈਬੂ ਹੁੰਦੇ। ਕਿਸੇ ਵਿਅਕਤੀ ਦੇ ਨਿੱਜੀ ਜਾਇਦਾਦ ਉਸ ਦੇ ਕੱਪੜੇ, ਕੰਮ ਦੇ ਸੰਦ ਤੇ ਹਥਿਆਰ ਦੂਜਿਆਂ ਲਈ ਟੈਬੂ ਹੁੰਦੇ ਹਨ। ਤੀਜਾ ਵਰਗ ਪੇੜ ਪੌਦਿਆਂ, ਮਕਾਨਾਂ ਤੇ ਇਲਾਕਿਆ ਨਾਲ ਸੰਬੰਧਿਤ ਹੈ। ਇਹ ਅਸਥਾਈ ਟੈਬੂ ਹੈ।[6] ਮਨਾਹੀਆਂ (ਟੈਬੂ) ਦੀ ਪਵਿਤ੍ਰਤਾ ਅਜੇ ਵੀ ਮਨ, ਬੋਗਾਂ ਜਾਂ ਏਰਿਨ ਅਰਥਾਤ ਅਵਿਅਕਤਕ ਸ਼ਕਤੀ ਦੇ ਸੰਕਲਪ ਜੋ ਕਿ ਅਨਿਸਚਿਤ ਤੇ ਅਸਪਸ਼ਟ ਹੈ, ਪਰੰਤੂ ਹਰ ਥਾਂ ਵਿਆਪਕ ਹੈ, ਆਦਿ ਵਿਚਾਰਾਂ ਦੁਆਰਾ ਕਾਇਮ ਹੈ। ਸ਼ਕਤੀ ਦੇ ਇਸ ਅਸਪਸ਼ਟ ਜਿਹੇ ਸੰਕਲਪ ਨੂੰ ਘੜਨ ਵਿੱਚ ਜਾਦੂਗਰਾਂ, ਟੂਣੇਹਾਰਾਂ, ਪੁਜਾਰੀਆ ਤੇ ਕਬੀਲੇ ਦੇ ਸਰਦਾਰਾਂ ਨੇ ਚੋਖਾ ਹਿੱਸਾ ਪਾਇਆ ਹੈ। ਟੈਬੂ ਨੂੰ ਮਨੋਵਿਸ਼ਲੇਸ਼ਣ ਦੇ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਮਨ ਦੇ ਅਚੇਤਭਾਗ ਵਿੱਚ ਇਸ ਦੇ ਨਕਸ਼ ਜਾਣੇ-ਪਛਾਣੇ ਨਜ਼ਰ ਆਉਂਦੇ ਹਨ। ਜੀਵਨ ਵਿੱਚ ਸਾਡੇ ਨਾਲ ਕਈ ਅਜਿਹੇ ਵਿਅਕਤੀਆਂ ਦਾ ਵਾਹ ਪੈਂਦਾ ਹੈ, ਜਿਹਨਾਂ ਨੇ ਆਪਣੇ ਆਪ ਲਈ ਵਿਅਕਤੀਗਤ ਟੈਬੂ ਸਿਰਜੇ ਹੁੰਦੇ ਹਨ ਤੇ ਉਹ ਉਹਨਾਂ ਉੱਪਰ ਓਨੀ ਹੀ ਸਖਤੀ ਨਾਲ ਅਮਲ ਕਰਦੇ ਹਨ, ਜਿਵੇਂ ਆਦਿ ਵਾਸੀ ਕਰਦੇ ਹਨ। ਜੇ ਉਹ ਖਬਤ ਦੇ ਮਨੋਰੋਗੀ ਨਹੀਂ ਤਾਂ ਉਹਨਾਂ ਨੂੰ ‘ਟੈਬੂ` ਰੋਗੀ ਕਹਿਣਾ ਬਿਲਕੁਲ ਉਚਿਤ ਹੈ।[7] ਖਬਤ ਦੇ ਸਿੰਪਟਪਾਂ ਤੇ ਟੈਬੁੂ ਦੀਆਂ ਮਨਾਹੀਆਂ ਵਿੱਚ ਸਭ ਤੋਂ ਵੱਡੀ ਸਮਾਨਤਾ ਇਹ ਹੈ ਕਿ ਆਪਣੇ ਮੰਤਵ ਤੇ ਆਰੰਭ ਬਾਰੇ ਉਹ ਇਕੋ ਜਿੰਨੀਆਂ ਅਸਪਸ਼ਟ ਹੁੰਦੀਆਂ ਹਨ। ਇੱਕ ਵਾਰ ਸ਼ੁਰੂ ਹੋਣ ਬਾਦ ਇਹ ਕਿਸੇ ਅਣਦਿਸਦੇ ਭੈਅ ਹੇਠ ਲਗਾਤਾਰ ਜਾਰੀ ਰਹਿੰਦੀਆਂ ਹਨ। ਖਬਤੀ ਰੋਗ ਦੀਆਂ ਮਨਾਹੀਆਂ ਬਹੁਤ ਵੱਡੀ ਹੱਦ ਤੱਕ ਪਰਿਵਰਤਨਸ਼ੀਲ ਹੁੰਦੀਆਂ ਹਨ। ਇਹੀ ਪਰਿਵਰਤਨਸ਼ੀਲਤਾ ਦੀ ਸਮਰੱਥਾ ਅਸੀਂ ਟੂਣੇ ਵਿੱਚ ਦੇਖਦੇ ਹਾਂ ਕਿ ਉਸ ਦਾ ਉਲੰਘਣ ਕਰਨ ਵਾਲਾ ਜਾਂ ਟੂਣਾ ਕੀਤੀ ਚੀਜ਼ ਨੂੰ ਛੁੂਹਣ ਵਾਲਾ ਵਿਅਕਤੀ ਖ਼ੁਦ ਟੂਣਾ ਬਣ ਜਾਂਦਾ ਹੈ ਜਿਸਦੇ ਸੰਪਰਕ ਵਿੱਚ ਆਉਣ ਵਾਲੀ ਕੋਈ ਵੀ ਅੱਗੇ ਤੋਂ ਅੱਗੇ ਟੂਣਾ ਬਣਦਾ ਜਾਂਦਾ ਹੈ।

ਟੈਬੂ ਦੇ ਸੰਸਕਾਰਕ ਭਾਵ ਪ੍ਰਤੀਕਮਈ ਕਾਰਜ ਅਤੇ ਸਵੀਕ੍ਰਿਤ ਮਨੋਰਥ ਦਾ ਇਕ ਆਪਣਾ ਚਿਹਨਕੀ ਪ੍ਰਵਚਨ ਬਣਦਾ ਹੈ। ਇਸਨੂੰ ਮਨੋ-ਵਿਗਿਆਨਕ ਤੇ ਚਿਹਨ-ਵਿਗਿਆਨਕ ਵਿਧੀਆਂ ਰਾਹੀਂ ਡੀਕੋਡ ਕਰਨਾ ਬਣਦਾ ਹੈ। ਮਨੋਰਥ ਉਹ ਤਰਕ ਹੈ ਜੋ ਉਸ ਟੈਬੂ ਨੂੰ ਮੰਨਣ-ਮੰਨਾਉਣ ਵਾਲੇ ਖੁਦ ਦਿੰਦੇ ਹਨ। ਇਸ ਵਿਚ ਟੈਬੂ ਨੂੰ ਨਾ ਮੰਨਣ ਤੋਂ ਉਤਪੰਨ ਭਿਆਨਕ ਪਰਿਣਾਮਾਂ ਦਾ ਡਰ ਦਰਸਾਇਆ ਹੁੰਦਾ ਹੈ। ਇਕ ਸਭਿਆਚਾਰ ਵਿਗਿਆਨੀ ਦੀ ਦਿਲਚਸਪੀ ਟੈਬੂ ਦੇ ਪ੍ਰਭਾਵ ਦਾ ਅਧਿਐਨ ਹੁੰਦਾ ਹੈ, ਖਾਸ ਕਰ ਪ੍ਰਤੱਖ ਜਾਂ ਤਤਕਾਲੀ ਪ੍ਰਭਾਵ ਦਾ ਮਨੋ-ਵਿਗਿਆਨਕ ਅਤੇ ਸਭਿਆਚਾਰਕ ਅਰਥਾਂ ਦੀ ਤਲਾਸ਼ ਹੁੰਦੀ ਹੈ। ਇਹ ਪੱਖ ਬੇਹੱਦ ਮਾਅਨੋਖੇਜ਼ ਹੁੰਦਾ ਹੈ। ਇਹ ਲੋਕ ਮਨ ਦੀ ਕਾਰਜਸ਼ੀਲਤਾ ਨੂੰ ਸਮਝਣ ਦਾ ਰਾਹ ਦਰਸਾਉਂਦੇ ਹਨ। ਇਹਨਾਂ ਨੂੰ ਦਿੱਤੀ ਗਈ ਗੈਬੀ ਅਧਿਭੌਤਿਕ ਪੁੱਠ ਲੋਕ ਮਨ ਦੀ ਕਾਰਜਸ਼ੀਲਤਾ ਦਾ ਪ੍ਰਭਾਵੀ ਜੁਜ਼ ਹੁੰਦੀ ਹੈ। ਇਹ ਅਜਬ ਕਾਰਜਸ਼ੀਲਤਾ, ਪ੍ਰੇਕ ਤੇ ਪ੍ਰਵਿਰਤੀਆਂ ਆਦਿਕਾਲੀਨ ਮਨ ਦੀ ਹੀ ਨਹੀਂ, ਆਧੁਨਿਕ ਮਨ ਦੇ ਵੀ ਪ੍ਰਭਾਵੀ ਪਾਸਾਰ ਹਨ। ਇਹ ਟੋਹ ਲੈ ਕੇ ਅਸੀਂ ਆਂਤਰਿਕ ਮਨ ਦੀਆਂ ਸ਼ਕਤੀਸ਼ਾਲੀ ਪ੍ਰਵਿਰਤੀਆਂ ਨੂੰ ਸਮਝ ਸਕਦੇ ਹਾਂ। ਇਸ ਪ੍ਰਸੰਗ ਵਿਚ ਟੈਬੂ ਸਾਮਾਜਿਕ ਤਾਣੇ-ਪੇਟੇ ਦਾ ਅਹਿਮ ਹਿੱਸਾ ਹਨ। ਨਾ ਸਾਰੇ ਟੈਬੂ ਫ਼ਜੂਲ ਹਨ ਤੇ ਨਾ ਹੀ ਸਾਰੇ ਭਰਮ ਹਨ। ਇਹਨਾਂ ਦਾ ਕਾਰਜ ਕੁਝ ਕੁ ਬੁਨਿਆਦੀ ਸਾਮਾਜਿਕ ਕੀਮਤਾਂ ਨੂੰ ਸਥਾਪਤ ਕਰਨਾ ਹੁੰਦਾ ਹੈ। ਅਜਿਹੇ ਟੈਬੂ ਜਿਹਨਾਂ ਦੇ ਆਧਾਰ ਉੱਤੇ ਕੁਝ ਸੰਸਕਾਰਾਂ ਨੂੰ ਉਚਿਤ ਸਮਝਿਆ ਜਾਂਦਾ ਹੈ ਅਤੇ ਇਹਨਾਂ ਦੀ ਜੀਵਨ ਨਾਲ ਅਨੁਰੂਪਤਾ ਅਤੇ ਨਿਰੰਤਰਤਾ ਮੰਨੀ ਜਾਂਦੀ ਹੈ। ਇਹਨਾਂ ਟੈਬੂਆਂ, ਇਹਨਾਂ ਨਾਲ ਜੁੜੇ ਪ੍ਰਤੀਕਾਤਮਕ ਕਾਰਜਾਂ ਅਤੇ ਸਬੰਧਤ ਭਾਵਨਾਵਾਂ ਤੇ ਮੰਤਵਾਂ ਨੂੰ ਸਮਝਣਾ ਤੇ ਪਰਿਭਾਸ਼ਤ ਕਰਨਾ ਸਭਿਆਚਾਰ-ਵਿਗਿਆਨ ਦੇ ਖੇਤਰ ਦਾ ਅਹਿਮ ਸਰੋਕਾਰ ਹੈ।

ਪੰਜਾਬੀ ਸੱਭਿਆਚਾਰ ਵਿਚਲੇ ਟੈਬੂ

[ਸੋਧੋ]

ਟੈਬੂ ਦੀ ਪ੍ਰਕਿਰਤੀ ਵਿੱਚ ਸਮਾਜਿਕ ਕੀਮਤਾਂ ਤੇ ਸੰਸਕਾਰਕ ਕੀਮਤਾਂ ਹਾਜਰ ਹੁੰਦੀਆਂ ਹਨ। ਸਮਾਜਿਕ ਕੀਮਤਾਂ ਦਾ ਸੰਬੰਧ ਲੋਕ ਸਮੂਹ ਦੀ ਸਾਂਝੀ ਜੀਵਨ ਸ਼ੈਲੀ ਦੇ ਪੈਟਰਨ ਤੇ ਪ੍ਰਤਿਮਾਨ ਨਿਸਚਿਤ ਕਰਨਾ ਹੁੰਦਾ ਹੈ। ਜੀਵਨ ਦੇ ਵੱਡੇ ਸੰਕਟਸ਼ੀਲ ਮੌਕਿਆਂ ਖਾਸ ਕਰ ਕੇ ਜਨਮ, ਵਿਆਹ ਤੇ ਮੌਤ ਬਾਰੇ ਜਿਆਦਾ ਟੈਬੂ ਪ੍ਰਚਲਿਤ ਹਨ। ਪ੍ਰਸਤੂ, ਨਵ, ਜਨਮ ਬਾਲ ਤੇ ਇਸ ਨਾਲ ਸੰਬੰਧਿਤ ਕਿਰਿਆਵਾਂ ਬਾਰੇ ਟੈਬੂ, ਵਿਆਹੰਦੜ ਮੁੰਡੇ-ਕੁੜੀ ਬਾਰੇ ਟੈਬੂ ਮ੍ਰਿਤਕ ਸਰੀਰ ਬਾਰੇ ਟੈਬੂ ਸਾਡੇ ਸੱਭਿਆਚਾਰ ਦਾ ਹਿੱਸਾ ਹਨ।[8] ਅਕਸਰ ਅਸੀਂ ਵੇਖਦੇ ਹਾਂ ਕਿ ਉਹ ਵਸਤੂ ਜਿਸਤੇ ਮਨਾਹੀ ਲਾਗੂ ਹੁੰਦੀ ਹੈ, ਬੜੀ ਹੀ ਇਛਿੱਤ ਵੀ ਹੁੰਦੀ ਹੈ ਅਤੇ ਇਸ ਦੀ ਉਲੰਘਣਾਂ ਕਰਨ ਦੀ ਮਨੁੱਖ ਵਿੱਚ ਇੱਕ ਸੁਭਾਵਿਕ ਰੁਚੀ ਹੁੰਦੀ ਹੈ। ਉਦਾਹਰਨ ਵਜੋਂ ਭੈਣ-ਭਰਾ ਵਿੱਚ ਸਮਾਜਿਕ ਤੇ ਲਿੰਗੀ ਸੰਬੰਧਾਂ ਤੇ ਰੋਕ ਲਾਉਣ ਵਾਲੇ ਟੈਬੂ। ਲੰਕਾ ਦੇ ਵੀਧਾ ਭੈਣ-ਭਰਾ ਨੂੰ ਇਕੋ ਛੱਤ ਹੇਠ ਰਹਿਣ ਦੀ ਆਗਿਆ ਨਹੀਂ ਦੇਂਦੇ। ਦੋਵਾ ਦੇ ਬੜੇ ਨਜਦੀਕੀ ਸੰਪ੍ਰਕ ਹੁੰਦੇ ਹਨ। ਭਾਵੇਂ ਦੋਵਾਂ ਵਿਚਕਾਰ ਥਾਂ ਦੀ ਕੋਈ ਵਿੱਥ ਨਹੀਂ ਹੁੰਦੀ ਤੇ ਸਾਕਾਦਾਰੀ ਦੇ ਨਿਯਮਾਂ ਅਨੁਸਾਰ ਇਹ ਇੱਕ ਦੂਜੇ ਦੇ ਬਹੁਤ ਨਜ਼ਦੀਕ ਹੁੰਦੇ ਹਨ। ਪਰੰਤੂ ਜਿੱਥੋਂ ਤੱਕ ਇਹਨਾਂ ਦੀ ਸਖ਼ਸੀਅਤ ਦਾ ਸੰਬੰਧ ਹੈ, ਦੋਵੇਂ ਇੱਕ ਦੂਜੇ ਤੋਂ ਬੜੇ ਰਹੱਸਮਈ ਢੰਗ ਨਾਲ ਦੂਰ ਰਹਿੰਦੇ ਹਨ।[9] ਜਵਾਈ ਆਪਣੀ ਸੱਸ ਤੋਂ ਦੂਰ ਰਹਿੰਦਾ ਹੈ, ਉਹ ਆਪਣੇ ਹਰ ਪ੍ਰਕਾਰ ਦੇ ਸੰਬੰਧਾਂ ਵਿੱਚ ਅਵਿਅਕਤਕ ਰਵੱਈਆ ਧਾਰਨ ਕਰ ਲੈਂਦਾ ਹੈ। ਫਰਾਇਡ ਨੇ ਸੱਸ ਤੇ ਜਵਾਈ ਦੇ ਇਸ ਪਰਿਵਰਜਨ ਦਾ ਕਾਰਨ ਵਿਸੰਯੁਜਤਾ ਹੀ ਦੱਸਿਆ ਹੈ, ਜੋ ਪਿਆਰ ਤੇ ਨਫਰਤ ਦਾ ਮਿਸ਼ਰਣ ਹੈ।[10] ਛੋਟੇ ਭਰਾ ਦੀ ਵਹੁਟੀ ਲਈ ਵੱਡਾ ਭਰਾ(ਜੇਠ) ਵਰਜਿਤ ਹੈ। ਵੱਡਾ ਭਰਾ ਕਿਸੇ ਵੀ ਹਾਲਤ ਵਿੱਚ ਛੋਟੇ ਭਰਾ ਦੀ ਪਤਨੀ ਤੱਕ ਰਸਾਈ ਨਹੀਂ ਕਰ ਸਕਦਾ ਤੇ ਆਪਣੀ ਭਾਬੀ ਨਾਲ ਉਸ ਦੀ ਬੋਲ-ਚਾਲ ਵੀ ਜਿਆਦਾ ਨਹੀਂ ਹੁੰਦੀ। ਭਾਵੇਂ ਇਹ ਰਿਸ਼ਤੇਦਾਰ ਇੱਕ ਦੂਜੇ ਤੋਂ ਦੂਰ ਰਹਿੰਦੇ ਹਨ, ਪਰੰਤੂ ਹਮੇਸ਼ਾ ਇਹਨਾਂ ਵਿੱਚ ਵਰਜਿਤ ਰਿਸ਼ਤੇਦਾਰਾਂ ਦਾ ਇੱਕ-ਦੂਜੇ ਪ੍ਰਤਿ ਪ੍ਰਸਪਰ ਸਤਿਕਾਰ ਵਾਲਾ ਰਵੱਈਆ ਹੁੰਦਾ ਹੈ। ਭਾਬੀ ਨਾਲ ਵਿਆਹ ਦਾ ਰਿਵਾਜ, ਜਿਸ ਅਨੁਸਾਰ ਪਤੀ ਦਾ ਭਰਾ ਵੱਡਾ ਜਾਂ ਛੋਟਾ, ਸ੍ਵਰਗਵਾਸੀ ਭਰਾ ਦੀ ਪਤਨੀ ਨਾਲ ਵਿਆਹ ਕਰਾਉਣ ਦਾ ਹੱਕਦਾਰ ਬਣਦਾ ਹੈ, ਇਹਨਾਂ ਵਿਚਕਾਰ ਅਵਿਅਕਤਕ ਕਾਰਨ ਆਖਿਆ ਜਾਂਦਾ ਹੈ। ਪਰੰਤੂ ਇੱਕ ਨੌਜਵਾਨ ਪਤਨੀ ਦੇ ਆਪਣੇ ਦਿਉਰ ਨਾਲ ਸੰਬੰਧ ਸਦਾ ਹੀ ਸੁਨੇਹ ਪੂਰਣ ਹੁੰਦੇ ਹਨ। ਬਹੁਤ ਸਾਰੇ ਸਮਾਜ ਸਹੁਰੇ ਤੇ ਜੇਠ ਵੱਲ ਵਰਤਾਓ ਸੰਬੰਧੀ ਅਜਿਹਾ ਜਾਬਤਾ ਨਿਯਤ ਕਰਦੇ ਹਨ। ਸਮਾਜ ਵਿੱਚ ਵਿਆਹ ਸੰਬੰਧੀ ਰੀਤੀ ਰਿਵਾਜਾਂ ਦਾ ਵਿਸ਼ਲੇਸ਼ਣ ਲਿੰਗੀ ਮਨਾਹੀਆਂ ਦੇ ਪ੍ਰਭਾਵ ਨੂੰ ਪੇਸ਼ ਕਰਦਾ ਹੈ। ਵਿਆਹ ਦੀ ਰਸਮ ਪੂਰੀ ਹੋਣ ਤੋਂ ਪਹਿਲਾਂ ਲਿੰਗੀ ਸੰਬੰਧਾਂ ਦੀ ਮਨਾਹੀ ਲਾਈ ਹੁੰਦੀ ਹੈ।[11] ਟੈਬੂ ਦਾ ਦੂਸਰਾ ਪਾਸਾਰ ਉਹ ਸੰਸਕਾਰਕ ਕੀਮਤ ਹੈ, ਜੋ ਉਹ ਲੋਕ ਉਸਨੂੰ ਦਿੰਦੇ ਹਨ। ਟੈਬੂ ਮੰਨਣ ਵਾਲੇ ਲੋਕ ਹਰ ਟੈਬੂ ਦੀ ਆਪਣੀ ਤਰ੍ਹਾਂ ਵਿਆਖਿਆ ਕਰਦੇ ਹਨ। ਅੱਜ ਦੇ ਵਿਗਿਆਨਕ ਯੁੱਗ ਵਿੱਚ ਅਜਿਹੇ ਟੈਬੂ ਨੁੂੰ ਸਹੀ ਸਮਝਣ ਲਈ ਬਹੁਤ ਮਹੱਤਵਸ਼ੀਲ ਹਨ। ਇਹਨਾਂ ਟੈਬੂਆਂ ਪਿਛੇ ਲੁਪਤ ਮਨੋਰਥ ਦਿਲਚਸਪ ਹੁੰਦੇ ਹਨ। ਟੇੈਬੂ ਨਾਲ ਸੰਬੰਧਿਤ ਸੰਸਕਾਰਕ ਕਾਰਜ ਤਕਨੀਕੀ ਕਾਰਜ ਤੋਂ ਮੂਲੋਂ ਭਿੰਨ ਹੁੰਦੇ ਹਨ। ਅਸਲ ਵਿੱਚ ਇਹ ਪ੍ਰਤੀਕਮਈ ਕਾਰਜ ਹੁੰਦੇ ਹਨ। ਕਈ ਵਿਅਕਤੀ ਮੰਗਲਵਾਰ ਮੀਟ ਤੇ ਸ਼ਰਾਬ ਦਾ ਸੇਵਨ ਨਹੀਂ ਕਰਦੇ, ਇਸਨੂੰ ਟੈਬੂ ਮੰਨਦੇ ਹਨ। ਕੁਝ ਲੋਕ ਸਨਿੱਚਰਵਾਰ ਲੋਹਾ ਖਰੀਦਣ ਨੂੰ ਟੈਬੁੂ ਮੰਨਦੇ ਹਨ। ਕੁਝ ਖਾਸ ਸੱਭਿਆਚਾਰ ਕੁਝ ਖਾਸ ਅੰਕਾਂ ਨੂੰ ਟੈਬੂ ਮੰਨਦੇ ਹਨ।[12]

ਫੰਕਸ਼ਨ

[ਸੋਧੋ]

ਕਮਿਊਨਿਸਟ ਅਤੇ ਭੌਤਿਕਵਾਦੀ ਸਿਧਾਂਤਕਾਰਾਂ ਦਾ ਤਰਕ ਹੈ ਕਿ ਜਦੋਂ ਹੋਰ ਰਿਕਾਰਡਾਂ ਦੀ ਕਮੀ ਹੋਵੇ ਟੈਬੂਆਂ ਨੂੰ ਸਮਾਜਾਂ ਦੇ ਇਤਹਾਸ ਨੂੰ ਫਰੋਲਣ ਕਰਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।[13] ਮਾਰਵਿਨ ਹੈਰਿਸ ਨੇ ਟੈਬੂਆਂ ਦੀ ਵਿਆਖਿਆ ਇਕਾਲੋਜਿਕ ਅਤੇ ਆਰਥਕ ਸਥਿਤੀਆਂ ਦੇ ਨਤੀਜੇ ਵਜੋਂ ਕਰਨ ਦਾ ਖਾਸ ਤੌਰ ਤੇ ਉੱਪਰਾਲਾ ਕੀਤਾ।[specify][ਹਵਾਲਾ ਲੋੜੀਂਦਾ]

ਪੁਸਤਕ ਸੂਚੀ

[ਸੋਧੋ]
  1. ਡਾ. ਜਸਵਿੰਦਰ ਸਿੰਘ, ਪੰਜਾਬੀ ਸੱਭਿਆਚਾਰ ਪਛਾਣ ਚਿੰਨ੍ਹ (ਪ੍ਰਕਾਸ਼ਕ ਗ੍ਰੇਸੀਅਸ ਬੁੱਕ, ਪਟਿਆਲਾ, ਪੰਨਾ 71
  2. ਡਾ. ਜੋਸ਼ੀ ਜੀਤ ਸਿੰਘ, ਸੱਭਿਆਚਾਰ ਤੇ ਲੋਕਧਾਰਾ ਦੇ ਮੂਲ ਸਰੋਕਾਰ, ਤੇਜਿੰਦਰਬੀਰ ਸਿੰਘ ਲਾਹੌਰ ਬੁੱਕ ਸ਼ਾਪ, 2-ਲਾਜਪਤ ਰਾਏ ਮਾਰਕਿਟ ਨੇੜੇ ਸੁਸਾਇਟੀ ਸਿਨੇਮਾਂ, ਲੁਧਿਆਣਾ.
  3. ਡਾ. ਗੁਰਬਖ਼ਸ਼ ਸਿੰਘ ਫ਼ਰੈਂਕ, ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ, ਪ੍ਰਕਾਸ਼ਕ ਵਾਰਿਸ ਸ਼ਾਹ ਫਾਉੇਡੇਸ਼ਨ, ਅੰਮ੍ਰਿਤਸਰ.
  4. ਸਿਗਮੰਡ ਫਰਾਇਡ, ਪ੍ਰਮਾਤਮਾ ਦੀ ਉਤਪਤੀ ਤੇ ਇਸ ਭਰਮ ਦਾ ਭਵਿੱਖ, ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ (ਅਨੁਵਾਦਕ ਹਰਜੀਤ ਸਿੰਘ ਮਾਂਗਟ) ਪੰਨਾ ਨੰ: 23
  5. ਡੀ. ਐਨ. ਮਜੂਮਦਾਰ ਭਾਰਤੀ ਸੰਸਕ੍ਰਿਤੀਆ ਤੇ ਜਾਤੀਆਂ, ਪ੍ਰਕਾਸ਼ਕ ਪੰਜਾਬੀ ਯੂਨੀਵਰਸਿਟੀ ਪਟਿਆਲਾ (ਅਨੁਵਾਦਕ ਬਲਦੇਵ ਸਿੰਘ) ਪੰਨਾ ਨੰ: 405
  6. ਡਾ. ਹਰਿੰਦਰ ਸਿੰਘ, ਪੰਜਾਬ ਦੇ ਬੌਰੀਆ ਕਬੀਲੇ ਦਾ ਸਭਿਆਚਾਰ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2015, ਪੰਨਾ 73-78
  7. ਗੁਰਬਖ਼ਸ਼ ਸਿੰਘ ਫ਼ਰੈਂਕ, ਸਭਿਆਚਾਰ ਮੁੱਢਲੀ ਜਾਣ-ਪਹਿਚਾਣ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ, ਲੁਧਿਆਣਾ, 1984, ਪੰਨਾ 34
  8. ਕਿਰਪਾਲ ਕਜ਼ਾਕ, ਸਿਕਲੀਗਰਾਂ ਦਾ ਸਭਿਆਚਾਰ
  9. ਪ੍ਰੋ. ਜੀਤ ਸਿੰਘ ਜੋਸ਼ੀ, ਸਭਿਆਚਾਰ ਸਿਧਾਂਤ ਤੇ ਵਿਹਾਰ, ਵਾਰਿਸ ਸ਼ਾਹ ਫ਼ਾਊਂਡੇਸ਼ਨ, ਅੰਮ੍ਰਿਤਸਰ, 2009, ਪੰਨਾ68

ਹਵਾਲੇ

[ਸੋਧੋ]
  1. 1.0 1.1 Encyclopædia Britannica Online. "Taboo." Encyclopædia Britannica Inc., 2012.
  2. Merriam-Webster's Online Dictionary, 11th Edition. "Taboo."
  3. Dixon, Robert M. W. (1988). A Grammar of Boumaa Fijian. p. 368. ISBN 978-0-226-15429-9.
  4. ਡਾ. ਜੋਸ਼ੀ ਜੀਤ ਸਿੰਘ, ਸੱਭਿਆਚਾਰ ਤੇ ਲੋਕਧਾਰਾ ਦੇ ਮੂਲ ਸਰੋਕਾਰ, ਤੇਜਿੰਦਰਬੀਰ ਸਿੰਘ ਲਾਹੌਰ ਬੁੱਕ ਸ਼ਾਪ, ਲੁਧਿਆਣਾ, ਪੰਨਾ 28
  5. ਡਾ. ਗੁਰਬਖ਼ਸ਼ ਸਿੰਘ ਫ਼ਰੈਂਕ, ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ, ਪ੍ਰਕਾਸ਼ਕ ਵਾਰਿਸ ਸ਼ਾਹ ਫਾਉੇਡੇਸ਼ਨ, ਅੰਮ੍ਰਿਤਸਰ, ਪੰਨਾ 30
  6. ਸਿਗਮੰਡ ਫਰਾਇਡ, ਪ੍ਰਮਾਤਮਾ ਦੀ ਉਤਪਤੀ ਤੇ ਇਸ ਭਰਮ ਦਾ ਭਵਿੱਖ, ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ (ਅਨੁਵਾਦਕ ਹਰਜੀਤ ਸਿੰਘ ਮਾਂਗਟ) ਪੰਨਾ ਨੰ: 23
  7. ਸਿਗਮੰਡ ਫਰਾਇਡ, ਪ੍ਰਮਾਤਮਾ ਦੀ ਉਤਪਤੀ ਤੇ ਇਸ ਭਰਮ ਦਾ ਭਵਿੱਖ, ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ (ਅਨੁਵਾਦਕ ਹਰਜੀਤ ਸਿੰਘ ਮਾਂਗਟ) ਪੰਨਾ ਨੰ: 25
  8. ਡਾ. ਜਸਵਿੰਦਰ ਸਿੰਘ, ਪੰਜਾਬੀ ਸੱਭਿਆਚਾਰ ਪਛਾਣ ਚਿੰਨ੍ਹ, ਗ੍ਰੇਸੀਅਸ ਬੁੱਕ, ਪਟਿਆਲਾ, 2012 ਪੰਨਾ 72
  9. ਡੀ. ਐਨ. ਮਜੂਮਦਾਰ ਭਾਰਤੀ ਸੰਸਕ੍ਰਿਤੀਆ ਤੇ ਜਾਤੀਆਂ, ਪ੍ਰਕਾਸ਼ਕ ਪੰਜਾਬੀ ਯੂਨੀਵਰਸਿਟੀ ਪਟਿਆਲਾ (ਅਨੁਵਾਦਕ ਬਲਦੇਵ ਸਿੰਘ) ਪੰਨਾ ਨੰ: 405
  10. ਉਧਰਿਤ, ਡੀ. ਐਨ. ਮਜੂਮਦਾਰ ਭਾਰਤੀ ਸੰਸਕ੍ਰਿਤੀਆ ਤੇ ਜਾਤੀਆਂ, ਪ੍ਰਕਾਸ਼ਕ ਪੰਜਾਬੀ ਯੂਨੀਵਰਸਿਟੀ ਪਟਿਆਲਾ (ਅਨੁਵਾਦਕ ਬਲਦੇਵ ਸਿੰਘ) ਪੰਨਾ ਨੰ: 405
  11. ਉਧਰਿਤ, ਡੀ. ਐਨ. ਮਜੂਮਦਾਰ ਭਾਰਤੀ ਸੰਸਕ੍ਰਿਤੀਆ ਤੇ ਜਾਤੀਆਂ, ਪ੍ਰਕਾਸ਼ਕ ਪੰਜਾਬੀ ਯੂਨੀਵਰਸਿਟੀ ਪਟਿਆਲਾ (ਅਨੁਵਾਦਕ ਬਲਦੇਵ ਸਿੰਘ) ਪੰਨਾ ਨੰ: 406
  12. ਡਾ. ਜਸਵਿੰਦਰ ਸਿੰਘ, ਪੰਜਾਬੀ ਸੱਭਿਆਚਾਰ ਪਛਾਣ ਚਿੰਨ੍ਹ (ਪ੍ਰਕਾਸ਼ਕ ਗ੍ਰੇਸੀਅਸ ਬੁੱਕ, ਪਟਿਆਲਾ, ਪੰਨਾ 72
  13. Marta Dyczok; Oxana Gaman-Golutvina (2009). Media, Democracy and Freedom: The Post-Communist Experience. Peter Lang. p. 209. ISBN 978-3-0343-0311-8.