ਦਰੀ ਬੁਣਨ ਦੀ ਲੋਕ-ਕਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਰੀ ਬੁਣਨ ਦੀ ਲੋਕ-ਕਲਾ ਨਿਰੋਲ ਭਾਰਤੀ ਕਲਾ ਹੈ। ਇਹ ਕਲਾ ਨਿਰੋਲ ਸੁਦੇਸ਼ੀ ਹੁੰਦੀ ਹੋਈ ਵੀ ਸਮੇਂ ਸਮੇਂ ਵੱਖਰੇ ਪ੍ਰਭਾਵ ਗ੍ਰਹਿਣ ਕਰਦੀ ਰਹੀ ਹੈ। ਦਰੀ ਸਿਰਫ਼ ਭਾਰਤ ਵਿਚ ਹੀ ਪ੍ਰਾਪਤ ਹੁੰਦੀ ਹੈ, ਪੂਰਬ ਦੇ ਕਿਸੇ ਹੋਰ ਹਿੱਸੇ ਵਿਚ ਇਸ ਸੰਬੰਧੀ ਵੇਰਵੇ ਪ੍ਰਾਪਤ ਨਹੀਂ ਹੁੰਦੇ। ਦਰੀ ਨੂੰ ਪੰਜਾਬ ਵਿਚ ਸ਼ਤਰੰਜੀ ਵੀ ਕਿਹਾ ਜਾਂਦਾ ਹੈ। ਦਰੀ ਸੂਤੀ ਧਾਗੇ ਦਾ ਅਜਿਹਾ ਬੁਣਿਆ ਹੋਇਆ ਟੁਕੜਾ ਹੈ, ਜੋ ਮੰਜੇ ਉਪਰ ਵਿਛਾਇਆ ਜਾਂਦਾ ਹੈ। ਅਜੋਕੇ ਮਸ਼ੀਨੀਕਰਣ ਦੇ ਯੁੱਗ ਵਿਚ ਵਿੱਦਿਆ ਦੇ ਪਾਸਾਰ ਅਤੇ ਮਨੁੱਖੀ ਰੁਝੇਵਿਆਂ ਨੇ ਇਸ ਕਲਾ ਦੀ ਹੋਂਦ ਨੂੰ ਵਿਸਾਰ ਦਿੱਤਾ ਹੈ। ਪਹਿਲਾਂ ਸੁਆਣੀਆਂ ਘਰਾਂ ਵਿਚ ਵਿਹਲੇ ਸਮੇਂ ਫੁਲਕਾਰੀਆਂ, ਚੰਦਰਾਂ, ਸਿਰਹਾਣੇ, ਮੇਜ਼ਪੋਸ਼ ਕੱਢਣ ਤੋਂ ਇਲਾਵਾ ਪੱਖੀਆਂ ਬਣਾਉਣ ਅਤੇ ਦਰੀਆਂ ਬੁਣਨ ਦਾ ਕਾਰਜ ਵੀ ਆਪ ਹੀ ਕਰਦੀਆਂ ਸਨ। ਇਹ ਕਾਰਜ ਵਪਾਰਕ ਦ੍ਰਿਸ਼ਟੀਕੋਣ ਤੋਂ ਨਹੀਂ ਸਗੋਂ ਸੁਹਜਾਤਮਕਤਾ ਦੇ ਪ੍ਰਗਟਾਵੇ ਲਈ ਕੀਤਾ ਜਾਂਦਾ ਸੀ।

ਕਿੱਤੇ ਦੇ ਰੂਪ ਵਿਚ ਦਰੀਆਂ ਬਣਾਉਣ ਦਾ ਕੰਮ ਜੁਲਾਹੇ ਹੀ ਕਰਦੇ ਰਹੇ ਹਨ। ਜਿਸ ਕਾਰਨ ਇਸ ਕਲਾ ਨੇ ਕਈ ਵਿਦੇਸ਼ੀ ਅਤੇ ਸੁਦੇਸ਼ੀ ਪ੍ਰਭਾਵ ਗ੍ਰਹਿਣ ਕੀਤੇ। ਜੁਲਾਹੇ ਜਿਥੇ ਸਮਾਜ ਦੀ ਨਿਮਨ ਸ਼੍ਰੇਣੀ ਨਾਲ ਸੰਬੰਧ ਰਖਦੇ ਸਨ, ਉਥੇ ਹਰ ਵਰਗ ਦੀ ਸੁਆਣੀ ਨੇ ਇਸ ਕਲਾ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਪ੍ਰਦਰਸ਼ਿਤ ਕੀਤਾ ਹੈ। ਸਮਾਜ ਦੇ ਹਰ ਵਰਗ ਦੀ ਸੁਆਣੀ ਵੀਹਵੀਂ ਸਦੀ ਦੇ ਸਤਵੇਂ-ਅੱਠਵੇਂ ਦਹਾਕੇ ਤਕ ਇਹ ਕੰਮ ਘਰਾਂ ਵਿਚ ਆਪ ਹੀ ਕਰਦੀ ਰਹੀ ਹੈ। ਦਰੀ ਬੁਣਨ ਦੀ ਕਲਾ ਸੁਆਣੀਆਂ ਦੀਆਂ ਭਾਵਨਾਵਾਂ ਦੇ ਪ੍ਰਗਟਾਅ ਦਾ ਮਾਧਿਅਮ ਹੋਣ ਦੇ ਬਾਵਜੂਦ ਸਾਹਿਤ ਅਤੇ ਸੱਭਿਆਚਾਰ ਵਿਚ ਅਣਗੌਲੀ ਹੀ ਰਹੀ ਹੈ। ਇਸ ਦਾ ਵਰਨਣ ਲੋਕ-ਗੀਤਾਂ ਵਿਚ ਨਾ-ਮਾਤਰ ਹੀ ਮਿਲਦਾ ਹੈ।

ਜਿਵੇਂ : ਵੇ ਮੁੜ ਆ ਲਾਮਾਂ ਤੋਂ...

ਸਾਨੂੰ ਘਰੇ ਬੜਾ ਰੁਜ਼ਗਾਰ, ਵੇ ਕਣਕਾਂ ਨਿਸਰ ਪਈਆਂ

ਘਰ ਆ ਕੇ ਝਾਤੀ ਮਾਰ

ਮੁੜ ਆ ਲਾਮਾਂ ਤੋਂ

ਕਦੇ ਬੁਣੇਂਦੀ ਆਂ ਦਰੀਆਂ ਤੇ ਕਦੇ ਬੁਣੇਂਦੀ ਆਂ ਖੇਸ

ਮੁੜ ਆ ਲਾਮਾਂ ਤੋਂ...

ਹਵਾਲੇ[ਸੋਧੋ]

[1]

  1. ਡਾ.ਰੁਪਿੰਦਰ ਕੌਰ (2011). ਪੰਜਾਬੀ ਲੋਕਧਾਰਾ:ਸਮੱਗਰੀ ਦੀ ਪੇਸ਼ਕਾਰੀ. ਅਮ੍ਰਿਤਸਰ: ਰਵੀ ਸਾਹਿਤ ਪ੍ਰਕਾਸ਼ਨ ਅਮ੍ਰਿਤਸਰ. p. 43. ISBN 978-81-7143-536-6. {{cite book}}: Check |isbn= value: checksum (help)