ਦਲਬੀਰ ਸਿੰਘ
ਦਲਬੀਰ ਸਿੰਘ |
|---|
ਦਲਬੀਰ ਸਿੰਘ (1949 - 28 ਜੁਲਾਈ 2007[1]) ਪ੍ਰਸਿੱਧ ਪੰਜਾਬੀ ਲੇਖਕ ਅਤੇ ਸੰਪਾਦਕ ਸੀ। ਉਹਪੰਜਾਬੀ ਟ੍ਰਿਬਿਊਨ ਦੇ ਹਫਤਾਵਾਰੀ ਕਾਲਮ ‘ਜਗਤ ਤਮਾਸ਼ਾ’ ਦੇ ਕਾਲਮ ਨਵੀਸ ਵਜੋਂ ਜਾਣਿਆ ਜਾਂਦਾ ਹੈ।ਦਲਬੀਰ ਸਿੰਘ ਜੀ ਦਾ ਹਫ਼ਤਾਵਾਰੀ ਕਾਲਮ ‘ਜਗਤ ਤਮਾਸ਼ਾ’ ਬੇਹੱਦ ਮਕਬੂਲ ਹੋਇਆ ਤੇ ਚਰਚਿਤ ਵੀ। ਉਹ ਜੁਰਅਤ ਅਤੇ ਦਲੇਰੀ[2] ਨਾਲ ਇਹ ਕਾਲਮ ਲਿਖਦੇ। ਕਈ ਵਾਰ ਉਹ ਸਖ਼ਤ ਆਲੋਚਨਾ ਦੇ ਪਾਤਰ ਵੀ ਬਣੇ ਪਰ ਉਨ੍ਹਾਂ ਚਰਚਿਤ ਤਤਕਾਲੀ ਮੁੱਦਿਆਂ ’ਤੇ ਲਿਖਣਾ ਨਾ ਛੱਡਿਆ। ਬਿਆਈਆਂ ਵਾਲੀ ਮੱਲ੍ਹਮ, ਸਾਧਵੀਆਂ, ਰੋਹਬਦਾਰ ਉੱਚ ਪੁਲੀਸ ਅਧਿਕਾਰੀ ਕੇਪੀਐੱਸ ਗਿੱਲ, ਮੂੰਗੀ ਦੀ ਦਾਲ ਆਦਿ ਬਾਰੇ ਲੇਖ ਆਪਣੀ ਮਿਸਾਲ ਆਪ ਹਨ।
ਉਹਨੇ ਪੱਤਰਕਾਰੀ ਉਸ ਸਮੇਂ ਸ਼ੁਰੂ ਕੀਤੀ, ਜਦੋਂ ਪੰਜਾਬੀ ਪੱਤਰਕਾਰੀ ਵਿਚ ਕੋਈ ਤਨਖਾਹ ਗਰੇਡ ਨਹੀਂ ਸਨ ਹੁੰਦੇ ਅਤੇ ਪੱਤਰਕਾਰਾਂ ਲਈ ਕੋਈ ਤਨਖਾਹ ਕਮਿਸ਼ਨ ਨਹੀਂ ਸਨ ਥਾਪੇ ਜਾਂਦੇ। ਇਹ ਪੱਤਰਕਾਰੀ ਰੁੱਖੀ ਮਿੱਸੀ ਰੋਟੀ ਦਿੰਦੀ ਸੀ ਅਤੇ ਅਗਾਂਹ ਵਧੂ ਪੱਤਰਕਾਰੀ, ਜਿਸ ਨਾਲ ਦਲਬੀਰ ਜੁੜਿਆ, ਲੋਕਾਂ ਦੇ ਦੁੱਖ ਸੁੱਖ ਨਾਲ ਜੁੜਨ ਦਾ, ਜੀਵਨ ਨੂੰ ਸਾਧਾਰਨ ਲੋਕਾਂ ਦੇ ਕੋਣ ਤੋਂ ਦੇਖਣ ਦਾ ਮੌਕਾ ਦਿੰਦੀ ਸੀ। ਅੱਗੇ ਚੱਲ ਕੇ ਜਦੋਂ ਉਹ ਇਸ ਪੱਤਰਕਾਰੀ ਵਿਚੋਂ ਚੰਗੀ ਤਨਖਾਹ ਅਤੇ ਸੁੱਖ ਸਹੂਲਤਾਂ ਵਾਲੀ ਪੱਤਰਕਾਰੀ ਵਿਚ ਪੁੱਜਿਆ, ਉਹਨੇ ਜਨ ਸਾਧਾਰਨ ਦੀਆਂ ਭਾਵਨਾਵਾਂ ਨਾਲ ਆਪਣੀ ਨੇੜਤਾ ਬਣਾਈ ਰੱਖੀ ਤੇ ਆਪਣੇ ਮੂਲ ਨਜ਼ਰੀਏ ਵਿਚ ਕੋਈ ਤਬਦੀਲੀ ਨਾ ਆਉਣ ਦਿੱਤੀ। ਇਕ ਤਾਂ ਉਹਦੀ ਨਜ਼ਰ ਦਾ ਘੇਰਾ ਕੁਝ ਹੋਰਾਂ ਵਾਂਗ ਪੰਜਾਬ ਦੀ ਅਕਾਲੀ-ਕਾਂਗਰਸੀ ਰਾਜਨੀਤੀ ਤੱਕ ਸੀਮਤ ਨਹੀਂ ਸੀ, ਉਹਨੂੰ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਵਾਪਰਨ ਵਾਲੀ ਘਟਨਾ ਬਾਰੇ ਚੰਗੀ ਜਾਣਕਾਰੀ ਹੁੰਦੀ ਸੀ। ਦੂਜੀ ਗੱਲ, ਹਰ ਤੱਥ ਬਾਰੇ, ਹਰ ਘਟਨਾ ਬਾਰੇ ਉਹਦਾ ਆਪਣਾ ਨਜ਼ਰੀਆ, ਆਪਣਾ ਰਾਜਨੀਤਕ ਵਿਚਾਰ ਹੁੰਦਾ ਸੀ, ਜੋ ਕਈ ਹੋਰ ਪੱਤਰਕਾਰਾਂ ਦੇ ਉਲਟ ਇਸ ਤੱਥ ਤੋਂ ਪ੍ਰਭਾਵਤ ਨਹੀਂ ਸੀ ਹੁੰਦਾ ਕਿ ਚੰਡੀਗੜ੍ਹ ਦੀ ਗੱਦੀ ‘ਤੇ ਕੌਣ ਜਾਂ ਕਿਹੜੀ ਪਾਰਟੀ ਬਿਰਾਜਮਾਨ ਹੈ। ਜਦੋਂ ਭਾਰਤ ਨੇ ਦੂਜੀ ਵਾਰ ਐਟਮੀ ਬੰਬ ਦਾ ਤਜਰਬਾ ਕੀਤਾ, ਉਹ ਸੰਪਾਦਕੀ ਬੈਠਕ ਵਿਚ ਭਾਰਤੀ ਵਿਗਿਆਨੀਆਂ ਦੀ ਇਸ ਤਕਨਾਲੋਜੀਕਲ ‘ਪ੍ਰਾਪਤੀ’ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਸੀ। ਲੋਕਾਂ ਨੂੰ ਮਾਰਨ ਵਾਲੇ ਬੰਬ ਬਣਾਉਣ ਦੀ ਥਾਂ ਜੇ ਵਿਗਿਆਨੀਆਂ ਨੇ ਆਪਣੀ ਪ੍ਰਤਿਭਾ ਕਿਸੇ ਕਲਿਆਣਕਾਰੀ ਕਾਰਜ ਦੇ ਲੇਖੇ ਲਗਾਈ ਹੁੰਦੀ, ਉਹ ਨਿਸਚੇ ਹੀ ਉਨ੍ਹਾਂ ਨੂੰ ਸਲਾਮ ਕਰਦਾ[3]!
ਪੱਤਰਕਾਰ ਵਜੋਂ ਉਹਦਾ ਉਦੇਸ਼ ਆਪਣੇ ਵਿਚਾਰ ਪਾਠਕਾਂ ਤੱਕ ਪੁੱਜਦੇ ਕਰਨਾ ਹੁੰਦਾ ਸੀ, ਆਪਣਾ ਨਾਂ ਪੁੱਜੇ, ਜਾਂ ਨਾ ਪੁੱਜੇ। ਬਹੁਤੇ ਪੱਤਰਕਾਰ ਆਪਣਾ ਨਾਂ ਉਭਾਰ ਕੇ ਛਪਵਾਉਣ ਦੇ ਚਾਹਵਾਨ ਹੁੰਦੇ ਸਨ। ਅਨੇਕ ਪੱਤਰਕਾਰ ਤਾਂ ਆਪਣੀ ਭੇਜੀ ਖਬਰ ‘ਤੇ ਵੀ ਆਪਣਾ ਨਾਂ ਛਪਵਾਉਣ ਲਈ ਉਤਾਵਲੇ ਰਹਿੰਦੇ ਹਨ। ਉਸ ਵਿਚ ਉਤਾਵਲਾਪਣ ਆਪਣੀ ਲਿਖਤ ਛਪਵਾਉਣ ਦਾ ਹੁੰਦਾ। ਇਹਦੀ ਇਕ ਉਦਾਹਰਣ ਇਕ ਹੋਰ ਪੰਜਾਬੀ ਅਖਬਾਰ ਵਿਚ ਵੱਖਰੇ ਕਲਮੀ ਨਾਂ ਹੇਠ ਉਸ ਵੱਲੋਂ ਕਾਲਮ ਲਿਖੇ ਜਾਣਾ ਸੀ। ਆਮ ਪਾਠਕਾਂ ਨੂੰ ਪਤਾ ਨਹੀਂ ਸੀ ਕਿ ਇਹ ਲੇਖਕ ਕੌਣ ਹੈ, ਪਰ ਉਹ ਕਾਲਮ ਪੜ੍ਹਦੇ ਤੇ ਮਾਣਦੇ ਸਨ। ਇਹੋ ਦਲਬੀਰ ਦਾ ਉਦੇਸ਼ ਹੁੰਦਾ ਸੀ। ਇਹ ਗੱਲ ਵੀ ਦੱਸਣ ਵਾਲੀ ਹੈ ਕਿ ਵੱਖਰੇ ਨਾਂ ਹੇਠ ਛਪਦੇ ਇਸ ਕਾਲਮ ਤੋਂ ਉਹਨੂੰ ਮਾਇਕ ਪ੍ਰਾਪਤੀ ਹੋਣ ਦੀ ਕੋਈ ਸੰਭਾਵਨਾ ਵੀ ਨਹੀਂ ਸੀ। ਉਹਦੇ ਮਨ ਵਿਚ ਵਿਚਾਰ ਬਰਸਾਤ ਦੇ ਘਾਹ ਵਾਂਗ ਉਗਦੇ ਰਹਿੰਦੇ ਅਤੇ ਉਹ ਆਪਣੀ ਕਲਮ ਰਾਹੀਂ ਉਨ੍ਹਾਂ ਨੂੰ ਨਿਰੰਤਰ ਨਿਕਾਸ ਦਿੰਦਾ ਰਹਿੰਦਾ[4]।
ਰਚਨਾ
[ਸੋਧੋ]- ਪਹਿਲੀ ਕਿਤਾਬ
- ਜਗਤ ਤਮਾਸ਼ਾ (ਭਾਗ- 1) (ਆਈ ਐੱਸ ਬੀ ਐੱਨ 81-7883-495-2)
- ਸਾਨੂੰ ਸਦਾ ਸਕੂਨ ਸਾਲਾਹੁ (ਜਗਤ ਤਮਾਸ਼ਾ-2) (ਆਈ ਐੱਸ ਬੀ ਐੱਨ 81-7883-496-0)
- ਲੋਈ ਨੂੰ ਦਾਗ਼ ਨਾ ਕੋਈ! (ਜਗਤ ਤਮਾਸ਼ਾ, ਭਾਗ-3) (ਆਈ ਐੱਸ ਬੀ ਐੱਨ 9788178837727)[5]
- ਦੇਖ ਤੇਰੇ ਸੰਸਾਰ ਦੀ ਹਾਲਤ (ਜਗਤ ਤਮਾਸ਼ਾ, ਭਾਗ- 4)
ਹਵਾਲੇ
[ਸੋਧੋ]- ↑ ਲਿਖਾਰੀ:ਸ਼ਰਧਾਂਜਲੀ,ਦਲਬੀਰ ਸਿੰਘ ਜਗਤ ਤਮਾਸ਼ਾ ਦੇ ... [permanent dead link]
- ↑ "ਸ਼ਬਦਾਂ ਦਾ ਜਾਦੂਗਰ". Punjabi Tribune. Retrieved 2025-09-06.
- ↑ admin. "ਦੋਵੇਂ ਪਾਸਿਓਂ ਬਲਦੀ ਮੋਮਬੱਤੀ ਦਲਬੀਰ ਸਿੰਘ" (in ਅੰਗਰੇਜ਼ੀ (ਅਮਰੀਕੀ)). Retrieved 2025-09-06.
- ↑ admin. "ਦੋਵੇਂ ਪਾਸਿਓਂ ਬਲਦੀ ਮੋਮਬੱਤੀ ਦਲਬੀਰ ਸਿੰਘ" (in ਅੰਗਰੇਜ਼ੀ (ਅਮਰੀਕੀ)). Retrieved 2025-09-06.
- ↑ http://www.dkagencies.com/doc/from/1123/to/1123/bkId/DK555652333323255613523931371/details.html