ਦੇਸ ਦੁਆਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਦੇਸ ਦੁਅਾਬਾ ਤੋਂ ਰੀਡਿਰੈਕਟ)

ਦੇਸ ਦੁਆਬਾ ਪੰਜਾਬ ਦੇ ਦੁਆਬੇ ਖਿੱਤੇ ਦੇ ਲੋਕਗੀਤਾਂ ਦੀ ਇੱਕ ਕਿਤਾਬ ਹੈ। ਇਸ ਪੁਸਤਕ ਵਿੱਚ ਡਾ.ਕਰਮਜੀਤ ਸਿੰਘ ਦੁਆਬੇ ਦੇ ਲੋਕਗੀਤਾਂ ਬਾਰੇ ਬਾਬਤ ਚਰਚਾ ਕਰਦੇ ਹਨ ਅਤੇ ਇਸ ਦੇ ਨਾਲ ਹੀ ਉਹਨਾਂ ਦੀ ਇੱਕ ਵਿਸ਼ਾਗਤ ਵੰਡ ਵੀ ਮਿਲਦੀ ਹੈ। ਇਸ ਪੁਸਤਕ ਦੀ ਸ਼ੁਰੂਆਤ ਵਿੱਚ ਡਾ. ਕੇਸਰ ਹੁਰੀ ਸ਼ੁੱਭ ਇਛਾਵਾਂ ਸਿਰਲੇਖ ਹੇਠ ਕਰਮਜੀਤ ਸਿੰਘ ਨੂੰ ਸ਼ੁੱਭ ਇਛਾਵਾਂ ਦਿੰਦੇ ਹੋਏ ਲਿਖਦੇ ਹਨ, 'ਕਰਮਜੀਤ ਸਿੰਘ ਨੇ ਇਸ ਕਿਤਾਬ ਵਿੱਚ ਦੁਆਬੇ ਦੇ ਲੋਕ ਗੀਤ ਇਕੱਤਰ ਕਰਕੇ ਸਮੁੱਚੇ ਦੁਆਬੇ ਦਾ ਚਿੱਤਰ ਚਿੱਤਰਿਆ ਹੈ। ਤੇ ਇਸ ਕਿਤਾਬ ਨੂੰ ਪੜ੍ਹ ਕੇ ਹਰ ਹਰ ਬੰਦਾ ਦੁਆਬੇ ਵਿੱਚ ਚਲਾ ਜਾਂਦਾ ਹੈ।' ਇਸ ਕਿਤਾਬ ਵਿੱਚ ਕੇਸਰ ਸਿੰਘ ਹੁਰਾਂ ਦੀਆਂ ਸ਼ੁੱਭ ਇਛਾਵਾਂ ਤੋਂ ਬਾਦ ਲੇਖਕ ਖੁਦ ਬਾਰੇ ਜਾਣਕਾਰੀ ‘ਇਸ ਪੁਸਤਕ ਬਾਰੇ’ ਸਿਰਲੇਖ ਹੇਠ ਦਿੰਦਾ ਹੈ। ਇਸ ਪੁਸਤਕ ਬਾਰੇ ਉਹ ਦੱਸਦਾ ਹੈ, ਕਿ ਉਸਨੇ ਡਾ. ਨਾਹਰ ਸਿੰਘ ਦਾ ਥੀਸਿਸ ‘ਮਲਵਈ ਲੋਕ ਗੀਤਾਂ ਦਾ ਰੂਪਾਤਮਕ ਅਧਿਐਨ’ ਪੜ੍ਹਨ ਤੋਂ ਬਾਦ ਸੋਚਿਆ ਕਿ ਦੁਆਬੇ ਦੇ ਲੋਕ ਗੀਤਾਂ ਬਾਰੇ ਵੀ ਬਹੁਤਾ ਕੰਮ ਨਹੀਂ ਹੋਇਆ ਜਾਂ ਬਹੁਤ ਘੱਟ ਹੋਇਆ ਹੈ। ਇਸ ਲਈ ਉਹ ਦੁਆਬੇ ਦੇ ਲੋਕ ਗੀਤ ਇਕੱਟੇ ਕਰਨ ਲਈ ਪਿੰਡ-ਪਿੰਡ ਅਤੇ ਆਪਣੇ ਨੇੜੇ ਦੂਰ ਦੀਆਂ ਰਿਸ਼ਤੇਦਾਰੀਆਂ ਵਿੱਚ ਜਾਂਦਾ ਹੈ। ਉਹ ਲਿਖਦਾ ਹੈ ਕਿ ਉਸਨੇ ਪਿੰਡਾਂ ਦੀਆਂ ਔਰਤਾਂ ਤੋਂ ਗਵਾ ਕੇ ਲੋਕ ਗੀਤ ਰਿਕਾਰਡ ਕੀਤੇ ਹਨ। ਉਹ ਦੱਸਦਾ ਹੈ ਕਿ ਹੁਸ਼ਿਆਰਪੁਰ ਵਿੱਚ ‘ਗੀਤ’ ਸ਼ਬਦ ਦਾ ਅਰਥ ਲੰਮੇ ਹੇਕਾਂ ਵਾਲੇ ਲੋਕ ਗੀਤਾਂ ਅਤੇ ਢੋਲਕੀ ਦੇ ਗੀਤਾਂ ਤੋਂ ਲਿਆ ਜਾਂਦਾ ਹੈ। ਹੁਸ਼ਿਆਰਪੁਰ ਵਿੱਚ ਇਹ ਰੀਤ ਹੈ ਕਿ ਕੁੜੀਆਂ ਦੇ ਵਿਆਹ ਵਿੱਚ ਤੇ ਗਾਉਣ ਆਰੰਭ ਵਿੱਚ ਘੱਟੋ-ਘੱਟ ਪੰਜ ਘੋੜੀਆਂ ਅਵੱਸ਼ ਗਾਈਆ ਜਾਂਦੀਆਂ ਹਨ। ਇਸ ਪੁਸਤਕ ਵਿੱਚ ਉਹਨਾਂ ਸਭ ਲੋਕਾਂ ਦਾ ਧੰਨਵਾਦ ਕੀਤਾ ਗਿਆ ਹੈ, ਜਿਹਨਾਂ ਨੇ ਇਸ ਪੁਸਤਕ ਲਈ ਬਣਦਾ ਸਹਿਯੋਗ ਦਿੱਤਾ ਹੈ। ਇਸ ਪੁਸਤਕ ਵਿੱਚ ਛੋਟੇ ਗੀਤ, ਵੱਡੇ ਗੀਤ, ਸੁਹਾਗ, ਅਤੇ ਘੋੜੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹਨਾਂ ਲੋਕ ਗੀਤਾਂ ਨੂੰ ਸਿਰਲੇਖਾਂ ਅਤੇ ਉਪ ਸਿਰਲੇਖਾਂ ਵਿੱਚ ਬਿਆਨ ਕੀਤਾ ਗਿਆ ਹੈ।

ਲੋਕ ਗੀਤਾਂ ਬਾਰੇ[ਸੋਧੋ]

ਲੋਕ ਗੀਤਾਂ ਨੂੰ ਜੇਕਰ ਪਿਆਰ ਨਾਲ ਪੜ੍ਹੀਏ ਤਾਂ ਕਈ ਲੋਕ ਗੀਤ ਦੋ ਅਰਥੇ ਹੁੰਦੇ ਹਨ। ਲੋਕ ਗੀਤਾਂ ਵਿੱਚ ਸੱਤ ਭਾਵ ਅਤੇ ਕਾਮੁਕਤਾ ਦਾ ਪ੍ਰਗਟਾਵਾ ਕੀਤਾ ਗਿਆ ਹੁੰਦਾ ਹੈ।

ਧਰਮੀ ਮਾਪੇ[ਸੋਧੋ]

ਇਸ ਵੰਨਗੀ ਵਿੱਚ ਉਹਨਾਂ ਲੋਕ ਗੀਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿੱਚ ਮੁਟਿਆਰ ਆਪਣੇ ਮਾਪਿਆ ਨਾਲ ਗੀਤਾਂ ਰਾਹੀਂ ਵਾਰਤਾਲਾਪ ਜਾਂ ਆਪਣੇ ਦੁੱਖ-ਸੁੱਖ ਸਾਂਝੇ ਕਰਦੀ ਹੈ। ਜਿਵੇਂ ਕਿ

ਕਣਕ ਤੇ ਛੋਲਿਆ ਦਾ ਖੇਤ, ਹੌਲੀ-ਹੌਲੀ ਵਿਸਰ ਗਿਆ
ਬਾਬਲ ਸਧਰਮੀ ਦਾ ਦੇਸ਼, ਹੌਲੀ-ਹੌਲੀ ਵਿਛੜ ਗਿਆ।[1]

ਵੀਰਾ ਮਾਂ ਕੋਲ ਤੁਰਿਆ[ਸੋਧੋ]

ਇਸ ਸਿਰਲੇਖ ਹੇਠ ਉਹਨਾਂ ਲੋਕ ਗੀਤਾਂ ਨੂੰ ਰੱਖਿਆ ਗਿਆ ਹੈ, ਜਿਸ ਵਿੱਚ ਇੱਕ ਭੈਣ ਵੀਰਬਾਰੇ ਗੱਲਾਂ ਕਰਦੀ ਹੋਈ ਉਸਦੀਆਂ ਖੁਸ਼ੀਆਂ ਦੀ ਕਾਮਨਾ ਕਰਦੀ ਹੈ। ਜਿਵੇਂ

ਚਰਖਾ ਕੱਤਦੀ ਦਾ ਮੋਢਾ ਨੀ ਫੁਰਿਆ,
ਮੈਂ ਕੀ ਓ ਜਾਣਾ ਵੀਰਾ ਮਾਂ ਕੋਲੋ ਤੁਰਿਆ।
ਮਾਏ ਨੀ ਵੀਰਾ ਆ ਗਿਆ ਵੱਡੜੇ ਸਵੇਰੇ
ਬਹੀ ਸੀ ਰੋਟੀ ਉੱਤੇ ਮੱਖਣ ਦੇ ਪੇੜੇ।[2]

ਲੋਕ ਨਾਇਕ[ਸੋਧੋ]

ਲੋਕ ਨਾਇਕ ਸਿਰਲੇਖ ਹੇਠ ਤਿੰਨ ਲੋਕ ਨਾਇਕਾਂ ਨੂੰ ਰੱਖਿਆ ਗਿਆ ਹੈ। ਪੂਰਨ ਕਿੱਸਾ ਸਰਵਣ ਦਾ ਅਤੇ ਕੁੜੇ ਸ਼ਾਤੀ ਦਾ। ਇਹਨਾਂ ਕਿੱਸਿਆਂ ਨੂੰ ਵੀ ਲੋਕ ਗੀਤਾਂ ਦੇ ਰੂਪ ਵਿੱਚ ਇਸ ਪੁਸਤਕ ਰਾਹੀਂ ਪੇਸ਼ ਕੀਤਾ ਹੈ। ਪੂਰਨ ਦੇ ਕਿੱਸੇ ਵਿੱਚ ਪੂਰਨ ਅਤੇ ਲੂਣਾ ਦੀ ਵਾਰਤਾਲਾਪ ਨੂੰ ਲੋਕ ਗੀਤਾਂ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।

ਨੀ ਮੈਂ ਚਰਖਾ ਡ੍ਹਾਇਆ ਸਾਹਮਣੇ
ਨੀ ਮੈਂ ਚਰਖਾ ਡ੍ਹਾਇਆ ਸਾਹਮਣੇ
ਵੇ ਤੂੰ ਕੱਤ-ਕੱਤ ਪੂਣੀਆਂ ਆ ਵੇ
ਨੀ ਮੈਂ ਤੇਰੇ ਚਰਖੇ ਨਾ ਆਸਾ
ਨੀ ਤੂੰ ਲੱਗਦੀ ਧਰਮ ਦੀ ਮਾਂ
ਨੀ ਮੇਰੀਏ ਸ਼ੀਤਲ ਮਾਤਾ ਹਾਣੀਏ…[3]

ਇਸੇ ਤਰ੍ਹਾਂ ਹੀ ਬਾਕੀ ਦੋ ਕਿੱਸਿਆਂ ਵਿੱਚ ਵੀ ਕਾਵਿਕ ਵਾਰਤਾਲਾਪ ਰਾਹੀਂ ਲੋਕ ਗੀਤਾਂ ਨੂੰ ਪੇਸ਼ ਕੀਤਾ ਗਿਆ ਹੈ। ਇਹਨਾਂ ਤੋਂ ਇਲਾਵਾ ਜ਼ਮਾਨਾ ਬਲੀਆਂ ਦਾ, ਨੂੰਹ ਸੱਸ ਦਾ ਮੁਕਾਬਲਾ, ਦਿਉਰ ਭਾਵੇਂ ਮੱਝ ਚੁੰਗ ਜਾਏ, ਭੇੜ-ਭੇੜ ਆਦਿ ਸਿਰਲੇਖਾਂ ਹੇਠ ਲੋਕ ਗੀਤਾਂ ਨੂੰ ਪੇਸ਼ ਕੀਤਾ ਗਿਆ ਹੈ।

ਸੁਹਾਗ[ਸੋਧੋ]

ਕੁੜੀ ਦੇ ਵਿਆਹ ਤੋਂ ਦਿਨ ਪਹਿਲਾਂ ਗਾਏ ਜਾਣ ਵਾਲੇ ਲੋਕ ਗੀਤਾਂ ਨੂੰ ਸੁਹਾਗ ਕਿਹਾ ਜਾਂਦਾ ਹੈ। ਇਸ ਪੁਸਤਕ ਵਿੱਚ ਲੇਖਕ ਨੇ ਦੁਆਬੇ ਦੇ ਸੁਹਾਗਾਂ ਨੂੰ ਪੇਸ਼ ਕੀਤਾ ਹੈ। ਜਿਵੇਂ:-

ਲਾਡਲੀ ਨਾਂ ਰੱਖੀ ਬਾਬਲ ਜੀ
ਤੇਰੀ ਲਾਡਲੀ ਨੂੰ ਦੁੱਖ ਵੇ ਬਥੇਰੇ
ਲਾਡਲੀ ਮੈਂ ਇਉਂ ਰੱਖਾਗਾਂ
ਜਿਉਂ ਕਾਂਗਦਾ ਦੇ ਵਿੱਚ ਸੋਨਾ
ਉਠੋ ਤੁਸੀਂ ਮਿਲੋ ਬਾਬਲ ਜੀ
ਧੀਆਂ ਆਪਣੇ ਘਰਾਂ ਨੂੰ ਚੱਲੀਆਂ
ਧੀਆਂ ਜੀ ਦਾ ਮਿਲਣਾ
ਧੀਆਂ ਪਾ ਕੇ ਵਿਛੋੜੇ ਚੱਲੀਆਂ

ਘੋੜੀਆਂ[ਸੋਧੋ]

ਮੁੰਡੇ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਉਸਦੇ ਘਰ ਵਿੱਚ ਗਾਏ ਜਾਣ ਵਾਲੇ ਲੋਕ ਗੀਤਾਂ ਨੂੰ ਘੋੜੀਆਂ ਕਿਹਾ ਜਾਂਦਾ ਹੈ। ਇਸ ਪੁਸਤਕ ਵਿੱਚ ਲੇਖਕ ਨੇ ਦੁਆਬੇ ਦੀਆਂ ਘੋੜੀਆਂ ਨੂੰ ਪੇਸ਼ ਕੀਤਾ ਹੈ। ਜਿਵੇਂ:-

ਘੋੜੀ ਚੜ ਕੇ ਚੱਲਿਆ ਸੁਣ ਵੀਰ ਮੇਰਾ
ਵੇਖਣ ਚਲਿਆ ਵੀਰਾ ਸੌਹਰੜਾ ਪਿੰਡ ਵੇ

ਹਵਾਲੇ[ਸੋਧੋ]

  1. ਸਿੰਘ, ਕਰਮਜੀਤ (2006). ਦੇਸ ਦੁਆਬਾ. ਦਿੱਲੀ: ਮਨਪ੍ਰੀਤ ਪ੍ਰਕਾਸ਼ਨ ਦਿੱਲੀ. p. 27.
  2. ਸਿੰਘ, ਕਰਮਜੀਤ (2006). ਦੇਸ ਦੁਆਬਾ. ਦਿੱਲੀ: ਮਨਪ੍ਰੀਤ ਪ੍ਰਕਾਸ਼ਨ ਦਿੱਲੀ. p. 29.
  3. ਸਿੰਘ, ਕਰਮਜੀਤ (2006). ਦੇਸ ਦੁਆਬਾ. ਦਿੱਲੀ: ਮਨਪ੍ਰੀਤ ਪ੍ਰਕਾਸ਼ਨ ਦਿੱਲੀ. p. 103.