ਧਨਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਧਨਾਸ ਚੰਡੀਗੜ੍ਹ ਰਾਜ ਦਾ ਇੱਕ ਪਿੰਡ ਹੈ।

ਪਿੰਡ ਬਾਰੇ ਜਾਣਕਾਰੀ[ਸੋਧੋ]

ਪੰਜਾਬ ਯੂਨੀਵਰਸਿਟੀ ਅਤੇ ਪੀ.ਜੀ.ਆਈ. ਦੀਆਂ ਨੀਹਾਂ ਵਿਚ ਦੱਬਿਆ ਗਿਆ ਪਿੰਡ ਧਨਾਸ ਕਦੇ ਚੰਡੀਗੜ੍ਹ (ਯੂ.ਟੀ.) ਦੇ ਜੰਗਲਨੁਮਾ ਖੇਤਰ ਦੇ ਰੂਪ ਵਿਚ ਦੂਰ-ਦੂਰ ਤੱਕ ਫੈਲਿਆ ਹੋਇਆ ਸੀ। ਇਥੋਂ ਦੀ ਜ਼ਮੀਨ ਹੇਠ 50-60 ਹੱਥ ਦੀ ਡੂੰਘਾਈ ’ਤੇ ਪਾਣੀ ਸੀ। ਮੁੱਢਲੇ ਦੌਰ ਵਿਚ ਇਥੇ ਚੀਣਾ (ਝੋਨੇ ਦੇ ਦਾਣੇ ਵਰਗਾ) ਅਨਾਜ ਦੀ ਫਸਲ ਹੁੰਦੀ ਸੀ। ਇਹ ਫਸਲ 50 ਦਿਨਾਂ ਵਿਚ ਹੀ ਪੱਕ ਜਾਂਦੀ ਸੀ ਅਤੇ ਲੋਕ ਕਣਕ ਦੀ ਥਾਂ ਇਸ ਨੂੰ ਹੀ ਦੁੱਧ/ਦਹੀਂ ਵਿਚ ਪਾ ਕੇ ਖਾਂਦੇ ਸਨ। ਇਥੇ ਖੂਬ ਦਾਲਾਂ ਵੀ ਹੁੰਦੀਆਂ ਸਨ ਅਤੇ ਚੁਫੇਰੇ ਬਾਗਾਂ ਦੀ ਬਹਾਰ ਸੀ। ਪਹਿਲੇ ਦੌਰ ਵਿਚ ਮੰਡੀ ਲਿਜਾਣ ਜੋਗੇ ਦਾਣੇ ਨਹੀਂ ਹੁੰਦੇ ਸਨ। ਇਸ ਪਿੰਡ ਦਾ ਸਭ ਤੋਂ ਪੁਰਾਣਾ ਖੂਹ ਸੈਣੀਆਂ ਵਾਲਾ ਖੂਹ ਸੀ। ਬਾਗ ਵਿਚਲੇ ਨਾਈਆਂ ਵਾਲੇ ਖੂਹ ਦੀ ਵੀ ਆਪਣੀ ਇੱਕ ਸੱਭਿਆਚਾਰਕ ਮਹਤਤਾ ਹੈ। ਦੋ ਹੋਰ ਖੂਹ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਵਿਚ ਦਫਨ ਹੋ ਗਏ ਜਿਹਨਾਂ ਵਿਚੋਂ ਭਗਤਾਂ ਵਾਲਾ ਖੂਹ ਬੜਾ ਮਸ਼ਹੂਰ ਸੀ। ਪੀ.ਜੀ.ਆਈ. ਦੀ ਜੱਦ ਵਿਚ ਮੁਨਸ਼ੀ ਜੱਟ ਦੀ ਖੂਹੀ ਆ ਚੁੱਕੀ ਹੈ।

ਪਿੰਡ ਦਾ ਇਤਿਹਾਸ[ਸੋਧੋ]

ਪਿੰਡ ਸਰਹਾਲੀ (ਤਰਨ ਤਾਰਨ) ਦੇ ਸੰਧੂਆਂ ਨੇ ਕਿਸੇ ਵੇਲੇ ਪਿੰਡ ਧਨਾਸ ਵਸਾਇਆ ਸੀ। ਦਰਅਸਲ, ਮੁੱਢਲੇ ਦੌਰ ਵਿਚ ਸਰਹਾਲੀ ਦੇ ਕੁਝ ਟੱਬਰ ਪਿੰਡ ਨੈੜੂ (ਪਟਿਆਲਾ) ਵਿਖੇ ਆ ਵਸੇ ਸਨ। ਉਦੋਂ ਪਟਿਆਲਾ ਵੱਡੀ ਰਿਆਸਤ ਸੀ। ਮਨੀਮਾਜਰਾ ਦੇ ਰਾਜੇ ਨੇ ਆਪਣੀ ਇਮਦਾਦ ਲਈ ਪਟਿਆਲੇ ਦੇ ਰਾਜੇ ਕੋਲੋਂ ਬੰਦੇ ਮੰਗੇ ਸਨ ਅਤੇ ਇਸ ਤਰ੍ਹਾਂ ਪਟਿਆਲੇ ਦੇ ਰਾਜੇ ਨੇ ਸੰਧੂਆਂ ਦੇ ਟੱਬਰਾਂ ਨੂੰ ਇਥੇ ਭੇਜਿਆ ਸੀ। ਬਜ਼ੁਰਗਾਂ ਅਨੁਸਾਰ ਉਦੋਂ ਇਹ ਜੰਗਲਨੁਮਾ ਖੇਤਰ ਸੀ। ਉਸ ਵੇਲੇ ਦੇ ਕਿਸੇ ਬਜ਼ੁਰਗ ਦੇ ਨਾਮ ’ਤੇ ਪਿੰਡ ਧਨਾਸ ਬਝਿਆ ਸੀ। ਪਹਿਲਾਂ ਇਥੇ ਇੱਕ ਪੱਤੀ ਸੀ। ਉਸ ਤੋਂ ਬਾਅਦ ਮਨੀਮਾਜਰੇ ਦਾ ਰਾਜਾ ਪੜਾਅਵਾਰ ਲੋਕਾਂ ਨੂੰ ਲਿਆ ਕੇ ਇਥੇ ਵਸਾਉਂਦਾ ਰਿਹਾ ਸੀ। ਇਥੇ ਆ ਕੇ ਵਸੇ ਲੋਕਾਂ ਨੇ ਹੱਡਭੰਨਵੀਂ ਮਿਹਨਤ ਕਰਕੇ ਇਸ ਜੰਗਲਨੁਮਾ ਖੇਤਰ ਨੂੰ ਆਬਾਦ ਕੀਤਾ ਸੀ। ਇਥੋਂ ਲੰਘਦੀ ਪਟਿਆਲਾ ਕੀ ਰਾਓ ਨਦੀ ਕਾਰਨ ਇਥੋਂ ਦੀ ਜ਼ਮੀਨ ਸੇਮ ਦੀ ਮਾਰ ਹੇਠ ਆ ਰਹੀ ਸੀ।

ਪਿੰਡ ਦੀ ਵਸੋਂ ਅਤੇ ਪੰਚਾਇਤ[ਸੋਧੋ]

ਪਿੰਡ ਦੀ ਪਹਿਲੀ ਪੰਚਾਇਤ 1958 ਵਿਚ ਬੱਝੀ ਸੀ। ਉਦੋਂ ਪਿੰਡ ਵਿਚ ਕੇਵਲ 40-45 ਘਰ ਅਤੇ 150-200 ਦੇ ਕਰੀਬ ਵੋਟਾਂ ਹੁੰਦੀਆਂ ਸਨ। ਪਿੰਡ ਦਾ ਪਹਿਲਾ ਸਰਪੰਚ ਬਸਤਾ ਸਿੰਘ ਬਣਿਆ ਸੀ। ਹੁਣ ਧਨਾਸ ਦੀਆਂ 2500 ਦੇ ਕਰੀਬ ਵੋਟਾਂ ਹਨ ਜਿਸ ਵਿਚੋਂ ਜੱਦੀ ਵੋਟਾਂ ਬਹੁਤ ਘੱਟ ਰਹਿ ਗਈਆਂ ਹਨ। ਪਿੰਡ ਵਿਚ ਇੱਕ ਗੁੱਗਾ ਮਾੜੀ, ਲਾਲਾ ਵਾਲਾ ਪੀਰ, ਮਾਤਾ ਰਾਣੀ ਥਾਂ ਅਤੇ ਤਿੰਨ ਗੁਰਦੁਆਰੇ ਸੁਸ਼ੋਭਿਤ ਹਨ।

ਸ਼ਹਿਰੀਕਰਨ ਦੀ ਮਾਰ[ਸੋਧੋ]

ਚੰਡੀਗੜ੍ਹ ਆਬਾਦ ਹੋਣ ਦੇ ਨਾਲ ਹੀ ਧਨਾਸ ਦੀ ਬਰਬਾਦੀ ਸ਼ੁਰੂ ਹੋ ਗਈ। ਪਹਿਲੀ ਸੱਟੇ ਹੀ ਪ੍ਰਸ਼ਾਸਨ ਨੇ ਨਦੀ ਨਾਲ ਲਗਦੀ 200 ਏਕੜ ਜ਼ਮੀਨ ਕੌਡੀਆਂ ਦੇ ਭਾਅ ਖੋਹ ਲਈ। ਫਿਰ ਇਥੇ ਇੱਟਾਂ ਦੇ ਭੱਠੇ ਲਾਉਣ ਦੀ ਆੜ ਹੇਠ ਸਸਤੇ ਭਾਅ ਜ਼ਮੀਨ ਖੋਹੀ ਗਈ ਪਰ ਭੱਠੇ ਲਾਉਣ ਦੀ ਥਾਂ ਇਥੇ ਕਲੋਨੀਆਂ ਹੀ ਉਸਾਰੀਆਂ ਗਈਆਂ। ਪਿੰਡ ਦੇ ਮੌਜੇ ਵਿਚ ਟਾਹਲੀ ਦੇ ਕਮਾਲ ਦੇ ਦਰੱਖ਼ਤ ਸਨ। ਜਿਉਂ-ਜਿਉਂ ਪ੍ਰਸ਼ਾਸਨ ਇਥੇ ਆਬਾਦ ਹੋਇਆ ਤਿਉਂ-ਤਿਉਂ ਟਾਹਲੀਆਂ ਦੀ ਬਰਬਾਦੀ ਸ਼ੁਰੂ ਹੋਈ। ਕਿਉਂਕਿ ਪ੍ਰਸ਼ਾਸਨ ਨੇ ਬੇਸ਼ੁਮਾਰ ਟਾਹਲੀ ਧੇਲਾ ਦਿੱਤੇ ਬਿਨਾਂ ਕੱਟ ਲਈ। ਚੰਡੀਗੜ੍ਹ ਦੇ ਸਰਕਾਰੀ ਭਵਨਾਂ ਵਿਚ ਅੱਜ ਵੀ ਧਨਾਸ ਦੀ ਟਾਹਲੀ ਦੀ ਲੱਕੜ ਬਰਕਰਾਰ ਹੈ। ਹੁਣ ਤਾਂ ਧਨਾਸ ਵਿਚ ਪਿੰਡ ਦੇ ਨਾਂ ’ਤੇ ਅਮਨ, ਚਮਨ, ਅੰਬੇਦਕਰ ਤੇ ਮਿਲਕ ਕਲੋਨੀਆਂ ਰਹਿ ਗਈਆਂ ਹਨ। ਪਿੰਡ ਡਬਲ ਸਟੋਰੀਜ਼ ਅਤੇ ਹਾਊਸਿੰਗ ਬੋਰਡ ਦੇ ਫਲੈਟਾਂ ਵਿਚ ਘਿਰ ਕੇ ਰਹਿ ਗਿਆ ਹੈ। ਖੇਤੀਬਾੜੀ ਵਾਲੀ ਕੇਵਲ 150 ਏਕੜ ਜ਼ਮੀਨ ਬਚੀ ਹੈ। ਲੋਕ ਕਿਰਾਏ-ਭਾੜੇ ’ਤੇ ਜ਼ਮੀਨਾਂ ਦੇ ਕੇ ਜਾਂ ਦੁੱਧ ਦਾ ਧੰਦਾ ਕਰਕੇ ਜ਼ਿੰਦਗੀ ਰੇੜ੍ਹ ਰਹੇ ਹਨ। ਪ੍ਰਸ਼ਾਸਨ ਨੇ ਚੰਡੀਗੜ੍ਹ ਵਸਾਉਣ ਲਈ ਉਹਨਾਂ ਦੀ ਖੋਹੀ ਜ਼ਮੀਨ ਦੇ ਇਵਜ਼ ਵਜੋਂ ਜਿਥੇ ਮੁੜ-ਵਸੇਬੇ ਲਈ ਇੱਕ ਕਮਰਾ ਵੀ ਮੁਹੱਈਆ ਨਹੀਂ ਕਰਵਾਇਆ, ਉਥੇ ਜੱਦੀ ਲੋਕਾਂ ਨੂੰ ਨੌਕਰੀ ਦੇਣ ਦਾ ਸਬੱਬ ਵੀ ਨਹੀਂ ਬਣਾਇਆ। ਇਸ ਕਾਰਨ ਇਥੋਂ ਦੇ ਵਸਨੀਕ ਉਹਨਾਂ ਦੀਆਂ ਖੋਹੀਆਂ ਜ਼ਮੀਨਾਂ ਦੇ ਇਵਜ਼ ਵਜੋਂ ਜ਼ਿਲ੍ਹਾ ਲੁਧਿਆਣਾ ਵਿਖੇ ਜ਼ਮੀਨਾਂ ਲੈ ਕੇ ਮਾੜੀ-ਮੋਟੀ ਖੇਤੀ ਕਰ ਰਹੇ ਹਨ। ਉਹਨਾਂ ਦੀ ਕੌਡੀਆਂ ਦੇ ਭਾਅ ਖੋਹੀ ਜ਼ਮੀਨ ਕਾਰਨ ਉਹ ਰੋਪੜ, ਮੁਹਾਲੀ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆ ਵਿਚ ਜ਼ਮੀਨ ਲੈ ਕੇ ਖੇਤੀਬਾੜੀ ਕਰ ਰਹੇ ਹਨ।

ਧਨਾਸ ਝੀਲ[ਸੋਧੋ]

ਧਨਾਸ ਝੀਲ

ਧਨਾਸ ਪਿੰਡ ਵਿੱਚ ਇੱਕ ਝੀਲ ਵੀ ਬਣਾਈ ਗਈ ਹੈ ਜਿਸਨੂੰ ਧਨਾਸ ਝੀਲ ਕਿਹਾ ਜਾਂਦਾ ਹੈ। ਇਹ ਝੀਲ ਚੰਡੀਗੜ ਧਨਾਸ ਪਿੰਡ,ਨੇੜੇ ਪੈਂਦੇ ਸੈਕਟਰ 38 ਦੇ ਕੋਲ ਹੈ ਵਿਖੇ ਪੈਂਦੀ ਹੈ।ਇਹ ਝੀਲ ਪਟਿਆਲਾ ਕੀ ਰਾਓ ਨਦੀ ਤੇ ਬਣਾਈ ਗਈ ਹੈ ਅਤੇ ਇਸਦਾ ਉਦਘਾਟਨ 2004 ਵਿੱਚ ਕੀਤਾ ਗਿਆ ਸੀ।ਇਸ ਝੀਲ ਤੇ ਕਾਫੀ ਖੇਤਰੀ ਅਤੇ ਪ੍ਰਵਾਸੀ ਪੰਛੀ ਆਉਂਦੇ ਹਨ।

ਤਸਵੀਰਾਂ[ਸੋਧੋ]