ਨਫ਼ਰਤੀਤੀ
ਨਫ਼ਰਨਫ਼ਰੁਆਤੇਨ ਨਫ਼ਰਤੀਤੀ (1370-1330 ਈਸਾ ਪੂਰਵ) ਕਦੀਮ ਮਿਸਰ ਦੇ 18ਵੇਂ ਰਾਜਵੰਸ਼ ਦੀ ਰਾਣੀ ਅਤੇ ਅਖਨਾਤੇਨ ਫੈਰ੍ਹੋ ਦੀ ਘਰਵਾਲੀ ਸੀ। ਨਫ਼ਰਤੀਤੀ ਅਤੇ ਉਸਦਾ ਘਰਵਾਲਾ ਇੱਕ ਧਾਰਮਿਕ ਇਨਕਲਾਬ ਲਈ ਜਾਣੇ ਜਾਂਦੇ ਹਨ, ਜਿਸ ਵਿੱਚ ਉਹ ਸਿਰਫ਼ ਇੱਕ ਰੱਬ ਦੀ ਇਬਾਦਤ ਕਰਦੇ ਸਨ ਜੋ ਕਿ ਆਤੇਨ ਸੀ। ਆਪਣੇ ਘਰਵਾਲੇ ਨਾਲ ਨਫ਼ਰਤੀਤੀ ਨੇ ਕਦੀਮ ਮਿਸਰ 'ਤੇ ਉਸ ਸਮੇਂ ਰਾਜ ਕੀਤਾ ਜਿਸ ਨੂੰ ਕਦੀਮ ਮਿਸਰ ਦਾ ਸਭ ਤੋਂ ਅਮੀਰੀ ਭਰਿਆ ਦੌਰ ਮੰਨਿਆ ਜਾਂਦਾ ਹੈ। ਕੁੱਝ ਵਿਦਵਾਨਾਂ ਦਾ ਮੰਨਣਾ ਹੈ ਕਿ ਨਫ਼ਰਤੀਤੀ ਨੇ ਕੁੱਝ ਸਮੇਂ ਲਈ ਆਪਣੇ ਘਰਵਾਲੇ ਦੀ ਮੌਤ ਤੋਂ ਬਾਅਦ ਅਤੇ ਤੁਤਨਖਾਮੁਨ ਦੀ ਚੜਾਈ ਤੋਂ ਪਹਿਲਾਂ ਨਫ਼ਰਨਫ਼ਰੁਆਤੇਨ ਦੇ ਤੌਰ 'ਤੇ ਵੀ ਰਾਜ ਕੀਤਾ ਸੀ ਪਰ ਇਹ ਦਾਅਵਾ ਵਿਵਾਦਾਂ ਨਾਲ਼ ਘਿਰਿਆ ਹੋਇਆ ਹੈ। ਜੇ ਨਫ਼ਰਤੀਤੀ ਨੇ ਇੱਕ ਫ਼ੈਰ੍ਹੋ ਵੱਜੋਂ ਰਾਜ ਕੀਤਾ ਹੀ ਸੀ ਤਾਂ ਉਸ ਦੀ ਹਕੂਮਤ ਦੀ ਸ਼ੁਰੂਆਤ ਅਮਾਰਨਾ ਦੇ ਪਤਨ ਨਾਲ਼ ਹੋਈ ਅਤੇ ਉਸ ਨੇ ਸਾਮਰਾਜ ਦੀ ਰਾਜਧਾਨੀ ਮੁੜ ਰਵਾਇਤੀ ਸ਼ਹਿਰ, ਥੀਬਸ ਨੂੰ ਬਣਾ ਦਿੱਤਾ।
ਨਫ਼ਰਤੀਤੀ ਆਪਣੇ ਇੱਕ ਬੁੱਤ ਕਾਰਣ ਮਸ਼ਹੂਰ ਹੋਈ ਸੀ, ਜੋ ਕਿ ਹੁਣ ਬਰਲਿਨ ਦੇ ਨਿਉਏਸ ਅਜਾਇਬ ਘਰ ਵਿੱਚ ਹੈ। ਮੰਨਿਆ ਜਾਂਦਾ ਹੈ ਕਿ ਇਹ ਬੁੱਤ ਨੂੰ ਥੁੱਟਮਸ ਨੇ ਘੜਿਆ ਅਤੇ ਇਹ ਉਸ ਦੇ ਹੀ ਕਾਰਖਾਨੇ ਵਿੱਚ ਲੱਭਿਆ ਸੀ।
ਨਾਮ ਅਤੇ ਅਹੁਦੇ
[ਸੋਧੋ]ਨਫ਼ਰਤੀਤੀ ਕੋਲ਼ ਕਈ ਅਹੁਦੇ ਸਨ ਜਿਵੇਂ ਕਿ:
- ਜੱਦੀ ਰਾਜਕੁਮਾਰੀ (ਹੈਰੇਡਿਟੇਰੀ ਪ੍ਰਿੰਸੈੱਸ)
- ਉਸਤਤ ਭਰੀ (ਗ੍ਰੇਟ ਔਫ਼ ਪ੍ਰੇਜ਼ੇਜ਼)
- ਸੁੰਦਰਤਾ ਭਰੀ ਔਰਤ (ਲੇਡੀ ਔਫ਼ ਗ੍ਰੇਸ)
- ਮੁਹੱਬਤ ਵਾਂਗ ਮਿੱਠੀ (ਸ੍ਵੀਟ ਔਫ਼ ਲਵ)
- ਦੋ ਰਾਜਾਂ ਦੀ ਰਾਣੀ (ਲੇਡੀ ਔਫ਼ ਟੂ ਲੈਂਡਜ਼)
- ਮੁੱਖ ਰਾਜੇ ਦੀ ਰਾਣੀ, ਉਸਦੀ ਪਿਆਰੀ (ਮੇਨ ਕਿੰਗਜ਼ ਵਾਇਫ਼, ਹਿਜ਼ ਬਿਲੱਵੇਡ)
- ਮਹਾਨ ਰਾਜੇ ਦੀ ਰਾਣੀ, ਉਸਦੀ ਪਿਆਰੀ (ਗ੍ਰੇਟ ਕਿੰਗਜ਼ ਵਾਇਫ਼, ਹਿਜ਼ ਬਿਲੱਵੇਡ)
- ਔਰਤਾਂ ਦੀ ਔਰਤ (ਲੇਡੀ ਔਫ਼ ਔਲ ਵਿਮੈਨ)
- ਉੱਚੇ ਅਤੇ ਨੀਵੇਂ ਮਿਸਰ ਦੀ ਮਾਲਕਣ (ਮਿਸਟ੍ਰੈੱਸ ਔਫ਼ ਅੱਪਰ ਐਂਡ ਲੋਅਰ ਇਜਿਪਟ)