ਸਮੱਗਰੀ 'ਤੇ ਜਾਓ

ਨਿਸ਼ਾਨਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਫ਼ਗ਼ਾਨਿਸਤਾਨ ਵਿਖੇ ਇੱਕ ਨਿਸ਼ਾਨਚੀ ਟੀਮ ਇੱਕ ਕਮਰੇ ਚੋਂ ਅਪਣਾ ਕੰਮ ਕਰਦੀ ਹੋਈ
ਆਫ਼ਗ਼ਾਨਿਸਤਾਨ ਵਿਖੇ ਇੱਕ ਫ਼ਰਾਂਸੀਸੀ ਨਿਸ਼ਾਨਚੀ

ਨਿਸ਼ਾਨਚੀ (ਅੰਗਰੇਜ਼ੀ: sniper; ਸਨਾਇਪਰ) ਇੱਕ ਅਜਿਹਾ ਆਦਮੀ ਹੁੰਦਾ ਹੈ ਜੋ ਇੱਕ ਖ਼ੁਫ਼ੀਆ ਜਗ੍ਹਾ ਤੋਂ ਦੁਸ਼ਮਣ ’ਤੇ ਨਿਸ਼ਾਨਾ ਲਾਉਂਦਾ ਹੈ। ਇਸ ਦਾ ਨਿਸ਼ਾਨਾ ਕੋਈ ਮਨੁੱਖੀ ਜਾਂ ਅਣ-ਮਨੁੱਖੀ ਦੁਸ਼ਮਣ ਹੁੰਦਾ ਹੈ। ਇਸ ਦੀ ਸਿਖਲਾਈ ਬਿਲਕੁਲ ਸਹੀ ਨਿਸ਼ਾਨਾ ਲਾਉਣ ਲਈ ਹੋਈ ਹੁੰਦੀ ਹੈ। ਇਹਨਾਂ ਨੂੰ ਨਿਸ਼ਾਨਚੀ ਬੰਦੂਕ ਵਰਤਣ ਦੀ ਖ਼ਾਸ ਸਿਖਲਾਈ ਦਿੱਤੀ ਜਾਂਦੀ ਹੈ ਜੋ ਕਿ ਇੱਕ ਖ਼ਾਸ ਕਿਸਮ ਦੀ ਬੰਦੂਕ ਹੁੰਦੀ ਹੈ। ਦੁਸ਼ਮਣ ਨੂੰ ਚੰਗੀ ਤਰ੍ਹਾਂ ਵੇਖਣ ਲਈ ਇਸ ’ਤੇ ਇੱਕ ਟੈਲੀਸਕੋਪ ਜਾਂ ਦੂਰਬੀਨ ਲੱਗੀ ਹੁੰਦੀ ਹੈ।

ਪਹਿਲੀ ਸੰਸਾਰ ਜੰਗ ਵੇਲੇ ਤੱਕ ਖਾਸ ਨਿਸ਼ਾਨਚੀ ਬੰਦੂਕਾਂ ਨਹੀਂ ਸਨ ਅਤੇ ਆਮ ਬੰਦੂਕਾਂ ਨੂੰ ਹੀ ਦੂਰਬੀਨ ਲਾ ਕੇ ਵਰਤਿਆ ਗਿਆ। ਦੂਜੀ ਸੰਸਾਰ ਜੰਗ ਵੇਲੇ ਤੱਕ ਨਿਸ਼ਾਨਚੀ ਲੜਾਈ ਦਾ ਇੱਕ ਅਹਿਮ ਹਿੱਸਾ ਬਣ ਚੁੱਕੇ ਸਨ। ਸੋਵੀਅਤ ਯੂਨੀਅਨ ਦੇ ਹਰ ਫ਼ੌਜੀ ਦਸਤੇ ਵਿੱਚ ਇੱਕ ਨਿਸ਼ਾਨਚੀ ਹੁੰਦਾ ਸੀ।

ਕਈ ਪੁਲਿਸ ਮਹਿਕਮੇ ਵੀ ਨਿਸ਼ਾਨਚੀਆਂ ਦੀ ਵਰਤੋਂ ਕਰਦੇ ਹਨ ਪਰ ਪੁਲਿਸ ਨਿਸ਼ਾਨਚੀਆਂ ਅਤੇ ਫ਼ੌਜੀ ਨਿਸ਼ਾਨਚੀਆਂ ਦੇ ਕੰਮ ਹਮੇਸ਼ਾ ਇੱਕੋ ਜਿਹੇ ਨਹੀਂ ਹੁੰਦੇ ਇਸ ਲਈ ਪੁਲਿਸ ਨਿਸ਼ਾਨਚੀਆਂ ਨੂੰ ਅੰਗਰੇਜ਼ੀ ਕਈ ਵਾਰ ਮਾਰਕਸਮੈੱਨ (marksmen) ਵੀ ਕਿਹਾ ਜਾਂਦਾ ਹੈ। ਤਜਰਬੇਕਾਰ ਸ਼ਿਕਾਰੀ ਅਤੇ ਨਿਸ਼ਾਨਚੀਆਂ ਦੀਆਂ ਕਈ ਖ਼ੂਬੀਆਂ ਮੇਲ ਖਾਂਦੀਆਂ ਹਨ ਕਿਉਂਕਿ ਤਜਰਬੇਕਾਰ ਸ਼ਿਕਾਰੀ ਅਜਿਹੇ ਪੰਛੀਆਂ ਦਾ ਵੀ ਸ਼ਿਕਾਰ ਕਰਦੇ ਹਨ ਜੋ ਆਪਣੇ ਆਲੇ-ਦੁਆਲੇ ਦੀ ਰੰਗਤ ਵਿੱਚੋ ਮੁਸ਼ਕਲ ਨਾਲ ਨਜ਼ਰ ਆਉਂਦੇ ਹਨ।

ਨਿਸ਼ਾਨੇਬਾਜ਼ੀ

[ਸੋਧੋ]

ਨਿਸ਼ਾਨਚੀ ਆਮ ਤੌਰ ’ਤੇ ਦੂਰ ਦੇ ਨਿਸ਼ਾਨਿਆਂ ਨੂੰ ਮਾਰਦੇ ਹਨ। ਅਤੇ ਕਿਉਂਕਿ ਗੋਲੀ ਨੇ ਲੰਮੀ ਦੂਰੀ ਤੈਅ ਕਰਨੀ ਹੁੰਦੀ ਹੈ ਇਸ ਲਈ ਗੋਲੀ ਦਾਗਦੇ ਸਮੇਂ ਨਿਸ਼ਾਨਚੀ ਨੇ ਬਹੁਤ ਸਾਵਧਾਨੀ ਵਰਤਣੀ ਹੁੰਦੀ ਹੈ। ਨਿਸ਼ਾਨੇ ਦੇ ਸਹੀ ਹੋਣ ਲਈ ਉਸਨੇ ਤਿੰਨ ਗੱਲਾਂ ਦਾ ਖ਼ਾਸ ਖ਼ਿਆਲ ਰੱਖਣਾ ਹੁੰਦਾ ਹੈ:

  • ਨਿਸ਼ਾਨਾ ਹਿੱਲਦਾ ਹੋ ਸਕਦਾ ਹੈ ਜਿਵੇਂ ਕਿ ਤੁਰਦਾ-ਫਿਰਦਾ ਜਾਂ ਭੱਜਦਾ ਆਦਮੀ। ਨਿਸ਼ਾਨਚੀ ਨੇ ਇਸ ਗੱਲ ਦਾ ਅੰਦਾਜ਼ਾ ਲਾਉਣਾ ਹੁੰਦਾ ਹੈ ਕਿ ਜਦ ਗੋਲੀ ਉਸ ਤੱਕ ਪਹੁੰਚੇਗੀ ਤਾਂ ਉਹ ਕਿਹੜੀ ਥਾਂ ਤੇ ਹੋਵੇਗਾ। ਟਿਕੇ ਹੋਏ ਨਿਸ਼ਾਨੇ ਅਚਾਨਕ ਵੀ ਹਿੱਲ ਸਕਦੇ ਹਨ।
  • ਗਰੂਤਾ ਖਿੱਚ ਵੀ ਗੋਲੀ ’ਤੇ ਆਪਣਾ ਅਸਰ ਪਾਉਂਦੀ ਹੈ ਅਤੇ ਇਹ ਧਰਤੀ ’ਤੇ ਡਿੱਗਦੀ ਜਾਂਦੀ ਹੈ। ਜੇ ਨਿਸ਼ਾਨਾ ਨੇੜੇ ਹੈ ਤਾਂ ਇਸ ਦਾ ਕੋਈ ਬਹੁਤਾ ਅਸਰ ਨਹੀਂ ਹੁੰਦਾ ਪਰ ਜੇ ਨਿਸ਼ਾਨਾ ਦੂਰ ਹੈ ਤਾਂ ਨਿਸ਼ਾਨਚੀ ਨੇ ਇਹ ਅੰਦਾਜ਼ਾ ਲਾਉਣਾ ਹੁੰਦਾ ਹੈ ਕਿ ਗੋਲੀ ਨੂੰ ਨਿਸ਼ਾਨੇ ਨਾਲੋਂ ਕਿੰਨਾ ਕੁ ਉੱਚਾ ਦਾਗਣਾ ਹੈ ਤਾਂ ਕਿ, ਗਰੂਤ ਖਿੱਚ ਦੇ ਅਸਰ ਦੇ ਬਾਵਜੂਦ, ਡਿੱਗਣ ਤੋਂ ਪਹਿਲਾਂ ਗੋਲੀ ਲੋੜੀਦੀਂ ਥਾਂ ’ਤੇ ਲੱਗੇ।
  • ਵਗਦੀ ਹਵਾ ਵੀ ਗੋਲੀ ਦੀ ਦਿਸ਼ਾ ’ਤੇ ਅਸਰ ਪਾਉਂਦੀ ਹੈ ਸੋ ਇਹ ਗੋਲੀ ਨੂੰ ਨਿਸ਼ਾਨੇ ਤੋਂ ਪਰ੍ਹੇ ਧੱਕ ਸਕਦੀ ਹੈ। ਨਿਸ਼ਾਨਚੀ ਨੇ ਇਹ ਵੇਖਣਾ ਹੁੰਦਾ ਹੈ ਕਿ ਹਵਾ ਕਿਸ ਦਿਸ਼ਾ ਵੱਲ ਅਤੇ ਕਿੰਨੀ ਕੁ ਤੇਜ਼ ਵਗ ਰਹੀ ਹੈ। ਇਸੇ ਮੁਤਾਬਕ ਨਿਸ਼ਾਨਚੀ ਨੇ ਨਿਸ਼ਾਨੇ ਦੇ ਖੱਬੇ ਜਾਂ ਸੱਜੇ ਪਾਸੇ ਗੋਲੀ ਦਾਗਣੀ ਹੁੰਦੀ ਹੈ ਤਾਂ ਹਵਾ ਵਗਣ ਦੇ ਬਾਵਜੂਦ ਨਿਸ਼ਾਨਾ ਸਹੀ ਹੋਵੇ।

ਕਾਰਤੂਸ ਜਾਂ ਗੋਲੀਆਂ

[ਸੋਧੋ]

ਨਿਸ਼ਾਨਚੀਆਂ ਵੱਲੋਂ ਵਰਤੇ ਜਾਂਦੇ ਕਾਰਤੂਸ ਜਾਂ ਗੋਲੀਆਂ ਆਮ ਤੌਰ ’ਤੇ ਭਾਰੀਆਂ ਹੁੰਦੀਆਂ ਹਨ। ਇਹ ਵੀ ਨਿਸ਼ਾਨੇ ਦੀ ਦਰੁਸਤਗੀ ’ਤੇ ਅਸਰ ਪਾਉਂਦੀਆਂ ਹਨ। ਇਹਨਾਂ ਵਿੱਚ ਬਰੂਦ ਦੀ ਮਿਕਦਾਰ ਕਾਫ਼ੀ ਜ਼ਿਆਦਾ ਹੁੰਦੀ ਹੈ ਜਿਸ ਨਾਲ ਗੋਲੀ ਜ਼ਿਆਦਾ ਤੇਜ਼ ਰਫਤਾਰ ਨਾਲ ਸਫ਼ਰ ਕਰਦੀ ਹੈ। ਇਸ ਦਾ ਭਾਰਾ ਹੋਣਾ ਹਵਾ ਦੇ ਅਸਰ ਨੂੰ ਘੱਟ ਕਰਦਾ ਹੈ ਅਤੇ ਇਸ ਦੀ ਰਫਤਾਰ ਗਰੂਤਾ ਖਿੱਚ ਦੇ ਅਸਰ ਤੋਂ ਬਚਾਉਂਦੀ ਹੈ। ਤੇਜ਼ ਰਫਤਾਰ ਗੋਲੀ ਨਿਸ਼ਾਨੇ ਤੱਕ ਛੇਤੀ ਪਹੁੰਚਦੀ ਹੈ, ਇਸ ਤੋਂ ਪਹਿਲਾਂ ਕਿ ਇਸਤੇ ਗਰੂਤਾ ਖਿੱਚ ਦਾ ਅਸਰ ਹੋਵੇ। ਹਲਕੀਆਂ ਅਤੇ ਘੱਟ ਰਫਤਾਰ ਦੀਆਂ ਗੋਲੀਆਂ ਦੇ ਮੁਕਾਬਲੇ ਵੱਡੀਆਂ ਗੋਲੀਆਂ ਨਿਸ਼ਾਨੇ ਦਾ ਵੱਧ ਨੁਕਸਾਨ ਕਰਦੀਆਂ ਹਨ।

ਨਿਸ਼ਾਨਚੀ ਬੰਦੂਕਾਂ

[ਸੋਧੋ]
ਸੋਕੋ ਟੀਆਰਜੀ 42 ਨਿਸ਼ਾਨਚੀ ਬੰਦੂਕ

ਨਿਸ਼ਾਨਚੀ ਬੰਦੂਕਾਂ ਇੱਕ ਖ਼ਾਸ ਕਿਸਮ ਦੀਆਂ ਬੰਦੂਕਾਂ ਹੁੰਦੀਆਂ ਹਨ ਜਿੰਨ੍ਹਾਂ ਦਾ ਨਿਸ਼ਾਨਾ ਆਮ ਬੰਦੂਕਾਂ ਦੇ ਮੁਕਾਬਲੇ ਜ਼ਿਆਦਾ ਚੰਗਾ ਅਤੇ ਸਹੀ ਹੁੰਦਾ ਹੈ। ਆਮ ਤੌਰ ’ਤੇ ਸਾਰੀਆਂ ਨਿਸ਼ਾਨਚੀ ਬੰਦੂਕਾਂ ’ਤੇ ਇੱਕ ਦੂਰਬੀਨ ਲੱਗੀ ਹੁੰਦੀ ਹੈ ਜੋ ਨਿਸ਼ਾਨਚੀ ਨੂੰ ਦੂਰ ਦੇ ਨਿਸ਼ਾਨੇ ਵੇਖਣ ਵਿੱਚ ਮਦਦ ਕਰਦੀ ਹੈ। ਨਿਸ਼ਾਨਚੀ ਬੰਦੂਕਾਂ ਦੋ ਕਿਸਮ ਦੀਆਂ ਹਨ: ਬੋਲਟ ਐਕਸ਼ਨ ਬੰਦੂਕਾਂ ਅਤੇ ਅੱਧ-ਖ਼ੁਦਕਾਰ ਬੰਦੂਕਾਂ। ਬੋਲਟ ਐਕਸ਼ਨ ਬੰਦੂਕਾਂ ਉਹ ਹੁੰਦੀਆਂ ਹਨ ਜਿੰਨ੍ਹਾਂ ਵਿੱਚ ਇੱਕ ਕਾਰਤੂਸ ਦਾਗਣ ਤੋਂ ਬਾਅਦ ਨਿਸ਼ਾਨਚੀ ਨੂੰ ਖ਼ੁਦ ਦੂਜਾ ਕਾਰਤੂਸ ਪਾ ਕੇ ਦਾਗਣ ਲਈ ਤਿਆਰ ਕਰਨਾ ਪੈਂਦਾ ਹੈ। ਅੱਧ-ਖ਼ੁਦਕਾਰ ਬੰਦੂਕਾਂ ਉਹ ਹੁੰਦੀਆਂ ਹਨ ਜੋ ਇੱਕ ਸਮੇਂ ਇੱਕ ਕਾਰਤੂਸ ਦਾਗਦੀਆਂ ਹਨ ਅਤੇ ਦੂਜਾ ਕਾਰਤੂਸ ਖ਼ੁਦ ਹੀ ਦਾਗਣ ਲਈ ਤਿਆਰ ਕਰ ਲੈਂਦੀਆਂ ਹਨ। ਆਮ ਤੌਰ ’ਤੇ ਬੋਲਟ ਐਕਸ਼ਨ ਬੰਦੂਕਾਂ ਅੱਧ-ਖ਼ੁਦਕਾਰ ਬੰਦੂਕਾਂ ਨਾਲੋਂ ਜ਼ਿਆਦਾ ਚੰਗੇ ਅਤੇ ਸਹੀ ਨਿਸ਼ਾਨੇ ਵਾਲੀਆਂ ਹੁੰਦੀਆਂ ਹਨ ਅਤੇ ਇਹਨਾਂ ਦੀ ਮਾਰੂ ਦੂਰੀ ਵੀ ਜ਼ਿਆਦਾ ਹੁੰਦੀ ਹੈ।

ਪਹਿਲੀ ਸੰਸਾਰ ਜੰਗ ਵੇਲੇ ਖ਼ਾਸ ਨਿਸ਼ਾਨਚੀ ਬੰਦੂਕਾਂ ਨਹੀਂ ਸਨ ਅਤੇ ਨਿਸ਼ਾਨਚੀ ਆਮ ਬੰਦੂਕਾਂ ਨੂੰ ਹੀ ਇਹਨਾਂ ’ਤੇ ਦੂਰਬੀਨ ਲਾ ਕੇ ਵਰਤਦੇ ਸਨ।

ਇਹ ਵੀ ਵੇਖੋ

[ਸੋਧੋ]

ਬਾਹਰੀ ਕੜੀਆਂ

[ਸੋਧੋ]