ਨੂਰ ਇਨਾਇਤ ਖ਼ਾਨ
ਨੂਰ ਇਨਾਇਤ ਖ਼ਾਨ, ਜੀਸੀ | |
---|---|
![]() ਨੂਰ-ਉਨ-ਨੀਸਾ ਇਨਾਇਤ ਖ਼ਾਨ, ਜੀਸੀ | |
ਜਨਮ | ਮਾਸਕੋ, ਰੂਸੀ ਸਲਤਨਤ | 2 ਜਨਵਰੀ 1914
ਮੌਤ | 13 ਸਤੰਬਰ 1944 Dachau concentration camp, ਨਾਜ਼ੀ ਜਰਮਨੀ | (ਉਮਰ 30)
ਪੁਰਸਕਾਰ | George Cross, Croix de Guerre, Mentioned in Dispatches |
ਨੂਰ ਇਨਾਇਤ ਖ਼ਾਨ (2 ਜਨਵਰੀ 1914 - 13 ਸਤੰਬਰ 1944) ਇੱਕ ਭਾਰਤੀ-ਮੂਲ ਦੀ ਬਰਤਾਨਵੀ ਖੁਫ਼ੀਆ ਜਾਸੂਸ ਸੀ, ਜੋ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਮਿਤਰ ਦੇਸ਼ਾਂ ਲਈ ਜਾਸੂਸੀ ਕਰਦੀ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਔਰਤ ਵਾਇਰਲੈੱਸ ਆਪਰੇਟਰ ਸੀ। ਨੂਰ ਇੱਕ ਸੰਗੀਤਕਾਰ ਵੀ ਸੀ ਜਾਤਕ ਕਥਾਵਾਂ ਤੇ ਉਸ ਦੀ ਇੱਕ ਕਿਤਾਬ ਵੀ ਛਪੀ ਹੈ। ਉਹ ਅਹਿੰਸਾ ਵਿੱਚ ਵਿਸ਼ਵਾਸ ਰਖਦੀ ਸੀ ਅਤੇ ਸੂਫੀ ਵਿਚਾਰਾਂ ਦੀ ਵੀ ਸੀ। ਉਸ ਦੀ ਗੋਲੀ ਮਾਰਕੇ ਹਤਿਆ ਕੀਤੀ ਗਈ ਸੀ।
ਜ਼ਿੰਦਗੀ[ਸੋਧੋ]
ਨੂਰ ਇਨਾਇਤ ਖ਼ਾਨ[1] ਦਾ ਜਨਮ 2 ਜਨਵਰੀ 1914 ਨੂੰ ਮਾਸਕੋ ਵਿੱਚ ਹੋਇਆ ਸੀ। ਉਸ ਦਾ ਪੂਰਾ ਨਾਮ ਨੂਰ-ਉਨ-ਨੀਸਾ ਇਨਾਅਤ ਖ਼ਾਨ ਸੀ। ਉਹ ਚਾਰ ਭਰਾ ਭੈਣ ਸਨ, ਭਰਾ ਵਲਾਇਤ ਦਾ ਜਨਮ 1916, ਹਿਦਾਇਤ ਦਾ ਜਨਮ 1917 ਅਤੇ ਭੈਣ ਖੈਰ-ਉਨ-ਨੀਸਾ ਦਾ ਜਨਮ 1919 ਵਿੱਚ ਹੋਇਆ ਸੀ।[2] ਉਸ ਦਾ ਪਿਤਾ ਭਾਰਤੀ ਅਤੇ ਮਾਂ ਅਮੀਨਾ ਬੇਗਮ (ਓਰਾ ਮੀਨਾ ਰੇਬੇਕਰ) ਇੱਕ ਨਵ ਮੁਸਲਮਾਨ ਅਮਰੀਕੀ ਔਰਤ ਸੀ।[1][2] ਪਿਤਾ ਹਜ਼ਰਤ ਇਨਾਇਤ ਖ਼ਾਨ ਇੱਕ ਸੂਫ਼ੀ ਮਨਸ਼ ਇਨਸਾਨ, ਅਹਿੰਸਾ ਦਾ ਕਾਇਲ ਅਤੇ ਭਗਤੀ ਸੰਗੀਤ ਪ੍ਰੇਮੀ ਸੀ ਅਤੇ ਇੱਕ ਚੰਗੇ ਨਵਾਬੀ ਮੁਸਲਿਮ ਪਰਿਵਾਰ ਤੋਂ ਸੀ।[2] ਉਹ18ਵੀਂ ਸਦੀ ਵਿੱਚ ਮੈਸੂਰ ਰਾਜ ਦੇ ਹਾਕਮ ਟੀਪੂ ਸੁਲਤਾਨ ਦਾ ਪੜਪੋਤਾ ਸੀ। ਉਹ ਭਾਰਤ ਦੇ ਸੂਫ਼ੀਵਾਦ ਨੂੰ ਪੱਛਮੀ ਦੇਸ਼ਾਂ ਵਿੱਚ ਫੈਲਾਉਣ ਲਈ ਕੰਮ ਕਰ ਰਿਹਾ ਇੱਕ ਧਾਰਮਿਕ ਉਪਦੇਸ਼ਕ ਸੀ, ਜੋ ਪਰਵਾਰ ਦੇ ਨਾਲ ਪਹਿਲਾਂ ਲੰਦਨ ਅਤੇ ਫਿਰ ਪੈਰਿਸ ਜਾ ਵੱਸਿਆ ਸੀ। ਨੂਰ ਦੀਆਂ ਰੁਚੀਆਂ ਵੀ ਆਪਣੇ ਪਿਤਾ ਦੇ ਸਮਾਨ ਪੱਛਮੀ ਦੇਸ਼ਾਂ ਵਿੱਚ ਆਪਣੀ ਕਲਾ ਨੂੰ ਅੱਗੇ ਵਧਾਉਣ ਦੀਆਂ ਸਨ। ਨੂਰ ਸੰਗੀਤਕਾਰ ਵੀ ਸੀ ਅਤੇ ਉਸ ਨੂੰ ਬੀਣਾ ਵਜਾਉਣ ਦਾ ਸ਼ੌਕ ਸੀ। ਉੱਥੇ ਉਸ ਨੇ ਬੱਚਿਆਂ ਲਈ ਕਹਾਣੀਆਂ ਵੀ ਲਿਖੀਆਂ ਅਤੇ ਜਾਤਕ ਕਥਾਵਾਂ ਬਾਰੇ ਉਸ ਦੀ ਇੱਕ ਕਿਤਾਬ ਵੀ ਛਪੀ ਸੀ।