ਨੌਜਵਾਨ ਭਾਰਤ ਸਭਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨੌਜਵਾਨ ਭਾਰਤ ਸਭਾ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦਾ ਜਨਤਕ ਚਿਹਰਾ ਸੀ ਜਿਸਦੀ ਸਥਾਪਨਾ ਮਾਰਚ 1926 ਨੂੰ ਭਗਤ ਸਿੰਘ ਨੇ ਕੀਤੀ ਸੀ। ਇਸ ਦਾ ਮੁੱਖ ਮਕਸਦ ਕਿਸਾਨਾਂ, ਨੌਜਵਾਨਾਂ ਤੇ ਮਜਦੂਰਾਂ ਨੂੰ ਬ੍ਰਿਟਿਸ਼ ਰਾਜ ਖਿਲਾਫ਼ ਸੰਘਰਸ਼ ਵਿੱਚ ਸ਼ਾਮਿਲ ਕਰਨਾ ਸੀ। ਨੌਜਵਾਨ ਭਾਰਤ ਸਭਾ ਵਿੱਚ ਸਾਰੇ ਧਰਮਾਂ ਦੇ ਨੌਜਵਾਨ ਸ਼ਾਮਿਲ ਸੀ ਤੇ ਇਹ ਮੁੱਖ ਤੌਰ 'ਤੇ ਜਨਤਕ ਸਭਾਵਾਂ, ਮੁਲਾਕਾਤਾਂ ਤੇ ਵਿਰੋਧ ਪ੍ਰਦਰਸ਼ਨਾਂ ਰਾਹੀਂ ਲੋਕਾਂ ਨੂੰ ਬ੍ਰਿਟਿਸ਼ ਰਾਜ ਤੇ ਸਾਮਰਾਜਵਾਦ ਖਿਲਾਫ਼ ਜਾਗ੍ਰਿਤ ਕਰਦੇ ਸਨ। ਭਗਤ ਸਿੰਘ ਤੇ ਉਸ ਦੇ ਸਾਥੀਆਂ ਦੁਆਰਾ 1928 ਵਿੱਚ ਸਾਂਡਰਸ ਦੇ ਕਤਲ ਤੋਂ ਬਾਅਦ ਇਸ ਸੰਸਥਾ ਉੱਤੇ 1929 ਵਿੱਚ ਬ੍ਰਿਟਿਸ਼ ਸਰਕਾਰ ਦੁਆਰਾ ਪਾਬੰਦੀ ਲਗਾ ਦਿੱਤੀ ਗਈ। ਨੌਜਵਾਨ ਭਾਰਤ ਸਭਾ ਦੇ ਇੱਕ ਕਾਰਜਕਰਤਾ ਸੋਹਣ ਸਿੰਘ ਜੋਸ਼ ਨੂੰ ਮੇਰਠ ਲੁੱਟ ਦੇ ਮਾਮਲੇ ਵਿੱਚ ਨਵੰਬਰ 1933 ਤੱਕ ਜੇਲ੍ਹ ਵਿੱਚ ਰੱਖਿਆ ਗਿਆ। ਉਹ ਨੌਜਵਾਨ ਭਾਰਤ ਸਭਾ ਤੇ ਕਿਰਤੀ ਕਿਸਾਨ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਵਿਚੋਂ ਇੱਕ ਸੀ ਭਾਵੇਂ ਕਿ ਦੋਨੋਂ ਸੰਸਥਾਵਾਂ ਅਲੱਗ ਅਲੱਗ ਕੰਮ ਕਰਦੀਆਂ ਸੀ। ਕਿਰਤੀ ਕਿਸਾਨ ਪਾਰਟੀ, ਨੌਜਵਾਨ ਭਾਰਤ ਸਭਾ ਤੇ ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਵਿੱਚ ਸਮਾਜਵਾਦੀ ਲਹਿਰ ਨੂੰ ਦਿਸ਼ਾ ਦੇਣ ਵਾਲੀਆਂ ਪ੍ਰਮੁੱਖ ਸੰਸਥਾਵਾਂ ਸਨ। ਇਹਨਾਂ ਤਿੰਨੋਂ ਖੱਬੇ-ਪੱਖੀ ਸੰਸਥਾਵਾਂ ਤੇ ਸਤੰਬਰ 1934 ਵਿੱਚ ਅਪਰਾਧਿਕ ਕਾਨੂੰਨ ਸੁਧਾਰ ਐਕਟ (1908) ਦੀ ਧਾਰਾ ਤਹਿਤ ਬ੍ਰਿਟਿਸ਼ ਸਰਕਾਰ ਨੇ ਪਾਬੰਦੀ ਲਗਾ ਦਿੱਤੀ।