ਪੀਰ ਮੁਹੰਮਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੀਰ ਮੁਹੰਮਦ (ਅਗਿਆਤ, ਅਨੁਮਾਨਿਤ ਕਾਲ 19ਵੀਂ ਸਦੀ ਦਾ ਮਧ) ਕਵੀ ਪੀਰ ਮੁਹੰਮਦ ਪੰਜਾਬੀ ਸਾਹਿਤ ਦੇ ਇਤਹਾਸ ਵਿੱਚ ਸਾਹਿਤਕ ਦ੍ਰਿਸ਼ਟੀਕੋਣ ਤੋਂ ਅਹਿਮ ਚੱਠਿਆਂ ਦੀ ਵਾਰ[1] ਦਾ ਲੇਖਕ ਸੀ।

ਜੀਵਨ[ਸੋਧੋ]

ਉਹ ਕਿੱਥੋਂ ਦਾ ਤੇ ਕਿਸ ਸਮੇਂ ਹੋਇਆ ਇਸ ਬਾਰੇ ਜਾਣਕਾਰੀ ਉਸ ਦੀ ਰਚਨਾ 'ਚੱਠਿਆਂ ਦੀ ਵਾਰ' ਵਿੱਚੋਂ ਹੀ ਮਿਲਦੀ ਹੈ। ਉਸਦਾ ਨਾਮ ਵੀ ਸਾਨੂੰ ਉਸਦੀ ਬਾਰ ਵਿੱਚੋਂ ਪਤਾ ਲੱਗਦਾ ਹੈ। ਉਹ ਲਿਖਦਾ ਹੈ-

(ਉ) ਕਹਿ ਤੂੰ ਪੀਰ ਮੁਹੰਮਦਾ, ਇੱਕ ਗੱਲ ਗਿਆਨਾ।

(ਅ) ਕਹਿ ਤੂੰ ਪੀਰ ਮੁਹੰਮਦਾ, ਕੀ ਹਾਲ ਸਵਾਰਾਂ।[1]

ਇਸ ਤਰਾਂ ਉਸਨੇ ਆਪਣਾ ਨਾਂ ਦੋ ਤਿੰਨ ਵੇਰ ਵਾਰ ਵਿੱਚ ਲਿਖਿਆ। ਪਰ ਇਸ ਤੋਂ ਬਿਨਾਂ ਪੀਰ ਮੁਹੰਮਦ ਨੇ ਆਪਣੀ ਜ਼ਾਤ ਬਾਰੇ ਕੁਝ ਨਹੀਂ ਦੱਸਿਆ, ਨਾ ਹੀ ਉਸਨੇ ਆਪਣੇ ਪਿੰਡ ਬਾਰੇ ਆਪਣੇ ਮਾਂ-ਪਿਉ ਬਾਰੇ ਦੱਸਿਆ। ਪਰ ਉਸਦੀ ਰਚਨਾ ਤੋਂ ਇਹ ਅੰਦੇਸ਼ਾ ਜ਼ਰੂਰ ਹੋ ਜਾਂਦਾ ਹੈ ਕਿ ਉਹ ਗੁਜਰਾਤ ਦਾ ਰਹਿਣ ਵਾਲਾ ਸੀ। ਪ੍ਰੋਫੈਸਰ ਕਾਜ਼ੀ ਫ਼ਜ਼ਲ ਤੇ ਪ੍ਰਿੰਸੀਪਲ ਸੀਤਾ ਰਾਮ ਕੋਹਲੀ ਪੀਰ ਮੁਹੰਮਦ ਨੂੰ ਗੁਜਰਾਤ ਦਾ ਹੀ ਮੰਨਦੇ ਹਨ। ਪਰ ਡਾ. ਮੋਹਨ ਸਿੰਘ ਦੀਵਾਨਾ ਉਸਦੀ ਵਾਰ ਵਿਚਲੀ ਬੋਲੀ ਦੇ ਆਧਾਰ ਤੇ ਉਸਨੂੰ ਮੁਲਤਾਨ ਦਾ ਮੰਨਦੇ ਹਨ।[2] ਇਨ੍ਹਾ ਤੇ ਯਕੀਨ ਕਰਨਾ ਕੁਝ ਔਖਾ ਹੈ, ਕਿਉਂਕੀ ਇਹ ਆਪਣੀ ਗੱਲ ਦੇ ਸੱਚੀ ਹੋਣ ਦਾ ਕੋਈ ਸਬੂਤ ਨਹੀਂ ਦਿੰਦੇ। ਨਾ ਹੀ 'ਚੱਠਿਆਂ ਦੀ ਵਾਰ' ਤੋਂ ਇਹ ਪੱਕਾ ਧਾਰਿਆ ਜਾ ਸਕਦਾ ਹੈ ਕਿ ਇਸ ਵਿੱਚ ਆਇਆ ਪੀਰ ਮੁਹੰਮਦ ਹੀ ਇਸਦਾ ਰਚਇਤਾ ਹੈ। ਇਸ ਤੋਂ ਬਿਨਾ ਕਿੱਸਾਕਾਰ 'ਮੀਆਂ ਮੁਹੰਮਦ ਬਖ਼ਸ਼ ਜਿਹਲਮੀ ਆਪਣੇ ਕਿੱਸੇ ਸੈਫ਼ੁਲ ਮਲੂਕ (1863 ਈ.) ਦੇ ਅੰਤ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀਆਂ ਦਾ ਵਰਣਨ ਕਰਦਾ ਹੋਇਆ ਨਾਲ ਹੀ ਆਪਣੇ ਤੋਂ ਪਹਿਲਾਂ ਹੋਏ ਦੋ ਪੀਰ ਮੁਹੰਮਦਾਂ ਬਾਰੇ ਵੀ ਲਿਖਦਾ ਹੈ।

 "ਹੋਰ ਹੋਇਆ ਕੋਈ ਪੀਰ ਮੁਹੰਮਦ, ਉਸ ਵੀ ਜੰਗ ਬਣਾਏ।
 ਮੋਤੀ ਸਾਫ਼ ਜ਼ਮੁਰਦ ਸੁੱਚੇ, ਲੜੀਆਂ ਬੰਨ੍ਹਿ ਟਿਕਾਏ।"

 "ਦੂਜਾ ਪੀਰ ਮੁਹੰਮਦ ਚੱਠਾ, ਮੌਜੱਅ ਨੂਨਾ ਵਾਲੀ।
 ਚੱਠੇ ਦੀ ਇਸ ਵਾਰ ਬਣਾਈ, ਮਹਰੀਂ ਭਰੀ ਓਸ ਥਾਲੀ।"

ਇਸ ਤਰਾਂ ਇਹ ਪਤਾ ਲੱਗਦਾ ਹੈ ਕਿ ਪੀਰ ਮੁਹੰਮਦ ਨਾਂ ਦੇ ਦੋ ਕਵੀ ਹੋਏ ਸਨ। ਇੱਕ ਨੇ ਜੰਗਨਾਮੇ ਅਤੇ ਦੂਜੇ ਨੇ 'ਚੱਠਿਆਂ ਦੀ ਵਾਰ' ਲਿਖੀ। 'ਚੱਠਿਆਂ ਦੀ ਵਾਰ' ਦੇ ਰਚਇਤਾ ਬਾਰੇ ਮੁਹੰਮਦ ਬਖ਼ਸ਼ ਉਸਦੇ ਪਿੰਡ ਜ਼ਾਤ ਬਾਰੇ ਵੀ ਲਿਖਦਾ ਹੈ।[3]

ਰਚਨਾਵਾਂ[ਸੋਧੋ]

ਉਸ ਦੀ ਇੱਕੋ ਰਚਨਾ ਚੱਠਿਆਂ ਦੀ ਵਾਰ ਮਿਲਦੀ ਹੈ। ਇਸ ਤੋਂ ਇਲਾਵਾ ਉਸ ਦੀ ਕੋਈ ਹੋਰ ਰਚਨਾ ਨਹੀਂ ਮਿਲਦੀ। ਇਹ ਵਾਰ ਵੀ ਅਧੂਰੇ ਰੂਪ ਵਿੱਚ ਪ੍ਰਾਪਤ ਹੋਈ ਹੈ। ਜਿਸਦੀਆਂ ਪਹਿਲੀਆਂ 91 ਪਉੜੀਆਂ ਹੀ ਮਿਲੀਆਂ ਹਨ।[4] ਇਹ ਵਾਰ ਅਧੂਰੀ ਹੈ ਇਸਦਾ ਅਨੁਮਾਨ ਇਸੇ ਗੱਲ ਤੋਂ ਲਗਾਇਆ ਜਾਂਦਾ ਹੈ, ਕਿਉਂਕੀ ਵਾਰ ਦੀ ਅਖਿਰਲੀ ਪ੍ਰਾਪਤ ਪਾਉੜੀ ਦੋ ਸਤਰਾਂ ਦੇ ਬਿਆਨ ਉੱਪਰ ਬਿਨਾ ਕਿਸੇ ਅੰਤ ਕੱਢੇ ਸਮਾਪਤ ਹੋ ਜਾਂਦੀ ਹੈ। ਇਹ ਵਾਰ 1849 ਵਿੱਚ ਲਿਖੀ ਗਈ ਹੋਣ ਦਾ ਅਨੁਮਾਨ ਹੈ।[5]

ਚੱਠਿਆਂ ਦੀ ਵਾਰ[ਸੋਧੋ]

ਇਸ ਵਾਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦੀ ਜੰਗ ਜੋ ਕਿ ਮੰਚਰ ਦੇ ਕਿਲੇ ਵਿੱਚ ਬਾਗੀ ਹੋਏ ਬੈਠੇ ਗੁਲਾਮ ਮੁਹਮੰਦ ਵਿਰੁੱਧ ਹੈ ਦਾ ਵਰਣਨ ਹੈ।[6] ਇਸਦੇ ਨਾਲ ਸੈਦਨਗਰ ਦੀ ਜੰਗ ਬਾਰੇ ਵੀ ਮਿਲਦਾ ਹੈ। ਕਵੀ ਨੂੰ ਕਵਿਤਾ ਦੇ ਅਸੂਲਾਂ ਤੇ ਇਸਲਾਮਿਕ ਇਤਿਹਾਸਕ ਮਿਥਿਹਾਸਕ ਹਵਾਲਿਆਂ ਦੀ ਜਾਣਕਾਰੀ ਸੀ।[7] ਅਖਾਣਾਂ ਤੇ ਅਟਲ ਸਚਾਈਆਂ ਪੇਸ਼ ਹੋਈਆਂ ਹਨ। ਇੱਕ ਪਾਸੇ ਉਸ ਉੱਤੇ ਭਾਈ ਗੁਰਦਾਸ ਦਾ ਪ੍ਰਭਾਵ ਹੈ ਤੇ ਦੂਜੇ ਪਾਸੇ ਨਜਾਬਤ ਦਾ ਅਸਰ ਜਿਸ ਕਰਕੇ ਉਸਦੀ ਬਿਆਨ ਸ਼ਕਤੀ ਤਕੜੀ ਹੈ। ਸ਼ਬਦ ਚੋਣ ਰਾਹੀਂ ਸ਼ਬਦ-ਚਿੱਤਰ ਉਘੜਕੇ ਸਾਹਮਣੇ ਆਉਂਦੇ ਹਨ। ਵਾਰਿਸ ਸ਼ਾਹ ਵਾਂਗ ਹਰ ਬੰਦ ਵਿੱਚ ਕੋਈ ਨਾ ਕੋਈ ਅਟਲ ਸੱਚਾਈ ਪੇਸ਼ ਹੈ-[8]

ਹੀਲਾ ਕਰੀਏ ਤਦ ਜਾਨ, ਪਰ ਜਾਏ ਕੀਤਾ।
 ਮਤ ਪਾੜ ਅਵੱਲਾ ਪਾੜੀਏ, ਨਾ ਜਾਏ ਸੀਤਾ।

 ਜੇ ਵੈਰੀ ਸਿਰ ਪਰ ਉਭਰੇ, ਤਾਂ ਜਾਨ ਬਚਾਈਏ।
 ਘਰ ਮੌਤੇ ਦੇ ਚਲ ਕੇ, ਨਾ ਆਪੇ ਜਾਈਏ।
 ਜੀਵਨ ਥੋੜਾ ਢੂੰਢੀਏ, ਜਾ ਮੌਹਰਾ ਚਾ ਖਾਈਏ।

ਕੁੱਝ ਚੱਠਿਆਂ ਬਾਰੇ[ਸੋਧੋ]

ਚੱਠੇ ਮੁਸਲਮਾਨਾ ਦੇ ਇੱਕ ਕਬੀਲੇ ਵਿਚੋਂ ਸਨ। ਜੋ ਵਿਸ਼ੇਸ਼ ਕਰਕੇ ਗੁੱਜਰਾਂਵਾਲਾ ਜ਼ਿਲੇ ਦੇ ਹਾਫ਼ਿਜ਼ਾਬਾਦ ਅਤੇ ਵਜ਼ੀਰਾਵਾਦ ਵਿੱਚ ਵੱਸਦੇ ਹਨ। ਇਨ੍ਹਾਂ ਦਾ ਪਿਛੋਕੜ ਦਿੱਲੀ ਨਾਲ ਜੋੜਿਆ ਜਾਂਦਾ ਹੈ ਤੇ ਬਾਅਦ ਵਿੱਚ ਇਹ ਪੰਜਾਬ ਆ ਗਏ। ਇਸ ਕਬੀਲੇ ਦੀ ਦੋਸਤੀ ਮੁਲਤਾਨ ਤੇ ਜੰਮੂ ਦੇ ਸਰਦਾਰਾਂ ਨਾਲ ਸੀ ਜਿਸ ਕਰਕੇ 1704 ਵੇਲੇ ਨੂਰ ਮੁਹੰਮਦ ਇੱਕ ਸ਼ਕਤੀਸ਼ਾਲੀ ਮੁੱਖੀਆ ਹੋਇਆ। ਉਸ ਤੋਂ ਬਾਅਦ ਉਸਦੇ ਛੋਟੇ ਪੁੱਤਰ ਅਹਿਮਦ ਖਾਂ ਨੇ ਅਗਵਾਈ ਕੀਤੀ। ਗੁਜਰਾਂਵਾਲੇ ਦੇ ਸ਼ੁਕਰਚੱਕੀਏ ਸਰਦਾਰ ਚੜ੍ਹਤ ਸਿੰਘ ਇਨ੍ਹਾਂ ਦੇ ਵਿਰੋਧੀ ਸਨ। ਅੱਗੇ ਜਾ ਕੇ ਇਨ੍ਹਾਂ ਦੀਆਂ ਸੰਤਾਨਾ ਵੀ ਲੜਦੀਆਂ ਰਹੀਆਂ। ਸ਼ੁਕਰਚੱਕੀਆ ਮਹਾਂ ਸਿੰਘ ਤੇ ਚੱਠਾ ਸਰਦਾਰ ਗ਼ੁਲਾਮ ਮੁਹੰਮਦ ਵਿੱਚ ਕਾਫੀ ਯੁੱਧ ਹੋਏ। ਪਹਿਲਾਂ ਮਹਾਂ ਸਿੰਘ ਹਾਰਦਾ ਰਿਹਾ। 1790 ਤੱਕ ਮਹਾਂ ਸਿੰਘ ਸ਼ਕਤੂਸ਼ਾਲੀ ਹੋ ਗਿਆ ਤੇ ਮੰਚਰ ਵਿਖੇ ਚੱਠਾ ਸਰਦਾਰ ਗ਼ੁਲਾਮ ਮੁਹੰਮਦ ਨੂੰ ਘੇਰਾ ਪਾ ਲਿਆ ਜਿਸ ਵਿੱਚ ਮਹਾਂ ਸਿੰਘ ਦੀ ਜਿੱਤ ਹੋਈ। ਇਸੇ ਲੜਾਈ ਦਾ ਵਰਨਣ ਵਾਰ ਵਿੱਚ ਹੋਇਆ ਹੈ। ਇਸ ਤੋਂ ਬਾਦ ਗ਼ੁਲਾਮ ਮੁਹੰਮਦ ਦੇ ਪੁੱਤਰ ਜਾਨ ਮੁਹੰਮਦ ਦੀ ਲੜਾਈ ਮਹਾਰਾਜਾ ਰਣਜੀਤ ਸਿੰਘ ਨਾਲ ਹੋਈ ਤੇ ਹਾਰਨ ਤੋਂ ਬਾਦ ਚੱਠਿਆਂ ਦੀ ਚੜ੍ਹਤ ਖਤਮ ਹੋ ਗਈ।[9]

ਹਵਾਲੇ[ਸੋਧੋ]

  1. ਜ਼ਮੀਰਪਾਲ ਕੌਰ, ਪੀਰ ਮੁਹੰਮਦ: ਜੀਵਨ ਤੇ ਰਚਨਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  2. ਚੱਠਿਆਂ ਦੀ ਵਾਰ, ਭਾਸ਼ਾ ਵਿਭਾਗ ਪੰਜਾਬ,1968
  3. ਬਿਕਰਮ ਸਿੰਘ ਘੁੰਮਣ, ਪੀਰ ਮੁਹੰਮਦ ਚੱਠਿਆਂ ਦੀ ਵਾਰ, ਪੰਜਾਬੀ ਰਾਈਟਰਜ਼ ਸੋਸਾਇਟੀ ਲਿਮਟਿਡ, ਲੁਧਿਆਣਾ
  4. ਜੀ. ਐਨ. ਸ਼ਰਮਾ, ਚੱਠਿਆਂ ਦੀ ਵਾਰ(ਪੀਰ ਮੁਹੰਮਦ), ਨਿਊ ਬੁੱਕ ਕੰਪਨੀ, ਮਾਈ ਹੀਰਾਂ ਗੇਟ,ਜਲੰਧਰ
  5. Martyr as Bridegroom: A Folk Representation of Bhagat Singh isbn=1843313480 Ishwar Dayal Gaur - 2008
  6. ਪ੍ਰੋ. ਕਿਰਪਾਲ ਸਿੰਘ ਕਸੇਲ,ਡਾ. ਪਰਮਿੰਦਰ ਸਿੰਘ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਲਾਹੌਰ ਬੁੱਕ ਸ਼ਾਪ,ਲੁਧਿਆਣਾ
  7. ਲੇਖ ਵਾਰਾਂ ਤੇ ਜੰਗਨਾਮੇ ਗੰਡਾ ਸਿੰਘ
  8. ਡਾ. ਜੀਤ ਸਿੰਘ ਸੀਤਲ ਤੇ ਮੇਵਾ ਸਿੰਘ ਸਿੱਧੂ(ਰੀਡਰ), ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ(ਆਦਿ ਕਾਲ ਤੋਂ 1990 ਤੱਕ), ਪੈਪਸੂ ਬੁੱਕ ਡਿਪੂ ਪਟਿਆਲਾ
  9. ਸੰਪਾ. ਜਸਵੰਤ ਬੇਗੋਵਾਲ, ਪੀਰ ਮੁਹੰਮਦ ਰਚਿਤ ਚੱਠਿਆਂ ਦੀ ਵਾਰ ਦਾ ਵਿਸ਼ਲੇਸ਼ਣ