ਪੈਲਟਨ ਚੱਕਰ ਟਰਬਾਈਨ




ਪੈਲਟਨ ਚੱਕਰ ਟਰਬਾਈਨ ਇੱਕ ਇੰਪਲਸ ਤਰ੍ਹਾਂ ਦੀ ਪਣ ਟਰਬਾਈਨ ਹੈ। ਇਸਨੂੰ ਲੈਸਟਰ ਐਲਨ ਪੈਲਟਨ ਨੇ 1870 ਵਿੱਚ ਤਿਆਰ ਕੀਤਾ ਸੀ।[1][2] ਪੈਲਟਨ ਟਰਬਾਈਨ ਕਿਸੇ ਆਮ ਪਣ-ਚੱਕੀ ਦੇ ਵਾਂਗ ਵਹਿੰਦੇ ਪਾਣੀ ਦੇ ਧੱਕੇ ਤੋਂ ਊਰਜਾ ਲੈਂਦੀ ਹੈ। ਪੈਲਟਨ ਦੇ ਡਿਜ਼ਾਈਨ ਤੋਂ ਪਹਿਲਾਂ ਵੀ ਕਈ ਇੰਪਲਸ ਪਣ ਟਰਬਾਈਨਾਂ ਬਣਾਈਆਂ ਜਾ ਚੁੱਕੀਆਂ ਸਨ ਪਰ ਉਹਨਾਂ ਦੀ ਸਮਰੱਥਾ ਇਸ ਤੋਂ ਬਹੁਤ ਘੱਟ ਸੀ। ਉਹਨਾਂ ਟਰਬਾਈਨਾਂ ਤੋਂ ਬਾਹਰ ਨਿਕਲ ਰਹੇ ਪਾਣੀ ਦੀ ਗਤੀ ਅਜੇ ਵੀ ਕਾਫ਼ੀ ਜ਼ਿਆਦਾ ਰਹਿੰਦੀ ਸੀ ਜਿਸ ਨਾਲ ਪਾਣੀ ਦੀ ਬਹੁਤ ਸਾਰੀ ਗਤਿਜ ਊਰਜਾ ਦਾ ਨੁਕਸਾਨ ਹੁੰਦਾ ਸੀ। ਪੈਲਟਨ ਦੇ ਪੈਡਲ ਦੀ ਜਿਆਮਿਤੀ ਇਸ ਤਰ੍ਹਾਂ ਤਿਆਰ ਕੀਤੀ ਗਈ ਸੀ ਕਿ ਜਦੋਂ ਇਸਦਾ ਧੁਰਾ ਵਹਿੰਦੇ ਪਾਣੀ ਦੀ ਅੱਧੀ ਗਤੀ ਤੇ ਘੁੰਮਦਾ ਸੀ ਤਾਂ ਪਾਣੀ ਬਹੁਤ ਹੀ ਹੌਲੀ ਗਤੀ ਨਾਲ ਬਾਹਰ ਨਿਕਲਦਾ ਸੀ। ਇਸ ਤਰ੍ਹਾਂ ਇਸ ਡਿਜ਼ਾਈਨ ਨਾਲ ਪਾਣੀ ਦੀ ਲਗਭਗ ਸਾਰੀ ਇੰਪਲਸ ਊਰਜਾ ਯੰਤਰਿਕ ਊਰਜਾ ਵਿੱਚ ਤਬਦੀਲ ਹੋ ਜਾਂਦੀ ਸੀ ਜਿਹੜਾ ਕਿ ਇਸਨੂੰ ਬਹੁਤ ਜ਼ਿਆਦਾ ਸਮਰੱਥਾ ਵਾਲੀ ਟਰਬਾਈਨ ਬਣਾਉਂਦਾ ਸੀ।
ਵਰਤੋਂ
[ਸੋਧੋ]ਪੈਲਟਨ ਟਰਬਾਈਨਾਂ ਉਹਨਾਂ ਪਣ ਬਿਜਲੀ ਪਲਾਂਟਾਂ ਵਿੱਚ ਸਭ ਤੋਂ ਢੁੱਕਵੀਂ ਹੁੰਦੀ ਹੈ ਜਦੋਂ ਕਿ ਪਾਣੀ ਦੀ ਉਚਾਈ ਬਹੁਤ ਉੱਚੀ ਹੋਵੇ ਅਤੇ ਵਹਾਅ ਘੱਟ ਹੋਵੇ। ਪੈਲਟਨ ਚੱਕਰਾਂ ਨੂੰ ਬਹੁਤ ਸਾਰੇ ਆਕਾਰਾਂ ਵਿੱਚ ਬਣਾਇਆ ਜਾਂਦਾ ਹੈ। ਪਾਣੀ ਦੇ ਵਹਾਅ ਅਤੇ ਡਿਜ਼ਾਈਨ ਦੇ ਮੱਦੇਨਜ਼ਰ, ਪੈਲਟਨ ਚੱਕਰ 15-1800 ਮੀਟਰ (50 ਤੋਂ 5910 ਫੁੱਟ) ਤੱਕ ਦੀਆਂ ਪਾਣੀ ਦੀਆਂ ਚੋਟੀਆਂ ਲਈ ਵਰਤਿਆ ਜਾਂਦਾ ਹੈ ਹਾਲਾਂਕਿ ਇਸਦੀ ਕੋਈ ਲਿਖਤੀ ਸੀਮਾ ਨਹੀਂ ਹੈ।