ਸਮੱਗਰੀ 'ਤੇ ਜਾਓ

ਪੰਜਾਬੀ ਲੋਕਧਾਰਾ ਦੀ ਖੋਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਾਡਾ ਵਿਸ਼ਾ ਲੋਕਧਾਰਾ ਦੀ ਖੋਜ ਦੇ ਇਤਿਹਾਸ ਨਾਲ ਸਬੰਧਿਤ ਹੈ ਪਰ ਉਸ ਤੋਂ ਪਹਿਲਾਂ ਅਸੀਂ ਸੰਖੇਪ ਰੂਪ ਵਿੱਚ ਇਹ ਸਮਝਣ ਦਾ ਯਤਨ ਕਰਾਂਗੇ ਕਿ 'ਲੋਕਧਾਰਾ' ਅਤੇ 'ਖੋਜ' ਕੀ ਹੈ।

ਲੋਕਧਾਰਾ

[ਸੋਧੋ]

"ਲੋਕਧਾਰਾ ਲੋਕ ਸਮੂਹ ਦੀ ਉਹ ਪਰੰਪਰਕ ਅਤੇ ਵਰਤਮਾਨ ਸਾਂਝੀ ਸਮੱਗਰੀ ਹੈ ਜਿਹੜੀ ਮੌਖਿਕ, ਲਿਖਿਤ, ਵਿਹਾਰ ਅਤੇ ਕਾਰੋਬਾਰ ਰਾਹੀਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਦੀ ਹੈ। ਜਿਸ ਵਿੱਚ ਲੋਕ ਸਮੂਹ ਦੀਆਂ ਭਾਵਨਾਵਾਂ, ਲੋੜਾਂ, ਕਾਰਨਾਮੇ, ਦੁੱਖ, ਪੀੜਾਂ, ਖ਼ੁਸ਼ੀਆਂ- ਗ਼ਮੀਆਂ, ਹਾਸੇ-ਨਾਚ, ਵਹਿਮ-ਭਰਮ,ਵਿਸ਼ਵਾਸ ਅਤੇ ਵਰਤੋਂ ਦੇ ਸੰਦ ਆਦਿ ਸ਼ਾਮਲ ਹੁੰਦੇ ਹਨ, ਜਿਸ ਵਿੱਚੋਂ ਕੋਈ ਸਮਾਜਿਕ ਜੀਵ ਆਪਣੇ ਸੱਭਿਆਚਾਰ ਦੀਆਂ ਮਨੌਤਾਂ ਤੇ ਵਰਜਨਾਵਾਂ ਸਿੱਖਦਾ ਹੋਇਆ ਆਪਣੇ ਸੱਭਿਆਚਾਰਕ ਸਮੂਹ ਨਾਲ ਇੱਕ ਸੁਰਤਾ ਬਿਠਾਉਂਦਾ ਹੈ ਜਿਸ ਵਿੱਚ ਉਹ ਜੀਵਨ ਜਾਚ ਸਿੱਖਦਾ, ਮਨੋਰੰਜਨ ਅਤੇ ਆਪਣੇ ਭਾਵਾਂ ਦਾ ਵਿਰੇਚਨ ਵੀ ਕਰਦਾ ਹੈ।[1]

ਖੋਜ

[ਸੋਧੋ]

ਅੰਗਰੇਜ਼ੀ ਪਦ "ਰਿਸਰਚ" ਜਿਸ ਲਈ ਪੰਜਾਬੀ ਵਿੱਚ ਸ਼ਬਦ 'ਖੋਜ' ਪ੍ਰਚੱਲਤ ਹੈ, ਸਰਚ (Search)ਤੋਂ ਪਹਿਲਾਂ /ਰੀ/ (re) ਉਪਸਰਗ ਲਗਾ ਕੇ ਬਣਿਆ ਹੈ। "ਸਰਚ" ਪ੍ਰਾਚੀਨ ਫਰਾਂਸੀਸੀ ਭਾਸ਼ਾ ਦੇ ਧਾਤੂ cerchier ਤੋਂ ਲਿਆ ਗਿਆ ਹੈ ਤੇ ਇਸ ਦਾ ਅਰਥ ਹੈ 'ਖੋਜ', 'ਭਾਲ', 'ਢੁੰਡ' ਜਾਂ 'ਤਲਾਸ਼' ਅਤੇ /ਰੀ/ ਅਰਥ ਹੈ 'ਮੁੜ', 'ਫਿਰ' ਜਾਂ 'ਦੁਬਾਰਾ'।[2]

ਵਿਹਾਰ ਵਿੱਚ ਖੋਜ ਉਹ ਕਿਰਿਆ ਹੈ ਜਿਸ ਵਿੱਚ ਖੋਜਕਾਰ ਵੱਖ ਵੱਖ ਸਰੋਤਾਂ ਤੋਂ ਭਿੰਨ ਭਿੰਨ ਢੰਗਾਂ ਨਾਲ ਤੱਥ ਇਕੱਤਰ ਕਰਦਾ ਹੈ ਤੇ ਫਿਰ ਉਹਨਾਂ ਦੀ ਘੋਖਵੀਂ ਪੁਣਛਾਣ ਦੁਆਰਾ ਉਹਨਾਂ ਅੰਦਰ ਨਿਹਿਤ ਸੱਚ ਨੂੰ ਪ੍ਰਗਟ ਕਰਦਾ ਹੈ। ਇਹ ਕਿਰਿਆ ਅੱਜ ਏਨੀ ਮਹੱਤਵਪੂਰਨ ਹੋ ਚੁੱਕੀ ਹੈ ਕਿ ਇਸ ਨੂੰ ਸੁਤੰਤਰ ਅਨੁਸ਼ਾਸਨ ਮੰਨੇ ਬਿਨਾਂ ਚਾਰਾ ਨਹੀਂ।[3]

ਖੋਜ ਦਾ ਇੱਕੋ ਇੱਕ ਮਨੋਰਥ ਮਨੁੱਖੀ ਗਿਆਨ ਵਿੱਚ ਵਾਧਾ ਕਰਨਾ ਹੈ। ਇਹ ਵਾਧਾ 'ਅਗਿਆਤ' ਅਤੇ 'ਘੱਟ-ਗਿਆਤ' ਬਾਰੇ ਵਧੇਰੇ ਅਤੇ ਹੋਰ ਵਧੇਰੇ ਜਾਣਕਾਰੀ ਜੁਟਾਉਣ ਅਤੇ ਗਿਆਨ ਖੇਤਰ ਵਿੱਚ ਉੱਠੇ ਸ਼ੰਕਿਆਂ ਨੂੰ ਦੂਰ ਕਰਨ ਨਾਲ ਹੁੰਦਾ ਹੈ ਇਹ ਨਿਰੀ ਜਾਣਕਾਰੀ ਨਿਰਾ ਗਿਆਨ ਵੀ ਕਾਫੀ ਨਹੀਂ ਹੁੰਦਾ, ਲੋੜ ਉਸ ਦੇ ਸਾਡੀ ਚੇਤਨਾ ਦਾ ਅੰਗ ਬਣ ਕੇ ਮਾਨਵ ਜੀਵਨ ਨੂੰ ਸੁਨਹਿਰਾ ਅਤੇ ਸੁਖੇਰਾ ਬਣਾਉਣ ਵਿੱਚ ਸਹਾਈ ਹੋਣ ਦੀ ਹੁੰਦੀ ਹੈ।

ਪੰਜਾਬੀ ਲੋਕਧਾਰਾ ਦੀ ਖੋਜ

[ਸੋਧੋ]

ਹੁਣ ਤੱਕ ਪੰਜਾਬੀ ਵਿੱਚ ਹੋਈ ਖੋਜ ਸਬੰਧੀ ਇਹ ਤੱਥ ਸਪਸ਼ਟ ਰੂਪ ਵਿੱਚ ਸਾਹਮਣੇ ਆ ਚੁੱਕਿਆ ਹੈ ਕਿ ਪੰਜਾਬੀ ਸਾਹਿਤਕ ਖੋਜ ਦੀ ਚੇਤਨਾ ਅੰਗਰੇਜ਼ੀ ਵਿੱਦਿਆ ਦੇ ਪ੍ਰਚਾਰ ਪ੍ਰਸਾਰ ਅਤੇ ਅੰਗਰੇਜ਼ਾਂ ਨਾਲ ਸੰਪਰਕ ਵਿੱਚੋਂ ਪੈਦਾ ਹੋਈ ਪਰ ਇਹ ਵੀ ਇੱਕ ਦਿਲਚਸਪ ਤੱਥ ਹੈ ਕਿ ਪੰਜਾਬੀ ਭਾਸ਼ਾ ਅਤੇ ਪੰਜਾਬੀ ਲੋਕਧਾਰਾ ਦੀ ਖੋਜ ਵੀ ਇਸੇ ਚੇਤਨਾ ਅਥਵਾ ਪ੍ਰੇਰਨਾ ਵਿੱਚੋਂ ਹੀ ਜਨਮੀ। ਜੇਕਰ ਸਾਹਿਤਕ ਖੋਜ ਵਿੱਚ ਮੈਕਾਲਫ ਦਾ ਯੋਗਦਾਨ ਇੱਕ ਪ੍ਰੇਰਕ ਅਤੇ ਮੋਢੀ ਦਾ ਹੈ ਤਾਂ ਭਾਸ਼ਾ ਦੀ ਖੋਜ ਵਿੱਚ ਜਾਰਜ ਗਰੀਅਰਸਨ ਸਨ ਅਤੇ ਲੋਕਧਾਰਾ ਦੀ ਖੋਜ ਵਿੱਚ ਸਰ ਰਿਚਰਡ ਟੈਂਪਲ ਦੇ ਨਾਂ ਵੀ ਉਨੇ ਹੀ ਮੋਅਤਬਿਰ ਹਨ।04[4]

ਪੰਜਾਬੀ ਲੋਕਧਾਰਾ ਬਾਰੇ ਖੋਜ ਦਾ ਕੰਮ ਉੱਨੀਵੀਂ ਸਦੀ ਦੇ ਦੂਜੇ ਅੱਧ ਵਿੱਚ ਅੰਗਰੇਜ਼ ਵਿਦਵਾਨਾਂ ਨੇ ਸ਼ੁਰੂ ਕੀਤਾ। ਪੰਜਾਬ ਉੱਤੇ ਕਬਜ਼ਾ ਕਰਨ ਮਗਰੋਂ ਪੰਜਾਬੀਆਂ ਦੀ ਮਾਨਸਿਕਤਾ ਨੂੰ ਸਮਝਣ ਲਈ ਸਭ ਤੋਂ ਵੱਧ ਵਿਗਿਆਨਕ, ਸੌਖਾ ਅਤੇ ਸਰਲ ਤਰੀਕਾ ਇੱਥੋਂ ਦੀ ਲੋਕਧਾਰਾ ਨੂੰ ਸਮਝਣ ਤੋਂ ਬਿਨਾਂ ਹੋਰ ਕੀ ਹੋ ਸਕਦਾ ਸੀ? ਸੋ ਬਹੁਤ ਸਾਰੇ ਅੰਗਰੇਜ਼ ਅਫ਼ਸਰਾਂ, ਉਹਨਾਂ ਦੀਆਂ ਪਤਨੀਆਂ, ਧੀਆਂ-ਭੈਣਾਂ, ਈਸਾਈ ਮਿਸ਼ਨਰੀਆਂ, ਸਥਾਨਕ ਅਫ਼ਸਰਾਂ ਅਤੇ ਛੋਟੇ ਦੇਸੀ ਕਰਮਚਾਰੀਆਂ ਨੇ ਰਲ ਕੇ ਪੰਜਾਬ ਦੇ ਲੋਕ-ਗੀਤ, ਲੋਕ-ਕਹਾਣੀਆਂ, ਅਖਾਣ-ਮੁਹਾਵਰੇ, ਲੋਕ-ਕਥਾਵਾਂ,ਲੋਕ ਵਾਰਾਂ ਅਤੇ ਹੋਰ ਲੋਕ ਧਾਰਾਈ ਸਮੱਗਰੀ ਨੂੰ ਇਕੱਠਿਆਂ ਕਰਕੇ ਛਾਪਿਆ ਅਜਿਹੇ ਅੰਗਰੇਜ਼ ਵਿਦਵਾਨਾਂ ਵਿੱਚ ਸਰ ਰਿਚਰਡ ਟੈਂਪਲ, ਐੱਚ ਰੋਜ਼, ਇਬਟਸਨ, ਫਲੋਰਾ ਸਟੀਲ, ਚਾਰਲਸ ਸਵਿਨਰਟਨ ਅਤੇ ਓਜ਼ਬਰਨ ਆਦਿ ਦੇ ਨਾਂ ਖ਼ਾਸ ਤੌਰ 'ਤੇ ਉਲੇਖਯੋਗ ਹਨ। ਬੇਸ਼ੱਕ ਇਨ੍ਹਾਂ ਦੁਆਰਾ ਕੀਤਾ ਗਿਆ ਕਾਫੀ ਕੰਮ ਛਾਪਿਆ ਹੋਇਆ ਵੀ ਮਿਲਦਾ ਹੈ ਪਰ 'ਸਮੂਲ ਗਿੱਲ' ਦੀ ਸੂਚਨਾ ਅਨੁਸਾਰ ਅਜੇ ਵੀ ਕਾਫੀ ਕੁਝ ਅਣਛਪਿਆ ਹੈ। ਪੰਜਾਬੀ ਲੋਕਧਾਰਾ ਦੀ ਖੋਜ ਅਤੇ ਵਿਸ਼ਲੇਸ਼ਣ ਨੂੰ ਦਿੱਤੀ ਦੇਣ ਨੂੰ ਚਿਤਰਦਾ ਹੋਇਆ ਸੈਮੂਅਲ ਗਿੱਲ ਲਿਖਦਾ ਹੈ,"ਅੰਗਰੇਜ਼ਾਂ ਦੀ ਪੰਜਾਬੀ ਲੋਕਧਾਰਾ ਦੇ ਸੰਗ੍ਰਹਿ ਸੰਪਾਦਨ ਅਤੇ ਮੁਲਾਂਕਣ ਵਿੱਚ ਯੋਗਦਾਨ ਨੂੰ ਅੱਖੋਂ ਪਰੋਖੇ ਕਰਕੇ ਨਾ ਤਾਂ ਅਸੀਂ ਕਿਸੇ ਨਤੀਜੇ ਉੱਤੇ ਪਹੁੰਚ ਸਕਦੇ ਹਾਂ ਅਤੇ ਨਾ ਹੀ ਪੰਜਾਬੀ ਲੋਕਧਾਰਾ ਦਾ ਇਤਿਹਾਸ ਹੀ ਮੁਕੰਮਲ ਹੋ ਸਕਦਾ ਹੈ। ਅੱਜ ਦਾ ਖੋਜਾਰਥੀ ਜਿੱਥੇ ਪੰਜਾਬੀ ਲੋਕਧਾਰਾ ਅਤੇ ਅਧਿਐਨ ਲਈ ਨਵੀਆਂ ਤਕਨੀਕਾਂ ਅਪਣਾ ਰਿਹਾ ਹੈ, ਉੱਥੇ ਅੰਗਰੇਜ਼ਾਂ ਦੇ ਪਾਏ ਪੂਰਨੇ ਵੀ ਉਸ ਦੇ ਕੰਮ ਵਿੱਚ ਸਹਾਇਕ ਸਿੱਧ ਹੋ ਰਹੇ ਹਨ। ਪੰਜਾਬੀ ਲੋਕਧਾਰਾ ਪ੍ਰਤੀ ਉਹਨਾਂ ਦਾ ਨਜ਼ਰੀਆ ਕਿਸੇ ਕਿਸਮ ਦਾ ਵੀ ਰਿਹਾ ਹੋਵੇ ਅਸੀਂ ਉਹਨਾਂ ਦੀ ਇਸ ਵਡਮੁੱਲੀ ਦੇਣ ਤੋਂ ਇਨਕਾਰ ਨਹੀਂ ਕਰ ਸਕਦੇ।"[5]

ਪੰਜਾਬੀ ਲੋਕਧਾਰਾ ਦੀ ਖੋਜ ਦੀਆਂ ਪੈੜਾਂ ਉੱਨੀਵੀਂ ਸਦੀ ਵਿੱਚ ਸ਼ੁਰੂ ਹੋਏ ਗੁਰਬਾਣੀ ਬਾਰੇ ਖੋਜ ਕਾਰਜ ਚੋਂ ਲੱਭਦੀਆਂ ਹਨ। ਗੁਰਬਾਣੀ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਲੋਕਧਾਰਾਈ ਸਮੱਗਰੀ ਪਈ ਹੈ ਲੋਕਧਾਰਾ ਦੀ ਇੱਕ ਵੰਨਗੀ ਪੁਰਾਤਨ ਲੋਕ ਵਾਰਾਂ ਵੀ ਹਨ। ਪੰਡਤ ਤਾਰਾ ਸਿੰਘ ਨਰੋਤਮ ਨੇ ਗੁਰਬਾਣੀ ਖੋਜ ਬਾਰੇ ਜਦ ਆਪਣੀ ਪੁਸਤਕ ਗੁਰਮਤਿ ਨਿਰਣਯ ਸਾਗਰ (1877 ਈ.) ਲਿਖੀ ਤਾਂ ਉਸ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਈ ਵਾਰਾਂ ਬਾਰੇ ਵੀ ਚਰਚਾ ਕਰਨੀ ਯੋਗ ਸਮਝੀ ਜਿਹਨਾਂ ਵਿੱਚੋਂ ਨੌਂ ਵਾਰਾਂ ਨੂੰ ਪੁਰਾਤਨ ਲੋਕ ਵਾਰਾਂ ਦੀਆਂ ਧੁਨੀਆਂ ਉੱਪਰ ਗਾਉਣ ਦਾ ਨਿਰਦੇਸ਼ ਦਿੱਤੇ ਗਏ ਹਨ।

ਕਰਮ ਸਿੰਘ ਹਿਸਟੋਰੀਅਨ* 1905 ਈ. ਵਿੱਚ ਜਦ ਸਿੱਖ ਇਤਿਹਾਸ ਨਾਲ ਸਬੰਧਿਤ ਸਮੱਗਰੀ ਇਕੱਤਰ ਕਰਨ ਲਈ ਨਿਕਲਿਆ ਤਾਂ ਉਸ ਦੀ ਨਜ਼ਰ ਲੋਕ ਵਾਰਾਂ ਉੱਤੇ ਵੀ ਪਈ ਕਿਉਂਕਿ ਲੋਕ ਵਾਰਾਂ ਬੁਨਿਆਦੀ ਤੌਰ 'ਤੇ ਇਤਿਹਾਸਕ ਘਟਨਾਵਾਂ ਬਾਰੇ ਹੀ ਰਚੀਆਂ ਜਾਂਦੀਆਂ ਸਨ।

ਇਸ ਤੋਂ ਬਾਅਦ *ਸੰਤ ਰਾਮ* ਦੀ ਪੁਸਤਕ ਪੰਜਾਬੀ ਗੀਤ 1927 ਵਿੱਚ ਛਪੀ ਜਿਸ ਦੀ ਲਿਪੀ ਦੇਵਨਾਗਰੀ ਸੀ। 1931 ਵਿੱਚ ਪੰਡਤ ਰਾਮ ਸਰਨ ਦਾਸ ਦੀ ਫਾਰਸੀ ਲਿਪੀ ਵਿੱਚ ਪ੍ਰਕਾਸ਼ਿਤ ਪੁਸਤਕ ਪੰਜਾਬ ਦੇ ਗੀਤ ਸਾਹਮਣੇ ਆਈ।

ਪੰਜਾਬੀ ਲੋਕਧਾਰਾ ਦੇ ਵਿਧੀ ਅਤੇ ਇਕੱਤਰੀਕਰਨ ਅਤੇ ਇਸ ਦੇ ਮੁੱਢਲੇ ਕਿਸਮ ਦੇ ਅਧਿਐਨ ਦਾ ਅਸਲ ਆਰੰਭ ਦਵਿੰਦਰ ਸਤਿਆਰਥੀ ਦੀ 1936 ਵਿੱਚ ਪ੍ਰਕਾਸ਼ਤ ਪੁਸਤਕ ਗਿੱਧਾ ਨਾਲ ਹੁੰਦਾ ਹੈ। ਇਸ ਪੁਸਤਕ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਅਤੇ ਦੇਵਿੰਦਰ ਸਤਿਆਰਥੀ ਲੋਕ ਗੀਤਾਂ ਬਾਰੇ ਸਿਧਾਂਤਕ ਭਾਨ ਦੀ ਬਹਿਸ ਛੇੜਦੇ ਹਨ। ਗਿੱਧਾ ਤੋਂ ਇਲਾਵਾ ਦਵਿੰਦਰ ਸਤਿਆਰਥੀ ਦੀਆਂ ਹੋਰ ਪੁਸਤਕਾਂ ਦੀਵਾ ਬਲੇ ਸਾਰੀ ਰਾਤ (1941) ਪੰਜਾਬੀ ਲੋਕ ਗੀਤ (ਸਹਿ ਸੰਪਾਦਕ. ਮਹਿੰਦਰ ਸਿੰਘ ਰੰਧਾਵਾ,1960) ਅਤੇ ਪੰਜਾਬੀ ਲੋਕ ਸਾਹਿਤ ਵਿੱਚ ਸੈਨਿਕ (1970)ਇਸ ਪਾਸੇ ਉਹਨਾਂ ਦੇ ਯੋਗਦਾਨ ਦੀ ਗਵਾਹੀ ਭਰਦੀਆਂ ਹਨ।

ਡਾ. ਦੇਵੀ ਦਾਸ ਹਿੰਦੀ ਨੇ ਪੰਜਾਬੀ ਅਖਾਣਾਂ ਅਤੇ ਮੁਹਾਵਰਿਆਂ ਨੂੰ ਇਕੱਠਾ ਕਰਨ ਦਾ ਕੰਮ ਕੀਤਾ। ਉਹਨਾਂ ਦਾ ਇੱਕ ਸੰਗ੍ਰਹਿ ਪੰਜਾਬੀ ਅਖਾਣਾਂ ਦੀ ਖਾਣ (1933) ਨਾ ਥੱਲੇ ਛਪ ਕੇ ਸਾਹਮਣੇ ਆਇਆ ਇਸ ਸੰਗ੍ਰਹਿ ਵਿੱਚ 3000 ਦੇ ਕਰੀਬ ਅਖਾਣ ਮੁਹਾਵਰੇ ਅਤੇ ਵਾਕੰਸ਼ ਹਨ।

ਡਾ ਸੋਹਿੰਦਰ ਸਿੰਘ ਵਣਜਾਰਾ ਬੇਦੀ ਪੰਜਾਬੀ ਲੋਕਧਾਰਾ ਦੇ ਇਕੱਤਰੀਕਰਨ ਅਤੇ ਇਸ ਦੇ ਅਧਿਐਨ ਦਾ ਇੱਕ ਸਿਰਮੌਰ ਨਾਂ ਹੈ। ਅੱਜ ਵਣਜਾਰਾ ਬੇਦੀ ਅਤੇ ਪੰਜਾਬੀ ਲੋਕਧਾਰਾ ਇੱਕ ਦੂਜੇ ਦੀ ਪਛਾਣ ਬਣ ਚੁੱਕੇ ਹਨ। ਇਸ ਖੇਤਰ ਵਿੱਚ ਉਹਨਾਂ ਦੁਆਰਾ ਕੀਤੇ ਗਏ ਕੰਮ ਨੂੰ ਨੂੰ ਅਸੀਂ ਲੋਕ ਆਖਦੇ ਹਨ, ਇੱਕ ਘੁੱਟ ਰਸ ਦਾ, ਪੰਜਾਬ ਦੀਆਂ ਜਨੌਰ ਕਹਾਣੀਆਂ, ਪੰਜਾਬੀ ਅਖੌਤਾਂ ਦਾ ਆਲੋਚਨਾਤਮਕ ਅਧਿਐਨ, ਸੁਹਜ-ਪ੍ਰਬੰਧ, ਗੁਰੂ ਨਾਨਕ ਅਤੇ ਲੋਕ ਪ੍ਰਵਾਹ, ਪੰਜਾਬੀ ਸਾਹਿਤ ਇਤਿਹਾਸ ਦੀਆਂ ਲੋਕ ਰੂੜੀਆਂ, ਲੋਕ ਪਰੰਪਰਾ ਅਤੇ ਸਾਹਿਤ ਅਤੇ ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ (ਅੱਠ ਜਿਲਦਾਂ) ਆਦਿ ਦੇ ਹਵਾਲੇ ਨਾਲ਼ ਸਮਝ ਸਕਦੇ ਹਾਂ।ਸੰਨ 1963-64 ਵਿੱਚ ਉਸ ਦੇ ਲਿਖਤ ਅਤੇ ਪ੍ਰਵਾਨਿਤ ਖੋਜ ਪ੍ਰਬੰਧ ਨਾਲ ਪੰਜਾਬੀ ਲੋਕਧਾਰਾ ਬਾਰੇ ਉਪਾਧੀ ਸਾਪੇਖ ਖੋਜ ਦਾ ਆਰੰਭ ਵੀ ਹੁੰਦਾ ਹੈ।

ਲੋਕਧਾਰਾ ਨੂੰ ਇਕੱਤਰ ਕਰਨ ਵਿੱਚ ਇੱਕ ਹੋਰ ਅਹਿਮ ਪਰ ਅਲਪ-ਚਰਿੱਤਰ ਨਾਮ ਸੁਖਦੇਵ ਮਾਦਪੁਰੀ ਦਾ ਹੈ। ਲੋਕਧਾਰਾ ਨਾਲ ਸਬੰਧਤ ਉਸ ਦੀਆਂ ਪ੍ਰਮੁੱਖ ਪੁਸਤਕਾਂ ਹਨ ਲੋਕ ਬੁਝਾਰਤਾਂ, ਜ਼ਰੀ ਦਾ ਟੋਟਾ, ਗਾਉਂਦਾ ਪੰਜਾਬ, ਨੈਣਾਂ ਦੇ ਬਣਜਾਰੇ, ਪੰਜਾਬ ਦੀਆਂ ਲੋਕ ਖੇਡਾਂ, ਪੰਜਾਬੀ ਬੁਝਾਰਤਾਂ, ਫੁੱਲਾਂ ਭਰੀ ਚੰਗੇਰ, ਭਾਰਤੀ ਲੋਕ ਕਹਾਣੀ, ਪੰਜਾਬ ਦੇ ਮੇਲੇ ਅਤੇ ਤਿਉਹਾਰ, ਆਓ ਨੱਚੀਏ, ਖੰਡ ਮਿਸ਼ਰੀ ਦਾ ਦੀਆਂ ਡਲੀਆਂ, ਲੋਕ ਗੀਤਾਂ ਦੀ ਸਮਾਜਿਕ ਵਿਆਖਿਆ, ਬਾਤਾਂ ਦੇਸ ਪੰਜਾਬ ਦੀਆਂ, ਨੈਣੀ ਨੀਂਦ ਨਾ ਆਵੇ, ਅਤੇ ਮਹਿਕ ਪੰਜਾਬ ਦੀ। ਇਹ ਸਾਰਾ ਕਾਰਜ 1950 ਤੋਂ 2004 ਦੇ ਲੰਮੇ ਅਰਸੇ ਵਿੱਚ ਫੈਲਿਆ ਹੋਇਆ ਹੈ।

ਲੋਕਧਾਰਾ ਦੀ ਖੋਜ ਦੇ ਖੇਤਰ ਵਿੱਚ ਡਾ. ਕਰਨੈਲ ਸਿੰਘ ਥਿੰਦ ਦੇ ਖੋਜ ਪ੍ਰਬੰਧ ਲੋਕਯਾਨ ਅਤੇ ਮੱਧਕਾਲੀਨ ਪੰਜਾਬੀ ਸਾਹਿਤ (1973) ਦੇ ਪ੍ਰਵੇਸ਼ ਨਾਲ ਸਹੀ ਅਰਥਾਂ ਵਿੱਚ ਇਸ ਦੇ ਸੰਕਲਪਾਂ ਅਤੇ ਵਿਸ਼ੇ ਖੇਤਰ ਨੂੰ ਪਰਿਭਾਸ਼ਿਤ ਕਰਨ ਅਤੇ ਸਮਝਣ ਵਿੱਚ ਇੱਕ ਨਵੇਂ ਦੌਰ ਦਾ ਆਰੰਭ ਹੋਇਆ। ਲੋਕਧਾਰਾ ਅਧਿਐਨ ਲਈ ਵਰਤੀ ਜਾ ਸਕਣ ਵਾਲੀ ਢੁੱਕਵੀਂ ਤਕਨੀਕੀ ਪੰਜਾਬੀ ਸ਼ਬਦਾਵਲੀ ਦੀ ਘਾਟ ਤੇ ਵੀ ਡਾ ਥਿੰਦ ਦੇ ਖੋਜ ਤਰੱਦਦ ਦਾ ਪ੍ਰਤੀਫਲ ਹੈ ਜਿਸ ਵਿੱਚੋਂ ਕਾਫੀ ਸਾਰੀ ਸ਼ਬਦਾਵਲੀ ਅੱਜ ਦੇ ਖੋਜ ਕਾਰਜਾਂ ਵਿੱਚ ਵਰਤੀ ਜਾ ਰਹੀ ਹੈ।

ਡਾ.ਕਰਨੈਲ ਸਿੰਘ ਥਿੰਦ ਦੇ ਸ਼ਾਗਿਰਦਾਂ ਵਿੱਚੋਂ ਇੱਕ ਡਾ. ਜੋਗਿੰਦਰ ਸਿੰਘ ਕੈਰੋਂ ਵੀ ਪਿਛਲੇ ਕੁਝ ਅਰਸੇ ਤੋਂ ਪੰਜਾਬੀ ਲੋਕਯਾਨ ਵਿਸ਼ੇਸ਼ ਕਰਕੇ ਲੋਕ ਕਹਾਣੀਆਂ ਦੇ ਅਧਿਐਨ ਵਿਸ਼ਲੇਸ਼ਣ ਵੱਲ ਰੁਚਿਤ ਹੈ। ਲੋਕਧਾਰਾ ਦੇ ਇਕੱਤਰੀਕਰਨ ਅਤੇ ਵਿਸ਼ਲੇਸ਼ਣ ਬਾਰੇ ਉਸ ਦੀਆਂ ਪੁਸਤਕਾਂ ਹਨ: ਪੰਜਾਬੀ ਲੋਕ ਕਹਾਣੀਆਂ ਦਾ ਰਚਨਾਤਮਕ ਅਧਿਐਨ ਅਤੇ ਵਰਗੀਕਰਨ, ਪੰਜਾਬੀ ਲੋਕ-ਵਾਰਤਾ, ਲੋਕ ਕਹਾਣੀਆਂ, ਬਾਤਾਂ ਸ਼ੇਰ ਪੰਜਾਬ ਦੀਆਂ।

ਪੰਜਾਬੀ ਲੋਕਧਾਰਾ ਦੀ ਖੋਜ ਵਿੱਚ ਇੱਕ ਹੋਰ ਉੱਘਾ ਵਿਦਵਾਨ ਡਾ. ਨਾਹਰ ਸਿੰਘ ਹੈ। ਉਹਨਾਂ ਦੀਆਂ ਪ੍ਰਮੁੱਖ ਪੁਸਤਕਾਂ ਹਨ: ਲੋਕ ਕਾਵਿ ਦੀ ਸਿਰਜਣ ਪ੍ਰਕਿਰਿਆ, ਲੌਂਗ ਬੁਰਜੀਆਂ ਵਾਲਾ, ਪੰਜਾਬੀ ਲੋਕ ਨਾਚ, ਖ਼ੂਨੀ ਨੈਣ ਜਲ ਭਰੇ, ਚੰਨਾ ਵੇ ਤੇਰੀ ਚਾਨਣੀ, ਰੜੇ ਭੰਬੀਰੀ ਬੋਲੇ ਅਤੇ ਮਾਂ ਸੁਹਾਗਣ ਸ਼ਗਨ ਕਰੇ। ਡਾ.ਨਾਹਰ ਸਿੰਘ ਦਾ ਕਰਮ ਖੇਤਰ ਪੰਜਾਬ ਦਾ ਮਾਲਵਾ ਖਿੱਤਾ ਹੈ।

ਦੁਆਬੇ ਦੀ ਲੋਕਧਾਰਾ ਨੂੰ ਇਕੱਠਾ ਕਰਨ ਦਾ ਸਭ ਤੋਂ ਪਹਿਲਾ ਕੰਮ ਡਾ.ਕਰਮਜੀਤ ਸਿੰਘ ਨੇ ਕੀਤਾ ਉਹਨਾਂ ਦੀਆਂ ਪੁਸਤਕਾਂ ਹਨ: ਦੇਸ ਦੁਆਬਾ(1982), ਧਰਤ ਦੁਆਬੇ ਦੀ(1985), ਮਿੱਟੀ ਦੀ ਮਹਿਕ(1990), ਕੋਲਾਂ ਕੂਕਦੀਆਂ(1990), ਮੋਰੀ ਰੁਣ ਝੁਣ ਲਾਇਆ(1990), ਲੋਕ ਗੀਤਾਂ ਦੀਆਂ ਪੈੜਾਂ(2002), ਲੋਕ ਗੀਤਾਂ ਦੇ ਨਾਲ ਨਾਲ (2003)ਅਤੇ ਕੂੰਜਾਂ ਪਰਦੇਸਣਾ(2004)ਆਦਿ।

ਪੰਜਾਬੀ ਲੋਕਧਾਰਾ ਦੀ ਖੋਜ ਦੇ ਇਤਿਹਾਸ ਦਾ ਇੱਕ ਅਤਿ ਅਹਿਮ ਪੱਖ ਉਪਾਧੀ ਸਾਪੇਖ ਖੋਜ ਹੈ। ਇਸ ਦਾ ਆਰੰਭ ਡਾ.ਕਰਨੈਲ ਸਿੰਘ ਥਿੰਦ ਅਤੇ ਡਾ.ਵਣਜਾਰਾ ਬੇਦੀ ਦੇ ਖੋਜ ਪ੍ਰਬੰਧਾਂ ਨਾਲ ਹੁੰਦਾ ਹੈ। ਅੱਜ ਇਸ ਵਿਸ਼ੇ ਬਾਰੇ ਲਿਖੇ ਅਤੇ ਪੀਐੱਚ.ਡੀ. ਲਈ ਪ੍ਰਵਾਨ ਹੋਏ ਖੋਜ ਪ੍ਰਬੰਧਾਂ ਦੀ ਗਿਣਤੀ 200 ਤੋਂ ਉੱਪਰ ਹੋ ਚੁੱਕੀ ਹੈ। ਇਸ ਕਾਰਜ ਵਿੱਚ ਪੰਜਾਬ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਨੇ ਆਪਣਾ ਯੋਗਦਾਨ ਪਾਇਆ ਹੈ। ਇਸ ਖੇਤਰ ਵਿੱਚ ਹੋਏ ਉਪਾਧੀ ਸਾਪੇਖ ਕਾਰਜ ਦੀਆਂ ਕੁਝ ਉਦਾਹਰਨਾਂ ਹੇਠ ਲਿਖੀਆ ਹਨ:

1. ਨਾਨਕ ਬਾਣੀ ਵਿੱਚ ਲੋਕਧਾਰਾਈ ਸਮੱਗਰੀ ਦਾ ਰੂਪਾਂਤਰਣ- ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ - ਸੁਰਜੀਤ ਸਿੰਘ (ਪਾਤਰ), 1998 2. ਪੰਜਾਬ ਦੀ ਲੋਕ ਕਲਾ - ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ - ਹਰਜੀਤ ਸਿੰਘ (1998) 3. ਲੋਕਯਾਨ ਦਾ ਪੰਜਾਬੀ ਸਾਹਿਤ ਉੱਤੇ ਪ੍ਰਭਾਵ- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ - ਕਰਨੈਲ ਸਿੰਘ ਥਿੰਦ (1972) 4. ਪੰਜਾਬੀ ਲੋਕ ਕਹਾਣੀਆਂ ਦਾ ਸੰਰਚਨਾਤਮਕ ਅਧਿਐਨ - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ - ਜੋਗਿੰਦਰ ਸਿੰਘ ਕੈਰੋਂ (1979) 5. ਪੰਜਾਬੀ ਦੀਆਂ ਮਿੱਥ ਕਥਾਵਾਂ ਦਾ ਚਿੰਨ੍ਹ ਵਿਗਿਆਨਕ ਅਧਿਐਨ - ਪੰਜਾਬੀ ਯੂਨੀਵਰਸਿਟੀ ਪਟਿਆਲਾ - ਭੁਪਿੰਦਰ ਸਿੰਘ ਖਹਿਰਾ (1983) 6. ਵਿਦੇਸ਼ ਸਮੇਂ ਦੇ ਲੋਕ ਗੀਤਾਂ ਵਿੱਚ ਭਾਵ ਸੰਚਾਰ - ਪੰਜਾਬੀ ਯੂਨੀਵਰਸਿਟੀ ਪਟਿਆਲਾ - ਰਾਜਵੰਤ ਕੌਰ (2002) 7. ਪੰਜਾਬੀ ਲੋਕ ਵਾਰਾਂ ਅਤੇ ਜਗੀਰਦਾਰੀ ਸੱਭਿਆਚਾਰ - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ - ਰੁਪਿੰਦਰ ਕੌਰ (1994)

ਉੱਪਰ ਦਿੱਤੇ ਇਨ੍ਹਾਂ ਖੋਜ ਪ੍ਰਬੰਧਾਂ ਦੀ ਸੂਚੀ ਉੱਪਰ ਨਜ਼ਰ ਮਾਰਿਆਂ ਪਤਾ ਚੱਲਦਾ ਹੈ ਕਿ ਪੰਜਾਬੀ ਲੋਕਧਾਰਾ ਸਬੰਧੀ ਉਪਾਧੀ ਸਾਪੇਖ ਖੋਜ ਪੰਜਾਬੀ ਸਾਹਿਤਕ ਖੋਜ ਦੇ ਸਮਾਨਅੰਤਰ ਹੀ ਚੱਲ ਰਹੀ ਹੈ। ਪੰਜਾਬ ਦੀਆਂ ਯੂਨੀਵਰਸਿਟੀਆਂ ਤੋਂ ਬਾਹਰ ਗੁਆਂਢੀ ਰਾਜਾਂ ਦੀਆਂ ਯੂਨੀਵਰਸਿਟੀਆਂ ਵਿੱਚ ਵੀ ਪੰਜਾਬੀ ਲੋਕਧਾਰਾ ਬਾਰੇ ਖੋਜ ਜਾਰੀ ਹੈ।

ਬਾਕੀ ਖੋਜ ਖੇਤਰਾਂ ਵਾਂਗ ਇਸ ਖੇਤਰ ਦੀ ਖੋਜ ਦੇ ਵੀ ਆਪਣੇ ਗੁਣ ਅਤੇ ਔਗੁਣ ਹਨ। ਸਭ ਪਹਿਲਾ ਗੁਣ ਇਹ ਹੈ ਕਿ ਹੁਣ ਲੋਕਧਾਰਾ ਦੀ ਖੋਜ ਵਿਸ਼ਾਲ ਰੂਪ ਅਖਤਿਆਰ ਕਰ ਗਈ ਹੈ।ਉਣਤਾਈਆਂ ਜਾਂ ਔਗੁਣਾਂ ਵਿੱਚ ਅਸੀਂ ਦੁਹਰਾਓ ਅਤੇ ਖੇਤਰੀ ਕਾਰਜ ਦੀ ਘਾਟ ਰੱਖ ਸਕਦੇ ਹਾਂ। "ਖੋਜ ਵਿਦਿਆਰਥੀ ਲੋਕਧਾਰਾ ਦੀ ਖੋਜ ਨੂੰ ਅਜੇ ਵੀ ਸਾਹਿਤਕ ਖੋਜ ਦੇ ਟਾਕਰੇ ਸਰਲ ਅਤੇ ਆਸਾਨ ਮੰਨਦੇ ਹਨ ਲੋੜ ਉਸ ਨੂੰ ਇਸ ਪਾਸੇ ਆਉਣ ਤੋਂ ਰੋਕਣ ਦੀ ਨਹੀਂ ਸਗੋਂ ਗੌਰਵਸ਼ਾਲੀ ਅਤੇ ਸਾਰਥਕ ਵਿਸ਼ੇ ਦੇਖ ਕੇ ਉਹਨਾਂ ਕੋਲੋਂ ਸੰਜੀਦਗੀ ਨਾਲ ਕੰਮ ਕਰਾਉਣ ਦੀ ਹੈ।" [6]

ਹਵਾਲੇ

[ਸੋਧੋ]
  1. ਪੰਜਾਬੀ ਲੋਕਧਾਰਾ ਅਧਿਐਨ- ਡਾ. ਜੋਗਿੰਦਰ ਸਿੰਘ ਕੈਰੋ
  2. Oxford English Dictionary (compact edition
  3. ਖੋਜ: ਸਿਧਾਂਤ ਅਤੇ ਵਿਹਾਰ - ਡਾ ਪਿਆਰ ਸਿੰਘ, ਪੰਨਾ- 1
  4. ਧਰਮਪੰਜਾਬੀ ਖੋਜ ਦਾ ਇਤਿਹਾਸ - ਡਾ ਧਰਮ ਸਿੰਘ, ਪੰਨਾ- 190
  5. ਪੰਜਾਬੀ ਲੋਕਧਾਰਾ ਦੇ ਸੰਗ੍ਰਹਿ, ਸੰਪਾਦਨ ਅਤੇ ਮੁਲਾਂਕਣ ਵਿੱਚ ਅੰਗਰੇਜ਼ਾਂ ਦਾ ਯੋਗਦਾਨ - ਸੈਮੂਅਲ ਗਿੱਲ,(ਪੰਜ ਆਬ ਪ੍ਰਕਾਸ਼ਨ, ਜਲੰਧਰ,2014) ਪੰਨਾ- 267
  6. ਪੰਜਾਬੀ ਖੋਜ ਦਾ ਇਤਿਹਾਸ - ਡਾ. ਧਰਮ ਸਿੰਘ, ਪੰਨਾ -206