ਪੰਜਾਬੀ ਸੱਭਿਆਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪੰਜਾਬੀ ਸੱਭਿਆਚਾਰ‍ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ।


ਅਸਲ ਵਿੱਚ ਕੋਈ ਵੀ ਕੌਮ ਜਾਂ ਕੋਈ ਵੀ ਜਨ-ਸਮੂਹ, ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਸਭਿਆਚਾਰ ਤੋਂ ਸੱਖਣਾ ਨਹੀ ਹੁੰਦਾ, ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਉੱਤੇ ਕਿਉ ਨਾ ਹੋਵੇ।[1]Punjabi sabyachar diya alop ho rhiya cheja

ਮੁੱਖ ਲੇਖ: ਸੱਭਿਆਚਾਰ

ਵਿਸ਼ਾ ਸੂਚੀ

ਪੰਜਾਬ ਦਾ ਨਾਮਕਰਣ[ਸੋਧੋ]

ਪੰਜਾਬ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਮਿਲਕੇ ਬਣਿਆ ਹੈ- 'ਪੰਜ'- ਭਾਵ ਕਿ ਗਿਣਤੀ ਦੇ ਪੰਜ ਅਤੇ 'ਆਬ'- ਭਾਵ ਕਿ ਪਾਣੀ। ਇਸ ਤਰ੍ਹਾਂ ਪੰਜਾਬ ਸ਼ਬਦ ਦਾ ਅਰਥ ਹੈ 'ਪੰਜ ਦਰਿਆਵਾਂ ਦੀ ਧਰਤੀ।'

ਪੁਰਾਤਨ ਸਭਿਚਾਰਕ ਸੋਮਿਆਂ ਵਿਚ ਇਕ ਸ਼ਬਦ 'ਪੰਚਨਦ' ਵੀ ਸੀ, ਜਿਹੜਾ ਪੰਜਾਬ ਦਾ ਹੀ ਪਰਿਆਵਾਚੀ ਸੀ, ਅਤੇ ਉਸ ਖਿੱਤੇ ਲਈ ਵਰਤਿਆ ਜਾਂਦਾ ਸੀ, ਜਿਹੜਾ ਸਿੰਧ ਅਤੇ ਸਰਸਵਤੀ ਨੂੰ ਮਿਲਾ ਕੇ ਕੁਝ ਵਡੇਰੇ ਖਿੱਤੇ ਦਾ ਸੂਚਕ ਸੀ। ਪੰਚਨਦ ਸ਼ਬਦ ਰਿਗਵੇਦ ਵਿੱਚ ਵਰਤਿਆ ਗਿਆ ਹੈ। ਯੂਨਾਨੀਆਂ ਨੇ ਪੰਜਾਬ ਨੂੰ 'ਮੈਸਾਪੋਟਾਮੀਆ' ਕਿਹਾ ਹੈ ਅਤੇ ਇਸ ਸ਼ਬਦ ਦਾ ਅਰਥ ਵੀ ਪੰਜ ਦਰਿਆਵਾਂ ਦੀ ਧਰਤੀ ਹੀ ਹੈ।

ਯੁੱਗਾਂ ਮੁਤਾਬਿਕ 'ਪੰਜਾਬੀ ਸਭਿਆਚਾਰ'[ਸੋਧੋ]

ਆਦਿ ਕਾਲੀਨ ਯੁੱਗ[ਸੋਧੋ]

ਪੰਜਾਬੀ ਸੱਭਿਆਚਾਰ ਦੇ ਰੂਪ ਧਾਰਨ ਸ਼ੁਰੂ ਕਰਨ ਦਾ ਸਮਾਂ ਲਗਪਗ ਉਹੀ ਹੈ, ਜੋ ਪੰਜਾਬੀ ਭਾਸ਼ਾ ਨੇ ਰੂਪ ਧਾਰਨਾ ਸ਼ੁਰੂ ਕੀਤਾ। ਇਹ ਨੌਵੀ ਤੋਂ ਬਾਰ੍ਹਵੀਂ ਈਸਵੀ ਦਾ ਸਮਾਂ ਦੱਸਿਆ ਜਾਂਦਾ ਹੈ। ਸਪਤ ਸਿੰਧੂ ਦੇ ਨਾਂ ਨਾਲ ਜਾਣੀ ਜਾਂਦੀ ਅਤਿ ਵਿਕਸਤ ਸ਼ਹਿਰੀ ਸੱਭਿਅਤਾ ਵੀ ਇਸ ਧਰਤੀ ਉੱਤੇ ਸਿਰਜੀ ਗਈ। ਸਪਤ ਸਿੰਧੂ ਦੇ ਪ੍ਰਾਚੀਨ ਨਮੂਨੇ ਮੁਇੰਜੋਦੜੋ, ਹੜੱਪਾ, ਸੰਘਰ, ਅਤੇ ਢੋਲਬਾਹਾ ਆਦਿ ਥਾਵਾਂ ਤੋਂ ਕੀਤੀ ਖੁਦਾਈ ਤੋਂ ਪ੍ਰਾਪਤ ਹੋਏ ਹਨ। ਇਸ ਨੂੰ ਹੜੱਪਾ ਸੱਭਿਆਚਾਰ ਵੀ ਕਿਹਾ ਜਾਂਦਾ ਹੈ। ਆਰੀਆ ਲੋਕਾਂ ਨੇ ਲਗਭਗ 1500-3000 ਈਸਵੀ ਪੂਰਵ ਦੇ ਸਮੇਂ ਵਿੱਚ ਇਸ ਖਿੱਤੇ ਵਿੱਚ ਪ੍ਰਵੇਸ਼ ਕੀਤਾ। ਉਹ ਵੱਖ ਵੱਖ ਸਮਿਆਂ ਵਿਚ ਵੱਖ ਵੱਖ ਟੋਲਿਆਂ ਦੇ ਰੂਪ ਵਿਚ ਆਏ। ਇਸ ਦੌਰ ਵਿੱਚ ਪੰਜਾਬ ਦੇ ਇਸ ਖਿੱਤੇ ਵਿੱਚ ਆਰੀਆ ਸੱਭਿਆਚਾਰ ਦਾ ਆਰੰਭ ਹੁੰਦਾ ਹੈ, ਜਿਸ ਨੇ ਸੰਸਾਰ ਨੂੰ ਸਭਿਆਚਾਰਕ ਪੱਖ ਤੋਂ ਮਹਾਨ ਯੋਗਦਾਨ ਦਿੱਤਾ ਹੈ।

ਮੱਧਕਾਲੀਨ ਯੁੱਗ[ਸੋਧੋ]

ਪੰਜਾਬੀ ਸੱਭਿਆਚਾਰ ਦੇ ਵਿਕਾਸ ਦਾ ਇੱਕ ਪੜਾਅ ਮੁਸਲਮਾਨੀ ਹਮਲਿਆਂ ਨਾਲ ਸ਼ੁਰੂ ਹੁੰਦਾ ਹੈ, ਜਿਸ ਦਾ ਆਰੰਭ 712 ਈਸਵੀ ਵਿੱਚ ਮੁੰਹਮਦ-ਬਿਨ-ਕਾਸਿਮ ਦੇ ਹਮਲੇ ਨੇ ਕੀਤਾ। ਸੱਤ ਸਦੀਆਂ ਦੇ ਲਗਾਤਾਰ ਹਮਲਿਆਂ ਦੌਰਾਨ ਮੁਸਲਮਾਨੀ ਰਾਜ ਸਥਾਪਤ ਹੁੰਦੇ ਰਹੇ ਜਿਨ੍ਹਾਂ ਦੀ ਸਿਖਰ ਮੁਗ਼ਲ ਰਾਜ ਸੀ। ਇਸ ਦੌਰ ਵਿੱਚ ਪੰਜਾਬੀ ਸੱਭਿਆਚਾਰ ਉੱਤੇ ਸਭ ਤੋਂ ਵੱਧ ਪ੍ਰਭਾਵ ਇਸਲਾਮ ਧਰਮ ਅਤੇ ਸੱਭਿਆਚਾਰ ਦਾ ਪਿਆ।

ਮੱਧ ਯੁੱਗ ਵਿੱਚ ਪੰਜਾਬੀ ਸੱਭਿਆਚਾਰ ਦੇ ਇਤਿਹਾਸ ਵਿੱਚ ਇੱਕ ਨਵਾਂ ਦੌਰ ਗੁਰੂ ਨਾਨਕ ਦੇਵ ਜੀ ਦੁਆਰਾ ਸਿੱਖ ਧਰਮ ਦੀ ਸਥਾਪਨਾ ਨਾਲ ਸ਼ੁਰੂ ਹੁੰਦਾ ਹੈ। ਪੰਜਾਬ ਦੀ ਇਸ ਧਰਤੀ ਉੱਤੇ ਪੰਜਾਬੀ ਲੋਕਾਂ ਦੇ ਦੁੱਖਾਂ ਦਾ ਇਲਾਜ ਅਤੇ ਆਦਰਸ਼ਾਂ ਦੀ ਸਿਰਜਣਾ ਗੁਰੂ ਨਾਨਕ ਦੇਵ ਜੀ ਗੁਰੂ ਸਾਹਿਬਾਨ ਨੇ ਲੋਕ ਪੱਖੀ ਦ੍ਰਿਸ਼ਟੀ ਤੋਂ ਕੀਤੀ। ਇਸ ਜੀਵਨ ਦੀ ਕੇਂਦਰੀ ਮਹੱਤਾ ਸਥਾਪਤ ਕਰਦਿਆਂ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਸਰਬ ਕਾਲਿਆਣਕਾਰੀ ਸਮਾਜੀ ਮਨੁੱਖੀ ਸੰਕਲਪ ਪੇਸ਼ ਕੀਤੇ। ਇਸ ਵਿੱਚ ਜਾਤ-ਪਾਤ, ਊਚ-ਨੀਚ ਆਦਿ ਦੇ ਭੇਦ-ਭਾਵਾਂ ਨੂੰ ਛੱਡ ਕੇ ਮਾਨਵੀ ਸਾਂਝ ਅਤੇ ਸਰਬਤ ਦੇ ਭਲੇ ਦੀ ਗੱਲ ਕੀਤੀ ਗਈ। ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਆਦਿ ਗ੍ਰੰਥ ਦੀ ਸੰਪਾਦਨਾ ਨੇ ਸੰਸਾਰ ਸਾਹਿਤ ਨੂੰ ਲਾਸਾਨੀ ਖ਼ਜਾਨਾ ਦਿੱਤਾ ਜਿਸ ਵਿੱਚ ਮਾਨਵਤਾ ਦੀ ਮੁਕਤੀ ਦਾ ਸੰਦੇਸ਼ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਪੰਜਾਬ ਦੀ ਇਸ ਧਰਤੀ ਨੂੰ ਨਵੀਂ ਪੁੱਠ ਦਿੱਤੀ। ਪੰਜਾਬੀ ਸੱਭਿਆਚਾਰ ਲਈ ਇਹ ਦੌਰ, ਇਸ ਦੀ ਸੁਤੰਤਰ ਅਤੇ ਮੌਲਿਕ ਪਛਾਣ ਦਾ ਸੁਨਹਿਰੀ ਦੌਰ ਕਿਹਾ ਜਾ ਸਕਦਾ ਹੈ।

ਆਧੁਨਿਕ ਯੁੱਗ[ਸੋਧੋ]

ਪੰਜਾਬੀ ਸੱਭਿਆਚਾਰ ਦੇ ਵਿਕਾਸ ਵਿੱਚ ਅਗਲੇਰਾ ਪੜਾਅ ਅੰਗਰੇਜ਼ਾਂ ਦੀ ਬਾਕੀ ਭਾਰਤ ਸਮੇਤ ਪੰਜਾਬ ਉੱਤੇ ਰਾਜਸੀ ਸਰਦਾਰੀ ਨਾਲ ਸ਼ੁਰੂ ਹੁੰਦਾ ਹੈ। ਇਸ ਨਾਲ ਪੰਜਾਬੀ ਜਨ-ਸਧਾਰਨ ਦਾ ਵਿਕਸ ਰਹੀ ਪੂੰਜੀਵਾਦੀ ਰਾਜਸੀ, ਆਰਥਿਕ, ਸੱਭਿਆਚਾਰਿਕ ਵਿਵਸਥਾ ਨਾਲ ਅਜਿਹਾ ਵਾਹ ਪਿਆ ਜਿਸ ਦੇ ਦੂਰ-ਅੰਦੇਸ ਪਰਿਣਾਮ ਨਿਕਲੇ। ਜੇ ਅਸੀਂ ਹੁਣ ਇਹਨਾਂ ਪ੍ਰਭਾਵਾਂ ਅਤੇ ਪਰਿਣਾਵਾਂ ਨੂੰ ਘੋਖੀਏ ਤਾਂ ਦਿਲਚਸਪ ਤੱਥ ਉੱਭਰਦੇ ਹਨ। ਪੰਜਾਬ ਦੇ ਲੋਕ ਅੰਗਰੇਜ਼ੀ ਭਾਸ਼ਾ ਰਾਹੀਂ ਸੰਸਾਰ ਸਾਹਿਤ, ਸੰਸਾਰ ਦਰਸ਼ਨ ਅਤੇ ਸੰਸਾਰ ਸੱਭਿਆਚਾਰ ਨਾਲ ਸੰਪਰਕ ਵਿੱਚ ਆਏ। ਅੰਗਰੇਜ਼ੀ ਸੱਭਿਆਚਾਰ ਨਾਲ ਉਹ ਇੱਕ ਗੁਲਾਮ ਸੱਭਿਆਚਾਰ ਵੱਜੋਂ ਸੰਪਰਕ ਵਿੱਚ ਆਏ ਸਨ, ਜਿਸ ਦੇ ਬਹੁਤ ਵਿਕੋਲਿਤਰੇ ਅਤੇ ਉਲਟੇ-ਪੁਲਟੇ ਪ੍ਰਭਾਵ ਪੈਂਦੇ ਰਹੇ। ਹਾਂ-ਪੱਖੀ ਪ੍ਰਭਾਵਾਂ ਨੇ ਪੰਜਾਬੀਆਂ ਦੀ ਜ਼ਿੰਦਗੀ ਵਿੱਚ ਬਹੁਤ ਚੰਗੇਰੇ ਪਰਿਵਰਤਨ ਵੀ ਲਿਆਂਦੇ। ਵਿਗਿਆਨਿਕ ਲੀਹਾਂ ਤੇ ਉਸਰ ਰਹੇ ਪੱਛਮੀ ਸੱਭਿਆਚਾਰ ਨੇ ਇਹਨਾਂ ਦੀ ਪਰੰਪਰਾਗਤ ਰਹਿਤਲ ਨੂੰ ਝੰਜੋੜ ਸੁੱਟਿਆ ਅਤੇ ਖੁੱਲ੍ਹੇਪਣ ਦਾ ਇਹਸਾਸ ਕਰਵਾਇਆ। ਅੰਗਰੇਜ਼ੀ ਭਾਸ਼ਾ ਤੇ ਸਾਹਿਤ ਦੇ ਸੰਪਰਕ ਨੇ ਨਵੇਂ ਗਿਆਨ-ਵਿਗਿਆਨ ਤੱਕ ਸਾਡੀ ਰਸਾਈ ਕਰਵਾਈ। ਇਸ ਟਾਕਰਵੇਂ ਸੱਭਿਆਚਾਰ ਨਾਲ ਮੁਕਾਬਲੇ ਅਤੇ ਸਾਂਝ ਦੇ ਨਵੇਂ ਪਹਿਲੂ ਉੱਭਰੇ। ਰੇਲ, ਡਾਕ-ਤਾਰ ਅਤੇ ਹੋਰ ਨਵੀਨ ਵਸੀਲਿਆਂ ਨੇ ਸਾਡੀ ਜੀਵਨ ਗਤੀ ਵਿੱਚ ਤੇਜ਼ੀ ਲਿਆਂਦੀ। ਇਸ ਤਰ੍ਹਾਂ ਅੰਗਰੇਜ਼ੀ ਸੱਭਿਆਚਾਰ ਨੇ ਪੰਜਾਬੀ ਸੱਭਿਆਚਾਰ ਵਿੱਚ ਮੂਲ ਨਵੇਂ ਪਰਿਵਰਤਨ ਲਿਆਂਦੇ।[2]ਇਸ ਤੋਂ ਬਾਅਦ ਪੰਜਾਬ ਨੂੰ 1947 ਵਿੱਚ ਭਾਰਤ ਦੀ ਵੰਡ ਸਮੇਂ ਦੋ ਹਿੱਸਿਆ ਪੰਜਾਬ, ਭਾਰਤ ਅਤੇ ਪੰਜਾਬ, ਪਾਕਿਸਤਾਨ ਵਿੱਚ ਵੰਡ ਦਿੱਤਾ ਗਿਆ।

ਪੰਜਾਬੀ ਚਰਿੱਤਰ ਦੇ ਪਛਾਣ-ਚਿੰਨ੍ਹ[ਸੋਧੋ]

ਪੰਜਾਬੀ ਸੱਭਿਆਚਾਰ ਦੀ ਵਿਸ਼ੇਸ਼ ਭੂਗੋਲਿਕ ਸਥਿਤੀ, ਨਵੇਕਲੇ ਜਲਵਾਯੂ ਅਤੇ ਇਤਿਹਾਸਿਕ ਉਤਰਾਵਾਂ-ਚੜ੍ਹਾਵਾਂ ਨੇ ਪੰਜਾਬੀ ਜੀਵਨ-ਜਾਚ ਦੇ ਕਈ ਅਜਿਹੇ ਦਿਲਚਸਪ ਅਤੇ ਸ਼ਕਤੀਸ਼ਾਲੀ ਪੱਖ ਉਸਾਰੇ ਹਨ, ਜੋ ਪੰਜਾਬੀਅਤ ਦੇ ਪਛਾਣ-ਚਿੰਨ੍ਹ ਬਣ ਗਏ ਹਨ। ਇਹ ਪੰਜਾਬੀਆਂ ਦੀ ਵੱਖਰੀ ਤਾਸੀਰ, ਚਰਿੱਤਰ, ਮਨੋਰਥਾਂ ਅਤੇ ਆਦਰਸ਼ਾਂ ਵਿੱਚ ਉਜਾਗਰ ਹੁੰਦੇ ਹਨ।

ਸ੍ਵੈਧੀਨਤਾ[ਸੋਧੋ]

ਉਪਜਾਊ ਭੂਮੀ ਕਾਰਨ ਭੁੱਖੇ ਮਰਨਾਂ ਪੰਜਾਬੀਆਂ ਦੇ ਹਿੱਸੇ ਨਹੀਂ ਆਇਆ ਪਰ ਨਾਲ ਹੀ ਕਰੜੀ ਮਿਹਨਤ ਕਰਕੇ ਇਸ ਤੇ ਹੱਕ ਜਤਾਉਣ ਦੀ ਪ੍ਰਚੰਡ ਪ੍ਰਵਿਰਤੀ ਪੰਜਾਬੀਆਂ ਦਾ ਖ਼ਾਸਾ ਹੈ। ਕਿਰਤ ਕਰਨ ਨੂੰ ਮਾਣ ਸਮਝਣਾ ਅਤੇ ਕਿਰਤ ਕਮਾਈ ਉੱਤੇ ਹੱਕ ਜਤਾਉਣਾ ਹੈ


ਸ਼ਖਸ਼ੀਅਤ[ਸੋਧੋ]

ਪੰਜਾਬ ਦਾ ਸਰਹੱਦੀ ਇਲਾਕਾ ਹੋਣਾ ਪੰਜਾਬੀਆਂ ਦੀ ਸ਼ਖਸ਼ੀਅਤ ਦੇ ਕਈ ਵਿਲੱਖਣ ਲੱਛਣਾਂ ਦਾ ਕਾਰਨ ਬਣਿਆ। ਨਿੱਤ ਮੁਹਿੰਮਾਂ ਰਹਿਣ ਰਣ-ਜੂਝਣ ਲਈ ਹਮੇਸ਼ਾ ਤਿਆਰ-ਬਰ-ਤਿਆਰ ਰਹਿਣਾ ਪੈਂਦਾ ਸੀ। ਸਿੱਟੇ ਵਜੋਂ,ਜ਼ਿੰਦਗੀ ਨੂੰ ਮਾਨਣ ਲਈ ਜੋਸ਼ ਅਤੇ ਉਮਾਹ ਵੀਉਨਨ੍ਹਾਂ ਹੀ ਤੀਬਰ ਹੁੰਦਾ ਸੀ, ਜਿੰਨਾ ਰਣ-ਜੂਝਣ ਵੇਲੇ ਲੜਨ ਮਰਨ ਲਈ ਤਤਥਪਕਿਉਕਕਿਉਂਕਿ ਕੱਲ ਦਾ ਭਰੋਸਾ ਨਹੀ ਸੀ ਹੁੰਦਾ,ਇਸ ਲਈ ਖਾਦਾ ਪੀਤਾ ਹੀ ਲਾਹੇ ਹੁੰਦਾ ਸੀ। 'ਖਾ ਗਏ,ਰੰਗ ਲਾ ਗਏ,ਜੋੜ ਗਏ ਸੋ ਰੋਰੜ ਗਏ ਦਾ ਅਖਾਣ ਇਹੋ ਜਿਹੀਆਂ ਹਾਲਤਾ ਦੀ ਹੀ ਉਪਜ ਹੈ।[3]

ਜ਼ਿੰਦਗੀ ਨੂੰ ਜਨੂੰਨ ਵਾਂਗ ਜਿਉਣਾ[ਸੋਧੋ]

ਪੰਜਾਬੀ ਜ਼ਿੰਦਗੀ ਨੂੰ ਜਨੂੰਨ ਵਾਂਗ ਜਿਉਂਦਾ ਹੈ। ਇਸ ਕਰਕੇ ਉਸਦਾ ਸੁਭਾਅ ਭੜਕੀਲਾ ਹੈ। ਉਹ ਫ਼ੌਰੀ ਅਤੇ ਇਕਦਮ ਤੱਤਾ ਹੋ ਉਠਦਾ ਹੈ ਅਤੇ ਓਨੀ ਹੀ ਤੇਜ਼ੀ ਨਾਲ ਉਹ ਸਭ ਕੁਝ ਭੁੱਲਣ ਲਈ ਤਿਆਰ ਹੋ ਜਾਂਦਾ ਹੈ। ਜ਼ਿੰਦਗੀ ਨੇ ਉਸਨੂੰ ਬੜੇ ਖੌਫਨਾਕ ਸਬਕ ਸਿਖਾਏ ਹਨ।

ਉੱਚੀ ਬੋਲਣਾ ਅਤੇ ਲੋੜੋਂ ਵੱਧ ਤੀਂਘੜਨਾ[ਸੋਧੋ]

ਲਗਾਤਾਰ ਬਾਹਰੀ ਹਮਲਿਆਂ ਦਾ ਸ਼ਿਕਾਰ ਰਿਹਾ ਪੰਜਾਬੀ, ਸੁਭਾਅ ਵੱਜੋਂ ਹੀ, ਟਿਕਾਓ ਵਾਲਾ ਜੀਵਨ ਬਤੀਤ ਕਰਨੋ ਇਨਕਾਰੀ ਬਣ ਗਿਆਂ ਹੈ। ਪੰਜਾਬੀ ਸੁਭਾਅ ਵਿਚ ਉੱਚੀ ਬੋਲਣ ਅਤੇ ਲੋੜੋਂ ਵਧੇਰੇ ਤੀਂਘੜਨ ਦੀ ਪ੍ਰਵਿਰਤੀ ਪੈਦਾ ਹੋ ਗਈ। ਉਸ ਦੀ ਗੱਲ-ਬਾਤ ਉੱਚੀ, ਸੰਗੀਤ ਤਿੱਖਾ, ਉੱਚਾ ਤੇ ਤੇਜ਼ ਅਤੇ ਵਿਖਾਵੇ ਦੀ ਰੁਚੀ ਅਥਾਹ ਹੈ। ਨਿਰੰਤਰ ਦਬਾਵਾਂ ਅਤੇ ਟਕਰਾਵਾਂ ਵਿੱਚ ਉੱਸਰੇ ਪੰਜਾਬੀ ਸਮੂਹਕ ਅਵਚੇਤਨ ਦਾ ਇਹ ਨਿਆਰਾ ਨਤੀਜਾ ਹੈ।

ਪੰਜਾਬੀ ਨਾਇਕ ਦਾ ਮੁਹਾਦਾਂਰਾ[ਸੋਧੋ]

ਪੰਜਾਬੀ ਸਭਿਆਚਾਰ ਵਿਚ ਪੰਜਾਬੀ ਨਾਇਕ ਦਾ ਮੁਹਾਂਦਰਾ ਵੀ ਅਜਿਹੇ ਵਿਅਕਤੀਆਂ ਦਾ ਹੀ ਹੈ ਜੋ ਪੂਰੀ ਸਰਗਰਮੀ, ਸਿਰੇ ਦੀ ਸ਼ਿੱਦਤ ਅਤੇ ਜਨੂੰਨ ਨਾਲ ਆਪਣੇ ਪੈੰਡੇ ਪੈਂਦੇ ਹਨ। ਪੰਜਾਬੀਆਂ ਦੇ ਨਾਇਕ ਹਨ ਜੋਗੀ, ਯੋਧਾ ਤੇ ਆਸ਼ਕ। ਰਾਜਾ ਪੰਜਾਬੀ ਸੱਭਿਆਚਾਰ ਦਾ ਲੋਕ-ਨਾਇਕ ਨਹੀਂ, ਸਗੋਂ ਰਾਜਾ ਤ੍ਰਿਸਕਾਰ ਦਾ ਪਾਤਰ ਹੈ। ਪੰਜਾਬੀਆਂ ਨੇ ਰਾਜੇ ਦੀ ਸ਼ਕਤੀ ਅਤੇ ਸ਼ਾਨੋ-ਸ਼ੌਕਤ ਦੀ ਬਜਾਏ ਫ਼ਕੀਰ ਦੀ ਉੱਚਤਾ-ਸੁੱਚਤਾ ਨੂੰ ਮਾਣ ਦਿੱਤਾ ਹੈ। ਇਹ ਧਰਤੀ ਹੈ ਜਿੱਥੇ ਦੇ ਫ਼ਕੀਰ ਰਾਜੇ ਨੂੰ ਪਰ੍ਹਾਂ ਹੋ ਖੜੋਣ ਅਤੇ ਧੁੱਪ ਛੱਡਣ ਦਾ ਬੋਲ ਬੇਖੌਫ਼ ਹੋ ਬੋਲਦੇ ਹਨ, ਪੰਜਾਬੀਆਂ ਨੇ ਬਾਦਸ਼ਾਹ ਦਰਵੇਸ਼ਾਂ ਨੂੰ ਲੋਕ-ਨਾਇਕ ਮੰਨਿਆ ਹੈ।

ਤਿਆਗਵਾਦੀ ਜੀਵਨ ਫ਼ਲਸਫ਼ਾ[ਸੋਧੋ]

ਪੰਜਾਬੀ ਸੱਭਿਆਚਾਰ ਦੀ ਇੱਕ ਹੋਰ ਖ਼ਾਸੀਅਤ ਇਹ ਹੈ ਕਿ ਇਹ ਤਿਆਗਵਾਦੀ ਜੀਵਨ-ਫ਼ਲਸਫ਼ੇ ਨੂੰ ਪ੍ਰਵਾਨ ਨਹੀਂ ਕਰਦਾ। ਇਹ ਜੀਵਨ ਨੂੰ ਸੱਚਾ-ਸੁੱਚਾ ਮੰਨਦੇ ਹੋਏ ਇਸ ਵਿੱਚ ਮਨੁੱਖੀ ਵਡਿੱਤਣ ਸਿਰਜਣ ਦਾ ਮੱਤ ਪੇਸ਼ ਕਰਦਾ ਹੈ। ਇਸ ਜੀਵਨ, ਮਨੁੱਖ ਤੇ ਸੰਸਾਰ ਨੂੰ ਸੱਚਾ ਮੰਨਣ ਕਾਰਨ ਪੰਜਾਬੀਆਂ ਦੇ ਸਾਰੇ ਕਾਰ-ਵਿਹਾਰ, ਆਦਰਸ਼ ਅਤੇ ਮਨੋਰਥ ਮਨੁੱਖ ਕੇਂਦਰਿਤ ਬਣਦੇ ਗਏ। ਇਸੇ ਕਰਕੇ ਪੰਜਾਬੀ ਸੱਭਿਆਚਾਰ ਵਿੱਚ ਜੀਵਨ ਨੂੰ ਜਿਊਣ ਦੀ ਇੱਛਾ ਅਤੇ ਸ਼ਕਤੀ ਨੂੰ ਕੇਂਦਰੀ ਸਥਾਨ ਪ੍ਰਾਪਤ ਹੈ। ਭਰਪੂਰ ਜੀਵਨ ਲਈ ਸੰਘਰਸ਼ ਪੰਜਾਬੀਆਂ ਦਾ ਖ਼ਾਸਾ ਹੈ। 'ਖਾਧਾ ਪੀਤਾ ਲਾਹੇ ਦਾ' ਦੀ ਧਾਰਨਾ ਇਸੇ ਹੀ ਜੀਵਨ ਅਨੁਭਵ ਦਾ ਨਿਚੋੜ ਹੈ। ਪੰਜਾਬੀਆਂ ਦਾ ਪਹਿਰਾਵਾ, ਰੀਤਾਂ, ਹਾਰ-ਸ਼ਿੰਗਾਰ ਅਤੇ ਲੋਕ-ਗੀਤ ਪੰਜਾਬੀ ਸੱਭਿਆਚਾਰ ਦੀ ਰੰਗੀਲੀ ਤਸਵੀਰ ਉਲੀਕਦੇ ਹਨ। ਜ਼ਿੰਦਗੀ ਦੇ ਹਰ ਮੌਕੇ ਲਈ ਰੌਚਕ ਰੀਤਾਂ ਦੀ ਲੜੀ ਹਰੇਕ ਪੰਜਾਬੀ ਧਰਤੀ ਨੂੰ ਆਪਣੀ ਅਤੇ ਭਾਈਚਾਰੇ ਨਾਲ ਪਰੋਈ ਰੱਖਦੀ ਹੈ।[4]

ਜਾਤ ਪ੍ਰਬੰਧ ਅਤੇ ਪੰਜਾਬੀ ਸਭਿਆਚਾਰ[ਸੋਧੋ]

ਭਾਰਤ ਵਿਚ ਜਾਤ-ਪਾਤ ਦੀ ਤਕਸੀਮ ਸਦੀਆ ਤੋਂ ਚੱਲੀ ਆ ਰਹੀ ਹੈ ।ਇਹ ਅਦਾਰਾ ਆਪਣੀ ਸਮਾਜੀ ਜਕੜ ਵਿਚ ਇਕ ਕਰੜਾ ਸ਼ਕਤੀਸ਼ਾਲੀ ਅਬਦਲ ਨਾਮ ਹੈ, ਜਿਸਦਾ ਆਪਣਾ ਹੀ ਸੰਭਵ ਕਾਨੂੰਨ ਹੈ ਅਤੇ ਦੁਨੀਆ ਭਰ ਵਿਚ ਕਿਸੇ ਵੀ ਸਮਾਜ ਦਾ ਆਧਾਰ ਅਜਿਹਾ ਵਿਖਾਈ ਨਹੀ ਦਿੰਦਾ।ਜਾਤ- ਪਾਤ ਸਿਧਾਂਤ ਦਾ ਕੀ ਪਿਛੋਕੜ ਹੈ ਅਤੇ ਇਹ ਕਿਵੇ ਹੋਂਦ ਵਿੱਚ ਆਇਆ ਇਸਦਾ ਕੋਈ ਤਸੱਲੀਬਖਸ਼ ਉੱਤਰ ਨਹੀ ਹੈ ।ਇਤਿਹਾਸਿਕ ਪੱਖੋਂ ਆਰੀਆ ਅਤੇ ਧਾਰਮਿਕ ਪੱਖੋਂ ਬ੍ਰਾਹਮਣ ਲੋਕ ਇਸ ਨਿਜਾਮ ਦੇ ਜਨਮਦਾਤਾ ਹਨ ।ਜਿੰਨਾ ਰੰਗ ਅਤੇ ਨਸਲੀ ਆਧਾਰ ਤੇ ਸਮਾਜ ਦੀ ਵੰਡ ਕੀਤੀ ਅਤੇ ਆਪਣੇ ਆਪ ਨੂੰ ਭਾਰਤ ਦੇ ਅਸਲ ਵਸਨੀਕਾ ਤੋਂ ਅਲੱਗ ਅਤੇ ਉੱਚਾ ਰੱਖਣ ਦੀ ਅਜਿਹੀ ਬੁਨਿਆਦ ਰੱਖੀ । ਕਈ ਸਿਆਣੇ ਕਹਿੰਦੇ ਹਨ ਕਿ ਜਾਤ ਪਾਤ ਦੀ ਆਧਾਰਸ਼ਿਲਾ ਪੇਸ਼ਾ ਹੈ ।ਜਾਤ -ਪਾਤ ਦੇ ਨਿਜਾਮ ਨੂੰ ਪੱਕੀ ਆਧਾਰਸ਼ਿਲਾ ਦੇਣ ਲਈ ਹਿੰਦੂ ਸਮਾਜ ਦੇ ਮੁਖੀ ਬ੍ਰਾਹਮਣ ਨੇ ਜਾਤ- ਪਾਤ ਦੇ ਕਾਨੂੰਨ ਨੂੰ ਧਾਰਮਿਕ ਰੰਗ ਦੇ ਦਿੱਤਾ ।ਚੰਗੇ ਤੇ ਬੁਰੇ ਕੰਮ ਹੁਣ ਚੰਗੀ ਤੇ ਮਾੜੀ ਜਾਤ ਦੇ ਕਰਤਾ ਧਰਤਾ ਬਣਨ ਲੱਗੇ। ਸਿੱਖ ਧਰਮ ਅਤੇ ਇਸਲਾਮ ਦੇ ਆਉਣ ਨਾਲ ਜਾਤ-ਪਾਤ ਦੇ ਨਿਜਾਮ ਨੂੰ ਵੱਡੀ ਸੱਟ ਲੱਗੀ ।[5] ਪੰਜਾਬ ਸ਼ਬਦ ਪੰਜਾਬੀ ਦੇ ਪੰਜ ਅਤੇ ਫਾਰਸੀ ਦੇ ਸ਼ਬਦ ਆਬ ਭਾਵ ਪਾਣੀ ਦੇ ਮੇਲ ਤੋਂ ਬਣਿਆ ਹੈ ।ਇਹ ਪੂਰਬ ਵਿਚ ਸਤਲੁਜ ਤੋਂ ਲੈ ਕੇ ਪੱਛਮ ਵਿਚ ਜਿਹਲਮ ਨਦੀ ਵਿਚਲੀ ਧਰਤੀ ਵੱਲ ਸੰਕੇਤ ਕਰਦਾ ਹੈ ।ਇਸੇ ਤਰ੍ਹਾ ਪੰਜਾਬ ਦੇ ਵਿਚ ਭਿੰਨ -ਭਿੰਨ ਜਾਤਾਂ ਸੰਬੰਧੀ ਅਖੌਤਾ ਹਨ।ਜਿਵੇ ਕਿ :1)ਜੱਟ ਭਾਵੇਂ ਅੱਟੀ ਤਾਂ ਕਿਰਾੜ ਚੜ੍ਹਾਵੇ ਵੱਟੀ।2)ਬਾਣੀਏ ਦੀ ਮੁੱਛ ਦਾ ਕੁਝ ਨਾ ਗਿਆ, ਪਰ ਪਠਾਨ ਨੇ ਸਾਰਾ ਟੱਬਰ ਮਾਰ ਲਿਆ ।[6] ਹਿੰਦੁਸਤਾਨੀ ਸਮਾਜ ਨੂੰ ਸਮਝਣ ਦਾ ਤਰੀਕਾ ਇਸਦੀ ਜਾਤ ਪ੍ਰਣਾਲੀ ਹੈ ।

ਪੰਜਾਬ ਵਿਚ ਹੋਰ ਸਮਾਜਿਕ ਪ੍ਰਣਾਲੀਆਂ ਵਾਂਗ ਜਾਤ ਪ੍ਰਣਾਲੀ ਇੰਨੀ ਜਟਿਲ ਨਹੀ ਜਿੰਨੀ ਕਿ ਹੋਰ ਭਾਗਾਂ ਵਿੱਚ ਹੈ ।ਏਥੇ ਬ੍ਰਾਹਮਣਾ ਦੀ ਥਾਂ ਸਭ ਤੋਂ ਉੱਚੀ ਨਹੀ ।ਇਹ ਦਰਜਾਬੰਦੀ ਜਮੀਨ, ਧਨ,ਦੌਲਤ,ਗਿਣਤੀ, ਸਰੀਰਿਕ ਅਤੇ ਰਾਜਨੀਤਿਕ ਸੱਤਾ ਆਦਿ ਵਰਗੀਆਂ ਇਸ ਦੁਨੀਆ ਦੀਆਂ ਦੀਆਂ ਦੌਲਤਾਂ ਦੇ ਆਧਾਰ ਤੇ ਕੀਤੀ ਜਾਂਦੀ ਹੈ ।ਇਸੇ ਕਾਰਨ ਸਮਕਾਲੀਨ ਪੰਜਾਬ ਵਿਚ ਜੱਟਾਂ ਦੀ ਥਾਂ ਉੱਚੀ ਮੰਨੀ ਗਈ ਹੈ ।ਜਾਤਾਂ ਵਿਚ ਵਿਆਹ ਦੀ ਪ੍ਰਥਾ ਇੰਨੀ ਪੱਕੀ ਨਹੀ ।ਜਾਤਾਂ ਵਿਚ ਹੱਦਾਂ ਕਮਜ਼ੋਰ ਹੋਣ,ਸਿੱਖ ਮਤ ਦੁਆਰਾ ਸੁਚੇਤ ਤੌਰ ਤੇ ਜਾਤ ਪ੍ਰਣਾਲੀ ਖਤਮ ਕਰਨ ਦੇ ਯਤਨਾਂ ਅਤੇ ਇਸ ਖੇਤਰ ਵਿੱਚ ਮਰਦਾਂ ਮੁਕਾਬਲੇ ਇਸਤਰੀਆਂ ਦੀ ਗਿਣਤੀ ਨਾਲੋਂ ਘੱਟ ਹੋਣ ਕਾਰਨ ਅੰਤਰਜਾਤ ਵਿਆਹ ਨਹੀ ਹੁੰਦੇ ਸਗੋਂ ਹਿਮਾਚਲ, ਯੂਰਪੀ, ਉੜੀਸਾ ਤੋਂ ਇਸਤਰੀਆਂ ਵਿਆਹ ਕਰਵਾ ਕੇ ਲਿਆਂਦੀਆਂ ਦਾ ਰਹੀਆ ਹਨ।ਜਾਤ ਪ੍ਰਣਾਲੀ ਹੋਰਨਾਂ ਖੇਤਰਾਂ ਤੋਂ ਘੱਟ ਹੋਣ ਦੇ ਕਾਰਨ ਵੀ ਮਿਲਦੇ ਹਨ ਵੱਖ -ਵੱਖ ਧਾੜਾਂ ਦਾ ਦਾਖਲਾ, ਸਿੱਖ ਮਤਲਬ ਦਾ ਭਾਈਚਾਰਕ ਰਵੱਈਆ, ਸਰਮਾਏਦਾਰੀ ਦਾ ਤੇਜ ਵਿਕਾਸ ਆਦਿ ।ਹੋਰ ਵੀ ਜਾਤ ਪ੍ਰਣਾਲੀਆਂ ਹਨ।ਜਿਵੇਂ 1)ਪੁਜਾਰੀ ਜਾਤਾਂ -ਬਰਾਮਣ 2) ਕਿਰਸਾਨੀ-ਜੱਟ,ਰਾਜਪੂਤ,3) ਵਪਾਰੀ -ਅਰੋੜੇ, ਖੱਤਰੀ, ਬਾਣੀਏ 4) ਦਮਤਗਾਰ-ਰਾਮਗੜੀਏ ,ਅਨੁਸੂਚਿਤ -ਚਾਰ, ਚੂਹੜੇ।[7]

ਪੰਜਾਬੀ ਸਭਿਆਚਾਰ ਦਾ ਨਸਲੀ ਪਿਛੋਕੜ[ਸੋਧੋ]

ਪੰਜਾਬੀ ਸਭਿਆਚਾਰ ਦੀ ਪਛਾਣ ਦਾ ਇਕ ਮਹੱਤਵਪੂਰਨ ਪਾਸਾਰ ਇਸਦੇ ਨਸਲੀ ਪਿਛੋਕੜ, ਬਣਤਰ ਅਤੇ ਸਰੂਪ ਦਾ ਹੈ। ਪੰਜਾਬੀ ਸਭਿਆਚਾਰ ਦੇ ਹੋਂਦਮੂਲਕ ਪੰਜਾਬੀ ਸ਼ਖ਼ਸੀਅਤ ਦੇ ਖਾਸੇ ਮੂਲ ਮਾਨਸਿਕ ਸਰੰਚਨਾ ਤੇ ਪੰਜਾਬੀ ਨਕਸ਼ ਇਸ ਨਸਲੀ ਸੰਗਮ ਦੇ ਅਹਮ ਵਰਤਾਰੇ ਹਨ।[8]

ਪੰਜਾਬ ਦੇ ਪ੍ਰਾਚੀਨ ਰਾਜਸੀ ਇਤਿਹਾਸ ਖਾਸਕਰ ਪੂਰਵ ਦਰਾਵੜ ਦੌਰ ਸੰਬੰਧੀ ਸਾਡੇ ਸ੍ਰੋਤ ਸਿਰਫ ਆਵਸ਼ੇਸ਼ਾਂ ਤੇ ਆਧਾਰਿਤ ਹੋਣ ਕਾਰਨ ਇਸਦੇ ਨਸਲੀ ਪਿਛੋਕੜ ਬਾਰੇ ਪ੍ਰਮਾਣਿਕ ਨਿਰਣਾ ਕਰਨਾ ਕਾਫ਼ੀ ਔਖਾ ਹੈ। ਪਹਿਲੇ ਬਾਸ਼ਿੰਦੇ ਆਦਿ, ਆਸਟਰਿਕ, ਫਿਰ ਦਰਾਵੜੀ ਨਸਲ ਦੇ ਹੀ ਮੰਨੇ ਜਾਂਦੇ ਹਨ।[9]

ਦਰਾਵੜਾਂਂ ਦੀ ਸਿੰਧ ਘਾਟੀ ਸਭਿਅਤਾ ਆਪਣੇ ਸਮੇਂ ਦੀ ਇਸ ਵਿਕਸਿਤ ਨਗਰ ਸਭਿਅਤਾ ਸੀ। ਸਿੰਧ ਘਾਟੀ ਦੀ ਸਭਿਅਤਾ ਦੀ ਉਚਿਤ ਪਛਾਣ ਅਤੇ ਪ੍ਰਮਾਣਿਕ ਰੂਪ ਤਾਂਂ ਸਿਰਫ ਖੁਦਾਈ ਉਪਰੰਤ ਪ੍ਰਾਪਤ ਪੁਰਾਣੀਆਂ ਲੱਭਤਾਂ ਤੋਂ ਪ੍ਰਾਪਤ ਹੋਈ ਹੈ। ਜਿਸਤੋਂ ਇਸਦੇ ਅਤਿ ਵਿਕਸਿਤ ਨਗਰੀ ਚੰਗੇਰੀਆਂ ਸਹੂਲਤਾਂ ਵਾਲੇ, ਸੁਨਿਯਮਿਤ ਵਿਉਂਤ ਅਤੇ ਵਡੇਰੇ ਖੇਤਰਾਂ ਵਿਚ ਪਸਰੇ ਹੋਣ ਦੇ ਪ੍ਰਮਾਣ ਉਪਲਬਧ ਹਨ।[10]

ਪੰਜਾਬੀ ਸਭਿਆਚਾਰ ਦੇ ਪ੍ਰਸੰਗ ਵਿਚ ਮਹੱਤਵਪੂਰਨ ਤੱਥ ਇਹ ਹੈ ਕਿ ਬ੍ਰਾਹਮਣੀ ਸਭਿਆਚਾਰ ਬਣਤਰ ਵਿਚ ਨਿਮਨ ਸ਼੍ਰੇਣੀਆਂ ਨਾਲ ਇਨ੍ਹਾਂ ਦੇ ਮਿਲਣ ਦੀ ਪ੍ਰਕਿਰਿਆ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਦਾਸ ਬਣਾ ਕੇ ਰੱਖੇ ਉਪਵਰਗਾਂ ਨੂੰ ਹੀ ਸਹਿਜੇ ਸਹਿਜੇ ਅਤਿ ਨੀਵਾਂ ਰੁਤਬਾ, ਜ਼ਾਲਮਾਨਾ ਵਹਿਸ਼ਤ ਭਰਿਆ ਵਿਹਾਰ ਕਠੋਰ ਬੰਧਨਮਈ ਜੀਵਨ ਵਿਚ ਨਰੜਿਆ ਗਿਆ ਹੈ।[11]

ਪੰਜਾਬੀ ਸਭਿਆਚਾਰ ਦਾ ਕੇਂਦਰੀ ਪ੍ਰੇਰਣਾ ਸਰੋਤ ਰਿਗਵੈਦਿਕ ਆਰਿਆਈ ਪਰੰਪਰਾ ਹੈ। ਪੰਜਾਬੀ ਸਭਿਆਚਾਰ ਪ੍ਰਤੀ ਸਹੀ ਇਤਿਹਾਸਿਕ ਦ੍ਰਿਸ਼ਟੀ ਦਾ ਪ੍ਰਮਾਣ ਨਹੀਂ। ਪੰਜਾਬੀ ਸਭਿਆਚਾਰ ਦਾ ਉਦੈ ਉੱਤਰ-ਹੜੱਪਾ ਯੁਗ ਵਿਚ ਪੰਜਾਬ ਦੇ ਆਰਿਆਈਕਰਣ ਤੋਂ ਸ਼ੁਰੂ ਹੁੰਦਾ, ਇਹ ਧਾਰਨਾ ਪੰਜਾਬੀ ਸਭਿਆਚਾਰ ਦੇ ਇਤਿਹਾਸਕ ਵਿਕਾਸ, ਮੂਲ ਖਾਸੇ, ਬਣਤਰ ਅਤੇ ਕੀਮਤ-ਪ੍ਰਬੰਧ ਦੀ ਦ੍ਰਿਸ਼ਟੀ ਤੋਂ ਤਰਕਸੰਗਤ ਅਤੇ ਉਚਿਤ ਨਹੀਂ।[12]

ਭਾਰਤੀ ਸਭਿਆਚਾਰ ਬਣਤਰ ਵਿਚੋਂ ਹੀ ਜਨਮਿਆਂ ਵਿਕਸਿਆ ਹੈ, ਪਰ ਇਹ ਪੁਰਾਣੀ ਸਭਿਆਚਾਰਕ ਬਣਤਰ ਨਾਲ ਬੁਨਿਆਦੀ ਟਾਕਰਾ, ਕਠੋਰ ਸੰਘਰਸ਼ ਤੇ ਰੱਦਣ ਦੇ ਅਮਲ ਵਿਚੋਂ ਹੀ ਨਵਾਂ ਮੁਹਾਂਦਰਾ ਘੜਦਾ ਹੈ।

ਪੰਜਾਬੀ ਸਭਿਆਚਾਰ ਅਤੇ ਸੰਪਰਦਾਇਕਤਾ[ਸੋਧੋ]

ਮਨੁੱਖ ਨਸਲ ਦੀਆਂ ਹਰ ਤਰ੍ਹਾਂ ਦੀਆਂ ਘਾੜਤਾਂ,ਪ੍ਰਾਪਤੀਆਂ, ਅਪ੍ਰਾਪਤੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਸਮਾਧਾਨ ਹਰ ਹਾਲਤ ਵਿੱਚ ਉਸ ਸਭਿਆਚਾਰ ਦੀ ਹੀ ਪੈਦਾਵਾਰ ਹੁੰਦੇ ਹਨ। ਮਨੁੱਖ ਆਪਣੀ ਸਮਾਜਿਕ ਹੋਂਦ ਸਦਕੇ ਹੀ ਸ੍ਰਿਸ਼ਟੀ ਦੇ ਚੁਰਾਸੀ ਲੱਖ ਕਿਸਮ ਦੇ ਜੀਵ ਜੰਤੂਆਂ,ਪਸ਼ੂ ਪੰਛੀਆਂ ਅਤੇ ਹੋਰ ਜਾਨਦਾਰ ਜਾਤੀਆਂ ਨਾਲੋਂ ਵੱਖਰਾ ਸਰੂਪ ਧਾਰਨ ਕਰ ਸਕਿਆ ਹੈ। ਮਨੁੱਖੀ ਨਸਲ ਨੂੰ ਇਹ 'ਵਿਲੱਖਣਤਾ'ਅਤੇ'ਸ਼੍ਰੇਸਟਤਾ' ਪ੍ਰਦਾਨ ਕਰਨ ਵਾਲਾ ਗੁਣ ਨਿਰਸੰਦੇਹ, ਉਸਦਾ ਸਭਿਆਚਾਰ ਹੀ ਹੈ। ਭਾਰਤੀ ਸਭਿਆਚਾਰ ਦੀ 'ਵਿਚਿੱਤਰਤਾ', 'ਵਿਲੱਖਣਤਾ' ਅਤੇ'ਸ੍ਰੇਸ਼ਟਤਾ'ਉਂਜ ਤਾਂ ਅਨੇਕਾਂ ਗੁਣ ਲੱਛਣਾਂ ਸਦਕਾ ਮੰਨੀ ਜਾਦੀ ਹੈ,ਪਰੰਤੂ ਭਾਰਤੀ ਸਭਿਆਚਾਰ ਨੇ ਕੌਮਾਂਤਰੀ ਪੱਧਰ ਉਤੇ ਜਿਸ ਵਿਸ਼ੇਸ਼ਤਾ ਕਾਰਨ,ਵਧੇਰੇ ਮਾਣ ਵਡਿਆਈ ਪ੍ਰਾਪਤ ਕੀਤੀ ਹੈ ।ਉਹ ਗੁਣ ਹੈ, ਇਸਦਾ 'ਅਨੇਕਤਾ'ਵਿੱਚ'ਏਕਤਾ'ਦਾ ਸਰੂਪ।ਪ੍ਰਾਚੀਨ ਕਾਲ ਤੋਂ ਹੀ ਭਾਰਤ ਅਨੇਕ 'ਜਨਪਦਾਂ',ਗਣਾਂ, ਭੂ-ਖੰਡਾਂ, ਭਾਸ਼ਾਵਾਂ, ਧਰਮਾਂ ਜਾਤਾਂ, ਉਪਜਾਤਾਂ, ਮੂੰਹੀਆਂ, ਗੋਤਾਂ, ਫ਼ਿਰਕਿਆਂ,ਕਬੀਲਿਆਂ, ਨਦੀਆਂ, ਦਰਿਆਵਾਂ, ਸਮਾਜਿਕ ਸਮੂਹਾਂ, ਉਪ-ਸਮੂਹ ਅਤੇ ਰਾਜਨੀਤਕ ਸੰਗਠਨਾਂ ਦਾ ਇਕ ਅਜਿਹਾ ਸਮੁੱਚਾ ਰਿਹਾ ਹੈ, ਜਿਹੜਾ ਵਿਸ਼ਵ ਦੇ ਸੂਝਵਾਨ ਲੋਕਾਂ ਲਈ ਸਦਾ ਹੀ ਹੈਰਾਨੀ ਦਾ ਕਾਰਨ ਬਣਿਆ ਹੈ।ਭਾਰਤੀ ਸਭਿਆਚਾਰ ਇੰਨਾ ਬਲਵਾਨ ਰਿਹਾ ਹੈ ਕਿ ਇਹ ਕਿਸੇ ਵੀ ਵਿਰੋਧੀ ਸਭਿਆਚਾਰ ਨੂੰ ਗਲਵਕੜੀ ਵਿੱਚ ਲੈ ਕੇ ਖ਼ਤਮ ਕਰ ਦੇਣ ਦੀ ਸਮਰੱਥਾ ਰਿਹਾ ਹੈ।ਪੰਜਾਬ, ਇਸੇ ਵਿਸ਼ਾਲ ਸਭਿਆਚਾਰ ਦਾ ਉਪ-ਸਭਿਆਚਾਰ ਖਿੱਤਾ ਹੋਣ ਦਾ ਮਾਣ ਰੱਖਦਾ ਹੈ।ਆਰੀਆ ਜਾਤੀ ਤੋਂ ਬਾਅਦ ਲੰਬੇ ਸਮੇਂ ਤੱਕ ਕੋਈ ਵੀ ਅਜਿਹੀ ਹਮਲਾਵਰ ਜਾਤੀ ਇੱਥੇ ਪ੍ਰਵੇਸ਼ ਨਹੀਂ ਕਰ ਸਕੀ ,ਪ੍ਰਾਚੀਨ ਭਾਰਤੀ ਸਭਿਆਚਾਰ ਅੰਦਰ ਕਿਤੇ ਵੀ ਫ਼ਿਰਕੂ ਜਾਂ ਸੰਪਰਦਾਇਕ ਰੰਗਤ ਨਜ਼ਰ ਨਹੀਂ ਆਉਂਦੀ।ਇਸਲਾਮੀ ਕੱਟੜਤਾ ਦਾ ਪ੍ਰਤਿਕਰਮ ਇਹ ਹੋਇਆ ਕਿ ਹਿੰਦੁਸਤਾਨ ਦੇ ਲੋਕਾਂ ਨੇ ਵੀ ਮੁਸਲਮਾਨਾਂ ਨੂੰ 'ਮਲੇਛ'ਜਾਂ 'ਯਵਨ'ਕਹਿ ਕੇ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ।ਭਾਰਤੀ ਸਭਿਆਚਾਰ ਅੰਦਰ ਹਿੰਦੂਆ ਨੇ ਵੀ ਮੁਸਲਮਾਨਾਂ ਨੂੰ ਉਹੀ ਦਰਜਾ ਦਿੱਤਾ,ਜਿਹੜਾ ਉਹ ਅਛੂਤਾਂ ਨੂੰ ਦੇ ਰਹੇ ਸਨ। ਜਿਸ ਭਾਂਡੇ ਵਿੱਚ ਮੁਸਲਮਾਨ ਖਾਣਾ ਖਾ ਲੈਂਦਾ ਸੀ ਉਹ ਤੋੜ ਦਿੱਤਾ ਜਾਂਦਾ ਸੀ। ਮੁਸਲਮਾਨ ਜਾਤੀ ਦੀ ਆਮਦ ਨੇ ਸਭਿਆਚਾਰ ਦਾ ਸਭ ਤੋਂ ਵੱਡਾ ਨੁਕਸਾਨ ਇਹ ਕੀਤਾ ਕਿ ਇਹਨਾਂ ਨੇ ਹਿੰਦੁਸਤਾਨੀਆ ਦੇ ਮਨਾਂ ਅੰਦਰ ਸੰਪਰਦਾਇਕਤਾ ਦੀ ਕੁੜੱਤਣ ਪੈਦਾ ਕਰ ਦਿੱਤੀ। ਨਿਸ਼ਚੇ ਹੀ ਧਾਰਮਿਕ ਦਵੈਸ਼ ਅਤੇ ਫਿਰਕੂ ਸੋਚ ਸੱਭਿਆਚਾਰ ਦੀ ਖਾਸੀਅਤ ਕਦੇ ਵੀ ਨਹੀਂ ਬਣੀ ਸਗੋਂ ਇਹ ਮੁਸਲਿਮ ਸੰਪਰਦਾਇਕਤਾ ਦੀ ਦੇਣ ਰਹੀ ਹੈ। ਕਬੀਰ ਜੀ ਨੇ ਕਿਹਾ ਸੀ:-

                              ਹਿੰਦੂ ਕਹਤ ਹੈ ਰਾਮ ਹਮਾਰਾ, ਮੁਸਲਮਾਨ ਰਹਿਮਾਨਾ।
                              ਆਪਸ ਮੇਂ ਦੋਊ ਲੜੇ ਮਰਤ ਹੈਂ, ਭੇਦ ਨਾ ਕੋਈ ਜਾਨਾ।

ਮੁਸਲਮਾਨ ਜਨਤਾ ਨੇ ਭਾਰਤ ਨੂੰ ਪੂਰੀ ਤਰ੍ਹਾਂ ਆਪਣਾ ਦੇਸ਼ ਮੰਨ ਲਿਆ ਅਤੇ ਇਸ ਧਰਤੀ ਨੂੰ ਆਪਣੀ ਜਨਮਭੂਮੀ ਮੰਨ ਕੇ ਇਸਦੀ ਰੱਖਿਆ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ। ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਅੰਗਰੇਜ਼ ਸਾਮਰਾਜ ਨੇ ਹਮਲਾ ਕੀਤਾ ਤਾਂ ਇੱਕ ਮੁਸਲਮਾਨ ਕਵੀ ਕੁਰਲਾ ਉੱਠਿਆ ਸੀ। ਉਹ ਹਿੰਦੂ-ਮੁਸਲਮਾਨਾਂ ਨੂੰ 'ਸਾਂਝੇ ਵਿਰਸੇ'ਦੀ ਪੈਦਾਵਾਰ ਮੰਨਦਾ ਤੇ ਅੰਗਰੇਜਾਂ ਨੂੰ 'ਤੀਸਰੀ ਜਾਤ'ਆਖ ਕੇ ਲਿਖਦਾ ਹੈ:-

   
                             ਸ਼ਾਹ ਮੁਹੰਮਦਾ,ਵਿਚ ਪੰਜਾਬ ਦੇ ਜੀ,
                             ਕਦੇ ਨਹੀ ਸੀ ਤੀਸਰੀ ਜਾਤ ਆਈ।

'ਤੀਜਾ ਰਲਿਆ ਕੰਮ ਗਲਿਆ'ਦੀ ਲੋਕ ਉਕਤੀ ਅਨੁਸਾਰ ਅੰਗਰੇਜ਼ਾ ਦੀ ਆਦਮ ਨਾਲ ਫ਼ਿਰਕੂ ਕੁੜੱਤਣ ਫਿਰ ਤੋਂ ਵਧੇਰੇ ਖ਼ਤਰਨਾਕ ਰੂਪ ਵਿੱਚ ਪਨਪਣ ਲੱਗ ਪਈ।ਬਰਤਾਨਵੀ ਸ਼ਾਸਕਾਂ ਦੀ 'ਪਾੜੋ ਤੇ ਰਾਜ ਕਰੋ 'ਦੀ ਕੁਟਿਲ ਨੀਤੀ ਦੇ ਅੰਤਰਗਤ ਸਭਿਆਚਾਰ ਅੰਦਰ ਫ਼ਿਰਕੂ ਸੋਚ ਫਿਰ ਤੋਂ ਜ਼ੋਰ -ਸ਼ੋਰ ਨਾਲ ਉਭਰਨੀ ਸ਼ੁਰੂ ਹੋ ਗਈ।ਇਸ ਸਮੇਂ ਦੀ ਫ਼ਿਰਕੂ ਸੋਚ 'ਨਫ਼ਰਤ 'ਜਾਂ 'ਸਾੜੇ'ਤੱਕ ਸੀਮਿਤ ਨਾ ਰਹਿ ਕੇ ਭਿਆਨਕ, ਜਾਨ ਲੇਵਾ ਦੁਸ਼ਮਣੀ ਤੱਕ ਖ਼ਤਰਨਾਕ ਰੂਪ ਅਖ਼ਤਿਆਰ ਕਰ ਗਈ ਸੀ।ਸਭਿਆਚਾਰ ਨੂੰ ਖੋਰਾ ਲਾਉਣ ਦਾ ਹਰ ਸੰਭਵ, ਅਸੰਭਵ ਯਤਨ ਕੀਤਾ।ਅੰਗਰੇਜ਼ੀ ਪੜ੍ਹੇ-ਲਿਖੇ ਹਿੰਦੂ -ਸਿੱਖ ਨੌਜਵਾਨ ਸਾਰੀਆਂ ਦਿਸ਼ਾਵਾਂ ਤੋਂ ਮੁੜ ਕੇ ਪੱਛਮ ਵੱਲ ਆਕਰਸ਼ਿਤ ਹੋਣ ਲੱਗ ਪਏ ਸਨ।ਭਾਰਤ ਦਾ ਨਵਾਂ ਪੜ੍ਹਿਆ -ਲਿਖਿਆ ਵਰਗ ਪਾਂਡੇ, ਪ੍ਰੋਹਤਾਂ ਦੇ ਅੰਧ -ਵਿਸ਼ਵਾਸ ਭਰੇ ਕਰਮਕਾਂਡ ਤੋਂ ਉਕਤਾ ਚੁੱਕਿਆ ਸੀ।ਘੋਰ ਨਿਰਾਸ਼ ਦੀ ਇਸ ਹਾਲਤ ਵਿੱਚ ਬ੍ਰਹਮੋ ਸਮਾਜ ਦੇ ਰੂਪ ਵਿੱਚ ਜਾਗ੍ਰਿਤੀ ਦੀ ਇਕ ਨਵੀਂ ਕਿਰਨ ਉਭਰਦੀ ਸ਼ੁਰੂ ਹੋਈ।

ਭਾਰਤ ਅੰਦਰ ਬ੍ਰਹਮੋ ਸਮਾਜ,ਆਰੀਆਂ ਸਮਾਜ,ਮੁਸਲਿਮ ਲੀਗ,ਅਤੇ ਸਿੰਘ ਲਹਿਰ ਵਰਗੇ ਸੰਗਠਿਨ ਅਸਲ ਵਿੱਚ ਈਸਾਈ ਮਿਸ਼ਨਰੀਆਂ ਦੇ ਵਿਰੋਧ ਲਈ ਹੀ ਹੋਂਦ ਵਿੱਚ ਆਏ ਸਨ ਇਸ ਵਿਰੋਧ ਦਾ ਅਸਰ ਸਭਿਆਚਾਰ ਉਪਰ ਵੀ ਹੋਇਆ ਜਿਵੇਂ ਭਾਈ ਵੀਰ ਸਿੰਘ ਨੇ ਆਪਣੇ ਨਾਵਲਾਂ(ਸੁੰਦਰੀ,ਵਿਜੈ ਸਿੰਘ,ਆਦਿ)ਵਿੱਚ ਸਿੱਖ ਭਾਈਚਾਰੇ ਨੂੰ ਬਾਕੀ ਲੋਕਾਂ ਦੇ ਮੁਕਾਬਲੇ ਵਧੇਰੇ ਉੱਚੇ-ਸੁੱਚੇ ਕਿਰਦਾਰਾਂ ਦੇ ਧਾਰਨੀ ਬਣਾ ਕੇ ਪੇਸ਼ ਕੀਤਾ ਹੈ।ਇਸ ਤੋਂ ਇਲਾਵਾ ਨਾ ਮਿਲਵਰਤਨ ਅੰਦੋਲਨ ਤੋ ਮਗਰੋਂ ਭਾਰਤ ਅੰਦਰ ਫਿਰਕੂ ਫਸਾਦਾਂ ਦੀ ਗਿਣਤੀ ਲਗਾਤਾਰ ਵਧਦੀ ਗਈ ਇਸ ਤਰ੍ਹਾਂ ਸਮੇਂ ਸਮੇਂ ਉੱਪਰ ਬਣੀਆਂ ਵੱਖ ਵੱਖ ਸੰਪਰਦਾਵਾਂ ਨੇ ਸਭਿਆਚਾਰ ਉੱਪਰ ਆਪਣਾ ਪ੍ਰਭਾਵ ਛੱਡਿਆ[13]

ਸੱਭਿਆਚਾਰ ਅਤੇ ਦਰਸ਼ਨ[ਸੋਧੋ]

ਦਰਸ਼ਨ ਜਾਂ ਫਿਲਾਸਫੀ ਅਜਿਹਾ ਅਨੁਸਾਸ਼ਨ ਹੈ, ਜਿਸ ਵਿੱਚ ਜੀਵਨ ਦੇ ਗਹਿਰਾ ਗੰਭੀਰ ਮਸਲੇ ਵਿਚਾਰੇ ਜਾਂਦੇ ਹਨ ਜਿਵੇਂ੍ਰ ਬ੍ਰਹਮ, ਸ਼੍ਰਿਸਟੀ,ਆਤਮਾ,ਜੀਵ ਆਦਿ। ਇਹ ਜੀਵਨ ਦੇ ਅਜਿਹੇ ਪੱਖ ਹਨ ਜਿਨ੍ਹਾ ਬਾਰੇ ਦਰਸ਼ਨ-ਸ਼ਾਸਤਰ ਵਿਸਥਾਰਪੂਰਵਕ ਚਰਚਾ ਕਰਦਾ ਹੈ। ਬ੍ਰਹਮ ਅਤੇ ਸ੍ਰਿਸ਼ਟੀ ਦਾ ਪਰਸਪਰ ਸਬੰਧ ਦੋਵਾਂ ਦੀ ਵਿਲੱਖਣ ਹੋਂਦ ਦਾ ਮਸਲਾ ਜਾਂ ਇਨ੍ਹਾਂ ਦੀ ਉੱਤਪਤੀ ਦਾ ਸਵਾਲ,ਦਰਸ਼ਨ ਸ਼ਾਸਤਰ ਲਈ ਸਦਾ ਹੀ ਚੁਣੌਤੀ ਬਣਿਆ ਰਿਹਾ ਹੈ। ਰੱਬ ਨੇ ਮਨੁੱਖ ਦੀ ਸਿਰਜਨਾ ਕੀਤੀ ਹੈ? ਜਾਂ ਮਨੁੱਖ ਨੇ ਰੱਬ ਦੀ? ਦਰਸ਼ਨ ਇਸ ਗੱਲ ਤੇ ਸਦਾ ਸਵਾਲ ਉਠਾਉਂਦਾ ਰਿਹਾ ਹੈ। ਭਾਰਤੀ ਦਰਸ਼ਨ,ਧਰਮ,ਅਰਥ,ਕਾਮ ਅਤੇ ਮੋਕਸ਼ ਨੂੰ ਦੁਰਲੱਭ ਪਦਾਰਥ ਵਜੋਂ ਪੇਸ਼ ਕਰਦਾ ਰਿਹਾ ਹੈ,ਜਦਕਿ ਕਾਮ,ਕ੍ਰੋਧ, ਲੋਭ,ਮੋਹ, ਅਹੰਕਾਰ ਨੂੰ ਵਿਨਾਸ਼ਕਾਰੀ ਭਾਵ ਕਿਹਾ ਗਿਆ ਹੈ। 'ਕਾਮ' ਦੋਵਾਂ ਵਿੱਚ ਸਾਂਝਾ ਸੂਤਰ ਹੈ। 'ਕਾਮ' ਕਿਸ ਹਾਲਤ ਵਿੱਚ ਦੁਰਲੱਭ ਪਦਾਰਥ ਹੈ ਤੇ ਕਦੋਂ ਵਿਨਾਸ਼ਕਾਰੀ? ਇਸ ਸਵਾਲ ਦਾ ਜਵਾਬ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਜੁੜਿਆ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦਾ ਜੀਵਨ ਦਰਸ਼ਨ ਕਿਰਤ ਕਰੋ,ਨਾਮ ਜਪੋ ਅਤੇ ਵੰਡ ਛਕੋ ਨਾਲ ਜੁੜਿਆ ਹੋਇਆ ਹੈ। ਗੁਰਮਤਿ ਦਰਸ਼ਨ ਦਾ ਪ੍ਰਭਾਵ ਸਮੁੱਚੇ ਪੰਜਾਬੀ ਸੱਭਿਆਚਾਰ ਉੱਤੇ ਪਿਆ। ਸੱਭਿਆਚਾਰ ਦੇ ਅਨੁਕੂਲ ਹੀ ਸਮੁੱਚਾ ਗੁਰਮਤਿ ਦਰਸ਼ਨ ਕਿਰਿਆਸ਼ੀਲ ਹੁੰਦਾ ਹੈ। ਪੰਜਾਬੀ ਸੁਭਾਅ ਕਿਸੇ ਦੀ ਈਨ ਮੰਨਣ ਲਈ ਤਿਆਰ ਨਹੀਂ। ਪੰਜਾਬ ਨਾਲ ਸੰਬੰਧਿਤ ਇੱਕ ਵੀ ਭਗਤ ਜਾਂ ਸੂਰਮਾ ਅਜਿਹਾ ਨਹੀਂ ਜਿਸ ਨੇ ਪੰਜਾਬੀ ਸੱਭਿਆਚਾਰ ਦੀ ਇਸ ਕੇਂਦਰੀ ਕਦਰ ਦਾ ਪਾਲਣ ਨਾ ਕੀਤਾ ਹੋਵੇ। ਸੱਭਿਆਚਾਰ ਅਤੇ ਦਰਸ਼ਨ ਇੱਕ ਦੂਜੇ ਤੋਂ ਲਗਾਤਾਰ ਪ੍ਰਭਾਵਿਤ ਵੀ ਹੁੰਦੇ ਹਨ ਅਤੇ ਮੋੜਵੇ ਰੂਪ ਵਿੱਚ ਇੱਕ ਦੂਜੇ ਨੂੰ ਪ੍ਰਭਾਵਿਤ ਵੀ ਕਰਦੇ ਹਨ। ਭਾਵੇਂ ਇੱਕ ਅਨੁਸਾਸ਼ਨ ਦੇ ਤੌਰ ਤੇ ਦੋਵਾਂ ਦੀ ਵੱਖਰੀ ਵੱਖਰੀ ਪਛਾਣ ਬਣੀ ਰਹਿੰਦੀ ਹੈ।[14]

ਸੱਭਿਆਚਾਰ ਰੂਪਾਂਤਰਨ[ਸੋਧੋ]

ਆਰਥਕ, ਰਾਜਸੀ ਜਾਂ ਵਿਗਿਆਨਿਕ ਤਬਦੀਲੀਆਂ ਸੱਭਿਆਚਾਰ ਨੂੰ ਸਿੱਧੇ-ਅਸਿੱਧੇ ਢੰਗ ਨਾਲ ਬਦਲਦੀਆਂ ਹਨ। ਪੰਜਾਬੀ ਸੱਭਿਆਚਾਰ ਵਿੱਚ ਪਿਛਲੀ ਇੱਕ ਸਦੀ ਤੋਂ ਬਹੁਤ ਤੇਜ਼ੀ ਨਾਲ ਪਰਿਵਰਤਨ ਵਾਪਰੇ ਹਨ। ਇਹਨਾਂ ਤਬਦੀਲੀਆਂ ਨੇ ਨਾ ਸਿਰਫ਼ ਕੰਮ ਕਰਨ ਦੇ ਢੰਗ ਅਤੇ ਸਾਡੀਆਂ ਲੋੜਾਂ ਨੂੰ ਬਦਲਿਆ ਹੈ ਸਗੋਂ ਸਾਡੇ ਮਨੋਰਥਾਂ ਅਤੇ ਸਾਡੀ ਮਨੋਬਣਤਰ ਨੂੰ ਵੀ ਬਦਲਿਆ ਹੈ ਅਤੇ ਹੋਰ ਬਦਲਣਾ ਹੈ। ਹੁਣ ਪੰਜਾਬਣ ਆਪਣੇ ਮਾਹੀ ਨੂੰ ਨਹੀਂ ਕਹੇਗੀ ਕਿ, ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ। ਸਗੋਂ ਹੁਣ ਸੁਖ ਸਹੂਲਤਾਂ ਦੇ ਨਵੇਂ ਸਾਧਨ ਆਉਣ ਲੱਗੇ ਹਨ ਅਤੇ ਸੰਚਾਰ ਸਾਧਨ ਮਨੁੱਖ ਨੂੰ ਬਾਹਰਲੀ ਦੁਨੀਆ ਨਾਲ ਇਸ ਤਰ੍ਹਾਂ ਜੋੜ ਰਹੇ ਹਨ ਕਿ ਨਾ ਕੇਵਲ ਮਨ ਉੱਤੇ ਸਗੋਂ ਜੀਵਨ ਉੱਤੇ ਸੰਸਾਰ ਵਿਆਪੀ ਹਾਲਤਾਂ ਅਸਰ ਕਰਦੀਆਂ ਹਨ। ਇਹਨਾਂ ਤਬਦੀਲੀਆਂ ਨੇ ਪੰਜਾਬੀਆਂ ਨੂੰ ਨਵੀਆਂ ਵੰਗਾਰਾਂ ਪੇਸ਼ ਕੀਤੀਆਂ ਹਨ।

ਪੰਜਾਬੀਆਂ ਨੇ ਆਪਣੇ ਸੱਭਿਆਚਾਰ ਦੇ ਨਕਸ਼ ਨੁਹਾਰ ਘੜਨ ਅਤੇ ਇਹਨਾਂ ਨੂੰ ਇਤਿਹਾਸ ਦੇ ਪੁੱਠੇ-ਸਿੱਧੇ ਦਬਾਵਾਂ ਦੇ ਬਾਵਜੂਦ ਹੋਰ ਹੁਸੀਨ ਬਣਾਉਣ ਵਿੱਚ ਅਸਾਧਾਰਨ ਦ੍ਰਿੜਤਾ ਦਾ ਸਬੂਤ ਦਿੱਤਾ ਹੈ। ਇਸ ਤੋਂ ਇਹ ਆਸ ਬੱਝਦੀ ਹੈ ਕਿ ਇਸ ਦਾ ਭਵਿੱਖ ਸ਼ਾਨਦਾਰ ਹੋਵੇ।

ਪੰਜਾਬੀ ਸਭਿਆਚਾਰ ਦੀਆਂ ਸਮਸਿਆਵਾਂ[ਸੋਧੋ]

ਹੁਣ ਤੋਂ ਪਹਿਲਾਂ ਕਦੇ ਵੀ ਪੰਜਾਬੀ ਸਭਿਆਚਾਰ ਨੂੰ ਗੰਭੀਰ ਅਧਿਅਨ ਦਾ ਮਜਮੂਨ ਨਹੀਂ ਬਣਾਇਆ ਗਿਆ ਜਿਹੜੀਆਂ ਮਾੜੀਆਂ ਮੋਟੀਆਂ ਕੋਸ਼ਿਸ਼ਾਂ ਹੋਈਆਂ ਵੀ ਹਨ ਉਹ ਸਤਹੀ ਪਧਰ ਉੱਤੇ ਪੰਜਾਬੀ ਸਭਿਆਚਾਰ ਬਾਰੇ ਬਾਰ ਬਾਰ ਦੁਹਰਾਈਆਂ ਗਈਆਂ ਚਲੰਤ ਟਿੱੱਪਣੀਆਂ ਤਕ ਹੀ ਮਹਿਦੂਦ ਰਹੀਆਂ ਹਨ । ਅੱਜ ਦੀ ਸਭ ਤੋਂ ਵੱਡੀ ਤੇ ਗੰਭੀਰ ਲੋੜ ਪੰਜਾਬੀ ਸਭਿਆਚਾਰ ਵਿਗਿਆਨ ਤਿਆਰ ਕਰਨ ਦੀ ਹੈ । ਪੰਜਾਬੀ ਸਭਿਆਚਾਰ ਦੀ ਉਸਾਰੀ ਲਈ ਪੁਰਾਤਨ ਕਾਲ ਤੋ ਲੈ ਕੇ ਹੁਣ ਤਕ ਸਭਿਆਚਾਰ ਦੇ ਲਗਾਤਾਰ ਬਦਲਦੇ ਰਹੇ ਰੂਪਾਂ ਦੇ ਇਤਿਹਾਸ ਅਤੇ ਉਹਨਾਂ ਦੇ ਪਾਠਾਂ ਨੂੰ ਲਭਣਾ ਜਰੂਰੀ ਹੈ। ਇਸਦੇ ਨਾਲ ਨਾਲ ਪੰਜਾਬੀ ਸਭਿਆਚਾਰ ਨਾਲ ਜੁੜੇ ਸਾਹਿਤ, ਚਿਤਰਕਲਾ, ਬੁੱੱਤਕਲਾ ਤੇ ਸੰਗੀਤ-ਕਲਾ ਆਦਿ ਸੁਹਜ ਪ੍ਰਗਟਾ ਰੂਪਾਂ ਦਾ ਇਕ ਸੰਯੁਕਤ ਪਾਠ ਦੇ ਤੋਰ ਤੇ ਅਧਿਅਨ ਕਰਨਾ ਵੀ ਲਾਜ਼ਮੀ ਹੈ। ਦੁਖਦਾਇਕ ਗੱਲ ਇਹ ਹੈ ਹੈ ਕਿ ਪੰਜਾਬੀ ਲੋਕ ਕਲਾਵਾਂ ਦੇ ਮੋਖਿਕ ਪਾਠ ਬੜੀ ਤੇਜੀ ਨਾਲ ਇਸ ਕਰਕੇ ਅਲੋਪ ਹੁੰਦੇ ਜਾ ਰਹੇ ਹਨ ਕਿਉਕਿ ਕਿਸੇ ਵੀ ਸਰਕਾਰੀ ਅਦਾਰੇ ਜਾਂ ਸੰਸਥਾ ਵੱਲੋਂ ਇਹਨਾਂ ਦੀ ਸੰਭਾਲ ਤੇ ਸਰਵੇਖਣ ਦਾ ਕੰਮ ਨਹੀਂ ਛੋਹਿਆ ਗਿਆ । ਡਾ ਰਵਿੰਦਰ ਸਿੰਘ ਰਵੀ ਨੇ ਆਪਣੇ ਖੋਜ-ਪੱਤਰ "ਪੰਜਾਬੀ ਸਭਿਆਚਾਰ ਦਾ ਸੁਹਜ ਸ਼ਾਸ਼ਤਰ" ਵਿਚ ਇਸ ਬਾਰੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ । ਪੰਜਾਬੀ ਸਭਿਆਚਾਰ ਵਿਗਿਆਨ ਤਿਆਰ ਕਰਨ ਨਾਲ ਇਹ ਕੰਮ ਨੇਪਰੇ ਚੜ ਸਕਦਾ ਹੈ । ਦੂਜਾ ਅਹਿਮ ਨੁਕਤਾ ਜਿਸ ਵੱਲ ਪੰਜਾਬੀਆਂ ਦਾ ਧਿਆਨ ਖਿੱੱਚਣਾ ਵਕਤ ਦੀ ਬਹੁਤ ਵੱਡੀ ਲੋੜ ਹੈ ਉਹ ਪੰਜਾਬੀ ਸਭਿਆਚਾਰ ਪਛਾਣ ਦਾ ਮਸਲਾ ਹੈ । ਪੰਜਾਬੀ ਸਭਿਆਚਾਰਕ ਪਛਾਣ ਦੇ ਇਸ ਸੰਕਟ ਦਾ ਇਕ ਫੌਰੀ ਸਿੱਟਾ ਇਹ ਨਿਕਲਿਆ ਹੈ ਕਿ ਅਜੋਕੇ ਪੰਜਾਬੀ ਭਾਵੇਂ ਹਿੰਦੂ ਹਨ ਭਾਵੇਂ ਸਿੱੱਖ ਹਨ ਆਪਣੇ ਸਭਿਆਚਾਰ ਨਾਲੋਂ ਦਿਨ ਬ ਦਿਨ ਟੁਟਦੇ ਜਾ ਰਹੇ ਹਨ । ਧਾਰਮਿਕ ਵੈਰ ਵਿਰੋਧ ਅਤੇ ਵਿਤਕਰੇ ਨੇ ਪੰਜਾਬੀਆਂ ਦੀ ਮਾਨਸਿਕਤਾ ਉੱਤੇ ਅਜਿਹਾ ਗਲਬਾ ਪਾ ਲਿਆ ਹੈ ਕਿ ਪੰਜਾਬੀ ਸਭਿਆਚਾਰ ਪਛਾਣ ਮਿਟਣ ਦੇ ਅਸਾਰ ਦਿਖਾਈ ਦੇਣ ਲੱਗ ਪਏ ਹਨ । ਇਸ ਸਭਿਆਚਾਰ ਪਛਾਣ ਨੂੰ ਪੁਨਰ ਸੁਰਜੀਤ ਕਰਨਾ ਅਤੇ ਪੰਜਾਬੀਆਂ ਵਿਚ ਸਹਿਹੋਂਦ ਤੇ ਪ੍ਰਸਪਰ ਪ੍ਰੇਮ ਭਾਵਨਾ ਨੂੰ ਜਗਾਉਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ । ਤੀਜਾ ਮਸਲਾ ਪੰਜਾਬੀਆਂ ਦੇ ਅਮਰੀਕਾ , ਕੈਨੇਡਾ ,ਆਸਟ੍ਰੇਲੀਆ ਆਦਿ ਦੂਰ ਦਰਾਜ ਮੁਲਕਾਂ ਵਿਚ ਵਸਣ ਕਾਰਨ ਪੈਦਾ ਹੋਇਆ ਹੈ । ਨਸਲਵਾਦ , ਟੇਕਨਾਲੋਜੀ, ਹਿੱੱਪੀਵਾਦ , ਪੱੱਛਮੀ ਸਭਿਆਚਾਰ ਦੇ ਪ੍ਰਭਾਵਾਂ ਅਤੇ ਉਸ ਨਾਲ ਪੰਜਾਬੀ ਸਭਿਆਚਾਰ ਦੇ ਟਕਰਾਓ ਨਾਲ ਪੈਦਾ ਹੋਏ ਤਨਾਓ ਸਦਕਾ ਪ੍ਰਦੇਸਾ ਵਿਚ ਵਸਦੇ ਪੰਜਾਬੀਆਂ ਦੇ ਸਭਿਆਚਾਰ ਦੀ ਇਕ ਨਵੀਂ ਨੁਹਾਰ ਉਘੜ ਕੇ ਸਾਹਮਣੇ ਆਈ ਹੈ । ਸ਼ਰਾਬਨੋਸ਼ੀ ਦੀ ਅਤਿ, ਘਰੇਲੂ ਤੇ ਧਰਮ ਸਥਾਨਕ ਝਗੜੇ ,ਤਲਾਕਾਂ ਦੀ ਬਹੁਤਾਤ ਮਸ਼ੀਨੀ ਜਿੰਦਗੀ ਪੌਪ ਸੰਗੀਤ ਤੇ ਘੁਟਵੇਂ ਸਮਾਜਿਕ ਮਾਹੌਲ ਨੇ ਪ੍ਰਵਾਸੀ ਪੰਜਾਬੀਆਂ ਵਿਚ ਅਜੀਬ ਕਿਸਮ ਦੀ ਤਲਖੀ ਪੈਦਾ ਕਰ ਦਿੱਤੀ ਹੈ। ਇਕ ਵਿਯੋਗੇ ਹੋਏ ਮਨੁਖ ਵਾਂਗ ਅਜਨਬੀਅਤ ਦੇ ਅਹਿਸਾਸ ਨੂੰ ਹੰਢਾ ਰਹੇ ਹਨ । ਚੌਥਾ ਮਸਲਾ ਪੰਜਾਬੀ ਭਾਸ਼ਾ ਦੇ ਮਸਲੇ ਨਾਲ ਸਬੰਧ ਰਖਦਾ ਹੈ । ਪੰਜਾਬ ਦੇ ਲਗਾਤਾਰ ਬਦਲਦੇ ਜੁਗਰਾਫੀਏ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬੀ ਭਾਸ਼ਾ ਦੀ ਹਾਲਤ ਕਾਫੀ ਡਾਂਵਾਂ ਡੋਲ ਰਹੀ ਹੈ ਇਸ ਰੋਲ ਕਚੋਲੇ ਦੇ ਕਾਰਨ ਪੰਜਾਬੀ ਭਾਸ਼ਾ ਦੇ ਤਿੰਨ ਰੂਪ ਉਭਰ ਕੇ ਸਾਹਮਣੇ ਆਏ ਹਨ । ਪ੍ਰੋ ਪ੍ਰੇਮ ਪ੍ਰ੍ਕਾਸ਼ ਦੇ ਖਿਆਲ ਵਿਚ ਪਾਕਿ-ਪੰਜਾਬੀ ਵਿਚ ਫ਼ਾਰਸੀ , ਅਰਬੀ ਦਾ ਤਤਸਮੀਕਰਨ ਅਤੇ ਹਿੰਦੀ ਸੰਸਕ੍ਰਿਤ ਦਾ ਤਦਭਵੀਕਰਨ ਹੋ ਰਿਹਾ ਹੈ ਇਸਦੇ ਉਲਟ ਭਾਰਤੀ ਪੰਜਾਬੀ ਵਿਚ ਫ਼ਾਰਸੀ ਅਰਬੀ ਦਾ ਤਦਭਵੀਕਰਨ ਅਤੇ ਹਿੰਦੀ ਦਾ ਤਤਸਮੀਕਰਨ ਹੋ ਰਿਹਾ ਹੈ । ਇਸ ਤਰਾਂ ਵਸਤੁ ਸਥਿਤੀ ਇਹ ਬਣ ਗਈ ਹੈ ਕਿ ਪਾਕਿਸਤਾਨੀ ਪੰਜਾਬੀਆਂ ਅਤੇ ਭਾਰਤੀ ਪੰਜਾਬੀਆਂ ਵਿਚ ਸੰਚਾਰ ਦਾ ਮਸਲਾ ਵੀ ਗੰਭੀਰ ਰੂਪ ਅਖਤਿਆਰ ਕਰ ਗਿਆ ਹੈ । ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਵਿਚ ਪੰਜਾਬੀ ਤੇ ਅੰਗ੍ਰੇਜ਼ੀ ਭਾਸ਼ਾ ਦਾ ਇਕ ਖਿਚੜੀ ਨੁਮਾ ਭਾਸ਼ਾਈ ਰੂਪ ਪ੍ਰਚਲਿਤ ਹੋ ਗਿਆ ਹੈ । ਜਿਸ ਵਿਚ ਅੰਗ੍ਰੇਜ਼ੀ ਭਾਸ਼ਾ ਦੇ ਵਿਆਕਰਨ ਦਾ ਕਾਫੀ ਦਖਲ ਹੈ । ਭਾਰਤੀ ਪੰਜਾਬੀਆਂ ਦੀ ਨਵੀਂ ਪੀੜੀ ਲਈ ਪਾਕਿਸਤਾਨੀ ਪੰਜਾਬੀ ਭਾਸ਼ਾ ਨੂੰ ਸਮਝਨਾ ਔਖਾ ਹੈ ਪੰਜਾਬੀ ਸਭਿਆਚਾਰ ਦਾ ਪ੍ਰਮਾਣਿਕ ਰੂਪ ਪੰਜਾਬੀ ਭਾਸ਼ਾ ਦੇ ਇਹਨਾਂ ਦੋਹਾਂ ਰੂਪਾਂ ਦੇ ਵਿਗਿਆਨਕ ਵਿਸ਼ਲੇਸ਼ਣ ਮਗਰੋਂ ਹੀ ਹੋਂਦ ਵਿਚ ਆ ਸਕੇਗਾ।[15]

ਪੰਜਾਬੀ ਸੱਭਿਆਚਾਰ ਉਤੇ ਆਧੁਨਿਕ ਪ੍ਰਭਾਵ[ਸੋਧੋ]

ਜਾਣ ਪਛਾਣ[ਸੋਧੋ]

ਸਾਡੇ ਸਮਾਜ ਤੇ 18ਵੀਂ ਸਦੀ ਵਿੱਚ ਯੂਰਪੀ ਵਿਚਾਰਧਾਰਾ ਦਾ ਅਸਰ ਹੋਣਾ ਸ਼ੁਰੂ ਹੋਇਆ। ਜਦੋਂ ਅੰਗਰੇਜ਼ਾਂ ਨੇ ਸਾਡੇ ਦੇਸ਼ ਤੇ ਆਪਣੀ ਚੜ੍ਹਤ ਬਣਾ ਲਈ ਸੀ। ਪੰਜਾਬੀ ਸੱਭਿਆਚਾਰ ਵਿਚੋਂ ਵਿਦੇਸ਼ੀ ਪ੍ਰਭਾਵਾਂ ਦੇ ਮੁਬਾਂਦਰੇ ਦੀ ਪਛਾਣ ਲਈ ਜ਼ਰੂਰੀ ਹੈ ਕਿ ਸ਼ਬਦ 'ਸੱਭਿਆਚਾਰ' ਦੀ ਅਰਥ ਸੀਮਾ ਨਿਸ਼ਚਿਤ ਕਰ ਲਈ ਜਾਵੇ। ਅੰਗਰੇਜ਼ੀ ਵਿਚ ਇਸਦਾ ਪਰਿਆਇਵਾਚੀ ਸ਼ਬਦ 'ਕਲਚਰ' ਹੈ ਜੋ ਲਾਤਿਨੀ ਦੇ ਕ੍ਰਿਆ ਰੂਪ 'ਕਾਲੀਅਰ' ਤੋਂ ਵਿਉਤਪਤ ਹੋਇਆ ਹੈ ਜਿਸਦੇ ਅਰਥ ਹਨ ਭੂਮੀ ਨੂੰ ਵਾਹੁਣਾ। ਪਰ ਜਦੋਂ ਅਸੀਂ ਇੱਕ ਸਭਿਆਚਾਰ ਦੇ ਦੂਜੇ ਉੱਤੇ ਪ੍ਰਭਾਵ ਦੀ ਗੱਲ ਕਰਦੇ ਹਾਂ ਤਾਂ ਇਸ ਸ਼ਬਦ ਦੇ ਅਰਥ ਘੇਰੇ ਵਿਚ ਲੋਕਾਂ ਦਾ ਵਿਵਹਾਰ ਆ ਜਾਂਦਾ ਹੈ ਜੋ ਲੋਕਾਂ ਦੇ ਗਿਆਨ, ਵਿਸ਼ਵਾਸ, ਕਲਾ, ਨੈਤਿਕਤਾ, ਕਾਨੂੰਨ, ਰਿਵਾਜ਼, ਆਦਤਾਂ, ਅਤੇ ਕਾਰਜ ਆਦਿ ਉੱਤੇ ਆਧਾਰਿਤ ਹੁੰਦਾ ਹੈ।[16]

ਧਰਮ ਤੇ ਵਿਸ਼ਵਾਸ[ਸੋਧੋ]

ਪੰਜਾਬੀ ਸੱਭਿਆਚਾਰ ਦਾ ਸੁਭਾਅ ਆਰੰਭ ਤੋਂ ਹੀ ਧਰਮ ਮੁੱਖ ਰਿਹਾ ਹੈ ਕਿਉਂਕਿ ਸੰਸਕਾਰ, ਰੀਤੀ-ਰਸਮਾਂ, ਵਿਸ਼ਵਾਸ ਆਦਿ ਸਭ ਪੁਰਾਣੇ ਧਰਮ ਦੀ ਬੁੱਕਲ ਵਿਚ ਆ ਜਾਂਦੇ ਹਨ। ਆਧੁਨਿਕ ਪ੍ਰਭਾਵ ਦੇ ਨਾਲ ਧਰਮ ਲੋਕਾਂ ਦਾ ਅਟੁੱਟ ਅੰਗ ਨਹੀਂ ਰਿਹਾ। ਲੋਕ ਵੱਖ ਵੱਖ ਧਰਮਾਂ ਵਿਚ ਵਿਸ਼ਵਾਸ ਕਰਨ ਲੱਗੇ ਹਨ। ਆਧੁਨਿਕ ਪ੍ਰਭਾਵ ਦੇ ਨਾਲ ਧਰਮ ਦੇ ਸਦਾਚਾਰ, ਕਰਮ ਕਾਂਡੀ ਤੇ ਬਾਹਰੀ ਬਨਾਵਟ ਪੱਖੋਂ ਬੜਾ ਫਰਕ ਪੈ ਚੁੱਕਾ ਹੈ। [17] ਆਧੁਨਿਕ ਵਿਗਿਆਨ ਨੇ ਦਲੀਲ ਵਿਚ ਰੱਬ ਦੀ ਮਹਿਮਾ ਵਾਲਾ ਹਿੱਸਾ ਕੱਢ ਦਿੱਤਾ ਹੈ ਅਤੇ ਮਸ਼ੀਨੀ ਨੀਯਮ ਨੂੰ ਰੱਖ ਲਿਆ ਹੈ। ਅਜੋਕੇ ਮਨੁੱਖ ਦੀ ਮਾਨਸਿਕ ਬਣਤਰ ਬਦਲ ਗਈ ਹੈ।[18]

ਰਿਸ਼ਤਾ ਪ੍ਰਬੰਧ[ਸੋਧੋ]

ਪੰਜਾਬੀ ਸੱਭਿਆਚਾਰ ਤੇ ਆਧੁਨਿਕ ਪ੍ਰਭਾਵ ਕਾਰਨ ਸਮਾਜਿਕ ਰਿਸ਼ਤਿਆਂ ਤੇ ਪਾਰੀਵਾਰਿਕ ਸੰਬੰਧਾਂ ਵਿਚ ਪਰਿਵਰਤਨ ਆਏ। ਮਿਸਾਲ ਦੇ ਤੋਰ ਤੇ ਚਾਚਾ, ਤਾਇਆ, ਮਾਮਾ, ਫੁੱਫੜ ਰਿਸ਼ਤਿਆਂ ਲਈ ਇੱਕ ਸ਼ਬਦ 'ਅੰਕਲ' ਰਹਿ ਗਿਆ। ਚਾਚੀ, ਤਾਈ, ਮਾਮੀ, ਭੂਆ ਵੀ 'ਆਂਟੀ' ਬਣ ਗਈਆਂ। ਵਿਆਹ ਪ੍ਰਬੰਧ ਵਿਚ ਪਰਿਵਰਤਨ ਆਏ ਹਨ। ਜਿੱਥੇ ਪਹਿਲਾਂ ਮਰਦ ਔਰਤ ਨੂੰ ਵਿਆਹ ਤੋਂ ਪਹਿਲਾਂ ਦੇਖਦੇ ਨਹੀਂ ਸਨ ਅਜੋਕੇ ਸਮੇਂ ਵਿਚ ਪਿਆਰ ਵਿਆਹ ਨੂੰ ਵੀ ਮਾਨਤਾ ਮਿਲ ਗਈ ਹੈ।[19]

ਪਹਿਰਾਵਾ ਅਤੇ ਹਾਰ-ਸ਼ਿੰਗਾਰ[ਸੋਧੋ]

ਵੱਖ-ਵੱਖ ਇਲਾਕੇ ਅਤੇ ਕੌਮਾਂ ਫਿਰਕਿਆਂ ਦੇ ਪਹਿਰਾਵੇ ਵਿਚ ਭਿੰਨਤਾ ਹੁੰਦੀ ਹੈ ਤੇ ਪੈਰਾਂ ਤੋਂ ਸਿਰ ਤੱਕ ਸਾਂਭਣ ਤੇ ਸਜਾਉਣ ਨੂੰ ਪਹਿਰਾਵੇ ਵਿਚ ਸ਼ਾਮਿਲ ਕੀਤਾ ਜਾਂਦਾ ਹੈ। ਅਜੋਕੇ ਸਮੇਂ ਵਿਚ ਪਹਿਰਾਵਾ ਸਰੀਰ ਢਕਣ ਦਾ ਸਾਧਨ ਨਹੀਂ ਰਿਹਾ। ਸਗੋਂ ਸਰੀਰ ਦਾ ਕੁਹਜ ਲੁਕਾਉਣ ਅਤੇ ਸੁਹਜ ਵਧਾਉਣ ਦਾ ਸਾਧਨ ਬਣ ਗਿਆ ਹੈ। [20] ਅਜੋਕੇ ਸਮੇਂ ਪੰਜਾਬੀਆਂ ਦਾ ਪਹਿਰਾਵਾ ਪੱਛਮੀ ਦੇਸ਼ਾਂ ਦੇ ਲੋਕਾਂ ਵਰਗਾ ਹੁੰਦਾ ਜਾ ਰਿਹਾ ਹੈ ਅਤੇ ਦਿਨੋ-ਦਿਨ ਇਸ ਵਿੱਚ ਤਬਦੀਲੀ ਆ ਰਹੀ ਹੈ।

ਖਾਣ ਪੀਣ[ਸੋਧੋ]

ਪੰਜਾਬੀਆਂ ਦੀ ਖੁਰਾਕ ਦਿਨ ਵਿਚ ਚਾਰ ਵਾਰ ਹੁੰਦੀ ਰਹੀ ਹੈ ਤੇ ਉਹ ਵੀ ਪੂਰੀ ਤਰ੍ਹਾਂ ਰੱਜ ਕੇ, ਛਾਹ ਵੇਲਾ, ਦੁਪਹਿਰ ਵੇਲ, ਲੋਢਾ ਵੇਲਾ, ਤ੍ਰਕਾਲਾਂ ਪੁਰਾਣੇ ਸਮੇਂ ਵਿਚ ਆਮ ਪ੍ਰਚੱਲਿਤ ਰਿਹਾ। ਹੁਣ ਤਾਂ ਪੰਜਾਬੀ ਖੁਰਾਕ ਬਦਲ ਕੇ ਸਵੇਰ ਵੇਲੇ ਬਰੈੱਡ ਟੀ ਜਾਂ ਬਰੇਕਫਾਸਟ, ਦੁਪਹਿਰ ਨੂੰ ਲੰਚ ਤੇ ਸ਼ਾਮ ਨੂੰ ਡਿੱਨਰ ਕਹਣਾ ਬਧੇਰੇ ਸ਼ਾਨ ਦੀ ਗੱਲ ਸਮਝਣ ਲੱਗੇ ਹਨ। ਅਜੋਕੇ ਸਮੇਂ ਫਾਸਟ ਫੂਡ ਨੇ ਆਪਣੇ ਪੈਰ ਜਮਾ ਲਏ ਹਨ।[21] ਹੁਣ ਨਾ ਕੋਈ ਸੱਤੂ ਪੀਂਦਾ ਹੈ ਅਤੇ ਨਾ ਹੀ ਸੱਤੂਆਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੈ। ਇਸ ਤਰ੍ਹਾਂ ਹੀ ਨਾ ਕੋਈ ਠੰਢਿਆਈ ਪੀਂਦਾ ਹੈ ਅਤੇ ਨਾ ਹੀ ਕਿਸੇ ਨੂੰ ਠੰਢਿਆਈ ਬਾਰੇ ਜਾਣਕਾਰੀ ਹੈ। ਹੁਣ ਤਾਂ ਸਵੇਰ ਤੋਂ ਸ਼ਾਮ ਤੱਕ ਚਾਹ ਪੀਤੀ ਜਾਂਦੀ ਹੈ। ਚੰਗੀਆਂ ਖੁਰਾਕਾਂ ਤਾਂ ਅਲੋਪ ਹੋ ਰਹੀਆਂ ਹਨ। ਇਹ ਤਾਂ ਹੁਣ ਲੋਕ ਗੀਤਾਂ ਵਿਚ ਹੀ ਮਿਲਦੀਆਂ ਹਨ।

             ਕੰਗਣਾ ਵਾਲੀ ਦੁੱਧ ਰਿੜਕੇ
             ਵਿਚੋਂ ਮੱਖਣ ਝਾਤੀਆਂ ਮਾਰੇ [22]

ਪੰਜਾਬੀ ਭਾਸ਼ਾ ਅਤੇ ਪੰਜਾਬੀ ਸਭਿਆਚਾਰ[ਸੋਧੋ]

ਮੁੱਖ ਲੇਖ: ਪੰਜਾਬੀ ਭਾਸ਼ਾ

ਜਾਣ-ਪਛਾਣ[ਸੋਧੋ]

ਪੰਜਾਬੀ ਸਭਿਅਾਚਾਰ ਵਿੱਚ ਭਾਸ਼ਾ ਮਹੱਤਵਪੂਰਨ ਹੈ ਭਾਸ਼ਾ ਮਨੁੱਖ ਨੂੰ ਪਸ਼ੂਆਂ ਤੋਂ ਨਿਖੇੜਨ ਲਈ ਮਹੱਤਵਪੂਰਨ ਯੋਗਦਾਨ ਦਿੰਦੀ ਹੈ। ਮਨੁੱਖੀ ਭਾਸ਼ਾ ਤੇ ਸਭਿਅਾਚਾਰ ੲਿਕ-ਦੂਜੇ ਨਾਲ ਡੂੰਘੀ ਤਰ੍ਹਾਂ ਸੰਬੰਧਿਤ ਹਨ। ਸਭਿਅਾਚਾਰ ਮਨੁੱਖ ਦਾ ਸਿੱਖਿਅਾ ਹੋੲਿਅਾ ਵਿਵਹਾਰ ਹੈ ਸੋ ੲਿਹ ਸੁਭਾਵਿਕ ਹੀ ਹੈ ਕਿ ਸਿੱਖਣ ਦੀ ਪ੍ਰਕਿਰਿਅਾ ਭਾਸ਼ਾ ਨਾਲ ਸੰਬੰਧਿਤ ਹੈ। ਭਾਸ਼ਾ ਤੇ ਸਭਿਆਚਾਰ ਪੀੜ੍ਹੀ ਦਰ ਪੀੜ੍ਹੀ ਗ੍ਰਹਿਣ ਕੀਤੇ ਜਾਂਦੇ ਵਰਤਾਰੇ ਹਨ।[23].

ਪੰਜਾਬੀ ਸਭਿਆਚਾਰ ਤੇ ਪੰਜਾਬੀ ਭਾਸ਼ਾ[ਸੋਧੋ]

ਸਭਿਅਾਚਾਰ ਤੇ ਪੰਜਾਬੀ ਭਾਸ਼ਾ ਦਾ ਗਹਿਰਾ ਸੰਬੰਧ ਹੈ। ਵੱਖੋ ਵੱਖਰੇ ਸਭਿਅਾਚਾਰ ਦੀ ਵੱਖੋ ਵੱਖਰੀ ਭਾਸ਼ਾ ਹੁੰਦੀ ਹੈ ਉਸ ਸਭਿਆਚਾਰ ਦੀ ਭਾਸ਼ਾ ਹੀ ਉਸ ਸਭਿਆਚਾਰ ਨੂੰ ਪੇਸ਼ ਕਰ ਸਕਦੀ ਹੈ ਪੰਜਾਬੀ ਸਭਿਅਾਚਾਰ ਦੀ ਭਾਸ਼ਾ ਪੰਜਾਬੀ ਹੈ। ਪੰਜਾਬੀ ਸਭਿਅਾਚਾਰ ਪੰਜਾਬੀ ਭਾਸ਼ਾ ਵਿੱਚ ਵਧੇਰੇ ਵਧੀਆ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ ਜੇਕਰ ਕੋਈ ਪੰਜਾਬੀ ਵਿਅਕਤੀ ਕਿਸੇ ਹੋਰ ਭਾਸ਼ਾ ਰਾਹੀ ਪੰਜਾਬੀ ਸਭਿਅਾਚਾਰ ਨੂੰ ਪੇਸ਼ ਕਰਨ ਦੀ ਗੱਲ ਕਰੇਗਾ ਤਾਂ ਉਹ ਉਸ ਵਿੱਚ ਅਸਫਲ ਰਹੇਗਾ। ਹਰ ਕਿਸੇ ਸਭਿਆਚਾਰ ਵਿੱਚ ਪ੍ਰਚਲਿਤ ਰੀਤੀ-ਰਿਵਾਜਾਂ, ਖਾਣ-ਪੀਣ ਦੇ ਢੰਗ ਵੱਖੋ ਵੱਖਰੇ ਹੁੰਦੇ ਹਨ। ਅਜਿਹੀ ਸਮੱਗਰੀ ਨੂੰ ਪੇਸ਼ ਕਰਨ ਲਈ ਉਸ ਦੀ ਆਪਣੀ ਭਾਸ਼ਾ ਹੀ ਵਧੇਰੇ ਠੀਕ ਰਹਿੰਦੀ ਹੈ। ਪੰਜਾਬੀ ਭਾਸ਼ਾ ਤੇ ਸਭਿਅਾਚਾਰ ਦੋਵੇ ਹੀ ਪਰਿਵਰਤਨਸ਼ੀਲ ਤੇ ਵਿਕਾਸ ਕਰਦੇ ਹਨ। ਸਭਿਅਾਚਾਰ ਵਿਕਾਸ ਕਰਦਾ ਹੈ ਉਸਦੇ ਨਾਲ ਹੀ ਭਾਸ਼ਾ ਵੀ ਉਸ ਤੋਂ ਪਿੱਛੇ ਨਹੀਂ ਰਹਿੰਦੀ ਪੰਜਾਬੀ ਭਾਸ਼ਾ ਤੇ ਸਭਿਅਾਚਾਰ ਨੂੰ ਜੇਕਰ ਅਸੀ ੲਿਤਿਹਾਸਿਕ ਕਾਲਕ੍ਰਮ ਨਾਲ ਵੇਖੀਏ ਤਾਂ ਦੋਹਾਂ ਵਿੱਚ ਪਰਿਵਰਤਨ ਅਤੇ ਵਿਕਾਸ ਹੁੰਦਾ ਰਿਹਾ ਹੈ। ਪੰਜਾਬੀ ਸਭਿਆਚਾਰ ਤੇ ਤੇ ਪੰਜਾਬੀ ਭਾਸ਼ਾ ਦਾ ਪਹਿਲੀ ਵਾਰ ਪ੍ਰਗਟਾ ਨਾਥਾ ਜੋਗੀਅਾਂ ਦੀ ਕਵਿਤਾ ਵਿੱਚ ਹੋੲਿਅਾ ਜੋ ਬ੍ਰਾਹਮਣਵਾਦ ਦੀ ਵਿਰੋਧੀ ਸੀ ਤੇ ਜਾਗੀਰਦਾਰੀ ਸਮਾਜ ਦੀ ਸੋਚ ਦੀ ਪ੍ਰਤੀਨਿਧਤਾ ਕਰਦੀ ਸੀ। ਨਾਥਾ ਜੋਗੀਅਾਂ ਨੇ ਪੰਜਾਬੀ ਭਾਸ਼ਾ ਨੂੰ ਆਪਣੇ ਪ੍ਰਗਟਾ ਦਾ ਮਾਧਿਅਮ ਬਣਾੲਿਅਾ ਸਭਿਅਾਚਾਰ ਪਰਿਵਰਤਨ ਨਾਲ ਭਾਸ਼ਾ ਵਿੱਚ ਵੀ ਪਰਿਵਰਤਨ ਹੁੰਦਾ ਰਿਹਾ ਹੈ। ਹਰ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ ਤੇ ਉਹ ਲਿਪੀ ਸਭਿਅਾਚਾਰ ਦੀਆ ਲੋੜਾ ਅਨੁਸਾਰ ਹੁੰਦੀ ਹੈ। ੲਿਸ ਕਰਕੇ ਹਰ ਭਾਸ਼ਾ ਨੂੰ ਉਸੇ ਲਿਪੀ ਵਿੱਚ ਲਿਖਣ ਨਾਲ ਹੀ ਸਭਿਅਾਚਾਰ ਨੂੰ ਠੀਕ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ। [24] ਸਭਿਅਾਚਾਰ ਪ੍ਰਕਿਰਤਕ ਜਗਤ ਦੇ ਸਮਾਨਤਰ ਮਨੁੱਖ ਸਿਰਜਤ ਵਿਅਾਪਕ ਸਿਸਟਮ ਹੈ। ਸਭਿਅਾਚਾਰ ਵਿੱਚ ਮਨੁੱਖ ਦੀਆ ਹੋਰ ਸਭਿਅਾਚਾਰਕ ਸਿਰਜਨਾਵਾਂ ਜਿਵੇਂ ਰਿਸ਼ਤਾ-ਨਾਤਾ,ਪਰਿਵਾਰ,ਵਿਅਾਹ ਪ੍ਰਬੰਧ,ਵਿਹਾਰ ਪੈਟਰਨ,ਕੀਮਤ ਪ੍ਰਬੰਧ ਤੋਂ ੲਿਲਾਵਾ ਵਿਭਿੰਨ ਸੰਚਾਰ ਵਸੀਲੇ ਵੀ ਸ਼ਾਮਿਲ ਹਨ। ਸਭਿਅਾਚਾਰ ਦਾ ੲਿੱਕ ਭਾਸ਼ਾ ਸਿਰਜਤ ਮਨੁੱਖੀ ਜੀਵਨ ਢੰਗ ਦੇ ਵਿਭਿੰਨ ਪਹਿਲੂਅਾਂ ਦਾ ਹੈ ਤੇ ਦੂਸਰਾ ੲਿਨ੍ਹਾਂ ਨੂੰ ਸੰਚਾਰਿਤ ਕਰਨ ਦੇ ਵਸੀਲਿਅਾਂ ਦਾ ਕੁਝ ਸਭਿਅਾਚਾਰ ਪ੍ਰਵਚਨ ਉਸ ਸਭਿਅਾਚਾਰ ਦੀ ਭਾਸ਼ਾ ਤੋਂ ੲਿਲਾਵਾਂ ਦੂਸਰੇ ਵਿੱਚ ਉਸੇ ਰੂਪ ਵਿੱਚ ਅਨੁਵਾਦ ਕਰਨੇ ਵੀ ਸੰਭਵ ਨਹੀਂ।ਰਿਸ਼ਤਾ-ਨਾਤਾ ਪ੍ਰੰਬੰਧ ਵਿੱਚ ਪੰਜਾਬੀ ਸਭਿਆਚਾਰ ਦੇ ਵਿਲੱਖਣ ਖਾਸੇ ਅਨੁਕੂਲ ਹਰੇਕ ਨਿਕਟ ਜਾਂ ਦੁਰੇਡੇ ਰਿਸ਼ਤੇ ਲਈ ਵੱਖਰੇ ਸ਼ਬਦ ਹਨ।ਜਿਵੇਂ ਚਾਚਾ/ਚਾਚੀ,ਤਾੲਿਆ/ਤਾਈ,ਮਾਮਾ/ਮਾਮੀ, ਆਦਿ ਹਨ।[25] ਭਾਸ਼ਾ ਦਾ ਮੌਖਿਕ ਰੂਪ ਹੀ ਸਭ ਕੁਝ ਹੈ ਸਭਿਅਾਚਾਰ ਦੀ ਮੌਖਿਕ ਭਾਸ਼ਾ ਵਾਂਗ ਮੌਖਿਕ ਪ੍ਰਕਿਰਿਆ ਹੈ। ਪੰਜਾਬ ਦੇ ਲੋਕ ਨਾਚਾਂ, ਮੇਲਿਆਂ ਦੀ ਬੋਲੀਆਂ,ਤਿੳੁਹਾਰਾਂ ਦੇ ਸੱਦਿਆਂ,ਰੀਤੀ-ਰਿਵਾਜਾਂ,ਰਸਮਾਂ,ਗੀਤਾਂ,ਬੁਝਾਰਤਾ,ਅਖੌਤਾਂ ਸਭਨਾਂ ਚ ਮੌਖਿਕਤਾ ਅਵੱਸ਼ ਹੈ।[26] .

ਪੰਜਾਬੀ ਭਾਸ਼ਾ ਅਤੇ ਪੰਜਾਬੀਅਤ[ਸੋਧੋ]

ਬੋਲੀ ਕਿਸੇ ਦੇਸ਼ ਜਾਂ ਜਾਤੀ ਦੇ ਸਭਿਆਚਾਰ ਦੇ ਪੱਧਰ ਦੀ ਪਰਖ ਕਸੋਟੀ ਹੁੰਦੀ ਹੈ। ਜਿੰਨੀ ਕਿਸੇ ਖਿੱਤੇ ਦੇ ਲੋਕਾਂ ਦੀ ਬੋਲੀ ਉੱਨਤ ਹੋਵੇਗੀ ਉਨਾਂ ਹੀ ਉਸ ਦਾ ਸਭਿਆਚਾਰ ੳਤੇ ਸਭਿਅਤਾ ਉਨੱਤ ਹੋਵੇਗੀ। ਪੰਜਾਬ ਦੀ ਭਾਸ਼ਾ ਪੰਜਾਬੀ ਹੈ। ੲਿਹ ਬੜੀ ਪੁਰਾਤਨ ਭਾਸ਼ਾ ਹੈ ਜਦੋ ਦਾ ਪੰਜਾਬ ਭੂਗੋਲਿਕ ਤੌਰ ਤੇ ਹੋਂਦ ਵਿੱਚ ਆੲਿਅਾ ਉਦੋਂ ਤੋਂ ੲਿਹ ਬੋਲੀ ਅਤੇ ਵਰਤੀ ਜਾਂਦੀ ਰਹੀ ਹੈ। ਭਾਸ਼ਾ ਹੀ ਭਾਸ਼ਾ ਹੀ ਸਮਾਜਿਕ ਸਾਂਝ ਦਾ ਪਹਿਲਾ ਸਾਧਨ ਹੈ। ਬੱਚਾ ੲਿਹ ਸਾਂਝ ਪਾ ਕੇ ਆਪਣੇ ਆਪ ਵੱਡਾ ਤੇ ਤਕੜਾ ਮਹਿਸੂਸ ਕਰਦਾ ਹੈ"ਲਾਰਡ ਮਕਾਲੇ ਨੇ ਲਿਖਿਆ ਕਿ ਮਾਤ ਬੋਲੀ ਤੋਂ ਬਿਨ੍ਹਾਂ ਹੋਰ ਕੋਈ ਪ੍ਰਗਟਾਵੇ ਦਾ ਸਾਧਨ ਉਤਮ ਰਚਨਾ ਲਈ ਨਹੀਂ ਹੋ ਸਕਦਾਹੈ। ਪੰਜਾਬੀ ਜੀਵਨ ਤੇ ਪੰਜਾਬੀ ਸਭਿਆਚਾਰ ਦਾ ਪ੍ਰਗਟਾ ਪੰਜਾਬੀ ਕੇਵਲ ਅਾਪਣੀ ਮਾਤਰੀ ਭਾਸ਼ਾ ਪੰਜਾਬੀ ਵਿੱਚ ਹੀ ਕਰ ਸਕਦੇ ਹਨ। ਪੰਜਾਬੀ ਭਾਸ਼ਾ ਦੀਆਂ ਅਨੇਕਾਂ ਆਪਣੀਆਂ ਵਿਲੱਖਣਤਾਵਾਂ ਹਨ।ੲਿਹ ਸਾਦੀ ਤੇ ਸਰਲ ਭਾਸ਼ਾ ਹੈ ਜਿਸ ਨੂੰ ਆਮ ਵਿਅਕਤੀ ਬੜੀ ਅਸਾਨੀ ਨਾਲ ਸਿੱਖ ਸਕਦਾ ਹੈ। ਪੰਜਾਬ ਦੀ ਭੂਗੋਲਿਕ ਅਤੇ ੲਿਤਿਹਾਸਕ ਸਥਿਤੀ ਵਿਲੱਖਣ ਹੋਣ ਕਰਕੇ ਪੰਜਾਬੀ ਲੋਕ ਦੂਜੇ ਪ੍ਰਾਤਾਂ ਨਾਲੋ ਅਨੋਖਾ ਸਥਾਨ ਰੱਖਦੇ ਹਨ। ਪੰਜਾਬ ਵਿੱਚ ਅਨੇਕਾਂ ਹਮਲਾਵਰ ਆਏ ਪੰਜਾਬੀਆਂ ਦਾ ੲਿਹ ਖਾਸਾ ਰਿਹਾ ਹੈ। ਪੰਜਾਬੀ ਖੁੱਲ੍ਹੇ ਡੁੱਲ੍ਹੇ ਸੁਭਾਅ ਦੇ ਮਾਲਕ ਹਨ ੲਿਨ੍ਹਾਂ ਨੇ ਆਪਣਾ ਜੀਵਨ ਬਹੁਤ ਬੰਧਨਾਂ ਵਿੱਚ ਨਹੀਂ ਬੰਨਿਆਂ ਰੱਜ ਕੇ ਖਾਣਾ ਤੇ ਰੱਜ ਕੇ ਵਾਹੁਣਾ,ਮੌਜ ਮੇਲੇ ਕਰਨੇ ੲਿਨ੍ਹਾਂ ਦੀ ਰੁਚੀ ਹੈ। ਪੰਜਾਬੀ ਭਾਸ਼ਾ ਪੰਜਾਬੀ ਲੋਕਾਂ ਵਾਂਗ ਸਾਦ ਮੁਰਾਦੀ ੲਿਸ ਵਿੱਚ ਪੰਜਾਬੀ ਜੀਵਨ ਵਾਂਗ ਬਹੁਤ ਅੜਕ-ਮੜਕ ਨਹੀਂ ਹੈ। ਪੰਜਾਬੀ ਸਾਹਤਿ ਪੰਜਾਬੀ ਲੋਕਾਂ ਦੇ ਸੁਭਾਅ ੳਤੇ ਆਚਰਣ ਅਨੁਸਾਰ ਰਚਿਆ ਗਿਅਾ ਹੈ। ਪੰਜਾਬੀ ਲੋਕ ਪਿਅਾਰ ਦੀ ਕਦਰ ਕਰਦੇ ਹਨ। ਪੰਜਾਬੀ ਭਾਸ਼ਾ ਨੇ ਪੰਜਾਬੀਆਂ ਵਿੱਚ ਆਪਣੇ ਗੁਣ ਕੁੱਟ-ਕੁੱਟ ਕੇ ਭਰੇ ਹਨ। ਪੰਜਾਬੀ ਪੰਜਾਬੀਆਂ ਦੀ ਮਾਂ ਬੋਲੀ ਹੈ। ਪੰਜਾਬੀ ਪੰਜਾਬੀਆਂ ਦੀ ਜ਼ਿੰਦਗੀ ਹੈ ੲਿਸ ਤੋਂ ਬਿਨ੍ਹਾਂ ਉਹ ਆਪਣੇ ਬੀਤ ਗਏ ਸਮੇਂ ਨਾਲੋਂ ਕੱਟੇ ਜਾਣਗੇ।[27].

ਹਵਾਲੇ[ਸੋਧੋ]

  1. ਗੁਰਬਖਸ਼ ਸਿੰਘ ਫਰੈਂਕ, ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ, ਵਾਰਿਸ ਸ਼ਾਹ ਫਾਉਂਡੇਸ਼ਨ, ਪੰਨਾ 10-11
  2. ਗੁਰਬਖਸ਼ ਸਿੰਘ ਫਰੈਂਕ,ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ, ਵਾਰਿਸ ਸ਼ਾਹ ਫਾਉਂਡੇਸ਼ਨ, ਪੰਨਾ 101-113
  3. ਗੁਰਬਖ਼ਸ਼ ਸਿੰਘ ਫ਼ਰੇਕ,ਸਭਿਆਚਾਰ ਪੰਜਾਬੀ ਸਭਿਆਚਾਰ,ਵਾਰਿਸਸ਼ਾਹ ਫ਼ਾਉਂਡੇਸ਼ਨ,2015,ਪੰਨਾ ਨੰ 115-130-31
  4. ਜਸਵਿੰਦਰ ਸਿੰਘ(ਡਾ)|ਪੰਜਾਬੀ ਸਭਿਆਚਾਰ ਦੇ ਪਹਿਚਾਣ ਚਿੰਨ੍ਹ|ਗ੍ਰੇਸ਼ੀਅਸ਼,ਪਟਿਆਲਾ|ਪੰਨਾ ਨੰ 179-81
  5. ਗੁਰਦਿਆਲ ਸਿੰਘ ਕੋਟ ਭਾਈ, ਪੰਜਾਬ ਵਿਚ ਜਾਤ ਤੇ ਪੇਸ਼ਾ : ਬਦਲਦੇ ਰੁਝਾਣ, ਪੰਨਾ :125
  6. ਡਾ. ਰਾਏਜਸਬੀਰ ਸਿੰਘ, ਮਹਾਨ ਪੰਜਾਬ ਦੇ ਜੱਟਾਂ ਦੀਆਂ ਜਾਤਾਂ ਅਤੇ ਲੋਕਧਾਰਾ , ਪੰਨਾ ਨੰ:40
  7. ਪ੍ਰਕਾਸ਼ ਸਿੰਘ ਜੰਮੂ, ਜਾਤ ਪ੍ਰਣਾਲੀ ਅਤੇ ਪੰਜਾਬੀ ਸਮਾਜ
  8. ਡਾ. ਜਸਵਿੰਦਰ ਸਿੰਿੰਘ, ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ, ਗਰੇਸੀਅਸ ਪ੍ਰਕਾਸ਼ਨ, ਪੰਨਾ ਨੰਬਰ 167
  9. ਭਾਗਵਤ ਸਰਣ ਉਪਾਧਿਆਇ, ਭਾਰਤੀਯ ਸੰਸਕ੍ਰਿਤੀ ਕੇ ਸ੍ਰੋਤ, ਪੰਨਾ ਨੰਬਰ 13
  10. History of the Punjab, Vol 1, Page num. 65
  11. ਡਾ. ਜਸਵਿੰਦਰ ਸਿੰਘ, ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ, ਗਰੇਸ਼ੀਅਸ ਪ੍ਰਕਾਸ਼ਨ, ਪੰਨਾ ਨੰਬਰ 168
  12. ਪ੍ਰੇਮ ਪ੍ਰਕਾਸ਼ ਸਿੰਘ, ਪੰਜਾਬੀ ਸਭਿਆਚਾਰ ਦਾ ਆਦਿ ਬਿੰਦੂ, ਪੰਜਾਬੀ ਸਭਿਆਚਾਰ ਅਤੇ ਰੰਗਮੰਚ, ਡਾ. ਗੁਰਚਰਨ ਸਿੰਘ ਅਰਸ਼ੀ, ਪੰਨਾ ਨੰਬਰ 35
  13. ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ,ਡਾ ਜੀਤ ਸਿੰਘ ਜੋਸ਼ੀ ਪੰਨਾ ਨੰ169ਤੋ174
  14. ਸੱਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ,ਡਾ ਜੀਤ ਸਿੰਘ ਜੋਸ਼ੀ ਪੰਨਾ ਨੰ 69 ਤੋਂ 70
  15. ਅਰਸ਼ੀ,ਗੁਰਚਰਨ ਸਿੰਘ,ਸਭਿਆਚਾਰ-ਵਿਗਿਆਨ ਅਤੇ ਪੰਜਾਬੀ ਸਭਿਆਚਾਰ,ਨੈਸ਼ਨਲ ਬੁਕ ਟਰੱਸਟ,ਇੰਡੀਆ,2009,ਪੰਨੇ 49-54
  16. ਸੰਪਾਦਕ ਤੀਰਥ ਸਿੰਘ ਸਵਤੰਤ੍ਰ, ਪੰਜਾਬੀ ਸੱਭਿਆਚਾਰ, ਪੰਜਾਬੀ ਸੱਭਿਆਚਾਰਕ ਕੇਂਦਰ ਪ੍ਰਕਾਸ਼ਕ, ਪੰਨਾ ਨੰਬਰ 56
  17. ਜਸਵੀਰ ਸਿੰਘ ਜਸ, ਪੰਜਾਬੀ ਸਭਿਆਚਾਰ ਉੱਤੇ ਬਦੇਸ਼ੀ ਪ੍ਰਭਾਵ, ਦੀ ਪੰਜਾਬੀ ਰਾਈਟਰਜ ਕੋਆਪਰੇਟਿਵ ਸੁਸਾਇਟੀ, ਲੁਧਿਆਣਾ, ਪੰਨਾ ਨੰਬਰ 44 ਅਤੇ 50
  18. ਸੰਪਾਦਕ ਅਮਰਜੀਤ ਸਿੰਘ, ਪੰਜਾਬੀ ਸਭਿਆਚਾਰ ਇਕ ਵਿਸ਼ਲੇਸ਼ਣ, ਪਬਲਿਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ,ਪਟਿਆਲਾ, ਪੰਨਾ ਨੰਬਰ 127
  19. ਸੰਪਾਦਕ ਤੀਰਥ ਸਿੰਘ ਸਵਤੰਤ੍ਰ, ਪੰਜਾਬੀ ਸੱਭਿਆਚਾਰ, ਪ੍ਰਕਾਸ਼ਨ ਪੰਜਾਬੀ ਸੱਭਿਆਚਾਰਕ ਕੇਂਦਰ, ਪੰਨਾ ਨਂਬਰ 60
  20. ਜਸਵੀਰ ਸਿੰਘ ਜਸ, ਪੰਜਾਬੀ ਸਭਿਆਚਾਰ ਅਤੇ ਵਿਦੇਸ਼ੀ ਪ੍ਰਭਾਵ, ਦ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਿਟਡ ,ਲੁਧਿਆਣਾ, ਪੰਨਾ ਨੰਬਰ 69 ਅਤੇ 70
  21. ਜਸਵੀਰ ਸਿੰਘ ਜਸ, ਪੰਜਾਬੀ ਸਭਿਆਚਾਰ ਤੇ ਵਿਦੇਸ਼ੀ ਪ੍ਰਭਾਵ, ਦੀ ਪੰਜਾਬੀ ਰਾਈਟਰਜ਼ ਕੋਆਪਰੇਟਿਵ ਲਿਮਿਟਡ, ਲੁਧਿਆਣਾ, ਪੰਨਾ ਨੰਬਰ 66 ਅਤੇ 68
  22. ਹਰਕੇਸ਼ ਸਿੰਘ ਕਹਿਲ, ਅਲੋਪ ਹੋ ਰਿਹਾ ਪੰਜਾਬੀ ਵਿਰਸਾ, ਲੋਕਗੀਤ ਪ੍ਰਕਾਸ਼ਨ Sco 26,27 sec - 34A ਚੰਡੀਗੜ੍ਹ ਪੰਨਾ ਨੰਬਰ 105 ਅਤੇ 114
  23. ਸਭਿਅਾਚਾਰ ਦਾ ਫਲਸਫਾ,ਡਾ. ਗੁਰਜੀਤ ਸਿੰਘ ਪਬਲੀਕੇਸ਼ਨ ਬਿੳੂਰੋ,ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਨਾ ਨੰ.21
  24. ਪੰਜਾਬੀ ਸਭਿਅਾਚਾਰ ਵਿਭਿੰਨ ਪਰਿਪੇਖ,ਸੰਪਾਦਕ ਪ੍ਰੋ. ਸ਼ੈਰੀ ਸਿੰਘ ਰੂਹੀ ਪ੍ਰਕਾਸ਼ਨ ਅੰਮ੍ਰਿਤਸਰ, ਪੰਨਾ ਨੰ.34,35,36.
  25. ਪੰਜਾਬੀ ਸਭਆਿਚਾਰ ਪਛਾਣ-ਚਿੰਨ੍ਹ. ਡਾ. ਜਸਵਿੰਦਰ ਸਿੰਘ ਪੰਜਾਬੀ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਅਾਲਾ, ਜਸਵਿੰਦਰਦਰ ਸਿੰਘ, ਪੁਨੀਤ ਪ੍ਰਕਾਸ਼ਨ ਪਟਿਅਾਲਾ ਪੰਨਾ ਨੰ. 77,78,79.
  26. ਭਾਸ਼ਾ,ਸਾਹਤਿ ਤੇ ਸਭਿਆਚਾਰ, ਪ੍ਰੋ. ਬਲਦੇਵ ਸਿੰਘ ਰਾਜ ਗੁਪਤਾ ਪੰਨਾ ਨੰ.35,36,37,38,42
  27. ਪੰਜਾਬੀ ਸਭਿਅਾਚਾਰ ਵਿਭਿੰਨ ਪਰਿਪੇਖ, ਸੰਪਾਦਕ ਪ੍ਰੋ. ਸ਼ੈਰੀ ਸਿੰਘ ਰੂਹੀ ਪ੍ਰਕਾਸ਼ਨ ਅੰਮ੍ਰਿਤਸਰ ਪੰਨਾ ਨੰ. 76,77,78