ਪੰਜਾਬੀ ਹਾਇਕੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਾਇਕੂ[ਸੋਧੋ]

ਇਕ ਪਲ ਵਿਚ ਹੋਈ ਘਟਨਾ/ਹਰਕਤ ਨੂੰ ਜਦੋਂ ਕੁਝ ਸੀਮਤ ਸ਼ਬਦਾਂ ਵਿਚ ਬਿਆਨ ਕੀਤਾ ਜਾਂਦਾ ਹੈ ਤਾਂ ਉਸ ਨੂੰ ਹਾਇਕੂ ਕਿਹਾ ਜਾਂਦਾ ਹੈ। ਹਾਇਕੂ ਜਪਾਨੀ ਕਾਵਿ ਦਾ ਇੱਕ ਛੋਟਾ ਰੂਪ ਹੈ ਜਿਸ ਦਾ ਆਕਾਰ 5+7+5=17 ਅੱਖਰਾਂ ਵਿਚ ਬੱਝਾ ਹੁੰਦਾ ਹੈ। ਜਪਾਨ ਦੇ ਹਾਇਕੂ ਵਿਧਾਨ ਅਨੁਸਾਰ ਪਹਿਲੀ ਸੱਤਰ ਵਿਚ ਪੰਜ, ਦੂਜੀ ਸੱਤਰ ਵਿਚ ਸੱਤ ਅਤੇ ਤੀਜੀ ਸੱਤਰ ਵਿਚ ਫਿਰ ਪੰਜ ਅੱਖਰ ਲਏ ਜਾਂਦੇ ਹਨ ਭਾਵ ਇਸ ਦਾ ਕ੍ਰਮ 17 ਅੱਖਰੀ ਹੈ ਜੋ ਕਿ ਤਿੰਨ ਲਾਇਨਾਂ ਵਿਚ ਬੱਝਾ ਹੁੰਦਾ ਹੈ। ਭਾਰਤੀ ਭਾਸ਼ਾਵਾਂ ਵਿਚ ਵਧੇਰੇਤਰ ਇਸੇ ਵਿਧਾਨ ਦੀ ਪਾਲਣਾ ਕੀਤੀ ਜਾਂਦੀ ਹੈ। ਇਸ ਵਿਚ ਪੂਰੇ ਅੱਖਰ ਗਿਣੇ ਜਾਂਦੇ ਹਨ, ਲਗਾਂ-ਮਾਤਰਾਵਾਂ ਨਹੀਂ ਗਿਣੀਆਂ ਜਾਂਦੀਆਂ। ਅੰਗਰੇਜੀ ਭਾਸ਼ਾ ਵਿਚ ਹਾਇਕੂ ਰਚਨ ਲਈ ਅੱਖਰਾਂ ਦੀ ਬਜਾਇ ਸ਼ਬਦ ਲਏ ਜਾਂਦੇ ਹਨ ਜਦਕਿ ਕ੍ਰਮ ਇਹੋ ਹੀ ਰਹਿੰਦਾ ਹੈ। ਸਾਡੇ ਕੁਝ ਸਾਹਿਤਕਾਰ ਵੀਰ ਉਕਤ ਵਿਧਾਨ ਨੂੰ ਤਿਆਗ ਕੇ ਹਾਇਕੂ ਰਚਨ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੀ ਰਚਨਾ ਨੂੰ ਹਾਇਕੂ ਦੀ ਬਜਾਇ ਜੇਨ ਪੋਇਟਰੀ ਕਹਿਣਾ ਵਧੇਰੇ ਉਚਿੱਤ ਹੈ।

ਹਾਇਕੂ ਵਿਧਾ ਨੂੰ ਭਾਰਤ ਵਿਚ ਸਥਾਪਤ ਕਰਨ ਲਈ ਹਿੰਦੀ ਵਿਦਵਾਨ ਸੱਤਯ ਭੂਸ਼ਨ ਵਰਮਾ ਦਾ ਅਹਿਮ ਯੋਗਦਾਨ ਹੈ ਅਤੇ ਇਸ ਮਕਸਦ ਦੀ ਪੂਰਤੀ ਹਿਤ ਇਨ੍ਹਾਂ ਨੇ 21 ਵਾਰ ਜਪਾਨ ਦੀ ਯਾਤਰਾ ਕੀਤੀ ਹੈ। ਇਸੇ ਕੜੀ ਨੂੰ ਅਗਾਂਹ ਤੋਰਨ ਵਿਚ ਹਿੰਦੀ ਵਿਦਵਾਨ ਭਗਵਤ ਸ਼ਰਣ ਅਗਰਵਾਲ ਦੇ ਯੋਗਦਾਨ ਨੂੰ ਵੀ ਅੱਖੋਂ-ਪ੍ਰੋਖੇ ਨਹੀਂ ਕੀਤਾ ਜਾ ਸਕਦਾ ਜਿਹਨਾਂ ਨੇ ਭਾਰਤੀ ਹਾਇਕੂਕਾਰਾਂ ਦਾ ਵਿਸ਼ਵਕੋਸ਼ ਤਿਆਰ ਕੀਤਾ ਹੈ ਜਿਸ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਅਨੇਕਾਂ ਹਾਇਕੂਕਾਰਾਂ ਦੇ ਹਵਾਲੇ ਵੀ ਦਰਜ ਹਨ। ਸ੍ਰੀ ਅਗਰਵਾਲ ਦੇ ਹਾਇਕੂ ਵੀ 25 ਦੇਸੀ ਵਿਦੇਸ਼ੀ ਭਾਸ਼ਾਵਾਂ ਵਿਚ ਛਪ ਚੁੱਕੇ ਹਨ।

ਭਾਰਤ ਵਿਚ ਹਾਇਕੂ ਲਿਖਣ ਦਾ ਕਾਰਜ 1951 ਦੇ ਆਸ ਪਾਸ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਸਦੀ ਦੇ ਅੰਤਿਮ ਦਹਾਕੇ ਵਿਚ ਪੰਜਾਬੀ ਭਾਸ਼ਾ ਵਿਚ ਵੀ ਹਾਇਕੂ ਦਾ ਆਗਾਜ਼ ਹੋਇਆ। ਪੰਜਾਬੀ ਹਾਇਕੂ ਦੇ ਆਗਾਜ਼ ਸਬੰਧੀ ਵਿਦਵਾਨਾਂ ਦੀ ਰਾਇ ਵਿਚ ਵਖਰੇਂਵਾਂ ਹੈ। ਸਾਡੇ ਕੁਝ ਪਰਵਾਸੀ ਪੰਜਾਬੀ ਵਿਦਵਾਨ ਵੀਰ ਪੰਜਾਬੀ ਹਾਇਕੂ ਦੀ ਆਮਦ ਵਿਦੇਸ਼ੀ ਹਾਂਿੲਕੂ ਦੇ ਅਨੁਵਾਦ ਤੋਂ ਹੋਈ ਮੰਨਦੇ ਹਨ। ਵਾਸਤਵ ਵਿਚ ਪੰਜਾਬੀ ਵਿਚ ਹਾਇਕੂ ਦਾ ਆਰੰਭ ਭਾਰਤੀ ਭਾਸ਼ਾਵਾਂ ਰਾਹੀਂ ਹੋਇਆ ਹੈ। ਹਿੰਦੀ ਦੇ ਪ੍ਰਭਾਵ ਅਧੀਨ ਜਸੰਵਤ ਸਿੰਘ ਵਿਰਦੀ, ਬਸੰਤ ਕੁਮਾਰ ਰਤਨ ਅਤੇ ਉਰਮਿਲਾ ਨੇ ਪੰਜਾਬੀ ਭਾਸ਼ਾ ਵਿਚ ਹਾਇਕੂ ਲਿਖੇ। ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ 1997-98 ਵਿਚ ਅਦਬੀ ਪਰਿਕਰਮਾ ਦੇ ਸੰਪਾਦਕ ਕਸ਼ਮੀਰੀ ਲਾਲ ਚਾਵਲਾ ਨੇ ਹਾਇਕੂ ਦੇ ਪ੍ਰਸਾਰ ਲਈ ਵੱਡਾ ਉਪਰਾਲਾ ਕੀਤਾ। ਉਹਨਾਂ ਨੇ ਤਿੰਨ ਸਮਾਚਾਰ ਪੱਤਰਾਂ ਅਦਬੀ ਪਰਿਕਰਮਾ (ਪੰਜਾਬੀ), ਅਦਬੀ ਮਾਲਾ (ਹਿੰਦੀ) ਅਤੇ ਵਰਲਡ ਟੂ ਵਰਲਡ (ਅੰਗਰੇਜੀ) ਰਾਹੀਂ ਤਿੰਨੇ ਭਾਸ਼ਾਵਾਂ ਵਿਚ ਪੰਜਾਬੀ/ਭਾਰਤੀ ਹਾਇਕੂ ਦੇ ਵਿਸ਼ੇਸ਼ ਅੰਕ ਅਤੇ ਅਨੁਵਾਦ ਅੰਕ ਪ੍ਰਕਾਸ਼ਿਤ ਕੀਤੇ ਅਤੇ ਇਹ ਸਿਲਸਿਲਾ ਨਿਰੰਤਰ ਜਾਰੀ ਹੈ। ਇਸ ਤੋਂ ਇਲਾਵਾ ਹਾਇਕੂ ਦੇ ਪ੍ਰਸਾਰ ਤੇ ਪ੍ਰਚਾਰ ਲਈ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ‘ਪੰਜਾਬੀ ਹਾਇਕੂ ਮੰਚ’ ਦੀ ਸਥਾਪਨਾ ਕੀਤੀ ਗਈ ਹੈ। ਸਮੇਂ ਸਮੇਂ ਹਾਇਕੂ ਕਵੀ ਦਰਬਾਰ ਵੀ ਆਯੋਜਿਤ ਕੀਤੇ ਜਾਂਦੇ ਹਨ। ਮੰਚ ਦੇ ਕਾਰਜਾਂ ਤੋਂ ਪ੍ਰਭਾਵਤ ਹੋ ਕੇ ਇੱਕ ਸੌ ਦੇ ਕਰੀਬ ਹਾਇਕੂਕਾਰ ਪੈਦਾ ਹੋ ਚੁੱਕੇ ਹਨ। ਰਾਸ਼ਟਰੀ ਪੱਧਰ ਤੇ ਵੀ ਪੰਜਾਬੀ ਹਾਇਕੂ ਦੇ ਪ੍ਰਸਾਰ ਦੇ ਯਤਨ ਜਾਰੀ ਹਨ।

ਇਸ ਸਬੰਧ ਵਿਚ ਦਿੱਲੀ ਵਿਖੇ ਆਯੋਜਿਤ ਹਾਇਕੂ ਸਬੰਧੀ ਵਿਸ਼ੇਸ਼ ਸੈਮੀਨਾਰ ਵਿਚ ਸ੍ਰੀ ਗੁਰੂ ਨਾਨਕ ਦੇਵ ਖ਼ਾਲਸਾ ਕਾਲਜ (ਦਿੱਲੀ ਯੂਨਿਵਰਸਿਟੀ) ਦੇ ਪ੍ਰੋ. ਡਾ. ਪਰਮਜੀਤ ਕੌਰ ਦਿੱਲੀ ਨੇ ‘21ਵੀਂ ਸਦੀ ਦਾ ਪਹਿਲਾ ਦਹਾਕਾ-ਪੰਜਾਬੀ ਹਾਇਕੂ ਕਾਵਿ ਦੀ ਦਸਤਕ ’ ਵਿਸ਼ੇ ਅਧੀਨ ਆਪਣੇ ਵਿਚਾਰ ਪੇਸ਼ ਕਰਦਿਆਂ ਨੌਂ ਪੰਜਾਬੀ ਹਾਇਕੂ ਪੁਸਤਕਾਂ ਦਾ ਜ਼ਿਕਰ ਕੀਤਾ ਜਿਹਨਾਂ ਵਿਚੋਂ ਪੰਜ ਪੁਸਤਕਾਂ ‘ਪੰਜਾਬੀ ਹਾਇਕੂ’(ਕਸ਼ਮੀਰੀ ਲਾਲ ਚਾਵਲਾ ਅਤੇ ਜਰਨੈਲ ਸਿੰਘ ਭੁੱਲਰ), ‘ਹਾਇਕੂ ਯਾਤਰਾ ’ ਤੇ ‘ਯਾਦਾਂ’(ਕਸ਼ਮੀਰੀ ਲਾਲ ਚਾਵਲਾ), ‘ਬਿਖ਼ਰੇ ਮੋਤੀ’ (ਮਲਕੀਤ ਸਿੰਘ ਸੰਧੂ) ਅਤੇ ‘ਸਮੇਂ ਦੀ ਸੂਈ’ (ਮਨੋਹਰ ਸਿੰਗਲ) ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਨਾਲ ਸਬੰਧਤ ਹਾਇਕੂਕਾਰਾਂ ਦੀਆਂ ਹਨ। ਇਸ ਤੋਂ ਇਲਾਵਾ ਇਸ ਪਵਿੱਤਰ ਧਰਤੀ ਤੋਂ ਬਿਕਰਮਜੀਤ ਨੂਰ, ਪ੍ਰੋ. ਦਾਤਾਰ ਸਿੰਘ, ਡਾ. ਸੁਰਿੰਦਰ ਕੰਬੋਜ, ਬੂਟਾ ਸਿੰਘ ਵਾਕਫ਼, ਸੋਹਨ ਸਿੰਘ ਬਰਾੜ, ਸੁਖਦੇਵ ਕੌਰ ਚਮਕ, ਨਵਜੋਤ ਕੌਰ, ਸੰਨੀ ਤਨੇਜਾ ਆਦਿ ਸਰਗਰਮ ਹਾਇਕੂਕਾਰ ਹਨ। ਪੰਜਾਬੀ ਵਿਚ ਮਲਕੀਤ ਸਿੰਘ ਸੰਧੂ ਨੇ ਹਾਇਕੂ ਤੇ ਨਵੇਂ ਪ੍ਰਯੋਗ ਕਰਦਿਆਂ ਹਾਇਕੂ ਗ਼ਜ਼ਲ, ਹਾਇਕੂ ਰੂਬਾਈ, ਹਾਇਕੂ ਦੋਹੇ ਅਤੇ ਹਾਇਕੂ ਕਵਿਤਾ ਵੀ ਲਿਖੀ ਹੈ। ਹਾਇਕੂ ਦੇ ਪ੍ਰਸਾਰ ਸਬੰਧੀ ਡਾ. ਪ੍ਰੇਮ ਸਿੰਘ ਬਜਾਜ ਨਿਰਦੇਸ਼ਕ ਰੈਫਰੈਂਸ ਲਾਇਬਰੇਰੀ ਪੰਜਾਬੀ ਸਾਹਿਤ ਅਕਾਦਮੀ ਪੰਜਾਬੀ ਭਵਨ ਲੁਧਿਆਣਾ ਵੱਲੋਂ ਵੀ ਅਣਥੱਕ ਯਤਨ ਜਾਰੀ ਹਨ। ਹਾਇਕੂਕਾਰ ਹਾਇਕੂ ਸਬੰਧੀ ਆਪਣੀ ਸਮਗਰੀ ਉਹਨਾਂ ਨੂੰ ਵੀ ਭੇਜ ਸਕਦੇ ਹਨ। www.haikuinternationalmks.blogspot.com


21ਵੀਂ ਸਦੀ ਦਾ ਪਹਿਲਾ ਦਹਾਕਾ:ਪੰਜਾਬੀ ਹਾਇਕੂ ਕਾਵਿ ਦੀ ਦਸਤਕ

‘ਹਾਇਕੂ’ ਜਾਪਾਨੀ ਕਾਵਿ ਵਿਧਾ ਹੈ ਜੋ ਜਾਪਾਨੀ ਲਿਪੀ ’ਚ 17 ਅੱਖਰਾਂ ਨੂੰ 5+7+5 ਦੇ ਕ੍ਰਮ ਅਨੁਸਾਰ ਜੋੜਨ ਨਾਲ ਬਣਦੀ ਹੈ। ਇਹ ਕਵਿਤਾ ਦਾ ਛੋਟੇ ਤੋਂ ਛੋਟਾ ਅਤੇ ਸੰਖੇਪ ਰੂਪ ਹੈ ਜੋ ਕਿ ਤਿੰਨ ਪੰਕਤੀਆਂ ਵਿਚ ਬਹੁਤ ਹੀ ਸੂਖ਼ਮ ਭਾਵਾਂ ਦੇ ‘ਹੁਣ’ ਨੂੰ ਪ੍ਰਗਟ ਕਰਦਾ ਹੈ। ਇਸ ਲਈ ਭਾਵੇਂ ਇਸ ਕਾਵਿ ਵਿਧਾ ਦੀ ਬਾਹਰੀ ਸੰਚਰਨਾ ਸਰਲ ਵਿਖਾਈ ਦਿੰਦੀ ਹੈ ਪਰ ਇਸ ਵਿਚ ਗਹਿਰੇ ਅਰਥਾਂ ਦਾ ਸੰਚਾਰ ਹੁੰਦਾ ਹੈ। ਪਰਮਿੰਦਰ ਸੋਢੀ ‘ਹਾਇਕੂ’ ਕਾਵਿ ਦੀ ਪਰਿਭਾਸ਼ਾ ਬੁੱਧ ਦੇ ਹਵਾਲੇ ਨਾਲ ਇਉਂ ਕਰਦਾ ਹੈ :- ਚੇਤੰਨ ਅਵਸਥਾ ਦਾ ਨਾਂ ਹਾਇਕੂ ਹੈ।

ਜਾਗਣਾ, ਤੇ ਇਸ ਪਲ ਵਿਚ, ਜਾਗਣਾ।

ਇਹ ਜਾਗਣ ਤੇ ਬੋਧ ਦਾ ਅਹਿਸਾਸ ਹੈ। ਇਸੇ ਬੋਧ ਦੀ ਝਲਕ ਦਾ ਸੁਨੇਹਾ ਹੁੰਦੇ ਹਨ ਹਾਇਕੂ :-

ਸੁੱਕੇ ਬਿਰਖ ਦੀ ਟਾਹਣੀ ਤੇ, ਕਾਂ ਇੱਕ ਆਣ ਬੈਠਾ, ਸਮਝੋ ਪਤਝੜ ਹੈ ਆ ਗਈ]

ਹਾਇਕੂ ਕਾਵਿ ਵਿਚ ਇਨਾਂ ਤਿੰਨ ਸਤਰਾਂ ਦੇ ਅਰਥ ਦਾ ਪਸਾਰ ਵਿਸਤ੍ਰਿਤ ਹੁੰਦਾ ਜਾਂਦਾ ਹੈ। ਹਾਇਕੂ ਕਵੀ ਕੋਲ ਬੋਧੀ ਭਿਖਸ਼ੂ ਵਾਂਗ ਇੱਕ ਛਿਣ ਵਿਚ ਲੁਕੀ ਸਦੀਵਤਾ ਨੂੰ ਲੱਭਣ ਦੀ ਤਲਾਸ਼ ਹੈ। ਬੁੱਧ-ਧਾਰਾ ਨੂੰ ਅਮਲੀ ਜੀਵਨ ਵਿਚ ਮਹਿਸੂਸ ਕਰਨ ਤੇ ਵਰਤਣ ਨੂੰ ‘ਜੇਨ’ ਕਿਹਾ ਜਾਂਦਾ ਹੈ। ਪਹਿਲਾਂ ਪਹਿਲ ਇਸ ਕਾਵਿ ਰੂਪ ਨੂੰ ਬੋਧੀ ਭਿਖਸ਼ੂਆਂ ਨੇ ਹੀ ਪ੍ਰਚਲਿਤ ਕੀਤਾ। ਇਸ ਲਈ ਇਹ ਜਾਪਾਨ ਤੋਂ ਸ਼ੁਰੂ ਹੋ ਕੇ ਹੁਣ ਕਾਵਿ-ਧਾਰਾ ਪੂਰੇ ਵਿਸ਼ਵ ਸਾਹਿਤ ਦਾ ਅੰਗ ਬਣ ਗਈ ਹੈ। ਬੁੱਧ-ਪੁਰਖ ਜੀਵਨ ਦੀ ਹਰ ਸਥਿਤੀ ਵਿਚ ਸਹਿਜ ਵਿਚਰਣ ਦੇ ਯੋਗ ਹੁੰਦਾ ਹੈ। ਗੁਰਬਾਣੀ ਵਿਚ ਇਸ ਨੂੰ ‘ਬ੍ਰਹਮ ਗਿਆਨੀ’ ਦੀ ਅਵਸਥਾ ਕਿਹਾ ਗਿਆ ਹੈ।

ਬ੍ਰਹਮ ਗਿਆਨੀ ਸਦਾ ਨਿਰਲੇਪ॥ ਜੈਸੇ ਜਲ ਮਹਿ ਕਮਲ ਅਲੇਪ॥ (ਆਦਿ ਗ੍ਰੰਥ)

ਹਾਇਕੂ ਕਵੀ ਘਰੋਂ ਤੁਰਦਾ ਹੈ ਤਾਂ ਉਸ ਦੇ ਸੰਵੇਦਨਾ ਕੁਦਰਤ ਦੀ ਆਸ਼ਕ ਹੋ ਜਾਂਦੀ ਹੈ, ਉਹ ਕੁਦਰਤ ਵਿਚੋਂ ਬੋਲਦਾ ਹੈ ਅਤੇ ਉਸ ਵਿਚੋਂ ਕੁਦਰਤ ਬੋਲਣ ਲੱਗਦੀ ਹੈ। ਇਸੇ ਲਈ ਕੁਦਰਤ ਜਾਂ ਮੌਸਮ ਦੇ ਕਿਸੇ ਪਹਿਲੂ ਦਾ ਹਾਇਕੂ ਕਾਵਿ ਵਿਚ ਸਿੱਧਾ ਜਾਂ ਅਸਿੱਧਾ ਦਾਖ਼ਲ ਹੁੰਦਾ ਹੈ। ਉਹ ਪੱਤਿਆਂ, ਝੀਲਾਂ, ਧੁੱਪਾਂ, ਛਾਵਾਂ, ਪੌਣਾਂ ਸੰਗ ਰਲ ਜਾਂਦਾ ਹੈ। ਉਸ ਵਿਚੋਂ ਦਵੈਤ ਖ਼ਤਮ ਹੋ ਜਾਂਦੀ ਹੈ। ਉਹ ਕਹਿ ਉਠਦਾ ਹੈ :-

ਮੈਨੂੰ ਨਹੀਂ ਪਤਾ, ਕਿਹੜੇ ਬਿਰਖ਼ ਤੋਂ ਆ ਰਹੀ, ਇਹ ਖ਼ੁਸ਼ਬੂ?

ਹਾਇਕੂ ਕਾਵਿ ਦਾ ਸੁਹਜ ਫੁੱਲਾਂ, ਚਿੜੀਆਂ ਤੇ ਤਿਤਲੀਆਂ ਤੱਕ ਹੀ ਸੀਮਤ ਨਹੀਂ ਹੋ ਸਕਦਾ ਉਹ ਤਾਂ ਜਿੱਥੇ ਵੀ ਹੈ ਇੱਕ ਸਮਾਨ ਹੈ। ਉਹ ਤਾਂ ਜੀਵਨ ਦੀ ਹਰ ਧਾਰਾ ਵਿਚ ਇੱਕ ਸਾਰ ਵਿਚਰਦਾ ਹੈ। ਉਸ ਲਈ ਸਹਿਜਤਾ, ਸੁਹਜ, ਤੇ ਸੰਵੇਦਨਾ ਇਕੋ ਹੀ ਸੂਖ਼ਮ ਵਰਤਾਰੇ ਦੇ ਨਾਮ ਹਨ। ਸੋ ਹਾਇਕੂ ਦੀ ਪ੍ਰਮੁੱਖ ਵਿਸ਼ੇਸ਼ਤਾ ‘ਘਟਨਾ ਅਤੇ ਕੁਦਰਤ ਦੇ ਕਿਸੇ ਵਿਸ਼ੇਸ਼ ਪਹਿਲੂ ਦੀ ਮਾਰਫ਼ਤ ਮਨੁੱਖੀ ਭਾਵਾਂ ਨੂੰ ਵਿਅਕਤ ਕਰਨ ਵਿਚ ਹੈ ਜੋ ਹੈਰਾਨੀ, ਖੁਸ਼ੀ-ਗਮੀ, ਇੱਕਲਤਾ ਅਤੇ ਧੰਨਵਾਦ ਆਦਿ ਦੇ ਅਹਿਸਾਸ ਪ੍ਰਗਟ ਕਰਨ ਲਈ ਉਹ ਪਲ ਤੇ ਆਪਣੀ ਚੇਤਨਾ ਨੂੰ ਕੇਂਦਰਤ ਕਰਦਾ ਹੈ,ਜਿਥੇ ਮਨੁੱਖੀ ਸੁਭਾਅ ਤੇ ਸਮੁੱਚੀ ਕੁਦਰਤ ਇਕੋ ਹੋਂਦ ਵਜੋਂ ਵਿਆਪਕ ਹੋ ਰਹੇ ਲਗਦੇ ਹਨ।’

ਇਹ ਇੱਕ ਸਹਿਜ ਅਨੁਭੂਤੀ ਤੇ ਛਿਣਾਂ ਦੀ ਗਾਥਾ ਹੈ। ਇਸ ਲਈ ਹਉਮੈਂ ਰਹਿਤ ਵਿਚਾਰਾਂ ਦਾ ਆਗਾਜ਼ ਹੁੰਦਾ ਹੈ। ਹਾਇਕੂ ਕਾਵਿ ਜਾਪਾਨੀ ਲੋਕਾਂ ਦੇ ਜੀਵਨ ਸੱਭਿਆਚਾਰ, ਕਲਾ ਤੇ ਸਾਹਿਤ ਵਿਚ ਬੇਹੱਦ ਮਹੱਤਤਾ ਰੱਖਦਾ ਹੈ। ਅੱਜ 21ਵੀਂ ਸਦੀ ਦਾ ਮਨੁੱਖ ਵਿਗਿਆਨ ਤੇ ਤਕਨਾਲੋਜੀ ਦੇ ਦੌਰ ਵਿਚ ਵਿਚਰ ਰਿਹਾ ਹੈ, ਉਸ ਕੋਲ ਲੰਬੀ ਚੌੜੀ ਕਵਿਤਾ ਲਿਖਣ ਅਤੇ ਪੜ੍ਹਨ ਦੀ ਵਿਹਲ ਨਹੀਂ ਹੈ। ਇਸ ਲਈ ਹਾਇਕੂ-ਕਾਵਿ ਦੀ ਲੋਕਪ੍ਰਿਅਤਾ ਅਤੇ ਮਹੱਤਤਾ ਇਸ ਪਦਾਰਥਵਾਦੀ ਯੁੱਗ ਵਿਚ ਹੋਰ ਵਧ ਗਈ ਹੈ। ਹੁਣ ਇਹ ਜਾਪਾਨ ਦੀ ਧਰਤੀ ਤੱਕ ਹੀ ਸੀਮਤ ਨਹੀਂ ਬਲਕਿ ਸਮੁੱਚੇ ਸੰਸਾਰ ਦੇ ਸਾਹਿਤ ਦਾ ਮਹੱਤਵ ਪੂਰਨ ਅੰਗ ਬਣ ਚੁੱਕਾ ਹੈ। ਪੰਜਾਬੀ ਵਿਚ ਹਾਇਕੂ ਕਾਵਿ ਦਾ ਚਰਚਾ ਸੰਨ 2001 ਵਿਚ ਪਰਮਿੰਦਰ ਸੋਢੀ ਦੀ ਅਨੁਵਾਦਿਤ ਪੁਸਤਕ ‘ਜਾਪਾਨੀ ਹਾਇਕੂ ਸ਼ਾਇਰੀ’ ਨਾਲ ਸ਼ੁਰੁ ਹੋਇਆ, ਇਸ ਪੁਸਤਕ ਵਿਚ ਲੇਖਕ ਨੇ 17ਵੀਂ ਸਦੀ ਦੇ ਜਾਪਾਨੀ ਸਾਹਿਤਕਾਰ ਮਾਤਸੂਓ ਬਾਸ਼ੋ ਦੇ ਚੋਣਵੇਂ ਹਾਇਕੂ ਕਾਵਿ ਤੋਂ ਗੱਲ ਸ਼ੁਰੂ ਕਰਕੇ 20ਵੀਂ ਸਦੀ ਤੱਕ ਦੀ ਜਾਪਾਨੀ ਹਾਇਕੂ ਕਵਿਤਾ ਦਾ ਸੰਖੇਪ ਇਤਿਹਾਸ ਬਿਆਨਿਆ ਹੈ।

ਇਸ ਪੁਸਤਕ ਵਿਚ ਜਿੱਥੇ ਕਾਵਿ ਦੀ ਪਰਿਭਾਸ਼ਾ, ਵਿਧੀ ਅਤੇ ਸ਼ੈਲੀ ਪੱਖ ਨੂੰ ਉਘਾੜਿਆ ਹੈ ਉੱਥੇ ਕੁਝ ਪ੍ਰਮੁੱਖ ਜਾਪਾਨੀ ਹਾਇਕੂ ਕਵੀਆਂ ਦੇ ਪੰਜਾਬੀ ਅਨੁਵਾਦ ਕੀਤੇ ਹਨ। ਜਿਵੇਂ - ਮਾਤਸੂਓ ਬਾਸ਼ੋ, ਯੋਸਾ ਬੂਸੋਨ, ਸਾਨਤੋਕਾ, ਨਾਤਸੂਮੇ, ਚੀਯੋ-ਨੀ, ਇੱਸਾ ਰਯੋਕਾਨ, ਸ਼ੀਕੀ ਮਾਸਾਓਕਾ, ਓਜ਼ਾਕੀ, ਹੋਸ਼ਾਈ ਅਤੇ ਕੁਝ ਹੋਰ ਹਾਇਕੂ ਕਵੀ।

ਇਸ ਦੌਰ ਦੀ ਕਵਿਤਾ ਵਿਚ ਤਿਤਲੀ ਤੇ ਲੜਕੀ ਦਾ ਕਾਵਿ ਬਿੰਬ ਸਾਰੇ ਕਵੀਆਂ ਨੇ ਸਿਰਜਿਆ ਹੈ :

ਇਕ ਤਿਤਲੀ, ਕੁੜੀ ਦੇ ਰਾਹ ਵਿਚ, ਕਦੇ ਅੱਗੇ ਕਦੇ ਪਿੱਛੇ। (ਚੀਯੋ-ਨੀ)

ਜਾਂ

ਇੱਧਰ ਉੱਧਰ ਫਿਰੇ, ਫੜਫੜਾਂਦੀ, ਜਿਵੇਂ ਉਪਰਾਮ ਹੋ ਗਈ ਹੋਵੇ, ਇਸ ਸੰਸਾਰ ਤੋਂ ਤਿਤਲੀ।। (ਇੱਸਾ)

ਹਾਇਕੂ ਕਵੀ ਪ੍ਰਕਿਰਤੀ ਤੇ ਪੰਛੀਆਂ ਦੀ ਇਕਮਿਕਤਾ ਨੂੰ ਇਨਾਂ ਸਤਰਾਂ ਰਾਹੀਂ ਬਿਆਨ ਕਰਦਾ ਹੈ :-

ਨਿੱਕੀਆਂ ਚਿੜੀਆਂ, ਫੁੱਲਾਂ ਵੱਲ ਮੂੰਹ ਖੋਹਲਦੀਆਂ, ਇਹ ਵੀ ਪੂਜਾ ਹੈ। (ਇੱਸਾ)

ਪਰਮਿੰਦਰ ਸੋਢੀ ਨੇ ਹਾਇਕੂ ਕਾਵਿ ਬਾਰੇ ਇਸ ਪੁਸਤਕ ਵਿਚ ਭਰਪੂਰ ਜਾਣਕਾਰੀ ਦਿੱਤੀ ਹੈ। ਉਸਨੇ ਹਾਇਕੂ ਤਿਤਲੀਆਂ ਦੇ ਹਮਸਫ਼ਰ, ਹਾਇਕੂ : ਸੱਭਿਆਚਾਰ ਪਿਛੋਕੜ, ਜਾਪਾਨੀ ਬੁੱਧਤਵ (ਜ਼ੇਨ) ਦੇ ਅਕਸ ਅਤੇ ਚੀਨੀ ਦਾਰਸ਼ਨਿਕ ਧਾਰਾ ਤਾਓ ਦੇ ਹਾਇਕੂ ਵਿਚ ਵਿਅਕਤ ਹੋਣ ਵਾਲੇ ਪ੍ਰਮੁੱਖ ਗੁਣਾਂ ਲੱਛਣਾਂ ਦਾ ਭਰਪੂਰ ਵਰਨਣ ਕੀਤਾ ਹੈ। ਸਹਿਜ ਤੇ ਸਰਲਤਾ ਹਾਇਕੂ ਕਾਵਿ ਦੇ ਅਮੀਰੀ ਗੁਣ ਹਨ :-

ਸੁੱਖ ’ਚ ਵੀ, ਦੁੱਖ ’ਚ ਵੀ, ਘਾਹ ਉੱਗਦਾ ਰਿਹਾ। (ਸ਼ਾਨਤੋਕਾ)

ਹਾਇਕੂ ਕਾਵਿ ਦੀ ਉੱਘੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਭਾਸ਼ਾ ਸਰਲ ਹੁੰਦੀ ਹੈ। ਕੁਦਰਤ ਦੇ ਸਮੁੱਚੇ ਅਤੇ ਸਹਿਜ ਵਰਤਾਰੇ ਲਈ ਪਿਆਰ ਦਾ ਭਾਵ ਹੁੰਦਾ ਹੈ। ਜਿਵੇਂ :- ਅਸੀਂ ਤੈਨੂੰ ਘਰ ਕਿਰਾਏ ਤੇ ਦਿੰਦੇ ਹਾਂ, ਜਦੋਂ ਤੱਕ ਤੇਰੇ ਬੋਟ ਪਲ ਨਹੀਂ ਜਾਂਦੇ, ਨੀ ਚਿੜੀਏ। (ਇੱਸਾ)

ਕੁਦਰਤ ਦੀ ਵਿਤਕਰਾ ਰਹਿਤ ਫਿਤਰਤ ਬਾਰੇ ਸਾਨਤੋਕਾ ਦਾ ਲਿਖਿਆ ਹਾਇਕੂ :-

ਵੱਡਾ ਬਿਰਖ਼ ਵੀ, ਮੈਂ ਵੀ, ਕੁੱਤਾ ਵੀ, ਭਿੱਜ ਰਹੇ ਕਿਣਮਿਣ ਹੇਠ। (ਸ਼ਾਨਤੋਕਾ)

ਕੁਦਰਤ ਵੀ ਜੋ ਦੇ ਰਹੀ ਹੈ, ਹਰ ਕਿਸੇ ਨੂੰ ਸਹਿਜ ਸੁਭਾਅ ਤੇ ਬਗੈਰ ਕੋਈ ਭੇਦ ਭਾਵ ਕੀਤਿਆਂ ਦੇ ਰਹੀ ਹੈ। ਹਾਇਕੂ ਕਵੀ ਅਨੁਸਾਰ, ਸਧਾਰਨ ਤੇ ਕੁਦਰਤੀ ਗੱਲਾਂ ਪਿੱਛੇ ਲੁਕੀ ਵਿਸ਼ਮੈਕਾਰੀ ਸੱਤਾ ਨੂੰ ਪਛਾਣਨਾ ਤੇ ਹੈਰਾਨੀ ਦੇ ਭਾਵ ਵਿਚ ਡੁੱਬ ਜਾਣਾ ਅਤੇ ਫਿਰ ਇਸ ਹੈਰਾਨ ਕਰ ਦੇਣ ਵਾਲੇ ਤੱਤ/ਭਾਵ ਉੱਪਰ ਪੂਰਾ ਧਿਆਨ ਕੇਂਦਰਤ ਕਰਨ ਦੀ ਹਾਇਕੂ ਅੰਦਰ ਪਈ ਕਵਿਤਾ ਦਾ ਆਧਾਰ ਹੈ :-

ਝੜਨ ਸਮੇਂ ਵੀ, ਮਨ ਸਹਿਜ, ਪੋਸਤ ਸਹਿਜ। (ਏਤਸੂਜ਼ਿਨ)

ਜਾਂ

ਪੱਥਰਾਂ ਦੇ ਸ਼ਿਲਾਲੇਖ, ਚੱਟਾਨਾਂ ਉਪਰੋਂ ਝਾਕਣ, ਪਥਰੀਲੇ ਰਾਹ ਵੱਲ। (ਬਾਸ਼ੋ)

ਕੁਝ ਵਿਦਵਾਨ ਅਨੁਭਵ ਦੇ ਇਸ ਕੇਂਦਰ ਭਾਵ ਨੂੰ ਹਾਇਕੂ ‘ਛਿਣ’ ਦਾ ਨਾਮ ਦਿੰਦੇ ਹਨ। ‘ਯੂਸੂਦਾ’ ਅਨੁਸਾਰ ਹਾਇਕੂ ਕਾਵਿ ਦਾ ਰੂਪਕ ਪੱਖ ਇੱਕ ਸਾਹ ਤੋਂ ¦ਮੇਰਾ ਨਹੀਂ ਹੋ ਸਕਦਾ ਅਤੇ ਉਸ ਅੰਦਰ ਵਾਪਰ ਰਹੀ ਘਟਨਾ ਵਿਚ ਕਿੱਥੇ ਕੀ ਤੇ ਕਦੋਂ ਦੇ ਤਿੰਨ ਤੱਤਾਂ ਨੂੰ ਪਹਿਚਾਣਿਆ ਜਾ ਸਕਦਾ ਹੈ। ਜਿਵੇਂ :-

ਕਿੱਥੇ : ਸੁੱਕੇ ਬਿਰਖ਼ ਦੀ ਟਾਹਣੀ ’ਤੇ। ਕੀ : ਕਾਂ ਇੱਕ ਆਣ ਬੈਠਾ। ਕਦੋਂ : ਸਮਝੋ ਪੱਤਝੜ ਹੈ ਆ ਗਈ।

ਇਉਂ ਇਸ ਪੁਸਤਕ ਤੋਂ ਪਹਿਲਾਂ ਪਰਮਿੰਦਰ ਸੋਢੀ ਨੇ ‘ਅਜੋਕੀ ਜਾਪਾਨੀ ਸ਼ਾਇਰੀ’ ਵਿਸ਼ੇਸ਼ ਅੰਕ ‘ਅੱਖਰ’ ਮੈਗਜ਼ੀਨ ਵਿਚ ਪ੍ਰਕਾਸ਼ਿਤ ਕੀਤਾ ਅਤੇ ਇਸ ਦਾ ਸਾਹਿਤ ਜਗਤ ਵਿਚ ਚਰਚਾ ਛਿੜਿਆ। ਡਾ. ਸੁਤਿੰਦਰ ਸਿੰਘ ਨੂਰ ਤੇ ਡਾ. ਮਨਜੀਤ ਸਿੰਘ ਨੇ ਜਪਾਨੀ ਹਾਇਕੂ ਬਾਰੇ ਪੱਤਰ ਪੱਤਰਕਾਵਾਂ ਅਤੇ ਸਾਹਿਤਕ ਸਭਾਵਾਂ ਵਿਚ ਇਸ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਹੈ। ਹਿੰਦੀ ਸਾਹਿਤ ਜਗਤ ਵਿਚ ਵੀ ਇਸ ਕਾਵਿ ਵਿਧਾ ਅੰਦਰ ਕਵਿਤਾਵਾਂ ਲਿਖੀਆਂ ਗਈਆਂ ਹਨ। ਸਤਿਆ ਭੂਸ਼ਨ ਵਰਮਾ। ਭਗਵਤੀ ਸ਼ਰਣ ਅਗਰਵਾਲ, ਕਸ਼ਮੀਰੀ ਲਾਲ ਚਾਵਲਾ ਆਦਿ ਨੇ ਹਾਇਕੂ ਕਾਵਿ ਦੀ ਰਚਨਾ ਕੀਤੀ।

ਪੰਜਾਬੀ ਵਿਚ ਬਸੰਤ ਕੁਮਾਰ ਰਤਨ ਅਤੇ ਜਸਵੰਤ ਸਿੰਘ ਵਿਰਦੀ ਨੇ ਪੰਜਾਬੀ ਹਾਇਕੂ ਸ਼ੁਰੂ ਕੀਤੇ। 2005 ਵਿਚ ਮਲਕੀਤ ਸਿੰਘ ਸੰਧੂ ਦੀ ‘ਬਿਖਰੇ ਮੋਤੀ’ ਪੁਸਤਕ ਸਾਹਮਣੇ ਆਈ ਅਤੇ ਇਸੇ ਦੌਰਾਨ ਹੀ ਕਸ਼ਮੀਰੀ ਲਾਲ ਚਾਵਲਾ ਤੇ ਜਰਨੈਲ ਸਿੰਘ ਭੁੱਲਰ ਦੀ ਪੁਸਤਕ ‘ਪੰਜਾਬੀ ਹਾਇਕੂ’ ਨਾਲ ਸਾਹਿਤ ਜਗਤ ਵਿਚ ਹਲਚਲ ਪੈਦਾ ਹੋਈ। ਇਸ ਦੇ ਨਾਲ ਉਰਮਿਲਾ ਕੌਲ, ਪ੍ਰੋ. ਦਾਤਾਰ ਸਿੰਘ, ਪ੍ਰੋ. ਮਲਕੀਤ ਸਿੰਘ, ਬਿਕਰਮਜੀਤ ਨੂਰ, ਸੋਨੀ ਤਨੇਜਾ, ਡਾ. ਸੁਰਿੰਦਰ ਕੰਬੋਜ਼, ਸੋਹਨ ਸਿੰਘ ਬਰਾੜ, ਬੂਟਾ ਸਿੰਘ ਵਾਕਫ਼ ਅਤੇ ਸੁਖਦੇਵ ਕੌਰ ਚਮਕ ਆਦਿ ਕਵੀਆਂ ਨੇ ਪੰਜਾਬੀ ਵਿਚ ਹਾਇਕੂ ਲਿਖਣ ਦੀ ਪਰੰਪਰਾ ਪੈਦਾ ਕੀਤੀ। ਇਨਾਂ ਦੁਆਰਾ ਲਿਖੇ ਹਾਇਕੂ ਵੱਖ-ਵੱਖ ਪੱਤਰਕਾਵਾਂ ਵਿਚ ਅਕਸਰ ਛਪਦੇ ਰਹਿੰਦੇ ਹਨ। ਇਉਂ 21ਵੀਂ ਸਦੀ ਦੇ ਇਸ ਪਹਿਲੇ ਦਹਾਕੇ ਵਿਚ ਪੰਜਾਬੀ ਹਾਇਕੂ ਕਾਵਿ ਦੀਆਂ ਨੌਂ ਪੁਸਤਕਾਂ ਸਾਹਮਣੇ ਆ ਚੁੱਕੀਆਂ ਹਨ :-

1. ਜਾਪਾਨੀ ਹਾਇਕੂ ਸ਼ਾਇਰੀ (ਅਨੁਵਾਦਿਤ) – ਪਰਮਿੰਦਰ ਸਿੰਘ ਸੋਢੀ – 2001

2. ਬਿਖਰੇ ਮੋਤੀ - ਮਲਕੀਤ ਸਿੰਘ ਸੰਧੂ - 2005

3. ਪੰਜਾਬੀ ਹਾਇਕੂ - ਕਸ਼ਮੀਰੀ ਲਾਲ ਚਾਵਲਾ ਤੇ ਜਰਨੈਲ ਸਿੰਘ ਭੁੱਲਰ – 2005

4. ਹਾਇਕੂ ਯਾਤਰਾ (ਹਿੰਦੀ ਪੰਜਾਬੀ ਹਾਇਕੂ ਸੰਗ੍ਰਹਿ) - ਕਸ਼ਮੀਰੀ ਲਾਲ ਚਾਵਲਾ - 2007

5. ਯਾਦੇਂ (ਹਿੰਦੀ ਪੰਜਾਬੀ ਹਾਇਕੂ ਸੰਗ੍ਰਹਿ) - ਕਸ਼ਮੀਰੀ ਲਾਲ ਚਾਵਲਾ – 2008

6. ਨਿਮਖ਼ - ਅਮਰਜੀਤ ਸਾਥੀ – 2008

7. ਖਿਣ - ਇਕਬਾਲ ਦੀਪ – 2008

8. ਸੂਈ ਸਮੇਂ ਦੀ - ਮਨੋਹਰ ਸਿੰਗਲ – 2008

9. ਬੂੰਦਾਂ - ਸੁਰਜੀਤ ਆਰਟਿਸਟ –2009

ਕਸ਼ਮੀਰੀ ਲਾਲ ਚਾਵਲਾ ਦੀਆਂ ਤਿੰਨ ਪੁਸਤਕਾਂ ਵਿਚੋਂ ਇੱਕ ਵਿਚ ਜਰਨੈਲ ਸਿੰਘ ਭੁੱਲਰ ਦੇ ਹਾਇਕੂ ਵੀ ਸ਼ਾਮਲ ਹਨ। ਕਸ਼ਮੀਰੀ ਲਾਲ ਚਾਵਲਾ ਦੀ ਖਾਸੀਅਤ ਇਕੋ ਵੇਲੇ ਹਿੰਦੀ, ਪੰਜਾਬੀ ਭਾਸ਼ਾ ਵਿਚ ਹਾਇਕੂ ਲਿਖਣ ਵਿਚ ਹੈ। ਉਹ ਦੋਨਾਂ ਹੀ ਭਾਸ਼ਾਵਾਂ ਵਿਚ ਹਾਇਕੂ ਕਵਿਤਾ ਦਾ ਨਿਭਾਅ ਬਾਖੂਬੀ ਕਰਦਾ ਹੈ। ਇਸ ਲਈ ਕਸ਼ਮੀਰੀ ਲਾਲ ਚਾਵਲਾ ਪੰਜਾਬੀ ਹਾਇਕੂ ਕਾਵਿ ਦੇ ਜਨਮਦਾਤਾ ਕਹੇ ਜਾ ਸਕਦੇ ਹਨ। ਭਾਵੇਂ ਇਨਾਂ ਦੇ ਸਮਕਾਲੀ ਮਲਕੀਤ ਸਿੰਘ ਸੰਧੂ ਜੋ ਇਸ ਦੁਨੀਆ ਵਿਚ ਨਹੀਂ ਰਹੇ, ਨੇ ਵੀ ਪੰਜਾਬੀ ਹਾਇਕੂ ਕਾਵਿ ਦੀਆਂ ਭਾਵ ਪੂਰਤ ਵੰਨਗੀਆਂ ਪੇਸ਼ ਕੀਤੀਆਂ ਹਨ, ਜਿਵੇਂ :-

ਸੁਣ ਚਮਚੇ, ਚਮਚਾ ਹੀ ਰਹਿਣਾ, ਭੁੱਲ ਨਾ ਜਾਈਂ।

ਜਾਂ

ਭਾਸ਼ਣ ਦੇਣਾ, ਜਨਤਾ ਦੂਰ ਬਿਠਾ, ਗੀਤ ਗਾਏ ਨੇ।

ਪਰ ਕਸ਼ਮੀਰੀ ਲਾਲ ਚਾਵਲਾ ਹਾਇਕੂ ਕਾਵਿ ਦੀ ਧੁਨ ਵਿਚ ਲੱਗਿਆ ਹੋਇਆ ਹੈ ਅਤੇ ਉਸ ਦੀਆਂ ਤਿੰਨ ਪੁਸਤਕਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ। ਉਹ ਸਮਾਜਿਕ ਵਿਸ਼ਿਆਂ ਨੂੰ ਸੂਖ਼ਮ ਛੂਹਾਂ ਨਾਲ ਬੇਇਮਾਨੀ ਦੀ ਪ੍ਰਧਾਨਤਾ ਤੇ ਇਮਾਨਦਾਰੀ ਦੀ ਗੌਣ ਅਵਸਥਾ ਦਾ ਇਉਂ ਜ਼ਿਕਰ ਕਰਦਾ ਹੈ :-

ਇਸ ਯੁੱਗ ’ਚ, ਹਰ ਥਾਂ ਬੇਇਮਾਨੀ, ਜ਼ਿੰਦਾਬਾਦ ਹੈ।

ਜਾਂ

ਇਮਾਨਦਾਰੀ, ਜ਼ਿੰਦਾ ਨਹੀਂ ਹੈ ਹੁਣ, ਸਾਡੇ ਦਿਲਾਂ ’ਚ।

ਅੱਜ ਪੰਜਾਬ ਦੀ ਨੌਜਵਾਨੀ ਜੋ ਨਸ਼ਿਆਂ ਦੇ ਰਾਹ ਤੁਰ ਪਈ ਹੈ ਕਵੀ ਹਾਇਕੂ ਰਾਹੀਂ ਇਉਂ ਬਿਆਨ ਕਰਦਾ ਹੈ :-

ਮੇਰਾ ਪੰਜਾਬ, ਪੱਟਿਆ ਨਸ਼ਿਆਂ ਨੇ, ਬਚਾਵੇ ਕੌਣ?

ਜਾਂ

ਸਾੜਗੇ ਨਸ਼ੇ, ਮਸਤ ਜਵਾਨੀਆਂ, ਬੁਝਾਵੇ ਕੌਣ?

ਅੱਜ ਦੀ ਮਿਲਾਵਟੀ ਖਾਧ ਖੁਰਾਕ ਉੱਤੇ ਵਿਅੰਗ ਭਰਪੂਰ ਹਾਇਕੂ :-

ਕੌੜੀ ਰੋਟੀ ਹੈ, ਮਾਨਵ ਖੁਦ ਖਾਵੇ, ਜ਼ਹਿਰ ਭਰੀ।

ਕਵੀ ਮਾਂ ਬੋਲੀ ਦੀ ਅਹਿਮੀਅਤ ਅਤੇ ਮਾਤ ਭਾਸ਼ਾ ਪ੍ਰਤੀ ਚੇਤੰਨਤਾ ਦੇ ਅਹਿਸਾਸ ਨੂੰ ਇਸ ਹਾਇਕੂ ਕਾਵਿ ਰਾਹੀਂ ਇਉਂ ਪ੍ਰਗਟਾਉਂਦਾ ਹੈ :-

ਲੈ ਕੇ ਖ਼ੁਸ਼ਬੂ, ਥਾਂ-ਥਾਂ ਵੰਡ ਦੇਵਾਂਗਾ, ਮਾਤ ਭਾਸ਼ਾ ਦੀ।

ਇਸੇ ਤਰ੍ਹਾਂ ਜਰਨੈਲ ਸਿੰਘ ਭੁੱਲਰ ਦੁਆਰਾ ਪੰਜਾਬ ਵਿਚ ਅੱਤਵਾਦ ਦੇ ਦੌਰ ਤੋਂ ਗੱਲ ਸ਼ੁਰੂ ਕਰ ਕੇ ਪੰਜਾਬ ਦੀ ਕਿਰਸਾਨੀ ਦੀ ਨਿਘਰਦੀ ਸਥਿਤੀ, ਨਸ਼ੇ, ਰਿਸ਼ਵਤਖੋਰੀ, ਲੀਡਰਾਂ ਦੇ ਬਾਰੇ, ਦਾਜ ਦਾ ਕੋਹੜ, ਏਡਜ਼ ਅਤੇ ਅੱਜ ਦਾ ਗੰਭੀਰ ਵਿਸ਼ਾ ਪ੍ਰਦੂਸ਼ਣ ਪ੍ਰਤੀ ਚੇਤਨਾ ਬਾਰੇ ਇਉਂ ਕਹਿੰਦਾ ਹੈ :-

ਪਰਾਲੀ ਸੜੀ, ਪ੍ਰਦੂਸ਼ਣ ਵਧਿਆ, ਧੂੰਆਂ ਹੀ ਧੂੰਆਂ।

ਜਾਂ

ਨੀਵਾਂ ਹੋਇਆ, ਫਿਰ ਪਾਣੀ ਲੈਵਲ, ਬਣੀ ਚਣੌਤੀ।

ਕਸ਼ਮੀਰੀ ਲਾਲ ਚਾਵਲਾ ਦੀਆਂ ਦੋ ਹੋਰ ਮਹੱਤਵਪੂਰਨ ਪੁਸਤਕਾਂ ‘ਹਾਇਕੂ ਯਾਤਰਾ’ ਅਤੇ ‘ਯਾਦੇਂ’ ਹਨ। ਕਵੀ ਇਨਾਂ ਪੁਸਤਕਾਂ ਰਾਹੀਂ ਜ਼ਿੰਦਗੀ ਦੇ ਸੱਚ ਨੂੰ ਸਾਡੇ ਸਾਹਮਣੇ ਸਾਕਾਰ ਕਰਦਾ ਹੈ। ਉਹ ਮੁਟਿਆਰ ਦੇ ਬਿੰਬ ਨੂੰ ਜ਼ਿੰਦਗੀ ਨਾਲ ਤਰਜ਼ੀਹ ਦਿੰਦੀ ਹੈ :-

ਤਨ ਅਸਾਡੇ, ਸਮਾਜ ਨਾਲ ਜੁੜੇ, ਕੜੀ ਜ਼ਿੰਦਗੀ।

ਜਾਂ

ਜੋਤ ਪਸਾਰਾ, ਕਣ ਕਣ ਵਿਚ ਹੈ, ਰੂਹ ਜ਼ਿੰਦਗੀ।

ਪਰਿਵਰਤਨ ਲਈ ਕ੍ਰਾਂਤੀਕਾਰੀ ਵਿਚਾਰਧਾਰਾ ਦਾ ਆਗਾਜ਼ ਹੈ ਜ਼ਿੰਦਗੀ :-

ਜਾਗ ਸਾਥੀਆ, ਬਦਲ ਸਮਾਜ ਨੂੰ, ਕ੍ਰਾਂਤੀ ਜ਼ਿੰਦਗੀ।

ਜਾਂ

ਫੌਲਾਦ ਬਣੀ, ਤਜ਼ਰਬੇ ’ਚੋਂ ਢਲੀ, ਇਹ ਜ਼ਿੰਦਗੀ।

ਉਹ ਜ਼ਿੰਦਗੀ ਦੇ ਬ੍ਰਹਿਮੰਡੀ ਅਰਥਾਂ ਦਾ ਪਾਸਾਰ ਇਸ ਹਾਇਕੂ ਰਾਹੀਂ ਇਉਂ ਕਰਦਾ ਹੈ :-

ਕਦੇ ਸਾਗਰ, ਹੈ ਕਦੇ ਸਮੁੰਦਰ, ਬੂੰਦ ਜ਼ਿੰਦਗੀ।

ਜ਼ਿੰਦਗੀ ਇੱਕ ਅਣਬੁੱਝੀ ਬੁਝਾਰਤ ਹੈ, ਜ਼ਿੰਦਗੀ ਦੇ ਸੂਖ਼ਮ ਅਹਿਸਾਸ ਦਾ ਭੰਡਾਰ ਇਸ ਪੁਸਤਕ ਵਿਚ ਛਪਿਆ ਪਿਆ ਹੈ। ਇਹੋ ਹੀ ਕਵੀ ਕਸ਼ਮੀਰੀ ਲਾਲ ਚਾਵਲਾ ਦੀ ਪ੍ਰਾਪਤੀ ਹੈ। ਉਹ ਪੰਜਾਬੀ ਭਾਸ਼ਾ ਪ੍ਰਤੀ ਆਪਣੇ ਪਿਆਰ ਨੂੰ ਸਕੂਲਾਂ ਵਿਚ ਜਾ ਕੇ ਉਨਾਂ ਛੋਟੇ ਬੱਚਿਆਂ ਨੂੰ ਤੁਕਬੰਦੀ ਕਰਨੀ ਸਿਖਾਉਂਦਾ ਹੈ, ਜੋ ਪੰਜਾਬੀ ਭਾਸ਼ਾ, ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਮੁਹੱਬਤ ਕਰਦੇ ਹਨ। ਕਵੀ ਪੰਜਾਬੀ ਅਦਬੀ ਪਰਿਕਰਮਾ ਪੱਤਰ ਅਤੇ ਹਿੰਦੀ ਅਦਬੀ ਮਾਲਾ ਦੇ ਸੰਪਾਦਕ ਹੋਣ ਕਰਕੇ, ਉਹ ਇਸ ਕਾਵਿ ਵਿਧਾ ਨੂੰ ਪ੍ਰਫੁੱਲਿਤ ਕਰਨ ਲਈ ਅਕਸਰ ਵਿਸ਼ੇਸ਼ ਅੰਕ ਕਢਦਾ ਰਹਿੰਦਾ ਹੈ। ਇਹ ਪੰਜਾਬੀ ਸਾਹਿਤ ਅਤੇ ਪੰਜਾਬੀਅਤ ਲਈ ਮਾਣ ਵਾਲੀ ਗੱਲ ਹੈ।

ਅਗਲੀ ਪੁਸਤਕ ‘ਨਿਮਖ਼’ ਅਮਰਜੀਤ ਸਾਥੀ ਦੁਆਰਾ ਲਿਖੀ ਗਈ ਹੈ। ਇਹ ਆਪਣੇ ਨਾਮ ਵਾਂਗ ਹੀ ਪਲ ਛਿਣ ਦੇ ਅਹਿਸਾਸਾਂ ਦੀ ਗਾਥਾ ਬਿਆਨ ਕਰਦੀ ਹੈ। ਅਮਰਜੀਤ ਸਾਥੀ ਕਨੇਡਾ ਦੀ ਧਰਤੀ ਤੇ ਵਿਚਰਦਿਆਂ ਆਪਣੇ ਨਾਲ ਆਪਣੀ ਪੰਜਾਬੀ ਰਹਿਤ, ਪੰਜਾਬੀ ਸੱਭਿਆਚਾਰ, ਮਨੁੱਖ ਤੇ ਜਾਨਵਰਾਂ ਦੀ ਪੁਰਾਣੀ ਸਾਂਝ, ਸਮੇਂ ਦੀ ਸੰਭਾਲ, ਮੌਸਮੀ ਤਬਦੀਲੀਆਂ ਨੂੰ ਕਲਾਤਮਕ ਛੂਹਾਂ ਦਿੰਦਾ ਹੈ :-

ਰੁੱਖੀ ਪਤੱਝੜ ਆਈ, ਬੇਬੇ ਦੀ ਫੁਲਕਾਰੀ, ਧੁੱਪੇ ਸੁੱਕਣੀ ਪਾਈ।

ਚਰਖਾ ਜੋ ਅੱਜ ਸਾਡੇ ਚੇਤਿਆਂ ’ਚੋਂ ਵਿਸਰ ਗਿਆ ਹੈ, ਪਰ ਕਵੀ ਦੀ ਸੰਸਕ੍ਰਿਤੀ ਵਿਚ ਅੱਜ ਵੀ ਕਾਇਮ ਹੈ :-

ਇਕ ਦੂਣੀ ਦੂਣੀ, ਬੱਚਾ ਪੜੇ ਪਹਾੜੇ, ਬੀਬੀ ਕੱਤੇ ਪੂਣੀ।

ਇਸ ਪੁਸਤਕ ਬਾਰੇ ਨਵਤੇਜ ਭਾਰਤੀ, ਹਰਿੰਦਰ ਸਿੰਘ ਮਹਿਬੂੁਬ ਅਤੇ ਸੁਤਿੰਦਰ ਸਿੰਘ ਨੂਰ ਨੇ ਟਿੱਪਣੀ ਕਰਦਿਆਂ ਕਿਹਾ ਹੈ ਕਿ ‘ਨਿਮਖ਼’ ਪੁਸਤਕ ਦਾ ਕਮਾਲ ਇਸ ਦੇ ਸੂਖ਼ਮ ਕਾਵਿਕਤਾ ਅਤੇ ਸਾਦੀ ਭਾਸ਼ਾ ਵਿਚ ਹੈ। ਇਹ ਪੰਜਾਬੀ ਭਾਵ-ਬੋਧ ਅਤੇ ਜਾਪਾਨੀ ਜ਼ੇਨ ਸੁਰਤ ਨਾਲ ਜੁੜੀ ਹੋਈ ਹੈ। ਇਹ ਦੂਹਰੇ ਅਵਚੇਤਨ ਦੀ ਕਵਿਤਾ ਹੈ ਜੋ ਪਾਠਕ ਨੂੰ ਕੀਲਦੀ ਤੁਰੀ ਜਾਂਦੀ ਹੈ। ਨਵਤੇਜ ਭਾਰਤੀ ਇਸ ਨੂੰ ਨਿਸ਼ਕਾਮ ਦ੍ਰਿਸ਼ਟੀ ਦੀ ਕਵਿਤਾ ਕਹਿੰਦਾ ਹੈ। ਡਾ. ਪ੍ਰਿਥਵੀ ਰਾਜ ਥਾਪਰ ਤੇ ਇਸ ਪੁਸਤਕ ਦਾ ਰੀਵੀਉ ਜੋ ਧਾਰਮਿਕ ਮਾਸਿਕ ਪੱਤ੍ਰਿਕਾ ‘ਸੱਚੇ ਪਾਤਸ਼ਾਹ’ ਵਿਚ ਛਪਿਆ ਹੈ, ਦਾ ਕਹਿਣਾ ਹੈ ਕਿ ਇਸ ਪੁਸਤਕ ਅੰਦਰ ਕਵੀ ਦਾ ਅੱਧੀ ਸਦੀ ਦਾ ਅਨੁਭਵ ਬੋਲਦਾ ਹੈ। ਕਵੀ ਬਹੁਤ ਹੀ ਨੀਝ ਨਾਲ ਵੇਖੇ ਪਰਖੇ ਜ਼ਿੰਦਗੀ ਦੇ ਸੱਚ ਨੂੰ ਪਾਠਕਾਂ ਦੇ ਰੂਬਰੂ ਕਰਦਾ ਹੈ। ਅਮਰਜੀਤ ਸਾਥੀ ਨੇ ਹਾਇਕੂ ਦੀ 17 ਧੁਨੀ ਚਿੰਨਾਂ ਵਾਲੀ ਪਰੰਪਰਾ ਨੂੰ ਆਧਾਰ ਨਹੀਂ ਬਣਾਇਆ ਬਲਕਿ ਉਸ ਦੇ ਰਚਿਤ ਹਾਇਕੂ ਵਿਚ ਤਾਂ ਇਹ ਗਿਣਤੀ ਕਈ ਥਾਈਂ 25-26 ਹੋ ਜਾਂਦੀ ਹੈ, ਜਿਵੇਂ :-

ਕਤੱਕ ਮੂਹਰੇ ਸੁਹਾਵਣਾ, ਘਰ ਮੂਹਰੇ ਗੁਲ ਦਾਉਦੀਆਂ, ਵਿਹੜੇ ਰੰਗਲੇ ਰੁੱਖ।

ਸਾਥੀ ਦੀ ਕਵਿਤਾ ਦਾ ਅਮੀਰੀ ਗੁਣ ਦ੍ਰਿਸ਼ ਵਰਨਣ ਵਿਚ ਹੈ :-

ਹਰਿਮੰਦਰ ਪਰਿਕਰਮਾ, ਮਾਪੇ ਟੇਕਣ ਮੱਥਾ, ਬੱਚੇ ਵੇਖਣ ਮੱਛੀਆਂ।

ਅੱਜ ਦੇ ਪਦਾਰਥੀ ਮਨੁੱਖ ਦੀ ਹੋਣੀ ਜਿਸ ਵਿਚ ਬੱਚੇ ਦਾ ਬਚਪਨ ਅਤੇ ਬਜ਼ੁਰਗਾਂ ਦੀ ਸੰਭਾਲ ਦੋਵੇਂ ਹੀ ਗੁੰਮ ਗਏ :-

ਉਲਝੇ ਤਾਣੇ ਬਾਣੇ, ਡੇ-ਕੇਅਰ ਵਿਚ ਬੱਚੇ, ਬਿਰਧ ਘਰਾਂ ਵਿਚ ਸਿਆਣੇ।

ਸਾਥੀ ਦੀ ਕਵਿਤਾ ਵਿਚੋਂ ਕਿਰਸਾਨੀ ਸਕੰਟ ਵੀ ਉਭਰਦਾ ਹੈ :-

ਪਾਣੀ ਲਾਉਂਦਾ ਸੌਂ ਗਿਆ, ਲੈ ਸਰਹਾਣੇ ਵੱਟ, ਲੱਗਾ ਬਿਜਲੀ ਕੱਟ।

ਸਰੰਚਨਾ ਦੀ ਵਿਧੀ ਪੱਖੋਂ ਭਾਵੇਂ ਇਸ ਪੁਸਤਕ ਵਿਚ 5-7-5 ਦੀ ਧੁਨੀ ਚਿੰਨਾਂ ਦਾ ਅੰਕੜਾ ਵੱਧ-ਘੱਟ ਹੈ ਪਰ ਇਹ ਤਿੰਨ ਪੰਕਤੀਆਂ ਵਿਚ ਹੈ। ਇਸ ਲਈ ਰੂਪਕ ਪੱਖ ਤੋਂ ਇਹ ਜਾਪਾਨੀ ਜ਼ੇਨ ਹਾਇਕੂ ਕਵਿਤਾ ਨੂੰ ਆਧਾਰ ਬਣਾਉਂਦੀ ਹੈ। ਇਸੇ ਹੀ ਦੌਰ ਦੀ ਇੱਕ ਹੋਰ ਮਹੱਤਵਪੂਰਨ ਪੁਸਤਕ ‘ਖਿਣ’ ਇਕਬਾਲਦੀਪ ਦੁਆਰਾ ਲਿਖੀ ਗਈ ਹੈ। ਡਾ. ਕਰਨਜੀਤ ਸਿੰਘ ਟਿੱਪਣੀ ਕਰਦਿਆਂ ਇਸ ਨੂੰ ਅਸਮਾਨੀ ਰੰਗਾਂ ਦੇ ਜਲੌਅ ਨਾਲ ਤੁਲਨਾ ਦਿੰਦਾ ਹੈ। ਡਾ. ਨਰਿੰਦਰ ਸਿੰਘ ਨੇ ਇਸ ਪੁਸਤਕ ਦੀ ¦ਮੀ ਭੂਮਿਕਾ ਦੇ ‘ਖਿਣ’ ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਹੈ ਕਿ ਜਿਵੇਂ : ‘ਖਿਣ’ ਸਮੇਂ ਦੀ ਲਘੂਤਮ ਇਕਾਈ ਹੈ। ਇਸ ਵਿਚ ਮਾਨਵੀ ਵਿਉਹਾਰਾਂ ਨੂੰ ਪਕੜਣ, ਘੋਖਣ, ਪੜਚੋਲਣ ਦਾ ਪੁਰਜ਼ੋਰ ਜਤਨ ਹੈ।‘ਖਿਣ’ ਪੁਸਤਕ ਵਿਚ ਜਿੱਥੇ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਦੀ ਸੋਝੀ ਹੁੰਦੀ ਹੈ ਉੱਥੇ ਸਮਾਜ ਦੀ ਸਥਿਤੀ ਅਤੇ ਉਸ ਦੀ ਵਿਦਿਅਕ ਪ੍ਰਣਾਲੀ ਬਾਰੇ ਗੁੱਝਾ ਵਿਅੰਗ ਮਿਲਦਾ ਹੈ :-

ਵਿਦਿਆ ਦਹਿਸ਼ਤਮਾਰੀ, ਡਾਢੀ ਔਖੀ ਭਾਰੀ, ਚੁੱਕ ਨਾ ਸਕੇ ਖਾਰੀ।

ਮਾਂ ਬੋਲੀ ਪੰਜਾਬੀ ਦੀ ਦੁਰਦਸ਼ਾ ਬਾਰੇ ਇਹ ਤ੍ਰਿਪਦਾ :-

ਗੈਰ ਜਹੀ ਬੋਲੀ, ਬੱਚੇ ਸਾਡੇ ਬੋਲਣ, ਭਈਏ, ਸਾਡੀ ਬੋਲੀ।

‘ਖਿਣ’ ਪੁਸਤਕ ਦੀਆਂ ਇਨਾਂ ਹਾਇਕੂ ਕਵਿਤਾਵਾਂ ਦੀ ਖੂਬੀ ਰੂਪਕ ਅਤੇ ਸ਼ੈਲੀ ਪੱਖ ਤੋਂ ਵਿਚਾਰਨ ਤੋਂ ਪਤਾ ਲਗਦਾ ਹੈ ਕਿ ਇਸ ਕਵਿਤਾ ਵਿਚ ਰਸ, ਲੈਅ ਅਤੇ ਵਿਚਾਰ ਦੇ ਨਾਲ ਇੱਕ ਸੰਗੀਤਕ ਧੁਨ ਪੈਦਾ ਹੁੰਦੀ ਹੈ। ਇਹ ਤ੍ਰਿਪਦੇ ਹਾਇਕੂ ਨਿੱਕੇ ਨਿੱਕੇ ਪ੍ਰਭਾਵ ਦੇ ਸੰਵੇਦਨਸ਼ੀਲਤਾ ਦਾ ਖ਼ਜ਼ਾਨਾ ਹੈ। ਡਾ. ਨਰਿੰਦਰ ਸਿੰਘ ਨੇ ਇਸ ਕਵਿਤਾ ਨੂੰ ਛੋਟੀ ਚਾਦਰ ਵਿਚ ਪੂਰੇ ਪੈਰ ਪਸਾਰਣ ਦੀ ਕਲਾ ਕਿਹਾ ਹੈ। ਇਹ ਜਿੰਨੇ ਬਾਹਰੀ ਬਣਤਰ ਦੇ ਵਿਧੀ ਪੱਖੋਂ ਸਰਲ ਲਗਦੇ ਹਨ ਉਨੇ ਕਈ ਵਾਰ ਪੜ੍ਹਨ ਨਾਲ ਗਹਿਰੇ ਅਰਥਾਂ ਦਾ ਸੰਚਾਰ ਕਰਦੇ ਜਾਂਦੇ ਹਨ। ਇਹ ਰਚਨਾ ਆਪਣੇ ਸਮੇਂ ਦਾ ਸੱਚ ਹੋਣ ਦੇ ਬਾਵਜੂਦ ਸਮੇਂ ਤੋਂ ਪਾਰ ਜਾਣ ਦੀ ਸਮੱਰਥਾ ਰੱਖਦੀ ਹੈ। ਇਸੇ ਲਈ ਇਹ ਪ੍ਰਭਾਵਸ਼ਾਲੀ ਹੈ :-

ਤੂੰ ਮੈਂ ਤਬਲਾ, ਜਾਕਿਰ ਹੁਸੈਨ ਦਾ, ਬੰਸਰੀ ਚੌਰਸੀਆ ਦੀ।

ਸਮੇਂ ਨੂੰ ਪਹਿਚਾਣਨ ਦਾ ਅਹਿਸਾਸ ‘ਖਿਣ’ ਦੇ ਹਾਇਕੂ ਕਾਵਿ ਵਿਚ ਬੜੀ ਸ਼ਿਦੱਤ ਨਾਲ ਪ੍ਰਗਟ ਹੋਇਆ ਹੈ :-

ਵੱਤ ’ਚ ਕੇਰੇ ਹੁੰਦੇ ਬੀਅ, ਹਾਸਿਆਂ ਦੀ ਫ਼ਸਲ ਭਲਾ, ਸਾਂਭਿਆਂ ਸਾਂਭੀ ਜਾਂਦੀ।

ਭਾਰਤੀ ਜੀਵਨ ਸ਼ੈਲੀ ਦੇ ਮੁਕਾਬਲੇ ਵਿਦੇਸ਼ੀ ਸਾਫ਼ ਸੁਥਰੇਪਣ ਦਾ ਬਿਆਨ ਕਵੀ ਇਉਂ ਕਰਦਾ ਹੈ :-

ਸੜਕ ਤੇ ਥੁੱਕਦਾ, ਉਹ ਸੋਚੇ, ਵਿਦੇਸ਼, ਸਾਥੋਂ ਸਾਫ਼ ਸੁਥਰਾ।

ਤਕਨਾਲੋਜੀ ਦੇ ਯੁੱਗ ਵਿਚ ਬੱਚੇ ਦੀ ਜੀਵਨ ਸ਼ੈਲੀ ਅਤੇ ਮਨੁੱਖ ਦੀ ਹੋਣੀ ਕੁਝ ਇਸ ਤਰ੍ਹਾਂ ਦੀ ਹੋ ਗਈ ਹੈ :-

ਪੜ੍ਹਦਾ ਬੱਚਾ, ਟੀ. ਵੀ. ਤੱਕਦਾ, ਕੰਨ ’ਤੇ ਈਅਰ ਫ਼ੋਨ।

ਜਾਂ

ਮੰਗਲ ਤੇ ਚੱਲੇ, ਘਰ ਵਸਾਣ, ਬੁਲਡੋਜ਼ਰ ਨਾਲ।

ਜਾਂ

ਘੋਰ ਕਲਯੁਗ, ਕਦੋਂ ਸੀ, ਸਤਿ ਯੁਗ।

ਜਾਂ

ਜਿਉਣ ਦਾ ਨਹੀਂ, ਮਰਨ ਦਾ ਹੱਕ, ਕਿਉਂ ਨਾ ਸਾਡੇ ਹੱਥ।

ਇਉਂ ਅਸੀਂ ਕਹਿ ਸਕਦੇ ਹਾਂ ਕਿ ‘ਖਿਣ’ ਪੁਸਤਕ ਵਿਚ ਜਿੱਥੇ ਕੁਦਰਤ ਦੇ ਵਰਤਾਰੇ ਦੀ ਗੱਲ ਕੀਤੀ ਹੈ ਉੱਥੇ ਮਨੁੱਖ ਵੱਲੋਂ ਆਪਣੇ ਹੱਥੀਂ ਆਪੇ ਹੀ ਤਬਾਹੀ ਦੇ ਵਰਤਾਰੇ ਨੂੰ ਸੂਖ਼ਮ ਮਨੋਭਾਵੀ ਅਹਿਸਾਸਾਂ ਨਾਲ ਜੋੜਿਆ ਗਿਆ ਹੈ :-

ਰੁੱਖ ਦੇ ਦੋ ਤਣੇ, ਪਿਉਂਦ ਦਾ ਕਮਾਲ, ਪਾਕਿਸਤਾਨ ਹਿੰਦੁਸਤਾਨ।

ਮਨੁੱਖ ਇਸ ਸੰਸਾਰ ਵਿਚ ਖ਼ਪਤ ਹੋਇਆ ਆਖ਼ਰ ਇੱਕ ਦਿਨ ਤੁਰ ਜਾਂਦਾ ਹੈ :-

ਦਿਨ ਗਿਣਦਾ, ਤਨਖਾਹ ਮਿਣਦਾ, ਉਹ ਤੁਰ ਗਿਆ।

ਇਉਂ ਇਸ ਪੁਸਤਕ ਵਿਚ ਕਵੀ ਨੇ ਉਨਾਂ ਖਿਣਾਂ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਹੈ ਜੋ ਸਾਡੇ ਆਲੇ ਦੁਆਲੇ ਨਿੱਤ ਵਾਪਰਦੇ ਹਨ। ਆਖਿਰ ਵਿਚ ਸੁਰਜੀਤ ਆਰਟਿਸਟ ਦੀ ਪੁਸਤਕ ‘ਬੂੰਦਾਂ’ ਦਾ ਜ਼ਿਕਰ ਕਰਨਾ ਚਾਹਾਂਗੀ ਜੋ ਹਾਲੇ ਪ੍ਰਕਾਸ਼ਨ ਅਧੀਨ ਹੈ। ਆਰਟਿਸਟ ਦੀ ਹਾਇਕੂ ਕਵਿਤਾ ਸਾਡੇ ਧਿਆਨ ਦੀ ਮੰਗ ਕਰਦੀ ਹੈ। ਇਸ ਵਿਚ ਜਿੱਥੇ ਪਿਆਰ ਦੀ ਸ਼ਿੱਦਤ ਦਾ ਅਹਿਸਾਸ ਹੈ ਉੱਥੇ ਧਾਰਮਿਕ ਰੰਗਣ ਦੇ ਝਲਕਾਰੇ ਵੀ ਮਿਲਦੇ ਹਨ :-

ਜੋ ਜਪੇ ਰਾਮ, ਸੰਵਰਦੇ ਉਸਦੇ, ਆਪੇ ਹੀ ਕਾਮ।

ਪਿਆਰ ਬਾਰੇ :-

ਕੀ ਕੀਤਾ ਹਾਲ? ਤੇਰੇ ਪਿਆਰ ਮੇਰਾ, ਬਣੇ ਸ਼ੁਦਾਈ।

ਜਾਂ

ਨਾ ਬਿਨ ਤੇਰੇ, ਇਹ ਜੀਵਨ ਚੰਗਾ, ਜਾਈਏ ਕਿੱਥੇ?

ਪਿਆਰ ਦੀ ਫ਼ਿਤਰਤ ਬਾਰੇ ਖੂਬਸੂਰਤ ਹਾਇਕੂ :-

ਪੀੜ ਸਹਿਣੀ, ਨਿਸ਼ਾਨੀ ਪਿਆਰ ਦੀ, ਮਨ ਦੇ ਨਾਲ।

ਸ਼੍ਰਿਸ਼ਟੀ ਦੀ ਰਚਨਾ ਦੀ ਡੂੰਘੀ ਰਮਜ਼ ਪਛਾਣੀ ਹੈ ਇਸ ਹਾਇਕੂ ਵਿਚ :-

ਦਹੀਂ ਦੀ ਫੁੱਟੀ, ਹੈ ਦੁੱਧ ਜਮਾਉਂਦੀ, ਏਹੀ ਰਚਨਾ।

ਕੁਦਰਤ ਤਾਂ ਸਾਫ਼ ਸੁਥਰੀ ਹੈ, ਉਸ ਦੇ ਪੈਦਾ ਕੀਤੇ ਬੱਚੇ ਵੀ ਸੱਚੇ ਹਨ ਪਰ ਜੱਗ ਉਸ ਨੂੰ ਵਿਗਾੜ ਦਿੰਦਾ ਹੈ :-

ਜੰਮਦੇ ਬੱਚੇ, ਸਭ ਹੋਂਦੇ ਨੇ ਸੱਚੇ, ਜੱਗ ਵਿਗਾੜੇ।

ਸੁਰਜੀਤ ਦੁਨਿਆਵੀ ਪਿਆਰ ਦੇ ਰੰਗ ਬਿਖੇਰਦਾ ਰੱਬ ਦੇ ਪਿਆਰ ਵਿਚ ਰੰਗ ਜਾਂਦਾ ਹੈ। ਉਸ ਦਾ ਇਹ ਪਿਆਰ ਸੂਫ਼ੀ ਰੰਗਤ ਵਿਚ ਦਿਖਾਈ ਦਿੰਦਾ ਹੈ। ‘ਬੂੰਦਾਂ’ ਪੁਸਤਕ ਇਸ ਦੂਹਰੇ ਪਿਆਰ ਦੇ ਅਹਿਸਾਸ ਦੀਆਂ ਬੂੰਦਾਂ ਹਨ :-

ਬੂੰਦਾਂ ਡਿਗੱਣ, ਉਮੀਦਾਂ ਦੇ ਭਰੀਆਂ, ਠੰਡ ਪਵੇਗੀ।

ਜਾਂ

ਕੰਨ ਵੀ ਪਾੜੇ, ਖ਼ੈਰ ਕਿਸੇ ਨਾ ਪਾਈ, ਆਸ ਨਾ ਮੁੱਕੀ।

ਕਵੀ ਆਸ਼ਾਵਾਦੀ ਹੈ, ਪਿਆਰ ਦੀ ਦੁਰਗਮ ਘਾਟੀ ਪਾਰ ਕਰਦਿਆਂ ਬੂੰਦਾਂ ਰਾਹੀਂ ਮਨੁੱਖੀ ਮਨ ਦੀ ਪਿਆਰ, ਭੁੱਖ, ਤ੍ਰਿਪਤੀ, ਆਸ ਨੂੰ ਬਿਆਨ ਕਰਦਾ ਤੁਰਿਆ ਜਾ ਰਿਹਾ ਹੈ। ਇਸ ਦੇ ਲਈ ਉਹ ਕੋਈ ਉਚੇਚ ਨਹੀਂ ਕਰਦਾ ਬਲਕਿ ਸਹਿਜ ਸੁਭਾਵਿਕ ਕਾਵਿਕ ਧਾਰਾ ਵਹਿੰਦੀ ਹੈ।

ਇਉਂ ਅਸੀਂ ਇਸ ਪਰਚੇ ਵਿਚ 21ਵੀਂ ਸਦੀ ਦੇ ਮੁਢੱਲੇ ਪੰਜਾਬੀ ਹਾਇਕੂ ਕਾਵਿ ਦਾ ਜਾਇਜ਼ਾ ਲੈਣ ਦਾ ਨਿਮਾਣਾ ਜਿਹਾ ਜਤਨ ਕੀਤਾ ਹੈ। ਇਹ ਹਾਇਕੂ ਕਾਵਿ ਪਰੰਪਰਾ ਵਿਚ ਪਹਿਲਾ ਕੰਮ ਹੈ। ਇਸ ਲਈ ਇਸ ਦੀ ਸਥਿਤੀ ਅਤੇ ਸੰਭਾਵਨਾਵਾਂ ਖੁੱਲੀਆਂ ਹਨ। ਨਵੀਂ ਸਦੀ ਦੀ ਆਮਦ ਨਾਲ ਜਿੱਥੇ ਕਲਾ ਤੇ ਸਾਹਿਤ ਦੇ ਖੇਤਰ ਵਿਚ ਨਵੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ ਉੱਥੇ ਪੰਜਾਬੀ ਕਾਵਿ ਪਰੰਪਰਾ ਦੇ ਇਤਿਹਾਸ ਵਿਚ ਪੰਜਾਬੀ ਹਾਇਕੂ ਕਾਵਿ ਦਾ ਨੋਟਿਸ ਲਿਆ ਜਾਣਾ ਸਮੇਂ ਦੀ ਮੰਗ ਹੈ। ਅੱਜ ਹਾਇਕੂ ਕਵੀ ਨਵੇਂ ਨਵੇਂ ਪ੍ਰਯੋਗ ਕਰ ਰਹੇ ਹਨ ਜਿਵੇਂ ਹਾਇਕੂ ਤ੍ਰਿਪਦੇ, ਹਾਇਕੂ ਗੀਤ, ਹਾਇਕੂ ਕਵਿਤਾ, ਹਾਇਕੂ ਦੋਪਦੇ, ਹਾਇਕੂ ਗ਼ਜ਼ਲ ਅਤੇ ਹਾਇਕੂ ਰੁਬਾਈ ਆਦਿ। ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਹਾਇਕੂ ਕਵਿਤਾ ਉਹ ਕਵਿਤਾ ਹੈ ਜਿਸ ਦਾ ਆਕਾਰ ਨਿਸ਼ਚਿਤ ਹੈ ਭਾਵ ਤਿੰਨ ਪੰਕਤੀਆਂ ਵਿਚ ਮੁਕੰਮਲ ਕਵਿਤਾ ਕਹਿਣੀ। ਦੂਸਰਾ ਇਸ ਦੀ ਸਰੰਚਨਾ 5-7-5 ਦੇ ਪੈਰਾਮੀਟਰ ਅਨੁਸਾਰ ਹੋਣੀ ਚਾਹੀਦੀ ਹੈ। ਤੀਸਰਾ ਨੁਕਤਾ ਉਸ ਸਾਹਮਣੇ ਵਾਪਰ ਰਹੇ ਛਿਣ ਨੂੰ ਫੜਨਾ ਹੈ ਜਿਸ ਨਾਲ ਤੁਹਾਡੀ ਚੇਤਨਾ ਜਾਗ ਉਠੇ। ਇਸ ਵਿਚ ਪ੍ਰਕਿਰਤੀ ਦੀ ਇਕਸਾਰਤਾ, ਕੁਦਰਤੀ ਮੌਸਮੀ ਵਰਤਾਰੇ ਦੇ ਦ੍ਰਿਸ਼ ਵਰਨਣ ਕਰਕੇ ਇਹ ਵਿਧੀ ਪੱਖੋਂ ਵੱਖਰੀ ਵਿਧਾ ਹੈ। ਇਸ ਕਵਿਤਾ ਨੇ ਆਪਣੇ ਮੂਲ ਸੁਭਾਅ ਸੰਖੇਪਤਾ, ਸੂਖ਼ਮਤਾ ਤੇ ਸੁਹਜਤਾ ਨੂੰ ਦੇਸ ਕਾਲ ਦੀ ਸੀਮਾ ਤੋਂ ਪਾਰ ਜਾ ਕੇ ਵੀ ਕਾਇਮ ਰੱਖਿਆ ਹੈ। ਇਹੀ ਇਸ ਹਾਇਕੂ ਕਾਵਿਧਾਰਾ ਦੀ ਪ੍ਰਾਪਤੀ ਕਹੀ ਜਾ ਸਕਦੀ ਹੈ।(ਇਹ ਪਰਚਾ ਡਾ.ਪਰਮਜੀਤ ਕੌਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ ਦੇਵ ਨਗਰ, ਦਿੱਲੀ ਯੂਨੀਵਰਸਿਟੀ ਵਿਚ ਇੱਕ ਸੈਮੀਨਾਰ ਦੌਰਾਨ ਪੜ੍ਹਿਆ ਗਿਆ) www.haikuinternationalmks.blogspot.com

ਹਵਾਲੇ[ਸੋਧੋ]