ਪੱਤਰਕਾਰੀ ਵਿਚ ਵੱਖ-ਵੱਖ ਲਹਿਰਾਂ ਦਾ ਯੋਗਦਾਨ
ਪੰਜਾਬੀ ਪੱਤਰਕਾਰੀ ਵਿੱਚ ਵੱਖ ਵੱਖ ਲਹਿਰਾਂ ਦਾ ਯੋਗਦਾਨ
ਪੰਜਾਬੀ ਪੱਤਰਕਾਰੀ ਦਾ ਜਨਮ ਚੱਲ ਰਹੀਆਂ ਧਾਰਮਿਕ, ਸਮਾਜਿਕ ਅਤੇ ਰਾਜਸੀ ਲਹਿਰਾਂ ਵਿੱਚੋਂ ਹੋਇਆ। ਪੰਜਾਬੀ ਪੱਤਰਕਾਰੀ ਦਾ ਮੁੱਢ ਈਸਾਈ ਪਾਦਰੀਆਂ ਦੇ ਪ੍ਚਾਰ ਦੀ ਇੱਕ ਪ੍ਰਚੰਡ ਪ੍ਤਿਕਿਆ ਹੀ ਸੀ। ਭਾਰਤ ਵਿੱਚ ਈਸਾਈ ਮਿਸ਼ਨਰੀਆਂ ਦੇ ਵਿਦਿਆ ਪ੍ਸਾਰਣ ਦੇ ਯਤਨਾਂ ਸਦਕਾ ਕਈ ਸਭਾਵਾਂ ਹੋਂਦ ਵਿੱਚ ਆਈਆਂ। ਇਹੀ ਸਭਾਵਾਂ ਨੇ ਅੱਗੇ ਚੱਲ ਕੇ ਧਾਰਮਿਕ ਅਤੇ ਸਮਾਜਿਕ ਲਹਿਰਾਂ ਚਲਾਈਆਂ। ਇਨ੍ਹਾਂ ਦੇ ਆਗਮਨ ਨਾਲ ਪੰਜਾਬੀ ਪੱਤਰਕਾਰੀ ਹੋਂਦ ਵਿੱਚ ਆਈ। ਇਨ੍ਹਾਂ ਧਾਰਮਿਕ ਅਤੇ ਸਮਾਜਿਕ ਲਹਿਰਾਂ ਦੇ ਆਗੂ ਹੀ ਪੰਜਾਬੀ ਪੱਤਰਕਾਰੀ ਦੇ ਮੋਢੀ ਸਨ।
ਪੰਜਾਬ ਵਿੱਚ ਪੱਤਰਕਾਰੀ ਦੇ ਦਿ੍ਸ਼ਟੀਕੋਣ ਤੋਂ ਬ੍ਰਹਮੋ ਸਮਾਜ, ਆਰੀਆ ਸਮਾਜ, ਤੇ ਸਿੰਘ ਸਭਾ ਲਹਿਰ ਵਿਸ਼ੇਸ਼ ਮਹਤੱਤਾ ਰਖਦੀਆਂ ਹਨ। ਪੰਜਾਬੀ ਪੱਤਰਕਾਰੀ ਦਾ ਮੁਢੱਲਾ ਇਤਿਹਾਸ ਦਰਅਸਲ ਇਨ੍ਹਾਂ ਦਾ ਹੀ ਇਤਿਹਾਸ ਹੈ। ਸਿੰਘ ਸਭਾ ਲਹਿਰ ਦੀ ਸਥਾਪਨਾ ਪੰਜਾਬੀ ਪੱਤਰਕਾਰੀ ਦਾ ਜਨਮ ਸਾਬਿਤ ਹੋਇਆ। ਪੰਜਾਬੀ ਪੱਤਰਕਾਰੀ ਦੇ ਇਤਿਹਾਸ ਤੇ ਵਿਕਾਸ ਵਿੱਚ ਇਨ੍ਹਾਂ ਲਹਿਰਾਂ ਦਾ ਮਹਤਵਪੂਰਣ ਯੋਗਦਾਨ ਰਿਹਾ ਹੈ।
ਪੰਜਾਬ ਵਿੱਚ ਬ੍ਰਹਮੋ ਸਮਾਜ ਦੀ ਪਹਿਲੀ ਸ਼ਾਖਾ ਲਾਹੌਰ ਵਿੱਚ ੧੮੬੪ ਵਿੱਚ ਖੁੱਲ੍ਹੀ। ਸਰਦਾਰ ਦਿਆਲ ਸਿੰਘ ਨੇ ਇਸ ਲਹਿਰ ਨੂੰ ਕਬੂਲਿਆ ਅਤੇ ੧੮੭੮ ਵਿੱਚ ਹਫਤੇਵਾਰ ਅੰਗਰੇਜ਼ੀ ਅਖਬਾਰ 'ਟਿ੍ਬਿਊਨ' ਦੀ ਨੀਂਹ ਰੱਖੀ। ਇਸ ਤੋਂ ਪਹਿਲਾਂ ਬ੍ਰਹਮੋ ਸਮਾਜ ਲਹਿਰ ਦੇ ਉਦੇਸ਼ਾਂ ਦੀ ਪੂਰਤੀ ਲਈ 'ਬ੍ਰਹਮੋਨੀਕਲ ਮੈਗਜ਼ੀਨ' ਅਤੇ 'ਸੰਵਾਦ ਕੌਮੁਦੀ' ਆਦਿ ਪੱਤਰ ਜਾਰੀ ਕੀਤੇ ਜਾ ਚੁੱਕੇ ਸਨ।
'ਆਰੀਆ ਸਮਾਜ' ਦੇ ਪੈਦਾ ਹੋਣ ਨਾਲ ਦੂਸਰੀ ਸੰਪ੍ਦਾਵਾਂ ਵਿਰੁੱਧ ਦੁਖਾਵੀਂ ਨੁਕਤਾ- ਚੀਨੀ ਸ਼ੁਰੂ ਹੋ ਗਈ। ਅਖਬਾਰਾਂ, ਇਸ਼ਤਿਹਾਰਾਂ ਅਤੇ ਪੁਸਤਕਾਂ ਰਾਹੀਂ ਇੱਕ ਦੂਸਰੇ ਦੇ ਧਰਮਾਂ ਅਤੇ ਬੁਜ਼ਰਗਾਂ ਵਿਰੁੱਧ ਦੂਸ਼ਣ ਲਾਏ ਜਾਣ ਲੱਗੇ। ਸੁਆਮੀ ਦਿਆਨੰਦ ਨੇ ਸਿੱਖ ਗੁਰੂਆਂ ਪ੍ਤੀ ਅਪਮਾਨ ਯੋਗ ਸ਼ਬਦ ਵਰਤੇ। ਸਿੱਖਾਂ ਨੇ ਆਰੀਆ ਸਮਾਜ ਨਾਲੋਂ ਵੱਖ ਹੋ ਸਿੰਘ ਸਭਾ ਲਹਿਰ ਬਣਾਈ।
ਨਾਮਧਾਰੀ ਜਾਂ ਕੂਕਾ ਲਹਿਰ ਵਿੱਚ ਬਾਬਾ ਰਾਮ ਸਿੰਘ ਦੇ 'ਹੁਕਮਨਾਮਿਆਂ', 'ਅਰਦਾਸਾਂ' ਤੇ 'ਚਿੱਠੀਆਂ' ਦੀ ਲੋਕ ਬੜੀ ਸ਼ਰਧਾ ਨਾਲ ਇੰਤਜ਼ਾਰ ਕਰਦੇ ਸਨ।ਇਹ ਹੁਕਮਨਾਮੇ ਇਵੇਂ ਹੀ ਵੰਡੇ ਜਾਂਦੇ ਸਨ ਜਿਵੇਂ ਅੱਜ ਕੱਲ ਦੇ ਸਮਾਚਾਰ ਪੱਤਰ ਵੰਡੇ ਜਾਂਦੇ ਹਨ। ੧੮੬੦ ਤੋਂ ਲੈ ਕੇ ੧੮੭੦ ਤਕ ਇਹ ਲਹਿਰ ਪੰਜਾਬ ਦੇ ਸਾਰੇ ਭਾਗਾਂ ਵਿੱਚ ਫੈਲ ਗਈ ਸੀ।
ਪੰਜਾਬੀ ਪੱਤਰਕਾਰੀ ਦੇ ਇਤਿਹਾਸ ਵਿੱਚ ੩੦ ਜੁਲਾਈ,੧੮੭੩ ਨੂੰ ਸਿੱਖਾਂ ਨੇ ਗੁਰਮਤ ਪ੍ਚਾਰ ਅਤੇ ਸਿੱਖਾਂ ਦੇ ਸਮਾਜਿਕ ਸੁਧਾਰ ਲਈ ਗੁਰੂ ਕੇ ਬਾਗ਼ ਅੰਮਿ੍ਤਸਰ ਵਿੱਚ ਇਕੱਠੇ ਹੋ ਕੇ ਸਿੰਘ ਸਭਾ ਦੀ ਸਥਾਪਨਾ ਕੀਤੀ। ਸਿੰਘ ਸਭਾ ਲਹਿਰ ਨੇ ਬਹੁਤ ਸਾਰੇ ਮੰਤਵਾਂ ਵਿੱਚੋਂ ਇੱਕ ਵਰਤਮਾਨ ਗਿਆਨ ਦਾ ਪੰਜਾਬੀ ਮਾਧਿਅਮ ਰਾਹੀਂ ਪ੍ਚਾਰ ਅਤੇ ਪੰਜਾਬੀ ਵਿੱਚ ਰਸਾਲੇ ਅਤੇ ਸਮਾਚਾਰ ਪੱਤਰ ਚਲਾਉਣਾ ਸੀ। ੧੮੮੦ ਤਕ ਗੁਰਮੁਖੀ ਲਿਪੀ ਵਿੱਚ ਚਾਰ ਪੱਤਰ ਕੱਢੇ ਜਾ ਚੁੱਕੇ ਸਨ ਪਰ ਪੰਜਾਬੀ ਦਾ ਪੰਜਾਬੀਆਂ ਵਲੋਂ ਸੱਚੇ ਅਰਥਾਂ ਵਿੱਚ ਜਾਰੀ ਹੋਣ ਵਾਲਾ ਪੰਜਾਬੀ ਦਾ ਪਹਿਲਾ ਪਰਚਾ 'ਗੁਰਮੁੱਖੀ ਅਖਬਾਰ' ਸੀ। ਸਿੰਘ ਸਭਾ ਦੇ ਪ੍ਭਾਵ ਹੇਠਾਂ 'ਗੁਰਮੁੱਖੀ ਅਖਬਾਰ', 'ਖਾਲਸਾ ਅਖਬਾਰ', 'ਖਾਲਸਾ ਪ੍ਕਾਸ਼ਕ', 'ਗੁਰਮਤ ਪ੍ਕਾਸ਼ਕ', 'ਸਿੰਘ ਸਭਾ ਗਜ਼ਟ', 'ਲਾਇਲ ਖਾਲਸਾ ਗਜ਼ਟ', 'ਖਾਲਸਾ ਸਮਾਚਾਰ', 'ਭਾਰਤ ਸੁਧਾਰ', 'ਧਰਮ ਪ੍ਚਾਰ', ਆਦਿ ਸਮਾਚਾਰ ਜਾਰੀ ਹੋਏ।
੧੨ ਜੂਨ, ੧੮੮੬ ਨੂੰ 'ਖਾਲਸਾ ਅਖਬਾਰ' ਦਾ ਪਹਿਲਾ ਪਰਚਾ ਲਾਹੌਰ ਤੋਂ ਖਾਲਸਾ ਦੀਵਾਨ ਦੀ ਦੇਖ ਰੇਖ ਵਿੱਚ ਨਿਕਲਿਆ। ਪਹਿਲੇ ਸੰਪਾਦਕ ਗਿਆਨੀ ਝੰਡਾ ਸਿੰਘ ਫਰੀਦਕੋਟੀ ਅਤੇ ਸਰਦਾਰ ਬਸੰਤ ਸਿੰਘ ਸਨ। ਬਾਅਦ ਵਿੱਚ ਗਿਆਨੀ ਦਿੱਤ ਸਿੰਘ ਨੇ ਪ੍ਭਾਵਸ਼ਾਲੀ ਪੱਤਰਕਾਰ ਦੇ ਤੌਰ ਤੇ ਪੰਜਾਬੀ ਪੱਤਰਕਾਰੀ ਵਿੱਚ ਥਾਂ ਬਣਾ ਲਈ ਸੀ। ਪਰ ਸਿੰਘ ਸਭਾ ਲਹਿਰ ਦੇ ਖਿਲਰ ਜਾਣ ਨਾਲ ਇਹ ਅਖਬਾਰ ੧੯੦੫ ਵਿੱਚ ਬੰਦ ਹੋ ਗਿਆ।
ਉਨਵੀਂ ਸਦੀ ਦੇ ਅੰਤ ਤਕ ਆਰੀਆ ਸਮਾਜ ਤੇ ਸਿੰਘ ਸਭਾ ਵਿਚਲੀ ਖਿਚੋਤਾਣ ਕਾਰਨ ਪੰਜਾਬੀ ਪੱਤਰਕਾਰੀ ਬਾਰੇ ਸਿੱਖਾਂ ਦੀ ਤੇ ਹਿੰਦੀ ਪੱਤਰਕਾਰੀ ਹਿੰਦੂਆਂ ਦੀ ਬਣ ਕੇ ਰਹਿ ਗਈ ਅਤੇ ਇਹ ਖਿੱਚਾ- ਖਿਚਾਈ ਨੇ ਪੱਤਰਕਾਰੀ ਤੇ ਕਈ ਘਾਤਕ ਪ੍ਰਭਾਵ ਪਾਏ।
ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ, 'ਉਪਕਾਰੀ', 'ਗੁਰਮਤ ਪ੍ਚਾਰ', 'ਖਾਲਸਾ ਸੇਵਕ', 'ਇਸਤਰੀ ਸਤਿਸੰਗ', 'ਆਹੂਲਵਾਲੀਆ ਗਜ਼ਟ', 'ਪੰਜਾਬ', 'ਸੇਵਕ ਸਿੰਘ' ਪੱਤਰ ਜਾਰੀ ਹੋਏ ਸਨ। 'ਦੂਖ ਨਿਵਾਰਨ', 'ਸਿਵਲ ਮਿਲਟਰੀ ਅਖਬਾਰ', 'ਪੰਜਾਬ ਕੇਸਰੀ', 'ਪੰਥ', 'ਗ੍ੰਥੀ', 'ਪੰਜਾਬੀ ਭੈਣ', 'ਨੋ ਰਤਨ', 'ਬੀਰ', 'ਪਟਿਆਲਾ ਗਜ਼ਟ' ਨਾਮੀ ਜੋ ਪੱਤਰਕਾਵਾਂ ਛਪਣੀਆਂ ਸ਼ੁਰੂ ਹੋਈਆਂ। ਇਨ੍ਹਾਂ ਵਿੱਚੋਂ ਬਹੁਤੀਆਂ ਸਿੰਘ ਸਭਾ ਲਹਿਰ ਦੇ ਪ੍ਭਾਵ ਹੇਠਾਂ ਹੀ ਪੈਦਾ ਹੋਈਆਂ ਸਨ ਪਰ ਇਨ੍ਹਾਂ 'ਚੋ ਕੋਈ ਰਾਜਸੀ ਪਾਰਟੀ ਹੋਂਦ ਵਿੱਚ ਹੀ ਨਹੀਂ ਸੀ ਆਈ। ਇਸ ਲਈ ਇਨ੍ਹਾਂ ਵਿੱਚੋਂ ਰਾਜਨੀਤਕ ਇੱਕ ਵੀ ਨਹੀਂ ਸੀ।
ਸਿੰਘ ਸਭਾ ਅਤੇ 'ਖਾਲਸਾ ਦੀਵਾਨ' ਦੇ ਪ੍ਭਾਵ ਹੇਠ ਭਾਈ ਕੌਰ ਸਿੰਘ ਅਤੇ ਭਾਈ ਵੀਰ ਸਿੰਘ ਨੇ ਉੱਦਮ ਕਰਕੇ 'ਖਾਲਸਾ ਟਰੈਕਟ ਸੁਸਾਇਟੀ' ਦੀ ਨੀਂਹ ਰੱਖੀ। ਇਸ ਸੰਸਥਾ ਦਾ ਉਦੇਸ਼ ਧਾਰਮਕ ਜਾਗਿ੍ਤੀ ਪੈਦਾ ਕਰਨ ਲਈ ਪੈਂਫਲਿਟ ਲਿਖਣੇ, ਲਿਖਵਾਉਣੇ ਅਤੇ ਛਾਪ ਕੇ ਵੰਡਣੇ ਸਨ। ਪੰਜਾਬੀ ਪੱਤਰਕਾਰੀ ਲਈ ਇਹ ਸ਼ੁਭ ਸੀ ਕਿਉਂਕਿ ਇਸ ਨਾਲ ਪੰਜਾਬੀ ਪੱਤਰਕਾਰੀ ਵਿੱਚ ਸਾਹਿਤਕ ਰੰਗ ਆਇਆ ਅਤੇ ਇਹ ਸੰਪਰਦਾਇਕ ਝਗੜਿਆਂ ਤੋਂ ਉਤਾਂਹ ਉਠ ਕੇ ਲਿਖਿਆ ਜਾਣ ਲੱਗਾ।
੧੯੧੩ ਵਿੱਚ ਕਿਰਪਾਨ ਪਹਿਨਣ ਉੱਪਰ ਸਿੱਖਾਂ 'ਤੇ ਲੱਗੀ ਪਾਬੰਦੀ ਦੇ ਇੱਕ ਨਵੇਂ ਮੋਰਚੇ ਨੂੰ ਜਨਮ ਦਿੱਤਾ। ੧੯੧੪ ਵਿੱਚ ਗੁਰਦੁਆਰਾ ਰਕਾਬਗੰਜ ਦੀ ਕੰਧ ਦਾ ਮੋਰਚਾ, ਕਾਮਾਗਾਟਾ ਮਾਰੂ ਜਹਾਜ ਦੇ ਮੁਸਾਫਰਾਂ ਦਾ ਦੁਖਾਂਤ, ਜਲਿਆਂ ਵਾਲੇ ਬਾਗ਼ ਦਾ ਸਾਕਾ ਆਦਿ ਕੁਝ ਅਹਿਮ ਘਟਨਾਵਾਂ ਦਾ ਪ੍ਭਾਵ ਪੰਜਾਬੀ ਸਮਾਜ, ਪੰਜਾਬੀ ਸਭਿਆਚਾਰ, ਪੰਜਾਬੀ ਸਾਹਿਤ ਅਤੇ ਪੰਜਾਬੀ ਪੱਤਰਕਾਰੀ ਉਪਰ ਪੈਣਾ ਸੁਭਾਵਿਕ ਸੀ। ਅੰਗਰੇਜ਼ਾਂ ਦੇ ਵਿਰੁੱਧ ਵੱਖ-ਵੱਖ ਲਹਿਰਾਂ ਚੱਲੀਆਂ, ਮੋਰਚੇ ਲੱਗੇ। ਇਨ੍ਹਾਂ ਲਹਿਰਾਂ ਦਾ ਪੱਤਰਕਾਰੀ ਤੇ ਡੂੰਘਾ ਅਸਰ ਹੋਇਆ।
"ਗਦਰ ਦੀ ਗੂੰਜ" ਨਾਲ ਪੰਜਾਬੀ ਵਿੱਚ ਰਾਜਨੀਤਕ ਪੱਤਰਕਾਰੀ ਦਾ ਆਰੰਭ ਹੁੰਦਾ ਹੈ। ਜਲਿਆਂਵਾਲੇ ਬਾਗ਼ ਦੇ ਖੂਨੀ ਸਾਕੇ ਤੋਂ ਬਾਅਦ ਇਹ ਪੂਰੇ ਰੂਪ ਵਿੱਚ ਰਾਜਨੀਤਕ ਹੋ ਤੁਰਦਾ ਹੈ। ਅਕਾਲੀ ਲਹਿਰ ਭਾਵੇਂ ਧਾਰਮਿਕ ਆਸ਼ਿਆ ਨੂੰ ਮੁੱਖ ਰੱਖ ਕੇ ਚਲਾਈ ਗਈ ਸੀ ਪਰ ਇਸ ਦਾ ਸਰੂਪ ਛੇਤੀ ਹੀ ਸਿਆਸੀ ਹੋ ਗਿਆ। ਅਕਾਲੀ ਨਾਂ ਦਾ ਰੋਜ਼ਾਨਾ ਅਖਬਾਰ ਸਰਦਾਰ ਮੰਗਲ ਸਿੰਘ ਦੀ ਸੰਪਾਦਕੀ ਹੇਠ ੧੯੨੦ ਵਿੱਚ ਨਿਕਲਣਾ ਸ਼ੁਰੂ ਹੋਇਆ। ਗੁਰਦੁਆਰਾ ਸੁਧਾਰ ਲਹਿਰ ਦੇ ਪ੍ਭਾਵ ਹੇਠ ਲਗਭਗ ਵੀਹ ਰੋਜ਼ਾਨਾ ਪੱਤਰ ਜਾਰੀ ਹੋਏ। ਬਹੁਤ ਸਾਰੇ ਸਾਹਿਤਕਾਰਾਂ ਨੇ, ਜਿਵੇਂ ਮਾਸਟਰ ਤਾਰਾ ਸਿੰਘ, ਨਾਨਕ ਸਿੰਘ ਅਤੇ ਚਰਨ ਸਿੰਘ ਸ਼ਹੀਦ ਆਦਿ ਨੇ, ਅਕਾਲੀ ਲਹਿਰ ਦਾ ਅਸਰ ਕਬੂਲਿਆ।
ਗ਼ਦਰ ਲਹਿਰ ਦੇ ਬਹੁਤ ਸਾਰੇ ਕਾਰਕੁਨਾਂ ਨੇ ਮਿਲ ਕੇ ਪਹਿਲੇ ਸੰਸਾਰ ਯੁੱਧ ਉਪਰੰਤ ਇਤਹਾਸ ਨਵੀਂ ਪਾਰਟੀ ਦੀ ਸਥਾਪਨਾ ਕੀਤੀ ਜਿਸ ਦਾ ਨਾਂ ਕਿਰਤੀ ਪਾਰਟੀ ਸੀ। ਸੰਨ ੧੯੨੫ ਵਿੱਚ ਇਸ ਪਾਰਟੀ ਨੇ ਆਪਣਾ ਇੱਕ ਪੱਤਰ 'ਕਿਰਤੀ' ਚਾਲੂ ਕੀਤਾ। ਇਹ ਪੱਤਰ ਵੀ ਕਈ ਵਾਰ ਜ਼ਬਤ ਹੋਇਆ।
ਇਨ੍ਹਾਂ ਲਹਿਰਾਂ ਦੇ ਪ੍ਭਾਵ ਅਧੀਨ ਜੋ ਰੋਜ਼ਾਨਾ, ਹਫ਼ਤਾਵਾਰ ਜਾਂ ਮਾਸਕ ਪੱਤਰ ਨਿਕਲੇ। ਇਨ੍ਹਾਂ ਵਿੱਚ ਕਵਿਤਾ ਦੇ ਨਾਲ- ਨਾਲ ਪੰਜਾਬੀ ਵਾਰਤਕ ਨੇ ਵੀ ਉੱਨਤੀ ਕੀਤੀ ਤੇ ਗੱਦ ਸ਼ੈਲੀ ਨੂੰ ਨਿਖਾਰਨ ਤੇ ਟਕਸਾਲੀ ਬਣਾਉਣ ਵਿੱਚ ਕਾਫੀ ਹਿੱਸਾ ਪਾਇਆ ਜੋ ਕਿ ਆਧੁਨਿਕ ਪੰਜਾਬੀ ਪੱਤਰਕਾਰੀ ਲਈ ਬਹੁਤ ਅਹਿਮ ਪ੍ਰਾਪਤੀ ਸੀ।
੧੯੨੦ ਵਿੱਚ ਗੁਰਦੁਆਰਾ ਸੁਧਾਰ ਲਹਿਰ ਚਲੀ ਤੇ 'ਅਕਾਲੀ ਅਖਬਾਰ' ਨੇ ਕੌਮ ਦੀ ਅਗਵਾਈ ਕੀਤੀ। ਗੁਰਦੁਆਰਾ ਸੁਧਾਰ ਲਹਿਰ ਦੇ ਪ੍ਭਾਵ ਹੇਠ ਲਗਭਗ ਵੀਹ ਰੋਜ਼ਾਨਾ ਪੱਤਰ ਜਾਰੀ ਹੋਏ। ਮੁਸਲਿਮ ਲੀਗ ਦੀ ਸਥਾਪਨਾ ਨਾਲ ਪੰਜਾਬੀ ਦੀ ਰਾਜਨੀਤੀ ਵਾਂਗ ਪੰਜਾਬ ਦੀ ਪੱਤਰਕਾਰੀ ਵੀ ਸੰਪ੍ਰਦਾਇਕ ਲੀਹਾਂ ਉੱਤੇ ਪੈ ਗਈ। ਹਿੰਦੂ, ਸਿੱਖਾਂ ਅਤੇ ਮੁਸਲਮਾਨਾਂ ਵਿੱਚ ਫਸਾਦ ਹੋਏ। ੧੯੪੭ ਵਿੱਚ ਦੇਸ਼ ਵੰਡਿਆ ਗਿਆ। ਸੁਤੰਤਰਤਾ ਤੋਂ ਲਗਭਗ ਦੋ ਦਹਾਕੇ ਸਾਰੇ ਪੰਜਾਬ ਦੀ ਪੱਤਰਕਾਰੀ ਪੰਜਾਬੀ ਸੂਬੇ ਦੀ ਮੰਗ ਕਾਰਨ ਦੁਖਦਾਈ ਫਿਰਕੂ ਖਿਚੋਤਾਣ ਵਿੱਚ ਫਸ ਗਈ। ੧੯੬੬ ਵਿੱਚ ਪੰਜਾਬੀ ਸੂਬੇ ਦੀ ਸਥਾਪਨਾ ਨਾਲ ਤੇ ਪੰਜਾਬੀ ਦੇ ਰਾਜ - ਭਾਸ਼ਾ ਬਣਨ ਨਾਲ ਪੰਜਾਬੀ ਪੱਤਰਕਾਰੀ ਕੁਝ ਨਿਖਰੀ ਹੈ ਅਤੇ ਇਸ ਦੀਆਂ ਸੰਭਾਵਨਾਵਾਂ ਵਿਸ਼ਾਲ ਬਣੀਆਂ ਹਨ।
- ↑ ਖਹਿਰਾ, ਸੁਰਿੰਦਰ ਸਿੰਘ. ਪੰਜਾਬੀ ਪੱਤਰਕਾਰੀ.