ਬੋਲ ਮਰਦਾਨਿਆ (ਨਾਵਲ)
ਲੇਖਕ | ਜਸਬੀਰ ਮੰਡ |
---|---|
ਮੂਲ ਸਿਰਲੇਖ | ਬੋਲ ਮਰਦਾਨਿਆ |
ਮੁੱਖ ਪੰਨਾ ਡਿਜ਼ਾਈਨਰ | ਜਗਦੀਪ ਗਰਚਾ |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਧਾ | ਨਾਵਲ |
ਪ੍ਰਕਾਸ਼ਕ | ਯੂਨੀਸਟਾਰ ਬੁੱਕਸ, ਚੰਡੀਗੜ੍ਹ (2015) ਆੱਟਮ ਆਰਟ, ਪਟਿਆਲਾ (2019-ਵਰਤਮਾਨ) |
ਪ੍ਰਕਾਸ਼ਨ ਦੀ ਮਿਤੀ | 2015 |
ਸਫ਼ੇ | 304 |
ਤੋਂ ਪਹਿਲਾਂ | 'ਖਾਜ (ਨਾਵਲ) |
ਤੋਂ ਬਾਅਦ | 'ਆਖ਼ਰੀ ਬਾਬੇ |
ਬੋਲ ਮਰਦਾਨਿਆ 2015 ਵਿੱਚ ਛਪਿਆ ਇੱਕ ਪੰਜਾਬੀ ਨਾਵਲ ਹੈ ਜਿਸਦਾ ਲੇਖਕ ਜਸਬੀਰ ਮੰਡ ਹੈ। ਇਹ ਨਾਵਲ ਭਾਈ ਮਰਦਾਨਾ ਦੇ ਜੀਵਨ ਉੱਤੇ ਅਧਾਰਿਤ ਹੈ। ਭਾਈ ਮਰਦਾਨਾ ਨੂੰ ਲੰਬਾ ਸਮਾਂ ਨੇੜੇ ਤੋਂ ਗੁਰੂ ਸਾਹਿਬ ਨਾਲ ਰਹਿਣ ਦਾ ਮੌਕਾ ਮਿਲਿਆ। ਇਹ ਨਾਵਲ ਉਸ ਦੇ ਜੀਵਨ ਦੀ ਕਹਾਣੀ ਨੂੰ ਅਧਾਰ ਬਣਾ ਕੇ ਲਿਖਿਆ ਗਿਆ ਹੈ।
ਪਲਾਟ
[ਸੋਧੋ]ਇਹ ਇੱਕ ਬਹੁ-ਪਰਤੀ ਦਾਸਤਾਨ ਹੈ, ਤੇ ਇਹ ਸਭ ਪਰਤਾਂ ਰਾਹਾਂ ਵਾਂਗ ਨਾਲੋ-ਨਾਲੋ ਚਲਦੀਆਂ ਹਨ, ਇੱਕ ਪਰਤ ਬਾਬਾ ਨਾਨਕ ਤੇ ਮਰਦਾਨੇ ਦੀ ਕਥਾ ਕਹਿੰਦੀ ਹੈ, ਜੋ ਕਿ ਲੌਕਿਕ ਵੀ ਹੈ ਤੇ ਦਿਸਦੇ ਤੋਂ ਪਾਰ ਵੀ ਜਾਂਦੀ ਹੈ, ਕਿਉਂਕਿ ਬਾਬਾ ਨਾਨਕ ਮਰਦਾਨੇ ਦਾ ਪੀਰ-ਮੁਰਸ਼ਦ ਜਾਂ ਗੁਰੂ ਤਾਂ ਹੈ ਹੀ, ਪਰ ਉਸਦੇ ਬਚਪਨ ਦਾ ਮਿੱਤਰ ਵੀ ਹੈ। ਦੂਸਰੀ ਪਰਤ 'ਉਦਾਸੀਆਂ' ਭਾਵ ਯਾਤਰਾਵਾਂ ਦੀ ਹੈ, ਜਿਨ੍ਹਾਂ ਵਿੱਚ ਮਰਦਾਨਾ ਬਾਬੇ ਦਾ ਹਮਰਾਹੀ ਹੈ ਤੇ ਉਨ੍ਹਾਂ ਸੰਵਾਦਾਂ ਦਾ ਸਾਖਸ਼ੀ ਜਾਂ ਗਵਾਹ ਵੀ ਜੋ ਬਾਬੇ ਨੇ ਭਾਰਤ ਤੇ ਉਸ ਤੋਂ ਬਾਹਰ ਵੀ ਵੱਖ-ਵੱਖ ਸੰਪਰਦਾਵਾਂ ਤੇ ਵਿਚਾਰਧਾਰਾਵਾਂ ਦੇ ਲੋਕਾਂ ਸੰਗ ਰਚਾਏ, ਇਹ ਪਰਤ ਰੂਹਾਨੀਅਤ ਦੀ ਹੈ, ਪਰ ਇਹ ਰੂਹਾਨੀਅਤ ਲੋਕਾਂ ਦੇ ਦੁੱਖ ਦਰਦ ਨਾਲੋਂ ਟੁੱਟੀ ਹੋਈ ਨਹੀਂ, ਸਗੋਂ ਉਨ੍ਹਾਂ ਨੂੰ ਵੀ ਨਾਲ ਲੈ ਤੁਰਦੀ ਹੈ, ਜਿਨ੍ਹਾਂ ਨੂੰ ਸਮਾਜ ਨੇ ਜਿਸਮਾਨੀ ਤੇ ਰੂਹਾਨੀ ਸ਼ੋਸ਼ਣ ਤੋਂ ਬਾਅਦ ਵੇਸਵਾਵਾਂ ਦਾ ਨਾਂ ਦੇ ਕੇ ਖਾਰਿਜ ਕਰ ਦਿੱਤਾ ਹੈ। ਨੇਹਰਾ ਸਮਾਜ ਦੇ ਇਸ ਗੂੰਗੇ ਕਰ ਦਿੱਤੇ ਗਏ ਹਿੱਸੇ ਦੀ ਜ਼ੁਬਾਨ ਹੈ। ਇਨ੍ਹਾਂ ਯਾਤਰਾਵਾਂ ਦਾ ਦੂਜਾ ਰੰਗ ਇਤਿਹਾਸਿਕ ਤੇ ਸਮਾਜਿਕ ਹੈ, ਤੀਰਥ ਯਾਤਰਾ 'ਤੇ ਤੁਰੇ ਜਾਂਦੇ ਰਾਹੀਆਂ ਰਾਹੀਂ ਨਾਵਲਕਾਰ ਨੇ ਪੂਰੇ ਭਾਰਤ ਦੀ ਤਸਵੀਰ ਉਕੇਰ ਦਿੱਤੀ ਹੈ, ਜਿਸ ਵਿੱਚ ਬਾਲ-ਵਿਧਵਾ ਤੇ ਉਸਦੇ ਦਰਦ ਦੇ ਪ੍ਰਤੀ ਲੋਕਾਂ ਦੀ ਚੁਭਵੀਂ ਅਸੰਵੇਦਨਸ਼ੀਲਤਾ ਵੀ ਝਲਕਦੀ ਹੈ ਤੇ ਜਾਤੀ-ਵਿਵਸਥਾ ਦਾ ਖੌਫਨਾਕ ਮੰਜਰ ਵੀ ਉਭਰਦਾ ਹੈ। ਇਸ ਸਾਰੀ ਯਾਤਰਾ ਵਿੱਚ ਦੂਈ ਭਾਵ ਦੂਜੇਪਣ ਨੂੰ ਰੱਦ ਕਰਦਾ ਬਾਬੇ ਨਾਨਕ ਦਾ ਹੌਕਾ ਇੱਕ ਚੁਣੌਤੀ ਬਣ ਕੇ ਨਾਲੋ-ਨਾਲ ਤੁਰਦਾ ਹੈ, ਤੇ ਇਹ ਚੁਣੌਤੀ ਹਿੰਦੋਸਤਾਨ ਵਿੱਚ ਹੀ ਨਹੀਂ ਮੱਕੇ ਅੰਦਰ ਸਿਜਦਾ ਕਰਦੇ ਹੋਏ ਵੀ ਉੰਨੀ ਹੀ ਹਲੀਮੀ ਪਰ ਮਜ਼ਬੂਤੀ ਨਾਲ ਖੜ੍ਹੀ ਦਿਖਦੀ ਹੈ, ਨਾਵਲਕਾਰ ਨੇ ਇਹ ਬਖੂਬੀ ਉਭਾਰਿਆ ਹੈ ਕਿ ਮਨ ਦਾ ਜੋ ਦਵੈਤ ਭਾਰਤ ਵਿੱਚ "ਹਿੰਦੂ-ਮੁਸਲਮਾਨ" ਬਣਿਆ ਬੈਠਾ ਸੀ, ਉਹੀ ਅਰਬ ਭੂਮੀ ਵਿੱਚ "ਸ਼ਿਆ-ਸੁੰਨੀ" ਦਾ ਪਾੜਾ ਬਣ ਗਿਆ ਸੀ, ਤੇ ਇੱਥੇ ਵੀ ਹੱਜ 'ਤੇ ਜਾਂਦੇ ਰਾਹੀਆਂ ਦੀ ਰਬਾਬ 'ਤੇ ਬੰਨੀ ਹਰੀ ਪੱਟੀ ਇਸ ਪਾੜੇ ਨੂੰ ਵੰਗਾਰਦੀ ਹੈ। ਹੱਜ ਤੋਂ ਵਾਪਸੀ ਦਾ ਦ੍ਰਿਸ਼ ਬਹੁਤ ਹੱਦ ਤੱਕ ਇਤਿਹਾਸਿਕ ਰੰਗਤ ਵਾਲਾ ਹੈ, ਜਿਸ ਵਿੱਚ ਬਾਬਰ ਦੇ ਹਿੰਦੋਸਤਾਨ ਉੱਤੇ ਹਮਲੇ ਦੇ ਦਰਦਨਾਕ ਦ੍ਰਿਸ਼ਾਂ ਨੂੰ ਚਿਤਰਿਆ ਗਿਆ ਹੈ। ਬੇਸ਼ਕ ਇਹ ਸਾਰੀਆਂ ਪਰਤਾਂ ਨਾਲੋ-ਨਾਲ ਚਲਦੀਆਂ ਹਨ, ਪਰ ਰੂਹਾਨੀਅਤ ਇੱਕ ਤਰਲਤਾ ਵਾਂਗ ਸਾਰੀਆਂ ਅੰਦਰ ਸਮਾਈ ਹੋਈ ਹੈ, ਜੋ ਸਮਿਆਂ ਤੋਂ ਪਾਰ ਜਾ ਕੇ ਮਰਦਾਨੇ ਦੀ ਕਹੀ ਕਥਾ ਨੂੰ ਇੱਕ ਮਨੁੱਖੀ ਰੰਗਤ ਦੇ ਦਿੰਦੀ ਹੈ, ਗਯਾ ਵਿੱਚ ਪਹੁੰਚ ਕੇ ਮਰਦਾਨੇ ਦਾ ਮਿਲਣ ਅਨੰਦ ਨਾਲ ਹੁੰਦਾ ਹੈ ਤੇ ਨਾਵਲਕਾਰ ਦੋਹਾਂ ਅੰਦਰ ਇੱਕ ਸੰਵਾਦ ਸਿਰਜਦਾ ਹੈ।
ਸਾਰਾ ਨਾਵਲ ਭਾਵੇਂ ਯਾਤਰਾ ਵਾਂਗ ਚੱਲਦਾ ਹੋਇਆ ਦਿਖਦਾ ਹੈ, ਪਰ 'ਬੋਲ ਮਰਦਾਨਿਆ' ਦਾ ਮਰਦਾਨਾ ਇਸ ਗੱਲ ਬਾਰੇ ਵੀ ਚੇਤੰਨ ਕਰਵਾਉਂਦਾ ਰਹਿੰਦਾ ਹੈ ਕਿ ਘਰ ਹੀ ਨਹੀਂ ਰਾਹ ਵੀ ਬੰਧਨ ਬਣ ਸਕਦੇ ਹਨ ਤੇ ਹੌਲ ਸਿਰਫ਼ ਘਰਾਂ ਦੇ ਨਹੀਂ ਤੀਰਥਾਂ ਦੇ ਵੀ ਹੁੰਦੇ ਹਨ। ਇਹ ਅੰਤਮ ਦ੍ਰਿਸ਼ ਕਰਤਾਰਪੁਰ ਦੇ ਹਨ| ਲੋਕ ਦੇਖਦੇ ਹਨ ਕਿ ਗੁਰੂ ਨੇ ਚਾਰੇ ਖੂੰਜੇ ਘੁਮਾ ਕੇ ਹੁਣ 'ਮਰਾਸੀ' ਨੂੰ ਕਿਸਾਨ ਬਣਾ ਛੱਡਿਆ ਹੈ। 'ਬੋਲ-ਮਰਦਾਨਿਆ' ਦੀ ਕਥਾ ਕਹਿਣ ਵਾਲਾ ਮਰਦਾਨਾ ਹੌਲੀ-ਹੌਲੀ ਮੌਨ ਵੱਲ ਵਧ ਰਿਹਾ ਹੈ, ਨਾਵਲਕਾਰ ਨੇ ਇਸ ਪੜਾਵ ਉੱਤੇ ਮੌਤ ਦੇ ਸਵਾਲ ਨੂੰ ਸਿਖਰ 'ਤੇ ਪਹੁੰਚਾਇਆ ਹੈ, ਜਿਹੜਾ ਪੂਰ ਨਾਵਲ ਅੰਦਰ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਰਿਹਾ ਸੀ, ਇੱਥੇ ਮੌਤ ਤੇ ਮੌਤ ਦੇ ਵਿਚਾਰ ਵਿਚਲੇ ਫ਼ਰਕ ਨੂੰ ਵੀ ਬਾਰੀਕੀ ਨਾਲ ਉਲੀਕਿਆ ਗਿਆ ਹੈ, ਜੋ ਮਰਦਾਨੇ ਇਸ ਸੰਵਾਦ ਨਾਲ ਸਿਖਰ ਛੋਹ ਕੇ ਮੌਨ ਹੋ ਜਾਂਦਾ ਹੈ: 'ਬਾਬਾ, ਧੁਨਾ ਕਿੰਨੀ ਕੁ ਉਚਾਈ 'ਤੇ ਦੇਹ ਛਡਦੀਆਂ ਹਨ।'
ਆਲੋਚਨਾ
[ਸੋਧੋ]ਦਲੀਪ ਕੌਰ ਟਿਵਾਣਾ ਇਸ ਨਾਵਲ ਬਾਰੇ ਲਿਖਦੀ ਹੈ ਕਿ "ਇਸ ਰਚਨਾ ਤਕ ਅਪੜਣ ਲਈ ਪੰਜਾਬੀ ਪਾਠਕ ਨੂੰ ਅਜੇ ਵਕਤ ਲੱਗੇਗਾ। ਇਹ ਰਚਨਾ ਮਨ ਦੀ ਯਾਤਰਾ ਹੈ; ਇਸੇ ਲਈ ਸਮੇਂ ਤੇ ਸਥਾਨ ਤੋਂ ਪਾਰ ਜਾ ਕੇ ਨਾਨਕ ਅਤੇ ਮਰਦਾਨੇ ਦੀਆਂ ਸੰਗੀਤਕ ਅਤੇ ਅਧਿਆਤਮਕ ਉਡਾਰੀਆਂ ਦੇ ਮਗਰ ਭੱਜਦਾ ਮੰਡ ਉੱਚੇ ਮੰਡਲਾਂ ਵਿੱਚ ਪਹੁੰਚ ਕੇ ਪੰਛੀ ਝਾਤ ਰਾਹੀਂ ਬੜਾ ਕੁਝ ਦੇਖ ਜਾਂਦਾ ਹੈ; ਜੋ ਧਿਆਨ ਵਿੱਚ ਉਤਾਰਨਾ ਸੌਖਾ ਨਹੀਂ।"
ਡਾ. ਜਗਬੀਰ ਸਿੰਘ ਇਸ ਪੁਸਤਕ ਨੂੰ ਨਾਵਲ ਕਹਿਣ ਦੀ ਬਜਾਏ ਇੱਕ ਜੀਵਨੀਮੂਲਕ ਬਿਰਤਾਂਤ ਕਹਿੰਦਾ ਹੈ, ਜਿਸ ਵਿੱਚ ਮੁੱਖ ਪਾਤਰ ਮਰਦਾਨੇ ਦੇ ਹਵਾਲੇ ਨਾਲ ਗੁਰੂ ਨਾਨਕ ਦੀ ਸ਼ਖ਼ਸੀਅਤ ਅਤੇ ਰਚਨਾ ਨੂੰ ਸਮਝਣ ਦਾ ਯਤਨ ਹੈ।[1]