ਸਮੱਗਰੀ 'ਤੇ ਜਾਓ

ਭੰਗੜਾ (ਨਾਚ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਕ ਭੰਗੜਾ ਪੇਸ਼ਕਾਰੀ
ਅੰਮ੍ਰਿਤਸਰ ਵਿਖੇ ਮੁੰਡਿਆਂ ਦੀ ਭੰਗੜਾ ਪੇਸ਼ਕਾਰੀ, 2012
ਭੰਗੜਾ (ਨਾਚ)
ਕੈਨੇਡਾ ਵਿੱਚ ਕੁੜੀਆਂ ਦੀ ਭੰਗੜਾ ਪੇਸ਼ਕਾਰੀ, 2010
Bhangra boys /ਭੰਗੜੇ ਵਾਲੇ ਗੱਭਰੂ
ਭੰਗੜੇ ਦੀ ਪੇਸ਼ਕਾਰੀ
ਭੰਗੜਾ, ਪੰਜਾਬ ਦਾ ਲੋਕ ਨਾਚ
ਸੰਗੀਤਕਾਰ ਜੋ ਪੰਜਾਬੀ ਗਾਇਕਾਂ ਦੇ ਨਾਲ ਪੇਸ਼ਕਾਰੀ ਕਰਦੇ ਹਨ

ਭੰਗੜਾ ਪੰਜਾਬ ਦੇ ਦੋ ਮੁੱਖ ਅਤੇ ਉੱਘੇ ਲੋਕ ਨਾਚਾਂ ਵਿੱਚੋਂ ਇੱਕ ਹੈ; ਦੂਜਾ ਮੁੱਖ ਨਾਚ ਗਿੱਧਾ ਹੈ। ਭੰਗੜਾ ਗੱਭਰੂਆਂ ਦਾ ਨਾਚ ਹੈ ਜਦਕਿ ਗਿੱਧਾ ਮੁਟਿਆਰਾਂ ਦਾ। ਭੰਗੜਾ ਤਕਰੀਬਨ ਹਰ ਖ਼ੁਸ਼ੀ ਦੇ ਮੌਕੇ ’ਤੇ ਪਾਇਆ ਜਾਂ ਨੱਚਿਆ ਜਾਂਦਾ ਹੈ ਜਿੰਨ੍ਹਾਂ ਵਿੱਚ ਕਣਕ ਦੀ ਵਾਢੀ ਭਾਵ ਵਿਸਾਖੀ ਆਦਿ ਮੇਲੇ, ਵਿਆਹ, ਮੰਗਣੇ ਅਤੇ ਤਿਉਹਾਰ ਆਦਿ ਸ਼ਾਮਲ ਹਨ। ਇਹ ਲੋਕ-ਨਾਚ ਪੰਜਾਬ ਦੀ ਕਿਸਾਨੀ ਸੰਸਕ੍ਰਿਤੀ ਜਿੰਨਾ ਹੀ ਪ੍ਰਾਚੀਨ ਹੈ। ਲੋਕਧਾਰਾ ਵਿਗਿਆਨੀ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੇ ਸ਼ਬਦਾਂ ਵਿੱਚ "ਪਹਿਲਾਂ ਪਹਿਲਾਂ ਜਦੋਂ ਪੰਜਾਬੀਆਂ ਨੇ ਹਰੀਆਂ ਫਸਲਾਂ ਨੂੰ ਸੁਨਹਿਰੀ ਸਿੱਟੇ ਪੈਂਦੇ ਵੇਖੇ ਤਾਂ ਉਹਨਾਂ ਦਾ ਮਨ ਹੁਲਾਰੇ ਵਿੱਚ ਆ ਕੇ ਨੱਚ ਖਲੋਤਾ। ਲੰਮੀ ਘਾਲਣਾ ਤੇ ਕਰੜੀ ਮਿਹਨਤ ਨੂੰ ਸੁਨਹਿਰੀ ਫਲ ਲੱਗਿਆ ਵੇਖ, ਕਿਸ ਦਾ ਦਿਲ ਨਹੀਂ ਨੱਚ ਉਠਦਾ? ਮੁੱਢ ਵਿੱਚ ਇਹ ਨਾਚ, ਫਸਲਾਂ ਦੀ ਉਪਜਾਊ ਸ਼ਕਤੀ ਵਧਾਉਣ ਲਈ ਕੀਤੀਆਂ ਰੀਤੀ ਰਸਮਾਂ ਸਮੇਂ ਖੁੱਲੇ ਖੇਤਾਂ ਵਿੱਚ ਨੱਚਿਆ ਜਾਂਦਾ ਸੀ।"[1]

ਇਤਹਾਸ[ਸੋਧੋ]

ਭੰਗੜਾ ਪਹਿਲਾਂ ਪੱਛਮੀ ਪੰਜਾਬ ਦੇ ਜ਼ਿਲ੍ਹੇ ਸ਼ੇਖਪੁਰੇ, ਪੱਛਮੀ ਗੁਜਰਾਤ ਅਤੇ ਸਿਆਲਕੋਟ ਵਿੱਚ ਹੀ ਜ਼ਿਆਦਾ ਪ੍ਰਚਲਿਤ ਸੀ। ਇਸ ਨਾਚ ਦਾ ਸਬੰਧ ਵਿਸਾਖੀ ਦੇ ਸਮੇਂ ਜਦੋਂ ਕਣਕ ਦੀ ਵਾਢੀ ਨਾਲ ਹੈ ਉਸ ਸਮੇਂ ਲੋਕ ਖੁਸ਼ੀ ਵਿੱਚ ਭੰਗੜਾ ਪਾਉਂਦੇ ਹਨ। ਭੰਗੜੇ ਵਿੱਚ ਪੇਂਡੂ ਸਾਜਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਢੋਲ ਭੰਗੜੇ ਦਾ ਮੁੱਖ ਸਾਜ਼ ਹੈ। ਇਸ ਤੋਂ ਬਿਨਾਂ ਹੋਰ ਸਾਜ਼ ਜਿਵੇਂ ਬੁੱਗਤੁ, ਅਲਗੋਜ਼ੇ, ਸੱਪ, ਕਾਟੋ ਆਦਿ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਭੰਗੜੇ ਵਿੱਚ ਢੋਲੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਲੋਕ ਢੋਲੀ ਦੇ ਦੁਆਲੇ ਘੇਰਾ ਬਣਾ ਲੈਦੇ ਹਨ ਤਾਲ ਦੇ ਉੱਪਰ ਕਦੇ ਮੋਢੇ ਹਿਲਾਉਂਦੇ ਹਨ ਕਦੇ ਗੋਡੇ ਅੱਗੇ ਵਧਾ ਕੇ ਸਰੀਰ ਨੂੰ ਅੱਗੇ ਝੁਕਾਅ ਲੇਂਦੇ ਹਨ ਅਤੇ ਫਿਰ ਸਾਰਾ ਸਰੀਰ ਤਾਲ ਵਿੱਚ ਬੱਝ ਜਾਂਦਾ ਹੈ। ਤਾਲ ਹੌਲੀ -ਹੌਲੀ ਤੇਜ਼ ਹੁੰਦਾ ਜਾਂਦਾ ਹੈ ਜਿਸ ਨਾਲ ਸਰੀਰ ਦੀਆਂ ਅਦਾਵਾਂ ਵੀ ਤੇਜ਼ ਹੁੰਦੀਆਂ ਜਾਂਦੀਆ ਹਨ। ਭੰਗੜੇ ਵਿੱਚ ਤਾਲ ਨਹੀਂ ਟੁੱਟਣੀ ਚਾਹੀਦੀ। ਇਸ ਵਿੱਚ ਢੋਲ ਦੀ ਤਾਲ ਉਤੇ ਆਪਣੇ ਸਰੀਰਕ ਕਰੱਤਵ ਵੀ ਵਿਖਾਏ ਜਾਂਦੇ ਹਨ ਜਿਸ ਵਿੱਚ ਕਾਟੋ ਵਜਾਉਣੀ, ਛੱਡਪੇ ਮਾਰਨੇ ਮੁੱਖ ਹਨ।

ਬੋਲੀ[ਸੋਧੋ]

ਤੇਰਾ ਮਾਰਾ ਮੈਂ ਚੜ੍ਹਿਆ ਕਿੱਕਰ 'ਤੇ ਨੀ ਤੂੰ ਦਾਤਨ ਨਾ ਕੀਤੀ,
ਨੀ ਪਾਸਾ ਵੱਟ ਕੇ ਲੰਘ ਗਈ ਕੋਲ ਦੀ,
ਸਾਡੀ ਵੀ ਸੀ ਘੁੱਟ ਪੀਤੀ,
ਲਾ ਕੇ ਤੋੜ ਗਈ ਸੱਜਣਾ ਨਾਲ ਪ੍ਰੀਤੀ।

ਦਿਓਰ ਆਖਦਾ ਭਾਬੀ ਤਾਂਈ ਨੀ ਕੀ ਸੱਪ ਲੜ ਗਿਆ ਤੇਰੇ
ਪੇਕਿਆਂ ਤੋਂ ਮੈਂਨੂੰ ਸਾਕ ਲਿਆਦੇ, ਬੰਨ੍ਹ ਕੇ ਢੁਕੁੰ ਗਾ ਸਹਿਰੇ
ਜੇ ਮੈਂ ਮਰ ਗਿਆ ਨੀ ਵਿੱਚ ਬੋਲੂਂਗਾ ਤੇਰੇ।

ਵਰਤਮਾਨ ਦਸ਼ਾ[ਸੋਧੋ]

ਪੰਜਾਬ ਦੇ ਵਿਹੜੇ ’ਚ ਹੁਣ ਭੰਗੜੇ ਦੀ ਧਮਾਲ ਨਹੀਂ ਪੈਂਦੀ। ਹੁਣ ਨਾ ਛੈਲ ਛਬੀਲੇ ਗੱਭਰੂ ਲੱਭਦੇ ਨੇ ਅਤੇ ਨਾ ਹੀ ਜੇਬ ਭਾਰ ਝੱਲਦੀ ਹੈ। ਜੋ ਪੰਜਾਬ ਕਦੇ ਖੁਦ ਨੱਚਦਾ ਸੀ, ਉਸ ਦੇ ਪੱਬਾਂ ਹੇਠ ਜ਼ਰਖੇਜ਼ ਭੌਂ ਵੀ ਨਹੀਂ ਰਹੀ। ਰਹਿੰਦੀ ਕਸਰ ਨਸ਼ਿਆਂ ਨੇ ਕੱਢ ਦਿੱਤੀ। ਜੁੱਸੇ ਵਾਲੀ ਜਵਾਨੀ ਲੱਭਣੀ ਵੀ ਸੌਖੀ ਨਹੀਂ। ਬਾਕੀ ਬਾਜ਼ਾਰ ਦੀ ਲਿਸ਼ਕ ਨੇ ਲੋਕ ਨਾਚ ਭੰਗੜੇ ਦੀ ਨੁਹਾਰ ਖੋਹ ਲਈ ਹੈ।[2]

ਹਵਾਲੇ[ਸੋਧੋ]

  1. ਸੋਹਿੰਦਰ ਸਿੰਘ ਬੇਦੀ, ਪੰਜਾਬ ਦੀ ਲੋਕ ਧਾਰਾ, ਨੈਸ਼ਨਲ ਬੁਕ ਟਰਸਟ, 1999, ਪੰਨਾ 151
  2. ਚਰਨਜੀਤ ਭੁੱਲਰ (2018-11-05). "ਢੋਲ ਦੇ ਡੱਗੇ ਨਾਲ ਹੁਣ ਨਹੀਂ ਉੱਠਦੇ ਪੰਜਾਬ ਦੇ ਪੱਬ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). Retrieved 2018-11-06. {{cite news}}: Cite has empty unknown parameter: |dead-url= (help)[permanent dead link]