ਸਮੱਗਰੀ 'ਤੇ ਜਾਓ

ਮਰਦਾਂ ਦਾ ਪਹਿਰਾਵਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਹਿਰਾਵਾ ਮੂਲ ਰੂਪ ਵਿੱਚ ਮਨੁੱਖ ਦੀ ਸਰੀਰਕ ਲੋੜ ਨੂੰ ਪੂਰਾ ਕਰਦਾ ਹੈ। ਜਿਸਮ ਨੂੰ ਕੱਜਣ ਅਤੇ ਪ੍ਰਾਕ੍ਰਤਿਕ ਆਫ਼ਤਾਂ ਤੋਂ ਬਚਣ ਦੇ ਨਾਲ-ਨਾਲ ਪਹਿਰਾਵਾ ਲਿੰਗ ਉਤੇਜਨਾ ਨੂੰ ਵੀ ਨਿਯੰਤ੍ਰਿਤ ਕਰਦਾ ਹੈ। ਹਰ ਮਨੁੱਖੀ ਸਮਾਜ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੇ ਪਹਿਰਾਵੇ ਦੀ ਰਵਾਇਤ ਜ਼ਰੂਰ ਰਹੀ ਹੈ। ਬੱਚੇ ਦੇ ਜਨਮ ਸਮੇਂ ਤੋਂ ਬੁਢਾਪੇ ਦੇ ਅੰਤਿਮ ਸੁਆਸਾਂ ਤੱਕ ਪੁਸ਼ਾਕ ਪਹਿਣਾਈ ਜਾਂਦੀ ਹੈ। ਬੱਚੇ ਦੀ ਪਹਿਲੀ ਪੁਸ਼ਾਕ ਝੱਗੀ ਅਤੇ ਕੱਛੀ ਹੁੰਦੀ ਹੈ ਜਿਸਨੂੰ ਮਲਵਈ ਸ਼ਬਦਾਵਲੀ ਵਿੱਚ ‘ਝੱਗਾ ਪੋਤੜਾ` ਕਹਿੰਦੇ ਹਨ।

ਪਹਿਰਾਵੇ ਦੀ ਵਰਤੋਂ ਅਤੇ ਬਣਤਰ ਦਾ ਇਤਿਹਾਸ ਕਾਫੀ ਪ੍ਰਾਚੀਨ ਅਤੇ ਦਿਲਚਸਪ ਹੈ ਵੈਦਿਕ ਸਮੇਂ ਵਿੱਚ ਪੁਸ਼ਾਕ ਕੇਲੇ ਜਾਂ ਘਾਹ ਦੀ ਹੁੰਦੀ ਸੀ। ਇਹ ਸਰੀਰ ਦੇ ਕੁੱਝ ਖਾਸ ਅੰਗਾਂ ਨੂੰ ਢਕਣ ਲਈ ਹੀ ਵਰਤੀ ਜਾਂਦੀ ਸੀ ਇਸ ਤੋਂ ਮਗਰੋਂ ਚਮੜਾ, ਰੇਸ਼ਮ ਅਤੇ ਉੱਨ ਦੇ ਸਧਾਰਨ ਕਿਸਮ ਦੇ ਕੱਪੜੇ ਵਰਤੇ ਜਾਣ ਲੱਗ ਪਏ ਇਹ ਕੱਪੜੇ ਵੀ ਮਨੁੱਖੀ ਚਮੜੀ ਨੂੰ ਵਧੇਰੇ ਰਾਸ ਨਾ ਆਏ ਮੌਸਮ ਬਦਲਣ ਉੱਤੇ ਇਹ ਸਰੀਰ ਲਈ ਸੁਖਾਵੇਂ ਨਹੀਂ ਸਨ ਰਹਿੰਦੇ। ਕਪਾਹ ਦੀ ਪੈਦਾਵਾਰ ਸ਼ੁਰੂ ਹੋਣ ਤੇ ਸਾਧਾਰਨ ਕਿਸਮ ਦਾ ਸੂਤੀ ਕੱਪੜਾ ਬਣਨ ਲੱਗ ਪਿਆ। ਸੂਤੀ ਖੱਦਰ ਪੰਜਾਬੀ ਲੋਕਾਂ ਦਾ ਮਨਭਾਉਂਦਾ ਕੱਪੜਾ ਬਣ ਗਿਆ। ਪੁਰਾਣੇ ਸਮੇਂ ਵਿੱਚ ਪੰਜਾਬੀ ਲੋਕ ਗੋਡਿਆਂ ਤੱਕ ਲੰਮੀਆਂ ਸੂਤੀ ਕਮੀਜ਼ਾਂ ਬੜੇ ਸ਼ੌਂਕ ਨਾਲ ਪਹਿਨਦੇ ਸਨ। ਸਿਰ ਉੱਪਰ ਪਟਕਾ ਰੱਖਦੇ ਸਨ। ਕਦੇ ਕਦਾਈ ਇਸਨੂੰ ਮੋਢਿਆਂ ਉੱਪਰ ਰੱਖਣ ਦਾ ਰਿਵਾਜ਼ ਵੀ ਰਿਹਾ ਹੈ। ਲੱਕ ਦੁਆਲੇ ਚਾਦਰ ਬੰਨਣ ਦੀ ਰਵਾਇਤ ਕਾਫੀ ਪੁਰਾਣੀ ਅਤੇ ਹਰਮਨ ਪਿਆਰੀ ਰਹੀ ਹੈ। ਪੰਜਾਬ ਅਨੇਕਾਂ ਭੂਗੋਲਿਕ ਟੁਕੜੀਆਂ ਦਾ ਖੇਤਰ ਹੈ। ਇਸ ਵਿੱਚ ਅਨੇਕਾਂ ਜਾਤਾਂ ਅਤੇ ਫਿਰਕੇ ਹਨ। ਲੋਕਾਂ ਦਾ ਧੰਦਾ ਵੀ ਵੰਨ-ਸੁਵੰਨਾ ਹੈ। ਇਸ ਲਈ ਇੱਥੋਂ ਦੇ ਪਹਿਰਾਵੇ ਵਿੱਚ ਵੰਨ-ਸੁਵੰਨਤਾ ਵੀ ਸੁਭਾਵਕ ਹੈ।

ਅੱਜ ਦੇ ਪੰਜਾਬ ਦੀ ਪੁਸ਼ਾਕ ਵੀ ਕੋਈ ਘੱਟ ਸਜੀਲੀ ਨਹੀਂ। ਕਿਸੇ ਵੱਡੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਉਤੇ ਜਾ ਕੇ ਵੇਖੋ, ਵੱਖੋ-ਵੱਖਰੇ ਜ਼ਿਲ੍ਹਿਆਂ ਦੇ ਵੱਖੋ-ਵੱਖਰੇ ਪਹਿਰਾਵੇ ਵਾਲੇ ਬੰਦੇ ਵਿਖਾਈ ਦੇਣਗੇ। ਸਾਧੂ ਤੋਂ ਲੈ ਕੇ ਯੂਰਪੀ ਪਹਿਰਾਵੇ ਵਾਲੇ ਫੈਸ਼ਨਦਾਰ ਜੈਂਟਲਮੈਨ ਇੱਥੇ ਵੇਖੇ ਜਾ ਸਕਦੇ ਹਨ।

ਹੁਣ ਇਕੱਲੀ ਪੁਸ਼ਾਕ ਤੇ ਕਿਸੇ ਦੀ ਤਸੱਲੀ ਨਹੀਂ ਹੁੰਦੀ। ਇੱਕ ਇੱਕ ਪਰਿਵਾਰਿਕ ਮੈਂਬਰ ਦੇ ਕਈ-ਕਈ ਸੂਟ ਹੁੰਦੇ ਹਨ। ਮੌਸਮ ਅਨੁਸਾਰ, ਰੰਗ ਰੂਪ ਅਨੁਸਾਰ ਅਤੇ ਫੈਸ਼ਨ ਅਨੁਸਾਰ ਪੁਸ਼ਾਕਾਂ ਪਾਉਣੀਆਂ ਅੰਗਰੇਜ਼ੀ ਸੁਭਾਅ ਦੀ ਨਿਸ਼ਾਨੀ ਹੈ। ਰੋਜ਼ਾਨਾ ਜੀਵਨ ਦੇ ਪਹਿਰਾਵੇ ਵੱਲ ਵੇਖੀਏ ਤਾਂ ਹੈਰਾਨੀ ਹੁੰਦੀ ਹੈ ਕਿ ਅੰਗਰੇਜ਼ੀ ਕਿਸਮ ਤੇ ਵੰਨਗੀਆਂ ਨੇ ਕਿਵੇਂ ਸਾਡੇ ਕੌਮੀ ਤੇ ਦੇਸੀ ਪਹਿਰਾਵੇ ਤੇ ਆਪਣੀ ਜਿੱਤ ਪ੍ਰਾਪਤ ਕਰ ਲਈ ਹੈ। ਪੈਂਟ ਬੂਰਸ਼ਟ, ਅੰਡਰ ਵੀਅਰ, ਬਲਾਊਜ, ਟਾਈ, ਕੋਟ, ਹੈਟ, ਜੈਕਟ, ਬਰੇਜੀਅਰ, ਫਰਾਕ, ਹਾਈਨੈਕ, ਟੀ-ਸ਼ਰਟ ਆਦਿ ਪੰਜਾਬੀ ਜੀਵਨ ਦਾ ਅੰਗ ਬਣ ਗਏ ਹਨ। ਮਰਦਾਂ ਦਾ ਪੰਜਾਬੀ ਪਹਿਰਾਵਾ ਹੇਠ ਲਿਖੇ ਅਨੁਸਾਰ ਹੈ:

ਪੱਗ

[ਸੋਧੋ]

ਪੰਜਾਬ ਦੇ ਮਰਦਾਂ ਦੇ ਪਹਿਰਾਵੇ ਦੀ ਖਾਸੀਅਤ ਪੱਗੜੀ ਹੈ ਇਹ ਪੰਜਾਬੀਆਂ ਦਾ ਹਰਮਨ ਪਿਆਰਾ ਪਹਿਰਾਵਾ ਹੈ ਭਾਵੇਂ ਦੇਸ਼ ਵਿਦੇਸ਼ ਦੇ ਲੋਕੀ ਪੱਗਾਂ ਬੰਨਦੇ ਹੋਣਗੇ ਪਰ ਪੰਜਾਬੀ ਪਹਿਰਾਵੇ ਵਿੱਚ ਜੋ ਸਨਮਾਨ ਪੱਗ ਨੂੰ ਹਾਸਲ ਹੈ ਹੋਰ ਕਿਤੇ ਨਹੀਂ ਹੈ ਇਸ ਪਹਿਰਾਵੇ ਨਾਲ ਜੀਵਨ ਦੀਆਂ ਕਦਰਾਂ-ਕੀਮਤਾਂ ਜੁੜੀਆਂ ਹੋਈਆਂ ਹਨ। ਕਿਸੇ ਦੇ ਸਿਰ ਤੋਂ ਪੱਗ ਲੱਥ ਜਾਵੇ ਉਸ ਵਿਅਕਤੀ ਨੂੰ ਭਾਈਚਾਰੇ ਵਿੱਚੋਂ ਛੇਕ ਦਿੱਤਾ ਜਾਂਦਾ ਹੈ। ਖਾਸ ਖੁਸ਼ੀ ਦੇ ਮੌਕਿਆਂ ਵਿੱਚ ਆਪਣੇ ਸਾਕ ਸਬੰਧੀਆਂ ਸ਼ਰੀਕਾ ਨੂੰ ਮਨਾਉਣ ਲਈ ਪੱਗ ਪੈਰ੍ਹਾਂ ਵਿੱਚ ਰੱਖੀ ਜਾਂਦੀ ਹੈ। ਪੱਗ ਪੰਜਾਬੀ ਦੀ ਇੱਜ਼ਤ ਤੇ ਅਣਖ ਦਾ ਚਿੰਨ੍ਹ ਹੈ। ਧੀ ਧਿਆਣੀ ਨੂੰ ਵੀ ਬਦਚਲਣ ਹੋਣ ਤੋਂ ਰੋਕਣ ਲਈ ਪੱਗ ਦਾ ਵਾਸਤਾ ਪਾਇਆ ਜਾਂਦਾ ਹੈ। ਪੱਗ ਦਾ ਸਾਈਜ ਆਮ ਤੌਰ 'ਤੇ 4 ਮੀਟਰ ਤੋਂ ਲੈ ਕੇ 9 ਮੀਟਰ ਤੱਕ ਹੰੁਦਾ ਹੈ। ਪਹਿਲਾਂ ਪੱਗਾਂ ਬਗੈਰ ਮਾਵਾ ਲਾਏ ਤੋਂ ਬੰਨੀਆਂ ਜਾਂਦੀਆਂ ਸਨ, ਫਿਰ ਵਿਆਹ, ਸ਼ਾਦੀ ਮੌਕੇ ਤੇ ਹੋਰ ਸਮਾਗਮਾਂ ਤੇ ਮਾਵਾ ਲਾ ਕੇ ਪੱਗ ਬੰਨਣ ਦਾ ਯੁੱਗ ਆ ਗਿਆ। ਪੜ੍ਹੇ ਲਿਖੇ ਲੋਕ ਪਟਿਆਲਾ ਸ਼ਾਹੀ ਪੋਚਵੀ ਪੱਗ, ਨੌਜਵਾਨ ਤਿੱਖੀਂ ਟੂਟੀ ਵਾਲੀ, ਅਨਪੜ੍ਹ ਗੱਭਰੂ ਲੜ ਛੱਡ ਕੇ, ਬੱਚੇ ਕੇਵਲ ਸਧਾਰਨ ਕਿਸਮ ਦੀ ਪੱਗ ਬੰਨਦੇ ਹਨ। ਪੱਗਾਂ ਦੇ ਰੰਗਾਂ ਵਿੱਚ ਵੀ ਸਮੇਂ ਸਮੇਂ ਤੇ ਪਰਿਵਰਤਨ ਹੁੰਦਾ ਰਹਿੰਦਾ ਹੈ। ਕਦੇ ਚਿੱਟੀਆਂ, ਕਦੇ ਮੂੰਗੀਆ, ਕਦੇ ਕਾਲੀਆਂ ਅਤੇ ਕਦੇ ਕੇਸਰੀ ਰੰਗ ਦੀਆਂ ਪੱਗਾਂ ਬੰਨਣ ਦਾ ਰਿਵਾਜ ਹੁੰਦਾ ਹੈ। ਪੱਗ ਬੰਨਣੀ ਵੀ ਕਿਸੇ-ਕਿਸੇ ਨੂੰ ਹੀ ਆਉਂਦੀ ਹੈ ਇਸ ਬਾਰੇ ਹੇਠ ਲਿਖਿਆ ਗੀਤ ਹੈ:

ਤੈਨੂੰ ਲੜ ਛੱਡਣਾ, ਤੈਨੂੰ ਪੱਗ ਬੰਨ੍ਹਣੀ
ਤੈਨੂੰ ਹਲ ਵਾਹੁਣਾ ਨਾ ਆਵੇ
ਤੇਰੇ ਘਰ ਕੀ ਵਸਣਾ।

ਚਾਦਰਾ

[ਸੋਧੋ]

ਚਾਦਰਾ ਪੰਜਾਬ ਦੇ ਮਰਦਾਂ ਦੇ ਪਹਿਰਾਵੇ ਦਾ ਖਾਸ ਕੱਪੜਾ ਹੈ। ਪਹਿਲੇ ਸਮਿਆਂ ਦੇ ਚੋਬਰਾਂ ਦੀ ਚੰਗੀ ਸਿਹਤ ਹੋਣ ਕਰਕੇ ਚਾਦਰੇ ਜਚਦੇ ਵੀ ਬੜ੍ਹੇ ਹੁੰਦੇ ਸਨ, ਮੇਲਿਆਂ ਤੇ ਲੋਕੀ ਚਾਦਰੇ ਬੰਨ੍ਹਕੇ ਜਾਂਦੇ ਸਨ। ਚਾਦਰੇ ਰੰਗਦਾਰ, ਡੱਬੀਦਾਰ, ਅਤੇ ਚਿੱਟੇ ਹੁੰਦੇ ਸਨ। ਜਿਹੜੇ ਜ਼ਿਮੀਦਾਰ ਖੇਤੀ ਵਿੱਚ ਘੱਟ ਅਤੇ ਸ਼ੌਕੀਨੀ ਵਿੱਚ ਵੱਧ ਧਿਆਨ ਦਿੰਦੇ ਸਨ ਉਹ ਹਮੇਸ਼ਾ ਚਿੱਟੇ ਚਾਦਰੇ ਪਹਿਨਦੇ ਹੁੰਦੇ ਸਨ। ਉਹਨਾਂ ਜ਼ਿਮੀਂਦਾਰਾਂ ਨੂੰ ਵਾਰੇ ਕਿਹਾ ਜਾਂਦਾ ਸੀ ਜੋ ਅੱਡੀਆਂ ਤੋਂ ਹੇਠਾਂ ਤੱਕ ਪਾਇਆ ਜਾਂਦਾ ਸੀ ਉਸ ਨੂੰ ਸਿੱਟਵਾ ਚਾਦਰਾ ਕਹਿੰਦੇ ਸਨ। ਲੋੜਾਂ ਆਪਣਾ ਰਾਹ ਆਪ ਲੱਭ ਲੈਂਦੀਆਂ ਹਨ, ਮਨੁੱਖੀ ਸੂਝ ਅਤੇ ਵਿੱਦਿਆ ਦੇ ਪਸਾਰ ਕਰਕੇ ਲੰਗੋਟੀ, ਲੂੰਗੀ, ਧੋਤੀ ਤੇ ਚਾਦਰੇ ਦੀ ਥਾਂ ਕੱਛਾ, ਨੀਕਰਾਂ, ਕਛਹਿਰਿਆਂ, ਪਜਾਮਿਆਂ ਅਤੇ ਪੈਂਟਾ ਆਦਿ ਨੇ ਲੈ ਲਈ ਹੈ, ਹੁਣ ਪੰਜਾਬ ਦਾ ਮੁੱਖ ਪਹਿਰਾਵਾ ਚਾਦਰਿਆਂ ਦੀ ਥਾਂ ਭਾਂਤ-ਭਾਂਤ ਦੇ ਪਜਾਮੇ ਅਤੇ ਪੈਟਾਂ ਹਨ।

ਕੁੜ੍ਹਤਾ

[ਸੋਧੋ]

ਮਰਦਾਂ ਦੇ ਪਹਿਰਾਵੇ ਦੀ ਇੱਕੋ ਖਾਸੀਅਤ ਕੁੜਤਾ ਵੀ ਹੈ, ਪੰਜਾਬੀ ਮਰਦ ਗਲ ਵਿੱਚ ਕੁੜਤਾ ਕਮੀਜ਼ ਪਹਿਨਦੇ ਹਨ। ਕਮੀਜ਼ ਦਾ ਫੈਸ਼ਨ ਨਵਾਂ ਹੈ ਜਿਸਨੂੰ ਕਿ ਝੱਗਾ ਕਹਿੰਦੇ ਹਨ ਅਤੇ ਕੁੜ੍ਹਤਾ ਪੁਰਾਣੇ ਸਮੇਂ ਤੋੋਂ ਲੈ ਕੇ ਹੁਣ ਤੱਕ ਚੱਲਦਾ ਆ ਰਿਹਾ ਹੈ। ਕੁੜਤੇ ਵੀ ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਕਲੀਆਂ ਵਾਲਾ, ਲੰਬਾ ਕੁੜਤਾ, ਕੁੜਤਾ ਪਜਾਮਾ ਆਦਿ। ਪੁਰਾਣੇ ਲੋਕ ਗਲ਼ਾਂ ਤੇ ਕਢਾਈ ਵਾਲੇ ਕੁੜਤੇ ਚਾਦਰਿਆਂ ਨਾਲ ਪਹਿਨਦੇ ਸਨ। ਜੋ ਕਿ ਪੰਜਾਬ ਦੇ ਮਰਦਾਂ ਦੀ ਸੁੰਦਰਤਾ ਨੂੰ ਵਧਾਉਂਦੇ ਸਨ। ਪਿੰਡਾਂ ਵਿੱਚ ਖੱਦਰ ਦੇ ਦੋ ਕੁੜਤੇ ਉੱਪਰ ਥੱਲੇ ਪਾਉਣ ਦਾ ਰਿਵਾਜ ਵੀ ਆਮ ਹੈ। ਬਹੁਤ ਸਰਦੀ ਹੋਵੇ ਤਾਂ ਖੇਸੀ, ਚਾਦਰ ਦੀ ਬੁੱਕਲ ਵੀ ਮਾਰ ਲਈ ਜਾਂਦੀ ਹੈ।

ਰੁਮਾਲ

[ਸੋਧੋ]

ਮਰਦਾਂ ਦੇ ਪਹਿਰਾਵੇ ਦਾ ਇੱਕ ਭਾਗ ਰੁਮਾਲ ਵੀ ਹੈ ਜਿਉਂ ਜਿਉਂ ਲੋਕਾਂ ਦੀ ਸੂਝ ਵੱਧਦੀ ਗਈ ਆਮਦਨ ਵੱਧ ਗਈ, ਰਹਿਣ ਸਹਿਣ, ਪਹਿਨਣ ਵਿੱਚ ਤਰੱਕੀ ਹੁੰਦੀ ਗਈ, ਲੋਕ ਅੰਦਰ ਬਾਹਰ ਜਾਣ ਵੇਲੇ ਪਰਨੇ ਦੀ ਵਰਤੋਂ ਛੱਡ ਕੇ ਰੁਮਾਲ ਦੀ ਵਰਤੋਂ ਕਰਨ ਲੱਗ ਪਏ ਹਨ। ਪੁਰਾਣੇ ਸਮਿਆਂ ਵਿੱਚ ਦਰਜੀ ਦੇ ਕੱਪੜੇ ਸੀਣ ਪਿੱਛੋਂ ਜੋ ਵੱਡੀਆਂ ਲੀਰਾਂ ਬਚ ਜਾਂਦੀਆਂ ਸਨ ਉਸ ਦੇ ਰੁਮਾਲ ਬਣਾ ਲਏ ਜਾਂਦੇ ਸਨ ਪਰ ਹੁਣ ਵੰਨ-ਸੁਵੰਨੇ ਰੰਗਾਂ ਦੀ ਰੁਮਾਲਾਂ ਬਣਨ ਲੱਗ ਪਈਆਂ ਹੈ। ਰੁਮਾਲ ਦਾ ਸਾਈਜ਼ 10/12 ਇੰਚ ਦਾ ਵਰਗਾਕਾਰ ਹੁੰਦਾ ਹੈ ਜਿਸਨੂੰ ਚਾਰੇ ਪਾਸਿਆਂ ਤੋਂ ਮਸ਼ੀਨ ਫੇਰ ਕੇ ਲੇੜਿਆ ਜਾਂਦਾ ਹੈ।

ਪਰਨਾ

[ਸੋਧੋ]

ਪਰਨੇ ਨੂੰ ਕਈ ਇਲਾਕਿਆਂ ਵਿੱਚ ਮੂਕਾ ਸਮੋਸਾ ਵੀ ਕਿਹਾ ਜਾਂਦਾ ਹੈ। ਪਰਨਾ ਆਮ ਤੌਰ 'ਤੇ ਦੋ ਕੁ ਗਜ ਦਾ ਚਾਰਖਾਨੇ ਕੱਪੜੇ ਦਾ ਬਣਿਆ ਹੁੰਦਾ ਹੈ ਪੁਰਾਣੇ ਸਮਿਆਂ ਵਿੱਚ ਬਹੁਤ ਸਫਰ ਪੈਦਲ ਕੀਤਾ ਜਾਂਦਾ ਸੀ, ਰਸਤੇ ਵਿੱਚ ਮਿੱਟੀ ਘੱਟਾ ਆਦਿ ਸਾਫ ਕਰਨ ਲਈ ਪਰਨਾ ਮੋਢੇ ਤੇ ਰੱਖਿਆ ਜਾਂਦਾ ਸੀ। ਪਰਨੇ ਨੂੰ ਮਰਦ ਤੇੜ ਪਾ ਕੇ ਪਿੰਡੇ ਵੀ ਨਹਾਉਂਦੇ ਹਨ। ਪੁਰਾਣੇ ਸਮਿਆਂ ਵਿੱਚ ਗੁਸਲਖਾਨੇ ਨਹੀਂ ਹੁੰਦੇ ਸਨ ਤਾਂ ਮਰਦ ਬਾਹਰ ਵਿਹੜਿਆਂ ਵਿੱਚ ਹੀ ਪਰਨਾ ਬੰਨ ਕੇ ਨਹਾ ਲੈਂਦੇ ਸਨ।

ਕੁੜਤਾ ਪਜ਼ਾਮਾ

[ਸੋਧੋ]

ਪੰਜਾਬੀ ਮਰਦਾਂ ਦਾ ਪਹਿਰਾਵਾ ਕੁੜ੍ਹਤਾ ਪਜਾਮਾ ਵੀ ਹੈ। ਜ਼ਿਆਦਾਤਰ ਹੁਣ ਕੁੜ੍ਹਤੇ ਚਾਦਰੇ ਦੀ ਥਾਂ ਕੁੜਤੇ ਪਜਾਮੇ ਨੇ ਲੈ ਲਈ ਹੈ। ਇਸ ਨੂੰ ਪੰਜਾਬੀ ਮਰਦ ਗਰਮੀਆਂ ਵਿੱਚ ਜ਼ਿਆਦਾ ਪਹਿਨਦੇ ਹਨ। ਕੁੜਤੇ ਪਜਾਮੇ ਅਨੇਕਾਂ ਰੰਗ ਵਿੱਚ ਪੰਜਾਬੀ ਮਰਦ ਬਣਵਾਉਂਦੇ ਹਨ।

ਪੈਂਟ ਸ਼ਰਟ

[ਸੋਧੋ]

ਪੈਂਟ ਸ਼ਰਟ ਪੰਜਾਬੀ ਮਰਦਾਂ ਦਾ ਆਧੁਨਿਕ ਪਹਿਰਾਵਾ ਬਣ ਗਿਆ ਹੈ ਪੈਂਟ ਸ਼ਰਟ ਜ਼ਿਆਦਾਤਰ ਨੌਕਰੀ ਪੇਸ਼ਾ ਮਰਦ ਪਹਿਨਦੇ ਹਨ ਜਾਂ ਫਿਰ ਕਿਸੇ ਖਾਸ ਖੁਸ਼ੀ ਮੌਕੇ ਵਿਆਹ ਸ਼ਾਦੀ ਆਦਿ ਵਿੱਚ ਵੀ ਪਾਉਂਦੇ ਹਨ। ਜੇਕਰ ਪੈਂਟ ਦਾ ਰੰਗ ਗੂੜ੍ਹਾ ਹੈ ਤਾਂ ਸ਼ਰਟ ਦਾ ਰੰਗ ਫਿੱਕਾ ਜੇਕਰ ਸ਼ਰਟ ਦਾ ਰੰਗ ਗੂੜ੍ਹਾ ਹੈ ਤਾਂ ਪੈਂਟ ਦਾ ਫਿੱਕਾ ਪਾਉਂਦੇ ਹਨ। ਅੱਜ ਦੇ ਜਮਾਨੇ ਵਿੱਚ ਮਰਦ ਲੋਕ ਮੈਚਿੰਗ ਕਰਕੇ ਪੈਂਟ ਸ਼ਰਟ ਜਾਂ ਕੋਟ ਪੈਂਟ ਪਹਿਨਦੇ ਹਨ।

ਧੋਤੀ

[ਸੋਧੋ]

ਬ੍ਰਹਮਣ ਖੱਤਰੀ ਧੋਤੀ ਬੰਨਦੇ ਹਨ ਜਿਸਦੀ ਮਰੋੜੀ ਧੁੰਨੀ ਉੱਤੇ ਦਿੱਤੀ ਜਾਂਦੀ ਹੈ। ਇਸਦੀ ਖੱਬੀ ਲਾਂਗ ਲੱਤਾਂ ਵਿੱਚੋਂ ਮੋੜ ਕੇ ਪਿੱਛੇ ਟੰਗ ਲਈ ਜਾਂਦੀ ਹੈ ਅਤੇ ਸੱਜੀ ਸੱਜੇ ਗੋਡੇ ਉਪਰੋਂ ਖੁੱਲੀ ਲਟਕਦੀ ਰਹਿੰਦੀ ਹੈ। ਆਮ ਤੌਰ 'ਤੇ ਹਿੰਦੂ ਸਿੱਖ ਕਿਰਸਾਨ, ਗੋਡਿਆਂ ਤੋਂ ਨੀਵਾਂ ਪਰਨਾ ਅਤੇ ਮੁਸਲਮਾਨ ਗਿੱਟਿਆਂ ਤੋਂ ਉੱਚੀ ਲੁੰਗੀ ਪਹਿਨਦੇ ਹਨ। ਮਰਦਾਂ ਦੇ ਪੰਜਾਬੀ ਪਹਿਰਾਵੇ ਵਿੱਚ ਇਸ ਤੋਂ ਇਲਾਵਾ ਗੋਲ ਪਗੜੀ, ਲੰਮਾ ਚੋਗਾ, ਘੁੱਟਵਾਂ ਪਜਾਮਾ, ਜੁਰਾਬਾਂ ਆਦਿ ਵੀ ਆ ਜਾਂਦੇ ਹਨ।

ਸਹਾਇਕ ਪੁਸਤਕ ਸੂਚੀ

[ਸੋਧੋ]

1। ਜੋਸ਼ੀ, ਜੀਤ ਸਿੰਘ, ਲੋਕਧਾਰਾ ਸਿਧਾਂਤ ਤੇ ਵਿਸ਼ਲੇਸ਼ਣ, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ-2009 2। ਰੰਧਾਵਾ, ਮਹਿੰਦਰ ਸਿੰਘ, ਪੰਜਾਬ, ਭਾਸ਼ਾ ਵਿਭਾਗ ਪੰਜਾਬ, ਅਜ਼ਾਦ ਆਫਸੈੱਟ, ਇੰਡ. ਏਰੀਆ, ਫੇਜ਼-1, ਚੰਡੀਗੜ੍ਹ, ਪੰਜਾਬ-1960 3। ਜਸਵੀਰ ਸਿੰਘ ਜੱਸ, ਪੰਜਾਬੀ ਸੱਭਿਆਚਾਰ ਉੱਤੇ ਬਦੇਸ਼ੀ ਪ੍ਰਭਾਵ, 122-ਬੀ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ-1983 4। ਕਹਿਲ, ਹਰਕੇਸ਼ ਸਿੰਘ, ਅਲੋਪ ਹੋ ਰਿਹਾ ਪੰਜਾਬੀ ਵਿਰਸਾ, ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ-2009 5। ਪ੍ਰੋ. ਸੈਰੀ ਸਿੰਘ, ਪੰਜਾਬੀ ਸੱਭਿਆਚਾਰ: ਵਿਭਿੰਨ ਪਰਿਪੇਖ, ਗੁਰੂ ਤੇਗ ਬਹਾਦੁਰ ਨਗਰ, ਡਾਕਖਾਨਾ ਖਾਲਸਾ ਕਾਲਜ, ਅੰਮ੍ਰਿਤਸਰ-2009