ਮਾਝੀ ਸੱਭਿਆਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਗਿਆਸਾ, ਮਨੁੱਖੀ ਵਿਕਾਸ ਦੇ ਪੜਾਅ ਹੀ, ਇਕ ਅਜਿਹੀ ਮਾਨਸਿਕ ਇੱਛਾ ਹੈ,ਜਿਸ ਦੁਆਰਾ ਉਸਨੇ ਆਪਣੇ ਆਲੇ-ਦੁਆਲੇ ਨਾਲ ਆਪਣਾ ਤਰਕਸ਼ੀਲ ਸੰਬੰਧ ਸਥਾਪਿਤ ਕੀਤਾ। ਇਹ ਵੱਖਰੀ ਗੱਲ   ਹੈ ਕਿ ਇਹ ਤਰਕ ਉਸਦੇ ਆਪਣੇ ਸਮੇਂ ਦੇ ਹਾਣ ਦਾ ਹੀ ਹੁੰਦਾ ਸੀ, ਤਰਕ, ਬੋਧਿਕ ਵਸਤੂ ਹੈ। ਸਮਾਜਿਕ ਸੰਬੰਧਾਂ ਦੇ ਅਧਿਐਨ ਤੋਂ ਇਹ ਪ੍ਰਭਾਵਿਤ ਹੁੰਦਾ ਹੈ ਕਿ ਮਨੁੱਖੀ ਰਿਸ਼ਤੇ ਤਰਕ ਅਤੇ ਭਾਵਨਾ ਤੋਂ ਪੈਦਾ ਹੋਈ ਸਮਾਜਿਕ ਸੁਗੰਧ ਵਾਂਗ ਫੈਲਦੇ ਰਹੇ। ਜਦੋਂ ਜਗਿਆਸਾ ਤੇ ਤਰਕ ਦੀ ਤੀਬਰਤਾ ਵਿਚ ਘਾਟ ਆਉਂਦੀ ਹੈ ਤਦ ਪੂਜਾ, ਸਥਾਪਨਾ, ਭਾਵੁਕਤਾ ਅਤੇ ਸਮਰਪਣ ਦਾ ਜਨਮ ਹੁੰਦਾ ਹੈ। ਇਹ ਸਮਾਜਿਕ ਪ੍ਰਵਿਤਰੀਆਂ ਤਰਕਸ਼ੀਲ ਹੋਣ ਦੀ ਥਾਵੇਂ ਭਾਵਨਾਤਮਕ ਵੱਧ ਹੁੰਦੀਆਂ ਹਨ। ਇਸ ਤਰ੍ਹਾਂ ਤਾਂ ਕੋਈ ਸੰਦੇਹ ਨਹੀਂ ਕਿ ਭਾਵਨਾਤਮਕ, ਵਿਹਾਰ ਵਿਚ ਸਰੋਦਚ-ਸੁਰ ਦੀ ਪ੍ਰਮੁੱਖਤਾ ਰਹਿੰਦੀ ਹੈ। ਸੁਰ, ਤਾਲ, ਲੈਅ, ਉਮੰਗ, ਇੱਛਾ, ਲਹਿਰ, ਬਹਿਰ ਆਦਿ ਵਿਚੋਂ ਹੀ ਮਨੁੱਖੀ ਸਭਿਆਚਾਰ ਦਾ ਜਨਮ ਹੁੰਦਾ ਹੈ।[1]

ਸਭਿਆਚਾਰ’ ਸ਼ਬਦ ਅਸਲ ਵਿਚ ਦੋ ਸ਼ਬਦਾਂ ‘ਸਭਯ’ ਅਤੇ ‘ਆਚਾਰ’ ਦਾ ਸੁਮੇਲ ਹੈ। ‘ਸਭਯ’ ਦਾ ਸ਼ਾਬਦਿਕ ਅਰਥ ਨਿਯਮਬੱਧਤਾ ਜਾਂ ਨਿਯਮਤਾ ਅਤੇ ‘ਆਚਾਰ’ ਦਾ ਅਰਥ ਆਚਰਣ ਹੈ। ਭਾਵ ਉਹ ਚਰਿੱਤਰ ਜੋ ਜੀਵਨ ਵਿਚ ਕਿਸੇ ਨਿਯਮ ਬੱਧਤਾ ਦਾ ਧਾਰਣੀ ਹੈ, ਦੀ ਨਿਯਮਤਾ ਨੂੰ ਸਭਿਆਚਾਰ ਕਿਹਾ ਜਾਂਦਾ ਹੈ। ਸਭਿਆਚਾਰ ਦਾ ਅਰਥ 'The Whole Way of life' ਹੈ।

ਹਿਰਸੋਕਵਿਤਸ਼ ਦੇ ਅਨੁਸਾਰ:-“ਸਭਿਆਚਾਰ ਵਾਤਾਵਰਣ ਦਾ ਮਨੁੱਖ-ਸਿਰਜਿਆ ਭਾਗ ਹੈ।”[2]

ਟਾਇਲਰ ਅਨੁਸਾਰ:-“ਸਭਿਆਚਾਰ ਉਹ ਜਟਿਲ ਸਮੂਹ ਹੈ ਜਿਸ ਵਿਚ ਗਿਆਨ, ਵਿਸ਼ਵਾਸ,ਕਲਾ, ਸਦਾਚਾਰ, ਕਾਨੂੰਨ ਸਿਧਾਂਤ, ਰੀਤੀ-ਰਿਵਾਜ ਅਤੇ ਉਹ ਸਭ ਯੋਗਤਾਵਾਂ ਆ ਜਾਂਦੀਆਂ ਹਨ। ਜਿਹੜੀਆਂ ਮਨੁੱਖ ਨੇ ਸਮਾਜ ਦੇ ਅੰਗ ਹੋਣ ਦੇ ਨਾਤੇ ਗ੍ਰਹਿਣ ਕੀਤੀਆਂ ਹਨ।”[3]


ਉਪ ਸੱਭਿਆਚਾਰ[ਸੋਧੋ]

-ਸਭਿਆਚਾਰ ਦਾ ਸੰਬੰਧ ਹਮੇਸ਼ਾ ਕਿਸੇ ਜਨ-ਸਮੂਹ ਜਾਂ ਸਮਾਜ ਨਾਲ ਹੁੰਦਾ ਹੈ, ਜਿਸ ਦੇ ਨਾਟ ਨਾਲ ਇਹ ਸਭਿਆਚਾਰ ਜਾਣਿਆ ਜਾਂਦਾਹੈ। ਜਿਵੇਂ ਪੰਜਾਬੀ, ਬੰਗਾਲੀ, ਰੂਸੀ ਆਦਿ। ਪਰ ਕੋਈ ਵੀ ਮਨੁੱਖੀ ਜਨ-ਸਮੂਹ ਜਾਂ ਸਮਾਜ ਇਕਸਾਰ ਬਣਤਰ ਵਾਲਾ ਨਹੀਂ ਹੁੰਦਾ, ਭਾਵੇਂ ਉਹ ਵਿਕਾਸ ਦੇ ਮੁੱਢਲੇ ਪੜਾਅ ਉੱਤੇ ਹੀ ਕਿਉਂ ਨਾ ਹੋਵੇ, ਉਸ ਵਿਚ ਕਿੱਤੇ, ਰੁਤਬੇ, ਜਮਾਤ, ਧਰਮ, ਇਲਾਕੇ, ਵਿਦਿਆ, ਭਾਸ਼ਾਈ ਫਰਕਾਂ ਆਦਿ ਦੇ ਆਧਾਰ ਉੱਤੇ ਅੱਗੋਂ ਉਪ-ਸਮੂਹ ਬਣੇ ਹੁੰਦੇ ਹਨ। ਇਹ ਉਪ-ਸਮੂਹ ਆਪਣੇ ਵੱਡੇ ਜਨ-ਸਮੂਹ ਨਾਲ ਜਾਂ ਸਮਾਜ ਨਾਲ ਵਧੇਰੇ ਸਾਂਝ ਰੱਖਦੇ ਹੋਏ ਵੀ ਕੁੱਝ ਵਿਲੱਖਣ ਤੱਤ ਰੱਖਦੇ ਹਨ। ਇਸ ਲਈ ਇਹਨਾਂ ਨੂੰ ਉਪ-ਸਭਿਆਚਾਰ ਕਿਹਾ ਜਾਂਦਾ ਹੈ। ਸਾਰੇ ਉਪ-ਸਭਿਆਚਾਰ ਦੇ ਸਾਂਝੇ ਤੱਤ ਮਿਲ ਕੇ ਮੂਲ ਸਭਿਆਚਾਰ ਦਾ ਕੇਂਦਰਿਕ ਬਣਦੇ ਹਨ।

ਸਭਿਆਚਾਰ ਅਤੇ ਉਪ-ਸਭਿਆਚਾਰ ਕਾਫ਼ੀ ਹੱਦ ਤੱਕ ਸਾਪੇਖਕ ਸ਼ਬਦ ਹਨ ਅਤੇ ਇਕ ਦੂਜੇ ਦੀ ਥਾਂ ਲੈ ਸਕਦੇ ਹਨ। ਉਦਾਹਰਣ ਵੱਜੋਂ ਜੇ ਅਸੀਂ ਮੁੱਖ ਇਕਾਈ ਭਾਰਤੀ ਸਮਾਜ ਨੂੰ ਮੰਨ ਲਈਏ, ਤਾਂ ਪ੍ਰਾਂਤਕ ਸਮਾਜ ਅਤੇ ਇਕਾਈਆਂ ਉਪ-ਸਭਿਆਚਾਰ ਨੂੰ ਪੇਸ਼ ਕਰਨਗੀਆਂ। ਇਸੇ ਤਰ੍ਹਾਂ ਜੇ ਮੁੱਖ-ਇਕਾਈ ਪੰਜਾਬੀ ਸਮਾਜ ਨੂੰ ਮੰਨ ਲਈਏ ਤਾਂ ਫਿਰ ਇਸ ਵਿਚ ਵੀ ਸਾਨੂੰ ਇਲਾਕਾਈ ਭਾਸ਼ਾਈ ਫਰਕਾਂ, ਧਰਮ, ਵਿਦਿਆ, ਕਿੱਤੇ ਜਮਾਤ ਜਾਤ ਆਦਿ ਦੇ ਆਧਾਰ ਉਤੇ ਉਪ ਸਭਿਆਚਾਰਮਿਲ ਜਾਣਗੇ। ਪੰਜਾਬੀ ਸਭਿਆਚਾਰ ਵਿਚ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ ਉਪ-ਸਭਿਆਚਾਰ ਕਰਕੇ ਜਾਣੇ ਜਾਂਦੇ ਹਨ। [4]

ਮਾਝੀ ਸਭਿਆਚਾਰ[ਸੋਧੋ]

‘ਮਾਝਾ’ ਦਾ ਅਰਥ ਹੈ ‘ਮੱਝਲਾ’ ਜਾਂ ‘ਵਿਚਕਾਰਲਾ’।

ਅਣਵੰਡੇ ਪੰਜਾਬ (1947) ਵਿਚ ਇਹ ਖਿੱਤਾ ਪੰਜਾਬ ਦੇ ਕੇਂਦਰ ਵਿਚ ਪੈਂਦਾ ਸੀ। ਇਸ ਖਿੱਤੇ ਦਾ ਸਭਿਆਚਾਰ ਮੱਧਕਾਲ ਤੋਂ ਬਾਅਦ ਪੰਜਾਬੀ ਸਭਿਆਚਾਰ ਵਿਚ ਕੇਂਦਰੀ ਸਥਾਨ ਪ੍ਰਾਪਤ ਕਰਦਾ ਰਿਹਾ ਹੈ। ਇਹ ਇਕ ਇਤਿਹਾਸਕ ਤੱਥ ਹੈ ਕਿ ਮਾਝੇ ਦੇ ਉਪ-ਸਭਿਆਚਾਰ ਦੀ ਸਰਦਾਰੀ ਪੰਜਾਬ ਦੇ ਬਾਕੀ ਸਭਿਆਚਾਰਾਂ ਉਤੇ ਸਥਾਪਤ ਰਹੀ ਹੈ। ਮਾਝੇ ਦੇ ਮੁੱਖ ਖੇਤਰ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਹਨ। ਮਾਝੇ ਨੂੰ ਪੰਜਾਬ ਦਾ ਕੇਂਦਰ ਮੰਨਿਆ ਗਿਆ ਹੈ। ਇੱਥੇ ਬੋਲੀ ਜਾਂਦੀ ਭਾਸ਼ਾ ਨੂੰ ਕੇਂਦਰੀ ਪੰਜਾਬੀ ਮੰਨਿਆ ਗਿਆ ਹੈ।[5]

ਮਾਝੇ ਦੇ ਲੋਕ ਤੇ ਲੋਕ ਸਾਹਿਤ:-ਪੰਜਾਬ ਨੂੰ ਮੁੱਖ ਤੌਰ ਤੇ ਮਾਝਾ, ਦੁਆਬਾ ਤੇ ਮਾਲਵਾ ਤਿੰਨ ਖਿੱਤਿਆਂ ਵਿਚ ਵੰਡਿਆਂ ਜਾਂਦਾ ਹੈ। ਮਾਝੇ ਭੂ-ਖੰਡ ਨੂੰ ਸਾਰੇ ਪੰਜਾਬ ਦੇ ਧਾਰਮਿਕ, ਸਾਹਿਤਕ, ਭਾਸ਼ਾਈ ਅਤੇ ਸਭਿਆਚਾਰ ਵਿਚ ਵਿਸ਼ੇਸ਼ ਮਹੱਤਵ ਹਾਸਲ ਰਿਹਾ ਹੈ ਅਤੇ ਅਜੇ ਵੀ ਹੈ।

ਲੋਕਾਂ ਦਾ ਖਾਣ-ਪੀਣ[ਸੋਧੋ]

ਭੂਗੋਲਿਕ ਸਥਿਤੀ ਕਰਕੇ ਮਾਝੇ ਦੇ ਪਿੰਡਾਂ ਵਿਚ ਕਣਕ ਦਾਲ ਹੀ ਯੁੱਗਾਂ ਤੋਂ ਖਾਧੀ ਜਾਂਦੀ ਰਹੀ ਹੈ। ਇਨ੍ਹਾਂ ਵਿਚ ਕੁਝ ਅਜਿਹੇ ਪੋਸ਼ਟਿਕ ਤੱਤ ਹਨ ਜਿਹੜੇ ਮੱਝਲਾਂ ਦੇ ਜੁੱਸੇ ਨੂੰ ਬੜੇ ਰਾਸ ਆਏ ਹਨ। ਇਸੇ ਕਰਕੇ ਹੀ ਕਿਹਾ ਜਾਂਦਾ ਹੈ:

ਖਾਈਏ ਕਣਕ ਦਾਲ,

ਜਿਹੜੀ ਨਿਭੇ ਹੱਡਾਂ ਦੇ ਨਾਲ।

ਵਿਸਾਖ ਤੋਂ ਲੈ ਕੇ ਕੱਤਕ ਤੱਕ ਵਧੇਰੇ ਦਾਲਾਂ ਹੀ ਖਾਧੀਆਂ ਜਾਂਦੀਆਂ ਤੇ ਖਾਸ ਤੌਰ 'ਤੇ ਛੌਲਿਆਂ ਦੀ ਦਾਲ। ਦਾਲਾਂ ਵਿਚੋਂ ਸਭ ਤੋਂ ਨਰੋਈ ਮੂੰਗੀ ਦੀ ਦਾਲ ਗਿਣੀ ਜਾਂਦੀ ਹੈ। ਮਾਝੇ ਵਿਚ ਮੋਠ ਆਮ ਹੋ ਜਾਂਦੇਹਨ। ਕੱਤਕ ਦੇ ਅਖੀਰ ਵਿਚ ਸਰ੍ਹੋਂ ਦੀਆਂ ਗੰਦਲਾਂ ਪੈਲੀਆਂ ਵਿਚ ਲੁੱਸ-ਲੁੱਸ ਕਰਨ ਲੱਗ ਪੈਂਦੀਆਂ। ਮਾਝੇ ਦੀਆਂ ਸਰੀਆਂ ਵਰਗੀਆਂ ਮੁਟਿਆਰਾਂ ਸਾਗ ਤੋੜਨ ਤੁਰ ਪੈਂਦੀਆਂ:

ਗੰਦਲਾਂ ਦੀ ਰੁੱਤ ਗੰਦਲਾਂ ਆਈਆਂ

ਆ ਗਈ ਨਵੀਂ ਬਹਾਰ (ਲੋਕ ਗੀਤ)

ਮੱਘਰ ਵਿਚ ਕਮਾਦ ਗੁੜ ਬਨਾਉਣ ਲਈ ਪੀੜਿਆ ਜਾਂਦਾ। ਸ਼ਕਰਗੰਦੀ ਦਾ ਨਾਮ ਵੀ ਸੁਆਦੀ ਹੈ ਤੇ ਖਾਣ ਵਿਚ ਵੀ। ਲੋਕ ਹਾੜ ਦੇ ਦਿਨਾਂ ਵਿਚ ਆਪਣੀਆਂ ਪੈਲੀਆਂ ਵਿਚ ਇੱਕ ਦੋ ਵਘੀਆਂ ਬੀਜ ਲੈਂਦੇ। ਸਿਆਲ ਵਿਚ ਇਸ ਦੀਆਂ ਮੋਟੀਆਂ-ਮੋਟੀਆਂ ਤੁਰੀਆ ਪੁੱਟ ਕੇ ਉਬਾਲ ਕੇ ਖੂਬ ਖਾਧੀਆਂ ਜਾਂਦੀਆਂ। ਗਰਮੀਆਂ ਵਿਚ ਚਾਟੀ ਦੀ ਲੱਸੀ ਹਰ ਅਮੀਰ ਤੇ ਗਰੀਬ ਦਾ ਕਾਲਜਾ ਠੰਢਾ ਕਰਦੀ। ਵਿਸਾਖੀ ਦਾ ਦਿਹਾੜਾ ਬੜਾ ਭਾਗੀਂ ਭਰਿਆ ਗਿਣਿਆ ਜਾਂਦਾ ਹੈ। ਚੜ੍ਹੇ ਜੇਠ ਭਿੰਡੀਆਂ ਤੋਰੀਆ ਆਮ ਹੋ ਜਾਂਦੀਆਂ। ਵੇਸਣ ਦੀ ਕੜ੍ਹੀ ਗਰਮੀਆਂ ਵਿਚ ਆਮ ਕੀਤੀ ਜਾਂਦੀ।

ਮਾਝੇ ਵਿਚ ਪੀਤੇ ਜਾਣ ਵਾਲੇ ਨਸ਼ੇ[ਸੋਧੋ]

ਪੀਣਗੇ ਭੰਗਾ ਸੋਣਗੇ ਬਾਗੀਂ

ਪਿਛਲੇ ਜੀਊਣਗੇ ਆਪਣੇ ਭਾਗੀਂ

ਭੰਗ ਜਾਂ ਸੁੱਖਾ:-ਭਾਰਤ ਵਾਸੀਆਂ ਦਾ ਸਭ ਤੋਂ ਪੁਰਾਣਾ ਨਸ਼ਾ ਭੰਗ ਪੀਣ ਦਾ ਹੈ। ਆਰੀਆ ਲੋਕ ਇਸ ਨੂੰ ਸੋਮ ਰਸ ਦਾ ਨਾਮ ਦੇ ਕੇ ਪੀਂਦੇ ਰਹੇ ਹਨ। ਨਿਰੰਗ ਸਿੰਘ ਸੁੱਖੇ ਵਿਚ ਬਦਾਮਾਂ ਦੀਆਂ ਗਿਰੀਆਂ, ਖੱਸਖੱਸ, ਹਰੀਆ ਲਾਚੀਆਂ, ਕਾਲੀਆ ਮਿਰਚਾਂ ਤੇ ਮਿਸ਼ਰੀ ਪਾ ਕੇ ਖ਼ੂਬ ਘੋਟ-ਘੋਟ ਕੇ ਛਕਦੇ।

ਅਫ਼ੀਮ:-ਮਾਝੇ ਵਿਚ ਪੋਸਤ ਦੇ ਡੋਡੇ ਉੱਕੇ ਨਹੀਂ ਸਨ ਪੀਤੇ ਜਾਂਦੇ। ਕੇਵਲ ਅਫ਼ੀਮ ਖਾਦੀ ਜਾਂਦੀ। ਅਫ਼ੀਮ ਖਾਣ ਵਾਲੇ ਨੂੰ ਅਫ਼ੀਮੀ ਕਿਹਾ ਜਾਂਦਾ। ਸ਼ੱਕ ਜਿਹਾ ਹੁੰਦਾ ਹੈ ਕਿ ਪੋਸਤ ਤੇ ਅਫ਼ੀਮ ਸ਼ਾਇਦ ਈਰਾਨ ਵਿਚੋਂ ਭਾਰਤ ਵਿਚ ਆਏ ਹੋਣ।

ਸ਼ਰਾਬ:-ਪੁਰਾਣੇ ਸਮਿਆਂ ਦੇ ਇਕ ਵੈਦ ਚਰਖ਼ ਨੇ ਗੁੜ ਤੇ ਕਿੱਕਰਾਂ ਦੇ ਸੱਕ ਪਾ ਕੇ ਘੋਲ ਤਿਆਰ ਕੀਤਾ ਤੇ ਫਿਰ ਕਸ਼ੀਦ ਕਰਕੇ ਸ਼ਰਾਬ ਕੱਢੀ। ਉਸ ਨੇ ਇਸਨੂੰ ਜ਼ਰਮ-ਕੁਛਾ ਦਵਾਈ ਜਾਂ ਦਾਰੂ ਕਰਕੇ ਵਰਤਿਆ। ਪਰੰਤੂ ਇਹ ਸਭ ਕੋਮਾ ਦਾ ਮਨਭਾਉਂਦਾ ਨਸ਼ਾ ਬਣ ਗਿਆ।

ਲੋਕਾਂ ਦਾ ਜੀਵਨ ਅਤੇ ਪਹਿਰਾਵਾ[ਸੋਧੋ]

ਸੁਭਰ, ਗੰਢ ਸੋਨੇ ਦੇ ਗਹਿਣੇ ਵੀ ਮਾਝੇ ਵਿਚ ਅਲੱਗ-ਅਲੱਗ ਤਰ੍ਹਾਂ ਦੇ ਪ੍ਰਚਲਿਤ ਸੀ। ਜਿਵੇਂ ਕਿ ਚੰਦ, ਟਿੱਕਾ, ਠੂਠੀ ਫੁੱਲ, ਝੂੰਬਰ ਸੂਈ, ਜੁਗਨੀਆਂ, ਆਦਿ। ਮਰਦ ਤੇੜ ਚਾਦਰਾ ਗਲ ਝੱਗਾ ਅਤੇ ਸਿਰ ਤੇ ਖੱਦਰ ਦਾ ਸਾਫ਼ਾ ਪਹਿਨਦੇ। ਪਰ ਪੱਗੜੀ ਹਿੰਦੂ, ਸਿੱਖ ਤੇ ਮੁਸਲਮਾਨ ਸਾਰੇ ਬੰਨ੍ਹਦੇ। ਇਸਤਰੀਆਂ ਦੀ ਘੱਗਰੀ, ਘਗਰਾ, ਸੋਸ, ਸਾਲੂ ਤੇ ਚੂੜੀਦਾਰ ਸਲਵਾਰ ਸਭ ਖੱਦਰ ਦੇ ਹੀ ਬਣਾਏ ਜਾਂਦੇ ਸਨ। ਪਾਕਿਸਤਾਨ ਬਣਨ ਤੋਂ ਮਗਰੋਂ ਮਾਝੇ ਵਿਚੋਂ ਸਾਰੇ ਮੁਸਲਮਾਨ ਨਿਕਗ ਗਏ ਅਤੇ ਹਿੰਦੂ ਸਿੱਖ ਲੋਕਾਂ ਦੀ ਜਿਉਂ ਜਿਉਂ ਆਰਥਿਕ ਹਾਲਤ ਚੰਗੀ ਹੁੰਦੀ ਗਈ ਅਤੇ ਵਿਦਿਆ ਦਾ ਚਾਨਣ ਫੈਲਦਾ ਗਿਆ। ਲੋਕ ਫੈਸ਼ਨਪ੍ਰਸਤੀ ਵਲ ਵਧੇਰੇ ਰੁਚਿਤ ਹੁੰਦੇ ਗਏ।

ਮਾਝੇ ਵਿਚ ਜੱਟ:-ਜੱਟ ਦੇ ਸ਼ਾਬਦਿਕ ਅਰਥ ਹਨ ਜੜਾਂ ਲਾਉਣ ਵਾਲੇ ਜੱਟ ਤੇ ਜੜ੍ਹਾ ਪੁੱਟਣ ਵਾਲੇ ਲੋਕ ਜੱਟ ਅਖਵਾਏ। ਮਾਝੇ ਦੇ ਜੱਟ ਸੋਹਣੇ, ਲੰਮੇ ਉੱਚੇ ਜਵਾਨ, ਰਿਸ਼ਟ-ਪੁਸ਼ਟ, ਦਲੇਰ, ਬਹਾਦਰ, ਤਾਕਤਵਰ ਤੇ ਮਿਹਨਤੀ ਹਨ। ਮਾਝੇ ਦੀਆਂ ਜੱਟੀਆਂ ਵੀ ਰਿਸ਼ਟ-ਪੁਸ਼ਟ ਤੇ ਹੋਰ ਜਾਤੀਆਂ ਦੀਆਂ ਇਸਤਰੀਆਂ ਨਾਲੋਂ ਬਲਵਾਨ ਹਨ। ਕੁੱਝ ਕੂੰਜਾਂ ਵਰਗੀਆਂ ਤੇ ਕੁੱਝ ਪਿਲਵ ਵਰਗੀਆਂ ਦੁਬਲੀਆਂ ਪਤਲੀਆਂ ਪਰ ਲੋਹੇ ਵਾਂਗ ਸਖ਼ਤ ਹਨ। ਇਸ ਕਰਕੇ ਇਨ੍ਹਾਂ ਨੂੰ ਮਾਝੇ ਦੀਆਂ ਸਰੀਆ ਕਿਹਾ ਜਾਂਦਾ ਹੈ।

ਮਾਝੇਦੀ ਜ਼ਮੀਨ ਬਾਰੇ:-ਮਾਝੇ ਦੀ ਜ਼ਮੀਨ ਬਾਰੇ ਖਾਰਾ ਮਾਝਾ ਤੇ ਮਿੱਠਾ ਮਾਝਾ ਕਿਹਾ ਜਾਂਦਾ ਹੈ। ਵੀਹਵੀਂ ਸਦੀ ਦੇ ਅੱਧ ਦੇ ਆਸਪਾਸ ਅਜੇ ਭਾਖੜਾ ਜਾਂ ਹੋਰ ਡੈਮ ਨਹੀਂ ਸਨ ਬਣੇ ਅਤੇ ਨਾ ਹੀ ਬਿਜਲੀ ਦੀ ਪੈਦਾਵਾਰ ਵਧੀ ਸੀ। ਸਿੰਜਾਈ ਦਾ ਸਾਧਨ ਕੇਵਲ ਖੂਹ ਹੀ ਸਨ। ਖਾਰੇ ਮਾਝੇ ਵਿਚ ਖੂਹਾਂ ਦਾ ਖਾਰਾ ਪਾਣੀ ਸੀ। ਜਿਹੜਾ ਜ਼ਮੀਨ ਨੂੰ ਕਲ੍ਹਰ ਬਣਾ ਦੇਂਦਾ ਸੀ। ਜਿਉਂ ਜਿਉਂ ਸਾਇੰਸ ਨੇ ਤਰੱਕੀ ਕੀਤੀ ਤਿਉਂ-ਤਿਉਂ ਸਿੰਜਾਈ ਤੇ ਜ਼ਮੀਨ ਸੁਧਾਰ ਦੇ ਨਵੇਂ-ਨਵੇਂ ਸਾਧਨ ਨਿਕਲ ਆਏ। ਹੁਣ ਤਾਂ ਤਕਰੀਬਨ ਨਵੀਆਂ ਤਕਨੀਕਾਂ ਨਾਲ ਭੋਇੰ ਸੁਧਾਰ ਹੋ ਚੁੱਕਾ ਹੈ। ਪਰ ਅਜੇਭੀ ਚੰਗਾ ਪਾਣੀ 700 ਫੁੱਟ 'ਤੇ ਜਾ ਕੇ ਮਿਲਦਾ ਹੈ।

ਮਿੱਠਾ ਮਾਝਾ:- ਪਰ ਝਨਾਵਾਂ ਦੇ ਠੰਢੀਆਂ ਨੀ ਛਾਵਾਂ

ਮਾਝੇ ਵਜੇ ਦੋ ਤਾਰਾ ਮਾਏ ਮਾਝੇ ਜਾਣਾ

ਮਿੱਠੇ ਮਾਝੇ ਦਾ ਰਕਬਾ ਕਾਫ਼ੀ ਹੈ। ਹੁਣ ਇਸ ਵਿਚ ਉਪਜਾਊ ਧਰਤੀ ਜ਼ਿਆਦਾ ਹੈ ਤੇ ਕਲਰ ਧਰਤੀ ਨਾ ਮਾਤਰ। ਪਰੰਤੂ 1970 ਈ. ਤੱਕ ਮਿੱਠੇ ਮਾਝ। ਵਿਚ ਵੀ ਕਲਰ ਠਾਠਾਂ ਮਾਰਦਾ ਸੀ ਤੇ ਕਈ ਥਾਵਾਂ ਤੇ ਸ਼ੋਰਗ ਸ਼ੋਰਾ ਵੀ ਇਕੱਠਾ ਕਰਿਆ ਕਰਦੇ ਸੀ। ਬਿਜਲੀ ਦੀ ਸਪਲਾਈ ਨੇ ਹੁਣ ਉੱਚੇ-ਨੀਵੇਂ ਥਾਵਾ ਤੇ ਪਾਣੀ ਚਾੜ੍ਹ ਦਿੱਤਾ।

ਪੌਦੇ ਰੁੱਖ ਜਾਨਵਰ ਤੇ ਮਨੁੱਖ:- ਸਾਰ ਫੁੱਲਾਂ ਦੀ ਉਹੋ ਜਾਣੇ

ਜਿਹੜਾ ਹੱਥੀਂ ਬੂਟੇ ਜੜ੍ਹਦਾ

ਪ੍ਰਭੂ ਦੀ ਬਖ਼ਸ਼ਸ਼ ਹੀ ਹੈ ਕਿ ਮਾਝੇ ਦੀ ਧਰਤੀ ਦਾ ਖ਼ਮੀਰ, ਖਿੱਤਿਆਂ ਦੀ ਕੁਦਰਤੀ ਵੰਡ, ਬਾਰਸ਼ ਦੀ ਮਿਹਰ, ਚੰਗਾ, ਤਾਪਮਾਨ, ਖ਼ੁਸ਼ਗਵਾਰ ਆਬੋਹਵਾ, ਸਿੰਜਾਈ ਤੇ ਆਵਾਜਾਈ ਦੇ ਯੋਗ ਸਾਧਨ, ਕੁਝ ਅਜਿਹਾ ਕੁਦਰਤੀ ਮੇਲ ਹੈ ਕਿ ਇਸ ਧਰਤੀ ਤੇ ਹਰ ਪ੍ਰਕਾਰ ਦੀਆਂ ਫ਼ਸਲਾਂ, ਪੌਦੇ ਤੇ ਰੁੱਖ ਧਰਤੀ ਤੇ ਸ਼ੋਭ ਰਹੇ ਹਨ। ਚੰਗੇ ਭਾਗਾਂ ਨੂੰ ਮਾਝੇ ਦੀ ਧਰਤੀ ਤੇ ਕੁੱਝ ਉਦਯੋਗ ਘੱਟ ਲੱਗੇ ਹਨ ਤੇ ਫ਼ਸਲਾਂ ਦੀ ਹਰਿਆਵਲ ਨਜ਼ਰੀ ਪੈਂਦੀ ਹੈ। ਮਿੱਠੇ ਮਾਝੇ ਵਿਚ ਕਦੀ ਬਾਗਾਂ ਦੀ ਭਰਮਾਰ ਸੀ। ਹੁਣ ਹਰਿੰਡ ਵੀ ਦਿਖਾਈ ਨਹੀਂ ਦੇਂਦਾ। ਅੰਬ, ਦੇਸੀ ਅਨਾਰ, ਨਾਖਾਂ, ਲੂਚੇ, ਗਲਗਲ, ਬਿਲ, ਬੋਹੜ, ਪਿੱਪਲ, ਚਿਨਾਰ, ਮਲੇ, ਕਾਠੀਆਂ ਬੇਰੀਆਂ, ਕਿੱਧਰੇ ਕਿੱਧਰੇ ਹੀ ਕੋਈ ਨਜ਼ਰ ਆਉਂਦੀ ਹੈ।

ਮੁਰਗਾਈਆਂ ਤੇ ਬਤਖਾਂ:-ਮਾਝੇ ਵਿਚ ਬਤਖਾਂ ਤੇ ਮੁਰਗਾਬੀ ਨੂੰ ਮੁਰਗਾਈ ਕਿਹਾ ਜਾਂਦਾ ਹੈ। ਇਹ ਆਮ ਘਰਾਂ ਵਿਚ ਰਖੀਆਂ ਜਾਂਦੀਆਂ। ਇਹ ਮੁਰਗੀਆਂ ਨਾਲੋਂ ਆਂਡੇ ਤਾਂ ਘੱਟ ਦਿੰਦੀਆਂ ਹਨ ਪਰੰਤੂ ਇਨ੍ਹਾਂ ਨੂੰ ਕੋਈ ਵਿਸ਼ੇਸ਼ ਖੁਰਾਕ ਦੇਣ ਦੀ ਲੋੜ ਨਹੀਂ ਪੈਂਦੀ।

ਉਹ ਵੀ ਸਮਾਂ ਸੀ ਜਦੋਂ ਮਾਝੇ ਵਿਚ ਬਘਿਆੜ, ਜੰਗਲੀ ਸੂਰ, ਹਿਰਣ, ਸ਼ਰਾ, ਗਿੱਦੜ, ਲੂੰਬੜ ਅਦਿ ਆਮ ਮਿਲ ਜਾਂਦੇ ਸਨ। ਹੁਣ ਕੋਈ ਚਿੜੀਆ ਘਰ ਵੀ ਮਾਝੇ ਵਿਚ ਨਹੀਂ ਜਿੱਥੇ ਇਹ ਜਾਨਵਰ ਦੇਖੇ ਜਾ ਸਕਦੇ ਹੋਣ। ਮਾਝੇ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਫਸਲਾਂ ਤੇ ਰੁੱਖਾਂ ਦੀ ਹਰਿਆਵਲ ਮਾਝੇ ਵਿਚ ਵਿਛਾ ਦੇਣ ਤਾਂ ਜੋ ਜੀਵਨ ਹਰਿਆ-ਭਰਿਆ ਰਹਿ ਸਕੇ।[6]

ਮਾਝੇ ਦੇ ਪ੍ਰਾਚੀਨ ਨਗਰ ਤੇ ਖੇਤ:-ਮਾਝੇ ਦੇ ਜਿਲ੍ਹੇ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਹਨ। ਵਿਦੇਸ਼ਾਂ ਤੋਂ ਆਉਣ ਵਾਲੇ ਜ਼ਿਆਦਾਤਰ ਹਮਲਾਵਰਾਂ ਨੇ ਮਾਝੇ ਦੇ ਜ਼ਰੀਏ ਹਮਲਾ ਕੀਤਾ।


ਪ੍ਰਾਚੀਨ ਇਤਿਹਾਸਕ ਸ਼ਹਿਰ ਪੱਟੀ:-ਪੱਟੀ ਸ਼ਹਿਰ ਮਾਝੇ ਦਾ ਅਮੀਰ ਤੇ ਸ਼ਾਨੋਸ਼ੋਕਤ ਵਾਲਾ ਸ਼ਹਿਰ ਮੰਨਿਆ ਜਾਂਦਾ ਸੀ। ਪੱਟੀ ਕਦੀ ਰਾਜੇ ਦੁਨੀ ਚੰਦੀ ਦੀ ਰਾਜ ਧਨੀ ਸੀ। ਵਿਸ਼ਾਲ ਕਿਲੇ ਦੇ ਖੰਡਰ ਵੀ ਪੱਟੀ ਸ਼ਹਿਰ 'ਚ ਮੌਜੂਦ ਹਨ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਰਾਜੇ ਦੁਨੀ ਚੰਦ ਨੇ ਬਣਵਾਇਆ ਸੀ। ਜੋ ਬਾਅਦ ਵਿਚ ਮੁਗਲਾਂ ਤੇ ਫਿਰ ਸਿੱਖਾਂ ਦੇ ਕਬਜੇ ਵਿਚ ਆ ਗਿਆ।

ਇਤਿਹਾਸਕ ਕਸਬਾ ਫਤਿਹਾਬਾਦ:-ਫਤਿਹਾਬਾਦ ਇਹ ਪਿੰਡ ਲਾਹੋਰ ਦਿੱਲੀ, ਆਗਰਾ ਸ਼ਾਹਰਾ 'ਤੇ ਹੈ ਅਤੇ ਤਰਨਤਾਰਨ-ਗੋਇੰਦਵਾਲ ਸੜਕ 'ਤੇ ਤਰਨਤਾਰਨ ਤੋਂ ਲਗਭਗ 20 ਕਿ.ਮੀ. ਸਥਿਤ ਸਤਲੁਜ ਤੋਂ ਕਰੀਬ ਡੇਢ ਕਿਲੋਮੀਟਰ ਹਟਵਾਂ ਹੈ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਸਮੇਂ ਇੱਥੇ ਬਿਰਾਜੇ ਸਨ। ਉਹਨਾਂ ਦੀ ਯਾਦ ਵਿਚ ਗੁਰੂਦੁਆਰਾ ਸਾਹਿਬ ਵੀ ਮੌਜੂਦ ਹੈ। ਦਲੀਪਗੜ੍ਹ ਰਾਣੀ ਜਿੰਦ ਕੋਹਾਂ ਦੇ ਭਾਰਾ ਅਤੇ ਮਹਾਰਾਜਾ ਦਲੀਪ ਸਿੰਘ ਦੇ ਮਾਮਾ ਸ੍ਰ: ਜਵਾਹਰ ਸਿੰਘ ਔਲਖ਼ ਨੇ ਲਾਹੌਰ ਤੋਂ ਤਕਰੀਬਨ ਤੀਹ ਕਿਲੋਮੀਟਰ ਹਟਵਾਂ ਦਲੀਪ ਸਿੰਘ ਦੇ ਨਾਮ 'ਤੇ ਦਲੀਪਗੜ੍ਹ ਸ਼ਹਿਰ ਵਸਾਉਣ ਦੀ ਯੋਜਨਾ ਬਣਾਈ ਅਤੇ ਇੱਥੇ ਵਿਸ਼ਾਲ ਦੁਰਗ ਵੀ ਬਣਾਇਆ। ਇਹ ਪਿੰਡ ਅੱਜ ਅੰਮ੍ਰਿਤਰ ਜਿਲ੍ਹੇ ਦੇ ਕਸਬਿਆਂ ਚੋਗਾਣਾ-ਲੋਪਕੇ ਦੇ ਕੋਲ ਹੈ।

ਪੁੱਲ ਕੰਜਰੀ:-ਪੁੱਲ ਕੰਜਰੀ ਇੱਕ ਇਤਿਹਾਸਕ ਕਸਬਾ ਹੈ ਇਕ ਸੜਕ ਅੰਮ੍ਰਿਤਰ ਤੋਂ ਪੁੱਲ ਕੰਜਰੀ ਅਤੇ ਠੱਟਾ ਭਸੀਣ (ਹੁਣ ਪਾਕਿਸਤਾਨ) ਤੋਂ ਹੁੰਦੀ ਸਿੱਧੀ ਲਾਹੌਰ ਪਹੁੰਚਦੀ ਸੀ। ਦੂਜੀ ਕਾਹਨੂੰਵਾਲ, ਗੁਰਦਾਸਪੁਰ ਤੋਂ ਨਿਕਲ ਅਜ਼ਨਾਲਾ, ਟਪਿਆਲਾ, ਉਡਰ ਤੋਂ ਹੁੰਦੀ ਸਿੱਧੀ ਪੁੱਲ ਕੰਜਰੀ ਪਹੁੰਚਦੀ ਅਤੇ ਚੋਰਸਤਾਂ ਬਣਾਉਂਦੀ ਹੋਈ ਰਾਜਾਤਾਲ ਕੋਲ ਸ਼ੇਰਸ਼ਾਹ ਸੂਰੀ ਮਾਰਗ ਤੇ ਚੜ੍ਹ ਜਾਂਦੀ ਪਰ ਇਹਨਾਂ ਦੀ ਹੋਂਦ ਹੁਣ ਮਿਟ ਚੁੱਕੀ ਹੈ, ਮਹਾਰਾਜਾ ਰਣਜੀਤ ਸਿੰਘ ਜਦੋਂ ਲਾਹੌਰ ਤੋਂ ਅੰਮ੍ਰਿਤਸਰ ਜਾਇਆ ਕਰਦਾ ਸੀ ਤਾਂ ਇਸ ਜਗ੍ਹਾ ਵਿਸ਼ਰਾਮ ਲਈ ਰੁਕਿਆ ਕਰਦਾ ਸੀ। ਇੱਥੋਂ ਇੱਕ ਛੋਟੀ ਨਹਿਰ ਸੀ ਜੋ ਲਾਹੌਰ ਦੇ ਸ਼ਾਲਮਾਰ ਬਾਗ ਦੀ ਸਿੰਚਾਈ ਲਈ ਵਰਤੀ ਜਾਂਦੀ ਸੀ। ਇਸ ਸੂਏ ਤੇ ਪੁੱਲ ਬਚਿਆ ਹੈ ਜਿਸਨੂੰ ਪੁੱਲ ਕੰਜਰੀ ਕਹਿੰਦੇ ਜਾਂ ਨਹਿਰ ਦੀ ਨਿਸ਼ਾਨੀ ਮੌਜੂਦ ਹੈ।[7]

ਲੋਕ ਯਾਨਿਕ ਰੂੜ੍ਹੀਆਂ ਦੇ ਪੱਖ ਤੋਂ:-ਕਿਸੇ ਖਿੱਤੇ ਦੇ ਸਭਿਆਚਾਰ ਦਾ ਆਤਮਕ ਆਧਾਰ ਉੱਥੋਂ ਦੀਆਂ ਲੋਕਯਾਨਿਕ ਰੂੜ੍ਹੀਆਂ ਭਾਵ ਜਨਮ ਤੋਂ ਲੈ ਕੇ ਮਰਨ ਤੱਕ ਦੀਆਂ ਰੀਤਾਂ ਨੂੰ ਉਵੇਂ ਹੀ ਨਿਭਾਈ ਤੁਰੇ ਆਉਣਾ ਵਿਚੋਂ ਸਹਿਜੇ ਹੀ ਲੱਭਿਆ ਜਾ ਸਕਦਾ ਹੈ। ਜਨਮ, ਵਿਆਹ ਅਤੇ ਮੌਤ ਵੇਲੇ ਦੀਆਂ ਇਹਨਾਂ ਰਸਮਾਂ ਦਾ ਨਿਭਾਅ ਵੀ ਪੈਂਡੂ ਲੋਕਾਂ ਦੀਆਂ ਆਰਥਿਕਤਾ ਨਾਲ ਜੁੜਿਆ ਹੋਇਆ ਹੈ। ਪਿੰਡ ਦੇ ਲੋਕ ਆਪਣੀ ਵਿੱਤ ਅਨੁਸਾਰ ਇਨ੍ਹਾਂ ਕੰਮਾਂ ਲਈ ਖਰਚ ਕਰਦੇ ਹਨ। ਤੂਤਾਂ ਵਾਲਾਂ ਖੂਹ ਵਿਚ ਮਾਝੇ ਦੇ ਲੋਕਾਂ ਦੀ ਇਨ੍ਹਾਂ ਲੋਕ-ਯਾਨਿਕ ਰੂੜ੍ਹੀਆਂ ਨਾਲ ਜੁੜੀ ਹੋਈ ਮਾਨਸਿਕਤਾ ਦੀ ਪੇਸ਼ਕਾਰੀ ਮਿਲਦੀ ਹੈ। ਉੱਥੋਂ ਦੇ ਪਾਤਰ ਆਮ ਜੀਵਨ ਵਿਚ ਸਾਨੂੰ ਇਸੇ ਹੀ ਧਰਤੀ 'ਤੇ ਤੁਰਦੇ-ਫਿਰਦੇ ਵਿਚਰਦੇ ਨਜ਼ਰੀ ਪੈਂਦੇ ਹਨ:

“……ਬਸ਼ਕੇ ਵੇਰੀ, ਮੁਰਕੀਆ ਦੋਹਤਰੇ ਨੂੰ ਤੇ ਡੰਡੀਆਂ ਮੈਨੂੰ ਪਾ ਗਏ ਸਮਾ। ਫਿਰ…..।

‘ਜਵਾਈਨੂੰ’ ਦੇ ਗਏ ਸਨ ਪੰਜ ਕਾਪੜੀ….” ਫਿਰ ਵਿਤਕਰਾ ਹੋਇਆ ਨਾ। ਪੀ ਨੂੰ ਤਿਉਰ ਨਾਲ

ਡੰਡੀਆ 'ਤੇ ਜਵਾਈ ਨੂੰ ਛੜੀ ਪੰਜ-ਕਾਪੜੀ। (ਤੂਤਾਂ ਵਾਲਾ ਖੂਹ)

ਉਪਰੋਕਤ ਵਾਰਤਾਲਾਪ ਤੋਂ ਪਤਾ ਲੱਗਦਾ ਹੈ ਕਿ ਬਾਲ ਦੇ ਜਨਮ ਵੇਲੇ ਦੀਆਂ ਰੀਤਾਂ ਨਾਨਕਿਆਂ ਵੱਲੋਂ ਪੂਰੀਆਂ ਕੀਤੀਆਂ ਜਾਂਦੀਆਂ ਹਨ।

ਵਿਆਹ:-ਇੰਜ ਹੀ ਵਿਆਹ ਵੇਲੇ ਦੀਆਂ ਰਸਮਾਂ ਰੀਤਾਂ ਨੂੰ ਨਿਭਾਉਣ ਲਈ ਘਰ ਦੀ ਮਾਇਕ ਹਾਲਤ ਚੰਗੀ ਨਾ ਹੋਣ ਤੇ ਵੀ ਲੋਕ ਵਿਤੋਂ ਬਾਹਰਾ ਖਰਚਾ ਕਰਦੇ ਹਨ। ਪਿੰਡਾਂ ਵਿਚ ਲੋਕ ਵਿਆਹਾਂ ਦੀ ਤਾਰੀਖ ਹਾੜੀ ਜਾਂ ਸੌਣੀ ਦੀਆਂ ਫਸਲਾਂ ਦੇ ਘਰ ਆਉਣ ਤੋਂ ਬਾਅਦ ਰੱਖਦੇ ਹਨ ਤਾਂ ਜੋ ਕੁੜੀ ਦਾ ਸਾਹਾ ਕਰਨ ਲਈ ਚਾਰ ਪੈਸੇ ਕੋਲ ਹੋਣ।

ਮੌਤ:-ਪੰਜਾਬੀ ਸਭਿਆਚਾਰ ਵਿਚ ਜਿੱਥੇ ਜਨਮ ਤੇ ਵਿਆਹ ਦੀਆਂ ਰੀਤਾਂ ਮਨਾਈਆਂ ਜਾਂਦੀਆਂ ਹਨ ਉੱਥੇ ਮੌਤ ਦੀਆਂ ਵੀ ਕੁੱਝ ਰੂੜ੍ਹੀਆ ਹਨ। ਪਿੰਡ ਵਿਚ ਜੇਕਰ ਕੋਈ ਘਰ ਦਾ ਜੀਅ ਪੋਤਰਿਆਂ-ਪੋੜ੍ਹੋਤਰਿਆ ਵਾਲਾ ਹੋ ਕੇ ਮਰਦਾ ਹੈ ਤਾਂ ਉਸਦਾ ‘ਬਬਾਨ’ ਕੱਢਿਆ ਜਾਂਦਾ ਹੈ। ਵੱਡੇ-ਵਡੇਰਿਆਂ ਦੀ ਮੌਤ ਤੇ ਹਰ ਵਰ੍ਹੇ ਸ਼ਰਾਧ ਕੀਤੇ ਜਾਂਦੇ ਹਨ। ਜਿਸ ਵਿਚ ਪੰਡਤ ਨੂੰ ਰੋਟੀ ਆਦਿ ਖਵਾਉਣਾ ਪੁੰਨ ਸਮਝਿਆ ਜਾਂਦਾ ਹੈ।

ਸਥਾਨਕ ਰੰਗਣ ਤੇ ਉਪਭਾਸ਼ਾ ਦੇ ਪੱਖ ਤੋਂ:-‘ਮਾਝੇ’ ਨੂੰ ਪੰਜਾਬ ਦਾ ਕੇਂਦਰ ਮੰਨਿਆ ਗਿਆ ਹੈ। ਇੱਥੇ ਬੋਲੀ ਜਾਂਦੀ ਭਾਸ਼ਾ ਨੂੰ ਕੇਂਦਰੀ ਪੰਜਾਬੀ ਮੰਨਿਆ ਗਿਆ ਹੈ। ਮਾਝਾ ਖੇਤਰ ਭਾਵ ਜਿਨ੍ਹਾਂ ਇਲਾਕਿਆਂ ਵਿਚ ਮਾਝੀ ਬੋਲੀ ਜਾਂਦੀ ਹੈ। ਉਹ ਇਲਾਕੇ ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ ਅਤੇ ਬਟਾਲਾ ਹਨ। ਪੰਜਾਬੀ ਦੇ ਵਿਸ਼ੇਸ਼ ਪੜਨਾਵੀਂ ਰੂਪਾਂ ਅਸੀਂ ਤੇ ਤੁਸੀਂ ਦੀ ਸਥਿਤੀ ਮਾਝੀ ਵਿਚ ਅਸੀਂ ਤੋਂ ‘ਅਸਾਂ’ ਤੇ ਤੁਸੀ ਤੋਂ ‘ਤੁਸਾਂ’ ਵਿਚ ਬਦਲ ਜਾਂਦੀ ਹੈ। ਅੱਖਰ (ਹ) ਦੀ ਧੁਨੀ ਮਾਝੀ ਵਿਚ ਕੇਵਲ ਸ਼ਬਦਾਂ ਦੇ ਆਰੰਭ ਵਿਚ ਉਚਾਰੀ ਜਾਂਦੀ ਹੈ।[8]


ਹਵਾਲੇ[ਸੋਧੋ]

  1. ਗਾਸੋ, ਓਮ ਪ੍ਰਕਾਸ਼. ਪੰਜਾਬੀ ਸੱਭਿਆਚਾਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 1.
  2. ਕੌਰ, ਡਾ. ਬਰਿੰਦਰ (2012). ਮਾਂਝੀ ਅਤੇ ਮਲਵਈ ਉਪ- ਸਭਿਆਚਾਰ ਤੁਲਨਾਤਮਕ ਅਧਿਐਨ. ਅੰਮਿ੍ਤਸਰ: ਵਾਰਿਸ ਸ਼ਾਹ ਫਾਊਂਡੇਸ਼ਨ. pp. 17, 18. ISBN 978-81-7856-367-1.
  3. ਕੌਰ, ਡਾ. ਬਰਿੰਦਰ (2012). ਮਾਂਝੀ ਅਤੇ ਮਲਵਈ ਉਪ-ਸਭਿਆਚਾਰ ਤੁਲਨਾਤਮਕ ਅਧਿਐਨ. ਅੰਮ੍ਰਿਤਸਰ: ਵਾਰਿਸ ਸ਼ਾਹ ਫਾਊਂਡੇਸ਼ਨ. p. 18. ISBN 978-81-7856-367-1.
  4. ਫਰੈਂਕ, ਪ੍ਰੋ. ਗੁਰਬਖਸ਼ ਸਿੰਘ (2017). ਸਭਿਆਚਾਰ ਅਤੇ ਪੰਜਾਬੀ ਸਭਿਆਚਾਰ. ਅੰਮ੍ਰਿਤਸਰ: ਵਾਰਿਸ ਸ਼ਾਹ ਫਾਊਂਡੇਸ਼ਨ. pp. 12, 13. ISBN 81-7856-365-7.
  5. ਕੌਰ, ਡਾ. ਬਰਿੰਦਰ (2012). ਮਾਂਝੀ ਅਤੇ ਮਲਵਈ ਉਪ-ਸਭਿਆਚਾਰ ਤੁਲਨਾਤਮਕ ਅਧਿਐਨ. ਅੰਮ੍ਰਿਤਸਰ: ਵਾਰਿਸ ਸ਼ਾਹ ਫਾਊਂਡੇਸ਼ਨ. p. 33. ISBN 978-81-7856-367-1.
  6. ਔਲਖ, ਕੁਲਵੰਤ ਸਿੰਘ (2008). ਮਾਝੇ ਦੇ ਲੋਕ ਤੇ ਲੋਕ ਸਾਹਿਤ. ਅੰਮ੍ਰਿਤਸਰ: ਨਾਨਕ ਸਿੰਘ ਪੁਸਤਕਮਾਲਾ. pp. 10, 15, 17, 19, 34, 35, 36–45, 69–70, 93, 94, 112–114, 123.
  7. ਔਲਖ, ਜਤਿੰਦਰ ਸਿੰਘ (2011). ਮਾਝੇ ਦੇ ਪ੍ਰਾਚੀਨ ਨਗਰ ਤੇ ਥੇਹ. ਦਿੱਲੀ: ਸੰਗਮ ਪਬਲੀਕੇਸ਼ਨਜ਼ ਸਮਾਣਾ. pp. 9, 64, 73, 78. ISBN 93-80918-92-5.
  8. ਕੌਰ, ਡਾ. ਬਰਿੰਦਰ (2012). ਮਾਂਝੀ ਅਤੇ ਮਲਵਈ ਉਪ-ਸਭਿਆਚਾਰ ਤੁਲਨਾਤਮਕ ਅਧਿਐਨ. ਅੰਮ੍ਰਿਤਸਰ: ਵਾਰਿਸ ਸ਼ਾਹ ਫਾਊਂਡੇਸ਼ਨ. pp. 56, 57. ISBN 978-81-7856-367-1.