ਲੇਖਕ ਦੀ ਮੌਤ
ਲੇਖਕ ਦੀ ਮੌਤ (ਅੰਗਰੇਜ਼ੀ: The Death of the Author), ਫ਼ਰਾਂਸੀਸੀ ਸਾਹਿਤ-ਚਿੰਤਕ, ਭਾਸ਼ਾ-ਵਿਗਿਆਨੀ, ਅਤੇ ਆਲੋਚਕ ਰੋਲਾਂ ਬਾਰਤ ਦਾ 1967 ਵਿੱਚ ਲਿਖਿਆ ਸਭ ਤੋਂ ਪ੍ਰਸਿੱਧ ਲੇਖ ਹੈ। ਉਸ ਦਾ ਇਹ ਲੇਖ ਰਵਾਇਤੀ ਆਲੋਚਨਾ ਦੇ ਅਧਾਰਾਂ ਤੇ ਕਿੰਤੂ ਕਰਦਾ ਹੈ: "ਇਹ ਲੇਖ ਪਹਿਲਾਂ ਫਰੈਂਚ ਦੇ ਰਸਾਲੇ (1967) ਵਿੱਚ ਛਪਿਆ। ਉਸ ਤੋਂ ਬਾਅਦ 1968 ਵਿੱਚ ਅੰਗਰੇਜ਼ੀ ਵਿੱਚ ਛਪਿਆ। ਜਿਸ ਨੂੰ 1977 ਵਿੱਚ ਰੋਲਾਂ ਬਾਰਤ ਨੇ ਆਪਣੀ ਪੁਸਤਕ Image Music Text ਵਿੱਚ ਸ਼ਾਮਿਲ ਕੀਤਾ"[1]। ਰੋਲਾਂ ਬਾਰਤ ਦਾ ਇਹ ਲੇਖ ਆਲੋਚਨਾ ਦੇ ਉਸ ਰਵਾਇਤੀ ਢੰਗ ਦੇ ਖਿਲਾਫ਼ ਹੈ ਜਿਸ ਅਨੁਸਾਰ ਕਿਸੇ ਲੇਖਕ ਦੀ ਲਿਖਤ ਦੀ ਆਲੋਚਨਾ ਉਸਦੇ ਜੀਵਨ ਪ੍ਰਸੰਗ ਨਾਲ ਜੋੜਕੇ ਕੀਤੀ ਜਾਂਦੀ ਹੈ।
ਸਮੱਗਰੀ[ਸੋਧੋ]
ਪੁਰਾਣੇ ਸਮਿਆਂ ਵਿੱਚ ਲੇਖਕ ਨੂੰ ਇੱਕ ਮਾਧਿਅਮ ਰੂਪ ਅਤੇ ਲਿਖਤ ਨੂੰ ਰੱਬੀ ਅਵਾਜ਼ ਸਮਝਿਆ ਜਾਂਦਾ ਸੀ । ਰੋਲਾਂ ਬਾਰਤ ਕਹਿੰਦਾ ਹੈ ਕਿ ਲੇਖਕ ਨੂੰ ਮਹਾਨ ਸਖ਼ਸ਼ੀਅਤ ਆਧੁਨਿਕ ਸਮੇਂ ਵਿੱਚ ਸਮਝਿਆ ਜਾਣ ਲੱਗਿਆ ਹੈ। ਜਿਸ ਨਾਲ ਲੇਖਕ ਨੂੰ ਮਾਧਿਅਮ ਦੇ ਥਾਂ ਤੇ ਇੱਕ ਸਿਰਜਕ ਵਜੋਂ ਉਭਾਰਿਆ ਗਿਆ ਅਤੇ ਲੇਖਕ ਦੀ ਲਿਖਤ ਨੂੰ ਉਸਦੇ ਨਿੱਜੀ ਜੀਵਨ ਦੇ ਹਵਾਲਿਆਂ ਨਾਲ ਸਮਝਣ ਦੀ ਕੋਸ਼ਿਸ਼ ਹੋਣ ਲੱਗੀ।
ਲੇਖਕ ਦੀ ਮੌਤ ਦਾ ਸਧਾਰਨ ਅਰਥ ਸਾਹਿਤ ਰਚਨਾ ਵਿੱਚੋਂ ਲੇਖਕ ਦੇ ਦਖ਼ਲ ਨੂੰ ਪਾਸੇ ਕਰਨਾ ਹੈ। ਇਸ ਨੂੰ ਰੋਲਾਂ ਬਾਰਤ ਲੇਖਕ ਦੀ ਮੌਤ ਕਹਿੰਦਾ ਹੈ[2]। ਬਾਰਤ ਭਾਸ਼ਾ ਵਿਗਿਆਨ ਦੀ ਉਦਾਹਰਣ ਨਾਲ ਗੱਲ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਜਿਵੇਂ ਭਾਸ਼ਾ ਵਿਗਿਆਨ ਅਨੁਸਾਰ ਵਾਕਾਂ ਦਾ ਕਰਤਾ ਅਤੇ ਕਿਰਿਆ ਸ਼ਬਦ ਸ਼੍ਰੇਣੀਆਂ ਵਾਕਾਂ ਦੇ ਅਰਥ ਨਿਰਧਾਰਿਤ ਕਰਦੀਆਂ ਹਨ। ਇਥੇ ਵਾਕ ਬੋਲਣ ਵਾਲੇ ਦੀ ਮਹੱਤਤਾ ਨੂੰ ਭਾਸ਼ਾ ਵਿਗਿਆਨ ਨਹੀਂ ਮੰਨਦਾ ਜਿਸ ਪ੍ਰਕਾਰ ਰੋਲਾਂ ਬਾਰਤ ਲਿਖਤ ਦੇ ਲੇਖਕ ਨੂੰ ਜਾਨਣਾ ਜ਼ਰੂਰੀ ਨਹੀਂ ਸਮਝਦਾ।
ਰੋਲਾਂ ਬਾਰਤ ਕਹਿੰਦਾ ਹੈ ਕਿ ਲੇਖਕ ਦੇ ਸ਼ਬਦ ਉਸ ਦੇ ਕੰਟਰੋਲ ਵਿੱਚ ਨਹੀਂ ਹੁੰਦੇ ਅਤੇ ਨਾ ਹੀ ਉਸਦੇ ਮੌਲਿਕ ਹੁੰਦੇ ਹਨ। ਬਲਕਿ ਉਹ ਸ਼ਬਦ ਪਹਿਲਾਂ ਹੀ ਸਮਾਜ ਸੱਭਿਆਚਾਰ ਵਿੱਚ ਮੌਜੂਦ ਹੁੰਦੇ ਹਨ। ਜਿੰਨ੍ਹਾਂ ਦੀ ਵਰਤੋਂ ਲੇਖਕ ਕਰਦਾ ਹੈ। "ਜਦੋਂ ਲੇਖਕ ਦੀ ਤਸੱਲੀ ਹੋ ਜਾਂਦੀ ਹੈ ਤਾਂ ਉਹ ਆਪਣੀ ਲਿਖਤ ਨੂੰ ਪਾਠਕਾਂ ਲਈ ਪੇਸ਼ ਕਰਦਾ ਹੈ। ਇਸ ਤੋਂ ਮਗਰੋਂ ਜੋ ਉਹ ਸਾਹਿਤ ਰਚਨਾ ਦੇ ਜਿਹੜੇ ਅਰਥ ਨਿਕਲਦੇ ਹਨ ਉਹ ਲੇਖਕ ਦੇ ਵੱਸ ਦੀ ਗੱਲ ਨਹੀਂ ਰਹਿੰਦੀ। ਕਿਉਂਕਿ ਪਾਠਕ ਦੇ ਜਨਮ ਨਾਲ ਲੇਖਕ ਦੀ ਮੌਤ ਹੋ ਜਾਂਦੀ ਹੈ[3]।
ਲੇਖਕ ਆਪਣੀ ਕਿਤਾਬ ਦਾ ਬੀਤਿਆ ਹੁੰਦਾ ਹੈ। ਉਸ ਦੇ ਅਤੇ ਉਸ ਦੀ ਕਿਤਾਬ ਦੇ ਵਿੱਚ ‘ਪਹਿਲਾਂ’ ਅਤੇ ‘ਬਾਅਦ’ ਦੀ ਹਮੇਸ਼ਾ ਇੱਕ ਰੇਖਾ ਹੁੰਦੀ ਹੈ। ਲੇਖਕ ਆਪਣੀ ਕਿਤਾਬ ਤੋਂ ਪਹਿਲਾਂ ਉਸੇ ਤਰ੍ਹਾਂ ਜਿੰਦਾ ਹੁੰਦਾ ਹੈ, ਜਿਸ ਤਰ੍ਹਾਂ ਕੋਈ ਪਿਤਾ ਆਪਣੀ ਸੰਤਾਨ ਦੇ ਪਹਿਲੇ ਜਿੰਦਾ ਹੁੰਦਾ ਹੈ। ਇਸ ਦੇ ਠੀਕ ਵਿਪਰੀਤ, ਆਧੁਨਿਕ ਲੇਖਕ (ਸਕ੍ਰਿਪਟਰ) ਆਪਣੇ ਪਾਠ ਦੇ ਨਾਲ ਹੀ ਜੰਮਦਾ ਹੈ। ਕਿਸੇ ਵੀ ਤਰੀਕੇ ਉਸਨੂੰ ਅਜਿਹੀ ਕੋਈ ਹਸਤੀ ਨਹੀਂ ਮਿਲਦੀ ਜੋ ਉਸ ਦੇ ਰਚਨਾ ਤੋਂ ਪਹਿਲਾਂ ਦੀ ਹੋਵੇ ਅਤੇ ਬਾਅਦ ਦੀ ਵੀ ਹੋਵੇ।[4]
ਬਾਰਤ ਕਹਿੰਦਾ ਹੈ ਕਿ ਜਦੋਂ ਲੇਖਕ ਦੇ ਜੀਵਨ ਨੂੰ ਅਧਾਰ ਬਣਾ ਕੇ ਲੇਖਕ ਦੀ ਰਚਨਾ ਦੀ ਆਲੋਚਨਾ ਕੀਤੀ ਜਾਂਦੀ ਹੈ ਉਹ ਲਿਖਤ ਨੂੰ ਛੋਟਾ ਤੇ ਸੀਮਾਬੱਧ ਕਰਦੀ ਹੈ। ਰੋਲਾਂ ਬਾਰਤ ਇਸ ਤਰ੍ਹਾਂ ਦੀ ਆਲੋਚਨਾ ਨੂੰ ਰੱਦ ਕਰਦਾ ਹੈ[5]। ਲਿਖਤ ਦੇ ਮੂਲ ਨੂੰ ਇੰਨ-ਬਿੰਨ ਕਦੇ ਨਹੀਂ ਸਮਝਿਆ ਜਾ ਸਕਦਾ ਪਰ ਪਾਠਕਾਂ ਦੁਆਰਾ ਉਸ ਨੁਕਤੇ ਦੇ ਨੇੜੇ ਪਹੁੰਚਿਆ ਜਾ ਸਕਦਾ ਹੈ।
ਅਨੁਵਾਦ[ਸੋਧੋ]
ਇਸ ਲੇਖ ਨੂੰ ਮੂਲ ਰੂਪ ਵਿੱਚ ਫਰੈਂਚ ਭਾਸ਼ਾ ਵਿੱਚ ਲਿਖਿਆ ਗਿਆ। ਇਸ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਰਿਚਰਡ ਹਾਰਵਰਡ ਦੁਆਰਾ ਕੀਤਾ ਗਿਆ ਅਤੇ ਇਸ ਦਾ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਨੀਤੂ ਅਰੋੜਾ ਦੁਆਰਾ ਕੀਤਾ ਗਿਆ।
ਹਵਾਲੇ[ਸੋਧੋ]
- ↑ ਕੈਰੋਂ, ਜੋਗਿੰਦਰ ਸਿੰਘ (2013). ਯੁਗ ਚਿੰਤਕ. ਅਮ੍ਰਿਤਸਰ: ਏਂਜਲ ਪਬਲੀਕੇਸ਼ਨਜ਼. p. 129. ISBN 9788190710695.
- ↑ ਸੇਖੋਂ, ਰਾਜਿੰਦਰ ਸਿੰਘ (2014). ਆਲੋਚਨਾ ਅਤੇ ਪੰਜਾਬੀ ਆਲੋਚਨਾ. ਲੁਧਿਆਣਾ: ਲਾਹੌਰ ਬੁੱਕ ਸ਼ਾਪ. p. 285.
- ↑ ਸੇਖੋਂ, ਰਾਜਿੰਦਰ ਸਿੰਘ (2014). ਆਲੋਚਨਾ ਅਤੇ ਪੰਜਾਬੀ ਆਲੋਚਨਾ. ਲੁਧਿਆਣਾ: ਲਾਹੌਰ ਬੁੱਕ ਸ਼ਾਪ. p. 285.
- ↑ http://en.wikipedia.org/wiki/Death_of_the_Author
- ↑ ਕੈਰੋਂ, ਡਾ. ਜੋਗਿੰਦਰ ਸਿੰਘ. ਯੁਗ ਚਿੰਤਕ. ਅੰਮ੍ਰਿਤਸਰ: ਏਂਜਲ ਪਬਲੀਕੇਸ਼ਨਜ਼. p. 129. ISBN 9788190710695.
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |