ਲੋਕਧਾਰਾ ਅਤੇ ਪੰਜਾਬੀ ਲੋਕਧਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੋਕਧਾਰਾ ਅਤੇ ਪੰਜਾਬੀ ਲੋਕਧਾਰਾ ਸੱਭਿਆਚਾਰ ਅਤੇ ਲੋਕਧਾਰਾ ਮਾਨਵੀ ਜੀਵਨ ਦਾ ਅਨਿੱਖੜਵਾਂ ਅੰਗ ਹਨ।ਸਭਿਆਚਾਰ ਆਪਣੇ ਆਪ ਵਿੱਚ ਸਮੁੱਚੇ ਮਾਨਵੀ ਜੀਵਨ ਵਾਂਗ ਹੀ ਸਰਬ ਵਿਆਪਕ ਅਤੇ ਵਿਸ਼ਾਲ ਅਰਥ ਖੇਤਰ ਵਾਲਾ ਵਰਤਾਰਾ ਹੈ, ਜਿਸ ਵਿੱਚ ਮਾਨਵੀ ਜੀਵਨ ਦੇ ਸਾਰੇ ਪੱਖ ਸਮਾਏ ਹੁੰਦੇ ਹਨ ਜਦੋਂ ਕਿ ਲੋਕਧਾਰਾਈ ਵਰਤਾਰੇ ਕੇਵਲ ਲੋਕ-ਮਨ ਦੀ ਸ਼ਮੂਲੀਅਤ ਸਦਕਾ ਅਤੇ ਪਰੰਪਰਾਗਤ ਹੋਣ ਸਦਕਾ ਹੀ ਲੋਕਧਾਰਾਈ ਬਣਦੇ ਹਨ।

ਲੋਕ ਧਾਰਾ[ਸੋਧੋ]

ਲੋਕਧਾਰਾ ਦੇ ਅੰਤਰਗਤ ਸਮਾਜਿਕ ਵਿਰਸੇ ਨੂੰ ਸ਼ਾਮਿਲ ਕੀਤਾ ਜਾਂਦਾ ਹੈ।ਇਸ ਵਿੱਚ ਲੋਕ ਮਨ ਦੀ ਮਾਨਸਿਕਤਾ ਇੱਕ ਮਹੱਤਵਪੂਰਨ ਤੱਤ ਵਜੋਂ ਕਾਰਜ ਕਰਦੀ ਹੈ।ਲੋਕ ਮਾਨਸਿਕਤਾ ਦੇ ਡਰ ਤੌਖਲਿਆਂ ਦੇ ਸਿੱਟੇ ਵਜੋਂ ਲੋਕ ਵਿਸ਼ਵਾਸ, ਵਹਿਮ ਭਰਮ, ਵੱਖ-ਵੱਖ ਧਰਮ ਹੋਂਦ ਵਿੱਚ ਆਉਂਦੇ ਹਨ।ਪੁਰਾਤਨ ਸਮੇਂ ਤੋਂ ਧਾਰਮਿਕ ਅਸਥਾਨਾਂ ਦੇ ਨਾਲ-ਨਾਲ ਡੇਰੇ ਵੀ ਮਨੁੱਖੀ ਜੀਵਨ ਦਾ ਅਹਿਮ ਅੰਗ ਰਹੇ ਹਨ।ਇਹ ਡੇਰੇ ਇੱਕ ਪਾਸੇ ਮਨੁੱਖ ਦੀਆਂ ਨਿੱਜੀ ਤਕਲੀਫਾਂ ਨੂੰ ਦੂਰ ਕਰਦੇ ਸਨ ਅਤੇ ਦੂਜੇ ਪਾਸੇ ਧਰਮ ਵਾਲੇ ਪਾਸੇ ਜੋੜਦੇ ਸਨ।

ਪੰਜਾਬੀ ਲੋਕ ਧਾਰਾ[ਸੋਧੋ]

ਸੱਭਿਆਚਾਰ ਦੀ ਗਤੀਸ਼ੀਲਤਾ ਅਤੇ ਮਨੁੱਖ ਦੀ ਬੁੱਧੀ ਵਿਕਾਸ ਨਾਲ ਆਧੁਨਿਕਤਾ ਦੇ ਦੌਰ ਵਿੱਚ ਡੇਰਾ ਪਰੰਪਰਾ ਘੱਟ ਰਹੀ ਹੈ।ਇਹ ਡੇਰੇ ਅੱਜ ਕਿਸੇ-ਕਿਸੇ ਪਿੰਡ ਵਿੱਚ ਸ਼ਾਮਿਲ ਹਨ ਤੇ ਬਹੁਤ ਹੱਦ ਤੱਕ ਅੱਜ ਵੀ ਲੋਕਾਂ ਵਿੱਚ ਉਸੇ ਤਰ੍ਹਾਂ ਸ਼ਰਧਾ ਦੇ ਅਸਥਾਨ ਹਨ ਜਿਵੇਂ ਪਹਿਲਾਂ ਸਨ।ਅੱਜ ਦੇ ਸਮੇਂ ਸਭ ਤੋਂ ਵੱਧ ਮੰਨਿਆ ਜਾਣ ਵਾਲਾ ਇੱਕ ਡੇਰਾ ਰੂੰਮੀ ਸਾਹਿਬ ਭੁੱਚੋਂ ਕਲਾਂ, ਜ਼ਿਲ੍ਹਾ ਬਠਿੰਡਾ ਵਿਖੇ ਸਥਿਤ ਹੈ।ਡੇਰਾ ਰੂੰਮੀ ਵਾਲਾ ਦਾ ਇਤਿਹਾਸਕ ਪਿਛੋਕੜ ਅਤੇ ਸਭਿਆਚਾਰਕ ਸਾਰਥਿਕਤਾ ਅੱਗੇ ਲਿਖੇ ਅਨੁਸਾਰ ਹੈ - ਡੇਰਾ ਬਾਬਾ ਰੂੰਮੀ ਵਾਲਾ ਸਾਹਿਬ ਦੀ ਸਥਾਪਨਾ ਧੰਨ ਬਾਬਾ ਮਹਾਂਹਰਨਾਮ ਸਿੰਘ ਜੀ ਨੇ ਕੀਤੀ।ਬਾਬਾ ਹਰਨਾਮ ਸਿੰਘ ਜੀ ਦਾ ਜਨਮ ਕਪੂਰਥਲਾ ਰਿਆਸਤ ਦੇ ਪਿੰਡ ਮਨਸੂਰਵਾਲ ਵਿਖੇ ਹੋਇਆ।ਬਾਬਾ ਹਰਨਾਮ ਸਿੰਘ ਜੀ ਗੁਰੂ ਨਾਨਕ ਦੇਵ ਜੀ ਦੇ ਭਗਤ ਸਨ ਅਤੇ ਹਰ ਸਮੇਂ ਉਹਨਾਂ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ। ਆਪਣੇ ਪਿੰਡ ਤੋਂ ਚੱਲ ਕੇ ਬਾਬਾ ਜੀ ਸਭ ਤੋਂ ਪਹਿਲਾਂ ਬਿਕ੍ਰਮੀ 1926 ਨੂੰ ਢਾਬ ਰੂੰਮੀ ਜੋ ਭੁੱਚੋ ਕਲਾਂ ਤੋਂ ਦੋ ਮੀਲ ਅਤੇ ਸੇਮਾ ਪਿੰਡ (ਬਠਿੰਡਾ) ਤੋਂ ਇੱਕ ਮੀਲ ਦੇ ਫਾਸਲੇ ਤੇ ਬਿਰਾਜਮਾਨ ਹੋਏ।ਤਕਰੀਬਨ 12 ਸਾਲ ਢਾਬ ਰੂੰਮੀ ਵਿਖੇ ਤੱਪ ਕੀਤਾ, ਇਹ ਸਮਾਂ ਸੰਮਤ ਬਿਕ੍ਰਮੀ 1926 ਤੋਂ 1938 ਤੱਕ ਦਾ ਸੀ।ਉਸ ਤੋਂ ਬਾਅਦ ਲੋਹੜੀ ਵਾਲੇ ਦਿਨ ਟਿੱਲਾ ਸਾਹਿਬ ਤਖਤੇਆਣਾ ਢਾਬ ਦੇ ਕਿਨਾਰੇ ਬਿਰਾਜਮਾਨ ਹੋ ਗਏ ਅਤੇ ਇੱਥੇ ਤਪ ਕੀਤਾ।ਸੰਤ ਬਾਬਾ ਹਰਨਾਮ ਸਿੰਘ ਜੀ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਅਤੇ ਆਪਣੇ ਸ਼ਰਧਾਲੂਆਂ ਦੇ ਦੁੱਖ ਦੂਰ ਕਰਦੇ ਸਨ।ਇਸ ਡੇਰੇ ਦਾ ਨਾਮ ਰੂੰਮੀ ਵੀ ਇੱਕ ਸ਼ਰਧਾਲੂ ਮਾਤਾ ਦੇ ਨਾਮ ਤੋਂ ਪਿਆ ਹੈ ਅਤੇ ਬਾਬਾ ਜੀ ਨੇ ਉਨਾਂ ਨੂੰ ਜਗਤ ਜਨਨੀ ਕਹਿ ਕੇ ਪੁਕਾਰਿਆ ਸੀ। ਸੰਤ ਬਾਬਾ ਹਰਨਾਮ ਸਿੰਘ ਜੀ ਇਸ ਜਗ੍ਹਾ ਸੰਮਤ ਬਿਕ੍ਰਮੀ 1938 ਤੋਂ ਪੋਹ ਵਦੀ ਅਸ਼ਟਮੀ ਸੰਮਤ ਬਿਕ੍ਰਮੀ 1984 ਤੱਕ ਡੇਰਾ ਰੂੰਮੀ ਵਾਲਾ ਭੁੱਚੋ ਕਲਾਂ ਰਹੇ।ਇਤਿਹਾਸ ਵਿੱਚ ਕਈ ਥਾਵਾਂ ਤੇ ਉਹਨਾਂ ਦਾ ਸਮਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਵੀ ਜੋੜਿਆ ਜਾਂਦਾ ਰਿਹਾ ਹੈ।ਪਿੰਡ ਦੇ ਪੁਰਾਣੇ ਬਜ਼ੁਰਗਾਂ ਦੁਆਰਾ ਸੁਣਾਈਆਂ ਸਾਖੀਆਂ ਅਨੁਸਾਰ ਸੰਤ ਬਾਬਾ ਹਰਨਾਮ ਸਿੰਘ ਜੀ ਦੀ, ਮਹਿਮਾ ਸਾਰੇ ਮਾਲਵੇ ਵਿੱਚ ਫੈਲੀ ਹੋਈ ਸੀ ਅਤੇ ਮਹਾਰਾਜਾ ਪਟਿਆਲਾ, ਨਾਭਾ, ਫਰੀਦਕੋਟ ਰਿਆਸਤਾਂ ਦੇ ਮਹਾਰਾਜੇ ਬਾਬਾ ਜੀ ਦੇ ਸ਼ਰਧਾਲੂ ਸਨ ਅਤੇ ਆਪਣੀਆਂ ਰਿਆਸਤਾਂ ਵਿੱਚ ਆਉਂਦੀਆਂ ਕਰੋਪੀਆਂ ਦਾ ਬਾਬਾ ਜੀ ਤੋਂ ਉਪਾਅ ਕਰਵਾਉਂਦੇ ਸਨ।ਬਾਬਾ ਹਰਨਾਮ ਸਿੰਘ ਜੀ ਦੇ 2 ਪੋਹ ਬਿਕ੍ਰਮੀ 1984 ਵਿੱਚ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬਾ ਨਰੈਣ ਸਿੰਘ ਜੀ ਗੱਦੀ ਤੇ ਬੈਠੇ ਜੋ ਸੰਮਤ ਬਿਕ੍ਰਮੀ 2005 ਭਾਵ (1949 ਈ.) ਤੱਕ ਰਹੇ। ਗੁਰੂ ਚੇਲੇ ਦੀ ਪਰੰਪਰਾ ਅਨੁਸਾਰ ਉਹਨਾਂ ਨੇ ਆਪਣੇ ਚੇਲੇ ਸੰਤ ਬਾਬਾ ਈਸ਼ਰ ਸਿੰਘ ਨੂੰ ਗੱਦੀ ਸੰਭਾਈ ਜੋ ਸੰਮਤਘਤ ਬਿਕ੍ਰਮੀ 2026 ਭਾਵ (1970 ਈ.) ਤੱਕ ਬਿਰਾਜਮਾਨ ਰਹੇ।ਉਸ ਤੋਂ ਬਾਅਦ ਸੰਤ ਬਾਬਾ ਖੇਮ ਸਿੰਘ ਜੀ 2066 ਬਿਕ੍ਰਮੀ (2010) ਤੱਕ ਗੱਦੀ ਤੇ ਰਹੇ।ਅੱਜ ਪਰੰਪਰਾ ਨੂੰ ਅੱਗੇ ਤੋਰਦੇ ਸੰਤ ਬਾਬਾ ਸੁਖਦੇਵ ਸਿੰਘ ਜੀ ਡੇਰੇ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਇਸ ਇਲਾਕੇ ਵਿੱਚ ਰੂਮੀ ਵਾਲੀਆਂ ਤਿੰਨ ਥਾਵਾਂ ਹਨ:

  1. ਰੂੰਮੀ ਵਾਲਾ (ਸੇਮਾ ਕਲਾਂ)
  2. ਰੂੰਮੀ ਭੁੱਚੋ ਕਲਾਂ ਵਾਲੀ
  3. ਲੇਲੇ ਵਾਲਾ ਪਿੰਡ ਵਿੱਚ ਜੋ ਤਲਵੰਡੀ ਸਾਬੋ ਤਹਿ. ਵਿੱਚ ਹੈ।

ਪਰ ਜੋ ਪ੍ਰਮੁੱਖ ਸਥਾਨ ਹੈ ਉਹ ਡੇਰਾ ਰੂੰਮੀ ਵਾਲਾ ਭੁੱਚੋ ਕਲਾਂ ਵਾਲਾ ਹੈ। ਪੁਰਾਤਨ ਪਰੰਪਰਾ ਅਨੁਸਾਰ ਡੇਰੇ ਧਰਮ ਦੇ ਪ੍ਰਚਾਰਕ ਵੀ ਰਹੇ ਹਨ।ਉਸੇ ਵਿਧੀ ਅਨੁਸਾਰ ਇਸ ਡੇਰੇ ਵਿੱਚ ਗੁਰਬਾਣੀ ਕੰਠ ਕਰਾਉਣ ਅਤੇ ਰਾਗਾਂ ਅਨੁਸਾਰ ਕੀਰਤਨ ਸਿਖਾਉਣ ਦੀ ਪਰੰਪਰਾ ਰਹੀ ਹੈ ਅਤੇ ਜੋ ਅੱਕ ਤੱਕ ਵੀ ਜਾਰੀ ਹੈ। ਡੇਰੇ ਧਰਮ ਦੇ ਪ੍ਰਚਾਰਕ ਹੋਣ ਕਰ ਕੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਮੌਜੂਦ ਹੈ ਅਤੇ ਸੁਖਮਨੀ ਸਾਹਿਬ ਦੇ ਨਿੱਤ ਨੇਮ, ਪਾਠ ਚੱਲਦੇ ਹਨ ਪਰ ਕੁੱਝ ਗੱਲਾਂ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਤਾਂ ਨੂੰ ਉਲੰਘਦੇ ਹੋਏ ਇਹ ਡੇਰਾ ਲੋਕ ਵਿਸ਼ਵਾਸ ਤੇ ਰੂੜ੍ਹੀਵਾਦੀ ਪਰੰਪਰਾ ਨਾਲ ਬੱਝਿਆ ਹੋਇਆ ਹੈ।ਇੱਥੇ ਜਾਤ-ਪਾਤ ਦਾ ਭੇਦ ਭਾਵ ਅੱਜ ਵੀ ਕੀਤਾ ਜਾਂਦਾ ਹੈ ਜੋ ਪੁਰਾਣੇ ਸਮਿਆਂ ਤੋਂ ਚਲਿਆ ਆ ਰਿਹਾ ਹੈ।ਜੋ ਇਸ ਨੂੰ ਲੋਕਧਾਰਾ ਅਤੇ ਸੱਭਿਆਚਾਰ ਦੇ ਘੇਰੇ ਵਿੱਚ ਸਮੇਟਦੀ ਹੈ। ਪੰਜਾਬੀ ਸੱਭਿਆਚਾਰ ਵਿੱਚ ਅੱਜ ਵੀ ਡੇਰੇ ਸਾਰਥਿਕ ਭੂਮਿਕਾ ਨਿਭਾ ਰਹੇ ਹਨ।ਅੱਜ ਵੀ ਲੋਕਾਂ ਦੀ ਸ਼ਰਧਾ ਉਸੇ ਤਰ੍ਹਾਂ ਜੁੜੀ ਹੋਈ ਹੈ, ਲੋਕਾਂ ਦੁਆਰਾ ਮਨੌਤਾਂ ਮੰਗੀਆਂ ਜਾਂਦੀਆਂ ਹਨ, ਜਿਹਨਾਂ ਦਾ ਪੂਰਾ ਹੋਣਾ ਉਹਨਾਂ ਦੀ ਸ਼ਰਧਾ ਵਧਾਉਂਦਾ ਹੈ।ਇਸ ਡੇਰੇ ਵਿੱਚ ਵੀ ਲੋਕਾਂ ਦਾ ਵਿਸ਼ਵਾਸ ਹੈ ਕਿ ਹਰ ਇੱਛਾ ਪੂਰੀ ਹੁੰਦੀ ਹੈ ਪੁੱਤਰ ਦੀ ਦਾਤ, ਕਾਰੋਬਾਰ ਦਾ ਵਧੀਆ ਚੱਲਣਾ, ਖੇਤੀਬਾੜੀ ਵਿੱਚ ਵਾਧਾ ਅਤੇ ਖਾਸ ਕਰ ਕੇ ਪਸ਼ੂਆਂ ਸੰਬੰਧੀ ਮਨੌਤਾਂ ਪੂਰੀਆਂ ਹੁੰਦੀਆਂ ਹਨ।ਅੱਜ ਵੀ ਇਨ੍ਹਾਂ ਡੇਰਿਆਂ ਵਿੱਚ ਉਲਝੀ ਲੋਕਾਈ ਦੀ ਮਾਨਸਿਕਤਾ ਜੁੜੀ ਹੋਈ ਹੈ। ਡੇਰਿਆਂ ਦਾ ਸਾਰਾ ਪ੍ਰਬੰਧ ਤੇ ਸੇਵਾ ਸੰਭਾਲ ਦਾ ਕੰਮ ਸ਼ਰਧਾਲੂਆਂ ਦੀ ਸੇਵਾ ਨਾਲ ਪੂਰਾ ਹੁੰਦਾ ਹੈ। ਲੋਕ ਆਪਣੀ ਇੱਛਾ ਅਨੁਸਾਰ ਦਾਨ ਕਰਦੇ ਹਨ। ਇਸ ਡੇਰੇ ਨੂੰ ਚਲਾਉਣ ਵਿੱਚ ਪਿੰਡਾ ਦੇ ਲੋਕਾਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਰਹਿ ਰਹੇ ਸ਼ਰਧਾਲੂ ਵੀ ਯੋਗਦਾਨ ਪਾਉਂਦੇ ਹਨ। ਅੱਜ ਦੇ ਸਮੇਂ ਇਸ ਡੇਰੇ ਦੀ ਸ਼ਰਧਾ ਪੰਜਾਬੀ ਲੋਕ ਮਨ ਦੀ ਮਾਨਸਿਕਤਾ ਨੂੰ ਪੇਸ਼ ਕਰਦੀ ਹੈ। ਸੋ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਿਵੇਂ ਡੇਰਾ ਰੂੰਮੀ ਵਾਲਾ ਨੂੰ ਲੋਕਾਂ ਨੇ ਸੱਭਿਆਚਾਰਕ ਤੌਰ ਤੇ ਪ੍ਰਵਾਨ ਕੀਤਾ ਹੈ ਉਵੇਂ ਅੱਜ ਵੀ ਪੰਜਾਬੀ ਮਲ ਪਰੰਪਰਾ ਤੋਂ ਚੱਲੇ ਆ ਰਹੇ ਲੋਕਧਾਰਾਈ ਵਿਸ਼ਵਾਸਾਂ ਨਾਲ ਜੁੜਿਆ ਹੋਇਆ ਹੈ, ਡੇਰੇ ਪੰਜਾਬੀ ਪੇਂਡੂ ਜੀਵਨ ਦਾ ਅਨਿੱਖੜਵਾਂ ਅੰਗ ਸਨ ਅਤੇ ਉਸੇ ਤਰ੍ਹਾਂ ਅੱਜ ਵੀ ਮੌਜੂਦ ਹਨ।