ਲੋਕ ਗੀਤ ਦਾ ਜਨਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੋਕ ਗੀਤ ਦਾ ਜਨਮ
ਲੇਖਕਦੇਵਿੰਦਰ ਸਤਿਆਰਥੀ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਪੰਜਾਬੀ ਲੋਕ ਗੀਤ
ਪ੍ਰਕਾਸ਼ਕਨਵਯੁਗ ਪਬਲਿਸ਼ਰਜ਼ K- 24, ਹੌਜ਼ ਖ਼ਾਸ, ਨਵੀਂ ਦਿੱਲੀ
ਸਫ਼ੇ67

ਜਾਣ-ਪਛਾਣ[ਸੋਧੋ]

ਲੋਕ ਗੀਤ ਦਾ ਜਨਮ ਪੁਸਤਕ ਦੀ ਰਚਨਾ ਦੇਵਿੰਦਰ ਸਤਿਆਰਥੀ ਦੁਆਰਾ ਕੀਤੀ ਗਈ ਹੈ। ਇਸ ਪੁਸਤਕ ਵਿੱਚ ਲੇਖਕ ਦੁਆਰਾ ਲੋਕ ਗੀਤ ਦੇ ਜਨਮ ਬਾਰੇ ਨਿਸਚਿਤ ਰੂਪ ਵਿੱਚ ਕੁੱਝ ਨਹੀਂ ਦੱਸਿਆ ਗਿਆ ਹੈ। ਉਹ ਅਨੁਮਾਨ ਅਨੁਸਾਰ ਹੀ ਲੋਕ ਗੀਤ ਦੇ ਜਨਮ ਤੇ ਚਾਨਣਾ ਪਾਉੰਦਾ ਹੈ। ਲੋਕ ਗੀਤ ਦੇ ਜਨਮ ਤੋਂ ਲੈ ਕੇ ਉਸਦੇ ਗਾਏ ਜਾਣ ਨੂੰ ਦੇਵਿੰਦਰ ਸਤਿਆਰਥੀ ਵੱਖ ਵੱਖ ਖੁਸ਼ੀਆਂ ਗਮੀਆਂ ਦੇ ਮੌਕਿਆਂ ਨੂੰ ਪੇਸ਼ ਕਰਦਾ ਹੋਇਆ ਦੱਸਦਾ ਹੈ। ਪੰਜਾਬ ਦੀ ਨੱਚਦੀ ਗਾਉਂਦੀ ਸੰਸਕ੍ਰਿਤੀ ਵਿੱਚ ਮੌਜੂਦ ਰੀਤਾਂ ਰਿਵਾਜਾਂ ਅਨੁਸਾਰ ਵੱਖ ਵੱਖ ਤਰੀਕਿਆਂ ਨਾਲ ਵੱਖ ਵੱਖ ਮੌਕਿਆਂ ਉੱਪਰ ਲੋਕ ਗੀਤ ਦੀ ਹੁੰਦੀ ਸਿਰਜਨਾ ਨੂੰ ਦਰਸਾਉਂਦਾ ਹੈ। ਇਸ ਪੁਸਤਕ ਵਿੱਚ ਉਸਨੇ ਪੰਜਾਬ ਦੀ ਸੱਭਿਅਤਾ ਨਾਲ ਸੰਬੰਧਿਤ ਪੰਜਾਬੀ ਲੋਕਧਾਰਾ ਦੇ ਮੁੱਖ ਅੰਗ ਤ੍ਰਿਜਣਾਂ, ਰੁੱਖ, ਧਰਤੀ, ਜਨਮ, ਪਸ਼ੂ ਪੰਛੀ, ਇਤਿਹਾਸ, ਵਿਆਹ ਆਦਿ ਸਮੇਂ ਤੇ ਸਿਰਜੇ ਗਏ ਗੀਤਾਂ ਦਾ ਵਿਵਰਣ ਕੀਤਾ ਹੈ। ਇਹ ਗੀਤ ਮੁੱਢ ਕਦੀਮ ਤੋਂ ਹੀ ਪੰਜਾਬ ਦੀ ਸੰਸਕ੍ਰਿਤੀ ਵਿੱਚ ਪਾਏ ਜਾਂਦੇ ਨਜ਼ਰ ਆਉਂਦੇ ਸਨ। "'ਲੋਕ ਗੀਤ ਦਾ ਜਨਮ"' ਦੇਵਿੰਦਰ ਸਤਿਆਰਥੀ ਦੁਆਰਾ ਰਚਿੱਤ ਬਹੁਤ ਛੋਟੀ ਜਿਹੀ ਪੁਸਤਕ ਹੈ। ਜਿਸ ਦੇ ਕੁੱਲ ੬੭ ਸਫ਼ੇ ਹਨ। ਪਰ ਉਹ ਇਹਨਾਂ ਸਫ਼ਿਆਂ ਦੁਆਰਾ ਹੀ ਪੰਜਾਬ ਦੀ ਪੁਰਾਣੀ ਸੱਭਿਅਤਾ ਤੋਂ ਲੈ ਕੇ ਹੁਣ ਤੱਕ ਗਾਏ ਜਾਣ ਵਾਲੇ ਲੋਕ ਗੀਤਾਂ ਨੂੰ ਪਾਠਕਾਂ ਅਤੇ ਸਰੋਤਿਆਂ ਸਾਹਮਣੇ ਪੇਸ਼ ਕਰਦਾ ਹੈ। ਪੁਸਤਕ ਦੇ ਸ਼ੁਰੂਆਤੀ ਸਫ਼ਿਆਂ ਵਿੱਚ ਹੀ ਉਹ ਆਪਣੇ ਵਿਚਾਰ ਦਿੰਦਾ ਹੈ। ਉਹ ਲਿਖਦਾ ਹੈ "ਗਾਉਂਦੀ ਨੱਚਦੀ ਜੂਝਦੀ ਸੰਸਕ੍ਰਿਤੀ ਦਾ ਪਿਛੋਕੜ ਸਮਝੇ ਬਿਨਾਂ ਅਸੀਂ ਮੌਤ ਨੂੰ ਵੀ ਮਖ਼ੌਲ ਕਰਨ ਵਾਲੇ ਪੰਜਾਬੀਆਂ ਦੇ ਹਸ- ਬੋਲਦੇ ਤੇ ਹਸ-ਖੇਡਦੇ ਸੁਭਾ ਦਾ ਵਿਗਿਆਨਕ ਵਿਸ਼ਲੇਸ਼ਣ ਨਹੀਂ ਕਰ ਸਕਦੇ।"

ਲੋਕ ਗੀਤ ਵਿਰਸੇ ਦੇ ਰੂਪ ਵਿੱਚ ਸੁੱਤੇ ਸਿਧ ਪੀੜੀ ਦਰ ਪੀੜੀ ਅੱਗੇ ਤੁਰਦੇ ਜਾਂਦੇ ਹਨ। ਇਸ ਲਈ ਇਹ ਜਾਨਣਾ ਸੌਖਾ ਨਹੀਂ ਕਿ ਫਲਾਣਾ ਗੀਤ ਕਿਸ ਨੇ ਕਦੋਂ ਰਚਿਆ। ਦੇਵਿੰਦਰ ਸਤਿਆਰਥੀ ਪੰਜਾਬ ਦੇ ਲੋਕ ਧੰਦੇ,ਫਸਲਾਂ ਅਤੇ ਪੰਜਾਬ ਦੇ ਕਬੀਲਿਆਂ ਨੂੰ ਅਧਾਰ ਬਣਾ ਕੇ ਲੋਕ ਗੀਤ ਦੇ ਜਨਮ ਬਾਰੇ ਅਨੁਮਾਨ ਲਗਾਉਂਦਾ ਹੈ। ਜਿਵੇਂ "ਉਰਲੇ ਖੇਤ ਵਿੱਚ ਕਣਕ ਬਾਜਰਾ,ਪਰਲੇ ਖੇਤ ਵਿੱਚ ਗੰਨੇ" ਬੋਲੀ ਦੀ ਸਿਰਜਣਾ ਕਾਲ ਬਾਰੇ ਅਨੁਮਾਨ ਸੰਬੰਧੀ(ਜਾਂ ਫ਼ਸਲਾਂ ਨਾਲ ਸੰਬੰਧਿਤ ਹੋਰ ਅਜਿਹੀਆਂ ਬੋਲੀਆਂ ਜਾ ਲੋਕ ਗੀਤਾਂ ਸੰਬੰਧੀ) ਉਸਦੀ ਇਹ ਦਲੀਲ ਹੈ ਕਿ ਕਣਕ ਆਰੀਆ ਲੋਕਾਂ ਤੋਂ ਪਹਿਲਾਂ ਦੀ ਫ਼ਸਲ ਹੈ ਇਸ ਲਈ ਇਸ ਬੋਲੀ ਦਾ ਸਿਰਜਣਾ ਕਾਪ ਵੀ ਉਨ੍ਹਾਂ ਦੇ ਸਮੇਂ ਦੇ ਨੇੜੇ ਤੇੜੇ ਹੀ ਜੁੜਦਾ ਹੈ। ਇਦੇ ਤਰ੍ਹਾਂ ਕਿੱਤਿਆਂ ਨਾਲ ਸੰਬੰਧਿਤ ਗੀਤਾਂ ਦੇ ਸਿਰਜਣਾ ਕਾਲ ਬਾਰੇ ਅਨੁਮਾਨ ਸਤਿਆਰਥੀ ਕਿਸੇ ਕਿੱਤੇ ਵਿਸ਼ੇਸ਼ ਇਤਿਹਾਸਿਕ ਪੜਾਅ ਤੇ ਸ਼ੁਰੂ ਹੋਣ ਦੇ ਸਮੇਂ ਤੋਂ ਲਗਾਉਂਦਾ ਹੈ। ਜਿਵੇਂ "ਦੇਵੀ ਮਾਤਾ ਗਾਉਣ ਬਖ਼ਸ਼ਦੀ" ਗੀਤ ਮੁਸਲਮਾਨਾਂ ਤੋਂ ਬਾਅਦ ਦਾ ਹੈ ਕਿਉਂਕਿ 'ਬਖ਼ਸ਼ਣਾ' ਸ਼ਬਦ ਮੁਸਲਮਾਨਾਂ ਦੇ ਆਉਣ ਤੋਂ ਬਾਅਦ ਹੀ ਸਾਡੇ ਬੋਲੀ ਦਾ ਹਿੱਸਾ ਬਣਿਆ ਹੈ।ਸਤਿਆਰਥੀ ਅਨੁਸਾਰ ਆਮ ਗੱਲਾਂ ਨੂੰ ਗੀਤ ਦਾ ਰੂਪ ਦੇਣ ਤੋਂ ਪਹਿਲ਼ਾਂ ਪੰਜਾਬ ਪੂਰੀ ਗੱਲ ਦੀ ਚੰਗੀ ਤਰ੍ਹਾਂ ਘੋਖ ਕਰਦਾ ਹੈ। ਉਸ ਅਨੁਸਾਰ ਜਦੋਂ ਕੋਈ ਚਿੱਤਰ ਭਾਵਨਾਤਮਕ ਤੌਰ 'ਤੇ ਸਾਡੇ ਲਹੂ ਵਿੱਚ ਰਚ ਮਿਚ ਜਾਂਦਾ ਹੈ। ਤਾਂ ਉਹ ਭਾਵਨਾਂ ਲੋਕ ਗੀਤ ਦਾ ਰੂਪ ਧਾਰਨ ਕਰਕੇ ਲੋਕਾਂ ਮੂੰਹਾਂ ਉਚਰਦੀ ਹੈ। ਲੋਕ-ਗੀਤ ਦਾ ਜਨਮ ਵਿੱਚ ਸਮੇਂ ਸਥਾਨ ਅਨੁਸਾਰ ਲੋਕ ਗੀਤ ਹੋਂਦ ਵਿੱਚ ਆਏ ਜਿੰਨਾਂ ਵਿੱਚ ਰੁੱਤਾਂ ਮਹੀਨਿਆਂ, ਨੂੰਹ ਸੱਸ, ਭੈਣ ਭਰਾ ਦਾ ਪਿਆਰ, ਕੰਤ, ਆਦਿ ਅਨੁਸਾਰ ਲੋਕ ਗੀਤ ਆਪ ਮਹਾਰੇ ਹੀ ਸਿਰਜੇ ਗਏ ਹਨ। ਇਸ ਤਰ੍ਹਾਂ ਇਸ ਪੁਸਤਕ ਵਿੱਚ ਅੱਗੇ ਸੱਭਿਅਤਾ ਦੇ ਹੋਰ ਮੁੱਖ ਅੰਗ ਜਿਵੇੰ ਤ੍ਰਿਜਣਾਂ,ਧਰਤੀ,ਰੁੱਖ,ਵਿਆਹ, ਜਨਮ,ਇਤਿਹਾਸ ਆਦਿ ਮੁੱਖ ਅੰਗਾਂ ਵਿਚੋਂ ਲੋਕ ਗੀਤ ਲੋਕਾਂ ਦੀਆਂ ਭਾਵਨਾਂਵਾਂ ਵਿਚੋਂ ਜਨਮ ਲੈਂਦੇ ਰਹੇ ਹਨ।

ਤ੍ਰਿਜਣਾਂ[ਸੋਧੋ]

ਲੇਖਕ ਪੰਜਾਬੀ ਸੰਸਕ੍ਰਿਤੀ ਵਿੱਚ ਗਾਏ ਜਾਣ ਵਾਲੇ ਲੋਕ ਗੀਤਾਂ ਦੀ ਤ੍ਰਿਜਣਾਂ ਦੇ ਅਧਾਰ ਤੇ ਗੱਲ ਕਰਦਾ ਹੈ। ਤ੍ਰਿਜਣ ਪੰਜਾਬੀ ਸੱਭਿਅਤਾ ਵਿੱਚ ਇੱਕ ਅਹਿਮ ਰੋਲ ਅਦਾ ਕਰਦੀ ਹੈ। ਤ੍ਰਿਜਣ ਵਿੱਚ ਕੱਤਣਾਂ, ਪੂਣੀਆਂ,ਕੁੜੀਆਂ ਦਾ ਇਕੱਠ,ਬੋਹੜ ਦੀ ਛਾਂ ਹੇਠ ਕੁੜੀਆਂ ਦੁਆਰਾ ਗਏ ਜਾਣ ਵਾਲੇ ਗੀਤਾਂ ਨੂੰ ਦਰਸਾਉੰਦਾ ਹੈ।ਚਰਖੇ ਨੂੰ ਤ੍ਰਿਜਣ ਦਾ ਮੁੱਖ ਅੰਗ ਮੰਨਦਾ ਹੋਇਆ ਲੇਖਕ ਸਰੋਜਿਨੀ ਨਾਈਡੋ ਦਾ ਵਿਚਾਰ ਦਰਜ਼ ਕਰਦਾ ਹੈ। "ਸਦੀਆਂ ਤੋਂ ਕਵੀ ਚਰਖੇ ਤੇ ਖੱਡੀ ਦੀ ਉਪਮਾਂ ਦੇੰਦੇ ਆ ਰਹੇ ਹਨ। ਹੋਣੀ ਆਪਣੇ ਚਰਖੇ ਤੇ ਤੰਦਾਂ ਕੱਢ ਕੱਢ ਮਨੁੱਖ ਦੀ ਕਿਸਮਤ ਉਣ ਰਹੀ ਹੈ।"ਪੰਜਾਬ ਵਿੱਚ ਚਰਖੇ ਦੁਆਰਾ ਕੱਤੇ ਗਏ ਸੂਤ ਦੀ ਉਸ ਕੁੜੀ ਦੀ ਉਪਮਾਂ ਹੁੰਦੀ ਹੈ। ਜੋ ਆਪਣੇ ਹੱਥਾਂ ਨਾਲ ਦਾਜ ਤਿਆਰ ਕਰਕੇ ਰੱਖਦੀ ਹੈ। ਤ੍ਰਿਜਣ ਲੋਕ ਗੀਤ ਦੀ ਪੌੜੀ ਦਾ ਇੱਕ ਟੰਬ੍ਹਾ ਹੈ। ਤ੍ਰਿਜਣ ਵਿੱਚ ਕੁੜੀਆਂ ਇਕੱਠੀਆਂ ਹੋ ਕੇ ਆਪਣਾ ਕੰਮ ਤਾਂ ਕਰਦੀਆਂ ਹੀ ਹਨ,ਪਰ ਨਾਲੇ ਨਾਲ ਉਹ ਆਪਣੇ ਸੁੱਖ ਦੁੱਖ, ਸ਼ਿਕਾਇਤਾਂ,ਮੇਹਣੇ ਆਦਿ ਭਾਵਨਾਂਵਾਂ ਨੂੰ ਦਰਸਾਉਂਦੀਆਂ ਹਨ। ਤ੍ਰਿਜਣ ਵਿੱਚ ਨਿਆਣੇ ਕੰਤ ਦੀਆਂ ਗੱਲਾਂ,ਚਰਖੇ ਦੀ ਘੂੰ ਘੂੰ,ਪਤੀ ਪ੍ਰਤੀ ਸ਼ਿਕਾਇਤਾਂ ਹੋਲੀ ਹੋਲੀ ਲੋਕ ਗੀਤ ਦੇ ਰੂਪ ਵਿੱਚ ਉਭਰਦੀਆਂ ਹਨ। ਜਿਵੇਂ

ਘੂੰ ਘੂੰ ਚਰਖੜਾ
 ਮੈਂ ਲਾਲ ਪੂਣੀ ਕੱਤਾਂ ਕਿ ਨਾਂ ?
 ਕੱਤ ਬੀਬੀ ਕੱਤ
 ਕੱਤ ਬੀਬੀ ਕੱਤ

ਕਿਤੇ ਇਹ ਸ਼ਿਕਾਇਤ ਕੀਤੀ ਜਾਂਦੀ ਹੈ,"ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ,ਵਿਆਹ ਕੇ ਲੈ ਗਿਆ ਤੂਤ ਦੀ ਛਟੀ" ਤ੍ਰਿਜਣਾਂ ਵਿੱਚ 'ਵਗਦੀ ਰਾਵੀ' ਦੀ ਲੈ ਗੂੰਜ ਉਠਦੀ ਹੈ:

ਵਗਦੀ ਏ ਰਾਵੀ ਵਿੱਚ ਰੁੜ੍ਹਦੇ ਕਰੇਲੇ ਵੇ
ਆ ਮਿਲ ਚੰਨਾਂ! ਐਵੇਂ ਘੜੀਆਂ ਦੇ ਮੇਲੇ ਵੇ

ਪੰਜਾਬ ਤ੍ਰਿਜਣਾਂ ਦੀ ਧਰਤੀ ਹੈ। ਚਰਖੇ ਨੂੰ ਬਣਿਆਂ ਹਜ਼ਾਰਾਂ ਸਾਲ ਹੋ ਚੁੱਕੇ ਹਨ। 'ਸ਼ਤਾਨ ਦਾ ਚਰਖਾ' ਵੱਡੀ ਗਾਲ ਹੈ।ਚਰਖਾ ਅੱਜ ਵੀ ਗੀਤਾਂ ਦੀ ਮੰਗ ਕਰਦਾ ਹੈ।

ਬਿਰਛਾ! ਬਿਰਛਾ! ਤੋਤਾ ਬੋਲਿਆ[ਸੋਧੋ]

ਲੋਕ ਗੀਤ ਦੇ ਪਿੜ ਵਿੱਚ ਰੁੱਖ ਵੀ ਸਾਡੇ ਨਾਲ ਸਾਂਝ ਪਾਉਂਦੇ ਹਨ। ਧਰਤੀ ਉੱਪਰ ਉੱਘੇ ਨਿੰਮ,ਬੋਹੜ,ਪਿੱਪਲ, ਕਿੱਕਰਾਂ, ਤੂਤ,ਟਾਹਲੀਆਂ,ਵਣ,ਕਰੀਰ,ਜੰਡ,ਨਿੰਬੂ,ਅੰਬ,ਇਮਲੀ ਆਦਿ ਰੁੱਖਾਂ ਨੇ ਸਾਡੇ ਲੋਕ ਗੀਤਾਂ ਦੀ ਸਿਰਜਣ ਪ੍ਰਕਿਰਿਆ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।ਜਿਵੇਂ 'ਮਾਵਾਂ ਠੰਢੀਆਂ ਛਾਵਾਂ' ਵਾਲੇ ਅਖਾਣ ਦੇ ਪਿਛੋਕੜ ਵਿੱਚ ਸੰਘਣੀ ਛਾਂ ਵਾਲੇ ਰੁੱਖ ਸਾਡੀ ਕਲਪਨਾਂ ਨੂੰ ਟੁੰਬ ਜਾਂਦੇ ਹਨ। ਰੁੱਖਾਂ ਦੇ ਸੁੱਖ ਦੁੱਖ, ਖੁਸ਼ੀਆਂ ਤਿਉਹਾਰ ਮੌਕੇ ਮੰਨਤਾ ਲੋਕ ਗੀਤਾਂ ਨੂੰ ਸਿਰਜਣ ਵਿੱਚ ਸਹਾਈ ਹੋਏ ਹਨ। ਜਿਵੇਂ ਕਿਤੇ ਰੋਹੀ ਵਾਲਾ ਜੰਡ ਜੱਢਣ ਦਾ ਪ੍ਰਸੰਗ ਆਉਂਦਾ ਹੈ:

ਮੈਂਨੂੰ ਕੱਲੀ ਨੂੰ ਚੁਬਾਰਾ ਪਾ ਦੇ, ਰੋਹੀ ਵਾਲਾ ਜੰਡ ਵੱਡ ਕੇ

ਜਿੱਥੇ ਸੌ ਸੌ ਰੁੱਖ ਲਾਉਣ ਦਾ ਸ਼ਬਦ ਚਿੱਤਰ ਜੀਵਨ ਪੰਧ ਉੱਤੇ ਪੱਬ ਰੱਖਦਾ ਹੈ:

ਮੈਂ ਤਾਂ ਸੌ ਸੌ ਰੁੱਖ ਪਈ ਲਾਵਾਂ, ਰੁੱਖ ਤਾਂ ਹਰੇ ਭਰੇ
ਮਾਂਵਾਂ ਠੰਢੀਆਂ ਛਾਵਾਂ, ਛਾਂਵਾਂ ਕੌਣ ਕਰੇ ?

ਰੁੱਖ ਬੂਟਿਆਂ ਨਾਲ ਲੋਕ ਗੀਤ ਦਾ ਗੂੜਾ ਸੰਬੰਧ ਹੈ। ਜਿੱਥੇ ਤ੍ਰਿਜਣਾਂ ਲੋਕ ਗੀਤ ਸਿਰਜਣ ਵਿੱਚ ਸਹਾਈ ਹੁੰਦੀਆਂ ਹਨ। ਉੱਥੇ ਪੰਜਾਬ ਦੀ ਸੰਸਕ੍ਰਿਤੀ ਵਿੱਚ ਪਏ ਜਾਂਦੇ ਰੁੱਖ ਵੀ ਆਪਣਾ ਸਥਾਨ ਲੋਕ ਗੀਤ ਵਿੱਚ ਦਰਸਾਉਂਦੇ ਹਨ।

ਧਰਤੀਏ ਪਿਆਰ ਕਰੇਂਦੀਏ[ਸੋਧੋ]

ਅਥਰਵ-ਵੇਦ ਵਿੱਚ ਧਰਤੀ ਨੂੰ ਮਾਂ ਦੇ ਰੂਪ ਵਿੱਚ ਦੱਸਿਆ ਗਿਆ ਹੈ।ਧਰਤੀ ਨੂੰ ਮਾਂ ਮੰਨਣ ਦਾ ਵਿਚਾਰ ਅਥਰਵ-ਵੇਦ ਦੇ ਮਹਾਂ ਰਿਸ਼ੀ ਕਵੀ ਨੇ ਲੱਗਦਾ ਪੰਜਾਬ ਨੂੰ ਮੁੱਖ ਰੱਖ ਕੇ ਹੀ ਅਲਾਪਿਆ ਸੀ:

'ਮਾਤਾ ਭੂਮਿ ਪੁਤ੍ਰੋਅਹੰ ਪ੍ਰਿਥਿਵਯਾਂ
 'ਨਮੋ ਮਾਤ੍ਰੇ, ਪ੍ਰਿਥਿਵਯੈ ਨਮੋ ਮਾਤ੍ਰੇ ਪ੍ਰਿਥਿਵਯੈ'

ਇਹ ਭੂਮੀ ਮਾਤਾ ਹੈ ਤੇ ਮੈਂ ਹਾਂ ਪ੍ਰਿਥਵੀ ਪੁੱਤਰ।ਅਥਰਵ-ਵੇਦ ਵਿੱਚ ਉਸ ਯੁਗ ਦੇ ਪੰਜਾਬ ਦੀ ਸੰਸਕ੍ਰਿਤੀ ਦਾ ਸਜੀਵ ਚਿੱਤਰ ਉਲੀਕਿਆ ਗਿਆ ਹੈ।'ਜਿਸ ਭੂਮੀ ਤੇ ਮਸਤ ਲੋਕਾਈ ਗਾਉਂਦੀ ਨੱਚਦੀ ਹੈ,ਜਿੱਥੇ ਗੱਭਰੂ ਪੁਰਸ਼ ਜੂਝਦੇ ਹਨ,ਜਿੱਥੇ ਨਗਾਰਾ ਵੱਜਦਾ ਹੈ,ਉਹ ਭੂਮੀ ਵੈਰੀਆਂ ਤੋਂ ਰਹਿਤ ਕਰ ਦੇਵੋ।'ਤਾਹੀਓਂ ਅਸੀਂ ਵੇਖਦੇ ਹਾਂ ਕਿ ਅਥਰਵ-ਵੇਦ ਦੇ 'ਪ੍ਰਿਥਵੀ ਸੂਕਤ' ਵਾਲੀ ਭਾਵਨਾਂ ਪੰਜਾਬੀ ਲੋਕ ਗੀਤਾਂ ਵਿੱਚ ਅੱਜ ਵੀ ਤੁਰ ਰਹੀ ਹੈ।'ਧਰਤੀਏ ਪਿਆਰ ਕਰੇਂਦੀਏ' ਵਾਲੀ ਹੇਕ ਅੱਜ ਵੀ ਉਸੇ ਪਰੰਪਰਾ ਨਾਲ ਸੁਰ ਮੇਲ ਕੇ ਤੁਰਦੀ ਹੈ:

ਧਰਤੀਏ ਪਿਆਰ ਕਰੇਂਦੀਏ! ਪਰ ਮਖਿਉਂ ਦੀ ਰੀਸ
 ਕਣਕੋਂ ਕਣਕ ਵੰਡਾਈਏ, ਦੁੱਧੋੰ ਦੁੱਧ ਅਸੀਸ

ਨਿਰਮਾਣ ਰਹਿਣ ਵਿੱਚ ਵੀ ਧਰਤੀ ਦਾ ਨਾਂ ਆਉਣੋਂ ਨਹੀਂ ਰਹਿੰਦਾ:

ਸਾਢੇ ਤਿੰਨ ਹੱਥ ਧਰਤੀ ਤੇਰੀ,
 ਬਾਹਲੀਆਂ ਜਗੀਰਾਂ ਵਾਲਿਆ

ਨੀਵੇਂ ਰੁੱਖ ਵਾਲੀ ਉਪਮਾ ਵੀ ਇਸੇ ਧਰਤੀ ਤੇ ਉਗਦੀ ਹੈ:

ਫਲ ਨੀਵਿਆਂ ਰੁੱਖਾਂ ਨੂੰ ਲੱਗਦੇ,
 ਸਿੰਬਲਾ! ਤੂੰ ਮਾਣ ਨਾਂ ਕਰੀਂ

ਇਸੇ ਧਰਤੀ ਤੇ ਅਜੇਹੇ ਅਖਾਣ ਸਜੀਵ ਸੰਸਕ੍ਰਿਤੀ ਦੇ ਇਸ ਪੱਖ ਉਤੇ ਚਾਨਣ ਪਾਉਂਦੇ ਹਨ ਕਿ ਲੋਕ ਅੱਖਾਂ ਖੋਲ੍ਹ ਕੇ ਤੇ ਡੂੰਘਾ ਸੋਚ ਕੇ ਗੱਲ ਕਰਦੇ ਹਨ।

ਹਾਰ ਸ਼ਿੰਗਾਰ[ਸੋਧੋ]

ਪੰਜਾਬ ਦੀ ਸੰਸਕ੍ਰਿਤੀ ਵਿੱਚ ਹਾਰ ਸ਼ਿੰਗਾਰ ਦਾ ਸੰਕਲਪ ਮੁੱਢ ਤੋੰ ਹੀ ਹੈ। ਇਸ ਹਾਰ ਸ਼ਿੰਗਾਰ ਨਾਲ ਸੰਬੰਧਿਤ ਜੋ ਵੀ ਅਖਾਣ ਬਣੇ ਉਹ ਵੀ ਕੋਈ ਅੱਜ ਦੇ ਨਹੀਂ ਹਨ। ਇਨ੍ਹਾਂ ਅਖਾਣਾਂ ਵਿਚੋਂ ਹੀ ਲੋਕ ਗੀਤ ਦਾ ਰੂਪ ਪੈਦਾ ਹੋਇਆ ਹੈ।ਪੰਜਾਬ ਦੀ ਸੱਭਿਅਤਾ ਅਨੁਸਾਰ ਕੁਆਰੀ ਕੁੜੀ ਨੂੰ ਆਪਣੇ ਪੇਕੇ ਘਰ ਹਾਰ ਸ਼ਿੰਗਾਰ ਦੀ ਮਨਾਹੀ ਹੈ।ਕੋਈ ਪੱਕਾ ਪਤਾ ਨਹੀਂ ਮਾਂ ਦਾ ਏਹ ਉਪਦੇਸ਼ ਕਦ ਤੋਂ ਗੀਤ ਦਾ ਬੋਲ ਬਣਦਾ ਆ ਰਿਹਾ ਹੈ,'ਧਾਰੀ ਬੰਨ੍ਹ ਸੁਰਮਾਂ ਨਾਂ ਪਾਈਏ,ਧੀਏ!ਘਰ ਮਾਪਿਆਂ ਦੇ।'ਇਹ ਸਿਰਜੇ ਹੋਏ ਬੋਲ ਕੋਈ ਅੱਜ ਦੇ ਨਹੀਂ ਹਨ।ਬਿੱਲੀਆਂ ਅੱਖਾਂ,ਗੋਰੇ ਰੰਗ,ਮੁਟਿਆਰ ਦੇ ਚਿਹਰੇ ਮੋਹਰੇ ਅਤਟ ਹਾਰ ਸ਼ਿੰਗਾਰ ਦੀ ਗੱਲ ਲੋਕ ਗੀਤਾਂ ਰਾਹੀਂ ਹੁੰਦੀ ਰਹੀ ਹੈ। ਕਿਸੇ ਪ੍ਰੇਮੀ ਮੁੰਡੇ ਦੁਆਰਾ ਕਿਸੇ ਮੁਟਿਆਰ ਦਾ ਹਾਰ ਸ਼ਿੰਗਾਰ ਦੇਖਣ ਤੋਂ ਪਿੱਛੋਂ ਸਮੇਂ ਤੇ ਉਸਦੇ ਮੂੰਹੋਂ ਉਜਰੇ ਸ਼ਬਦ ਲੋਕ ਗੀਤ ਦਾ ਰੂਪ ਧਾਰਨ ਕਰਦੇ ਗਏ ਹਨ। ਜਿਵੇਂ:

ਤੇਰਾ ਰੂਪ ਝੱਲਿਆ ਨਾਂ ਜਾਵੇ,ਕੰਨੋਂ ਲਾ ਦੇ ਸੋਨ ਚਿੜੀਆਂ
 ਸੁਰਮਾ ਕਹਿਰ ਦੀ ਗੋਲੀ, ਬਿੱਲੀਆਂ ਅੱਖੀਆਂ ਨੂੰ
 ਕਦੇ ਹਾਕ ਨਾਂ ਚੰਦਰੀਏ ਮਾਰੀ,ਚੂੜੇ ਵਾਲੀ ਬਾਂਹ ਕੱਢ ਕੇ

ਵਿਆਹ[ਸੋਧੋ]

ਵਿਆਹ ਪੰਜਾਬ ਦੀ ਸੱਭਿਅਤਾ ਦਾ ਇੱਕ ਮੁੱਖ ਅੰਗ ਹੈ।ਲੇਖਕ ਨੇ ਵਿਆਹ ਦੀ ਰੀਤ ਨੂੰ ਲੈ ਕੇ ਵਿਆਹ ਵਿੱਚ ਹੋਣ ਵਾਲੇ ਕਾਰਜਾਂ ਨੂਂ ਖੂਬ ਪੇਸ਼ ਕੀਤਾ ਹੈ।ਪੰਜਾਬ ਦੇ ਪਹਿਲਾਂ ਵਾਲੇ ਵਿਆਹ ਹੁਣ ਬਹੁਤ ਛੋਟੇ ਹੁੰਦੇ ਜਾ ਰਹੇ ਹਨ। ਵਿਆਹ ਹੁਣ ਸਿਰਫ ਇੱਕ ਦਿਨ ਤੱਕ ਹੀ ਸੀਮਿਤ ਰਹਿ ਚੁੱਕਿਆ ਹੈ।ਜਿ ਕਿ ਪਹਿਲਾਂ ਪੂਰੇ ਹਫਤੇ ਵਿੱਚ ਸਪੂੰਰਨ ਹੁੰਦਾ ਸੀ।ਪਹਿਲਾਂ ਵਾਲੇ ਵਿਆਹ ਵਿੱਚ ਜੰਞ ਤਿੰਨ ਤਿੰਨ ਦਿਨ ਕੁੜੀ ਵਾਲੇ ਘਰ ਰੁਕਦੀ ਸੀ,ਪਰ ਹੁਣ ਇਹ ਕੰਮ ਸਿਰਫ ਕੁਝ ਘੰਟਿਆਂ ਵਿੱਚ ਬੱਝ ਚੁੱਕਿਆ ਹੈ।ਦੱਸਿਆ ਗਿਆ ਹੈ ਕਿ ਪਹਿਲਾ ਵਿਆਹ ਵਿੱਚ ਹਫਤਾ ਹਫਤਾ ਪਹਿਲ਼ਾਂ ਕੁੜੀ ਵਾਲਟ ਘਰ ਸੁਹਾਗ ਅਤੇ ਮੁੰਗੇ ਵਾਲੇ ਘਰ ਘੋੜੀਆਂ ਗਈਆਂ ਜਾਂਦੀਆਂ ਸਨ।ਜਿਵੇਂ:

ਉੱਠ ਨੀ ਰਵੇਲ ਘੋੜੀ, ਬਾਬੇ ਵਿਹੜੇ ਜਾ
 ਬਾਬੇ ਦੇ ਮਨ ਸ਼ਾਦੀਆਂ,ਤੇਰੀ ਦਾਦੀ ਦੇ ਮਨ ਚਾ
 ਘੋੜੀ ਚੁਗਦੀ ਹਰਿਆ ਘਾਹ,ਘੋੜੀ ਪਈ ਸਵੱਲੜੇ ਰਾਹ
 ਘੋੜੀ ਸਾਂਵਲੀ ਸਈਉ

ਵਰ ਜਾਂ ਬਹੂ ਦੀ ਸਰੀਰਕ ਸਫ਼ਾਈ ਲਈ ਜਿਤਨਾਂ ਵਟਣਾਂ ਮਲਣਾ ਅਵੱਸ਼ਕ ਹੁੰਦਾ ਹੈ,ਉਸ ਵੱਟਣੇ ਦਾ ਗੀਤ ਵੀ ਉਤਨਾ ਅਵੱਸ਼ਕ ਹੁੰਦਾ ਹੈ।ਵਟਣਾ ਮਲ ਕੇ ਅਸ਼ਨਾਨ ਕਰਾਉਣ ਮਗਰੋਂ,ਮੁੰਡਾ ਹੋਵੇ ਭਾਵੇਂ ਕੁੜੀ,ਉਹਨੂੰ ਕੁਝ ਖੁਆਇਆ ਜਾਂਦਾ ਹੈ।ਇਸ ਤਰਾਂ ਵਿਆਹ ਵਿੱਚ ਗਾਏ ਜਾਂਦੇ ਛੰਦ,ਲਾਵਾਂ,ਜੰਞ ਬੰਨਣਾਂ,ਜੰਞ ਖਲਾਉਣੀ,ਸਿੱਠਣੀਆਂ,ਡੋਲੀ ਦੇ ਗੀਤ ਪੰਜਾਬ ਦੀ ਪੁਰਾਣੀ ਸੱਭਿਅਤਾ ਵਿੱਚ ਪਹਿਲਾਂ ਤੋਂ ਮੌਜੂਦ ਹਨ। ਜੋ ਕਿਤੇ ਕਿਤੇ ਅਜੋਕੇ ਵਿਆਹਾਂ ਵਿੱਚ ਵੀ ਨਜ਼ਰ ਆਉੰਦੇ ਹਨ।

ਹੋਰ ਆਧਿਆਏ[ਸੋਧੋ]

ਪੰਜਾਬ ਸੱਭਿਅਤਾ ਵਿੱਚ ਜਿੱਥੇ ਵਿਆਹ ਇੱਕ ਮੁੱਖ ਰਸ਼ਮ ਮੰਨੀ ਜਾਂਦੀ ਹੈ। ਉੱਥੇ ਵਿਆਹ ਤੋਂ ਪਿੱਛੋਂ ਹੋਣ ਵਾਲੀ ਸੰਤਾਨ ਵੀ ਸਮਾਜ ਦੀ ਬਣਤਰ ਦਾ ਕਾਇਮ ਰੱਖਣ ਦਾ ਇੱਕ ਮਹੱਤਵਪੂਰਨ ਕਾਰਜ ਹੈ। ਸੰਤਾਨ ਤੇ ਸਾਡੀ ਸਮਾਜਕ ਬਣਤਰ ਦੇ ਅਨੁਸਾਰ ਪੁੱਤਰ ਜਨਮ ਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ।ਜਨਮ ਗੀਤ ਲਈ ਪੰਜਾਬ ਵਿੱਚ 'ਝੁੰਜਨੇ' ਸ਼ਬਦ ਦੀ ਵਰਤੋਂ ਵੀ ਕੀਤੀ ਜਾਂਦੀ ਹੈ।ਉੱਤਰ ਪ੍ਰਦੇਸ਼ ਵਿੱਚ ਜਨਮ- ਗੀਤ 'ਸੋਹਰ' ਅਖਵਾਉਂਦਾ ਹਨ।ਪੰਜਾਬ ਵਿੱਚ ਕਿਤੇ ਕਿਤੇ ਇਨ੍ਹਾਂ ਨੂੰ 'ਹੋਲਰ' ਆਖਦੇ ਹਨ ਜਿਵੇਂ ਕਿ ਇੱਕ ਜਨਮ ਗੀਤ ਦੇ ਮੁੱਢ ਵਿੱਚ ਹੋਲਰ ਸ਼ਬਦ ਦੀ ਵਰਤੋਂ ਦੱਸਦੀ ਹੈ:

ਸੁਣ ਸੁਣ ਰੇ ਹੋਲਰ ਕੇ ਚਿਮਨੇ ਕੇ ਬਾਪ
 ਸਰਬ-ਸਹਾਗਣ ਜੱਚਾ ਰਾਣੀ ਕਿਆ ਮੰਗੇ ਰਾਮ

ਇਸ ਤੋਂ ਇਲਾਵਾ ਲੋਰੀਆਂ ਵਿਹੜਿਆਂ ਵਿੱਚ ਖੇਗਦੇ ਦੇ ਬਾਲਾਂ ਮਨਪਰਚਾਵੇ ਦੀ ਕਵਿਤਾ ਦਾ ਗਾਈ ਜਾਂਦੀ ਹੈ।

ਭੰਡਾ ਭੰਡਾਰੀਆਂ ਕਿਤਨਾਂ ਕੁ ਭਾਰ?
 ਇੱਕ ਮੁੱਠੀ ਚੁਕ ਲੈ ਦੂਈ ਨੂੰ ਤਿਆਰ

ਜਨਮ ਗੀਤਾਂ ਤੋਂ ਇਲਾਵਾ ਇਤਿਹਾਸ ਨੂੰ ਦਰਸਾਉਦੇ ਲੋਕ ਗੀਤ ਵੀ ਉਸ ਸਮੇਂ ਦੇ ਇਤਿਹਾਸ ਦੀਆਂ ਹੱਡ ਬੀਤੀਆਂ ਨੂੰ ਕਿਸੇ ਮੁੱਖ ਪਾਤਰ ਦੇ ਵਾਂਗ ਪੇਸ਼ ਕਰਦੇ ਹਨ।ਮੁਗਲਾਂ ਸਮੇਂ ਦਾ ਇੱਕ ਗੀਤ 'ਸੁੰਦਰੀ' ਇਸਦੀ ਉਦਾਹਰਨ ਹੈ।ਇਤਿਹਾਸ ਦੀ ਪੇਸ਼ਕਾਰੀ ਕਰਦੇ ਗੀਤਾਂ ਵਿੱਚ ਸਿੱਖ ਰਾਜ ਅੰਗਰੇਜਾਂ ਦੇ ਹੱਥੋਂ ਹਾਰਨ ਤੋਂ ਪਹਿਲ਼ਾਂ ਪੰਜਾਬੀਆਂ ਦਾ ਰਾਜ ਬਣ ਚੁੱਕਾ ਸੀ। ਇਸ ਦਾ ਪਰਮਾਣ ਸਾਂਦਲ ਬਾਰ ਦਾ ਢੋਲਾ ਹੈ।ਅੱਜ ਦਾ ਸਾਡਾ ਲੋਕ ਗੀਤ ਅਜ਼ਾਦੀ ਦੇ ਵਾਤਾਵਰਨ ਵਿੱਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਜਸ ਗਾਉਣ ਵਿੱਚ ਰਸ ਮਾਣਦਾ ਹੈ।

ਚਿੱਟਾ ਰੁਪਈਆ ਚਾਂਦੀ ਦਾ ਰਾਜ ਮਹਾਤਮਾ ਗਾਂਧੀ ਦਾ

ਲੋਕ ਗੀਤ ਆਪਣੇ ਆਪ ਵਿੱਚ ਇੱਕ ਆਜ਼ਾਦ ਵਿਧਾ ਹੈ।ਜਿਸ ਦਾ ਜਨਮ ਹਜ਼ਾਰਾਂ ਸਾਲ ਪਹਿਲ਼ਾਂ ਹੋਇਆ ਹੈ। ਰਾਲਫ਼ ਫ਼ਾਕਸ ਦੇ ਅਨੁਸਾਰ ਲੋਗ-ਗੀਤ ਨਾ ਕਦੇ ਪੁਰਾਣਾ ਹੁੰਦਾ ਹੈ ਨਾਂ ਨਵਾਂ। ਉਹ ਤਾਂ ਜੰਗਲ ਦੇ ਇੱਕ ਰੁੱਖ ਵਰਗਾ ਹੈ,ਜਿਸ ਦੀਆਂ ਜੜ੍ਹਾਂ ਤਾਂ ਦੂਰ ਧਰਤੀ(ਭੂਤਕਾਲ)ਵਿਚ ਧੱਸੀਆਂ ਹੋਈਆਂ ਹਨ,ਪਰ ਜਿਸ ਵਿੱਚ ਲਗਾਤਾਰ ਨਵੀਆਂ ਡਾਲੀਆਂ,ਕਰੂੰਬਲਾਂ ਤੇ ਫਲ,ਫੁੱਲ ਫੁੱਟਦੇ ਹਨ।' ਇਸ ਭਾਵ ਨੂੰ ਲੋਕ ਗੀਤ ਵਿੱਚ ਇੰਝ ਅੰਕਿਤ ਕੀਤਾ ਗਿਆ ਹੈ:

ਪਿੱਪਲ ਦਿਆ ਪੱਤਿਆ ਵੇ,ਕਹੀ ਖੜ ਖੜ ਲਾਈ ਆ
 ਝੜ ਪਉ ਪੁਰਾਣਿਆਂ ਵੇ, ਰੁੱਤ ਨਵਿਆਂ ਦੀ ਆਈਆਂ