ਲੋਕ ਦੇਵਤੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਲੋਕ ਧਰਮ ਵਿੱਚ ਜਿਹਨਾਂ ਸਕਤੀਆਂ ਦੀ ਪੂਜਾ ਕੀਤੀ ਜਾਂਦੀ ਹੈ ਉਹ ਲੋਕ ਦੇਵਤੇ ਹੁੰਦੇ ਹਨ। ਇਹ ਸਾਰੇ ਲੋਕਾਂ ਦੇ ਸਰਬ- ਸਾਂਝੇ ਹੁੰਦੇ ਹਨ, ਇਹਨਾ ਦਾ ਵਿਸ਼ਸ਼ਟ ਧਰਮ ਨਾਲ ਕੋਈ ਸੰਬੰਧ ਨਹੀਂ ਹੁੰਦਾ।

ਲੋਕ ਦੇਵਤੇ ਕਿਵੇਂ ਪੈਦਾ ਹੁੰਦੇ ਹਨ[ਸੋਧੋ]

ਲੋਕ ਦੇਵਤੇ ਲੋਕਾਂ ਦੁਆਰਾ ਬਣਾਏ ਜਾਂਦੇ ਹਨ । ਇਹ ਲੋਕਾਂ ਦੇ ਡਰ ਅਤੇ ਸਰਧਾ ਭਾਵਨਾ ਵਿਚੋਂ ਪੈਦਾ ਹੁੰਦੇ ਹਨ। "ਮਨੁੱਖ ਕੁਦਰਤੀ ਸਕਤੀਆਂ ਸੂਰਜ, ਅੱਗ, ਚੰਦ ਤੋ ਬੜਾ ਭੈ-ਭੀਤ ਰਹਿੰਦਾ ਸੀ । ਉਸਨੂੰ ਹਮੇਸ਼ਾ ਇਸ ਗੱਲ ਦਾ ਤੋਖਲਾ ਰਹਿੰਦਾ ਸੀ ਕਿ ਕੁਦਰਤੀ ਸ਼ਕਤੀਆਂ ਉਸ ਨੂੰ ਕਿਧਰੇ ਨੁਕਸਾਨ ਨਾ ਪਹੁੰਚਾ ਦੇਣ । ਲੋਕ ਮਾਨਸ ਨੇ ਇਹਨਾ ਦੀ ਵਾਸਤਵਿਕ ਹੋਂਦ ਨੂੰ ਮੰਨ ਲਿਆ ਅਤੇ ਫਿਰ ਉਸ ਨੇ ਇਨੵਾਂ ਦੀ ਕਰੋਪੀ ਤੋਂ ਡਰਦੇ ਉਹਨਾਂ ਸਕਤੀਆਂ ਦੀ ਪੂਜਾ ਆਰੰਭ ਕਰ ਦਿੱਤੀ।"[1]

ਲੋਕ ਦੇਵਤਿਆਂ ਦੇ ਪੈਦਾ ਹੋਣ ਦੇ ਤਿੰਨ ਆਧਾਰ ਹਨ :-

1. ਨਿਰੋਲ ਡਰ ਦੀ ਉਪਜ ਜਿਵੇਂ ਨਾਗ ਦੇਵਤਾ , ਬਦਰੂਹਾ ਦੀ ਪੂਜਾ । 2. ਨਿਰੋਲ ਸਰਧਾ ਭਾਵਨਾ ਦੀ ਉਪਜ ਜਿਵੇਂ ਧਰਤੀ ਮਾਤਾ, ਗਊ , ਰੁੱਖ। 3. ਡਰ ਅਤੇ ਸਰਧਾ ਦੋਹਾਂ ਦੀ ਉਪਜ ਜਿਵੇਂ ਅੱਗ, ਪਾਣੀ, ਪਿੱਤਰ ।[2]

ਲੋਕ ਦੇਵਤੇ[ਸੋਧੋ]

ਧਰਤੀ ਮਾਤਾ[ਸੋਧੋ]

ਧਰਤੀ ਮਾਤਾ ਨੂੰ ਧਰਨੀ ਦੇਵੀ ਵੀ ਕਹਿੰਦੇ ਹਨ । ਪੰਜਾਬੀ ਮਨ ਨੇ ਧਰਤੀ ਦਾ ਵੀ ਦੈਵੀਕਰਨ ਕੀਤਾ ਹੈ ।ਧਰਤੀ ਮਾਤਾ ਭੂਮੀ ਦੇ ਰੂਪ ਵਿੱਚ ਸਰਵਵਿਆਪਕ ਹੈ, ਇਸ ਲਈ ਧਰਤੀ ਦੀ ਕੋਈ ਮਾੜੀ ਜ਼ਾਂ ਪੂਜਾ ਸਥਾਨ ਨਹੀਂ ਬਣਾਇਆ ਜਾਂਦਾ । ਪੰਜਾਬੀ ਕਿਸਾਨ ਹਰ ਕੰਮ ਕਰਨ ਲੱਗਿਆ ਧਰਤੀ ਨੂੰ ਪੂਜਦਾ ਹੈ । ਹੱਲ ਵਾਹੁਣ ਅਤੇ ਬੀਜ਼ ਬੀਜਣ ਵੇਲੇ , ਫਸਲ ਦੀ ਕਟਾਈ ਵੇਲੇ ,ਨਵੇ ਮਕਾਨ ਦੀ ਉਸਾਰੀ ਵੇਲੇ, ਗਊ/ਮੱਝ ਚੌਣ ਸਮੇਂ ਆਦਿ ਸਮਿਆਂ ਤੇ ਧਰਤੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਭੇਟਾਂ ਦਿੱਤੀਆਂ ਜਾਂਦੀਆਂ ਹਨ ।

ਸੂਰਜ ਦੇਵਤਾ[ਸੋਧੋ]

ਸੂਰਜ ਪੰਜਾਬੀ ਲੋਕ ਧਰਮ ਦੇ ਪੑਮੁੱਖ ਦੇਵਤਿਆ ਵਿੱਚੋਂ ਇਕ ਹੈ । ਬਾਰਵੀ ਸਦੀ ਤੋਂ ਪਹਿਲਾਂ ਉਤਰੀ ਭਾਰਤ ਵਿੱਚ ਸਭ ਤੋਂ ਵੱਧ ਪੂਜਿਆ ਜਾਣ ਵਾਲਾ ਦੇਵਤਾ ਸੀ । ਲੋਕ ਧਰਮ ਵਿੱਚ ਸੂਰਜ ਦੀ ਪੂਜਾ ਲਈ ਕੋਈ ਵਿਸ਼ੇਸ਼ ਸਥਾਨ ਨਹੀਂ ਉਸਾਰਿਆ ਜਾਂਦਾ । ਚੜਦੇ ਸੂਰਜ ਨੂੰ ਪਾਣੀ ਦਿੱਤਾ ਜਾਂਦਾ ਹੈ ਤੇ ਨਮਸਕਾਰ ਕੀਤਾ ਜਾਂਦਾ ਹੈ । " ਸੂਰਜ ਉਤਪਾਦਨ ਦਾ ਵੀ ਦੇਵਤਾ ਹੈ । ਅੈਤਵਾਰ ਨੂੰ ਸੂਰਜ ਦੇ ਉਪਾਸਕ ਵਰਤ ਵੀ ਰੱਖਦੇ ਹਨ ।"[3]

ਖਵਾਜਾ[ਸੋਧੋ]

ਖਵਾਜਾ ਪਾਣੀ ਦੀ ਸ਼ਕਤੀ ਦਾ ਪੑਤੀਨਿਧ ਹੈ ਇਸ ਨੂੰ ਪੰਜਾ ਪੀਰਾਂ ਵਿਚੋਂ ਇੱਕ ਮੰਨਿਆ ਗਿਆ ਹੈ । ਇਸਦਾ ਸਥਾਨ ਖੂਹ , ਦਰਿਆ , ਟਿਊਬਵੈੱਲ ਜਾਂ ਪਾਣੀ ਦਾ ਕੋਈ ਹੋਰ ਸੋਮਾਂ ਕਿਆਸ ਕੀਤਾ ਜਾਂਦਾ ਹੈ । ਪਾਣੀ ਲਈ ਖੂਹ ਪੁੱਟਣ , ਨਲਕਾ ਜਾਂ ਟਿਊਬਵੈੱਲ ਲਾਉਣ ਸਮੇਂ ਇਸਦੀ ਪੂਜਾ ਕੀਤੀ ਜਾਂਦੀ ਹੈ । ਇਸਨੂੰ ਖੁਸ ਕਰਨ ਲਈ ਮਿੱਠਾ ਦਲੀਆ ਚੜਾਇਆ ਜਾਂਦਾ ਹੈ ਤਾਂ ਕਿ ਪਾਣੀ ਮਿੱਠਾ ਅਤੇ ਵਧੇਰੇ ਨਿਕਲੇ । ਹੜ੍ਹ ਦੇ ਦਿਨ੍ਹਾਂ ਵਿੱਚ ਖਵਾਜਾ ਪੀਰ ਨੂੰ ਖੁਸ ਰੱਖਣ ਲਈ ਉਚੇਚੀਆਂ ਭੇਟਾਂ ਕਰਵਾਈਆ (ਚੜਾਈਆਂ) ਜਾਂਦੀਆਂ ਹਨ

ਗੁੱਗਾ[ਸੋਧੋ]

ਗੁੱਗਾ ਪੀਰ ਨੂੰ ਸੱਪਾਂ ਦਾ ਦੇਵਤਾ ਮੰਨਿਆ ਗਿਆ ਹੈ । ਹਰੇਕ ਪਿੰਡ ਵਿੱਚ ਇਸਦੀ ਮਾੜੀ ਹੁੰਦੀ ਹੈ । ਭਾਦੌਂ ਦੇ ਮਹੀਨੇ ਗੁੱਗੇ ਦੀ ਪੂਜਾ ਕੀਤੀ ਜਾਂਦੀ ਹੈ । ਗੁੱਗਾ ਨੌਮੀ ਵਾਲੇ ਦਿਨ ਹਰੇਕ ਮਾੜੀ ਉੱਤੇ ਮੇਲਾ ਲੱਗਦਾ ਹੈ । ਔਰਤਾਂ ਸੇਵੀਆਂ ਅਤੇ ਦੁੱਧ ਨਾਲ ਮੱਥਾ ਟੇਕਦੀਆ ਹਨ । ਇਸ ਦਿਨ ਗੁੱਗੇ ਦੀ ਮਿੱਟੀ ਵੀ ਕੱਢੀ ਜਾਂਦੀ ਹੈ ।

ਪਿੱਪਲ[ਸੋਧੋ]

ਪੰਜਾਬੀ ਸਮਾਜ ਵਿੱਚ ਪਿੱਪਲ ਦਾ ਵਿਸ਼ੇਸ਼ ਸਥਾਨ ਹੈ ਪਿੱਪਲ ਨੂੰ ਬ੍ਰਹਮਾ ਦਾ ਰੂਪ ਕਿਆਸ ਕੀਤਾ ਜਾਂਦਾ ਹੈ ਅਤੇ ਇਸਦੀ ਪੂਜਾ ਕੀਤੀ ਜਾਂਦੀ ਹੈ ।

ਗਊ ਮਾਤਾ[ਸੋਧੋ]

ਪੰਜਾਬੀ ਸਮਾਜ ਖੇਤੀ ਪ੍ਰਧਾਨ ਸਮਾਜ ਹੈ । ਖੇਤੀ ਪ੍ਰਧਾਨ ਸਮਾਜ ਵਿੱਚ ਗਊ ਦੀ ਵਿਸ਼ਸ਼ ਮੱਹਤਤਾ ਹੈ । ਬਲਦ ਗਊ ਦਾ ਜਾਇਆ ਹੈ ਜਿਸ ਬਾਰੇ ਕਿਹਾ ਜਾਂਦਾ ਹੈ :-

     ਧਨ ਗਊ ਦਾ ਜਾਇਆ , 
     ਜਿਸ ਨੇ ਸਾਰਾ ਜੱਗ ਵਸਾਇਆ ।

ਇਸ ਤੋ ਇਲਾਵਾ ਗਊ ਦੁੱਧ ਦੇਣ ਕਰਕੇ ਵਿਸ਼ੇਸ਼ ਮਹੱਤਵ ਰੱਖਦੀ ਹੈ ।ਗਾਂ ਦੇ ਦੁੱਧ ਨੂੰ ਪੱਵਿਤਰ ਮੰਨਿਆ ਜਾਂਦਾ ਹੈ ਅਤੇ ਇਸਦੀ ਪੂਜਾ ਕੀਤੀ ਜਾਂਦੀ ਹੈ ।

ਸੀਤਲਾ ਦੇਵੀ[ਸੋਧੋ]

ਪੰਜਾਬ ਵਿੱਚ ਸਭ ਤੋਂ ਭੈ ਦਾਇਕ ਦੇਵੀ ਸੀਤਲਾ ਮਾਈ ਹੈ ਜਿਸ ਨੂੰ ਮਾਤਾ ਵੀ ਕਹਿੰਦੇ ਹਨ । ਇਹ ਦੇਵੀ ਬੱਚਿਆਂ ਵਿੱਚ ਚੇਚਕ ਰੋਗ ਫੈਲਾਂਦੀ ਹੈ । ਜਦੋਂ ਕਿਸੇ ਬੱਚੇ ਨੂੰ ਚੇਚਕ ਹੋ ਜਾਂਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਉਸ ਵਿੱਚ ਦੇਵੀ ਪ੍ਰਵੇਸ਼ ਕਰ ਗਈ ਹੈ । ਇਸ ਦੇਵੀ ਦੇ ਪ੍ਰਕੋਪ ਤੋ ਬਚਣ ਲਈ ਕਈ ਤਰ੍ਹਾਂ ਦੇ ਉਪਾਅ ਕੀਤੇ ਜਾਂਦੇ ਹਨ । ਸਾਉਣ ਦੇ ਮਹੀਨੇ ਸੀਤਲਾ ਸਪਤਮੀ ਵਾਲੇ ਦਿਨ ਕਈ ਤੀਵੀਆਂ ਸੀਤਲਾ ਦੇਵੀ ਦੀ ਉਚੇਚੀ ਪੂਜਾ ਕਰਦੀਆ ਹਨ । ਇਸ ਤਿੱਥ ਨੂੰ ਜਰਗ ਵਿੱਚ ਭਾਰੀ ਮੇਲਾ ਲੱਗਦਾ ਹੈ ,ਜਿਸ ਵਿੱਚ ਬੇਹੇ ਗੁਲਗੁਲੇ ਖੋਤਿਆਂ ਨੂੰ ਖੁਆਏ ਜਾਂਦੇ ਹਨ ਅਤੇ ਮਾਈ ਨੂੰ ਭੇਟਾ ਕੀਤੇ ਜਾਂਦੇ ਹਨ ।

ਭੂਮੀਆ[ਸੋਧੋ]

ਪਿੰਡ ਦੇ ਦੇਵਤਿਆ ਵਿੱਚ ਭੂਮੀਏ ਦਾ ਮੁੱਖ ਸਥਾਨ ਹੈ । ਭੂਮੀਆ ਪਿੰਡ ਦੀ ਭੂਮੀ ਦਾ ਹੀ ਮਾਨਵੀਕਰਣ ਅਤੇ ਦੈਵੀਕਰਣ ਹਾ । ਭੂਮੀਆ ਧਰਤੀ ਮਾਤਾ ਨਾਲ ਮਿਲਦਾ ਜੁਲਦਾ ਦੇਵਤਾ ਹੈ ਪਰ ਧਰਤੀ ਮਾਤਾ ਕਰੂਰ ਤਾਕਤਾਂ ਅਤੇ ਬਦਰੂਹਾਂ ਤੋਂ ਰਖਿਆ ਨਹੀਂ ਕਰ ਸਕਦੀ ।ਇਹ ਦੁੱਖ ਨਹੀਂ ਹਰ ਸਕਦੀ । ਭੂਮੀਆ ਇਕ ਨਰ ਦੇਵਤਾ ਇਸਦਾ ਅਧਿਕਾਰ ਉਸੇ ਖੇਤਰ ਉਤੇ ਹੁੰਦਾ ਹੈ , ਜਿਸ ਉੱਤੇ ਕੋਈ ਪਿੰਡ ਵਸਿਆ ਹੋਇਆ ਹੁੰਦਾ ਹੈ । ਭੂਮੀਆ ਪਿੰਡ ਦੀ ਸਾਰੀ ਭੂਮੀ ਵਿੱਚ ਫੈਲਿਆ ਹੁੰਦਾ ਹੈ , ਇਸ ਲਈ ਇਸ ਦੀ ਕੋਈ ਮੂਰਤੀ ਨਹੀਂ ਬਣਾਈ ਜਾਂਦੀ ਪਰ ਇਸਦਾ ਅਸਥਾਨ ਪਿੰਡ ਦੇ ਬਾਹਰ ਬਣਾਇਆ ਜਾਂਦਾ ਹੈ । ਭੂਮੀਆ ਕਲਿਆਣੀ ਰੂਹ ਹੈ ਜੋ ਲੋਕਾਂ ਦੀਆ ਪ੍ਰਾਰਥਨਾਵਾਂ ਸੁਣਦਾ ਅਤੇ ਰਖਿਆ ਕਰਦਾ ਹੈ ।[4]

ਸੀਮਾ ਦੇਵਤਾ[ਸੋਧੋ]

ਗ੍ਰਾਮ ਦੇਵਤਿਆ ਵਿੱਚ ਇਸਦਾ ਸਥਾਨ ਵੀ ਮਹੱਤਵਪੂਰ ਹੈ । ਇਸਦਾ ਅਧਿਕਾਰ ਪਿੰਡ ਦੀ ਸੀਮਾ ਦੇ ਅੰਦਰ ਹੁੰਦਾ ਹੈ ਤੇ ਬਦਰੂਹਾਂ, ਰੋਗ , ਅਤੇ ਬਿਮਾਰੀਆ ਫੈਲਾਣ ਵਾਲੀਆ ਸਕਤੀਆਂ ਨੂੰ ਸੀਮਾ ਤੋਂ ਦੂਰ ਰੱਖਦਾ ਹੈ । ਜਦੋਂ ਕਿਧਰੇ ਨਾਲ ਦੇ ਪਿੰਡ ਵਿੱਚ ਕੋਈ ਬਿਮਾਰੀ ਫੈਲ ਗਈ ਹੋਵੇ ਤਾਂ ਪਿੰਡ ਦੇ ਵਸਦੇ ਲੋਕਾਂ ਤੇ ਪਸ਼ੂਆ ਦੀ ਰਖਿਆ ਲਈ ਸੀਮਾ ਦੇਵਤੇ ਦੀ ਪੂਜਾ ਕੀਤੀ ਜਾਂਦੀ ਹੈ ।

ਹਵਾਲੇ[ਸੋਧੋ]

  1. ਬਲਬੀਰ ਸਿੰਘ ਪੂਨੀ, ਲੋਕਧਾਰਾ , ਵਾਰਿਸ਼ ਸ਼ਾਹ ਫਾਉਂਡੇਸਨ ਅੰਮ੍ਰਿਤਸਰ , ਪੰਨਾ 118
  2. ਬਲਬੀਰ ਸਿੰਘ ਪੂਨੀ, ਲੋਕਧਾਰਾ , ਵਾਰਿਸ਼ ਸ਼ਾਹ ਫਾਉਂਡੇਸਨ ਅੰਮ੍ਰਿਤਸਰ , ਪੰਨਾ 121
  3. ਡਾ਼ ਸੋਹਿੰਦਰ ਸਿੰਘ ਵਣਜਾਰਾ ਬੇਦੀ,ਲੋਕ ਧਰਮ, ਨੈਸ਼ਨਲ ਬੁੱਕ ਸ਼ਪ ਦਿੱਲੀ , ਪੰਨਾ 43
  4. ਡਾ਼ ਸੋਹਿੰਦਰ ਸਿੰਘ ਵਣਜਾਰਾ ਬੇਦੀ,ਲੋਕ ਧਰਮ, ਨੈਸ਼ਨਲ ਬੁੱਕ ਸ਼ਪ ਦਿੱਲੀ , ਪੰਨਾ 106