ਵਰਤੋਂਕਾਰ:AVTAR SINGH TUNGWALI

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਦ ਭਗਤ ਨਾਮਦੇਵ ਨੇ ਪੰਡਤ ਦੀ ਪ੍ਰਭੂ ਪ੍ਰਮਾਤਮਾ ਕੋਲ ਕੀਤੀ ਸ਼ਿਕਾਇਤ – "ਏ ਪੰਡੀਆ ਮੋ ਕਉ ਢੇਢ ਕਹਤ"

ਭਾਵੇਂ 'ਢੇਡ' ਸ਼ਬਦ ਉੱਪਰ ਭਾਰਤੀ ਸੰਵਿਧਾਨ ਵੀ ਤੇ ਕਾਨੂੰਨ ਵੀ ਕਾਫੀ ਸਖਤ ਹੈ ਤੇ ਕਿਸੇ ਵੀ ਨੀਵੀਂ ਜਾਤ ਵਾਲੇ ਨੂੰ ਜਾਂ ਕਿਸੇ ਦੇ ਨੀਚ ਕੰਮਾਂ ਕਾਰਨ ਜ਼ਲੀਲ ਕਰਨ ਵਾਲੇ ਨੂੰ ਸਜ਼ਾ ਦਾ ਵੀ ਪ੍ਰਾਵਧਾਨ ਹੈ, ਪਰ ਫਿਰ ਵੀ ਉੱਚ ਜਾਤੀ ਲੋਕਾਂ ਵਿੱਚ ਗੁਰਬਾਣੀ ਪੜ੍ਹਨ ਦੇ ਬਾਵਜੂਦ ਹਾਲੇ ਤੱਕ ਨੀਚ ਜਾਤਾਂ ਵਾਲੇ ਲੋਕਾਂ ਪ੍ਰਤੀ ਉਹ ਨਜ਼ਰੀਆ ਨਹੀਂ ਬਣਿਆ ਜੋ ਗੁਰੂ ਸਾਹਿਬਾਨ ਅਤੇ ਭਗਤ ਜਨ ਲੋਚਦੇ ਹਨ। ਉਪਰੋਕਤ ਲਾਈਨਾਂ ਵੀ ਭਗਤ ਨਾਮਦੇਵ ਜੀ ਦੁਆਰਾ ਉਚਾਰਣ ਕੀਤੀਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ੧੨੯੨ ਮਲਾਰ ਰਾਗ ਅੰਦਰ ਅੰਕਿਤ ਹਨ। ਕਈ ਵਾਰ ਲੋਕ ਭੂਤ ਪ੍ਰੇਤਾਂ, ਦੇਵੀ ਦੇਵਤਿਆਂ ਆਦਿ ਲਈ ਕਹਿ ਦਿੰਦੇ ਹਨ ਕਿ ਇਨ੍ਹਾਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੇ ਹਨ ਤਾਂ ਇਹ ਸ਼ਾਇਦ ਅਸਲੀਅਤ ਵਿੱਚ ਵੀ ਹੋਣਗੇ। ਇਸੇ ਤਰ੍ਹਾਂ 'ਢੇਡ' ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ ਤੇ ਇਸਦਾ ਇਹ ਮਤਲਬ ਨਹੀਂ ਕੱਢਿਆ ਜਾ ਸਕਦਾ ਕਿ ਕਿਸੇ ਪ੍ਰਤੀ ਇਹ ਸ਼ਬਦ ਕਹਿਣ ਦੀ ਖੁੱਲ੍ਹ ਦਿੱਤੀ ਗਈ ਹੈ। ਭਗਤ ਨਾਮਦੇਵ ਜੀ ਨੂੰ ਜਿਸ ਪ੍ਰਸਥਿਤੀ ਵਿੱਚ ਉਸ ਸਮੇਂ ਦੇ ਹੰਕਾਰੇ ਤੇ ਭੂਤਰੇ ਪੰਡਿਤ ਨੇ ਭਗਤ ਨਾਮਦੇਵ ਜੀ ਨੂੰ ਅਜਿਹੇ ਸ਼ਬਦਾਂ ਨਾਲ ਬੇਇਜ਼ਤ ਕੀਤਾ ਹੋਵੇਗਾ ਤਾਂ ਉਹ ਜਾਂ ਤਾਂ ਭਗਤ ਨਾਮਦੇਵ ਜੀ ਜਾਣਦੇ ਹਨ ਜਾਂ ਫਿਰ ਪ੍ਰਮਾਤਮਾ। ਪਰ ਭਗਤ ਨਾਮਦੇਵ ਜੀ ਨੇ ਆਪਣੀ ਉਚਾਰੀ ਬਾਣੀ ਦੇ ਇਸ ਸ਼ਬਦ ਦੁਆਰਾ ਪ੍ਰਭੂ ਪ੍ਰਮਾਤਮਾ ਨੂੰ ਸਖਤ ਸ਼ਬਦਾਂ ਵਿੱਚ ਤਾਅਨਾ ਮਾਰਿਆ ਹੈ। ਜਿਸ ਤਰ੍ਹਾਂ ਦੋ ਵਿਅਕਤੀ ਲੜ ਪੈਣ ਤੇ ਇੱਕ ਦੇ ਹੱਥ ਵਿੱਚ ਕੋਈ ਉੱਚ ਤਾਕਤ ਵਾਲਾ ਵਿਅਕਤੀ ਹੋਵੇ ਤੇ ਉਹ ਉਸਨੂੰ ਕਹੇ ਕਿ ਜੇ ਹੁਣ ਵੀ ਤੂੰ ਕੁੱਝ ਨਹੀਂ ਕਰ ਸਕਦਾ ਤਾਂ ਫਿਰ ਮੈਂ ਤੈਥੋਂ ਕੀ ਕਰਵਾਉਣਾ ਹੈ। ਬਿੱਲਕੁੱਲ ਇਸੇ ਤਰ੍ਹਾਂ ਹੀ ਜਦ ਭਗਤ ਨਾਮਦੇਵ ਜੀ ਨੂੰ ਮੀਦਰ ਦੇ ਪੁਜਾਰੀਆਂ ਦੁਆਰਾ ਧੱਕੇ ਮਾਰਕੇ ਮੰਦਰ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਸੀ ਤੇ 'ਢੇਡ' ਸਮੇਤ ਅਜਿਹੇ ਹੋਰ ਕਈ ਸ਼ਬਦ ਬੋਲਕੇ ਬੇਇਜ਼ਤ ਕੀਤਾ ਜਾ ਰਿਹਾ ਸੀ ਤਾਂ ਭਗਤ ਜੀ ਨੇ ਪ੍ਰਭੂ ਪ੍ਰਮਾਤਮਾ ਨੂੰ ਸਾਹਮਣੇ ਤੋਂ ਤੱਕਿਆ ਤੇ ਸਖਤ ਮਿਹਣਾ ਮਾਰਿਆ। ਮਲਾਰ॥ "ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ॥ ਤੂ ਨ ਬਿਸਾਰੇ ਰਾਮਈਆ ॥੧॥ਰਹਾਉ॥ ਹੇ ਪ੍ਰਮਾਤਮਾ ਤੂੰ ਮੈਨੂੰ ਹੁਣ ਭੁੱਲ ਨਾ, ਨਾ ਭੁੱਲ, ਥਾ ਥਾਂ ਰਮਿਆ ਹੋਇਆ ਨਾ ਭੁੱਲ। ਤੈਨੂੰ ਪਤਾ ਹੈ ਕਿ ਤੇਰੇ ਤੇ ਮੇਰੇ ਵਿੱਚ ਹੁਣ ਕੋਈ ਭੇਦ ਨਹੀਂ ਹੈ ਪਰ ਆਹ ਜਿਹੜੇ ਪੁਜਾਰੀ ਪੰਡਿਤ ਹਨ ਇਹ ਬਹੁਤ ਵੱਡੇ ਭੁਲੇਖੇ ਵਿੱਚ ਹਨ ਜਿਨ੍ਹਾਂ ਨੇ ਮੈਨੂੰ ਸੂਦ ਸੂਦ ਕਹਿ ਕੇ ਉਠਾ ਕੇ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ। ਹੇ ਠਾਕੁਰ ਪਿਤਾ ਜੀਓ, ਮੈਂ ਹੁਣ ਕੀ ਕਰਾਂ "ਆਲਾਵੰਤੀ ਇਹੁ ਭ੍ਰਮੁ ਜੋ ਹੈ ਮੁਝ ਊਪਰਿ ਸਭ ਕੋਪਿਲਾ॥ ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ॥੧॥ ਤੂੰ ਮੈਨੂੰ ਮਰੇ ਨੂੰ ਮੁਕਤੀ ਦੇਵੇਂਗਾ, ਉਹ ਮੈਂ ਕੀ ਕਰਨੀ ਹੈ? ਮਰੇ ਦੀ ਮੇਰੀ ਮੁਕਤੀ ਇਨ੍ਹਾਂ ਵਿੱਚੋਂ ਕੀਹਨੇ ਦੇਖਣੀ ਹੈ? "ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ॥" ਆਹ ਪੰਡਿਤ ਦੇਖ, ਮੈਨੂੰ ਹਾਲੇ ਵੀ ਢੇਡ ਢੇਡ ਕਹਿ ਕੇ ਬੇਇਜ਼ਤ ਕਰ ਰਹੇ ਹਨ, ਕਿਉਂਕਿ ਤੇਰੇ ਤੇ ਮੇਰੇ ਵਿੱਚ ਕੋਈ ਭੇਦ ਨਹੀਂ, ਇਸ ਲਈ ਮੈਂ ਸਮਝਦਾ ਹਾਂ ਕਿ ਇਹ ਹੁਣ ਤੈਨੂੰ ਢੇਡ ਕਹਿ ਰਹੇ ਹਨ ਤੇ ਮੇਰੇ ਨਾਲ ਨਾਲ ਤੇਰੀ ਵੀ ਬੇਇਜ਼ਤੀ ਹੋ ਰਹੀ ਹੈ। "ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ" ॥੨॥ ਪ੍ਰਭੂ ਪਿਤਾ ਜੀਓ, ਤੂੰ ਬਹੁਤ ਕ੍ਰਿਪਾਲੂ ਤੇ ਦਿਆਲੂ ਪਿਤਾ ਹੈਂ, ਤੇਰੀ ਤਾਕਤ ਦਾ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਅੰਦਾਜ਼ਾ ਨਹੀਂ। "ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ ਅਤਿਭੁਜ ਭਇਓ ਅਪਾਰਲਾ॥" ਬੱਸ ਫੇਰ ਕੀ ਸੀ, ਪ੍ਰਮਾਤਮਾ ਨੇ ਨਾਮਦੇਵ ਦੀ ਪੁਕਾਰ ਸੁਣੀ ਤੇ ਮੰਦਰ ਦਾ ਮੂੰਹ ਜਿੱਧਰ ਨਾਮਦੇਵ ਨੂੰ ਧੱਕੇ ਮਾਰ ਕੇ ਕੱਢਿਆ ਸੀ, ਉਸ ਦਿਸ਼ਾ ਵੱਲ ਫੇਰ ਦਿੱਤਾ ਤੇ ਹੰਕਾਰੀ ਪੰਡਿਤਾਂ ਵੱਲ ਮੰਦਰ ਦੀ ਪਿੱਠ ਕਰ ਦਿੱਤੀ। "ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ॥੩॥੨॥ ਇਹ ਸ਼ਬਦ ਮਹਿਜ ਪੜ੍ਹਨ ਸੁਣਨ ਜਾਂ ਮੁਕਤੀ ਕਰਵਾਉਣ ਲਈ ਨਹੀਂ ਬਲਕਿ ਇਨ੍ਹਾਂ ਪੁਰਾਣੀਆਂ ਹੰਕਾਰੀ ਬਿਰਤੀ ਵਾਲੀਆਂ ਬ੍ਰਾਹਮਣਵਾਦੀ ਰੀਤੀਆਂ ਤੋਂ ਛੁਟਕਾਰਾ ਪਾਉਣ ਲਈ ਹੈ। ਕਈ ਲੋਕ ਕਈ ਕਈ ਸ਼੍ਰੀ ਆਖੰਡ ਪਾਠ ਕਰ ਗਏ, ਕਈ ਕਈ ਸਹਿਜ ਪਾਠ ਕਰ ਗਏ, ਪਰ ਪਤਾ ਨਹੀਂ ਉਨ੍ਹਾਂ ਦੀਆਂ ਬਿਰਤੀਆਂ ਅਜੇ ਵੀ ਉਸੇ ਪੱਧਰ ਉੱਪਰ ਟਿਕੀਆਂ ਹੋਈਆਂ ਹਨ ਜਿੱਥੇ ਅੱਜ ਤੋਂ ਕਈ ਸੌ ਸਾਲ ਪਹਿਲਾਂ ਬ੍ਰਾਹਮਣ ਜਾਤ ਦੀਆਂ ਨੀਚ ਜਾਤਾਂ ਲਈ ਬਣੀਆਂ ਹੋਈਆਂ ਸਨ। ਹੋਰ ਤਾਂ ਹੋਰ ਇਕੋਤਰੀਆਂ ਕਰਵਾਉਣ ਵਾਲੇ ਡੇਰੇਦਾਰ ਵੀ ਵੱਡੇ ਭੁਲੇਖੇ ਵਿੱਚ ਹਨ। ਮੈਂ ਸਮਝਦਾ ਹਾਂ ਕਿ ਉਹ ਆਪਣੇ ਡੇਰਿਆਂ ਉੱਪਰ ਅਖੌਤੀ ਨੀਚ ਜਾਤ ਵਾਲਿਆਂ ਨੂੰ ਅਲੱਗ ਪੰਗਤ ਵਿੱਚ ਬਿਠਾ ਕੇ ਲੰਗਰ ਛਕਾਉਣ ਅਤੇ ਅਲੱਗ ਪੰਗਤ ਵਿੱਚ ਮੱਥੇ ਟਿਕਾ ਕੇ ਅੰਦਰੋ ਅੰਦਰੀ ਇਨ੍ਹਾਂ ਅਖੌਤੀ ਨੀਚ ਜਾਤ ਵਾਲਿਆਂ ਨੂੰ ਇੱਕ ਤਰ੍ਹਾਂ ਨਾਲ 'ਢੇਡ' ਹੀ ਕਹਿ ਰਹੇ ਹਨ। ਉਨ੍ਹਾਂ ਨੇ ਭਗਤ ਨਾਮਦੇਵ ਜੀ ਦੀ ਇਹ ਬਾਣੀ ਪਤਾ ਨਹੀਂ ਕਿੰਨੇ ਵਾਰ ਪੜ੍ਹੀ ਹੋਵੇਗੀ ਪਰ ਉਨ੍ਹਾਂ ਸਾਧਾਂ ਦੀਆਂ ਆਪਣੀਆਂ ਬਿਰਤੀਆਂ ਵਿੱਚ ਹਾਲੇ ਵੀ ਭੋਰਾ ਭਰ ਫਰਕ ਨਹੀਂ ਪਿਆ। ਗੁਰਬਾਣੀ ਪੜ੍ਹ ਕੇ ਜਿੱਡਾ ਵੱਡਾ ਮਨੁੱਖ ਆਪਣੇ ਆਪ ਨੂੰ ਗੁਣੀ ਗਿਆਨੀ ਸਮਝ ਬੈਠਦਾ ਹੈ, ਸ਼ਾਇਦ ਉਤਨਾ ਹੀ ਇਸ ਮਾਮਲੇ ਵਿੱਚ ਹੰਕਾਰੀ ਵੀ ਹੋ ਜਾਂਦਾ ਹੈ। ਪਤਾ ਨਹੀਂ ਜੋ ਦਲਿਤ ਲੋਕ ਇਨ੍ਹਾਂ ਡੇਰਿਆਂ ਵਿੱਚ ਵਾਰ ਵਾਰ ਜਾ ਕੇ ਕਿਉਂ ਬੇਇਜ਼ਤ ਹੋ ਰਹੇ ਹਨ, ਇਹ ਉਨ੍ਹਾਂ ਦੀ ਕੀ ਮਜ਼ਬੂਰੀ ਹੋ ਸਕਦੀ ਹੈ ਪਰ ਕਾਨੂੰਨ ਇਨ੍ਹਾਂ ਡੇਰਿਆਂ ਵੱਲ ਮੂੰਹ ਕਿਉਂ ਨੀਂ ਕਰਦਾ? ਆਪਣੀਆਂ ਕਾਰਾਂ ਦੀਆਂ ਨੰਬਰ ਪਲੇਟਾਂ ਉੱਪਰ ਕਿਸੇ ਨਾ ਕਿਸੇ ਮਨੁੱਖੀ ਅਧਿਕਾਰਾਂ ਦੀ ਜਥੇਬੰਦੀ ਦਾ 'ਪ੍ਰੈਜ਼ੀਡੈਂਟ' ਦੀ ਪਲੇਟ ਲਾ ਕੇ ਘੁੰਮਣ ਵਾਲਿਆਂ ਦੀ ਨਜ਼ਰ ਇਨ੍ਹਾਂ ਡੇਰਿਆਂ ਉੱਪਰ ਹੁੰਦੇ ਸ਼ਰੇਆਮ ਵਿਤਕਰੇ ਵੱਲ ਕਿਉਂ ਨਹੀਂ ਜਾਂਦੀ? ਇਹ ਵੀ ਅੱਖੀਂ ਦੇਖਣ ਵਿੱਚ ਆਇਆ ਹੈ ਕਿ ਗੁਰਦੁਆਰਾ ਕਮੇਟੀਆਂ ਦੇ ਉੱਚ ਜਾਤੀ ਪ੍ਰਧਾਨ ਸੈਕਟਰੀ ਵੀ ਆਪਣੇ ਸਟਾਫ ਅਤੇ ਅਖੌਤੀ ਨੀਚ ਜਾਤ ਮੈਂਬਰਾਂ ਨੂੰ ਇਸੇ ਨਜ਼ਰ ਨਾਲ ਦੇਖਦੇ ਤੇ ਪਰਖਦੇ ਹਨ। ਉਹ ਇਨ੍ਹਾਂ ਗੁਰਬਾਣੀ ਪੜ੍ਹਨ ਵਾਲੇ ਗ੍ਰੰਥੀਆਂ ਤੇ ਰਾਗੀਆਂ ਨੂੰ ਆਪਣੇ ਨਿੱਜੀ ਸੀਰੀਆਂ ਵਾਂਗ ਸਮਝਦੇ ਤੇ ਉਨ੍ਹਾਂ ਉੱਪਰ ਹੁਕਮ ਚਲਾਉਂਦੇ ਹਨ। ਸ਼ਾਇਦ ਅੰਦਰੋਂ ਅੰਦਰੀਂ ਇਹ ਉੱਚ ਜਾਤੀਏ ਵੀ ਭਗਤ ਨਾਮਦੇਵ ਵਾਂਗ ਰਾਗੀਆਂ ਗ੍ਰੰਥੀਆਂ ਨੂੰ 'ਢੇਡ' ਹੀ ਕਹਿ ਰਹੇ ਹੋਣ। ਦਫਤਰਾਂ ਵਿੱਚ ਵੀ ਇਹ ਵਰਤਾਰਾ ਆਮ ਵੇਖਣ ਵਿੱਚ ਆਉਂਦਾ ਹੈ। ਉੱਚ ਅਫਸਰ ਛੋਟੇ ਨੂੰ ਤੁੱਛ ਸਮਝਦੇ ਹਨ ਜਦਕਿ ਉਹ ਦੋਨੋਂ ਹੀ 'ਪਬਲਿਕ ਸਰਵੈਂਟ' ਭਾਵ ਲੋਕਾਂ ਦੇ ਨੌਕਰ ਹਨ ਕਿਉਂਕਿ ਲੋਕਾਂ ਦੁਆਰਾ ਦਿੱਤੇ ਟੈਕਸ ਨਾਲ ਹੀ ਇਨ੍ਹਾਂ ਮੁਲਾਜ਼ਮਾਂ ਦੀ ਤਨਖਾਹ ਦਿੱਤੀ ਜਾਂਦੀ ਹੈ ਇਸ ਲਈ ਇਹ ਸਾਰੇ ਮੁਲਾਜ਼ਮ ਪਬਲਿਕ ਦੇ ਨੌਕਰ ਹਨ ਪਰ ਉੱਚ ਅਫਸਰ ਛੋਟੇ ਨੂੰ ਜਦ ਘ੍ਰਿਣਾ ਕਰਦਾ ਅਤੇ ਉਸਦੀ 'ਔਕਾਤ' ਦਿਖਾਉਣ ਤੱਕ ਜਾਂਦਾ ਹੈ ਤਾਂ ਉਹ ਉਸਨੂੰ ਵੀ 'ਢੇਡ' ਕਹਿਣ ਦੇ ਬਰਾਬਰ ਹੀ ਹੈ। ਇਹ ਵਰਤਾਰਾ ਤਦ ਤੱਕ ਚਲਦਾ ਰਹੇਗਾ ਜਦ ਤੱਕ ਲੋਕਾਂ ਦੀ ਬਿਰਤੀ ਬਦਲ ਨਹੀਂ ਜਾਂਦੀ, ਜਦ ਤੱਕ ਹਰ ਮਨੁੱਖ ਨੂੰ ਦੂਜੇ ਮਨੁੱਖ ਵਿੱਚ ਪ੍ਰਮਾਤਮਾ ਨਹੀਂ ਦਿਸਦਾ। ਪਰ ਪਤਾ ਨਹੀਂ ਉੱਚ ਜਾਤੀ ਮਨੁੱਖ ਆਪਣੇ ਆਪ ਨੂੰ ਉੱਤਮ ਅਤੇ ਦੂਜੇ ਨੂੰ ਦੂਜੇ ਦਰਜੇ ਦਾ ਕਿਉਂ ਸਮਝਦਾ ਹੈ? ਜਦਕਿ ਦੋਨੋਂ ਹੀ ਆਪਣੀ ਆਪਣੀ ਕਿਰਤ ਕਰਕੇ ਰੋਜ਼ੀ ਕਮਾ ਰਹੇ ਹਨ ਤੇ ਦੋਨਾਂ ਵਿੱਚ ਇੱਕੋ ਜਿਹਾ ਹੀ ਖੂਨ ਪ੍ਰਵਾਹ ਚਲਦਾ ਹੈ। ਭਗਤ ਕਬੀਰ ਜੀ ਇਸ ਬਾਬਤ ਬ੍ਰਾਹਮਣ ਨੂੰ ਉਸਦੀ ਅਸਲ ਥਾਂ ਦਿਖਾਉਂਦੇ ਹਨ : -- ਗਉੜੀ ਕਬੀਰ ਜੀ ॥ ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥੩॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥ ਮਨੂ ਸਿਮ੍ਰਿਤੀ ਵਿੱਚ ਲਿਖਿਆ ਹੈ ਕਿ ਸੂਦਰ ਜਾਤੀ ਦੇ ਲੋਕਾਂ ਦਾ ਜਨਮ ਬ੍ਰਹਮਾ ਦੇ ਪੈਰਾਂ ਵਿੱਚੋਂ ਹੋਇਆ ਹੈ ਤਾਂ ਭਗਤ ਕਬੀਰ ਜੀ ਕਹਿ ਰਹੇ ਹਨ ਕਿ ਭਾਈ ਜੇ ਤੂੰ ਬ੍ਰਾਹਮਣ ਇਤਨਾ ਮਹਾਨ ਹੈ ਤਾਂ ਮਾਂ ਦੀ ਕੁੱਖ ਦੇ ਜਿਹੜੇ ਰਸਤੇ ਮੈਂ ਜਨਮ ਲਿਆ ਹੈ ਤੂੰ ਉਸੇ ਰਸਤੇ ਕਿਉਂ ਲਿਆ ਹੈ, ਕਿਸੇ ਹੋਰ ਰਸਤੇ ਜਨਮ ਕਿਉਂ ਨਾ ਲਿਆ। ਫਿਰ ਜੇਕਰ ਸਾਡਾ ਜਨਮ ਲੈਣ ਦਾ ਰਸਤਾ ਇੱਕ ਹੈ ਤਾਂ ਤੂੰ ਉੱਤਮ ਤੇ ਮੈਂ ਨੀਚ ਕਿਵੇਂ ਹੋਇਆ। ਜਾਂ ਮੇਰੀਆਂ ਨਾੜਾਂ ਵਿੱਚ ਦੁੱਧ ਤੇ ਤੇਰੀਆਂ ਵਿੱਚ ਖੂਨ ਹੋਵੇ ਪਰ ਪੰਡਤ ਜੀ, ਜੋ ਇਸ ਗਿਆਨ ਦੇ ਭੇਦ ਨੂੰ ਜਾਣਦਾ ਹੈ ਉਹੀ ਸਾਡਾ ਬ੍ਰਾਹਮਣ ਹੈ ਭਾਵ ਵਿਦਵਾਨ ਹੈ। ਹੁਣ ਕਾਨੂੰਨ ਭਾਵੇਂ ਬਣ ਗਿਆ ਹੈ, ਕਾਨੂੰਨ ਮੁਤਾਬਕ ਕਿਸੇ ਵੀ ਮਨੁੱਖ ਨੂੰ ਸਮਾਜਿਕ ਤੌਰ 'ਤੇ ਜ਼ਲੀਲ ਕਰਨ, ਜਾਤ-ਪਾਤੀ ਅਪਸ਼ਬਦ ਬੋਲਣ, ਜਾਂ ਜਾਤ-ਪਾਤੀ ਘ੍ਰਿਣਾ ਕਰਨ ਕਾਰਨ ਘੱਟੋ ਘੱਟ ੬ ਮਹੀਨੇ ਦੀ ਕੈਦ ਜੋ ਵਧਾ ਕੇ ੫ ਸਾਲ ਤੱਕ ਵੀ ਕੀਤੀ ਜਾ ਸਕਦੀ ਹੈ ਅਤੇ ਨਾਲ ਜੁਰਮਾਨੇ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਉੱਚ ਜਾਤੀ ਲੋਕਾਂ ਦਾ ਨਜ਼ਰੀਆ ਨਹੀਂ ਬਦਲਿਆ। ਇਸ ਲਈ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਇਸ ਤੋਂ ਵਰਜਿਆ ਹੀ ਨਹੀਂ ਬਲਕਿ ਇਸਨੂੰ ਇੱਕ ਮਾਨਸਿਕ ਬਿਮਾਰੀ ਦੱਸਿਆ ਹੈ। ਪਰ ਅਫਸੋਸ ਅੱਜ ਬਹੁ ਗਿਣਤੀ ਸਿੱਖ ਇਸ ਬਿਮਾਰੀ ਤੋਂ ਪੀੜਤ ਹਨ ਤੇ ਉਨ੍ਹਾਂ ਦਾ ਇਲਾਜ਼ ਗੁਰਬਾਣੀ ਰਾਹੀਂ ਹੀ ਹੋ ਸਕਦਾ ਹੈ। ਆਖੰਡ ਪਾਠਾਂ ਵਾਂਗ ਪੜ੍ਹਕੇ ਨਹੀਂ ਬਲਕਿ ਸਹਿਜ ਨਾਲ ਗੁਰਬਾਣੀ ਦੇ ਅੱਖਰੀ ਅਰਥ ਸਮਝਕੇ। ਉਨ੍ਹਾਂ ਸਿੱਖਾਂ ਨੂੰ ਹਰ ਰੋਜ਼ ਗੁਰਬਾਣੀ ਪੜ੍ਹਕੇ ਵੀਚਾਰ ਕਰਨੀ ਚਾਹੀਦੀ ਹੈ, ਖਾਸ ਕਰ ਭਗਤ ਬਾਣੀ ਪੜ੍ਹਨ ਨਾਲ ਇਸ ਬਿਮਾਰੀ ਤੋਂ ਬਹੁਤ ਜਲਦ ਛੁਟਕਾਰਾ ਹੋ ਜਾਂਦਾ ਹੈ।

ਅਵਤਾਰ ਸਿੰਘ ਤੁੰਗਵਾਲੀ ੯੮੫੫੭-੫੮੦੬੪.