ਵਰਤੋਂਕਾਰ:Amritpal saini

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਿੱਥੇ ਗਿਆ ਸੁਭਾਸ਼ ਚੰਦਰ ਬੋਸ ਦਾ ਖ਼ਜ਼ਾਨਾ?[ਸੋਧੋ]

Posted On September - 20 - 2015 ਸੰਦੀਪ ਪ੍ਰਕਾਸ਼

ਸਿੰਗਾਪੁਰ ਵਿੱਚ ਸੁਭਾਸ਼ ਚੰਦਰ ਬੋਸ ਦਾ ਸਵਾਗਤ ਕਰਦੇ ਹੋਏ ਭਾਰਤੀ। ਦੱਖਣੀ ਬਲਾਕ ਦੀ ਮਹਿਰਾਬਦਾਰ ਇਮਾਰਤ ਵਿੱਚ ਸਾਡੇ ਮੁਲਕ ਵਿੱਚ ਹੋਏ ਇੱਕ ਵੱਡੇ ਘੁਟਾਲੇ ਸਬੰਧੀ ਦਸਤਾਵੇਜ਼ ਅੱਧੀ ਤੋਂ ਵੱਧ ਸਦੀ ਤੋਂ ਦਫ਼ਤਰੀ ਭੇਤਾਂ ਸਬੰਧੀ ਕਾਨੂੰਨ ਤਹਿਤ ਸੁਰੱਖਿਅਤ ਪਏ ਹਨ। ਜ਼ਰਦ ਹੁੰਦੇ ਜਾ ਰਹੇ ਇਨ੍ਹਾਂ ਸੈਂਕੜੇ ਦਸਤਾਵੇਜ਼ਾਂ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਵੱਲੋਂ ਮੁਲਕ ਦੀ ਆਜ਼ਾਦੀ ਲਈ ਵਿੱਢੇ ਹਥਿਆਰਬੰਦ ਸੰਘਰਸ਼ ਦੀਆਂ ਵਿੱਤੀ ਲੋੜਾਂ ਪੂਰੀਆਂ ਕਰਨ ਹਿੱਤ ਇਕੱਤਰ ਕੀਤੀ ਰਕਮ, ਸੋਨੇ, ਚਾਂਦੀ ਦੇ ਗਹਿਣਿਆਂ ਅਤੇ ਹੀਰੇ-ਜਵਾਹਰਾਤ ਦੇ ‘ਏਧਰ-ਓਧਰ’ ਹੋਣ ਸਬੰਧੀ ਸ਼ੰਕੇ ਜ਼ਾਹਰ ਕੀਤੇ ਗਏ ਹਨ। ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰਾਲੇ ਦੇ ਦਫ਼ਤਰ ਵਿੱਚ ਨੇਤਾ ਜੀ ਨਾਲ ਸਬੰਧਿਤ 37 ਗੁਪਤ ਫਾਈਲਾਂ ਪਈਆਂ ਹਨ। ਇਨ੍ਹਾਂ ਵਿੱਚੋਂ ਇੱਕ ਫਾਈਲ ਵਿੱਚ ‘ਆਈਐੱਨਏ ਦੇ ਖ਼ਜ਼ਾਨੇ’ ਬਾਰੇ ਜਾਣਕਾਰੀ ਦਰਜ ਹੈ। ਇਹ ਫਾਈਲ ਗੁਪਤ ਰਿਪੋਰਟਾਂ, ਚਿੱਠੀਆਂ ਅਤੇ ਟੈਲੀਗ੍ਰਾਮਜ਼ ਦੇ ਆਧਾਰ ’ਤੇ ਕਈ ਸਾਲਾਂ ਵਿੱਚ ਤਿਆਰ ਕੀਤੀ ਗਈ ਸੀ। ਇਸ ਵਿੱਚ ਆਜ਼ਾਦ ਹਿੰਦ ਫ਼ੌਜ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਟੁੱਟਣ ਤੋਂ ਬਾਅਦ ਭਾਰਤ ਦੇ ਆਜ਼ਾਦੀ ਘੁਲਾਟੀਆਂ ਦੀ ਅਹੁਦਿਆਂ ’ਤੇ ਕਾਬਜ਼ ਹੋਣ ਦੀ ਸੰਭਾਵਿਤ ਲਾਲਸਾ ਅਤੇ ਮੌਕਾਪ੍ਰਸਤੀ ਦੀ ਦਾਸਤਾਨ ਦਰਜ ਕੀਤੀ ਹੋਣ ਦੀ ਸ਼ੰਕਾ ਹੈ। ਆਈਐੱਨਏ ਦੇ ਖ਼ਜ਼ਾਨੇ ਦੀ ਕਥਿਤ ਲੁੱਟ-ਖਸੁੱਟ 1945 ਵਿੱਚ ਹਵਾਈ ਜਹਾਜ਼ ਹਾਦਸੇ ਦੌਰਾਨ ਬੋਸ ਦੇ ਚਲਾਣੇ ਤੋਂ ਮਗਰੋਂ ਛੇਤੀ ਹੀ ਹੋ ਗਈ ਸੀ। ਜੇ ਇਹ ਲੁੱਟ-ਖਸੁੱਟ ਨਾ ਹੁੰਦੀ ਤਾਂ ਇਸ ਦੀ ਕੀਮਤ ਅੱਜ ਸੈਂਕੜੇ ਕਰੋੜ ਰੁਪਏ ਹੋਣੀ ਸੀ। ਸਵਾਲ ਇਹ ਖ਼ਜ਼ਾਨਾ ਖੁਰਦ-ਬੁਰਦ ਹੋਣ ਦਾ ਨਹੀਂ ਸਗੋਂ ਹੈਰਾਨੀ ਦੀ ਗੱਲ ਇਹ ਹੈ ਕਿ ਤਤਕਾਲੀ ਸਰਕਾਰ ਨੇ ਇਸ ਬਾਰੇ ਜਾਣਦਿਆਂ-ਬੁਝਦਿਆਂ ਵੀ ਕੁਝ ਨਹੀਂ ਕੀਤਾ। ਇੱਥੋਂ ਤਕ ਕਿ ਤਤਕਾਲੀ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਟੋਕੀਓ ਸਥਿਤ ਮਿਸ਼ਨ ਦੇ ਤਿੰਨ ਮੁਖੀਆਂ ਵੱਲੋਂ 1947 ਤੋਂ 1953 ਦਰਮਿਆਨ ਵਾਰ-ਵਾਰ ਦਿੱਤੀਆਂ ਗਈਆਂ ਚਿਤਾਵਨੀਆਂ ਨੂੰ ਅਣਗੌਲਿਆਂ ਕਰ ਦਿੱਤਾ ਸੀ। ਵਿਦੇਸ਼ ਮੰਤਰਾਲੇ ਦੇ ਅੰਡਰ ਸੈਕਟਰੀ (ਮਗਰੋਂ ਵਿਦੇਸ਼ ਸਕੱਤਰ) ਆਰ ਡੀ ਸਤੇ ਨੇ 1951 ਵਿੱਚ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਅਤੇ ਵਿਦੇਸ਼ ਮੰਤਰੀ ਨੂੰ ਸਖ਼ਤ ਚਿਤਾਵਨੀ ਭਰਿਆ ਪੱਤਰ ਲਿਖ ਕੇ ਕਿਹਾ ਕਿ ਬੋਸ, ਵੀਅਤਨਾਮ ਦੇ ਸਾਇਗੌਨ (ਮੌਜੂਦਾ ਹੋ ਚੀ ਮਿਨ ਸਿਟੀ) ’ਚ ਭਾਰੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਅਤੇ ਕੀਮਤੀ ਹੀਰੇ-ਜਵਾਹਰਾਤ ਛੱਡ ਗਏ ਸਨ। ਸਤੇ ਨੇ ਦੱਸਿਆ ਕਿ ਮਸ਼ਕੂਕ ਸਾਜ਼ਿਸ਼ਕਾਰਾਂ ਨੇ ਇਹ ਖ਼ਜ਼ਾਨਾ ਪਹਿਲਾਂ ਹੀ ਖੁਰਦ-ਬੁਰਦ ਕਰ ਦਿੱਤਾ ਸੀ। ਇਹ ਸਾਰੀਆਂ ਚਿਤਾਵਨੀਆਂ ਅੱਖੋਂ-ਪਰੋਖੇ ਕਰ ਦਿੱਤੀਆਂ ਗਈਆਂ। ਜਾਂਚ ਦੇ ਆਦੇਸ਼ ਨਹੀਂ ਦਿੱਤੇ ਗਏ। ਵਿਡੰਬਣਾ ਇਹ ਹੈ ਕਿ ਆਈਐੱਨਏ ਨਾਲ ਸਬੰਧਤ ਇਨ੍ਹਾਂ ਸ਼ੱਕੀ ਵਿਅਕਤੀਆਂ ਵਿੱਚੋਂ ਇੱਕ ਨੂੰ ਸਰਕਾਰ ਵੱਲੋਂ ਬਿਨਾਂ ਕੰਮ ਵਾਲੇ ਅਹੁਦੇ ਨਾਲ ਨਿਵਾਜ਼ਿਆ ਗਿਆ। ਇਹ ਸਾਰੇ ਖੁਲਾਸੇ ਉਨ੍ਹਾਂ 37 ਫਾਈਲਾਂ ਵਿੱਚ ਦਰਜ ਹਨ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦਫ਼ਤਰ ਨੇ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਦਸਤਾਵੇਜ਼ਾਂ ਨੂੰ ਜਨਤਕ ਕਰਨ ਨਾਲ ਕੋਈ ਜਨਤਕ ਹਿੱਤ ਨਹੀਂ ਸੰਵਰੇਗਾ। ਜਦੋਂਕਿ ਨੈਸ਼ਨਲ ਆਰਕਾਈਵਜ਼ ਵਿੱਚ ਮੌਜੂਦ ਦਸਤਾਵੇਜ਼ਾਂ ਤੋਂ ਖੁਲਾਸਾ ਹੋਇਆ ਹੈ ਕਿ ਨਹਿਰੂ ਸਰਕਾਰ ਨੇ ਬੋਸ ਪਰਿਵਾਰ ਦੀ ਜਾਸੂਸੀ ਸ਼ੁਰੂ ਕਰਵਾਈ ਜੋ 1947 ਤੋਂ 1968 ਤਕ ਜਾਰੀ ਰਹੀ। ਜਾਸੂਸੀ ਬਾਰੇ ਭੇਤ ਜੱਗ ਜ਼ਾਹਰ ਹੋਣ ਮਗਰੋਂ ਬੋਸ ਦੇ ਇੱਕ ਪਰਿਵਾਰਕ ਮੈਂਬਰ ਸੂਰਯਾ ਕੁਮਾਰ ਬੋਸ ਨੇ 13 ਅਪਰੈਲ ਨੂੰ ਬਰਲਿਨ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਜਪਾਨੀ ਕਬਜ਼ੇ ਹੇਠਲੇ ਬਰਮਾ ਦੇ ਸ਼ਹਿਰ ਰੰਗੂਨ (ਹੁਣ ਯੈਂਗੌਨ) ਵਿਖੇ 29 ਜਨਵਰੀ 1945 ਨੂੰ ਭਾਰਤੀ ਭਾਈਚਾਰੇ ਨੇ ਇੱਕ ਹਫ਼ਤੇ ਦਾ ਸਮਾਗਮ ਰਚਾਇਆ। ਆਜ਼ਾਦ ਹਿੰਦ ਦੀ ਕੰਮਕਾਜੀ ਸਰਕਾਰ ਦੇ ਮੁਖੀ ਸੁਭਾਸ਼ ਚੰਦਰ ਬੋਸ ਦੇ 48ਵੇਂ ਜਨਮ ਦਿਨ ਮੌਕੇ ਨੇਤਾ ਜੀ ਦੀ ਨਾਪਸੰਦੀ ਦੇ ਬਾਵਜੂਦ ਉਨ੍ਹਾਂ ਨੂੰ ਸੋਨੇ ਨਾਲ ਤੋਲਿਆ ਗਿਆ। ਉਸ ਹਫ਼ਤੇ 2 ਕਰੋੜ ਰੁਪਏ ਤੋਂ ਵੱਧ ਦਾ ਦਾਨ ਇਕੱਤਰ ਹੋਇਆ ਜਿਸ ਵਿੱਚ 80 ਕਿਲੋਗ੍ਰਾਮ ਤੋਂ ਵੱਧ ਸੋਨਾ ਸ਼ਾਮਲ ਸੀ। ਇਹ ਵੀਹਵੀਂ ਸਦੀ ਦੇ ਕਿਸੇ ਵੀ ਭਾਰਤੀ ਆਗੂ ਵੱਲੋਂ ਇਕੱਤਰ ਕੀਤਾ ਗਿਆ ਸਭ ਤੋਂ ਵੱਡਾ ਖ਼ਜ਼ਾਨਾ ਸੀ, ਪਰ ਬਰਮਾ ਵਿੱਚ ਬਗਾਵਤ ਦੇ ਮੁੜ ਸਿਰ ਚੁੱਕਣ ਕਾਰਨ 1945 ਤਕ ਭਾਰਤ ਦੀ ਆਜ਼ਾਦੀ ਦੇ ਘੋਲ ਵਿੱਚ ਇਸ ਦੀ ਵਰਤੋਂ ਨਹੀਂ ਕੀਤੀ ਜਾ ਸਕੀ। ਨੇਤਾ ਜੀ ਨੇ ਬੈਂਕਾਕ ਵਿੱਚ ਸ਼ਰਨ ਲਈ ਅਤੇ ਇਹ ਖ਼ਜ਼ਾਨਾ ਆਪਣੇ ਨਾਲ ਲੈ ਗਏ। ਉਨ੍ਹਾਂ ਵੱਲੋਂ ਆਪਣੇ ਨਾਲ ਲਿਜਾਏ ਗਏ ਸੋਨੇ ਦੀ ਮਾਤਰਾ ਬਾਰੇ ਵੱਖ-ਵੱਖ ਰਾਵਾਂ ਹਨ। ਜੰਗ ਮਗਰੋਂ ਬਰਤਾਨਵੀ ਖ਼ੁਫੀਆ ਤੰਤਰ ਵੱਲੋਂ ਕੀਤੀ ਗਈ ਪੁੱਛ-ਗਿੱਛ ਦੌਰਾਨ ਆਜ਼ਾਦ ਹਿੰਦ ਬੈਂਕ ਦੇ ਚੇਅਰਮੈਨ ਦੀਨਾਨਾਥ ਨੇ ਕਿਹਾ ਕਿ ਨੇਤਾ ਜੀ 63.5 ਕਿਲੋ ਸੋਨਾ ਆਪਣੇ ਨਾਲ ਲੈ ਗਏ ਸਨ। ਜਾਪਾਨ ਨੇ 15 ਅਗਸਤ 1945 ਨੂੰ ਸਾਂਝੀਆਂ ਸੈਨਾਵਾਂ ਅੱਗੇ ਹਥਿਆਰ ਸੁੱਟ ਦਿੱਤੇ। 40,000 ਲੜਾਕਿਆਂ ਵਾਲੀ ਆਈਐੱਨਏ ਨੇ ਵੀ ਬਰਮਾ ਵਿੱਚ ਸਾਂਝੀਆਂ ਸੈਨਾਵਾਂ ਅੱਗੇ ਆਤਮ-ਸਮਰਪਣ ਕਰ ਦਿੱਤਾ ਸੀ। 18 ਅਗਸਤ ਨੂੰ ਨੇਤਾ ਜੀ ਆਪਣੇ ਸਾਥੀ ਹਬੀਬੁਰ ਰਹਿਮਾਨ ਸਮੇਤ ਜਪਾਨੀ ਬੰਬਾਰ ਰਾਹੀਂ ਮਾਂਚੂਰੀਆ ਚਲੇ ਗਏ ਜਿੱਥੋਂ ਉਨ੍ਹਾਂ ਨੇ ਸੋਵੀਅਤ ਯੂਨੀਅਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨੀ ਸੀ। ਹਬੀਬੁਰ ਰਹਿਮਾਨ ਨੇ 1956 ਵਿੱਚ ਸ਼ਾਹ ਨਵਾਜ਼ ਕਮੇਟੀ ਨੂੰ ਨੇਤਾ ਜੀ ਦੇ ਆਖ਼ਰੀ ਸਮੇਂ ਬਾਰੇ ਜਾਣਕਾਰੀ ਦਿੱਤੀ ਕਿ ਹਵਾਈ ਹਾਦਸੇ ਵਿੱਚ ਜ਼ਖ਼ਮੀ ਹੋਏ ਨੇਤਾ ਜੀ ਨੇ ਛੇ ਘੰਟਿਆਂ ਮਗਰੋਂ ਜਪਾਨੀ ਫ਼ੌਜ ਦੇ ਹਸਪਤਾਲ ਵਿੱਚ ਅੰਤਿਮ ਸਵਾਸ ਲਏ। ਹਵਾਈ ਹਾਦਸੇ ਵਿੱਚ ਚਮਡ਼ੇ ਦੇ ਉਹ ਦੋ ਅਟੈਚੀ ਵੀ ਸੜ ਕੇ ਸੁਆਹ ਹੋ ਗਏ ਜਿਨ੍ਹਾਂ ਵਿੱਚ ਆਈਐੱਨਏ ਦਾ ਸੋਨਾ ਭਰਿਆ ਹੋਇਆ ਸੀ। ਜਪਾਨੀ ਫ਼ੌਜੀਆਂ ਨੇ ਖ਼ਜ਼ਾਨੇ ਦੀ 11 ਕਿਲੋ ਰਾਖ ਪੈਟਰੋਲ ਦੇ ਕੈਨ ਵਿੱਚ ਬੰਦ ਕਰਕੇ ਟੋਕੀਓ ਸਥਿਤ ਜਪਾਨੀ ਫ਼ੌਜ ਦੇ ਹੈੱਡਕੁਆਰਟਰ ਨੂੰ ਭੇਜ ਦਿੱਤੀ। ਦੂਜੇ ਬਕਸੇ ਵਿੱਚ ਨੇਤਾ ਜੀ ਦੀ ਦੇਹ ਰੱਖੀ ਗਈ ਜਿਸ ਦਾ ਤਾਇਵਾਨ ਵਿਖੇ ਸਸਕਾਰ ਕਰ ਦਿੱਤਾ ਗਿਆ। ਨੇਤਾਜੀ ਦਾ ਬਾਕੀ ਖ਼ਜ਼ਾਨਾ ਕਿੱਥੇੇ ਸੀ? ਇਹ ਵਿਸ਼ਵਾਸ ਕਰਨਾ ਮੁਸ਼ਕਿਲ ਹੈ ਕਿ 63.5 ਕਿਲੋ ਤੋਂ ਵਧੇਰੇ ਸੋਨਾ ਸੜ ਕੇ 11 ਕਿਲੋ ਰਾਖ ਵਿੱਚ ਬਦਲ ਗਿਆ। 1978 ਵਿੱਚ ਮੋਰਾਰਜੀ ਦੇਸਾਈ ਦੀ ਸਰਕਾਰ ਲਈ ਬਣਾਏ ਗਏ ਇੱਕ ਗੁਪਤ ਨੋਟ ਮੁਤਾਬਿਕ ਬੋਸ ਦੇ ਨਿੱਜੀ ਸੇਵਕ ਕੁੰਦਨ ਸਿੰਘ ਨੇ ਦੱਸਿਆ ਕਿ ਖ਼ਜ਼ਾਨਾ ਸਟੀਲ ਦੇ ਚਾਰ ਬਕਸਿਆਂ ਵਿੱਚ ਬੰਦ ਸੀ। ਬੈਂਕਾਕ ’ਚ ਆਈਆਈਐੱਲ ਦੇ ਆਗੂ ਪੰਡਿਤ ਰਘੂਨਾਥ ਸ਼ਰਮਾ ਨੇ ਕਿਹਾ ਕਿ ਨੇਤਾ ਜੀ ਇੱਕ ਕਰੋੜ ਤੋਂ ਵਧੇਰੇ ਕੀਮਤ ਦਾ ਸੋਨਾ ਅਤੇ ਹੀਰੇ-ਜਵਾਹਰਾਤ ਨਾਲ ਲੈ ਗਏ ਸਨ। ਪ੍ਰਤੱਖ ਤੌਰ ’ਤੇ ਹਵਾਈ ਹਾਦਸੇ ਵਿੱਚ ਸੜੇ ਚਮੜੇ ਦੇ ਦੋ ਸੂਟਕੇਸਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਬਾਕੀ ਸੀ। ਆਜ਼ਾਦ ਹਿੰਦ ਸਰਕਾਰ ਲਈ ਸੂਚਨਾ ਮੰਤਰੀ ਵਜੋਂ ਕੰਮ ਕਰਦੇ ਰਹੇ ਐੱਸ.ਏ. ਅਈਅਰ ਨੂੰ ਇਸ ਬਾਰੇ ਜਾਣਕਾਰੀ ਸੀ। ਉਸ ਮੁਤਾਬਿਕ 22 ਅਗਸਤ 1945 ਨੂੰ ਸੁਭਾਸ਼ ਚੰਦਰ ਬੋਸ ਸਾਇਗੌਨ ਤੋਂ ਟੋਕੀਓ ਚਲੇ ਗਏ। ਉੱਥੇ ਉਹ ਆਈਆਈਐੱਸ ਦੇ ਸਾਬਕਾ ਪ੍ਰਧਾਨ ਐੱਮ. ਰਾਮਾਮੂਰਤੀ ਨੂੰ ਮਿਲੇ ਤਾਂ ਜੋ ਜਪਾਨੀ ਫ਼ੌਜ ਤੋਂ ਦੋ ਬਕਸੇ ਲੈ ਸਕਣ। ਇਸ ਤਰ੍ਹਾਂ ਉਸ ਨੇ ਇਹ ਖ਼ਜ਼ਾਨਾ ਮੂਰਤੀ ਕੋਲ ਹੋਣ ਦੀ ਗੱਲ ਆਖੀ। 4 ਦਸੰਬਰ 1947 ਨੂੰ ਟੋਕੀਓ ਵਿੱਚ ਇੰਡੀਅਨ ਲਾਇਜ਼ਨ ਮਿਸ਼ਨ ਦੇ ਪਹਿਲੇ ਮੁਖੀ ਸਰ ਬੇਨੇਗਲ ਰਾਮਾ ਰਾਓ ਨੇ ਦੋਸ਼ ਲਾਏ ਕਿ ਮੂਰਤੀ ਨੇ ਆਈਆਈਐੱਲ ਦੇ ਫੰਡ ਅਤੇ ਕੀਮਤੀ ਚੀਜ਼ਾਂ ‘ਖੁਰਦ-ਬੁਰਦ’ ਕਰ ਦਿੱਤੀਆਂ ਹਨ। ਇਸ ’ਤੇ ਰਾਓ ਨੂੰ ਭਾਰਤ ਸਰਕਾਰ ਦੀ ਇਨ੍ਹਾਂ ਫੰਡਾਂ ਵਿੱਚ ਕੋਈ ਦਿਲਚਸਪੀ ਨਾ ਹੋਣ ਦਾ ਜੁਆਬ ਮਿਲਿਆ। ਭਾਰਤ ਸਰਕਾਰ ਨੇ ਮਈ 1951 ਵਿੱਚ ਭਾਰਤੀ ਅਧਿਕਾਰੀ ਕੇ. ਕੇ. ਚੇਤੂਰ ਵੱਲੋਂ ਲਿਖੇ ਖ਼ਤ ਮਗਰੋਂ ਹੀ ਇਸ ਮਾਮਲੇ ਵਿੱਚ ਦਿਲਸਚਪੀ ਦਿਖਾਈ। ਚੇਤੂਰ ਨੇ ਅਈਅਰ ਦੀ ਵਾਪਸੀ ’ਤੇ ਰੋਸ ਪ੍ਰਗਟਾਇਆ ਸੀ। ਉਸ ਸਮੇਂ ਅਈਅਰ ਬੰਬਈ ਸਟੇਟ ਦਾ ਸੂਚਨਾ ਮੰਤਰੀ ਸੀ। ਉਹ ਛੁੱਟੀਆਂ ਕੱਟਣ ਬਹਾਨੇ ਆਪਣੇ ਗੁਪਤ ਏਜੰਡੇ ਤਹਿਤ ਟੋਕੀਓ ਗਿਆ ਸੀ। ਚੇਤੂਰ ਨੇ 22 ਜੂਨ 1951 ਨੂੰ ਲਿਖੇ ਆਖ਼ਰੀ ਖ਼ਤ ਵਿੱਚ ਨੇਤਾ ਜੀ ਦੇ ਖ਼ਜ਼ਾਨੇ ਦੇ ਗਾਇਬ ਹੋਣ ਸਬੰਧੀ ਜਾਂਚ ਦੀ ਮੰਗ ਕੀਤੀ ਸੀ। ਇਸ ਤੋਂ ਕੁਝ ਮਹੀਨੇ ਬਾਅਦ ਹੀ ਆਰ.ਡੀ. ਸਤੇ ਨੇ 1 ਨਵੰਬਰ 1951 ਨੂੰ ਇਸ ਸ਼ਾਜ਼ਿਸ਼ ਸਬੰਧੀ ਦੋ ਸਫ਼ਿਆਂ ਦਾ ਗੁਪਤ ਨੋਟ ਸਰਕਾਰ ਨੂੰ ਭੇਜਿਆ ਸੀ। ਨੇਤਾ ਜੀ ਦੀ ਖ਼ਜ਼ਾਨਾ ਕਿੱਥੇ ਗਿਆ, ਇਸ ਬਾਰੇ ਹਾਲੇ ਤਕ ਪਤਾ ਨਹੀਂ ਲੱਗ ਸਕਿਆ।