ਵਰਤੋਂਕਾਰ:Harpreet Singh Kahlon/ਕੱਚਾ ਖਾਕਾ
ਉੱਡਤਾ ਪੰਜਾਬ ਹਰਪ੍ਰੀਤ ਸਿੰਘ ਕਾਹਲੋਂ
ਕਹਿੰਦੇ ਕਈ ਵਾਰ ਬਦਲੇ ‘ਚ ਜੋ ਸਾਨੂੰ ਮਿਲਦਾ ਹੈ ਉਸ ਤੋਂ ਕਿਤੇ ਜ਼ਿਆਦਾ ਸਾਥੋਂ ਖੋਹ ਲਿਆ ਜਾਂਦਾ ਹੈ।ਹਰੀ ਕ੍ਰਾਂਤੀ ਤੋਂ ਬਾਅਦ ਤਰੱਕੀ,ਆਰਥਿਕ ਹੁਲਾਰੇ ਤੋਂ ਬਾਅਦ ਬੰਜਰ ਜ਼ਮੀਨ,ਗਿਰਦੇ ਪਾਣੀ,ਦੂਸ਼ਿਤ ਪਾਣੀ,ਕੈਂਸਰ,ਨਸ਼ਾ,ਬਾਂਝਪਣ,ਖੁਦਕੁਸ਼ੀਆਂ ਨੇ ਕਹਾਣੀ ਹੀ ਬਦਲ ਦਿੱਤੀ ਹੈ।80 ਫੀਸਦ ਦੇਸ਼ ਦਾ ਢਿੱਡ ਭਰਨ ਦੇ ਸ਼ਾਨਮੱਤੇ ਦੇ ਓਹਲੇ ਸੁਰਖ ਚਿੰਤਾਵਾਂ ਅਤੇ ਉਦਾਸੀਆਂ ਹਨ।ਜਿਵੇਂ ਕਿ ਫਿਲਮ ‘ਚ ਸਰਤਾਜ ਦਾ ਸਿਨੀਅਰ ਕਹਿੰਦਾ ਇਹ ਹੈ ਗ੍ਰੀਨ ਰੇਵੂਲੂਸ਼ਨ ਪਾਰਟ 2 !
ਕੁਝ ਸ਼ੁਰੂ ਹੋਇਆ ਪਿਛਲੇ ਦਿਨਾਂ ‘ਚ…
ਇਹ ਹੈਮਿੰਗਵੇ ਦੀ ਛੇ ਸ਼ਬਦਾਂ ਦੀ ਕਹਾਣੀ ਦੀ ਤਰਜ਼ ‘ਤੇ ਹੈਸ਼ਟੈਗ #sixwordsstories ਸੀ।ਇਸੇ ਦੌਰਾਨ ਪੰਜਾਬ ਨੂੰ ਲੈ ਕੇ ਵੱਖ ਵੱਖ ਪੱਧਰ ‘ਤੇ ਸੰਵਾਦ ਹੋ ਰਹੇ ਸਨ।ਉਹ ਸੰਵਾਦ ਸੀ ਜਾਂ ਬਹਿਸਾਂ ਇਸ ਦਾ ਨਿਤਾਰਾ ਕਰਨਾ ਔਖਾ ਹੈ।
ਪਰ ਛੇ ਸ਼ਬਦਾਂ ‘ਚ ਇੱਕ ਕਹਾਣੀ ‘ਉੱਡਤਾ ਪੰਜਾਬ-ਬੋਲਦਾ ਪੰਜਾਬ-ਰੰਗਲਾ ਪੰਜਾਬ’ ਬਣਦੀ ਸੀ।
ਫਿਲਮ ਦਾ ਆਪਣਾ ਡਿਜ਼ਾਇਨ ਹੁੰਦਾ ਹੈ।ਇਹਨੂੰ ਕਿਸੇ ਖਾਸ ਹਿੱਸੇ ‘ਚ ਰੱਖਕੇ ਸਿਰਜਣਾ ਪਏਗਾ।ਇਸੇ ਤਰ੍ਹਾਂ ਬਹੁਤ ਸਾਰੇ ਹਿੱਸਿਆਂ ਨੂੰ ਮਿਲਾ ਪੂਰਾ ਵਰਤਾਰਾ ਸਮਝ ਆਵੇਗਾ।ਬਹੁਤ ਕੁਝ ਹੈ ਜੋ ਉਡਤਾ ਪੰਜਾਬ ‘ਚ ਨਹੀਂ ਵਿਖਾਇਆ ਗਿਆ।ਫਿਰ ਇੱਕ ਨੁਕਤਾ ਹੈ।ਇਸ ‘ਤੇ ਕਿਉਂ ਨਾ ਕੇਂਦਰਤ ਕਰ ਲਈਏ ਕਿ ਕੀ ਕੁਝ ਹੈ ਜੋ ਵਿਖਾਇਆ ਗਿਆ।
ਅਭਿਸ਼ੇਕ ਚੌਬੇ ਵੱਲੋਂ ਨਿਰਦੇਸ਼ਤ ਇਸ ਫ਼ਿਲਮ ਦਾ ਬਿਆਨ ਪੰਜਾਬ ਅੰਦਰ ਇੱਕ ਖਾਸ ਸਮੱਸਿਆ,ਉਹਦੇ ਆਲੇ ਦੁਆਲੇ ਬਣੇ ਹਲਾਤ ਅਤੇ ਉਹਨਾਂ ਹਲਾਤ ‘ਚ ਵਿਚਰਦੇ ਪਾਤਰ ਹਨ।ਇਹਨੂੰ ਲੈ ਕੇ ਅਭਿਸ਼ੇਕ ਦੀ ਆਪਣੀ ਕੇਂਦਰਤਾ ਹੈ।ਜਿਵੇਂ ਕਿ ਦਿਲ ਵਾਲੇ ਦੁਲਹਣੀਆਂ ਲੇ ਜਾਏਂਗੇ ਦਾ ਪੰਜਾਬ ਆਪਣੀ ਕੇਂਦਰਤਾ ‘ਚ ਹੈ।ਹੁਣ ਇਹਦਾ ਅਰਥ ਇਹ ਤਾਂ ਨਹੀਂ ਕਿ ਦਿਲ ਵਾਲੇ ਦੁਲਹਣੀਆਂ ਦੇ ਪੰਜਾਬ ‘ਚ ਜ਼ੁਰਮ ਨਹੀਂ,ਸਮਾਜਿਕ ਦੁਸ਼ਵਾਰੀਆਂ ਨਹੀਂ।ਬੱਸ ਨਿਰਦੇਸ਼ਕ ਪੰਜਾਬ ਦੇ ਉਸ ਹਿੱਸੇ ਅਧੀਨ ਆਈ ਕਹਾਣੀ ਅਤੇ ਪਾਤਰਾਂ ਦਾ ਬਿਆਨ ਕਰ ਰਿਹਾ ਹੈ।ਸਿਨੇਮਾ ਦੇ ਮਾਰਫਤ ਗੁਜ਼ਰਨ ਲੱਗਿਆ ਇੱਕ ਫਿਲਮ ਨੂੰ ਹਵਾਲੇ ਦੇ ਤੌਰ ‘ਤੇ ਵਰਤਿਆ ਨਹੀਂ ਜਾ ਸਕਦਾ।
ਇੱਕ ਖਾਸ ਗੱਲ ਕਿ ਜਿਵੇਂ ਨਿਰਮਲ ਨਿੰਮ੍ਹਾ ਲੰਗਾਹ ਆਪਣੇ ਨਾਵਲ ਹਿੰਦ-ਪਾਕਿ ਬਾਰਡਰਨਾਮਾ ‘ਚ ਬਾਰਡਰ ਨੂੰ ਪੇਸ਼ ਕਰਦਾ ਹੈ ਉਸ ਤੋਂ ਅਤੇ ਪਿੰਡ ਦੋਲੇਵਾਲ ਤੋਂ ਅਤੇ ਹੋਰ ਪੰਜਾਬ ਦੇ ਤਮਾਮ ਤਸਕਰਾਂ ਦੀਆਂ ਕਹਾਣੀਆਂ ਚੋਂ ਇੱਕ ਗੱਲ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਪਾਕਿਸਤਾਨ ਤੋਂ ਨਸ਼ਾ ਤਸਕਰੀ ਪਾਕਿਸਤਾਨ ਦੀ ਸਾਜਿਸ਼ ਘੱਟੋ ਘੱਟ ਮੈਨੂੰ ਨਹੀਂ ਜਾਪਦੀ।ਇਹ ਸ਼ੁਰੂ ਤੋਂ ਇੱਕ ਰੂਟ ਰਿਹਾ ਹੈ।ਇਸ ਰਾਹ ਦੀ ਤਸਕਰੀ ਤੋਂ ਪ੍ਰਭਾਵਿਤ ਪਾਕਿਸਤਾਨ ਵੀ ਹੈ ਅਤੇ ਭਾਰਤ ਵੀ ਹੈ।ਇਹ ਰੂਟ ਸੁਰਖੀਆਂ ‘ਚ ਆਈ ਸਮੱਸਿਆ ਤੋਂ ਪਹਿਲਾਂ ਦਾ ਹੈ ਅਤੇ ਇਸ ਜ਼ਰੀਏ ਬਹੁਤ ਕੁਝ ਸਮੱਗਲ ਹੁੰਦਾ ਹੈ।
ਪੰਜਾਬ ਅੰਦਰ ਜੋ ਨਸ਼ੇ ਤਸਕਰੀ ਦਾ ਢਾਂਚਾ ਹੈ ਉਸ ਨੂੰ ਫ਼ਿਲਮ ਜਿਵੇਂ ਬਿਆਨਦੀ ਹੈ ਉਹ ਅਖ਼ਬਾਰਾਂ ਦੀਆਂ ਖ਼ਬਰਾਂ ਤੋਂ ਅਧਾਰਿਤ ਹੈ।ਜਿਸ ‘ਚ ਅੰਦਰੂਨੀ ਤੌਰ ‘ਤੇ ਬਣ ਰਹੇ ਨਸ਼ੇ ਇੱਕ,ਤਸਕਰੀ ਤੋਂ ਆਉਂਦੇ ਨਸ਼ੇ ਦੋ ਅਤੇ ਇਹਦੀ ਸਿਆਸੀ,ਪੁਲਿਸ ਅਤੇ ਤਸਕਰ ਗਠਜੋੜ ਦਾ ਜਾਲ ਜਿਵੇਂ ਬੁਣਿਆ ਹੈ ਉਵੇਂ ਪੇਸ਼ ਕਰਦੀ ਹੈ।
ਹਾਂ ਇਹ ਜ਼ਰੂਰ ਕਿ ਮੈਨੂੰ ਜਾਪਦਾ ਹੈ ਕਿ ਕਿਰਦਾਰਾਂ ਨੂੰ ਲੈ ਕੇ ਕੁਝ ਗੜਬੜ ਹੈ।ਉਹ ਕੁਝ ਥਾਵਾਂ ‘ਤੇ ਪੰਜਾਬ ਦੀ ਗੱਲ ਕਰਦੇ ਵਿਚਰਦੇ ਪੰਜਾਬ ਦੇ ਨਹੀਂ ਲੱਗਦੇ।ਕਾਸਟਿੰਗ ਪੱਖ ਤੋਂ ਇਸ ‘ਚ ਬੇਹਤਰ ਹੋ ਸਕਦਾ ਸੀ।
ਦੂਜਾ ਫਿਲਮ ‘ਚ ਗਾਲਾਂ ਨੂੰ ਲੈ ਕੇ ਚਰਚਾ ‘ਚ ਨੈਤਕਿਤਾ ਭਾਰੂ ਹੋ ਗਈ ਹੈ।ਅਜਿਹੇ ‘ਚ ਸਭ ਤੋਂ ਪਹਿਲਾਂ ਮੇਰੀ ਸਮਝ ਇਹ ਹੈ ਕਿ ਜਿਸ ਮਾਹੌਲ ਦੇ ਅਤੇ ਮਿਜਾਜ਼ ਦੇ ਉਹ ਕਿਰਦਾਰ ਹਨ ਉਹਨਾਂ ਦੀ ਜ਼ੁਬਾਨ ਅਜਿਹੀ ਹੀ ਹੁੰਦੀ ਹੈ।‘ਏ’ ਸਰਟੀਫਿਕੇਟ ਨਾਲ ਨਵਾਜ਼ੀ ਇਹ ਫ਼ਿਲਮ ਧਰਾਤਲ ਦੀ ਇਹਨਾਂ ਕਿਰਦਾਰਾਂ ਦੇ ਜ਼ੁਬਾਨ ਅੰਦਰ ਜਿੰਨਾ ਕੁ ਗਾਲਾਂ ਦਾ ਮੁਹਾਵਰਾ ਹੈ ਉਹਨਾਂ ਹੀ ਪੇਸ਼ ਕਰਦੀ ਹੈ।ਇੱਕ ਪੁਲਿਸ ਵਾਲੇ ਦੀ ਜਿਹੋ ਜਹੀ ਅਜਿਹੇ ਸੰਦਰਭ ‘ਚ ਜ਼ੁਬਾਨ ਹੁੰਦੀ ਹੈ ਉਹੋ ਜਹੀ ਹੀ ਵਿਖਾਈ ਗਈ ਹੈ।
ਇਸ ਦੌਰਾਨ ਜੋ ਗਾਲਾਂ ਢੁਕਵੀਆਂ ਨਹੀਂ ਲੱਗ ਰਹੀਆਂ ਉਹ ਹੈ ਫਿਲਮ ਦੇ ਸ਼ੁਰੂਆਤ ‘ਚ ਟੌਮੀ ਸਿੰਘ ਨਾਲ ਜੁੜੀ ਟੀਮ ਦੇ ਬੋਲਣ ਦੌਰਾਨ ਜੋ ਗਾਲਾਂ ਹਨ।ਉਥੇ ਫਿਲਮ ਦਾ ਲੇਖਕ ਮੁੰਬਈਆਂ ਸ਼ੈਲੀ ‘ਚ ਪੰਜਾਬ ਦਾ ਤਰਜਮਾ ਕਰਦਾ ਨਜ਼ਰ ਆਉਂਦਾ ਹੈ।ਸਰਤਾਜ ਦੀ ਜ਼ੁਬਾਨ ‘ਚ ਗਾਲਾਂ ਦਾ ਮੁਹਾਵਰਾ ਸੁਭਾਵਿਕ ਲੱਗਦਾ ਹੈ।ਬਾਕੀ ਪੰਜਾਬ ‘ਚ ਪੁਲਿਸ ਨੂੰ ਸਪਾਟੇ,ਮਾਮੇ ਆਦਿ ਵਿਸ਼ੇਸ਼ਣ ਮਿਲਦੇ ਹਨ,ਠੁੱਲਾ ਵਿਸ਼ੇਸ਼ਣ ਦਿੱਲੀ ਦੀ ਜ਼ੁਬਾਨ ਹੈ।ਅਜਿਹਾ ਹੀ ਕੁਝ ਕੁਝ ਬਾਹਰ ਦਾ ਲੱਗਦਾ ਹੈ।
ਉੱਡਤਾ ਪੰਜਾਬ ਵਿਸ਼ੇ ਨਾਲੋਂ ਜ਼ਿਆਦਾ ਕਿਰਦਾਰਾਂ ਨਾਲ ਤੁਰਦੀ ਫਿਲਮ ਹੈ।ਜਿਵੇਂ ਕਿ ਸਰਤਾਜ ਅਤੇ ਸਰਤਾਜ ਦਾ ਪਰਿਵਾਰ ਵੇਖੋ।ਪਿਓ ਮਰ ਗਿਆ ਹੈ।ਛੋਟਾ ਭਰਾ ਲਾਡ ਪਿਆਰ ਨਾਲ ਪਾਲਿਆ ਗਿਆ ਹੈ।ਉਸੇ ਲਾਡ ‘ਚ ਸਰਤਾਜ ਦੀ ਭ੍ਰਿਸ਼ਟਾਚਾਰ ਵਾਲੀ ਕਮਾਈ ਹੈ।ਉਸ ਕਮਾਈ ਨਾਲ ਲਾਪਰਵਾਹੀ ਵੀ ਪਸਰੀ ਹੋਈ ਹੈ।ਜਿਸ ਨਸ਼ੇ ਦੀ ਸਪਲਾਈ ‘ਚ ਦਖਲ ਅੰਦਾਜ਼ੀ ਨਾ ਕਰਨ ਦਾ ਉਹਨਾਂ ਨੂੰ ਹਫਤਾ ਮਿਲਦਾ ਹੈ।ਉਹੀ ਨਸ਼ਾ ਉਹਦੇ ਘਰ ਨੂੰ ਘੁਣ ਵਾਂਗੂ ਖਾ ਰਿਹਾ ਹੈ।ਬੱਲੀ (ਸਰਤਾਜ ਦਾ ਭਰਾ) ਆਪਣੇ ਘਰ ਦਾ ਨਾ ਹੋ ‘ਦੀ ਗੱਭਰੂ’ ਟੌਮੀ ਸਿੰਘ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਗਿਆ ਹੈ।ਉਹਦੇ ਕਮਰੇ ਦੇ ਦਰਵਾਜੇ ‘ਤੇ ਉਹਦਾ ਪੋਸਟਰ ਹੈ।ਯਾਨਿ ਕਿ ਜਿਹੜੇ ਬਰੂਹਾਂ ਤੋਂ ਆਦਰਸ਼ ਅੰਦਰ ਆਉਣੇ ਸੀ ਤੁਸੀ ਉਹਨਾਂ ਬੂਹਾਂ ‘ਤੇ ਰੋਲ ਮਾਡਲ ਨਾ ਚਿਪਕਾ ਸੋ ਕਾਲਡ ਗਾਇਕ ਮਾਡਲ ਚਿਪਕਾ ਦਿੱਤੇ ਹਨ।
ਇੱਕ ਅਹਿਮ ਗੱਲ ਇਹ ਹੈ ਕਿ ਪਿਛਲੇ ਦਿਨਾਂ ‘ਚ ਪੁਰਾਣੀਆਂ ਤਸਵੀਰਾਂ ਵੇਖੀਆ।ਇਹ ਕਿਲਾ ਰਾਏਪੁਰ ਦੇ ਖੇਡ ਮੇਲੇ ਦੀਆਂ ਸਨ।ਇਹਦੇ ਵਿੱਚ ਬਹੁਤੇ ਪੱਗਾਂ ਵਾਲੇ ਸਨ।ਇਹ ਤਸਵੀਰ ਹੌਲੀ ਹੌਲੀ ਬਦਲ ਗਈ ਹੈ।ਪੱਗਾਂ ਵਾਲੇ ਪੰਜਾਬੀ ਖਾਸ ਧਰਮ ਤੱਕ ਮਹਿਦੂਦ ਹੋ ਗਏ ਹਨ।ਉਸ ਧਰਮ ਅੰਦਰ ਵੀ ਕੁਝ ਮੁੰਡੇ ਪੱਗਾਂ ਛੱਡ ਗਏ ਹਨ।ਹੁਣ ਤਸਵੀਰ ਬਦਲ ਗਈ ਹੈ।ਇਸ ਸਭ ‘ਤੇ ਸੋਚਦੇ ਇੰਝ ਵੀ ਜਾਪਦਾ ਹੈ ਕਿ ਆਪਣੀ ਵਿਰਾਸਤ ਦੇ ਸ਼ਾਹਕਾਰ ‘ਚ ਅਸੀ ਬਦਲਦਾ ਪੰਜਾਬ ਸ਼ਾਇਦ ਵੇਖ ਹੀ ਨਹੀਂ ਸਕੇ।ਜੇ ਵੇਖ ਰਹੇ ਹਾਂ ਤਾਂ ਹਜਮ ਨਹੀਂ ਕਰ ਸਕੇ।ਕਿਤੇ ਇਹ ਤਾਂ ਨਹੀਂ ਕਿ ਅਸੀ ਜਰਮਨ ਦੇ ਕੈਬਰੇਟ ਵਾਈਮਰ ਕਲਚਰ ਦੀ ਤਰ੍ਹਾਂ ਖਾਸ ਹਲਾਤ ‘ਚ ਏਨੇ ਗਲਤਾਨ ਹੋ ਗਏ ਹਾਂ ਕਿ ਸਾਨੂੰ ਬਦਲ ਰਹੇ ਪੰਜਾਬ ਦਾ ਇਲਮ ਤੱਕ ਨਹੀਂ ਹੋ ਰਿਹਾ।
ਫਿਲਮ ਮਾਰਫਤ ਭ੍ਰਿਸ਼ਟ ਪੁਲਿਸ,ਤਸਕਰੀ ਦੇ ਗੜ,ਨਸ਼ਾ ਛਡਾਊ ਕੇਂਦਰ,ਨਸ਼ੇੜੀ ਬੱਚਿਆਂ ਦੇ ਪਰਿਵਾਰਾਂ ਦੀ ਖੱਜਲ ਖੁਆਰੀ,ਮਾਂ ਸਮਝ ਪੂਜੀ ਜਾਣ ਵਾਲੀ ਜ਼ਮੀਨ ਦੇ ਬਾਹਰ ਵੇਹਲੇ ਬੈਠੇ ਮਾਲਕ ਅਤੇ ਉਹਨਾਂ ਦੇ ਖੇਤਾਂ ਅੰਦਰ ਕੰਮ ਕਰਦੇ ਬਿਹਾਰੀ ਮਜਦੂਰਾਂ ਨੂੰ ਮੈਂ ਵੇਖ ਰਿਹਾਂ ਹਾਂ।ਪੰਜਾਬ ਦੇ ਜਿਹੜੇ ਹਿੱਸੇ ਨੂੰ ਵਿਖਾਇਆ ਜਾ ਰਿਹਾ ਹੈ ਉਸ ਤੋਂ ਮੁਨਕਰ ਕਿਵੇਂ ਹੋ ਸਕਦੇ ਹਾਂ।
‘ਕਿੱਸਾ ਪੰਜਾਬ’ ਫਿਲਮ ਯਾਦ ਹੈ।ਉਹ ਮੁੰਡੇ ਜੋ ਫਿਲਮ ‘ਚ ਨਸ਼ੇ ਨਾਲ ਸਬੰਧਿਤ ਸਨ।ਉਹਨਾਂ ਦੀ ਹੋਣੀ ਤਾਂ ਇਹੋ ਸੀ।ਉਹਨਾਂ ਮਰਨਾ ਹੀ ਸੀ।ਜੋ ਬਚਿਆ ਉਹ ਸੀ ਜਿਹਦੇ ਕੋਲ ਆਰਥਿਕ ਅਤੇ ਸਮਾਜੀ ਰਸੂਖ ਦੇ ਹੀਲੇ ਵਸੀਲੇ ਸਨ।ਸਰਦ ਮਾਹੌਲ ‘ਚ ਉਹ ਪੂਰੇ ਪੰਜਾਬ ਨੂੰ ਜਾਮ ਕਰ ਦਿੰਦੀ ਹੈ।ਇਸੇ ਤਰ੍ਹਾਂ ਦੀ ਕਿਸੇ ਹੋਰ ਸੰਦਰਭ ‘ਚ ਪੰਜਾਬ ਦੀ ਤਸਵੀਰ,ਪੰਜਾਬ ਅੰਦਰ ਸਹਿਮੇ ਕਿਰਦਾਰਾਂ ਦੇ ਖੌਫ ਨੂੰ ਗੁਰਵਿੰਦਰ ਸਿੰਘ ਦੀ ਫ਼ਿਲਮ ਅੰਨ੍ਹੇ ਘੋੜੇ ਦਾ ਦਾਨ ਵਿਖਾਉਂਦੀ ਹੈ।ਖੈਰ ਕਿੱਸਾ ਪੰਜਾਬ ‘ਚ ਉਹ ਮੁੰਡੇ ਤਾਂ ਕਹਾਣੀ ਸਨ ਹੀ ਪਰ ਫਿਲਮ ਦੀਆਂ ਦੋ ਕੁੜੀਆਂ ? ਸੁਖਜੀਤ ਅਤੇ ਕਿਸਮਤ ਪੰਜਾਬ ਦੀਆਂ ਦੋ ਕੁੜੀਆਂ,ਆਖਰ ਉਹਨਾਂ ਦਾ ਕੀ ਕਸੂਰ ਸੀ…ਉਹਨਾਂ ਦੇ ਹਿੱਸੇ ਉਡੀਕ ਆਈ,ਸੰਤਾਪ ਆਇਆ।ਇਹ ਕਿਰਦਾਰ ਜਿੱਥੇ ਵਿਚਰਦੇ ਨੇ ਉਹ ਹਾਈਪੋਥਟੀਕਲ ਤਾਂ ਨਹੀਂ ਹੋ ਸਕਦਾ।
ਪਰ ਉਡਤਾ ਪੰਜਾਬ ਦੀਆਂ ਕੁੜੀਆਂ ਇੰਨੇ ਕੋੜੇ ਸਮਿਆਂ ‘ਚ ਵੀ ਉਮੀਦ ਨਹੀਂ ਛੱਡਦੀਆਂ।ਡਾ ਪ੍ਰੀਤ ਸਾਹਨੀ ਦਾ ਇਹਨਾਂ ਨੌਜਵਾਨਾਂ ਪ੍ਰਤੀ ਫਿਕਰ ਹੈ ਉਹਨਾਂ ਨੂੰ ਮਰੀਜ਼ ਦੇ ਰੂਪ ‘ਚ ਸਮਝਕੇ ਨਾ ਕਿ ਨਸ਼ੇੜੀਆਂ ਨੂੰ ਦੋਸ਼ੀ ਦੇ ਰੂਪ ‘ਚ ਰੱਖਕੇ।ਉਹ ਇਸ ਨਸ਼ੇ ਦੇ ਧਂਅ ਨੂੰ ਭਲੀਭਾਂਤ ਸਮਝ ਰਹੀ ਹੈ।ਦੂਜੇ ਪਾਸੇ ਬਿਹਾਰਨ ਕੁੜੀ ਜਿਹੜੇ ਹਲਾਤਾਂ ਚੋਂ ਗੁਜ਼ਰ ਰਹੀ ਹੈ ਉਸ ਸਭ ਦੇ ਬਾਵਜੂਦ ਹੌਂਸਲਾ ਨਹੀਂ ਛੱਡਦੀ।ਬੇਸ਼ੱਕ ਬਿਹਾਰਨ ਕੁੜੀ ਜਿਸ ਸੰਤਾਪ ਨੂੰ ਹਢਾਉਂਦੀ ਹੈ ਅਜਿਹੀਆਂ ਤ੍ਰਾਸਦੀਆਂ ਦੇ ਦੌਰ ‘ਚ ਇਹ ਕੁੜੀਆਂ ਦੇ ਹਿੱਸੇ ਆਉਂਦਾ ਹੀ ਹੈ।
ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਜਿਸ ਖੇਤੀਬਾੜੀ ਢਾਂਚੇ ਵੱਲ ਨੂੰ ਵਧਿਆ ਹੈ।ਉਸ ‘ਚ ਅੰਨ ਦਾਤਾ 80 ਫੀਸਦ ਦੇਸ਼ ਦਾ ਢਿੱਡ ਭਰਨ ਦੇ ਬਾਵਜੂਦ ਖੁਦ ਸੰਕਟ ‘ਚ ਤਾਂ ਹੈ।ਮਹਾਂਰਾਸ਼ਟਰ ਤੋਂ ਬਾਅਦ ਖੁਦਕੁਸ਼ੀਆਂ ਦੇ ਮਾਮਲੇ ‘ਚ ਪੰਜਾਬ ਦਾ ਦੂਜਾ ਨੰਬਰ ਹੈ।ਕਣਕ ਝੌਨੇ ਦਾ ਚੱਕਰ ਇਸ ਢੰਗ ਦਾ ਸਿਰਜਿਆ ਗਿਆ ਹੈ ਕਿ ਇਸ ਚੱਕਰਵਿਹੂ ‘ਚ ਨਿਕਲਣਾ ਸੌਖਾ ਨਹੀਂ।ਕਿਉਂ ਕਿ ਇਸ ਨਾਲ ਸਬੰਧਿਤ ਮੰਡੀਕਰਨ ਵੀ ਉਹੋ ਜਿਹਾ ਹੈ।ਬਿਜਲੀ ਦਾ ਪ੍ਰਬੰਧ ਵੀ ਪੂਰਾ ਕਣਕ ਝੌਨੇ ਦੇ ਹਿਸਾਬ ਨਾਲ ਚੱਲਦਾ ਹੈ।ਅਜਿਹੇ ਮਾਹੌਲ ਨੂੰ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ‘ਜੱਟਾ ਜਾਗ’ ਦੇ ਜ਼ਰੀਏ ਚਰਨਜੀਤ ਸਿੰਘ ਤੇਜਾ ਨੇ ਜੋ ਪੇਸ਼ ਕੀਤਾ ਸੀ ਉਹ ਮਾਇਨੇ ਰੱਖਦਾ ਸੀ।ਕਿਸੇ ਵੇਲੇ ਦੀ ਰਚਨਾ ਸਾਨੂੰ ਕਿਸੇ ਵੇਲੇ ‘ਚ ਆ ਸੰਬੋਧਿਤ ਹੁੰਦੀ ਹੈ।ਠੀਕ ਇਸੇ ਤਰ੍ਹਾਂ ਸ਼ਿਵ ਕੁਮਾਰ ਬਟਾਲਵੀ ਦਾ ‘ਇੱਕ ਕੁੜੀ ਜੀਹਦਾ ਨਾਮ ਮੁਹੱਬਤ’ ਬਿਹਾਰਨ ਦੇ ਕਿਰਦਾਰ ਨੂੰ ਸਾਡੇ ਸਾਹਮਣੇ ਰੱਖ ਦੇਵੇ ਤਾਂ ਇਹ ਫ਼ਿਲਮ ਦੀ ਬੇਹਤਰ ਸੰਜੀਦਗੀ ਹੈ।
ਬਿਹਾਰਨ ਕੁੜੀ ਪੰਜਾਬ ਦੇ ਸੱਚ ਤੋਂ ਵੱਖ ਨਹੀਂ ਹੋ ਸਕਦੀ।ਪਰਵਾਸੀ ਮਜ਼ਦੂਰਾਂ ਦਾ ਪੰਜਾਬ ‘ਚ ਆਪਣਾ ਵਜੂਦ ਹੈ।ਇਹ ਪੰਜਾਬੀ ਜ਼ੁਬਾਨ ‘ਚ ਪੱੜ੍ਹਦੇ ਪੰਜਾਬ ਦੇ ਵੀ ਹੋ ਰਹੇ ਹਨ।ਕੁਝ ਥਾਵਾਂ ‘ਤੇ ਕਿਸੇ ਦੀ ਹਵਸ ਦਾ ਸ਼ਿਕਾਰ ਹੋਏ ਦੀਆਂ ਹੋਣੀਆਂ ਵੀ ਇਹਨਾਂ ਦੇ ਹਿੱਸੇ ਆਈਆਂ ਹਨ।ਲੁਧਿਆਣਾ ‘ਚ ਪਿਛੇ ਜਹੇ ਬੱਚਿਆਂ ਦੇ ਸ਼ਰੀਰਕ ਸ਼ੋਸ਼ਣ ਦੀਆਂ ਖ਼ਬਰਾਂ ਵੀ ਸਨ।ਖੈਰ ਗੋਰ ਕਰੋ ਤਾਂ ਬਿਹਾਰਨ ਕੁੜੀ ਦਾ ਪੂਰੀ ਫ਼ਿਲਮ ‘ਚ ਨਾਮ ਨਹੀਂ ਆਉਂਦਾ।ਵਾਕਿਆ ਹੀ ਵਿਚਾਰੀਆਂ ਗੁੰਮਨਾਮ ਕੁੜੀਆਂ।ਇਹਨਾਂ ਮੁਹੱਬਤ ਨਾਮ ਦੀਆਂ ਕੁੜੀਆਂ ਦਾ ਗਵਾਚਨਾ ਡਰਾਉਂਦਾ ਤਾਂ ਹੈ।ਗੋ ਗੋਆ ਦਾ ਇਸ਼ਤਿਹਾਰ ਜਿੱਧਰ ਖਿੱਚਦਾ ਹੈ,ਉਹ ਸੰਭਾਵਿਤ ਉੱਭਰਦਾ ਮਾਰਕੀਟ ਭਾਰਤ ਹੈ ਅਤੇ ਇਸ ‘ਚ ਦਾਖਲ ਹੋਣ ਲਈ ਰਾਤੋ ਰਾਤ ਅਮੀਰੀ ਦੀ ਲਾਲਸਾ ਕਿਰਤੀ ਸੁਭਾਅ ਨੂੰ ਬਰਬਾਦ ਤਾਂ ਕਰ ਹੀ ਰਹੀ ਹੈ।
ਟੌਮੀ ਸਿੰਘ ਦੇ ਕਿਰਦਾਰ ਚੋਂ ਜੋ ਗੱਲਾਂ ਤੁਰਦੀਆਂ ਹਨ ਉਹਨਾਂ ਨੂੰ ਵਿਚਾਰਨਾ ਤਾਂ ਬਣਦਾ ਹੈ।ਹਾਂ ਉਣਤਾਈ ਇਹ ਜ਼ਰੂਰ ਲੱਗਦੀ ਹੈ ਕਿ ਟੌਮੀ ਸਿੰਘ ਪੰਜਾਬ ਦਾ ਪੋਪ ਸਿੰਗਰ ਹੈ ਪਰ ਉਹਦੇ ਗਾਣੇ ਪੰਜਾਬੀ ਪੌਪ ਸਿੰਗਰ ਵਾਲੇ ਨਹੀਂ ਲੱਗਦੇ।ਇੱਥੇ ਫਿਲਮ ਨੇ ਮਿਊਜ਼ਿਕ ‘ਚ ਮਾਰਕੀਟ ਦਾ ਧਿਆਨ ਰੱਖਿਆ ਹੈ।ਪਰ ਟੌਮੀ ਸਿੰਘ ਦਾ ਕਿਰਦਾਰ ਵੇਖੋ।
ਟੌਮੀ ਸਿੰਘ ਨੂੰ ਦੋ ਤਰ੍ਹਾਂ ਦੇ ਸਰੋਤੇ ਮਿਲਦੇ ਹਨ।ਪਹਿਲੀ ਤਰ੍ਹਾਂ ਦੇ ਜੇਲ੍ਹ ‘ਚ ਮਿਲਦੇ ਹਨ।ਜਦੋਂ ਟੌਮੀ ਸਿੰਘ ਕੋਕੀਨ ਲੈਣ ਕਰਕੇ ਜੇਲ੍ਹ ‘ਚ ਜਾਂਦਾ ਹੈ।ਉਹਨੂੰ ਵੇਖ ਦੋ ਮੁੰਡੇ ਰੈਪ ਕਰਦੇ ਹੋਏ ਜੋ ਬਿਆਨਦੇ ਹਨ,ਉਹ ਸਾਡੇ ਲਈ ਸਵਾਲ ਹੈ।
ਕਲਚਰ ਸਮਾਜ ਅੰਦਰ ਬੜਾ ਅਸਰ ਪਾਉਂਦਾ ਹੈ,ਇਸ ਤੋਂ ਵੱਖ ਹੋਇਆ ਨਹੀਂ ਜਾ ਸਕਦਾ।ਸੋ ਇਹ ਕਿਹੋ ਜੇ ਰੂਪ ‘ਚ ਸਾਡੇ ਤੱਕ ਪਹੁੰਚੇ ਇਸ ਨੁਕਤੇ ‘ਤੇ ਕੰਮ ਕਰਨਾ ਪਵੇਗਾ।ਸਾਡੀਆਂ ਬੱਸਾਂ ਅੰਦਰ ਬਦਸਤੂਰ ਗੀਤ ਚੱਲਦੇ ਹਨ।ਸਾਡੀਆਂ ਗੱਡੀਆਂ ਦੇ ਹੋਰਨ ਤੱਕ ਇਸ ਤੋਂ ਪ੍ਰਭਾਵਿਤ ਹਨ।ਉੱਡਤਾ ਪੰਜਾਬ ਅੰਦਰ ਇਹ ਨੁਕਤੇ ਵੀ ਕਹਾਣੀ ਦੇ ਨਾਲ ਨਾਲ ਪੇਸ਼ ਹੁੰਦੇ ਹਨ।ਟਰੱਕ ਦਾ ਹੋਰਨ ਚਮਕੀਲਾ ਦੇ ਗੀਤ ਦੀ ਟੋਨ ਹੈ।ਪੁਲਿਸ ਵਾਲਾ ਜੋ ਸਰਤਾਜ ਦਾ ਸੀਨੀਅਰ ਹੈ ਉਹਦੇ ਮੋਬਾਈਲ ਦੀ ਟੋਨ ਵੀ ਅਜਿਹੇ ਗੀਤ ‘ਤੇ ਹੈ।
ਖੈਰ ਜੇਲ੍ਹ ਅੰਦਰ ਆਪਣੇ ਆਦਰਸ਼ਕ ਗਾਇਕ ਨੂੰ ਵੇਖ ਮੁੰਡੇ ਗਾਉਂਦੇ ਹਨ।
ਬੂਮ ਚਿਕ ਬੂਮ ਬੂਮ
ਅੰਬਰਸਰ ਉੱਡਦਾ
ਜਲੰਧਰ ਵੀ ਉੱਡਦਾ
ਉਡਦਾ ਲੁਧਿਆਣਾ ਮੋਗਾ
ਤੂੰ ਵੀ ਉੱਡ ਲੈ ਗੱਭਰੂ ਮੇਰੇ
ਹੁਣ ਕੀ ਸੋਚੇ ਕੀ ਹੋਗਾ
ਬਾਪੂ ਉੱਡਦਾ
ਲੌਂਡਾ (ਮੁੰਡਾ) ਉੱਡਦਾ
ਉੱਡਦੇ ਚਾਚੇ ਮਾਮੇ
ਰੁਸਤਮ ਉੱਡਦੇ ਦਾਰੇ ਉੱਡਦੇ
ਉੱਡਦੇ ਪਹਿਲਵਾਨ ਗਾਮੇ
“ਆਪ ਕੀ ਤਰ੍ਹਾਂ ਬਣਨਾ ਚਾਹਤੇ ਥੇ ਭਾਜੀ The Gabhru
ਭਾਜੀ ਜਬ ਪਹਿਲੀ ਬਾਰ ਸੂਈ ਲਗਾਈ ਥੀ ਤੋਂ ਆਪ ਕੀ ਤਸਵੀਰ ਸਾਹਮਣੇ ਥੀ
ਇਹ ਸਭ ਕੁਝ ਸੁਚਦੇ ਹੋਏ ਜੇਲ੍ਹ ਅੰਦਰ ਇੱਕ ਬੁਜ਼ਰਗ ਮੁੰਡਿਆ ਵੱਲ ਜੁੱਤੀ ਸੁੱਟਦੇ ਗੁੱਸੇ ‘ਚ ਕਹਿੰਦਾ ਹੈ ਕਿ ਮਾਂ ਯਾਵੇ ਮਾਂ ਕੋ ਮਾਰਕੇ ਆਏ ਹੋ ਹੁਣ ਇੱਥੇ ਗਾਣੇ ਗਾ ਰਹੇ ਓ
ਜਵਾਬ ਸੀ ਅੱਗੋਂ-ਭਾਜੀ ਕਿਆ ਕਰੇ ਤਲਬ ਲਗੀ ਥੀ,ਪੈਸੇ ਨਹੀਂ ਦੇ ਰਹੀ ਥੀ।ਉਹ ਮੁੰਡੇ ਕਿਉਂ ਨਾ ਪਰੇਸ਼ਾਨ ਕਰਨ ਸਾਨੂੰ।
ਉੱਡਤਾ ਪੰਜਾਬ ਫਿਲਮ ਇਸ ਨੂੰ ਵਿਸਥਾਰ ਤਾਂ ਦੇ ਰਹੀ ਹੈ ਕਿ ਖੁਦ ਦੀ ਇੱਛਾ ਸ਼ਕਤੀ ਅਤੇ ਆਸ ਪਾਸ ਦਾ ਮਾਹੌਲ ਅਤੇ ਆਪਣਿਆਂ ਦਾ ਸਾਥ ਹੀ ਹਲਾਤ ਨੂੰ ਸੁਧਾਰੇਗਾ।ਫਿਲਮ ਦੇ ਅਖੀਰ ‘ਤੇ ਸਰਤਾਜ ਦੇ ਭਰਾ ਦੀ ਕੁਰਲਾਹਟ ਭਰੀ ਸਿਸਕਾਹਟ ਇਹੋ ਤਾਂ ਕਹਿ ਰਹੀ ਹੈ ਕਿ ਇਹਨੂੰ ਖਤਮ ਕਰਨ ਲਈ ਕੁਝ ਤਾਂ ਕਰਨਾ ਪਵੇਗਾ।ਜਿਵੇਂ ਕਿ ਡਾ ਪ੍ਰੀਤ ਕਹਿੰਦੀ ਏ ਕਿ ਨਸ਼ੇ ਨਾਲ ਲੜਾਈ ਦੋ ਤਰ੍ਹਾਂ ਦੀ ਹੈ।ਸਿਸਟਮ ਅਤੇ ਅਜਿਹੇ ਤਸਕਰਾਂ ਦੇ ਨਾਲ ਨਾਲ ਸਾਡੇ ਆਪਣੇ ਜੋ ਨਸ਼ੇੜੀ ਬਣੇ ਹਨ ਉਹਨਾਂ ਨੂੰ ਕਿਵੇਂ ਜਗਾਉਣਾ ਹੈ ਅਤੇ ਕਿਵੇਂ ਇਸ ਤੋਂ ਬਾਹਰ ਕੱਢਣਾ ਹੈ।
ਉਹ ਆਗੂ ਵੀ ਸਾਨੂੰ ਪਛਾਣਨੇ ਪੈਣਗੇ।ਫਿਲਮ ਵਿਚਲਾ ਆਗੂ ਮਨਿੰਦਰ ਬਰਾੜ ਸਿਆਸਤ ਅੰਦਰਦਾ ਦੋਗਲਾ ਚਿਹਰਾ ਹੀ ਤਾਂ ਹੈ।ਟੀਵੀ ‘ਤੇ ਉਹ ਟੌਮੀ ਸਿੰਘ ਦੇ ਖਿਲਾਫ ਬੋਲਦਾ ਹੋਇਆ ਕਹਿ ਰਿਹਾ ਹੈ ਕਿ ਇਹ ਸਮਾਜ ਦੇ ਆਦਰਸ਼ ਨਹੀਂ ਹੋ ਸਕਦੇ ਪਰ ਆਪਣੀ ਹੀ ਕੁੜੀ ਦੇ ਵਿਆਹ ‘ਚ ਉਹਨੇ ਟੌਮੀ ਸਿੰਘ ਦਾ ਅਖਾੜਾ ਲਵਾਇਆ ਸੀ।ਇੱਕ ਪਾਸੇ ਉਹ ਨਸ਼ੇ ਦੇ ਖਿਲਾਫ ਲੜਾਈ ਬਾਰੇ ਅਪੀਲ ਕਰ ਰਿਹਾ ਹੈ ਅਤੇ ਦੂਜੇ ਪਾਸੇ ਹੀ ਉਹ ਨਸ਼ਾ ਵੰਡ ਰਿਹਾ ਹੈ।
ਟੌਮੀ ਸਿੰਘ ਦਾ ਜੋ ਸਵਾਲ ਆਪਣੇ ਸਰੋਤਿਆਂ ਨਾਲ ਸੀ ਉਹ ਇਸ ਸਮੇਂ ਦੇ ਗਾਇਕਾਂ ਦਾ ਖੁਦ ਨਾਲ ਅਤੇ ਸਾਨੂੰ ਸੁਣਨ ਵਾਲਿਆਂ ਨੂੰ ਵੀ ਹੋਣਾ ਚਾਹੀਦਾ ਹੈ।ਕਿ ਉਹਨੇ ਜੋ ਨਸ਼ੇ ਨੂੰ ਲੈ ਕੇ ਗੀਤ ਬਣਾਇਆ ਉਹ ਸੁਣਨ ਵਾਲਿਆਂ ‘ਚ ਫਿਲੋਸਫੀ ਕਿਵੇਂ ਬਣ ਗਿਆ।
ਫਿਲਮ ਵੇਖਦੇ ਹੋਏ ਮੈਂ ਗਾਲਾਂ ਤੋਂ ਪਾਰ,ਚਲਤਾਊ ਫਾਰਮੁਲੇ ਤੋਂ ਪਾਰ ਕਿਰਦਾਰਾਂ ਸੰਗ ਜੋ ਸਿਰਜਿਆ ਗਿਆ ਉਹਨੂੰ ਪੱੜ੍ਹ ਰਿਹਾ ਹਾਂ।ਅੱਜ ਤੋਂ ਕੁਝ ਮਹੀਨੇ ਪਹਿਲਾਂ ਸਾਡੀ ਤੜਪ ਜੋ ਅਸਹਿਣਸ਼ੀਲਤਾ ਦੇ ਖਿਲਾਫ ਸੀ ਅਤੇ ਇਸ ਨੂੰ ਲੈ ਕੇ ਕਿੰਨੇ ਪੁਰਸਕਾਰ ਵਾਪਸ ਹੋ ਗਏ ਹਨ।ਇਸ ਖਿਲਾਫ ਬੋਲਣ ਵਾਲੇ ਪੰਜਾਬ ਨੂੰ ਬਦਨਾਮ ਨਾ ਕਰੋ ਦੀ ਸਿਆਸੀ ਜੁਮਲੇਬਾਜ਼ੀ ‘ਚ ਫੱਸਕੇ ਕਿਤੇ ਅਸਹਿਣਸ਼ੀਲਤਾ ਦੇ ਹਮਾਇਤੀਆਂ ਦੇ ਹੱਕ ‘ਚ ਤਾਂ ਨਹੀਂ ਖਲੋ ਗਏ।
ਖੰਡਰਾਂ ਦਾ ਇਸ਼ਾਰਾ ਵਿਰਾਸਤਾਂ ਤੱਕ ਪਹੁੰਚਣ ਦਾ ਹੁੰਦਾ ਹੈ ਪਰ ਉਹਨਾਂ ਖੰਡਰਾਂ ਦੀਆਂ ਨੁਕਰਾਂ ‘ਚ ਬਹਿ ਕੋਈ ਟੀਕੇ ਲਗਾ ਰਿਹਾ ਹੈ।ਹਸਪਤਾਲ ਅੰਦਰ ਮਰੀਜ਼ ਟੌਮੀ ਸਿੰਘ ਦੀ ਅਵਾਜ਼ ਤੋਂ ਸ਼ਿਵ ਕੁਮਾਰ ਬਟਾਲਵੀ ਦਾ ਗੀਤ ਸੁਣ ਇੰਝ ਤ੍ਰਿਪਤ ਹੋ ਰਿਹਾ ਹੈ ਜਿਵੇਂ ਅਜਿਹੇ ਗੀਤਾਂ ਦੀ ਉਡੀਕ ਹੀ ਸੀ।ਸਰਤਾਜ ਦੇ ਗੁੱਸੇ ‘ਚ ਡਰਾਈਵਰ ਨੂੰ ਕੁੱਟਣ ਤੋਂ ਬਾਅਦ ਸਿਨੀਅਰ ਕਹਿੰਦਾ ਹੈ ਕਿ ਬੰਦਾ ਕੁੱਟਦਾ ਮੈਂ ਸੰਭਾਲ ਲਊ ਪਰ ਪਹਿਲਵਾਨ ਦਾ ਟਰੱਕ ਤੋੜੇਂਗਾ ? ਬੰਦਿਆਂ ਨਾਲੋਂ ਬਹੁਤੀ ਫ਼ਿਕਰ ਸਿਸਟਮ ਮਸ਼ੀਨਰੀ ਦੀ ਕਰਦਾ ਹੈ ਦਾ ਪ੍ਰਤੀਕ,ਪਹਿਲੇ ਲਲਕਾਰੇ ਨਾਲ ਦਾ ਹੋਰਨ,ਬਿਹਾਰਨ ਦਾ ਰੌਂਦੀ ਦਾ ਆਪਣਾ ਲੋਕ ਗੀਤ ਗਾਉਣਾ ਇਹਨਾਂ ਸਾਰੇ ਪ੍ਰਤੀਕਾਂ ਚੋਂ ਗੁਜ਼ਰਦੇ ਮੈਂ ਉੱਡਦਾ ਪੰਜਾਬ ਵੇਖਦਾ ਹਾਂ।
ਇਸੇ ਫਿਲਮ ਦਾ ਸ਼ੈਲੀ (ਸ਼ਲਿੰਦਰ ਸਿੰਘ ਸੋਢੀ) ਦਾ ਲਿਖਿਆ ਗੀਤ ਸਾਨੂੰ ਜ਼ਮੀਨ ਬੰਜਰ ਅਤੇ ਔਲਾਦ ਕੰਜਰ ਤੋਂ ਪਾਰ ਮਾਇਨਿਆਂ ਨੂੰ ਸਮਝਣ ਦਾ ਇਸ਼ਾਰਾ ਕਰਦਾ ਆਖਰੀ ਅਵਾਜ਼ ਮਾਰ ਰਿਹਾ ਹੈ।
ਪੰਜ ਦਰਿਆਵਾਂ ਦੇ ਪੈਦਾ.ਸੁਣ ਬੰਦਿਆ ਵੇ
ਇਸ ਮਿੱਟੀ ਦੇ ਬਕਾਇਦਾ,ਸੁਣ ਬੰਦਿਆ ਵੇ
ਲੈ ਤੂੰ ਨਾ ਹੋਵੇ ਅਲਾਹਿਦਾ,ਸੁਣ ਬੰਦਿਆ ਵੇ…