ਵਰਤੋਂਕਾਰ:Jaskiran 6372
ਆਚਾਰੀਆ ਕ੍ਸ਼ੇਮੇਂਦ੍ਰ
[ਸੋਧੋ](1026-1066 ਈ. ਸਦੀ ਦਾ ਮਧਭਾਗ)
ਆਚਾਰੀਆ ਕ੍ਸ਼ੇਮੇਂਦ੍ਰ ਦਾ ਨਾਮ ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿੱਚ ਜ਼ਿਆਦਾਤਰ ਇਹਨਾਂ ਦੇ ਕਾਵਿ- ਸ਼ਾਸਤਰੀ ਗ੍ਰੰਥ ' ਔਚਿਤਯਵਿਚਾਰਚਰਚਾ' ਦੇ ਕਾਰਣ ਪ੍ਰਸਿੱਧ ਹੈ। ਇਹਨਾਂ ਨੇ 'ਔਚਿਤਯ- ਸਿਧਾਂਤ ' ਦੀ ਸਥਾਪਨਾ ਕਰਕੇ 'ਔਚਿਤਯ' ਨੂੰ ਹੀ ਕਾਵਿ ਦੀ ਆਤਮਾ ਮੰਨਿਆ ਹੈ। ਰਾਜਸ਼ੇਖਰ ਅਤੇ ਭੋਜ ਤੋਂ ਬਾਅਦ ਇਹੋ ਇੱਕ ਆਚਾਰੀਆ ਹਨ ਜਿਨ੍ਹਾਂ ਨੂੰ ਬਹੁਮੁਖੀ (ਸਰਬਪੱਖੀ) ਪ੍ਰਤਿਭਾ ਦੇ ਮਾਲਿਕ ਕਿਹਾ ਜਾ ਸਕਦਾ ਹੈ। ਇਹਨਾਂ ਨੇ ਸ਼ਾਸਤਰੀ ਗ੍ਰੰਥਾਂ ਤੋਂ ਇਲਾਵਾ ਅਨੇਕ ਕਾਵਿਆਂ ਅਤੇ ਗਦਕਾਵਿਆਂ ਦੀ ਵੀ ਰਚਨਾ ਕੀਤੀ ਹੈ, ਜਿਸ ਲਈ ਇਹਨਾਂ ਨੂੰ ਆਚਾਰੀਆ ਅਤੇ ਕਵੀ ਦੇ ਪਦ 'ਤੇ ਪ੍ਰਤਿਸ਼ਠਿਤ ਕੀਤਾ ਜਾ ਸਕਦਾ ਹੈ।[1]
ਜਨਮ ਤੇ ਜੀਵਨ ਬਾਰੇ
[ਸੋਧੋ]ਆਚਾਰੀਆ ਕ੍ਸ਼ੇਮੇਂਦ੍ਰ ਦੇ ਵਿਅਕਤੀਗਤ ਜੀਵਨ ਅਤੇ ਸਮੇਂ ਬਾਰੇ, ਉਹਨਾਂ ਦੀਆਂ ਆਪਣੀਆਂ ਕਿਰਤਾਂ 'ਚ ਪ੍ਰਾਪਤ ਉਲੇਖਾਂ ਦੁਆਰਾ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਕ੍ਸ਼ੇਮੇਂਦ੍ਰ ਦੇ ਪੂਰਵਜ ਕਸ਼ਮੀਰੀ ਰਾਜਿਆਂ ਦੇ ਮੰਤ੍ਰੀ ਪਦ 'ਤੇ ਆਸੀਨ ਸਨ। ਇਹਨਾਂ ਦੇ ਪਿਤਾ ਦਾ ਨਾਮ ' ਪ੍ਰਕਸ਼ੇਂਦ੍ਰ' ਅਤੇ ਦਾਦਾ ਦਾ ਨਾਮ 'ਸਿੰਧੂ' ਸੀ। ਇਹਨਾਂ ਦਾ ਪਰਿਵਾਰ ਬਹੁਤ ਸੰਪੰਨ (ਅਮੀਰ) ਅਤੇ ਉਦਾਰ ਸੁਭਾਅ ਦਾ ਸੀ।'ਬ੍ਰਿਹਤਕਥਾਮੰਜਰੀ ' ਦੇ ਅਨੁਸਾਰ ਕ੍ਸ਼ੇਮੇਂਦ੍ਰ ਨੇ ਸਾਹਿਤ-ਵਿਦਿਆ ਦਾ ਅਧਿਐਨ ਆਚਾਰੀਆ ਅਭਿਨਵਗੁਪਤ ਤੋਂ ਕੀਤਾ ਸੀ। ਇਹ ਪਹਿਲਾਂ ਸ਼ੈਵ ਸਨ, ਪਰ ਸੋਮਚਾਰਯ ਤੋਂ ਪ੍ਰਭਾਵਿਤ ਹੋ ਕੇ ਵੈਸ਼ਨਵ ਮਤ ਦੇ ਅਨੁਯਾਯੀ ਬਣ ਗਏ। ਜਾਪਦਾ ਹੈ ਕਿ ਕਸ਼ੇਮੇਂਦ੍ਰ ਨੇ ਕਾਵਿ ਰਚਨਾ ਕਰਨ ਲਈ ਮਹਾਂਰਿਸ਼ੀ ਵੇਦਵਿਆਸ ਨੂੰ ਆਪਣਾ ਆਦਰਸ਼ ਮੰਨਿਆ ਅਤੇ ਇਹਨਾਂ ਨੇ ਆਪਣੇ ਅਨੇਕ ਗ੍ਰੰਥਾਂ 'ਚ ਆਪਣਾ ਉਪਨਾਮ ' ਵਿਆਸਦਾਸ' ਲਿਖਿਆ ਹੈ।[2]