ਵਰਤੋਂਕਾਰ:Jaspreetkaur88

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਅਦਬ ਤੋਂ ਇਬਾਦਤ ਤੱਕ: ਸਤਿੰਦਰ ਸਰਤਾਜ –[ਸੋਧੋ]

ਪੰਜਾਬੀ ਯੂਨੀਵਰਸਿਟੀ ਪੜ੍ਹਦਿਆਂ ਪੰਜਾਬ ਯੂਨੀਵਰਸਿਟੀ ਨਾਲ ਜੋ ਸਾਂਝ ਬਣੀ ਉਹ ਚਾਹੇ ਸ਼ਬਦਾਂ ਦੀ ਕਹਿ ਲਵੋ ਚਾਹੇ ਸੱਜਣਾਂ ਦੀ, ਸਾਹਿਤ ਦੀ ਜਾਂ ਸਾਹਿਤਕਾਰਾਂ ਦੀ, ਚਿੰਤਨ ਜਾਂ ਚਿੰਤਕਾਂ ਦੀ, ਇਹ ਸਾਂਝ ਸਾਨੂੰ ਇਕ ਦੂਜੇ ਵੱਲ ਤੋਰਨ ਲਈ ਪ੍ਰੇਰਨਾ ਸ੍ਰੋਤ ਬਣਦੀ। ਦੋਸਤ ਮਿੱਤਰਾਂ ਦੇ ਆਉਣ ਦਾ ਚਾਅ ਓਨਾ ਹੁੰਦਾ ਹੈ ਜਿਵੇਂ ਨਿੱਕੇ ਹੁੰਦਿਆਂ ਘਰ ਪ੍ਰਾਹੁਣੇ ਆਉਣ ਦਾ। ਸ਼ਾਮ ਤੋਂ ਲੈ ਕੇ ਰਾਤ ਭਰ ਮਹਿਫਲਾਂ ਲਗਦੀਆਂ, ਬਹਿਸਾਂ ਹੁੰਦੀਆਂ, ਸ਼ਾਇਰੀ ਤੇ ਸੰਗੀਤ ਦਾ ਦੌਰ ਚਲਦਾ (ਤੇ ਕਦੇ ਕਦੇ ਦਾਰੂ ਦਾ ਵੀ)।

ਇਕ ਵਾਰ ਮੈਂ ਚੰਡੀਗੜ੍ਹ ਗਿਆ ਤਾਂ ਮੇਰੇ ਦੋਸਤਾਂ ਨੇ ਇਕ ਵੀਡੀਓ ਯੂ.ਟਿਊਬ ‘ਤੇ ਬੜੇ ਚਾਅ ਨਾਲ ਵਿਖਾਈ। ਉਸ ਵੀਡੀਓ ਵਿਚਲਾ ਬੁੱਲ੍ਹੇ ਦੀ ਕਾਫ਼ੀ ਵਰਗਾ ਸਖ਼ਸ਼ ਸਟੇਜ ‘ਤੇ ਚੌਂਕੜੀ ਮਾਰੀਂ ਸਹਿਜ ਅਵਸਥਾ ‘ਚ ਕਸ਼ਿਸ਼ ਭਰੀ ਆਵਾਜ਼ ‘ਚ ਇਕ ਗੀਤ ਗਾਉਣਾ ਸ਼ੁਰੂ ਕਰਦਾ ਹੈ।

ਬੇਸ਼ੱਕ ਉਸ ਗੀਤ ਦੇ ਉਨ੍ਹਾਂ ਬੋਲਾਂ ਦੀ ਤਾਸੀਰ ਮੇਰੀ ਜਿੰਦਗੀ ਦੇ ਉਸ ਦੌਰ ਨਾਲ ਵਿਰੋਧਾਭਾਸ ਸਿਰਜਦੀ ਸੀ ਪਰ ਪਤਾ ਨਹੀਂ ਉਸ ਆਵਾਜ਼ ਦਾ ਜਾਦੂ ਸੀ ਜਾਂ ਸ਼ਬਦਾਂ ਦਾ, ਅੰਦਾਜ਼-ਏ-ਬਿਆਂ ਦਾ ਅਸਰ ਸੀ ਜਾਂ ਸ਼ਾਇਦ ਸਭ ਦਾ ਸੁਮੇਲ ਹੀ ਸੀ ਜੋ ਮੈਂ ਉਹ ਬੋਲ ਵਾਪਸ ਪਟਿਆਲੇ ਆ ਆਪਣੇ ਹੋਸਟਲ ਦੇ ਕਮਰੇ ਦੀ ਕੰਧ ਤੇ ਲਾਲ ਸਕੈਚ ਨਾਲ ਉਕਰ ਦਿੱਤੇ (ਜੋ ਅਜੇ ਵੀ ਉਵੇਂ ਹੀ ਹਨ)। ਉਸ ਗੀਤ ਦੇ ਬੋਲ ਸਨ :

ਫਿਲਹਾਲ ਹਵਾਵਾਂ ਰੁਮਕਦੀਆਂ

ਜਦ ਝੱਖੜ ਝੁੱਲੂ ਵੇਖਾਂਗੇ
ਅਜੇ ਘੜਾ ਅਕਲ ਦਾ ਊਣਾ ਏ
ਜਦ ਭਰ ਕੇ ਡੁੱਲੂ ਵੇਖਾਂਗੇ।

ਮੈਂ ਮਹਿਸੂਸ ਕਰਦਾ ਹਾਂ ਕਿ ਇਹ ਸਤਰਾਂ ਪੰਜਾਬੀਆਂ ਦੇ ਸੁਭਾਅ ਦਾ ਹਿੱਸਾ ਮੁੱਢ ਕਦੀਮ ਤੋਂ ਹੀ ਹਨ। ਜੇ ਮਨੋਵਿਗਿਆਨਕ ਨਜ਼ਰੀਏ ਤੋਂ ਵੇਖੀਏ ਤਾਂ ਇਹ ਸਤਰਾਂ ਉਨ੍ਹਾਂ ਸਤਰਾਂ ਦੇ ਹਾਣ ਦੀਆਂ ਹੋ ਨਿਬੜਦੀਆਂ ਹਨ ਕਿ :

ਖਾਧਾ ਪੀਤਾ ਲਾਹੇ ਦਾ

ਬਾਕੀ ਅਹਿਮਦ ਸ਼ਾਹੇ ਦਾ।

ਜਿਵੇਂ ਅਸੀਂ ਜਾਣਦੇ ਹਾਂ ਕਿ ਪੰਜਾਬ ਹਮੇਸ਼ਾ ਹਮਲਾਵਰਾਂ ਲਈ ਭਾਰਤ ਦਾ ਪਰਵੇਸ਼ ਦੁਆਰ ਰਿਹਾ ਹੋਣ ਕਰਕੇ ਪੰਜਾਬੀਆਂ ਨੂੰ ਉਜੜਨਾ ਆਪਣੇ ਸੁਭਾਅ ਦਾ ਹਿੱਸਾ ਬਣਾਉਣਾ ਪਿਆ, ਸ਼ਾਇਦ ਤਾਂ ਹੀ ਪੰਜਾਬੀਆਂ ਨੇ ‘ਖਾਓ ਪੀਓ ਐਸ਼ ਕਰੋ’ ਵਰਗੇ ਮੁਹਾਵਰੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਏ। ਪਰ ਜੇ ਮਨੁੱਖ ਦੁੱਖਾਂ ‘ਚ ਹੁੰਦਾ ਹੋਇਆ ਵੀ ਖੁਸ਼ੀ ਦੇ ਕਿਣਕੇ ਚੁਣਨ ਦੀ ਕੋਸ਼ਿਸ਼ ਕਰਦਾ ਹੈ, ਗੁਰਬਤ ‘ਚੋਂ ਗੁਜ਼ਰਦਾ ਵੀ ਚੜ੍ਹਦੀ ਕਲਾ ਦੇ ਸੋਹਲੇ ਗਾਉਂਦਾ ਹੈ ਤਾਂ ਉਹ ਅਦਾ ਉਸ ਮਨੁੱਖ ਦੀ ਮਜ਼ਬੂਤ ਮਨੋ-ਅਵਸਥਾ ਦੀ ਨਿਸ਼ਾਨੀ ਹੈ ਤੇ ਸਤਿੰਦਰ ਦਾ ਇਹ ਗੀਤ ਪੂਰੇ ਪੰਜਾਬ ਦੀ ਅਜੋਕੇ ਸਮੇਂ ਦੀਆਂ ਪ੍ਰਸਥਿਤੀਆਂ ਦੇ ਉਲਟ ਖੜੇ ਮਜ਼ਬੂਤ ਪੰਜਾਬੀ ਮਨ ਦੀ ਤਸਵੀਰ ਪੇਸ਼ ਕਰਦਾ ਹੈ। ਮੈਂ ਜਦ ਪੰਜਾਬ ਤੋਂ ਪਰਦੇਸ ਆਇਆ ਤਾਂ ਇਕ ਗਜ਼ਲ ਇਸ ਪਰਵਾਸ ਨੇ ਲਿਖਵਾਈ ਜਿਸਦਾ ਮਤਲਾ ਸਾਹਨੀ ਸੀ :

ਬਚੇ ਕੁਝ ਹੋਂਦ ਦੇ ਸ਼ੀਸ਼ੇ ਸਦਾ -ਤਿੜਕਨ ਤੋਂ ਡਰਦਾ ਹੈ

ਕਿ ਬੰਦਾ ਟੁਕੜਿਆਂ ਵਿੱਚ ਜਿਊਂ ਕੇ ਵੀ ਬਿਖਰਨ ਤੋਂ ਡਰਦਾ ਹੈ

ਤੇ ਸਰਤਾਜ ਦੇ ਉਸ ਗੀਤ ਦੀਆਂ ਇਹ ਸਤਰਾਂ ਵੀ ਹੋਂਦ ਦੇ ਸਬੂਤੇ ਹੋਣ ਦੀ ਇੱਛਾ ਦੀ ਪ੍ਰਤਿਨਿਧਤਾ ਕਰਦੀਆਂ ਹਨ, ਜਿਸ ‘ਚ ਉਹ ਯਥਾਰਥ ਦੇ ਕੌੜੇ ਸੱਚ ਤੋਂ ਦੂਰ ਕਾਲਪਨਿਕ ਉਡਾਰੀ ਲਾ ਉਸ ਸੁਪਨਿਆਂ ਦੇ ਸੰਸਾਰ ‘ਚ ਜਾ ਪਹੁੰਚਦਾ ਹੈ ਜਿਥੇ ਜ਼ਿੰਦਗੀ ਦੇ ਵਿਹੜੇ ਚਾਵਾਂ ਦੀਆਂ ਕਿਲਕਾਰੀਆਂ ਨੇ, ਜਿਥੇ ਪੰਛੀਆਂ ਦੀ ਚਹਿਚਹਾ ਹੈ, ਪੌਣਾਂ ਦੇ ਰੁਮਕਣ ਦੀ ਸੁਗੰਧ ਹੈ, ਬੇਫਿਕਰੀ ਹੈ, ਬੇਪਰਵਾਹੀ ਹੈ ਤੇ ਚਹੁੰ ਪਾਸੇ ਆਨੰਦ ਦਾ ਰਾਗ ਅਲਾਪਿਆ ਜਾ ਰਿਹਾ ਹੈ। ਇਹ ਕਲਪਨਾ ਉਦੋਂ ਕੀਤੀ ਜਾ ਰਹੀ ਹੈ ਜਦ ਪੰਜਾਬ ਇਸ ਤੋਂ ਉਲਟ ਬੇਰੁਜ਼ਗਾਰੀ, ਮਜ਼ਹਬੀ ਤਕਰਾਰ, ਭਰੂਣ ਹੱਤਿਆ, ਰਿਸ਼ਵਤਖੋਰੀ, ਰਾਜਨੀਤਕ ਧੱਕੇਸ਼ਾਹੀ, ਅਨਪੜ੍ਹਤਾ, ਮਹਿੰਗਾਈ ਅਤੇ ਖੁਦਕਸ਼ੀਆਂ ਵਰਗੀਆਂ ਅਲਾਮਤਾਂ ਵਿਚ ਧੁਰ ਤੱਕ ਗ੍ਰਸਿਆ ਪਿਆ ਹੈ। ਇਨ੍ਹਾਂ ਹਾਲਤਾਂ ਵਿਚ ਵੀ ਐਸੇ ਨਗਮੇ ਗਾਉਣਾ ਆਪਣੇ ਆਪ ਵਿਚ ਉਸ ਉਰਦੂ ਸ਼ੇਅਰ ਬਰਾਬਰ ਹੈ :

ਜ਼ਿੰਦਗੀ ਿਜ਼ੰਦਾਦਿਲੀ ਦਾ ਨਾਮ ਹੈ

ਮੁਰਦਾ ਦਿਲ ਕਿਆ ਖ਼ਾਕ ਜੀਆ ਕਰਤੇ ਹੈਂ।

ਤੇ ਇਸੇ ਜ਼ਿਂਦਾਦਿਲੀ ਨਾਲ ਜਿਉਣ ਦੀ ਮਿਸਾਲ ਪ੍ਰੋ. ਪੂਰਨ ਸਿੰਘ ਦੇ ਪੰਜਾਬ ‘ਚੋਂ ਮਿਲਦੀ ਹੈ ਜਦ ਉਹ ਲਿਖਦਾ ਹੈ ਕਿ :

ਇਹ ਬੇਪਰਵਾਹ ਪੰਜਾਬ ਦੇ

ਮੌਤ ਨੂੰ ਮਖੌਲਾਂ ਕਰਨ
ਮਰਨ ਥੀਂ ਨਹੀਂ ਡਰਦੇ!

ਪਿਆਰ ਨਾਲ ਇਹ ਕਰਨ ਗੁਲਾਮੀ

ਜਾਨ ਕੋਹ ਅਪਣੀ ਵਾਰ ਦਿੰਦੇ

ਹੁਣ ਸਰਤਾਜ ਵਿਚ ਵਸਦਾ ਪੂਰਨ ਸਿੰਘ ਦੇ ਉਸ ਨੌਜਵਾਨ ਦਾ ਅਕਸ ਇਉਂ ਕੁਰਲ੍ਹਾ ਰਿਹਾ ਹੈ ਕਿ :

ਤੇਰਾ ਖੂਨ ਠੰਡਾ ਹੋ ਗਿਆ ਏ

ਖ਼ੌਲਦਾ ਨਹੀਂ ਏ
ਇਹ ਵਿਰਸੇ ਦਾ ਮਸਲਾ
ਮਖ਼ੌਲ ਦਾ ਨਹੀਂ ਏ

ਮੇਰੇ ਲਈ ਸਵਾਲ ਇਹ ਹੈ ਕਿ ਪੂਰਨ ਸਿੰਘ ਅਤੇ ਸਰਤਾਜ ਦੇ ਇਸ ਫ਼ਿਕਰ ਵਿਚ ਉਨ੍ਹਾਂ ਸਾਲਾਂ ਦਾ ਵਕਫ਼ਾ ‘ਮਰਨ ਥੀਂ ਨਹੀਂ ਡਰਦੇ’ ਤੋਂ ‘ਖੂਨ ਠੰਡਾ’ ਤੱਕ ਦਾ ਹੈ। ਇਹ ਤਬਦੀਲੀ ਦੇ ਵਾਪਰਨ ਪਿੱਛੇ ਪੰਜਾਬ ਦੇ ਇਤਿਹਾਸ ਨੂੰ ਬੜੀ ਗਹੁ ਨਾਲ ਵੇਖਣਾ ਪਏਗਾ ਜਿਸ ਵਿਚ ਉਨ੍ਹਾਂ ਖੁਸ਼ੀਆਂ ਪਾਸਗੀਆਂ ਨੂੰ ਵੀ ਵੇਖਣਾ ਪਏਗਾ ਜੋ ਖੂਨ ਠੰਡਾ ਪਾਉਣ ਲਈ ਖਾਸ ਤੌਰ ਤੇ ਉਲੀਕੀਆਂ ਜਾਂਦੀਆਂ ਰਹੀਆਂ ਹਨ।

ਅਸੀਂ ਉਸ ਧਰਤੀ ਦੇ ਬਸ਼ਿੰਦੇ ਹਾਂ, ਜਿੱਥੇ ਭਾਸ਼ਾ ਦਾ ਮੁੱਢ ਕਵਿਤਾ ‘ਚੋਂ ਲੱਭਦਾ ਹੈ ਕਿਉਂਕਿ ਜੇ ਪੰਜਾਬੀ ਮਾ-ਬੋਲੀ (ਭਾਸ਼ਾ) ਦਾ ਇਤਿਹਾਸ ਫਰੋਲੀਏ ਤਾਂ ਨਾਥਾਂ ਦੀ ਕਵਿਤਾ ਮਿਲਦੀ ਹੈ, ਜੋ ਸਮਾਂ ਗੋਰਖ ਦੇ ਹਾਣ ਦਾ ਸੀ। ਬਾਬਾ ਫਰੀਦ ਜੀ ਵੇਲੇ ਪੰਜਾਬੀ ਭਾਸ਼ਾ ਜਵਾਨੀ ਦੀ ਅੰਗੜਾਈ ਭਰਦੀ ਹੈ ਤੇ ਬਾਬਾ ਨਾਨਕ ਬੋਲੀ ਨੂੰ ਰੂਹਾਨੀ ਪੁੱਠ ਚਾੜ੍ਹ ਕੇ ਇਸਦਾ ਰੁਤਬਾ ਰੂਹਾਂ ਦੇ ਹਾਣ ਦਾ ਬਣਾਉਂਦੇ ਹਨ। ਅਸੀਂ ਉਸ ਵਡਭਾਗੀ ਧਰਤੀ ਤੋਂ ਹਾਂ ਜਿਥੇ ਗੁਰਬਾਣੀ ਰਚੀ ਗਈ, ਵੇਦ ਰਚੇ ਗਏ, ਜਿਸ ਧਰਤੀ ਹਿੱਸੇ ਗੁਰੂ-ਫ਼ਕੀਰ, ਔਲੀਏ, ਨਾਥ-ਜੋਗੀ, ਭਗਤ, ਸੂਰਮੇ ਤੇ ਸ਼ਹੀਦ ਆਏ। ਜਿਥੇ ਸਲੋਕ, ਛੰਦ, ਸ਼ੀਹਰਫੀਆਂ, ਕਾਫ਼ੀਆਂ, ਗੀਤ, ਗਜ਼ਲ, ਟੱਪੇ, ਮਾਹੀਆ ਵਰਗੇ ਕਾਵਿ-ਰੰਗਾਂ ਨੇ ਪੰਜਾਬੀ ਸਾਹਿਤ ਨੂੰ ਅਮੀਰੀ ਬਖ਼ਸ਼ੀ, ਪਰ ਅਫਸੋਸ-ਦਰ-ਅਫਸੋਸ ਬਾਬੇ ਨਾਨਕ ਦੀ ਰਬਾਬ ਬਾਰੇ ਦੇਸ਼ ‘ਚ ਜੋ ਧੁਨਾਂ ਅੱਜ ਕੱਲ੍ਹ ਉਪਜ ਰਹੀਆਂ ਹਨ, ਉਨ੍ਹਾਂ ਨਾਲ ਸੰਗੀਤ ਸ਼ਬਦ ਦੇ ਰੂਹਾਨੀ ਅਰਥ ਸਾਧਾਰਨ ਲੋਕਾਂ ਲਈ ਹੋਰ ਬਣਦੇ ਜਾ ਰਹੇ ਹਨ। ਨਿਰਸੰਦੇਹ ਅਸੀਂ ਇਹ ਤਰਾਸਦੀ ਹੰਢਾ ਰਹੇ ਹਾਂ। ਮੌਜੂਦਾ ਵਿਸ਼ਵੀਕਰਨ ਦੇ ਇਸ ਦੌਰ ‘ਚ ਇਹ ਸਿਰਫ ਵਪਾਰੀਕਰਨ ਵਰਤਾਰੇ ਲਈ ਉਪਜੀ ਮੰਡੀ ਦੀ ਦੇਣ ਹੈ। ਜਿਸ ਉੱਪਰ ਸੰਗੀਤ ਨੂੰ ਮੁਹੱਬਤ ਕਰਨ ਵਾਲੇ, ਸੰਗੀਤ ਅਤੇ ਸ਼ਾਇਰੀ ਨੂੰ ਜਿਉਣ ਵਾਲੇ ਉਸਤਾਦ ਸਾਜ਼-ਨਵਾਜ਼ ਸਿਰਫ ਤੇ ਸਿਰਫ ਬੇਬਸੀ ਭਰੀਆਂ ਨਿਗਾਹਾਂ ਨਾਲ ਦੇਖ ਰਹੇ ਹਨ। ਦੂਜੇ ਪਾਸੇ ਸਮਾਂ ਆਪਣੇ ਆਪ ਨੂੰ ਦੁਹਰਾਉਂਦਾ ਵੀ ਹੈ, ਜਿਸ ਕਾਰਨ ਐਸੇ ਧੁੰਦਲੇਪਣ ‘ਚੋਂ ਵੀ ਕੋਈ ਕਿਰਨ ਫੁੱਟਦੀ ਹੈ। ਕਿਉਂ ਜੋ ਚਿੱਕੜ ‘ਚ ਹੀ ਕਮਲ ਉੱਗਦਾ ਹੈ। ਇਹ ਕਿਰਨਾਂ ਜਾਂ ਕਮਲ ਹੀ ਲੋਕ-ਮਨਾਂ ਦੀ ਆਸ ਦੇ ਬੂਰ ਨੂੰ ਫਲ ‘ਚ ਤਬਦੀਲ ਕਰਦੇ ਹਨ। ਅੱਜ ਦੀ ਪੰਜਾਬੀ ਸੰਗੀਤ ਦੀ ਸਥਿਤੀ ਬਾਰੇ ਅਸੀਂ ਬਾਖ਼ੂਬੀ ਜਾਣਦੇ ਹਾਂ ਤੇ ਇਸ ਗੰਧਲੇਪਣ ਜਾਂ ਦਲਦਲ ‘ਚੋਂ ਸਰਤਾਜ ਦਾ ਆਉਣਾ, ਕਿਸੇ ਕਿਰਨ ਦੇ ਫੁੱਟਣ ਜਾਂ ਕਮਲ ਦੇ ਉੱਗਣ ਤੋਂ ਘੱਟ ਨਹੀਂ।

ਪਹਿਲਾਂ ਵੀ ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਹਿੱਸੇ ਉਹ ਲੋਕ ਆਏ ਜਿਨਾਂ ਸੰਗੀਤ ਨੂੰ ਆਪਾ ਸਮਰਪਤ ਕੀਤਾ, ਜਿਨਾਂ ‘ਚੋਂ ਨੁਸਰਤ ਸਾਹਬ, ਪੂਰਨ ਸ਼ਾਹ ਕੋਟੀ, ਬਰਕਤ ਸਿੱਧੂ, ਵਡਾਲੀ ਭਰਾ, ਹੰਸ ਰਾਜ ਹੰਸ, ਵਰਗੇ ਉਹ ਫਨਕਾਰ ਆਏ, ਜਿਨਾਂ ਸੰਗੀਤ ਅਤੇ ਸ਼ਾਇਰੀ ਨੂੰ ਸਹੀ ਅਰਥਾਂ ਵਿਚ ਸਮਝ ਕੇ ਲੋਕਾਂ ਸਾਹਵੇਂ ਪੇਸ਼ ਕੀਤਾ। ਅਸੀਂ ਗਦ-ਗਦ ਹੋ ਜਾਂਦੇ ਹਾਂ ਜਦ ਸਾਡੀ ਜ਼ੁਬਾਂ ‘ਤੇ ਗੁਰਦਾਸ ਮਾਨ ਦਾ ਨਾਂ ਆਉਂਦਾ ਹੈ। ਉਹ ਅਸਲੀ ਅਰਥਾਂ ‘ਚ ਲੋਕ ਗਾਇਕ ਹੈ।

ਹੁਣ ਇਨ੍ਹਾਂ ਸਾਰਿਆਂ ਦੀਆਂ ਜੁੰਮੇਵਾਰੀਆਂ ਦਾ ਬੋਝ ਝੱਲਣ ਲਈ ਸਰਤਾਜ ਸੰਗੀਤ ਦੀ ਡੋਲੀ ਦਾ ਕੁਹਾਰ ਬਣ ਆ ਬਹੁੜਿਆ ਹੈ, ਬਹੁਗਤ ਇਹੀ ਸੋਚਦਾ ਹੈ।

ਖ਼ੂਬਸੂਰਤ ਗੱਲ ਹੈ ਕਿ ਉਹ ਸੰਗੀਤ ਅਤੇ ਸ਼ਾਇਰੀ ਦਾ ਸੁਮੇਲ ਕਰਨਾ ਜਾਣਦਾ ਹੈ। ਉਸਦੇ ਵਿਚਾਰਾਂ ਵਿਚ ਮੌਲਿਕਤਾ ਹੈ, ਤਾਂਗੀ ਹੈ। ਉਸਦੀ ਸ਼ਬਦਚੋਣ, ਉਸਦੀ ਰਚਨਾ ਅਤੇ ਗਾਇਕੀ ਨੂੰ ਨਰੋਆਪਣ ਬਖਸ਼ਦੀ ਹੈ। ਉਸਨੂੰ ਸ਼ਬਦਾਂ ਦੀ ਤਾਸੀਰ ਪਤਾ ਹੈ। ਇਹੀ ਸਮਝ ਉਸਦੀ ਪੇਸ਼ਕਾਰੀ ਨੂੰ ਕਮਾਲ ਦੀ ਰੰਗਤ ਦਿੰਦੀ ਹੈ।

੧੮ਵੀਂ ਸਦੀ ਦਾ ਸਮਾਂ ਹੈ। ਬਾਬਾ ਬੁੱਲ੍ਹਾ ਸਮੇਂ ਦੇ ਰੁਖ ਦੇ ਉਲਟ, ਆਪਣੇ ਮਹਿਬੂਬ ਮੁਰਸ਼ਦ ਨੂੰ ਮਨਾਉਣ ਲਈ ਨੱਚ ਰਿਹਾ ਹੈ ਤੇ ਰੋਮ ਰੋਮ ‘ਚੋਂ ਆਵਾਜ਼ ਆ ਰਹੀ ਹੈ – ਤੇਰੇ ਇਸ਼ਕ ਨਚਾਇਆ, ਕਰ ਥੱਈਆ-ਥੱਈਆ। ਜਦ ਇਸ਼ਕ ਨਚਾਉਂਦਾ ਹੈ ਤਾਂ ਸੁਧ-ਬੁਧ ਭੁੱਲ ਜਾਂਦੀ ਹੈ। ਕਲਬੂਤ ‘ਚੋਂ ਰੂਹਾਨੀ ਨਾਦ ਉਪਜਦਾ ਹੈ। ਜਿਸਨੂੰ ਬੁੱਲ੍ਹੇ ਪੈਰੀਂ ਛਣਕਦੇ ਘੁੰਗਰੂਆਂ ਦੀ ਧੁਨ ਸਮਝ ਆ ਗਈ ਉਨ੍ਹਾਂ ਹੋਰ ਆਵਾਜ਼ ਸੁਣ ਕੇ ਕੀ ਕਰਨਾ। ਉਹ ਸਮਾਜਕ ਰੁਤਬਿਆਂ ਤੋਂ ਉਪਰ ਉਠ ਜਾਂਦੇ ਹਨ :

ਕੰਜਰੀ ਬਣਿਆ ਮੇਰੀ ਇੱਜ਼ਤ ਨਾ ਘਟਦੀ

ਮੈਂ ਨੱਚਕੇ ….

ਇਸ ਵਕਤ ਜਦ ਪੱਛਮੀ ਪਹਿਰਾਵਾ ਸਾਡੇ ਗਾਇਕਾਂ ਲਈ ਪਹਿਲੀ ਲੋੜ ਸਮਝਿਆ ਜਾਂਦਾ ਹੈ ਤਾਂ ਮੈਨੂੰ ਉਤਰਆਧੁਨਿਕਤਾ ਦੀ ਧੁਨ ਅਲਾਪਦੇ ਅਜੋਕੇ ਸਮੇਂ ‘ਚੋਂ ਗਾਇਕੀ ਦੇ ਖੇਤਰ ‘ਚ ਵਿਚਰ ਰਹੇ ਸਤਿੰਦਰ ਸਰਤਾਜ ਦੇ ਪਹਿਰਾਵੇ ‘ਚੋਂ ਸਿਰਫ ਬੁੱਲ੍ਹੇ ਦੇ ਘੁੰਗਰੂਆਂ ਦੀ ਛਣਕਾਰ ਸੁਣਦੀ ਹੈ। ਉਸਦਾ ਪਹਿਰਾਵਾ ਬਾਬਾ ਬੁੱਲ੍ਹੇ ਦੇ ਸਮੇਂ ਦੀ ਯਾਦ ਦਵਾਉਂਦਾ ਹੈ, ਸ਼ਾਲਾ ਸਰਤਾਜ ਇਸ ਧੁਨ ਨੂੰ ਇਵੇਂ ਹੀ ਬਰਕਰਾਰ ਰੱਖ ਸਕੇ।

ਇਹ ਪਹਿਰਾਵਾ ਉਸ ਪੰਜਾਬ ਦੀ ਯਾਦ ਵੀ ਦਵਾਉਂਦਾ ਹੈ ਜਿਸ ਪੰਜਾਬ ਦੇ ਸੀਨੇ ਨੂੰ ਅਜੇ ਕਿਸੇ ਕੰਡਿਆਲੀ ਤਾਰ ਨੇ ਨਹੀਂ ਸੀ ਵਿੰਨਿਆ। ਦੇਸ਼ ਵੰਡਣ ਦੀ ਪੀੜ ਦੋਹਾਂ ਦੇਸਾਂ ਦੀਆਂ ਕਈ ਪੀੜ੍ਹੀਆਂ ਦਾ ਸਗ਼ਰ ਤੈਅ ਕਰੇਗੀ ਤੇ ਨਾਲੋ ਨਾਲ ਵਸਲ ਦੇ ਆਸ ਦੀ ਕਿਰਨ ਵੀ ਕਿਤੇ ਮਨ ਦੇ ਕੋਨਿਆਂ ‘ਚ ਬਲ਼ਦੀ ਰਹੇਗੀ ਤੇ ਇਹੋ ਕਿਰਨ ਸਰਤਾਜ ਵਰਗੇ ਫ਼ਨਕਾਰਾਂ ਦੇ ਮੂੰਹੋਂ ਇਹੋ ਜਿਹੇ ਸ਼ਬਦਾਂ ‘ਚ ਚਲਦੀ ਰਹੇਗੀ :

ਇਕ ਦਿਲੀ ਤਮੰਨਾ ਸ਼ਾਇਰ ਦੀ, ਸਰਹੱਦ ਦੇ ਪਾਰ ਵੀ ਜਾ ਆਈਏ

ਜੋ ਧਰਤੀ ਏ ਫ਼ਨਕਾਰਾਂ ਦੀ
ਸਰਤਾਜ ਵੇ ਸੀਸ ਝੁਕਾ ਆਈਏ
ਹਾਲੇ ਤਾਂ ਬੜੀਆਂ ਬੰਦਿਸ਼ਾਂ ਨੇ
ਜਦ ਰਸਤਾ ਖੁੱਲੂ ਵੇਖਾਂਗੇ।

ਕੁਝ ਸੰਤਾਪ ਅਸੀਂ ਅੰਦਰੋ-ਅੰਦਰੀ ਹੰਢਾ ਰਹੇ ਹਾਂ, ਜੋ ਸਮੁੱਚੇ ਪੰਜਾਬੀ ਜਗਤ, ਪੰਜਾਬੀ ਨਸਲ ਲਈ ਵੰਗਾਰ ਬਣਿਆ ਹੈ। ਉਹ ਇਹ ਹੈ ਕਿ ਵਿਸ਼ਵੀਕਰਨ ਦੇ ਇਸ ਦੌਰ ‘ਚ ਜਦ ਹਰ ਸਭਿਆਚਾਰ ਦਾ ਅਕਸ ਮਸ਼ੀਨੀਕਰਨ ਦੀ ਧੁੰਦ ‘ਚ ਧੁੰਦਲਾ ਪੈ ਰਿਹਾ ਹੈ ਤਾਂ ਪੰਜਾਬੀ ਮਨ ਇਸ ਸੰਬੰਧੀ ਸਭ ਤੋਂ ਵੱਧ ਚਿੰਤਤ ਹੈ। ਕਿਉਂਕਿ ਪੰਜਾਬੀਆਂ ਨੂੰ ਆਪਣੇ ਅਮੀਰ ਵਿਰਸੇ, ਉੱਚੀਆਂ ਕਦਰਾਂ-ਕੀਮਤਾਂ ਆਦਿ ਦੇ ਖੁੱਸ ਜਾਣ ਦਾ ਖਦਸ਼ਾ ਹੈ। ਜਿਥੇ ਸਾਧਾਰਨ ਆਦਮੀ ਇਸ ਉਪਰ ਸਿਰਫ ਬੇਬਸੀ ਭਰੀਆਂ ਨਿਗਾਹਾਂ ਨਾਲ ਦੇਖ ਸਿਰਫ ਝੂਰ ਹੀ ਸਕਦਾ ਹੈ ਉਥੇ ਕੁਝ ਚਿੰਤਕ ਮਨ ਜਾਂ ਜਗਦੇ ਮੱਥੇ ਨਾਲ ਪੰਜਾਬ ਦੀ ਨਵੀਂ ਪੀੜ੍ਹੀ ਦੀਆਂ ਮੁਹਾਰਾਂ ਜੜ੍ਹਾਂ ਵੱਲ ਨੂੰ ਮੋੜਨ ਲਈ ਪਿਛਲੇ ਲੰਬੇ ਸਮੇਂ ਤੋਂ ਯਤਨਸ਼ੀਲ ਹਨ, ਜਿਨਾਂ ਦੀ ਅਜੋਕੀ ਮਿਸਾਲ ਸਤਿੰਦਰ ਸਰਤਾਜ ਦੇ ਉਸ ਗੀਤ ‘ਚੋਂ ਵੇਖੀ ਜਾ ਸਕਦੀ ਹੈ ਜਿਸ ‘ਚ ਉਹ ਗੁਰੂਆਂ ਦੀ ਧਰਤੀ ਦੇ ਵਾਰਸਾਂ ਨੂੰ ਉਨ੍ਹਾਂ ਦੇ ਫਰਜ਼ਾਂ ਪ੍ਰਤੀ ਚੇਤਨ ਕਰਨ ਲਈ ਮਿੱਠੀ ਜਿਹੀ ਟਕੋਰ ਇਉਂ ਮਾਰਦਾ ਹੈ ਕਿ

ਵੇਖੋ ਕਿਹੋ ਜਿਹੇ ਰੰਗ ਚੜ੍ਹੇ ਨੌਜਵਾਨਾਂ ਉਤੇ

ਮਾਣ ਭੋਰਾ ਵੀ ਨਾ ਰਿਹਾ ਗੁਰੂ ਦੀਆਂ ਸ਼ਾਨਾਂ ਉਤੇ
ਚਾਰ ਅੱਖਰਾਂ ਨੂੰ ਬੋਲਣੇ ਦਾ ਕੋਲ ਹੈ ਨਹੀਂ ਸਮਾਂ
ਨਾਮ ਗੁਰਮੀਤ ਸਿੰਘ ਸੀ ਉਹ ਗੈਰੀ ਹੋ ਗਿਆ

ਉਸਦੀ ਆਵਾਂ ਕਿਤੇ ਵਿਦਰੋਹੀ ਲਲਕਾਰ ਦਾ ਰੂਪ ਧਾਰਦੀ ਹੈ, ਕਿਤੇ ਤਰਲਾ, ਕਿਤੇ ਅਰਦਾਸ, ਦਿਲਾਸਾ ਤੇ ਕਿਤੇ ਧਰਵਾਸ, ਕਿਤੇ ਉਦਰੇਵਾਂ, ਕਿਤੇ ਖੁਸ਼ੀ ਦਾ ਵੇਗ, ਕਿਤੇ ਉਦਾਸੀ ਤੇ ਕਿਤੇ ਕਿਲਕਾਰੀ ਤੇ ਫਿਰ ਕਿਤੇ ਉਹ ਸ਼ਾਇਰੀ ਦੇ ਸਾਗਰ ਦੇ ਤਲ ਨੂੰ ਚੁੰਮਦੀ ਹੈ ਤੇ ਕਿਤੇ ਸੁਰ ਦੀ ਪਰਵਾਜ਼ ਹੋ ਬਣ ਜਾਂਦੀ ਹੈ। ਖ਼ੂਬਸੂਰਤ ਗੱਲ ਇਹ ਹੈ ਕਿ ਇਸ ਵਰਤਾਰੇ ਦੌਰਾਨ ਸਰੋਤੇ ਤੇ ਸਰਤਾਜ ਦਾ ਰਿਸ਼ਤਾ ਫੁੱਲ ਨਾਲ ਖੁਸ਼ਬੋ ਵਰਗਾ ਹੋ ਜਾਦਾ ਹੈ ਜਿਸਨੂੰ ਆਲੋਚਨਾਤਮਕ ਜਾਂ ਬੌਧਿਕ ਸ਼ੈਲੀ ‘ਚ ਕਥਾਰਸਿਸ ਹੋਣਾ ਕਹਿੰਦੇ ਨੇ (ਜਦ ਕਲਾਕਾਰ ਜਾਂ ਅਦਾਕਾਰ ਦੇ ਹਾਵ-ਭਾਵ ਸਰੋਤਿਆਂ ਦੇ ਹਾਵ-ਭਾਵਾਂ ਨਾਲ ਇਕਮਿਕ ਹੋ ਜਾਣ)। ਇਕ ਪੱਖ ਇਹ ਵੀ ਹੈ ਕਿ ਸਰਤਾਜ ਦੀ ਆਵਾਜ਼ ਵਿਚ ਇਕ ਖ਼ਾਸ ਕਿਸਮ ਦਾ ਸਬਰ-ਸੰਤੋਖ ਹੈ, ਠਹਿਰਾਓ ਹੈ (ਜਿਸਨੂੰ ਠਰੰਮਾ ਵੀ ਕਹਿੰਦੇ ਨੇ)। ਇਹ ਸਬਰ-ਸੰਤੋਖ ਪ੍ਰੋ. ਮੋਹਨ ਸਿੰਘ ਦੀ ‘ਖਾਨਗਾਹੀਂ ਦੀਵਾ ਬਾਲਦੀਏ’ ਵਾਲੀ ਕਵਿਤਾ ਵਿਚਲੀ ਕੁੜੀ ਦੇ ਸਿਦਕ ਵਰਗਾ ਹੈ ਜਿਸਤੋਂ ਪ੍ਰੋ. ਮੋਹਨ ਸਿੰਘ ਇਹ ਸਬਰ ਇਉਂ ਮੰਗਦਾ ਹੈ ਕਿ

ਗੱਲ ਸੁਣ ਜਾ ਭਟਕੇ ਰਾਹੀ ਦੀ

ਇਕ ਚਿਨਗ ਮੈਨੂੰ ਭੀ ਚਾਹੀਦੀ।

ਸਰਤਾਜ ਦੇ ਲਿਖੇ ਜਾਂ ਚੁਣੇ ਗੀਤ ਜਿੱਥੇ ਪੰਜਾਬ ਦੀ ਬਦਲਦੀ ਨੁਹਾਰ ਲਈ ਵੰਗਾਰ ਬਣਦੇ ਹਨ, ਉਥੇ ਪਰਦੇਸੀ ਮਨ ਨੂੰ ਪੁਰਾਣੇ ਪੰਜਾਬ ਦੀਆਂ ਜੜ੍ਹਾਂ ਨਾਲ ਜੋੜਦੇ ਹਨ। ਇਕ ਪਰਦੇਸੀ ਬੰਦਾ ਨਿੱਤ ਦਿਨ ਸ਼ੋਰ-ਸ਼ਰਾਬੇ ਦੇ ਮਾਹੌਲ ‘ਚੋਂ ਗੁਜ਼ਰਦਾ ਹੈ, ਕਿਤੇ ਮਨ ਦੀ ਅਸਥਿਰਤਾ ਕੰਮਾ-ਕਾਰਾਂ ਕਰਕੇ ਹੈ, ਕਿਤੇ ਲਗਾਤਾਰ ਹਰ ਪਾਸਿਉਂ ਅਣਗਿਣਤ ਨਾ ਸਮਝ ਆਉਣ ਵਾਲੀਆਂ ਓਪਰੀਆਂ ਭਾਸ਼ਾਵਾਂ ਕਰਕੇ। ਇਹਨਾਂ ‘ਤੇ ਹੋਰ ਬਹੁਤ ਸਾਰੇ ਕਾਰਨਾਂ ਕਰਕੇ ਮਨੁੱਖ ਦਾ ਆਪਣੀ ਭਾਸ਼ਾ, ਆਪਣੇ ਲੋਕਾਂ ‘ਤੇ ਆਪਣੀ ਧਰਤੀ ਨਾਲੋਂ ਓਦਰਨਾ ਸੁਭਾਵਕ ਹੈ। ਇਸ ਸਮੇਂ ਐਸੇ ਸਹਾਰੇ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਜੋ ਧਰਵਾਸ ਬਣ ਸਕੇ ਜਾਂ ਐਸੇ ਬੋਲਾਂ ਦੇ ਕੰਨੀਂ ਪੈਣ ਦੀ ਉਡੀਕ ਹੁੰਦੀ ਹੈ ਜੋ ਇਸ ਬੇਚੈਨ ਰੂਹ ਨੂੰ ਸ਼ਾਂਤ ਕਰ ਦੇਣ, ਮਨ ਨਿਰਮਲ ਹੋ ਜਾਵੇ ਤੇ ਆਨੰਦ ਬੁੱਲੀਆਂ ਦੀ ਨਿਰਛਲ ਮੁਸਕਾਨ ਤੋਂ ਸਪੱਸ਼ਟ ਦਿਖਾਈ ਦੇਵੇ। ਖੁਸ਼ੀ ਦੀ ਗੱਲ ਹੈ ਕਿ ਸਰਤਾਜ ਜਦ ਸ਼ਬਦਾਂ ਦੀ ਆਵਾਜ਼ ਬਣਦਾ ਹੈ ਤਾਂ ਉਸਦੀ ਆਵਾਜ਼, ਸਰੋਤੇ ਦੀ ਇਸ ਮੁਸਕਾਨ ਤੱਕ ਦਾ ਸਫ਼ਰ ਤੈਅ ਕਰਨ ਦੀ ਸਮਰੱਥਾ ਰੱਖਦੀ ਹੈ।

ਇਕ ਇੰਟਰਵਿਊ ‘ਚ ਸਤਿੰਦਰ ਆਖਦਾ ਹੈ ਕਿ ਮੈਂ ਸੂਫ਼ੀ ਗਾਇਕ ਨਹੀਂ ਹਾਂ ਸਗੋਂ ਮੇਰੇ ‘ਤੇ ਸੂਫ਼ੀ ਸੰਗੀਤ ਅਤੇ ਸ਼ਾਇਰੀ ਦਾ ਅਸਰ ਹੈ। ਇਹ ਗੱਲ ਹੀ ਗਹਿਰੇ ਅਰਥ ਸਿਰਜਦੀ ਹੈ ਕਿਉਂਕਿ ਸੂਫ਼ੀ ਗਵੱਈਆ ਹੋਣ ਤੋਂ ਪਹਿਲੀ ਅਵਸਥਾ ਸੂਫ਼ੀ ਹੋਣਾ ਹੈ ਜਿਸ ‘ਤੇ ਪਹੁੰਚਣਾ ਕਠਿਨ ਹੈ ਤੇ ਫਿਰ ਸੂਫ਼ੀ ਗਵੱਈਆ ਹੋਣਾ ਉਸ ਤੋਂ ਵੀ ਪਰ੍ਹੇ ਦੀ ਗੱਲ। ਸਰਤਾਜ ਨੂੰ ਬਾਖ਼ੂਬੀ ਇਸ ਗੱਲ ਦੀ ਸਮਝ ਹੈ ਤਾਂ ਹੀ ਉਹ ਆਮ ਗਾਇਕਾਂ ਵਾਂਗ ਇਸ ਮੁਕਾਮ ਦੀ ਦਾਵੇਦਾਰੀ ਹਥਿਆਉਂਦਾ ਨਹੀਂ ਹੈ।

ਸ਼ਾਇਰੀ ਦਾ ਘਰ ਦੂਰ ਸਤਿੰਦਰਾ

ਗਾਇਕੀ ਉਹਤੋਂ ਦੂਣੀ
ਲਾ ਲੈ ਧੂਣੀ, ਜੇ ਮੰਜ਼ਿਲ ਛੂਹਣੀ
ਕਿੱਦਾਂ ਗੀਤ ਲਿਖੇਂਗਾ
ਗਾਗਰ ਲਫ਼ਜਾਂ ਵਾਲੀ ਊਣੀ
ਪਿਆਰ ਵਿਹੂਣੀ ਸੋਚ ਅਲੂਣੀ…

ਮੈਂ ਮਹਿਸੂਸ ਕਰਦਾ ਹਾਂ ਕਿ ਉਹ ਉਸ ਲੋਕਧਾਰਾ ਦਾ ਹਿੱਸਾ ਹੈ ਜਿਸ ਵਿਚ ਸੰਗੀਤ ਵੀ ਹੈ, ਸ਼ਾਇਰੀ ਵੀ, ਸੂਫ਼ੀ ਰੰਗ ਵੀ ਤੇ ਗੁਰਮਤਿ ਰੰਗ ਵੀ, ਜਿਸ ਵਿਚ ਵੇਦ, ਗ੍ਰੰਥਾਂ ਦੀ ਸੁਰ ਮਿਲੀ ਹੋਈ ਹੈ, ਜਿਥੇ ਬੀਰ ਰਸ ਤੇ ਅੰਮ੍ਰਿਤ ਰਸ ਦਾ ਨਾਮ ਬਰਾਬਰ ਅਲਾਪਿਆ ਜਾਂਦਾ ਹੈ ਫਿਰ ਸਰਤਾਜ ਆਪਣੇ ਆਪ ਨੂੰ ਕਿਵੇਂ ਇਕੋ ਰੰਗ ਦਾ ਹੋਣਾ ਕਬੂਲ ਕਰ ਸਕਦਾ ਹੈ।

ਉਸਦੇ ਵਿਚਾਰਾਂ ਵਿੱਚ ਮੌਲਿਕਤਾ ਹੈ, ਤਾਜ਼ਗੀ ਹੈ। ਉਸਦੇ ਸ਼ਬਦਕੋਸ਼ ਉਸਦੀ ਰਚਨਾ ਨੂੰ ਨਰੋਆਪਨ ਬਖਸ਼ਦੇ ਹਨ। ਉਸਨੂੰ ਸ਼ਬਦਾਂ ਦੀ ਤਾਸੀਰ ਦੀ ਸਮਝ ਹੈ ਜੋ ਉਸਦੀ ਪੇਸ਼ਕਾਰੀ ਨੂੰ ਕਮਾਲ ਦੀ ਰੰਗਤ ਦਿੰਦੀ ਹੈ। ਮੈਂ ਇੱਥੇ ਇਹ ਵੀ ਸਪਸ਼ਟ ਕਰ ਦੇਵਾਂ ਕਿ ਮੇਰਾ ਮਸਲਾ ਉਸਨੂੰ ਖਾਹ-ਮ-ਖਾਹ ਵਡਿਆਉਣਾ ਨਹੀਂ ਸਗੋਂ ਉਸ ਆਵਾਜ਼ ਨਾਲ ਖੜਨਾ ਹੈ ਜੋ ਪੰਜਾਬ ਦੀ ਧਰਤੀ ‘ਚੋ ਉਦੋਂ ਉਪਜੀ ਜਦ ਪੰਜਾਬੀ ਗੀਤ ਦੇ ਨਾਮ ਤੇ ਬਹੁਤਾਤ ਵਿੱਚ ਫਜ਼ੂਲ ਦਾ ਸ਼ੋਰ ਪੈ ਰਿਹਾ ਸੀ। ਇਹ ਸੱਚ ਸਾਡੇ ਸਮੂਹ ਪੰਜਾਬੀ ਮਨਾ ‘ਚੋ ਮੁਨਕਰ ਨਹੀਂ ਕੀਤਾ ਜਾ ਸਕਦਾ।

ਮੈਂ ਉਹੀ ਲਿਖਿਆ ਜਾਂ ਕਿਹਾ ਜੋ ਮੇਰੀ ਸਮਝ ਮੁਤਾਬਿਕ ਹੈ ਪਰ ਸਰਤਾਜ ਦੀ ਸ਼ਾਇਰੀ, ਸੰਗੀਤ ਜਾਂ ਪੇਸ਼ਕਾਰੀ ਦੇ ਹੋਰ ਵੀ ਪਸਾਰ ਹਨ ਕਿਉਂ ਜੋ ਉਸਦਾ ਸਫਰ ਕੋਸ਼ਿਸ਼ ਤੋਂ ਕਸ਼ਿਸ਼ ਤੱਕ ਦਾ ਹੈ ਤੇ ਮੈਂ ਦ੍ਰਿਸ਼ ਤੋਂ ਦ੍ਰਿਸ਼ਟੀ ਅਤੇ ਦ੍ਰਿਸ਼ਟੀ ਤੋਂ ਦ੍ਰਿਸ਼ਟੀਕੋਨ ਦੇ ਵਰਤਾਰੇ ਵਿੱਚ ਢਲ਼ਿਆ ਹਾਂ ਤੇ ਦ੍ਰਿਸ਼ਟੀਕੋਨ ਹਰ ਇਕ ਦਾ ਆਪਣੀ ਸਮਝ ਮੁਤਾਬਿਕ ਵੱਖੋ ਵੱਖਰੇ ਕੋਣਾਂ ਤੋਂ ਹੋ ਸਕਦਾ ਹੈ।

ਉਸਦੀ ਕਨੇਡਾ ਫੇਰੀ ਦੀ ਕਾਮਯਾਬੀ ਦਾ ਸਿਹਰਾ ਸਰਤਾਜ ਦੀ ਤਪਸਿਆ ਅਤੇ ਇਕਬਾਲ ਮਾਹਲ ਦੀ ਪਾਰਖੂ ਅੱਖ ਨੂੰ ਜਾਂਦਾ ਹੈ ਤੇ ਅਸਟ੍ਰੇਲੀਆ ਨਿਊਜ਼ੀਲੈਂਡ ਫੇਰੀ ਅਤੇ ਉਸਦੀ ਕਿਰਤ ਦੇ ਸਫਰ ਨੂੰ ਹੋਰ ਖੁਬਸੂਰਤ ਬਣਾਉਣ ਲਈ ਅਮਨਦੀਪ ਸਿੱਧੂ ਅਤੇ ਵਿਰਾਸਤ ਇੰਕ. ਦੇ ਚੁੱਕੇ ਇਸ ਕਦਮ ਨੂੰ ਮੁਬਾਰਕਬਾਦ ਆਖਣਾ ਬਣਦਾ ਹੈ।