ਵਿਕੀਪੀਡੀਆ:ਚੁਣਿਆ ਹੋਇਆ ਲੇਖ/12 ਅਕਤੂਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਰਹਿੰਦ ਦੀ ਲੜਾਈ:ਰਾਹੋਂ ਤੋਂ ਸਰਹਿੰਦ ਜਾ ਰਹੇ ਬਾਇਜ਼ੀਦ ਖ਼ਾਨ ਨੂੰ ਜਦ ਸਿਖਾਂ ਦੀ ਅਮੀਨਗੜ੍ਹ ਵਿਚ ਹਾਰ ਦੀ ਖ਼ਬਰ ਮਿਲੀ ਤਾਂ ਉਹ ਫ਼ੌਜ ਲੈ ਕੇ ਸਰਹਿੰਦ ਨੇੜੇ ਪੁੱਜ ਚੁੱਕਾ ਸੀ। ਉਸ ਨਾਲ ਉਸ ਦਾ ਭਤੀਜਾ ਸ਼ਮਸ ਖ਼ਾਨ ਵੀ ਸੀ। ਉਹ ਅਜੇ ਕੁੱਝ ਦਿਨ ਪਹਿਲਾਂ ਹੀ ਸਿੱਖਾਂ ਨੂੰ ਰਾਹੋਂ ਵਿਚ ਹਰਾ ਕੇ ਆਏ ਸਨ। ਇਸ ਕਰ ਕੇ ਉਹ ਤਕੜੇ ਹੌਸਲੇ ਅਤੇ ਉੱਚੀਆਂ ਹਵਾਵਾਂ ਵਿਚ ਸਨ। ਉਹ 12 ਅਕਤੂਬਰ, 1710 ਦੇ ਦਿਨ ਸਰਹਿੰਦ ਕੋਲ ਪੁੱਜ ਗਏ। ਇਸ ਵੇਲੇ ਸਰਹਿੰਦ ਵਿਚ ਬਹੁਤ ਥੋੜੀ ਜਹੀ ਹੀ ਸਿੱਖ ਫ਼ੌਜ ਸੀ। ਸੂਬੇਦਾਰ ਭਾਈ ਬਾਜ਼ ਸਿੰਘ ਵੀ ਇਸ ਵੇਲੇ ਸਰਹਿੰਦ ਵਿਚ ਨਹੀਂ ਸੀ। ਇਸ ਦੇ ਬਾਵਜੂਦ, ਅਗਲੇ ਦਿਨ, 13 ਅਕਤੂਬਰ ਨੂੰ, ਭਾਈ ਸੁੱਖਾ ਸਿੰਘ ਤੇ ਸ਼ਾਮ ਸਿੰਘ ਦੀ ਅਗਵਾਈ ਹੇਠ, ਸਿੱਖ ਫੌਜਾਂ ਨੇ, ਸ਼ਮਸ ਖ਼ਾਨ ਤੇ ਬਾਇਜ਼ੀਦ ਖ਼ਾਨ ਦੀ ਫ਼ੌਜ ਨਾਲ, ਯਾਕੂਬ ਖ਼ਾਨ ਦੇ ਬਾਗ਼ ਵਿਚ ਤੇ ਇਸ ਦੇ ਬਾਹਰ ਖ਼ੂਬ ਲੋਹਾ ਲਿਆ। ਪਰ ਥੋੜੀ ਗਿਣਤੀ ਅਤੇ ਬਹੁਤ ਘੱਟ ਅਸਲਾ ਹੋਣ ਕਾਰਨ ਸਿੱਖ ਬਹੁਤੀ ਦੇਰ ਨਾ ਟਿਕ ਸਕੇ। ਇਸ ਲੜਾਈ ਵਿਚ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ। ਸਿੱਖ ਅਪਣੇ ਜਰਨੈਲ ਭਾਈ ਸੁੱਖਾ ਸਿੰਘ ਦੀ ਸ਼ਹੀਦੀ ਮਗਰੋਂ ਪਿੱਛੇ ਹੱਟ ਕੇ ਸਰਹੰਦ ਦੇ ਕਿਲ੍ਹੇ ਵਿਚ ਜਾ ਵੜੇ ਪਰ ਸਿੱਖ ਬਹੁਤੀ ਦੇਰ ਕਿਲ੍ਹਾ ਵੀ ਕਾਬੂ ਵਿਚ ਨਾ ਰੱਖ ਸਕੇ ਅਤੇ ਦੋ ਦਿਨ ਦੀ ਲੜਾਈ ਮਗਰੋਂ ਹਨੇਰੇ ਵਿਚ ਘੇਰਾ ਤੋੜਦੇ ਹੋਏ ਖਰੜ ਵਲ ਭੱਜ ਗਏ।