ਵਿਗੋਚਾ
ਲੇਖਕ | ਜਰਨੈਲ ਸਿੰਘ ਸੇਖਾ |
---|---|
ਦੇਸ਼ | ਭਾਰਤ ਤੇ ਕੈਨੇਡਾ |
ਭਾਸ਼ਾ | ਪੰਜਾਬੀ |
ਵਿਸ਼ਾ | ਪਰਵਾਸੀ ਪੰਜਾਬੀ ਜੀਵਨ |
ਵਿਧਾ | ਨਾਵਲ |
ਪ੍ਰਕਾਸ਼ਨ ਦੀ ਮਿਤੀ | 2009 |
ਮੀਡੀਆ ਕਿਸਮ | ਪ੍ਰਿੰਟ |
ਵਿਗੋਚਾ(ਨਾਵਲ) 'ਪਰਵਾਸੀ ਪੰਜਾਬੀ ਨਾਵਲ' ਦੀ ਸ਼੍ਰੇਣੀ ਦਾ ਨਾਵਲ ਜਰਨੈਲ ਸਿੰਘ ਸੇਖਾ ਦੁਆਰਾ ਰਚਿਤ ਸੰਨ੍ਹ 2009 'ਚ ਪ੍ਰਕਾਸ਼ਿਤ ਤੇ ਆਰ.ਕੇ. ਆਫ਼ਸੈੱਟ-ਦਿੱਲੀ ਵੱਲੋਂ ਛਾਪਿਆ ਹੈ। ਇਹ ਦੁਨੀਆ ਕੈਸੀ ਹੋਈ ਅਤੇ ਭਗੌੜਾ ਤੋਂ ਪਿੱਛੋਂ ਉਸਦਾ ਤੀਸਰਾ ਪੰਜਾਬੀ ਨਾਵਲ ਹੈ। ਜਰਨੈਲ ਸਿੰਘ ਸੇਖਾ ਨੂੰ ਪਰਵਾਸੀ ਪੰਜਾਬੀ ਜੀਵਨ ਦਾ ਕਾਫ਼ੀ ਡੂੰਘੇਰਾ ਅਨੂਭਵ ਹੈ। ਉਸਨੇ ਬੜ੍ਹਾ ਚੇਤਨ ਹੋ ਕੇ ਕੈਨੇਡਾ 'ਚ ਪੰਜਾਬੀਆਂ ਦੀ ਜੜ੍ਹਾਂ ਲਾਉਣ ਤੋਂ ਲੈ ਕੇ ਉਹਨਾਂ ਦੀ ਜੀਵਨ ਸ਼ੈਲੀ ਤੇ ਮੌਜੂਦਾ ਸਥਿਤੀਆਂ ਨੂੰ ਬੜਾ ਨੇੜਿਓਂ ਵਾਚਿਆ ਹੈ। 'ਬਲਵੰਤ ਸਿੰਘ ਸੰਧੂ' ਅਨੁਸਾਰ, ਨਾਵਲ 'ਵਿਗੋਚਾ' ਪਰਵਾਸੀ ਪੰਜਾਬੀਆਂ ਦੀਆਂ ਚਾਰ ਪੀੜ੍ਹੀਆਂ ਤੱਕ ਫੈਲਿਆ ਹੋਇਆ ਹੈ। ਇਸ ਦਾ ਮੁੱਖ ਵਿਸ਼ਾ ਵਿਦੇਸ਼ਾਂ ਵਿੱਚ ਬੜੀਆਂ ਮੁਸ਼ਕਲਾਂ ਨਾਲ਼ ਸਥਾਪਿਤ ਹੋਏ ਪੰਜਾਬੀਆਂ ਦੀ ਚੌਥੀ ਪੀੜ੍ਹੀ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਧੰਦੇ ਵਿੱਚ ਪੈ ਕੇ ਜਲਦੀ ਤੋਂ ਜਲਦੀ ਅਮੀਰ ਹੋਣ ਦੀ ਮਾਨਸਿਕਤਾ ਉੱਪਰ ਹੈ।[1] ਇਹ ਪੀੜ੍ਹੀ ਵਿਦੇਸ਼ਾਂ ਦੀ ਜਮ-ਪਲ਼ ਹੈ ਤੇ ਭਾਰਤੀ-ਪੰਜਾਬ ਨਾਲ਼ ਇਸ ਪੀੜ੍ਹੀ ਦਾ ਕੋਈ ਬਹੁਤਾ ਸਰੋਕਾਰ ਨਹੀਂ ਹੈ।
ਪਲਾਟ
[ਸੋਧੋ]ਨਾਵਲ ਦੀਆਂ ਮੁੱਖ ਘਟਨਾਵਾਂ 'ਬੌਬੀ' ਨਾਂ ਦੇ ਪਾਤਰ ਦੁਆਲੇ ਘੁੰਮਦੀਆਂ ਹਨ ਜੋ ਕਿ 'ਇੰਦਰ ਸਿੰਘ' ਦਾ ਪੜਪੋਤਾ ਹੈ। ਇੰਦਰ ਸਿੰਘ ਨੇ ਆਰਥਿਕ ਹਾਲਾਤ ਸੁਧਾਰਨ ਲਈ ਵੀਹਵੀਂ ਸਦੀ 'ਚ ਵਿਦੇਸ਼ ਵੱਲ ਕ਼ਦਮ ਪੁੱਟਿਆ ਸੀ। ਬੌਬੀ ਕਨੇਡੀਅਨ ਪੰਜਾਬੀਆਂ ਦੀ ਚੌਥੀ ਪੀੜ੍ਹੀ ਦੀ ਪ੍ਰਤੀਨਿੱਧਤਾ ਕਰਦਾ ਹੈ। ਸਕੂਲ ਵਿੱਚ ਆਪਣੇ ਸਾਥੀਆਂ ਤੇ ਅਧਿਆਪਕਾਂ ਦੀਆਂ ਨਸਲਵਾਦੀ ਨੀਤੀਆਂ ਦਾ ਸ਼ਿਕਾਰ ਹੋ ਕੇ ਉਸਨੇ ਰਮੋਲੋ-ਫ਼ਰੈਕੋਂ ਜਿਹੇ ਬੁਰੇ ਲੜਕਿਆਂ ਦਾ ਸਹਾਰਾ ਲੈਣਾ ਪੈਂਦਾ ਹੈ। ਬਾਪ ਦਾ ਛਾਇਆ ਸਿਰ ਤੇ ਨਾ ਹੋਣ ਕਰਕੇ ਉਹ ਬੁਰੀ ਸੰਗਤ 'ਚ ਪੈ ਜਾਂਦਾ ਹੈ ਤੇ ਪੜ੍ਹਾਈ ਛੱਡ ਕੇ ਬਾਪ ਦਾ ਫ਼ਰਨੀਚਰ ਵੇਚਣ ਦਾ ਦੁਕਾਨਦਾਰੀ ਦਾ ਕੰਮ ਸੰਭਾਲ ਲੈਂਦਾ ਹੈ ਤੇ ਨਸ਼ੇ ਦਾ ਵਾਪਾਰ ਕਰਦਾ ਹੈ, ਇਸ ਦੇ ਨਾਲ਼ ਹੀ ਇੰਦਰ ਸਿੰਘ, ਇੰਦਰ ਦੇ ਪੁੱਤਰ ਮੇਹਰ, ਮੇਹਰ ਦੇ ਪੁੱਤਰ ਜਲ੍ਹੋਰ ਭਾਵ ਜੈਰੀ(ਬੌਬੀ ਦੇ ਪਿਤਾ) ਦੀ ਜ਼ਿੰਦਗੀ ਵੀ ਨਾਲ਼ੋ-ਨਾਲ਼ ਬੌਬੀ ਦੀ ਦਾਦੀ ਤੇ ਮਾਂ ਦੇ ਸਿਮਰਤੀ ਤੇ ਵਿਖਿਆਨ ਰਾਹੀਂ ਨਾਲ਼ੋ-ਨਾਲ਼ ਚਲਦੀ ਰਹਿੰਦੀ ਹੈ। ਪੰਜਾਬ ਵਿਚਲੇ ਸੰਬੰਧ, ਪੰਜਾਬ ਦੀਆਂ ਵੱਡੀਆਂ ਘਟਨਵਾਂ ਜਿਵੇਂ ਗ਼ਦਰ ਲਹਿਰ, ਦੇਸ਼ ਵੰਡ ਤੇ 1984 ਦਾ ਸਾਕਾ ਨੀਲਾ ਤਾਰਾ ਘਟਨਾਵਾਂ ਦਾ ਵੀ ਵਰਣਨ ਹੁੰਦਾ ਰਹਿੰਦਾ ਹੈ। ਬੌਬੀ ਕਈ ਗੈਂਗਾਂ ਨਾਲ਼ ਆਪਣੇ ਨਸ਼ੇ ਤਸਕਰੀ ਵਾਲ਼ੇ ਯਾਰਾਂ ਸਮੇਤ ਧੰਦੇ ਕਰਕੇ ਉਲਝਦਾ ਹੈ। ਜਿਸ 'ਚ ਸਮੇਂ ਦੇ ਨਾਲ਼ ਰਮੋਲੋ, ਦੀਪ, ਸਟੀਵ, ਰੂਬੀ, ਦੀਪ ਤੇ ਵਿਰੋਧੀ ਧਿਰ ਵਿੱਚੋਂ ਨਿੱਕ, ਅਮਰ, ਡੇਵ ਤੇ ਰੰਜ ਆਦਿ ਮਾਰੇ ਜਾਂਦੇ ਹਨ। ਬੌਬੀ ਦੇ ਘਰੇਲੂ ਹਾਲਾਤ ਤੇ ਗੁਆਂਢੀ ਚਾਚੇ ਸੁਖਦੇਵ ਤੇ ਦਰਸ਼ਨਾਂ ਦੇ ਧੀ 'ਪੰਮ' ਤੇ ਉਸਦੇ ਜੀਵਨ ਦੀਅਂ ਘਟਨਾਵਾਂ-ਪੜ੍ਹਾਈ ਵਰਨਣ ਰਿਸ਼ਤਿਆਂ ਦੇ ਸੰਦਰਭ 'ਚ ਚੱਲਦਾ ਰਹਿੰਦਾ ਹੈ। ਮਾਪਿਆਂ ਨਾਲ਼ ਕਨੇਡਾ ਗਏ 'ਅਨੂਪ' ਦੀ ਅਪਰਾਧ ਵਿਗਿਆਨ(ਕ੍ਰਿਮੀਨੋਲੌਜੀ) ਦੀ ਪੜ੍ਹਾਈ, ਪੰਮ ਨਾਲ਼ ਪਿਆਰ ਤੇ ਬੌਬੀ ਵੱਲੋਂ ਉਸਦੇ ਘਟਨਾ-ਯੁਕਤ ਕ਼ਤਲ ਦੀ ਬਿਓਰਾ ਪੂਰੇ ਨਾਵਲ 'ਚ ਰਹੱਸ ਰੱਖਦਾ ਅੰਤ 'ਤੇ ਖੁੱਲਦਾ ਹੈ। ਬੌਬੀ ਇਸ ਨਸ਼ੇ ਦੇ ਧੰਦੇ 'ਚ ਆਪਣੇ ਸਾਥੀ-ਉਸਤਾਦਾਂ ਤੋਂ ਵੀ ਅੱਗੇ ਨਿਕਲ ਜਾਂਦਾ ਹੈ ਤੇ ਜਦੋਂ ਉਹ ਨਸ਼ਾ-ਵਾਪਾਰ ਦਾ ਧੰਦਾ ਛੱਡਣਾ ਚਾਹੁੰਦਾ ਹੈ ਤਾਂ ਆਪਣੇ ਹੀ ਦੋਸਤਾਂ ਦੀ ਗ਼ਲਤ-ਫਹਿਮੀ ਕਰਕੇ ਉਹਨਾਂ ਦੀ ਖ਼ਾਰ ਦਾ ਸ਼ਿਕਾਰ ਹੁੰਦਾ ਹੈ ਤੇ ਉਸਦੇ ਮਾਣ ਵਿੱਚ 'ਚ ਕੀਤੀ ਪ੍ਰੀਤ-ਭੋਜਨ(ਪਾਰਟੀ) 'ਚ ਅੰਤ ਵੇਲੇ਼ ਆਪਣੇ ਦੋਸਤਾਂ ਸਮੇਤ ਰਹੱਸਮਈ ਮੌਤ ਮਾਰਿਆ ਜਾਂਦਾ ਹੈ। ਇਹ ਨਸ਼ੇ ਦਾ ਵਾਪਾਰ ਸਿਰਫ਼ ਕਨੇਡਾ 'ਚ ਹੀ ਨਹੀਂ ਸੀ ਸਗੋਂ ਬਾਹਰਲੇ ਮੁਲਕਾਂ 'ਚ ਵੀ ਸੀ ਜਿਵੇਂ ਕਿ ਨਾਵਲ 'ਚ ਵਰਨਣ ਹੈ ਕਿ, 'ਰਮੋਲੋ ਹੋਰਾਂ ਨੂੌ ਦੂਜੇ ਗੈਂਗਾਂ ਦੀ ਵੀ ਚਿੰਤਾ ਹੈ ਕਿ ਉਹ ਉਹਨਾਂ ਦੇ ਰਾਹ 'ਚ ਰੌੜਾ ਬਣ ਰਹੇ ਹਨ। ਆਪਣੇ ਆਲ਼ੇ-ਦੁਆਲ਼ੇ ਕਈ ਗੈਂਗ ਘੇਰਾ ਪਾਈ ਬੈਠੇ ਹਨ, ਇੱਕ ਪਾਸੇ ਬਾਈਕਰ ਗੈਂਗ ਤੇ ਦੂਜੇ ਪਾਸੇ ਨਿੱਕ ਜੁੰਡਲੀ, ਜਿਸ ਨੂੰ ਇੱਕ ਧਨਾਢ ਬਾਬੇ ਦਾ ਆਸ਼ੀਰਵਾਦ ਮਿਲਿਆ ਹੋਇਆ ਹੈ...ਉਸਨੇ ਇੰਡੀਆ, ਅਫ਼ਗਾਨਿਸਤਾਨ ਤੇ ਅਮਰੀਕਾ 'ਚ ਆਪਣੇ ਸ੍ਰੋਤ ਪੈਦਾ ਕਰ ਲਏ ਹਨ।'[2]
ਅਧਿਆਏ
[ਸੋਧੋ]ਨਾਵਲ ਦੇ ਹੇਠ ਲਿਖੇ ਅਨੁਸਾਰ 27 ਅਧਿਆਏ ਹਨ। ਜਿਵੇਂ-
- ਕੰਨ ਕੰਧ ਨਾਲ।
- ਖੱਟਣ ਗਏ।
- ਕੰਧਾਂ ਦੀ ਕੰਨਸੋਅ।
- ਮੇਹਰ ਸਿੰਘ ਦੀ ਵਾਰਤਾ।
- ਸੋਚ-ਪਰਿਵਰਤਨ।
- ਰਿਸੈਪਸ਼ਨ ਪਾਰਟੀ।
- ਦਰਦ ਦਾ ਦਰਿਆ।
- ਜੈਰੀ ਦੀ ਦਾਸਤਾਂ।
- ਵਤਨ ਫ਼ੇਰੀ।
- ਕਰਮ ਚੱਕਰ।
- ਲਛਮਣ ਜਤੀ।
- ਜ਼ਿੰਦਗੀ ਦੇ ਉਤਰਾ-ਚੜ੍ਹਾ।
- ਮਿਸ਼ਿਜ ਇਗੁਚੀ।
- ਨਸਲੀ ਭੂਤ।
- ਵਿਗੋਚਾ।
- ਪਿਕਨਿਕ।
- ਹਾਦਸਾ ਦੇ ਹਾਦਸਾ।
- ਪੈ ਗਏ ਮਾਮਲੇ ਭਾਰੀ।
- ਮੋੜਾ।
- ਜਾਲ।
- ਪਿਛੋਕੜ ਦਾ ਸੇਕ।
- ਸਾਂਝ ਭਿਆਲੀ।
- ਜੁੜਦੀਆਂ ਤੰਦਾਂ।
- ਕੁੰਡੀਆਂ ਦਅ ਸਿੰਗ ਫਸ ਗਏ।
- ਬੈਠ ਸਿਆਣਿਆਂ ਮਜ਼ਲਸ ਕੀਤੀ।
- ਪੰਮ।
- ਆਸਾਂ ਪਰਬਤ ਜੇਡੀਆਂ।
ਕਿਰਦਾਰ/ਪਾਤਰ
[ਸੋਧੋ]ਨਾਵਲ 'ਚ ਹੇਠ ਲਿਖੇ ਕਿਰਦਾਰ ਹਨ। ਜਿਵੇਂ-
ਮਰਦ ਪਾਤਰ
[ਸੋਧੋ]- ਇੰਦਰ ਸਿੰਘ:-ਬੌਬੀ ਦਾ ਪੜਦਾਦਾ, ਜੋ 1905 ਈ: 'ਚ ਆਰਥਿਕ ਹਾਲਾਤਾਂ ਦੇ ਸੁਧਾਰ ਹਿੱਤ ਕਨੇਡਾ ਆਇਆ ਸੀ।
- ਮੰਗਲ ਸਿੰਘ:-ਇੰਦਰ ਦੇ ਨਾਲ਼ ਹੀ ਕਨੇਡਾ ਆਇਆ, ਇਹ ਵੀ ਆਰਥਿਕ ਹਾਲਾਤ ਤੋਂ ਤੰਗ ਹੋ ਕੇ ਵਿਦੇਸ਼ ਵੱਲ ਪਲਾਇਨ ਕਰਦਾ ਹੈ।
- ਮੇਹਰ ਸਿੰਘ:-ਇੰਦਰ ਦਾ ਜੇਠੇ ਮਰੇ ਪ੍ਰੀਤੂ ਬੇਟੇ ਤੋਂ ਬਾਅਦ ਦੂਸਰਾ ਬੇਟਾ, ਜੋ ਵੀ ਪਿੱਛੋਂ ਕਨੇਡਾ ਆ ਗਿਆ।
- ਜਲੋਰ ਸਿੰਘ ਉਰਫ਼ ਜੈਰੀ:-ਇੰਦਰ ਦਾ ਪੋਤਾ ਤੇ ਮੇਹਰ ਸਿੰਘ ਦਾ ਕਨੇਡਾ 'ਚ ਹੀ ਜੰਮਿਆ ਮੁੰਡਾ, ਜੋ ਨਹਿਰ 'ਚ ਡੁੱਬ ਰਹੇ ਜੋੜੇ ਨੂੰ ਬਚਾਉਂਦਾ ਖ਼ੁਦ ਵੀ ਮਰ ਗਿਆ।
- ਬੌਬੀ:-ਇੰਦਰ ਦਾ ਪੜਪੋਤਾ ਤੇ ਜੈਰੀ ਦਾ ਲੜਕਾ ਜੋ ਚੌਥੀ ਪੀੜ੍ਹੀ ਦਾ ਪ੍ਰਤੀਨਿੱਧ ਹੈ, ਜੋ ਕਨੇਡਾ 'ਚ ਜੰਮੀ ਹੈ। ਨਸ਼ੇ ਦੇ ਵਾਪਾਰ ਕਰਕੇ ਇਹ ਵੀ ਨਾਵਲ ਦੇ ਅੰਤ 'ਤੇ ਆਪਣੇ ਹੀ ਦੋਸਤਾਂ ਹੱਥੋਂ ਰਹੱਸਮਈ ਤਰੀਕੇ ਨਾਲ਼ ਮਾਰਿਆ ਜਾਂਦਾ ਹੈ।
- ਅਨੂਪ:-ਬੌਬੀ ਦਾ ਗੁਆਂਢੀ ਤੇ ਰਵੀਦਾਸੀਆ ਜਾਤੀ ਦਾ ਲੜਕਾ ਜੋ ਮਾਪਿਆਂ ਸਮੇਤ ਕਨੇਡਾ ਆਇਆ ਤੇ ਪੰਮ(ਬੌਬੀ ਦੀ ਮਸੇਰ) ਨਾਲ਼ ਪ੍ਰੇਮ ਹੋਣ ਕਰਕੇ ਤੇ ਨਸ਼ਾ ਤਸਕਰਾਂ ਤੇ ਅਪਰਾਧ ਵਿਗਿਆਨ(ਕ੍ਰਿਮੋਨੌਲੌਜ) ਦੀ ਮਾਸਟਰੀ ਲਈ ਬੌਬੀ ਨੂੰ ਮਿਲਣ ਕਰਕੇ ਬੌਬੀ ਵੱਲੋਂ ਮਾਰ ਦਿੱਤਾ ਜਾਂਦਾ ਹੈ ਤਾਂ ਜੋ ਉਹ ਬੌਬੀ ਲਈ ਖ਼ਤਰਾ ਨਾ ਬਣੇ। ਇਹ ਮੌਤ ਵੀ ਘਟਨਾ-ਯੁਕਤ ਹੁੰਦੀ ਹੈ।
- ਐਰਿਅਕ ਸਿਮੁਅਰ:-ਪੰਮ ਦਾ ਅਨੂਪ ਦੀ ਮੌਤ ਪਿੱਛੋਂ ਫ਼ਰਾਂਸੀਸੀ ਪ੍ਰੇਮੀ ਜੋ ਉਸ ਦੇ ਨਾਲ਼ 'ਮਿਸੀਸਾਗਾ' ਰਹਿੰਦਾ ਹੈ।
- ਦੀਪ:-ਬੌਬੀ ਦਾ ਦੋਸਤ ਜੋ ਉਹਨਾਂ ਦੇ ਘਰ ਕਿਰਾਏ ਤੇ ਰਹਿੰਦਾ ਹੈ ਤੇ ਗੈਂਗ ਵਾਰ 'ਚ ਮਾਰਿਆ ਜਾਂਦਾ ਹੈ।
ਇਸ ਤੋਂ ਬਿਨਾਂ ਰਮੋਲੋ, ਕੈਲੀ, ਸਟੀਵ, ਨਿੱਕ, ਅਮਰ, ਡੇਵ, ਰੰਜ, ਮਾਰਟਿਨ, ਲਾਰੰਸ(ਅਧਿਆਪਕ) ਤੇ ਕਿੰਦ ਇਤਿਆਦਿ ਹੋਰ ਮਰਦ ਪਾਤਰ ਵੀ ਹਨ।
ਔਰਤ ਪਾਤਰ
[ਸੋਧੋ]ਨਾਵਲ 'ਚ ਹੇਠ ਲਿਖੇ ਔਰਤ ਪਾਤਰ ਹਨ। ਜਿਵੇਂ-
- ਸ਼ਰਨਜੀਤ ਕੌਰ:-ਇਹ ਔਰਤ ਮੁੱਖ ਪਾਤਰਾਂ 'ਚੋ ਹੈ ਤੇ ਮੇਹਰ ਸਿੰਘ ਦੀ ਪਤਨੀ, ਇੰਦਰ ਸਿੰਘ ਦੀ ਨੂੰਹ ਤੇ ਸਰਬਜੀਤ ਕੌਰ ਦੀ ਸੱਸ ਹੈ। ਇਸ ਨੇ ਬਹੁਤ ਸਾਰੀਆਂ ਤਬਦੀਲੀਆਂ ਦੇਖੀਆਂ।
- ਸਰਬਜੀਤ:-ਇਹ ਪਾਤਰ ਜਲੌਰ ਸਿੰਘ ਉਰਫ਼ ਜੈਰੀ ਦੀ ਪਤਨੀ ਹੈ ਅਤੇ ਬੌਬੀ ਦੀ ਮਾਂ ਹੈ, ਨਾਵਲ 'ਚ ਇਹ ਵਿਧਵਾ ਦਾ ਸਰਾਪਾ ਤੇ ਹੋਰ ਦੁਖਾਂਤ ਭੋਗਦੀ ਹੈ।
- ਦਰਸ਼ਨਾ:-ਇਹ ਸੁਖਦੇਵ ਦੇ ਘਰ ਵਾਲ਼ੀ ਤੇ ਪੰਮ ਅਤੇ ਕਿੰਦ ਦੀ ਮਾਂ ਹੈ।
- ਪੰਮ:-ਇਹ ਦਰਸ਼ਨਾ ਤੇ ਸੁਖਦੇਵ ਦੀ ਧੀ ਹੈ, ਜੋ ਯੂਨੀਵਰਸਿਟੀ ਪੱਧਰ ਤੱਕ ਪੜ੍ਹੀ ਹੈ ਤੇ ਅਨੂਪ ਨੂੰ ਪਿਆਰ ਕਰਦੀ ਸੀ ਤੇ ਵਿਆਹ ਕਰਵਾਉਂਣਾ ਚਾਹੁੰਦੀ ਸੀ, ਪਰ ਅਨੂਪ ਦਾ ਹਾਦਸਾ ਲੱਗਣ ਵਾਲ਼ਾ ਕ਼ਤਲ ਬੌਬੀ ਵੱਲੋਂ ਕਰਵਾ ਦਿੱਤਾ।
- ਰਿਚੀ:-ਇਹ ਪੰਮ ਦੀ ਜਮਾਤਣ ਦੋਸਤ ਹੈ, ਜੋ ਪੰਮ ਨਾਲ਼ ਵਿਚਾਰ ਸਾਂਝੇ ਕਰਦੀ ਰਹਿੰਦੀ ਹੈ।
ਇਸ ਤੋਂ ਬਿਨਾ ਗੁਰਮੀਤ, ਸੈਰਾ ਤੇ ਰੂਬੀ ਆਦਿ ਜਿਹੇ ਹੋਰ ਪਾਤਰ ਵੀ ਹਨ।
ਇਤਿਹਾਸਕ ਵੇਰਵੇ
[ਸੋਧੋ]ਹੇਠ ਲਿਖੇ ਇਤਿਹਾਸਕ ਵੇਰਵੇ ਨਾਵਲ 'ਚ ਆਏ ਹਨ, ਜਿਸ ਕਰਕੇ ਇਹ 'ਇਤਿਹਾਸਕ-ਦਸਤਾਵੇਜ਼' ਬਣ ਗਿਆ ਹੈ, ਜਿਵੇਂ-
ਆਲੋਚਨਾ
[ਸੋਧੋ]ਕਈ ਵਿਦਵਾਨਾਂ ਨੇ "ਵਿਗੋਚਾ" ਨਾਵਲ ਦੀ ਆਲੋਚਨਾ ਕੀਤੀ, ਜੋ ਹੇਠ ਲਿਖੇ ਅਨੁਸਾਰ ਹੈ। ਜਿਵੇਂ-
- 'ਡਾ. ਹਰਚੰਦ ਸਿੰਘ' ਦੇ ਸ਼ਬਦਾਂ ਵਿੱਚ, 'ਵੀਹਵੀ ਸਦੀ ਦੇ ਉਦਾਸ ਅਣਮਨੁੱਖੀ ਤੇ ਅਤਾਰਕਿਕ ਤਜ਼ਰਬਿਆਂ ਦੀ ਪਿੱਠਭੂਮੀ 'ਚੋਂ ਇੱਕੀਂਵੀ ਸਦੀ ਦਾ ਪਰਵਾਸੀ ਸਾਹਿਤ ਸਿਰਜਣਾ ਦਾ ਉਦੇਸ਼ ਤੇ ਚਰਿੱਤਰ ਨਿਸ਼ਚੇ ਹੀ ਸਮਕਾਲੀ ਸਥਿਤੀਆਂ ਨਾਲ਼ ਸੰਵਾਦ ਸਥਾਪਤ ਕਰਨਾ ਹੈ ਜਿਸਨੇ ਭਵਿੱਖਮੁਖੀ ਸੰਭਾਵਨਾਵਾਂ ਨੂੰ ਨਵੇਂ ਜ਼ਾਵੀਏ ਤੋਂ ਪਰਖਣ ਲਈ ਜਨਮ ਦਿੱਤਾ ਹੈ।[3] ਵਿਗੋਚਾ ਨਾਵਲ ਦੇ ਬਿਰਤਾਂਤ 'ਚ ਵੀ ਅਜਿਹੇ ਹੀ ਸਰੋਕਾਰ ਹਨ ਜੋ ਵੀਹਵੀਂ ਸਦੀ ਦੇ ਇਤਿਹਾਸਿਕ ਸੰਦਰਭਾਂ ਅਤੇ ਸਿਮਰਤੀਆਂ ਨੂੰ ਸੰਵਾਦ ਵਿੱਚ ਪਾ ਕੇ ਸਮਕਾਲੀ ਪੰਜਾਬੀਆਂ ਦੀ ਨਵੀਂ ਪੀੜ੍ਹੀ ਦੀ ਸਥਿਤੀ ਨੂੰ ਭਵਿੱਖ ਦੇ ਸਮੱਸਿਆਕਾਰ ਰਾਹੀਂ ਰੂਪਮਾਨ ਕਰਦੇ ਹਨ।[4]
- 'ਜਸਬੀਰ ਜੈਨ' ਦੇ ਸ਼ਬਦਾਂ ਵਿੱਚ, ਪਛਾਣ ਦੀ ਪੁਸ਼ਟੀ ਲਈ ਸਿਮਰਤੀ ਸਹਾਇਕ ਹੁੰਦੀ ਹੈ। ਸਿਮਰਤੀਆਂ ਦੇ ਬਦਲਣ ਨਾਲ਼ ਨਿੱਜੀ ਪਛਾਣ ਦਾ ਵਿਸਥਾਪਨ ਹੁੰਦਾ ਹੈ ਜੋ ਕਿ ਭੁੱਲਣਹਾਰਤਾ ਦੀ ਅਵਸਥਾ ਹੈ। ਜੇਕਰ ਕੋਈ ਸਿਮਰਤੀ ਹੀ ਨਾ ਬਚੀ ਤਾਂ ਕੋਈ ਪਛਾਣ ਨਹੀਂ। ਨਾਵਲ 'ਵਿਗੋਚਾ' ਆਪਣੇ ਵਿਸ਼ਾਲ ਬਿਰਤਾਂਤ ਵਿੱਚ ਸਿਮਰਤੀਆਂ ਦੇ ਇਤਿਹਾਸ ਨੂੰ 'ਸ਼ਰਨਜੀਤ ਕੌਰ' ਤੇ ਸਰਬਜੀਤ ਕੌਰ ਤੇ ਹੋਰ ਕਈ ਪਾਤਰਾਂ ਰਾਹੀਂ ਰੂਪਮਾਨ ਕਰਦਾ ਹੈ।[5] ਜਿਸ 'ਚ 'ਬੌਬੀ' ਦੀ ਵਰਤਮਾਨ ਕਹਾਣੀ ਤੋਂ ਬਿਨਾਂ ਸਭਿਆਚਾਰ ਤੇ ਇਤਿਹਾਸ ਦੇ ਘਟਨਾਵੀ ਵੇਰਵੇ ਇਸ ਸਿਮਰਤੀ ਰਾਹੀਂ ਹੀ ਪੇਸ਼ ਹੁੰਦੇ ਹਨ।
- ਨਾਵਲ ਵਿੱਚ ਨਕਸਲੀ ਵਤੀਰੇ ਦੇ ਸ਼ਿਕਾਰ ਪਾਤਰ ਦਾ ਬਾਖ਼ੂਬੀ ਚਿਤਰਨ ਹੋਇਆ ਹੈ, ਇਹੀ ਦੁਖਾਂਤ ਦਾ ਕਾਰਨ ਬਣਦਾ ਹੈ। 'ਅਕਾਲ ਅੰਮ੍ਰਿਤ ਕੌਰ' ਨੇ ਇਸ ਨੂੰ ਅੰਤਰਰਾਸ਼ਟਰੀ ਸਮੱਸਿਆ ਕਿਹਾ ਹੈ, ਜਿਸ ਵਿੱਚ ਇਨਸਾਨਾਂ ਨੂੰ ਨਸਲ, ਰੰਗ, ਧਰਮ ਅਤੇ ਜਾਤ ਦੇ ਆਧਾਰ 'ਤੇ ਵੰਡ ਕੇ ਉੱਚਾ ਜਾਂ ਨੀਵਾਂ ਸਮਝਣਾ ਹੈ।[6]
ਹਵਾਲਾ
[ਸੋਧੋ]- ↑ ਜਰਨੈਲ ਸਿੰਘ ਸੇਖਾ-ਨਾਵਲ: ਸਰੋਕਾਰ ਤੇ ਵਿਧੀ ਵਿਧਾਨ, ਲੇਖ-ਬਲਵੰਤ ਸਿੰਘ ਸੰਧੂ, ਪੰਨਾ-50
- ↑ ਵਿਗੋਚਾ-ਨਾਵਕ, ਲੇਖਕ-ਜਰਨੈਲ ਸਿੰਘ ਸੇਖਾ, ਚੇਤਨਾ ਪ੍ਰਕਾਸ਼ਨ-ਲੁਧਿਆਣਾ, ਪ੍ਰਕਾਸ਼ਨ ਸਾਲ-2009, ਪੰਨਾ-261
- ↑ ਡਾ. ਹਰਚੰਦ ਸਿੰਘ ਬੇਦੀ(ਸੰਪਾ.), ਪਰਵਾਸ ਤੇ ਪਰਵਾਸੀ ਸਾਹਿਤ, ਗੁਰੂ ਨਾਨਕ ਦੇਵ ਯੂਨੀਵੇਸਿਟੀ-ਅੰਮ੍ਰਿਤਸਰ, 2005, ਪੰਨਾ-35.
- ↑ ਜਰਨੈਲ ਸਿੰਘ ਸੇਖਾ-ਨਾਵਲ:ਸਰੋਕਾਰ ਅਤੇ ਵਿਧੀ ਵਿਧਾਨ, ਲੇਖ-ਰਚਨਾਕਾਰ-ਡਾ. ਗੁਰਜੀਤ ਸਿੰਘ ਸੰਧੂ, ਪੰਨਾ-63
- ↑ ਉੱਤਰ ਬਸਤੀਵਾਦ ਤੋਂ ਪਾਰ ਰਾਸ਼ਟਰ ਦੇ ਸੁਪਨੇ ਤੇ ਯਥਾਰਥ, ਲੇਖਕ-ਜਸਵੀਰ ਕੌਰ, ਚੇਤਨਾ ਪ੍ਰਕਾਸ਼ਨ-ਲੁਧਿਆਣਾ, 2007, ਪੰਨਾ-39
- ↑ ਪਰਵਾਸੀ ਪੰਜਾਬੀ ਗਲਪ:ਨਵੇਂ ਪਾਸਾਰ, ਲੇਖਕ-ਅਕਾਲ ਅਮ੍ਰਿੰਤ ਕੌਰ, ਗੁਰੂ ਨਾਨਕ ਪੁਸਤਕ ਮਾਲਾ, ਅੰਮ੍ਰਿਤਸਰ, 2003, ਪੰਨਾ-48