ਵੱਟਣਾ ਮਲਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵੱਟਣਾ ਮਲਣਾ ਵੀ ਇੱਕ ਵਿਆਹ ਦੀ ਬੜੀ ਅਹਿਮ ਰਸਮ ਸੀ। ਇਸ ਰਸਮ ਨੂੰ ਨਹਾਈ-ਧੋਈ ਦੀ ਰਸਮ ਵੀ ਕਿਹਾ ਜਾਂਦਾ ਸੀ। ਬਰਾਤ ਜਾਣ ਤੋਂ ਇੱਕ ਦਿਨ ਪਹਿਲਾਂ ਜਾਂ ਉਸੇ ਦਿਨ ਮੁੰਡੇ ਜਾਂ ਕੁੜੀ ਨਹਾਉਣ ਨੂੰ ਨਾਈ-ਧੋਈ ਕਿਹਾ ਜਾਂਦਾ ਹੈ। ਜਲਦੀ ਤਿਆਰ ਹੋ ਕੇ ਜਲਦੀ ਬਰਾਤ ਦੀ ਰਵਾਨਗੀ ਹੋ ਜਾਂਦੀ ਸੀ ਲਾਗੀ ਜਾਂ ਲਾਗਣ ਸਾਰੇ ਗਲੀ-ਮੁਹੱਲੇ ਵਿੱਚ ਨਹਾਈ-ਧੋਈ ਦਾ ਸੱਦਾ ਦਿਦੇ ਹਨ। ਵਟਣਾ ਤਿਆਰ ਹੋਣ ’ਤੇ ਸਾਰੀਆਂ ਔਰਤਾਂ ਇਕੱਠੀਆਂ ਗੀਤ ਗਾਉਂਦੀਆਂ।

ਵੇਸਣ, ਹਲਦੀ ਤੇ ਸਰ੍ਹੋਂ ਦੇ ਤੇਲ ਨਾਲ ਜੋ ਮਿਸ਼ਰਣ ਬਣਾਇਆ ਜਾਂਦਾ ਹੈ, ਉਸ ਨੂੰ ਵਟਣਾ ਕਹਿੰਦੇ ਹਨ। ਵਟਣਾ ਇਕ ਕਿਸਮ ਦਾ ਪਹਿਲੇ ਸਮਿਆਂ ਦਾ ਸਾਬਨ ਹੁੰਦਾ ਸੀ ਜੋ ਵਿਆਹ ਤੋਂ ਪਹਿਲਾਂ ਮੁੰਡੇ/ਕੁੜੀ ਦੇ ਪਿੰਡਿਆਂ ਉੱਪਰ ਮਲਿਆ ਜਾਂਦਾ ਸੀ। ਵਟਣਾ ਵਿਆਹ ਦੇ ਨਿਯਤ ਦਿਨ ਤੋਂ ਕੋਈ 7 ਦਿਨ ਪਹਿਲਾਂ, ਕੋਈ 5 ਦਿਨ ਪਹਿਲਾਂ, ਪਰ ਘੱਟੋ-ਘੱਟ 3 ਦਿਨ ਪਹਿਲਾਂ ਜ਼ਰੂਰ ਮਲਿਆ ਜਾਂਦਾ ਸੀ। ਵਟਣਾ ਲਾਉਣ ਦੀ ਰਸਮ ਸਿਰਫ਼ ਸੁਹਾਗਣਾਂ ਹੀ ਨਿਭਾਉਂਦੀਆਂ ਸਨ। ਵਟਣਾ ਮਲਣ ਸਮੇਂ ਨੈਣ ਰਾਹੀਂ ਸ਼ਰੀਕੇ ਵਾਲੀਆਂ ਅਤੇ ਗੁਆਂਢਣਾਂ ਨੂੰ ਬੁਲਾਇਆ ਜਾਂਦਾ ਸੀ। ਮੁੰਡੇ/ਕੁੜੀ ਨੂੰ ਚੌਂਕੀ ਉੱਪਰ ਬਿਠਾਇਆ ਜਾਂਦਾ ਸੀ। ਸਿਰ ਉੱਪਰ ਫੁਲਕਾਰੀ ਤਾਣੀ ਜਾਂਦੀ ਸੀ। ਫੁਲਕਾਰੀ ਤਾਣਨ ਦਾ ਮਤਲਬ ਬਦਰੂਹਾਂ ਦੇ ਪਰਛਾਵੇਂ ਤੋਂ ਮੁੰਡੇ/ਕੁੜੀ ਨੂੰ ਬਚਾਉਣਾ ਹੁੰਦਾ ਸੀ। ਵਟਣਾ ਮੂੰਹ, ਮੱਥੇ ਅਤੇ ਪੈਰਾਂ ਉੱਪਰ ਕੁੜੀ ਦੇ ਲਾਇਆ ਜਾਂਦਾ ਸੀ। ਮੁੰਡੇ ਦੇ ਢੂਹੀ ਉੱਪਰ ਵੀ ਲਾਉਂਦੇ ਸਨ। ਵਟਣਾ ਮੁੰਡੇ/ਕੁੜੀ ਦੀ ਭਰਜਾਈ, ਮਾਂ, ਤਾਈ, ਚਾਚੀ, ਸ਼ਰੀਕੇ ਵਾਲੀਆਂ ਅਤੇ ਗੁਆਂਢਣਾਂ ਲਾਉਂਦੀਆਂ ਸਨ। ਨਾਲ ਦੀ ਨਾਲ ਗੀਤ ਗਾਈ ਜਾਂਦੀਆਂ ਸਨ। ਵਟਣਾ ਮਲਣ ਪਿੱਛੋਂ ਮੁੰਡੇ/ ਕੁੜੀ ਦਾ ਮਿੱਠੇ ਚੌਲਾਂ ਨਾਲ ਮੂੰਹ ਮਿੱਠਾ ਕਰਾਇਆ ਜਾਂਦਾ ਸੀ। ਦਾਦੀ, ਮਾਂ, ਤਾਈ, ਚਾਚੀ ਆਦਿ ਨੂੰ ਵਧਾਈ ਦਿੱਤੀ ਜਾਂਦੀ ਸੀ। ਨੈਣ ਨੂੰ ਦਾਦੀ, ਮਾਂ, ਸ਼ਰੀਕੇ ਵਾਲੀਆਂ ਅਤੇ ਗੁਆਂਢਣਾਂ ਪੈਸੇ ਦਿੰਦੀਆਂ ਸਨ।ਮੁੰਡਾ/ਕੁੜੀ ਫਿਰ ਆਪ ਇਸ਼ਨਾਨ ਕਰ ਲੈਂਦੇ ਸਨ।ਹੁਣ ਵਟਣਾ ਮਲਣ ਦੀ ਰਸਮ ਲਗਪਗ ਖ਼ਤਮ ਹੋਣ ਦੇ ਨੇੜੇ ਹੈ। ਹੁਣ ਸਿਰਫ਼ ਵਿਆਹ ਵਾਲੇ ਦਿਨ ਹੀ ਮੁੰਡੇ/ਕੁੜੀ ਦੇ ਥੋੜ੍ਹਾ ਜਿਹਾ ਵਟਣਾ ਲਾ ਕੇ ਰਸਮ ਹੀ ਪੂਰੀ ਕੀਤੀ ਜਾਂਦੀ ਹੈ। ਮੁੰਡਾ/ਕੁੜੀ ਹੁਣ ਆਪਣੀ ਮਨਪਸੰਦ ਦੇ ਸਾਬਨ ਨਾਲ ਨਾਉਂਦੇ ਹਨ।[1]

ਲੋਕ ਗੀਤ[ਸੋਧੋ]

ਵੋ-ਵੋ ਕਿ ਵਟਣਾ ਕਟੋਰੇ ਦਾ,

ਸਤਿਗੁਰ ਹੋਇਆ ਨੀਂ ਦਿਆਲ

ਕਿ ਵਟਣਾ ਕਟੋਰੇ ਦਾ

ਵੋ-ਵੋ ਕਿ ਚਾਦਰ ਚਿੜੀਆਂ ਦੀ,

ਵੋ-ਵੋ ਕਿ ਰੌਣਕ ਕੁੜੀਆਂ ਦੀ।

ਵਟਣਾ ਮਲਣ ਦੀ ਰਸਮ[ਸੋਧੋ]

ਮੁੰਡੇ ਜਾਂ ਕੁੜੀ ਨੂੰ ਪਟੜੇ ’ਤੇ ਬੈਠਾ ਕੇ ਵਟਣਾ ਮਲਣ ਦੀ ਰਸਮ ਸ਼ੁਰੂ ਹੁੰਦੀ। ਉੱਪਰ ਚਾਰੇ-ਨੁੱਕਰਾਂ ਤੋਂ ਫੜ ਕੇ ਫੁਲਕਾਰੀ ਤਾਣੀ ਜਾਂਦੀ। ਮਾਂ, ਭਰਜਾਈ, ਮਾਮੀਆਂ, ਮਾਸੀਆਂ, ਭੂਆ, ਭੈਣਾਂ ਸਭ ਵਾਰੀ-ਵਾਰੀ ਵਟਣਾ ਮਲਦੀਆਂ ਨਾਲ-ਨਾਲ ਗੀਤ ਗਾਉਂਦੀਆਂ।

ਵੱਟਣੇ ਦਾ ਗੀਤ[ਸੋਧੋ]

ਮੈਂ ਵਾਰੀ ਪਹਿਲਾ ਬੰਨਾ ਕੀਹਨੇ ਲਾਇਆ

ਮਾਤਾ ਇਹਦੀ ਸਦਾ ਵੇ ਸੁਹਾਗਣ

ਪਹਿਲਾਂ ਬੰਨਾ ਉਹਨੇ ਲਾਇਆ

ਮੈਂ ਵਾਰੀ ਦੂਜਾ ਬੰਨਾ ਕੀਹਨੇ ਲਾਇਆ

ਡੋਲ੍ਹਿਆ ਪਾਣੀ[ਸੋਧੋ]

ਇਸ ਤਰ੍ਹਾਂ ਸਾਰੇ ਰਿਸ਼ਤਿਆਂ ਦਾ ਜ਼ਿਕਰ ਕਰਦੀਆਂ ਹੋਈਆਂ ਨਾਲ-ਨਾਲ ਵੱਟਣਾ ਵੀ ਮਲੀ ਜਾਂਦੀਆਂ। ਵਿਹੜੇ ਵਿੱਚ ਚਿੱਕੜ ਹੋਣਾ ਸ਼ੁਰੂ ਹੋ ਜਾਂਦਾ। ਰਾਜਾ ਜਾਂ ਲਾਗੀ ਚੰਗੀ ਤਰ੍ਹਾਂ ਮਲ-ਮਲ ਕੇ ਨਹਾਉਣ ਲੱਗ ਜਾਂਦਾ। ਕੁੜੀਆਂ ਗਾਉਂਦੀਆਂ:

ਡੋਲ੍ਹਿਆ ਪਾਣੀ ਦਾ ਗੀਤ[ਸੋਧੋ]

ਆਂਗਨ ਸਾਡੇ ਚੀਕੜਾ ਵੇ ਕੀਹਨੇ,

ਡੋਲ੍ਹਿਆ ਪਾਣੀ

ਦਾਦੇ ਦਾ ਪੋਤਰਾ ਨਾਤੜਾ ਵੇ

ਉਹਨੇ ਡੋਲ੍ਹਿਆ ਪਾਣੀ

ਬਾਬਲ ਦਾ ਬੇਟਾ ਨਾਤੜਾ ਵੇ

ਉਹਨੇ ਡੋਲ੍ਹਿਆ ਪਾਣੀ

ਮਾਮੇ ਦਾ ਭਾਣਜਾ…

ਭਾਈਆਂ ਦਾ ਭਾਈ…

ਮਾਮੇ ਨੂੰ ’ਵਾਜ[ਸੋਧੋ]

ਜਦ ਮੁੰਡਾ/ਕੁੜੀ ਨਹਾ ਲੈਂਦੇ ਤਾਂ ਫਿਰ ਮਾਮੇ ਨੂੰ ’ਵਾਜ ਮਾਰੀ ਜਾਂਦੀ। ਮਾਮੇ ਹੀ ਭਾਣਜੇ-ਭਾਣਜੀ ਨੂੰ ਖਾਰਿਓ ਲਾਹੁੰਦਾ ਸੀ। ਮੂਧੀਆਂ ਮਾਰ ਕੇ ਰੱਖੀਆਂ ਚੱਪਣੀਆਂ ਨੂੰ ਭੰਨਣਾ ਹੁੰਦਾ ਸੀ। ਨੇੜੇ ਬੈਠਾ ਮਾਮਾ ਬੁਲਾਵੇ ਦੀ ਉਡੀਕ ਕਰ ਰਿਹਾ ਹੁੰਦਾ ਸੀ: ਮਾਮੇ ਨੂੰ ’ਵਾਜ ਦਾ ਗੀਤ== ਨੀਂ ਸੱਦੋ ਮਾਮੇ ਨੂੰ ਧਰਮੀ ਨੂੰ

ਲਾਡਲੇ ਨੂੰ ਚੌਂਕੀਓ ’ਤਾਰੇ ਨੀਂ ਸੱਦੋ..

ਮਾਮਾ ਲੋੜੀਦਾ[ਸੋਧੋ]

ਜੇ ਕਿਸੇ ਦੇ ਸਕਾ ਮਾਮਾ ਨਾ ਹੁੰਦਾ ਤਾਂ ਰਿਸ਼ਤੇਦਾਰੀ ਵਿੱਚੋਂ ਕੋਈ ਮਾਂ ਦੇ ਚਾਚੇ/ਤਾਏ ਦਾ ਪੁੱਤ ਇਹ ਰਸਮ ਨਿਭਾਉਂਦਾ ਅਤੇ ਕਿਹਾ ਜਾਂਦਾ:

ਮਾਮਾ ਲੋੜੀਦਾ ਦਾ ਗੀਤ[ਸੋਧੋ]

ਫੁੱਲਾਂ ਭਰੀ ਚੰਗੇਰ ਇੱਕ ਫੁੱਲ ਤੋੜੀਦਾ,

ਹੁਣ ਐਸ ਵੇਲੇ ਦੇ ਨਾਲ ਮਾਮਾ ਲੋੜੀਦਾ।

ਮਾਮੇ ਵੱਲੋਂ ਭਾਣਜੇ/ਭਾਣਜੀ ਦਾ ਮੂੰਹ ਜੁਠਾ[ਸੋਧੋ]

ਮਾਮੇ ਵੱਲੋਂ ਭਾਣਜੇ/ਭਾਣਜੀ ਦਾ ਮੂੰਹ ਜੁਠਾ ਕੇ ਸ਼ਗਨ ਵਜੋਂ ਕੁਝ ਪੈਸੇ ਜਾਂ ਕੋਈ ਗਹਿਣਾ ਪਾ ਕੇ ਚੌਂਕੀਓ ਲਾਹਿਆ ਜਾਂਦਾ। ਇਸ ਸਮੇਂ ਦਾਦਕੀਆਂ, ਨਾਨਕੀਆਂ ਨੂੰ ਮਜ਼ਾਕ ਕਰਨ ਦਾ ਮੌਕਾ ਵੀ ਹੱਥੋਂ ਨਹੀਂ ਜਾਣ ਦਿੰਦੀਆਂ: ਮਾਮੇ ਵੱਲੋਂ ਭਾਣਜੇ/ਭਾਣਜੀ ਦਾ ਮੂੰਹ ਜੁਠਾ ਦਾ ਗੀਤ== ਚੰਦ ਚੜ੍ਹਿਆ, ਤਾਰਾ ਛੁਪ ਨੀਂ ਗਿਆ।

ਅੜੀਓ ਸ਼ਗਨ ਦੇਣ ਦਾ ਮਾਰਾ,

ਮਾਮਾ ਲੁਕ ਨੀਂ ਗਿਆ।

ਇਸ ਤਰ੍ਹਾਂ ਹਾਸੇ-ਠੱਠੇ ਵਿੱਚ ਇਹ ਰਸਮ ਪੂਰੀ ਕੀਤੀ ਜਾਂਦੀ ਹੈ। ਵਿਆਹ ਦਾ ਨਵਾਂ ਕੱਪੜਾ ਵੀ ਅੰਗ ਛੁਹਾਇਆ ਜਾਂਦਾ ਹੈ।

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.