ਸਭਿਆਚਾਰਕ ਪਰਿਵਰਤਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਭਿਆਚਾਰਕ ਪਰਿਵਰਤਨ[ਸੋਧੋ]

ਸਭਿਆਚਾਰ ਦੇ ਸੰਬੰਧ ਵਿਚ ਇਕ ਨਿਰਪੇਖ ਸੱਚਾਈ ਇਹ ਹੈ ਕਿ ਇਹ ਬਦਲਦਾ ਰਹਿੰਦਾ ਹੈ। ਜਦੋ ਅਸੀ ਖੜੋਤ ਦਾ ਸ਼ਿਕਾਰ ਹੋਏ ਸਭਿਆਚਾਰਾ ਦੀ ਗੱਲ ਕਰਦੇ ਹਾਂ, ਤਾਂ ਅਸੀਂ ਉਹਨਾਂ ਸਭਿਆਚਾਰਾ ਦੇ ਸੰਬੰਧ ਵਿਚ ਇਕ ਸਾਪੇਖਕ ਸੱਚ ਕਹਿ ਰਹੇ ਹੁੰਦੇ ਹਾਂ। ਇਹਨਾਂ ਦੀ ਤਬਦੀਲੀ ਬਹੁਤ ਹੋਲੀ ਹੁੰਦੀ ਹੈ।ਜਦਕਿ ਦੂਸਰੇ ਸਭਿਆਚਾਰਾ ਦੀ ਹੁੰਦੀ ਤਬਦੀਲੀ ਕਾਰਨ ਇਹ ਸੱਭਿਆਚਾਰ ਖੜੋਤ ਦਾ ਸ਼ਿਕਾਰ ਹੋਏ ਦਿਖ ਦੇ ਹਨ।[1]

ਸਭਿਆਚਾਰਕ ਤਬਦੀਲੀ ਆਪਣੇ ਆਪ ਨਹੀ ਆਉਂਦੀ ਸਗੋ ਕਿਸੇ ਨਾ ਕਿਸੇ ਸੰਘਰਸ਼ ਦਾ ਸਿੱਟਾ ਹੁੰਦੀ ਹੈ।ਕਈ ਵਾਰ ਚੰਗੀ ਤਬਦੀਲੀ ਨੂੰ ਵੀ ਵਿਅਕਤੀਗਤ ਤੇ ਸਮਾਜਿਕ ਪੱਧਰ ਉੱਤੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਤਬਦੀਲੀ ਵਿਅਕਤੀ ਜਾ ਫਿਰ ਸਮਾਜ ਦੀ ਇੱਛਾ ਉੱਤੇ ਨਿਰਭਰ ਨਹੀਂ ਕਰਦੀ ਸਗੋਂ ਇਹ ਪ੍ਰਕਿਰਤੀ ਦਾ ਨਿਯਮ ਹੈ,ਅਤੇ ਪ੍ਰਕਿਰਤੀ ਮਨੁੱਖੀ ਸਮਾਜ ਦਾ ਹੋਂਦ ਚੋਖਟਾ ਹੈ।ਮਨੁੱਖੀ ਸਮਾਜ ਲਈ ਅਨੁਕੂਲਣ ਸਮੱਸਿਆਵਾਂ ਪੈਦਾ ਕਰਨ ਲਈ ਪ੍ਰਕਿਰਤੀ ਵਿੱਚ ਤਬਦੀਲੀਆਂ ਵਾਪਰਦੀਆਂ ਰਹਿੰਦੀਆਂ ਹਨ। ਮਨੁੱਖ ਇਹਨਾਂ ਦਾ ਹੱਲ ਲੱਭਦਾ ਹੈ। ਇਹ ਹੱਲ ਮਨੁੱਖ ਅਤੇ ਪ੍ਰਕਿਰਤੀ ਨੂੰ ਬਦਲਦੇ ਹਨ ਅਤੇ ਕਈ ਹੋਰ ਸਮੱਸਿਆਵਾਂ ਨੂੰ ਵੀ ਜਨਮ ਦਿੰਦੇ ਹਨ।

ਇਸ ਤੋ ਇਲਾਵਾ ਕਿ ਸਭਿਆਚਾਰ ਆਦਤ ਬਣ ਜਾਂਦਾ ਹੈ ਜਿਸ ਨੂੰ ਬਦਲਣਾ ਹਮੇਸ਼ਾ ਹੀ ਕਸ਼ਟਦਇਕ ਹੁੰਦਾ ਹੈ, ਸਮਾਜ ਵਿਗਿਆਨੀ ਪਰਿਵਰਤਨ ਦੇ ਵਿਰੋਧ ਦੇ ਕਈ ਹੋਰ ਕਾਰਨ ਗਿਣਾਉਦੇ ਹਨ, ਜਿਵੇਂ ਬਜੁਰਗਾਂ ਦਾ ਪੁਰਾਤਨ ਮੁੱਖ ਹੋਣਾ,ਪਵੇ ਬਾਰੇ ਅਨਿਸਚਿੱਤਤਾ ਅਤੇ ਇਸ ਦਾ ਡਰ ,ਨਵੇ ਨੂੰ ਲਾਗੂ ਕਰਨ ਵਿੱਚ ਆਉਦੇ ਖਰਚੇ, ਬੀਤੇ ਦਾ ਸਤਿਕਾਰ ਅਤੇ ਸਥਿਰਤਾ ਵਿਚ ਖਾਸ ਵਰਗਾ ਦੀ ਦਿਲਚਸਪੀ ਹੋਣਾ ,ਇਹ ਸਾਰੀਆਂ ਗੱਲਾਂ ਪਰਿਵਰਤਨ ਨੂੰ ਧੀਮਾ ਕਰ ਸਕਦੀਆਂ ਹਨ, ਜਾ ਪਿੱਛੇ ਪਾ ਸਕਦੀਆਂ ਹਨ, ਰੋਕ ਨਹੀਂ ਸਕਦੀਆਂ।

ਸਮਾਜ ਵਿਗਿਆਨੀ ਅਤੇ ਮਾਨਵ ਵਿਗਿਆਨੀ ਸਭਿਆਚਾਰਕ ਪਰਿਵਰਤਨ ਦੇ ਕਾਰਨਾਂ ਨੂੰ ਤਿੰਨ ਹਿੱਸਿਆਂ ਵਿਚ ਵੰਡਦੇ ਹਨ:

ਪ੍ਰਕਿਰਤਕ ਮਾਹੌਲ ਵਿੱਚ ਆਏ ਪਰਿਵਰਤਨ

ਸਮਾਜ ਦੇ ਅੰਦਰੋਂ ਪੈਦਾ ਹੋਏ ਕਾਰਨ

ਸਮਾਜ ਦੇ ਬਾਹਰੋਂ ਆਏ ਕਾਰਨ

ਪ੍ਰਕਿਰਤਕ ਮਾਹੌਲ[ਸੋਧੋ]

ਇਹਨਾਂ ਵਿੱਚੋਂ ਪ੍ਰਕਿਰਤਕ ਮਾਹੌਲ ਵਿੱਚ ਪਰਿਵਰਤਨ ਹੋਲੀ ਅਤੇ ਹਜ਼ਾਰਾਂ ਸਾਲਾਂ ਦੇ ਅਰਸੇ ਵਿੱਚ ਫੈਲਦੇ ਹਨ, ਇਹ ਅਚਨਚੇਤ ਅਤੇ ਤਬਾਹਕੁਨ ਹੁੰਦੇ ਹਨ।ਜਦੋਂ ਕਿਸੇ ਕੁਦਰਤੀ ਵਰਤਾਰੇ ਕਾਰਨ ਪੂਰੇ ਦੇ ਪੂਰੇ ਮਨੁੱਖੀ ਸਮੂਹ ਨੂੰ ਆਪਣਾ ਰਿਹਾਇਸ਼ ਸਥਾਨ ਬਦਲਣਾ ਪੈਂਦਾ ਹੈ, ਉਦਾਹਰਣ ਵਜੋਂ ਸੋਕਾ ਪੈਣ ਕਾਰਨ, ਕਾਲ ਦੀ ਹਾਲਤ ਵਿੱਚ। ਇਸ ਹਾਲਤ ਵਿਚ ਇਕ ਪੂਰਾ ਸਭਿਆਚਾਰਕ ਜੁੱਟ ਨਵੇ ਪ੍ਰਕਿਰਤਕ ਮਾਹੌਲ ਨੂੰ ਅਪਣਾ ਲੈਂਦਾ ਹੈ ਅਤੇ ਜੇ ਇਹ ਮਾਹੌਲ ਪਹਿਲਾਂ ਨਾਲੋਂ ਵੱਖਰਾ ਹੋਵੇ,ਤਾ ਫਰਕ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦਾ ਹੈ

ਸਮਾਜ ਦੇ ਅੰਦਰੋਂ ਪੈਦਾ ਹੋਏ ਕਾਰਨ[ਸੋਧੋ]

ਸਮਾਜ ਦੇ ਅੰਦਰੋਂ ਪੈਦਾ ਹੋਏ ਕਾਰਨ ਤੋ ਭਾਵ ਕਾਢ ਜਾ ਲੱਭਤ ਤੋ ਹੈ।ਕਾਢ ਜਾ ਲੱਭਤ ਦੋ ਤਰ੍ਹਾਂ ਦੀ ਹੁੰਦੀ ਹੈ ਇਕ ਜਦੋਂ ਵਸਤੂ ਪ੍ਰਕਿਰਤੀ ਵਿੱਚ ਹੋਵੇ ਪਰ ਅਜੇ ਮਨੁੱਖੀ ਗਿਆਨ ਅਤੇ ਵਰਤੋਂ ਦਾ ਹਿੱਸਾ ਨਾ ਹੋਵੇ

ਦੂਜਾ ਜਦੋਂ ਕੋਈ ਵਸਤੂ ਮਨੁੱਖੀ ਗਿਆਨ ਅਤੇ ਵਰਤੋਂ ਦਾ ਹਿੱਸਾ ਤਾ ਪਹਿਲਾਂ ਤੋ ਹੀ ਹੋਵੇ ਪਰ ਇਸਦੇ ਸਮੁੱਚੇ ਅੰਸ਼ਾਂ ਨੂੰ ਨਵੀ ਤਰਾਂ ਸੁਮੇਲ ਕੇ ਨਵੀ ਵਰਤੋਂ ਵਿੱਚ ਲਿਆਂਦਾ ਹੋਵੇ।

ਸਮਾਜ ਦੇ ਬਾਹਰੋਂ ਆਏ ਕਾਰਨ[ਸੋਧੋ]

ਸਮਾਜ ਦੇ ਬਾਹਰੋਂ ਆਏ ਕਾਰਨਾਂ ਵਿੱਚ ਅੰਸ਼ ਪਾਸਾਰ ਨੂੰ ਪਹਿਲੀ ਥਾਂ ਦਿਤੀ ਗਈ ਹੈ। ਇਕ ਸਮਾਜ ਵੱਲੋਂ ਕੀਤੀ ਕਾਢ ਨੂੰ ਦੂਜੇ ਸਮਾਜ ਦੁਆਰਾ ਅਪਣਾ ਲੈਣ ਨੂੰ ਅਮਲ ਖਿਡਾਉ ਜਾ ਅੰਸ਼ ਪਾਸਾਰ ਆਖਦੇ ਹਨ।

ਸਭਿਆਚਾਰੀਕਰਨ[ਸੋਧੋ]

ਸਮਾਜ ਤੋਂ ਬਾਹਰ ਆਏ ਕਾਰਨਾਂ ਵਿੱਚ ਮਹੱਤਵਪੂਰਨ ਅਮਲ ‘ਸਭਿਆਚਾਰੀਕਰਨ` ਹੈ। ਸੱਭਿਆਚਾਰੀਕਰਨ ਦੂਜੇ ਸਭਿਆਚਾਰ ਨਾਲ ਸਿੱਧਾ, ਵਿਸ਼ਾਲ ਪੈਮਾਨੇ ਉੱਤੇ ਅਤੇ ਕਾਫ਼ੀ ਅਰਸੇ ਤਕ ਸੰਪਰਕ ਵਿੱਚ ਆਉਣ ਦੇ ਅਮਲ ਨੂੰ ਕਹਿੰਦੇ ਹਨ। ਸਭਿਆਚਾਰੀਕਰਨ ਵਿੱਚ ਦੋ ਸਭਿਆਚਾਰਾਂ ਦਾ ਆਪਸੀ ਸੰਪਰਕ ਵਿੱਚ ਲੰਮੇ ਸਮੇਂ ਤੋਂ ਰਹਿਣਾ ਜ਼ਰੂਰੀ ਹੈ। ਸੱਭਿਆਚਾਰੀਕਰਨ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। “ਸੱਭਿਆਚਾਰੀਕਰਨ ਨੂੰ ਦੋ ਵੱਖ-ਵੱਖ ਸੱਭਿਆਚਾਰਾਂ ਵਾਲੇ ਜਨ-ਸਮੂਹਾਂ ਦੇ ਸਿੱਧੇ, ਵੱਡੇ ਪੈਮਾਨੇ ਉੱਤੇ ਅਤੇ ਕਾਫ਼ੀ ਅਰਸੇ ਤੱਕ ਸੰਪਰਕ ਨੂੰ ਅਤੇ ਇਸ ਸੰਪਰਕ ਤੋਂ ਨਿਕਲਦੇ ਸਿੱਟਿਆਂ ਨੂੰ ਸੱਭਿਆਚਾਰੀਕਰਨ ਕਹਿੰਦੇ ਹਨ"

ਸਭਿਆਚਾਰਕ ਪਰਿਵਰਤਨ ਦੇ ਇਸ ਸਰੂਪ ਦੀ ਵਿਲੱਖਣਤਾ ਇਹ ਹੈ ਕਿ ਜਦੋਂ ਦੋ ਸਭਿਆਚਾਰ ਇੱਕ ਦੂਜੇ ਦੇ ਸਿਧੇ ਸੰਪਰਕ ਵਿੱਚ ਆਉਂਦੇ ਹਨ ਤਾਂ ਅਨੁਕੁਲਣ ਪ੍ਰਤਿਕਰਮ ਜਾਂ ਟਕਰਾਅ ਉਤਪੰਨ ਹੁੰਦਾ ਹੈ, ਉਸ ਨੂੰ ਸੱਭਿਆਚਾਰੀਕਰਨ ਕਹਿੰਦੇ ਹਨ। ਸੱਭਿਆਚਾਰੀਕਰਨ ਦਾ ਮੁੱਖ ਆਧਾਰ ਇੱਕ ਸੱਭਿਆਚਾਰ ਦੀ ਦੂਸਰੇ ਉੱਤੇ ਰਾਜਸੀ ਜਿੱਤ, ਦਬਾਉ ਅਤੇ ਦਮਨ ਵਾਲਾ ਵੀ ਹੋ ਸਕਦਾ ਹੈ। ਇਹ ਪਰਿਵਰਤਨ ਸਹਿਜ ਵੀ ਅਤੇ ਆਰੋਪਤ ਜਾਂ ਦਬਾਉਪੂਰਣ ਦੋਹਾਂ ਤਰਾਂ ਦਾ ਹੋ ਸਕਦਾ ਹੈ, ਜਿਸ ਕਾਰਨ ਇਹ ਪ੍ਰਕਿਰਿਆ ਸੁਖਾਵੀਂ, ਸੁਭਾਵਕ ਅਤੇ ਸੰਤੁਲਿਤ ਹੋਣ ਦੀ ਥਾਂ ਕਈ ਵਾਰੀ ਵਿਨਾਸ਼ਮੂਲਕ, ਦਬਾਉਮੂਲਕ ਅਤੇ ਦਮਨ ਦਾ ਰੂਪ ਹੁੰਦੀ ਹੈ। ਜਿਸ ਤੋਂ ਵਿਭਿੰਨ ਵਿਪਰੀਤ ਪ੍ਰਭਾਵ, ਪ੍ਰਤਿਕਰਮ, ਵਿਰੋਧ ਟਕਰਾਉ, ਅਸੁੰਤਲਨ ਅਤੇ ਵਿਰੂਪਣ ਉਤਪੰਨ ਹੁੰਦੇ ਹਨ।[2]

ਸੱਭਿਆਚਾਰੀਕਰਨ ਵਿੱਚ ਦੋ ਸੱਭਿਆਚਾਰਾਂ ਦਾ ਆਪਸੀ ਸੰਪਰਕ ਇੱਕ ਜਨ-ਸਮੂਹ ਵੱਲੋਂ ਦੂਜੇ ਉੱਪਰ ਹਮਲਾ ਕਰਨ, ਦੂਜੇ ਨੂੰ ਅਧੀਨ ਕਰਨ, ਉਸ ਉੱਤੇ ਆਪਣਾ ਸੱਭਿਆਚਾਰ ਠੋਸਣ ਦੇ ਰੂਪ ਵਿੱਚ ਹੁੰਦਾ ਹੈ। ਇਹ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਸਦਾ ਵਿਜਈ ਧਿਰ ਦੇ ਸੱਭਿਆਚਾਰ ਨੇ ਹੀ ਜੇਤੂ ਬਣਨਾ ਹੈ ਸਮਾਂ ਪਾ ਕੇ ਸੱਭਿਆਚਾਰਕ ਪੱਧਰ ਉੱਤੇ ਇਹ ਪਾਸੇ ਪੁੱਠੇ ਵੀ ਪੈ ਜਾਂਦੇ ਹਨ। ਜੇ ਭਾਰਤ ਦੇ ਪ੍ਰਸੰਗ ਵਿੱਚ ਉੱਪਰੋਕਤ ਕਥਨਾਂ ਦੀਆਂ ਉਦਾਹਰਨਾਂ ਲੱਭਣੀਆਂ ਹੋਣ ਤਾਂ ਇੱਕ ਪਾਸੇ ਤਾਂ ਆਰੀਆ ਲੋਕ ਹਮਲਾਵਰ ਹੋਣ ਦੇ ਬਾਵਜੂਦ ਵੀ ਸਾਡੇ ਸਨਮਾਨਿਤ ਪੂਰਵਜ ਬਣੇ ਹੋਏ ਹਨ ਦੂਜੇ ਪਾਸੇ ਇਸੇ ਤਰ੍ਹਾਂ ਦੇ ਤਬਕੇ ਵੱਲੋਂ ਹੀ ਮੁਸਲਮਾਨਾਂ ਦੇ ਸਭਿਆਚਾਰੀਕਰਨ ਅਮਲ ਦੇ ਸਿੱਟੇ ਕਦੀ ਵੀ ਇੱਕ ਪਾਸੜ ਨਹੀਂ ਹੁੰਦੇ ਇਸ ਅਮਲ ਵਿੱਚ ਸ਼ਾਮਿਲ ਦੋਹਾਂ ਸੱਭਿਆਚਾਰਾਂ ਵਿੱਚ ਹੀ ਤਬਦੀਲੀਆਂ ਆਉਂਦੀਆਂ ਹਨ, ਭਾਵੇਂ ਇੱਕ ਪਾਸੇ ਇਹ ਤਬਦੀਲੀ ਬਹੁਤ ਉਘੜਵੀਂ ਹੋਵੇ ਅਤੇ ਦੂਜੇ ਪਾਸੇ ਨਾਮ-ਮਾਤਰ ਹੀ ਹੋਵੇ ਇਸ ਅਮਲ ਦਾ ਚਰਮ-ਸਿੱਟਾ ਇੱਕ ਸੱਭਿਆਚਾਰ ਦੇ ਦੂਜੇ ਸਭਿਆਚਾਰ ਵਿੱਚ ਜ਼ਜ਼ਬ ਹੋ ਜਾਣ ਵਿੱਚ ਵੀ ਨਿਕਲ ਸਕਦਾ ਹੈ ਜਿਹਨਾਂ ਨੂੰ ‘ਅਸਿਸੀਲੇਸ਼ਨ` ਦਾ ਨਾਂਅ ਦਿੱਤਾ ਜਾਂਦਾ ਹੈ। ਇਨ੍ਹਾਂ ਦੋਵਾਂ ਉੱਪਰੋਕਤ ਸਿੱਟਿਆਂ ਦੇ ਵਿਚਕਾਰਲਾ ਵੀ ਇੱਕ ਸਿੱਟਾ ਹੋ ਸਕਦਾ ਹੈ ਜਦੋਂ ਦੋਵੇ ਸਭਿਆਚਾਰ ਮਿਲ ਕੇ ਇੱਕ ਤੀਜੇ ਸਭਿਆਚਾਰ ਨੂੰ ਜਨਮ ਦੇ ਦੇਂਦੇ ਹਨ ਜਿਸ ਵਿੱਚ ਦੋਹਾਂ ਸੱਭਿਆਚਾਰਾਂ ਦੇ ਅੰਸ਼ ਪਾਏ ਜਾਂਦੇ ਹਨ ਅਤੇ ਜਿਸ ਦੀ ਆਪਣੀ ਨਿਵੇਕਲੀ ਹਸਤੀ ਵੀ ਹੁੰਦਾ ਹੈ। ਭਾਰਤ ਵਿਚਲੀ ਭਗਤੀ ਲਹਿਰ ਨੂੰ ਇਸ ਤਰ੍ਹਾਂ ਦੇ ਸੰਸਲਿਸ਼ਤ ਸੱਭਿਆਚਾਰ ਵੱਲ ਨੂੰ ਪਤਨ ਕਿਹਾ ਜਾ ਸਕਦਾ ਹੈ।

ਇਸ ਤਰ੍ਹਾਂ ਸੱਭਿਆਚਾਰੀਕਰਨ ਬਾਹਰੀ ਪਰਿਵਰਤਨਾਂ ਦੇ ਕਾਰਨਾਂ ਵਿਚੋਂ ਬਹੁਤ ਮਹੱਤਵਪੂਰਨ ਅਮਲ ਹੈ। ਸੱਭਿਆਚਾਰੀਕਰਨ ਤੋਂ ਪੈਦਾ ਹੋਏ ਪਰਿਵਰਤਨ ਨੂੰ ਠੀਕ ਤਰ੍ਹਾਂ ਜਾਂਚਣ ਲਈ ਪੂਰੇ ਸੰਬੰਧਤ ਸੱਭਿਆਚਾਰਾਂ ਵਿੱਚ ਆਈਆਂ ਤਬਦੀਲੀਆਂ ਦਾ ਨਿਰੀਖਣ ਕਰਨਾ ਜ਼ਰੂਰੀ ਹੈ।

ਪ੍ਰਭਾਵ[ਸੋਧੋ]

ਸਭਿਆਚਾਰਕ ਪਰਿਵਰਤਨ ਦਾ ਪ੍ਰਮੁੱਖ ਪ੍ਰਭਾਵ ਇਹ ਹੈ ਕਿ ਆਪਸੀ ਮੇਲ-ਮਿਲਾਪ ਵਿੱਚ ਕਮੀ ਆਈ ਹੈ। ਵਿਸ਼ਵੀਕਰਨ(Globalization) ਦੇ ਪਸਾਰ ਨਾਲ ਤਕਨਾਲੌਜੀ ਵਿੱਚ ਵਾਧਾ ਹੋਇਆ ਹੈ, ਇਸ ਦਾ ਅਸਰ ਲੋਕਾਂ ਦੇ ਆਪਸੀ ਮੇਲ ਮਿਲਾਪ 'ਤੇ ਪਿਆ ਹੈ। ਹੁਣ ਸੱਥਾਂ ਨਹੀਂ ਜੁੜਦੀਆਂ ਅਤੇ ਨਾ ਹੀ ਮੇਲੇ ਲੱਗਦੇ ਹਨ। ਹੁਣ ਲੋਕ ਇੰਟਰਨੈੱਟ ਰਾਹੀਂ ਆਪਸ ਵਿੱਚ ਰਾਬਤਾ ਕਾਇਮ ਕਰਦੇ ਹਨ। ਇੰਟਰਨੈੱਟ ਜ਼ਰੀਏ ਲੋਕ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠ ਕੇ ਇੱਕ ਦੂਸਰੇ ਨਾਲ ਸੰਪਰਕ ਕਾਇਮ ਕਰ ਸਕਦੇ ਹਨ। ਸੋ, 21ਵੀਂ ਸਦੀ ਵਿੱਚ ਤਕਨੀਕੀ-ਵਿਗਿਆਨ ਵਿੱਚ ਉੱਨਤੀ ਦੇ ਪ੍ਰਭਾਵ ਨਾਲ਼ ਸਭਿਆਚਾਰ ਕਾਫ਼ੀ ਹੱਦ ਤੱਕ ਪਰਿਵਰਤਨ ਹੋਇਆ ਹੈ।

ਸੋ, ਇਹ ਤੱਤ ਸਭਿਆਚਾਰ ਨੂੰ ਪਰਿਵਰਤਨ ਕਰਨ 'ਚ ਰੋਲ ਨਿਭਾਉਂਦੇ ਹਨ। ਇਹ ਪਰਿਵਰਤਨ ਨਿੱਕੇ ਪੱਧਰ ਤੋਂ ਲੈ ਕੇ ਵੱਡੇ ਪੱਧਰ ਤੱਕ ਅਤੇ ਤੇਜ਼ ਵੀ ਅਤੇ ਧੀਮੀ ਗਤੀ ਨਾਲ ਵੀ ਭਾਵ ਦੋਹਾਂ ਤਰੀਕਿਆਂ ਨਾਲ਼ ਹੋ ਰਿਹਾ ਹੈ। ਇਹ ਵੀ ਮਸਲਾ ਹੈ ਕਿ ਇਹ ਰੁਪਾਂਤਰਣ ਉਸਾਰੂ ਹੈ ਜਾਂ ਨਿਘਾਰੂ ਹੈ ਪਰ ਇਸ ਦੀ ਨਬਜ਼ ਅਨੁਸਾਰ ਇਸ ਸੰਬੰਧੀ ਧਿਆਨ ਦੇਣ ਨਾਲ਼ ਹੀ ਸਭਿਆਚਾਰ ਨਾਲ਼ ਜੁੜੀ ਲੋਕਾਈ ਦੀ ਹੋਂਦ ਸਥਾਪਿਤ ਰਹਿ ਸਕਦੀ ਹੈ ਤੇ ਵਿਕਾਸ ਕਰ ਸਕਦੀ ਹੈ।

ਸਿੱਟਾ[ਸੋਧੋ]

ਸਭਿਆਚਾਰ ਬਦਲਦਾ ਰਹਿੰਦਾ ਹੈ। ਕ਼ੁਦਰਤ ਜਾਂ ਪ੍ਰਕਿਰਤੀ ਵਿੱਚ ਤਬਦੀਲੀਆਂ ਹੁੰਦੀਆਂ ਰਹਿੰਦੀਆ ਹਨ ਜੋ ਕਿ ਸੰਘਰਸ਼ ਵਿਚੋਂ ਹੀ ਉਤਪੰਨ ਹੁੰਦੀ ਹੈ। ਸੋ, ਸਭਿਆਚਾਰਕ ਪਰਿਵਰਤਨ ਇੱਕ ਗਤੀਸ਼ੀਲ ਰਹਿਣ ਵਾਲ਼ੇ ਸਦੀਵੀ ਵਰਤਾਰਿਆਂ 'ਚੋਂ ਇੱਕ ਹੈ।[ਸੋਧੋ]

ਸਹਾਇਕ ਪੁਸਤਕ[ਸੋਧੋ]

ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਂਕ- ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, 1987, ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 2012, ਪੰਨਾਂ ਨੰ.-55


ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਕ- ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 2012 ਪੰਨਾਂ ਨੰ. 61

  1. ਫਰੈਂਕ, ਗੁਰਬਖ਼ਸ਼ ਸਿੰਘ (2019). ਸਭਿਆਚਾਰ ਅਤੇ ਪੰਜਾਬੀ ਸਭਿਆਚਾਰ. ਅੰਮ੍ਰਿਤਸਰ: ਵਾਰਿਸ ਸ਼ਾਹ ਫਾਉਂਡੇਸ਼ਣ. p. 55. ISBN 81-7856-365-7.
  2. ਫਰੈਂਕ, ਗੁਰਬਖ਼ਸ਼ ਸਿੰਘ (2019). ਸਭਿਆਚਾਰ ਅਤੇ ਪੰਜਾਬੀ ਸਭਿਆਚਾਰ. ਅੰਮ੍ਰਿਤਸਰ: ਵਾਰਿਸ ਸ਼ਾਹ ਫਾਊਂਡੇਸ਼ਨ. p. 61. ISBN 81-7856-365-7.