ਸੱਭਿਆਚਾਰ ਅਤੇ ਧਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਭਿਆਚਾਰ ਅਤੇ ਧਰਮ ਤੋਂ ਰੀਡਿਰੈਕਟ)

ਸਭਿਆਚਾਰ:-ਸਭਿਆਚਾਰ ਸ਼ਬਦ ਮੂਲ ਰੂਪ ਵਿੱਚ ਦੋ ਸ਼ਬਦਾਂ “ਸਭਿਯ+ਆਚਾਰ” ਦਾ ਸਮਾਸ ਹੈ। ਅੰਗਰੇਜ਼ੀ ਭਾਸ਼ਾ ਵਿੱਚ ਸਮਾਨਾਰਥਕ ਸ਼ਬਦ Culture ਮੰਨਿਆ ਜਾਂਦਾ ਹੈ। ਸਭਿਆਚਾਰ ਤਿੰਨ ਸ਼ਬਦਾਂ “ਸ+ਭ+ਆਚਾਰ” ਦਾ ਮੇਲ ਹੈ। ‘ਸ’ ਦਾ ਅਰਥ ਪੂਰਵ ‘ਭ’ ਦਾ ਅਰਥ ਨਿਯਮ (ਆਚਾਰ) ਦਾ ਅਰਥ ਵਿਵਹਾਰ ਹੈ। ਇਸ ਤਰ੍ਹਾਂ ਪੂਰਵ ਨਿਸ਼ਚਿਤ ਨੇਮਾਂ ਦੁਆਰਾ ਕੀਤਾ ਗਿਆ ਵਿਵਹਾਰ ਤੇ ਵਿਹਾਰ ਸਭਿਆਚਾਰ ਹੈ।[1]

ਧਰਮ:- ਧਰਮ ਨੂੰ ਸਭਿਆਚਾਰ ਦਾ ਜਨਮ ਦਾਤਾ ਆਖਿਆ ਜਾਂਦਾ ਹੈ। ਧਰਮ ਸੰਸਾਰਕ ਦ੍ਰਿਸ਼ਟੀ ਪੇਸ਼ ਕਰਦਾ ਹੈ। ਧਰਮ ਇੱਕ ਸਭਿਆਚਾਰਕ ਸੰਸਥਾ ਹੈ। ਇਸ ਕਰਕੇ ਧਰਮ ਪੰਜਾਬੀ ਸਭਿਆਚਾਰ ਦਾ ਵੀ ਮੂਲ ਸੰਕੇਤ ਹੈ। ਪੰਜਾਬੀ ਸਭਿਆਚਾਰ ਤੇ ਵਿਕਾਸ ਅਤੇ ਪਰਿਵਰਤਨ ਵਿੱਚ ਸਮੇਂ-ਸਮੇਂ ਵੱਖੋ ਵੱਖ ਧਰਮਾਂ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਹਿੰਦੂ ਧਰਮ ਤੇ ਪ੍ਰਾਚੀਨ ਰਸਮ ਰਿਵਾਜ, ਰਹਿਣੀ ਬਹਿਣੀ, ਵਹਿਮ ਭਰਮ ਅਤੇ ਉਨ੍ਹਾਂ ਦੀਆਂ ਧਾਰਮਿਕ ਪਰੰਪਰਾਵਾਂ ਜੋ ਉਹਨਾਂ ਦੇ ਘਰਾਂ ਵਿੱਚ ਅਜੇ ਤਕ ਚਲੀਆ ਆ ਰਹੀਆਂ ਹਨ ਦਾ ਮੁੱਖ ਸਰੋਤ ਉਨ੍ਹਾਂ ਦੇ ਪ੍ਰਾਚੀਨ ਧਾਰਮਿਕ ਗ੍ਰੰਥ ਹਨ ਜਿਨ੍ਹਾਂ ਵਿਚੋਂ ਉਸ ਸਮੇਂ ਦੇ ਲੋਕਾਂ ਦਾ ਸਭਿਆਚਾਰਕ ਚਿਤ੍ਰਣ ਕੀਤਾ ਮਿਲਦਾ ਹੈ।

ਇਸੇ ਤਰ੍ਹਾਂ ਇਸਲਾਮ ਧਰਮ ਦੇ ਪ੍ਰਵੇਸ਼ ਨਾਲ ਮੁਸਲਮਾਨੀ ਸਭਿਆਚਾਰ ਵੀ ਪੰਜਾਬੀ ਸਭਿਆਚਾਰ ਦਾ ਇੱਕ ਅੰਗ ਬਣ ਗਿਆ। ਮੁਸਲਮਾਨੀ ਸਭਿਆਚਾਰ ਦਾ ਮੁੱਖ ਸਰੋਤ ਉਨ੍ਹਾਂ ਦੇ ਧਾਰਮਿਕ ਆਗੂਆਂ ਸੂਫ਼ੀ ਫਕੀਰਾਂ ਦੇ ਕਲਾਮ ਵਿਚੋਂ ਮਿਲਦਾ ਹੈ। ਸੂਫ਼ੀ ਫਕੀਰ ਬਾਬਾ ਫਰੀਦ ਦੀ ਮਿੱਠੀ ਅਤੇ ਰਸੀਲੀ ਬਾਣੀ ਨੇ ਮੁਸਲਮਾਨੀ ਸਭਿਆਚਾਰ ਨੂੰ ਫੈਲਾਉਣ ਵਿੱਚ ਬੜਾ ਯੋਗਦਾਨ ਪਾਇਆ। ਉਨ੍ਹਾਂ ਦੇ ਮਲੋਕਾਂ ਵਿੱਚ ਪੰਜਾਬੀ ਸਭਿਆਚਾਰ ਦਾ ਚਿਤ੍ਰਣ ਕੀਤਾ ਮਿਲਦਾ ਹੈ।

ਸਿੱਖ ਸਭਿਆਚਾਰ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ ਜਿਸ ਦੁਆਰਾ ਕਿਰਤ ਕਰਨਾ ਨਾਮ ਜਪਣਾ ਅਤੇ ਵੰਡ ਛਕਣਾ ਪ੍ਰਚਲਿਤ ਹੋਇਆ। ਸਿੱਖਾਂ ਦੇ ਧਰਮ ਗ੍ਰੰਥ ‘ਗੁਰੂ ਗ੍ਰੰਥ ਸਾਹਿਬ’ ਵਿੱਚ ਪੰਜਾਬੀ ਜੀਵਨ ਅਤੇ ਸਭਿਆਚਾਰ ਦੀ ਤਸਵੀਰ ਪੇਸ਼ ਕੀਤੀ ਗਈ ਹੈ। ਪੰਜਾਬ ਦੇ ਸਭਿਆਚਾਰ ਨੂੰ ਗੁਰੂ ਨਾਨਕ ਦੇਵ ਜੀ ਨੇ ਅਣਖ ਅਤੇ ਦਲੇਰੀ ਬਖਸ਼ੀ ਜਿਵੇਂ:

ਜੇ ਜੀਵੈ ਪਤਿ ਲਖੀ ਜਾਇ

ਸਭ ਹਰਾਮੁ ਜੇਤਾ ਕਿਛੁ ਥਾਇ।

ਵਿਸ਼ਿਸ਼ਟ ਧਰਮ ਪੰਜਾਬੀ ਸਭਿਆਚਾਰ ਦਾ ਮੂਲ ਸਰੋਤ ਹਨ। ਵਿਸ਼ਿਸ਼ਟ ਧਰਮਾਂ ਦੇ ਇੱਕ ਸਾਂਝੇ ਪੰਜਾਬੀ ਸਭਿਆਚਾਰ ਨੂੰ ਉਸਾਰਨ ਦੀ ਥਾਂ ਹਿੰਦੂ ਸਭਿਆਚਾਰ, ਮੁਸਲਮਾਨੀ ਸਭਿਆਚਾਰ, ਸਿੱਖ ਸਭਿਆਚਾਰ ਹੀ ਉਸਾਰਿਆ ਹੈ। ਸਾਨੂੰ ਸਾਂਝੇ ਪੰਜਾਬੀ ਸਭਿਆਚਾਰ ਦੀ ਸਹੀ ਝਲਕ ਲੋਕ ਧਰਮ ਵਿੱਚੋਂ ਦ੍ਰਿਸ਼ਟਮਾਨ ਹੁੰਦੀ ਹੈ। ਲੋਕ ਧਰਮ ਹਿੰਦੂਆ ਸਿੱਖਾਂ ਅਤੇ ਮੁਸਲਮਾਨਾਂ ਦਾ ਸਾਂਝਾ ਧਰਮ ਹੈ ਦੇਵੀ ਦੇਵਤੇ, ਮੜ੍ਹੀ ਮਸਾਣ, ਪੀਰ-ਫਕੀਰ, ਤਕੀਏ ਸਮਾਧਾਂ ਸਭ ਦੀ ਪੂਜਾ ਸਭ ਵਰਗਾਂ ਦੇ ਲੰਕ ਕਰਦੇ ਹਨ।

ਸਭਿਆਚਾਰ ਅਤੇ ਧਰਮ:-ਸਭਿਆਚਾਰ ਵਾਂਗ ਹੀ ਧਰਮ ਸ਼ਬਦ ਵੀ ਜਟਿਲ ਅਤੇ ਵਿਆਪਕ ਅਰਥਾਂ ਦਾ ਵਾਚਕ ਹੈ। ਮੁਢਲੇ ਕਾਲ ਦੇ ਮਾਨਵ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪ੍ਰਕਿਰਤੀ ਹੀ ਸੀ। ਪ੍ਰਕਿਰਤੀ ਇਕੋ ਸਮੇਂ ਮਨੁੱਖ ਦੇ ਸਾਹਮਣੇ ਦੋ ਰੂਪਾਂ ਵਿੱਚ ਮੌਜੂਦ ਸੀ, ਅਰਥਾਤ ਮਨੁੱਖ ਦੀ ਪੈਦਾਵਾਰ ਜੇ ਪ੍ਰਕ੍ਰਿਤਿਕ ਕਾਰਨਾ ਤੇ ਨਿਰਭਰ ਕਰਦੀ ਹੈ ਤਾਂ ਉਸ ਦੇ ਵਿਨਾਸ਼ ਦਾ ਕਾਰਨ ਵੀ ਪ੍ਰਕਿਰਤੀ ਦੀ ਬਣਦੀ ਹੈ। ਇਹੋ ਕਾਰਨ ਹੈ ਕਿ ਮਨੁੱਖੀ ਕਲਪਨਾ ਅਤੇ ਵਿਸ਼ਵਾਸ ਨੇ ਪ੍ਰਕਿਰਤੀ ਦੇ ਮਾਰੂ ਪ੍ਰਭਾਵ ਨੂੰ ਭੂਤ, ਪ੍ਰੇਤ, ਜਿੰਨ, ਚੁੜੇਲ ਅਤੇ ਰਾਖਸ਼ਾਂ ਦੇ ਵਿਭਿੰਨ ਰੂਪਾਂ ਦਾ ਦਰਜਾ ਦੇ ਦਿੱਤਾ। ਪਰੰਤੂ ਨਾਲ ਨਾਲ ਪ੍ਰਕਿਰਤੀ ਮਨੁੱਖ ਲਈ ਉਸਾਰੂ ਕਾਰਜ ਵੀ ਕਰਦੀ ਰਹੀ ਹੈ। ਧੁੱਪ ਹਵਾ, ਪਾਣੀ, ਅੱਗ, ਅਨਾਜ ਇਹ ਮਨੁੱਖ ਨੂੰ ਜੀਵਤ ਰੱਖਣ ਲਈ ਲਾਜ਼ਮੀ ਤੱਤ ਹਨ। ਇਸ ਲਈ ਇਹਨਾਂ ਨੂੰ ਦੇਵ ਸ਼ਰੇਣੀ ਵਿੱਚ ਸ਼ਾਮਿਲ ਕਰ ਲਿਆ ਗਿਆ। ਇਸੇ ‘ਦੇਵ’ ਸ਼ਰੇਣੀ ਦਾ ਵਿਕਸਤ ਰੂਪ ਹੀ ਧਰਮ ਦਾ ਬੁਨਿਆਦੀ ਨੁਕਤਾ ਹੈ। ਪ੍ਰਕਿਰਤੀ ਦੇ ਉਸਾਰੂ ਪੱਖ ਨੂੰ ਮਨੁੱਖ ਦੇਵੀ ਸ਼ਕਤੀਆਂ ਦਾ ਰੂਪ ਮੰਨਦਾ ਹੈ।[2]

ਧਰਮ ਦਾ ਵਿਸ਼ਲੇਸ਼ਣ ਕੀਤਿਆਂ, ਇਸ ਦੇ ਤਿੰਨ ਪੱਖ ਉਘੜ ਕੇ ਸਾਹਮਣੇ ਆਉਂਦੇ ਹਨ:-

  • ਇਹ ਕੋਈ ਸੰਸਾਰ-ਦ੍ਰਿਸ਼ਟੀਕੋਣ ਪੇਸ਼ ਕਰਦਾ ਹੈ।
  • ਇਸ ਦ੍ਰਿਸ਼ਟੀਕੋਨ ਅਨੁਸਾਰ ਇਹ ਵਿਹਾਰ ਦੇ ਨਿਯਮ ਘੜਦਾ ਹੈ।
  • ਇਹ ਇੱਕ ਸੰਗਠਨ ਪੇਸ਼ ਕਰਦਾ ਹੈ। ਜਿਹੜਾ ਹੋਰਨਾਂ ਕਾਰਜਾਂ ਤੋਂ ਇਲਾਵਾ, ਆਪਣੇ ਅਨੁਆਈਆਂ ਵਿੱਚ ਸਾਂਝ ਅਤੇ ਇਕਮਿਕਤਾ ਪੈਦਾ ਕਰਦਾ ਹੈ।

ਇਹ ਤਿੰਨੇ ਹੀ ਪੱਖ ਮੁੱਖ ਤੌਰ ਉੱਤੇ ਸਭਿਆਚਾਰ ਦੇ ਬੋਧਾਤਮਕ ਅਤੇ ਪ੍ਰਤਿਮਾਨਕ ਅੰਗਾ ਨਾਲ ਸੰਬੰਧ ਰੱਖਦੇ ਹਨ।[3]

ਧਰਮ ਨੂੰ ਕਈ ਵਾਰੀ ਸਭਿਆਚਾਰ ਦਾ ਸਮਾਨਾਰਥੀ, ਇਸ ਦਾ ਜਨਮ ਦਾਤਾ, ਇਸ ਦਾ ਆਧਾਰ ਜਾ ਇਸ ਦੀ ਚਾਲਕ ਸ਼ਕਤੀ ਦੱਸਿਆ ਜਾਂਦਾ ਹੈ। ਪਰ ਅਸਲ ਵਿੱਚ ਧਰਮ ਆਪ ਇੱਕ ਸਭਿਆਚਾਰ ਸਿਰਜਣਾ ਹੈ। ਧਰਮ ਦੀ ਹੌਂਦ ਪੂਰਵ-ਇਤਿਹਾਸਕ ਕਾਲ ਵਿੱਚ ਵੀ ਮਿਲਦੀ ਹੈ। ਨਵੀਨ ਖੋਜ ਨੇ ਇਹ ਪੂਰੀ ਤਰ੍ਹਾਂ ਸਾਬਤ ਕਰ ਦਿੱਤਾ ਹੈ ਕਿ ਆਰੀਆ ਲੋਕਾਂ ਤੋਂ ਪਹਿਲਾਂ ਵੀ ਇਸ ਧਰਤੀ ਉਤੇ ਵਸਦੀਆਂ ਦਰਾਵੜ ਤੇ ਕੋਲ ਜਾਤੀਆਂ ਵਿੱਚ ਧਰਮ ਅਤੇ ਧਾਰਮਿਕ ਭਾਵਨਾਵਾਂ ਪੂਰੀ ਤਰ੍ਹਾਂ ਪ੍ਰਚਲਿਤ ਸਨ। ਆਰੀਆਂ ਜਾਤੀ ਦੀਆਂ ਅਨੇਕਾਂ ਧਾਰਮਿਕ ਰਸਮਾਂ ਅਤੇ ਪੂਜਾ ਵਿਧੀਆਂ ਦਾ ਮੂਲ ਦਰਾਵੜ ਜਾਤੀ ਨਾਲ ਜੁੜਦਾ ਹੈ। ਦਰਾਵੜਾਂ ਦਾ ਵਿਸ਼ਵਾਸ ਸੀ ਕਿ ਮੌਤ ਤੋਂ ਮਗਰੋਂ ਰੂਹਾਂ ਰੂਥਾਂ ਪੱਛੀਆਂ ਜਾ ਡੰਗਰਾਂ ਵਿੱਚ ਚਲੀਆਂ ਜਾਂਦੀਆਂ ਹਨ। ਆਰੀਆਂ ਲੋਕਾਂ ਨੇ ਇਸੇ ਸੰਕਲਪ ਵਿੱਚ ਥੋੜੀ ਜਿਹੀ ਸੋਧ ਕਰਕੇ ਇਹ ਧਾਰਨਾ ਬਣਾ ਲਈ ਕਿ ਰੂਹ ਪਿਛਲੇ ਜਨਮ ਦੇ ਫਲਸਰੂਪ ਮੁਕਤ ਹੋਣ ਲਈ ਆਰੀਆ ਲੋਕਾਂ ਨੇ ‘ਮੁਕਤੀ’ ਦਾ ਸੰਕਲਪ ਅਪਣਾਇਆ। ਹੌਲੀ-ਹੌਲੀ ਧਰਮ ਅਰਥ, ਕਾਮ,ਮੋਥ ਭਾਰਤੀ-ਸਭਿਆਚਾਰ ਦੇ ਬੁਨਿਆਦੀ ਤੱਤ ਬਣ ਗਏ।

ਸਭਿਆਚਾਰ ਅਤੇ ਧਰਮ ਆਪਸ ਵਿੱਚ ਅੰਤਰ ਸੰਬੰਧਤ ਹਨ। ਭਾਵੇਂ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਧਰਮ ਬਿਨਾ ਰਾਜ ਹੋ ਸਕਦਾ ਹੈ ਪਰ ਰਾਜ ਬਿਨ੍ਹਾਂ ਧਰਮ ਨਹੀਂ ਪਰ ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਕੋਈ ਵੀ ਰਾਜ ਅਜਿਹਾ ਨਹੀਂ ਹੋਵੇਗਾ ਜਿੱਥੋਂ ਦੇ ਲੋਕਾਂ ਦੇ ਕੁੱਝ ਵਿਸ਼ਵਾਸ ਨਾ ਹੋਣ ਇਹ ਵਿਸ਼ਵਾਸ ਹੀ ਧਰਮ ਦਾ ਆਧਾਰ ਹੁੰਦੇ ਹਨ। ਧਰਮ ਉਹ ਸੰਸਥਾ ਹੈ ਜੋ ਕਿਸੇ ਸਭਿਆਚਾਰ ਵਿੱਚ ਰਹਿਣ ਲਈ ਜੀਵ ਨੂੰ ਨੈਤਿਕ ਗੁਣ ਸਿਖਾਉਂਦਾ ਹੈ।

ਸੰਸਾਰ ਵਿੱਚ ਹਰ ਥਾਂ ਤੇ ਅਲੱਗ ਅਲੱਗ ਸਭਿਆਚਾਰ ਤੇ ਧਰਮ ਪਾਏ ਜਾਂਦੇ ਹਨ ਜਿਨ੍ਹਾਂ ਦੇ ਆਪਣੇ ਅਲੱਗ ਅਲੱਗ ਨਿਯਮ ਹੋਣਗੇ ਤੇ ਇਹ ਦੋਵੇਂ ਇੱਕ ਦੂਜੇ ਨਾਲ ਅੰਤਰ ਸਥਾਪਿਤ ਹੁੰਦੇ ਹਨ। ਭਾਵ ਹਰੇਕ ਸਭਿਆਚਾਰ ਉੱਥੋਂ ਦੇ ਧਰਮ ਦਾ ਸਰੂਪ ਨਿਸ਼ਚਿਤ ਕਰਦਾ ਹੈ ਤੇ ਹਰ ਧਰਮ ਦੇ ਸਭਿਆਚਾਰ ਦੇ ਸਰੂਪ ਤੇ ਆਪਣਾ ਪ੍ਰਭਾਵ ਪਾਉਂਦਾ ਹੈ। ਇਸੇ ਤਰ੍ਹਾਂ ਇੱਕ ਭਾਰਤੀ ਪੰਜਾਬ ਦੇ ਸਿੱਖ ਤੇ ਇੱਕ ਵਿਦੇਸ਼ੀ ਸਿੱਖ ਦੇ ਰਹਿਣ ਸਹਿਣ ਵਿੱਚ ਵੀ ਫਰਕ ਹੋਵੇਗਾ ਭਾਵੇਂ ਇਹਨਾਂ ਦੇ ਵੀ ਬੁਨਿਆਦੀ ਪੱਖ ਇਕੋ ਜਿਹੇ ਹੀ ਹਨ।

ਵਿਸ਼ਿਸ਼ਟ ਧਰਮ:- ਵਿਸ਼ਿਸ਼ਟ ਧਰਮ ਜਾਂ ਸੰਸਥਾਈ ਧਰਮ ਤੇਭਾਵ ਧਰਮ ਦੇ ਉਸ ਰੂਪ ਤੋਂ ਹੈ। ਜਿਸ ਦੀ ਸਥਾਪਨਾ ਕਿਸੇ ਵਿਅਕਤੀ ਵਰਗ ਵੱਲੋਂ ਕੀਤੀ ਜਾਂਦੀ ਹੈ। ਹਰ ਵਿਸ਼ਿਸ਼ਟ ਧਰਮ ਦੀ ਆਪਣੀ ਵੱਖਰੀ ਵਿਚਾਰਧਾਰਾ ਹੁੰਦੀ ਹੈ। ਜਿਸ ਦੇ ਅਨੁਸਾਰ ਉਸਦੇ ਨਿਯਮ ਅਤੇ ਮਨਾਹੀਆਂ ਦੀ ਸਥਾਪਨਾ ਹੁੰਦੀ ਹੈ। ਵਿਸ਼ਿਸ਼ਟ ਧਰਮ ਦਾ ਕੋਈ ਨਾਮ ਹੁੰਦਾ; ਜਿਵੇਂ ਹਿੰਦੂ ਧਰਮ, ਜੈਨ ਧਰਮ, ਬੁੱਧ ਧਰਮ, ਇਸਲਾਮ ਧਰਮ, ਈਸਾਈ ਧਰਮ ਅਤੇ ਸਿੱਖ ਧਰਮ ਆਦਿ। ਵਿਸ਼ਿਸ਼ਟ ਧਰਮ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਨਿਯਮ ਮਨਾਹੀਆਂ ਅਤੇ ਹਿਦਾਇਤਾਂ ਲਿਖਤੀ ਰੂਪ ਵਿੱਚ ਸੁਰਖਿਅਤ ਹੁੰਦੀਆਂ ਹਨ। ਹਿੰਦੂ ਧਰਮ ਦੇ ਵੇਦ ਸ਼ਾਸ਼ਤਰ ਸਿਮਰਤੀਆਂ ਪੁਰਾਣ, ਜੈਨ ਧਰਮ ਦੇ ਆਚਾਰਾਗ, ਬੁੱਧ ਧਰਮ ਦੇ ਵਿਨੱਪਿਟਕ, ਇਸਲਾਮੀ ਧਰਮ ਦੀ ਕੁਰਾਨ ਸ਼ਰੀਫ਼, ਈਸਾਈ ਧਰਮ ਦੀ ਪਵਿੱਤਰ ਬਾਈਬਲ, ਸਿੱਖ ਧਰਮ ਦੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਜਿਹੇ ਹੀ ਲਿਖਤੀ ਗ੍ਰੰਥ ਹਨ। ਜਿਹੜੇ ਸੰਬੰਧਤ ਧਰਮ ਦੇ ਲੋਕਾਂ ਦੀ ਰਾਹਨੁਮਾਈ ਕਰਦੇ ਹਨ। ਹਰ ਵਿਸ਼ਿਸ਼ਟ ਧਰਮ ਦਾ ਕੋਈ ਨਾ ਕੋਈ ਪੂਜਾ ਸਥਾਨ ਹੁੰਦਾ ਹੈ, ਹਿੰਦੂ ਧਰਮ ਲਈ ਮੰਦਰ, ਬੋਧੀਆਂ ਲਈ ਮੱਠ, ਸਾਈਆਂ ਲਈ ਚਰਚ, ਮੁਸਮਾਨਾਂ ਲਈ ਮਸਜਿਦ, ਸਿੱਖਾਂ ਲਈ ਗੁਰੂਦੁਆਰਾ ਅਜਿਹੇ ਹੀ ਧਾਰਮਿਕ ਸਥਾਨ ਦੇ ਨਾਮ ਹਨ।

ਲੋਕ ਧਰਮ:- ਲੋਕ ਧਰਮ ਵਿਸ਼ਿਸ਼ਟ ਧਰਮ ਤੋਂ ਵੱਖਰਾ ਸੰਕਲਪ ਹੈ। ਇਸ ਵਿੱਚ ਲੋਕ ਜੀਵਨ ਦੀਆਂ ਅਨੇਕਾਂ ਆਪ ਮੁਹਾਰੀਆਂ ਲਹਿਰਾਂ ਦੀ ਝਲਕ ਹੁੰਦੀ ਹੈ। ਵਹਿਮ ਭਰਮ ਅਤੇ ਲੋਕ ਵਿਸ਼ਵਾਸ ਲੋਕ ਧਰਮ ਦਾ ਆਧਾਰ ਹੁੰਦੇ ਹਨ। ਡਰ, ਭੋਖਲੇ, ਸ਼ੰਕੇ ਅਤੇ ਭੈ ਤੋਂ ਲੋਕ ਧਰਮ ਦੀ ਹੋਂਦ ਨਿਰਧਾਰਿਤ ਕਰਨ ਵਿੱਚ ਸਹਾਈ ਹੁੰਦੇ ਹਨ। ਲੋਕ ਧਰਮ ਮਾਨਵਤਾ ਦਾ ਹਾਣੀ ਹੈ। ਇਸ ਦੇ ਅਰਥ ਖੇਤਰ ਵਿੱਚ ਨਰਗ ਸੁਰਗ ਚੁਰਾਸੀ ਲੱਖ ਜੂਨਾਂ ਦਾ ਭੈ ਅਤੇ ਵਿਸ਼ਵਾਸ, ਮੰਨਤਾ,ਸੁੱਖਣਾ,ਚੜ੍ਹਾਵੇ, ਵਰਤ, ਤੀਰਥ ਯਾਤਰਾ, ਤੀਰਥ ਇਸ਼ਨਾਨ, ਸੂਰਜ/ਚੰਦ ਗ੍ਰਹਿਣ ਬਾਰੇ ਵਿਸ਼ਵਾਸ, ਪੂਜਾ, ਪਾਠ, ਜੰਤਰ, ਮੰਤਰ, ਧਾਗੇ, ਤਵੀਤ, ਸ਼ਰਾਧ, ਸ਼ਗਨ, ਅਪਸ਼ਗਨ, ਆਦਿ ਅਨੇਕਾਂ ਪੱਖ ਸ਼ਾਮਿਲ ਹੁੰਦੇ ਹਨ।

ਧਰਮ ਦੇ ਇਹ ਦੋਵੇਂ ਰੂਪ ਸਭਿਆਚਾਰ ਦੇ ਮਹੱਤਵ ਪੂਰਨ ਪੱਖ ਤਾਂ ਹਨ ਪਰ ਇਹ ਸਭਿਆਚਾਰ ਦੇ ਸਮਾਨਾਰਥੀ ਨਹੀਂ ਹਨ। ਨਾ ਹੀ ਕੋਈ ਧਰਮ ਕਿਸੇ ਸਭਿਆਚਾਰ ਦਾ ਇਕੋ ਇੱਕ ਨਿਰਧਾਰਨੀ ਤੱਤ ਹੁੰਦਾ ਹੈ। ਧਰਮ ਮਨੁੱਖ ਦੀ ਸਭਿਆਚਾਰਕ ਪ੍ਰਾਪਤੀ ਹੈ। ਕਿਸੇ ਇਕੋ ਸਭਿਆਚਾਰ ਅੰਦਰ ਅਨੇਕਾਂ ਧਰਮ ਖਲਰ ਸਕਦੇ ਹਨ ਪਰ ਕਿਸੇ ਇੱਕ ਧਰਮ ਵਿੱਚ ਵੱਖ ਵੱਖ ਸਭਿਆਚਾਰਾਂ ਦੇ ਸਮੁੱਚੇ ਰੂਪ ਸਮਾ ਸਕਣ। ਇਹ ਸੰਭਵ ਨਹੀਂ ਹੈ। ਧਰਮ ਅਤੇ ਸਭਿਆਚਾਰ ਦੋਵੇਂ ਹੀ ਪਰਿਵਰਤਨਸ਼ੀਲ ਹਨ। ਦੋਵੇਂ ਇੱਕ ਦੂਜੇ ਨੂੰ ਘੱਟ ਜਾਂ ਵੱਧ ਮਾਤਰਾ ਵਿੱਚ ਪ੍ਰਭਾਵਿਤ ਕਰਦੇ ਹਨ।

[2]

ਹਵਾਲੇ[ਸੋਧੋ]


  1. ਸਿੰਘ, ਡਾ. ਜਸਵਿੰਦਰ. ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ.
  2. 2.0 2.1 ਜੋਸ਼ੀ, ਪ੍ਰੋ ਜੀਤ ਸਿੰਘ. ਸਭਿਆਚਾਰ ਸਿਧਾਂਤ ਤੇ ਵਿਵਹਾਰ.
  3. ਫਰੈਂਕ, ਪ੍ਰੋ ਗੁਰਬਖ਼ਸ਼ ਸਿੰਘ. ਸਭਿਆਚਾਰ ਤੇ ਪੰਜਾਬੀ ਸਭਿਆਚਾਰ.