ਸਭਿਆਚਾਰ ਤੇ ਪੰਜਾਬੀ ਫ਼ਿਲਮਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

     ਫ਼ਿਲਮ ਇੱਕ ਕਲਾ ਹੈ ਜਿਸ ਰਾਹੀਂ ਕਿਸੇ ਸਮੇਂ ਦੇ ਸਮਾਜ ਅਤੇ ਸੱਭਿਆਚਾਰ ਨੂੰ ਜਾਣਿਆ ਜਾ ਸਕਦਾ ਹੈ । ਮਨੁੱਖ ਆਪਣੀਆਂ ਭਾਵਨਾਵਾਂ ਤੇ ਵਿਚਾਰਾਂ ਦੇ ਸੰਚਾਰ ਲਈ ਵੱਖੋ-ਵੱਖਰੇ ਢੰਗਾਂ ਦੀ ਵਰਤੋਂ ਕਰਦਾ ਹੈ। ਜਿਵੇਂ; ਚਿੱਤਰਕਲਾ, ਮੂਰਤੀਕਲਾ, ਇਮਾਰਤ ਕਲਾ, ਫੋਟੋਗ੍ਰਾਫ਼ੀ, ਸੰਗੀਤ, ਨ੍ਰਿਤ ਅਤੇ ਨਾਟਕ ਆਦਿ। ਫ਼ਿਲਮ ਇੱਕ ਅਜਿਹੀ ਕਲਾ ਹੈ ਜਿਸ ਵਿੱਚ ਸਾਰੀਆਂ ਕਲਾਵਾਂ ਦਾ ਸੁਮੇਲ ਪ੍ਰਾਪਤ ਹੁੰਦਾ ਹੈ, ਇਸ ਕਾਰਨ ਹੀ ਫ਼ਿਲਮ ਬਾਕੀ ਸਾਰੀਆਂ ਕਲਾਵਾਂ ਦੇ ਮੁਕਾਬਲੇ ਦਰਸ਼ਕਾਂ ਨੂੰ ਵਧੇਰੇ ਆਪਣੇ ਨਾਲ ਲੈ ਤੁਰਦੀ ਹੈ ਅਤੇ ਦਰਸ਼ਕ ਵਰਗ ਸਹਿਜੇ ਹੀ ਉਸ ਦੇ ਅਸਰ ਅਧੀਨ ਆ ਜਾਂਦਾ ਹੈ ।

    ਪੰਜਾਬੀ ਭਾਸ਼ਾ ਨਾਲ ਸਬੰਧਿਤ ਫ਼ਿਲਮ ਉਦਯੋਗ ਨੂੰ 'ਪਾਲੀਵੁੱਡ' ਕਿਹਾ ਜਾਂਦਾ ਹੈ। ਪੰਜਾਬੀ ਫ਼ਿਲਮਾਂ ਦਾ ਇਤਿਹਾਸ ਕੋਈ ਬਹੁਤਾ ਲੰਮੇਰਾ ਨਹੀ ਹੈ, ਸਭ ਤੋ ਪਹਿਲੀ ਪੰਜਾਬੀ ਫਿਲਮ 'ਸ਼ੀਲਾ' ਸੀ । 1947 ਵਿੱਚ ਹੋਈ ਵੰਡ ਨੇ ਪੰਜਾਬੀ ਸਿਨੇਮੇ ਨੂੰ ਵੀ ਪ੍ਰਭਾਵਿਤ ਕੀਤਾ, ਮੁਸਲਿਮ ਕਲਾਕਾਰ ਤੇ ਨਿਰਦੇਸ਼ਕ ਪਾਕਿਸਤਾਨ ਰਹਿ ਗਏ ਅਤੇ ਹਿੰਦੂ ਤੇ ਸਿੱਖ ਕਲਾਕਾਰ ਬੰਬਈ ਚਲੇ ਗਏ ਸਨ। 1950 ਈ. ਦੇ ਸਮੇਂ ਬਹੁਤ ਯਤਨਾਂ ਸਦਕਾ ਖ਼ਤਮ ਹੋ ਚੁੱਕੇ ਪੰਜਾਬੀ ਸਿਨੇਮੇ ਨੂੰ ਜੀਵਤ ਕਰਨ ਦੀ ਕੋਸ਼ਿਸ਼ ਨਾਲ `ਪੋਸਤੀ´, `ਦੋ ਲੱਛੀਆਂ´ ਅਤੇ `ਭੰਗੜਾ´ ਆਦਿ ਫ਼ਿਲਮਾਂ ਸਾਹਮਣੇ ਆਈਆਂ । ਇਸ ਤੋਂ ਬਾਅਦ 1964 ਈ. ਵਿੱਚ `ਸਤਲੁਜ ਦੇ ਕੰਢੇ´ ਤੇ 1969 ਈ. ਵਿੱਚ ਰਿਲੀਜ਼ ਹੋਈ ਧਾਰਮਿਕ ਫ਼ਿਲਮ `ਨਾਨਕ ਨਾਮ ਜਹਾਜ਼ ਹੈ´ ਜਿਨ੍ਹਾਂ ਨੇ ਵੱਡੇ ਪੱਧਰ ਤੇ ਸਫ਼ਲਤਾ ਪ੍ਰਾਪਤ ਕੀਤੀ ਤੇ ਇਸ ਤੋਂ ਬਾਅਦ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਪੰਜਾਬੀ ਫ਼ਿਲਮਾਂ ਬਣਨ ਲੱਗੀਆਂ । ਪੰਜਾਬੀ ਫ਼ਿਲਮਾਂ ਵਿੱਚ ਕਈ ਤਰ੍ਹਾਂ ਦੀਆਂ ਪਰੰਪਰਾਵਾਂ ਚੱਲੀਆਂ ਅਤੇ ਖ਼ਤਮ ਹੁੰਦੀਆਂ ਗਈਆਂ। ਪਹਿਲੀ ਪਰੰਪਰਾ ਇਸ਼ਕ ਨਾਲ ਸਬੰਧਤ ਫ਼ਿਲਮਾਂ ਦੀ ਰਹੀ ਹੈ ਜਿਨ੍ਹਾਂ ਵਿੱਚ ਮਿਥਿਹਾਸਕ ਪ੍ਰੇਮੀ ਜੋੜਿਆਂ ਦੇ ਵਿਸ਼ਿਆਂ ਨੂੰ ਲੈ ਕੇ ਫਿਲਮਾਂ ਬਣਾਈਆਂ ਗਈਆਂ । ਦੂਜੀ ਪਰੰਪਰਾ ‘ਜੱਟ’ ਸ਼ਬਦ ਨੂੰ ਵਰਤ ਕੇ ਫ਼ਿਲਮਾਂ ਬਣਾਉਣ ਦੀ ਰਹੀ ਹੈ , ਤੀਜੀ ਪਰੰਪਰਾ ‘ਸਾਹਿਤਕ ਰਚਨਾਵਾਂ’ ਤੇ ਆਧਾਰਿਤ ਫ਼ਿਲਮਾਂ ਤੇ ਚੌਥੀ ਪਰੰਪਰਾ ‘ਧਾਰਮਿਕ ਫ਼ਿਲਮਾਂ’ ਦੀ ਰਹੀ ਹੈ । ਇਹ ਸਾਰੀਆਂ ਪਰੰਪਰਾ ਵਾਰੋ-ਵਾਰੀ ਆਈਆਂ ਅਤੇ ਸਮੇਂ-ਸਮੇਂ ਦੇ ਨਾਲ ਮੱਧਮ ਹੁੰਦੀਆਂ ਗਈਆਂ ।

    ਪੰਜਾਬੀ ਫ਼ਿਲਮਾਂ ਵਿੱਚ ਪੰਜਾਬੀ ਸੱਭਿਆਚਾਰ, ਪੰਜਾਬੀ ਰਹਿਣੀ-ਬਹਿਣੀ ਤੇ ਪੰਜਾਬੀ ਜੀਵਨ ਢੰਗ ਨੂੰ ਉਵੇਂ ਪੇਸ਼ ਨਹੀਂ ਕੀਤਾ ਜਾਂਦਾ ਜਿਵੇਂ ਦਾ ਪੰਜਾਬੀ ਬੰਦਾ ਜਿਉਂ ਰਿਹਾ ਹੈ । ਅਕਸਰ ਹੀ ਫ਼ਿਲਮਾਂ ਬਣਾਉਣ ਵਾਲੇ ਦਰਸ਼ਕਾਂ ਦੀਆਂ ਭਾਵਨਾਵਾਂ ਨੂੰ ਪਿੱਛੇ ਰੱਖ ਕੇ ਕੇਵਲ ਪੈਸਾ ਕਮਾਉਣ ਤੱਕ ਹੀ ਮਤਲਬ ਰੱਖਦੇ ਹਨ ।

    ਫਿਲਮਕਾਰ ਜਦੋਂ ਕਿਸੇ ਭਾਸ਼ਾ ਨਾਲ ਸਬੰਧਤ ਫ਼ਿਲਮ ਬਣਾਉਂਦਾ ਹੈ ਤਾਂ ਉਸ ਵਿੱਚ ਖਿੱਤੇ ਦੀ ਭਾਸ਼ਾ, ਸੱਭਿਆਚਾਰ ਤੇ ਰਹਿਣੀ-ਬਹਿਣੀ ਆਦਿ ਦੀ ਸ਼ਮੂਲੀਅਤ ਇਸ ਲਈ ਜ਼ਰੂਰੀ ਮੰਨੀ ਜਾਂਦੀ ਹੈ ਕਿਉਂਕਿ ਇਹ ਫ਼ਿਲਮ ਉਸ ਖਿੱਤੇ ਵਿਸ਼ੇਸ਼ ਨਾਲ ਜੁੜੇ ਲੋਕਾਂ ਨੇ ਵੇਖਣੀ ਹੁੰਦੀ ਹੈ ।

ਪੰਜਾਬੀ ਫ਼ਿਲਮਾਂ ਵਿੱਚ ਪੇਸ਼ ਪਰਵਾਸੀ ਸੱਭਿਆਚਾਰ :-[ਸੋਧੋ]

      ਪਰਾਈ ਧਰਤੀ ਤੇ ਰੁਜ਼ਗਾਰ ਦੀ ਤਲਾਸ਼ ਜਾਂ ਵਧੇਰੇ ਆਰਥਿਕ ਵਸੀਲਿਆਂ ਨੂੰ ਪ੍ਰਾਪਤ ਕਰਨ ਦੀ ਲਾਲਸਾ ਵਿੱਚ ਅਸਥਾਈ ਤੌਰ ਤੇ ਵਿਚਰਨ ਵਾਲੇ ਵਿਅਕਤੀਆਂ ਨੂੰ ਪਰਵਾਸੀਆਂ ਦਾ ਨਾਂ ਦਿੱਤਾ ਜਾਂਦਾ ਹੈ ।[1] ਪਰਵਾਸ ਨਾਲ ਸਬੰਧਿਤ ਫ਼ਿਲਮਾਂ ਵਿੱਚ ਪੰਜਾਬੀਆਂ ਦੀ ਰਹਿਣੀ-ਬਹਿਣੀ, ਉਨ੍ਹਾਂ ਦਾ ਸੱਭਿਆਚਾਰ , ਪਰਵਾਸ ਧਾਰਨ ਕਰਨ ਦੀ ਮਜ਼ਬੂਰੀ, ਵਤਨ ਦੀ ਯਾਦ ਤੇ ਵਤਨ ਨਾਲ ਜੁੜੇ ਰਹਿਣ ਦੀ ਤਾਂਘ ਆਦਿ ਨੂੰ ਪੇਸ਼ ਕਰਕੇ ਬਾਹਰਲੇ ਮੁਲਕਾਂ ਵਿਚ ਗਏ ਪੰਜਾਬੀਆਂ ਦੀ ਮਾਨਸਿਕਤਾ ਨੂੰ ਮੁੱਖ ਰੱਖ ਕੇ ਦਿਖਾਇਆ ਗਿਆ ਹੈ ।ਪਰਵਾਸ ਦੇ ਵਿਸ਼ੇ ਨੂੰ ਲੈ ਕੇ ਬਣੀਆਂ ਕੁੱਝ ਫਿਲਮਾਂ -

ਜੀ ਆਇਆਂ ਨੂੰ

ਲਵ ਪੰਜਾਬ

ਮਿੱਟੀ ਵਾਜਾਂ ਮਾਰਦੀ

ਅਸਾਂ ਨੂੰ ਮਾਣ ਵਤਨਾਂ ਦਾ

ਦੇਸ਼ ਹੋਇਆ ਪ੍ਰਦੇਸ਼

ਦਿਲ ਆਪਣਾ ਪੰਜਾਬੀ

ਲੱਖ ਪ੍ਰਦੇਸੀ ਹੋਈਏ

ਮੁੰਡੇ ਯੂਕੇ ਦੇ

ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਜਿਸ ਸਮੇਂ 'ਜੀ ਆਇਆ ਨੂੰ' ਫ਼ਿਲਮ ਬਣਾਈ ਸੀ ਉਸ ਸਮੇਂ ਮਾਹੌਲ ਇਸ ਤਰ੍ਹਾਂ ਲੱਗਣ ਲੱਗ ਗਿਆ ਸੀ ਕਿ ਪੰਜਾਬ ਰਹਿਣ ਵਾਸਤੇ ਰਿਹਾ ਹੀ ਨਹੀਂ । ਫ਼ਿਲਮ 'ਜੀ ਆਇਆ ਨੂੰ'ਦੇ ਮੁੱਖ ਪਾਤਰ ਇੰਦਰ (ਹਰਭਜਨ ਮਾਨ) ਦੀ ਮੰਗਣੀ ਕੈਨੇਡਾ ਰਹਿੰਦੀ ਕੁੜੀ ਸਿਮਰ (ਪ੍ਰਿਆ ਗਿੱਲ) ਨਾਲ ਹੋ ਜਾਂਦੀ ਹੈ ਪ੍ਰੰਤੂ ਇੰਦਰ ਕੈਨੇਡਾ ਵਿੱਚ ਜਾ ਕੇ ਨਹੀਂ ਰਹਿਣਾ ਚਾਹੁੰਦਾ। ਉਸ ਦਾ ਕਹਿਣਾ ਹੈ ਕਿ ਮੈਂ ਇੱਥੇ ਪੰਜਾਬ ਵਿੱਚ ਹੀ ਖੁਸ਼ ਹਾਂ ਮੈਂ ਬਾਹਰ ਕਿਉਂ ਜਾਵਾਂ? ਫ਼ਿਲਮ ਵਿੱਚ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਪੰਜਾਬ ਜ਼ਗ੍ਹਾ ਵੀ ਰਹਿਣ ਲਈ ਖੂਬਸੂਰਤ ਹੈ । ਇਸ ਦੇ ਨਾਲ ਪੱਛਮੀ ਮੁਲਕਾਂ ਵਿੱਚ ਰਹਿੰਦੇ ਪੰਜਾਬੀਆਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪੱਛਮੀ ਮੁਲਕਾਂ ਵਿਚ ਰਹਿੰਦੇ ਪੰਜਾਬੀਆਂ ਨੇ ਆਪਣੀ ਅਣਥੱਕ ਮਿਹਨਤ ਅਤੇ ਲਗਨ ਸਦਕਾ ਮਹਿਲ ਖੜ੍ਹੇ ਕਰ ਲਏ ਹਨ ਪ੍ਰੰਤੂ ਉਨ੍ਹਾਂ ਦੀ ਜਿੰਦਗੀ ਦਾ ਇਕੱਲਾਪਣ ਹੈ ਤੇ ਪਰਿਵਾਰ ਟੁੱਟ ਰਹੇ ਹਨ। ਪਰਵਾਸੀ ਪੰਜਾਬੀ ਦਾ ਇਹ ਦੁਖਾਂਤ ਹੈ ਕਿ ਪੱਛਮੀ ਮੁਲਕਾਂ ਨੇ ਉਨ੍ਹਾਂ ਨੂੰ ਬੇਸ਼ੱਕ ਬਹੁਤ ਕੁੱਝ ਦਿੱਤਾ ਹੈ ਪ੍ਰੰਤੂ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਤੋਂ ਖੋਹ ਲਿਆ ਹੈ। ਪਰਵਾਸੀ ਪੰਜਾਬੀਆਂ ਦੀ ਦੂਜੀ ਪੀੜ੍ਹੀ ਬਾਹਰਲੇ ਮੁਲਕਾਂ ਵਿੱਚ ਜੰਮੀ-ਪਲੀ ਉਧਰ ਦੇ ਰੰਗ ਵਿੱਚ ਹੀ ਢਲ ਚੁੱਕੀ ਹੈ ਅਤੇ ਪੱਛਮ ਨੂੰ ਹੀ ਆਪਣਾ ਮੁਲਕ ਮੰਨਦੀ ਹੈ ।

      ਪੈਸਿਆਂ ਦੀ ਖਾਤਰ ਪੰਜਾਬੀ ਜ਼ਮੀਨਾਂ ਵੇਚਦੇ ਹਨ ਅਤੇ ਦੂਜੇ ਮੁਲਕਾਂ ਵਿੱਚ ਮਿਹਨਤ ਮਜ਼ਦੂਰੀ ਕਰਕੇ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ ਲੋਚਦੇ ਹਨ। ਇਸੇ ਆਰਥਿਕਤਾ ਕਾਰਨ ਪੰਜਾਬੀ ਆਪਣੀਆਂ ਧੀਆਂ ਦੇ ਵਿਆਹ ਵੀ ਬਾਹਰ ਰਹਿੰਦੇ ਮੁੰਡਿਆਂ ਨਾਲ ਕਰ ਦਿੰਦੇ ਹਨ । ਪੰਜਾਬ ਤੋਂ ਵਿਆਹ ਕੇ ਗਈਆਂ ਕੁੜੀਆਂ ਪੰਜਾਬੀ ਸਮਾਜ ਸੱਭਿਆਚਾਰ ਦੇ ਰੰਗ ਵਿੱਚ ਰੰਗੀਆਂ ਹੁੰਦੀਆਂ ਹਨ। ਉਨ੍ਹਾਂ ਦੀ ਸੋਚ ਕਦਰਾਂ-ਕੀਮਤਾਂ ਪੰਜਾਬ ਨਾਲ ਜੁੜੀਆਂ ਹੁੰਦੀਆਂ ਹਨ ਜਦੋਂ ਕਿ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਮੁੰਡੇ ਜਾਂ ਕੁੜੀਆਂ ਦੀ ਸੋਚ ਪੱਛਮੀ ਮੁਲਕਾਂ ਦੇ ਸੱਭਿਆਚਾਰ ਦੇ ਰੰਗ ਵਿੱਚ ਰੰਗੀ ਹੁੰਦੀ ਹੈ। ਇਸ ਲਈ ਜਦੋਂ ਪੰਜਾਬੀ ਮੁਟਿਆਰਾਂ ਵਿਆਹ ਕਰਵਾ ਕਿ ਪੰਜਾਬ ਤੋਂ ਪੱਛਮੀ ਮੁਲਕਾਂ ਵਿੱਚ ਜਾਂਦੀਆਂ ਹਨ ਤਾਂ ਉਹ ਸੱਭਿਆਚਾਰਕ ਤਣਾਓ ਦਾ ਵੀ ਸ਼ਿਕਾਰ ਹੁੰਦੀਆ ਹਨ । ਪੰਜਾਬ ਤੋਂ ਵਿਆਹ ਕੇ ਗਈਆਂ ਕੁੜੀਆਂ ਨੂੰ ਉੱਥੋਂ ਦੇ ਸਮਾਜ ਤੇ ਕਾਨੂੰਨ ਦੀ ਜਾਣਕਾਰੀ ਨਾ ਹੋਣ ਕਾਰਨ ਬਹੁਤ ਦੁੱਖ ਸਹਿਣੇ ਪੈਂਦੇ ਹਨ । ਇਸ ਤਰ੍ਹਾਂ ਦਾ ਹੀ ਜੀਵਨ 'ਜੀ ਆਇਆ ਨੂੰ 'ਫਿਲਮ ਦੀ ਪਾਤਰ ਜੱਸੀ ਦਾ ਦੇਖਣ ਨੂੰ ਮਿਲਦਾ ਹੈ ।

'ਲਵ ਪੰਜਾਬ'ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕੈਨੇਡਾ ਵਿੱਚ ਰਹਿੰਦਾ ਆਦਮੀ ਆਪਣੇ ਪਰਿਵਾਰ ਨੂੰ ਬਹੁਤਾ ਸਮਾਂ ਨਹੀਂ ਦੇ ਸਕਦਾ। ਇਸ ਤਰ੍ਹਾਂ ਉਸ ਦਾ ਮੰਨਣਾ ਹੈ ਕਿ

    ਜੇਕਰ ਕੰਮ ਤੇ ਜਾਓ ਤਾਂ ਜਨਾਨੀ ਛੱਡ ਜਾਂਦੀ ਹੈ                     

     ਜਨਾਨੀ ਕੋਲ ਜਾਓ ਤਾਂ ਕੰਮ  ਛੱਡ ਜਾਂਦਾ ਹੈ ।

ਇਹ ਗੱਲ ਸੁਣ ਕੇ ਉਸ ਦਾ ਲੜਕਾ ਕੈਨੇਡਾ ਨੂੰ ਆਪਣਾ ਮੁਲਕ ਦੱਸਦਾ ਹੋਇਆ ਉਸ ਬਾਰੇ ਮਾੜੇ ਸ਼ਬਦ ਕਹਿਣ ਤੋਂ ਰੋਕਦਾ ਹੈ । ਫ਼ਿਲਮ ਦੇ ਮੁੱਖ ਪਾਤਰ ਦਾ ਲੜਕਾ ਜੋ ਕੇਵਲ ਅੱਠ-ਨੌਂ ਸਾਲ ਦਾ ਹੀ ਹੈ ਪਰ ਉਸ ਦੀ ਦੋਸਤ ਗੋਰੀ ਲੜਕੀ ਹੋਣ ਦੇ ਕਾਰਨ ਉਸਦਾ ਪਿਤਾ ਉਸ ਨੂੰ ਕਹਿੰਦਾ ਹੈ ਕਿ ਇਹ ਫਰੈਂਡ-ਫਰੂੰਡ ਤਾਂ ਠੀਕ ਹੈ ਪਰ ਤੇਰਾ ਵਿਆਹ ਤਾਂ ਜੱਟਾਂ ਵਿੱਚ ਹੀ ਕਰਨਾ ਹੈ।

ਕੈਨੇਡੀਅਨ ਸੱਭਿਆਚਾਰ ਵਿੱਚ ਪਲੀ ਹੋਈ ਪੰਜਾਬੀ ਔਰਤ ਦਾ ਮੰਨਣਾ ਹੈ ਕਿ ਜੇਕਰ ਦੋਸਤ ਪਤੀ ਬਣ ਜਾਵੇ ਤਾਂ ਸਾਰੇ ਜ਼ਮਾਨੇ ਦੀ ਦੁਸ਼ਮਣੀ ਖਤਮ ਹੋ ਜਾਵੇ । ਇਸ ਫ਼ਿਲਮ ਵਿੱਚ ਲਾਹੌਰ ਦੇ ਪਾਤਰ ਦੁਆਰਾ ਖਾਣਾ ਬਣਾਉਣ ਤੇ ਇਸ ਫ਼ਿਲਮ ਦਾ ਮੁੱਖ ਪਾਤਰ ਜੋ ਕਿ ਪਿੱਛੋਂ ਅੰਮ੍ਰਿਤਸਰ ਤੋਂ ਹੈ ਉਸ ਦੀ ਸਿਫ਼ਤ  ਵਿਚ ਕਹਿੰਦਾ ਹੈ ਕਿ ਲਾਹੌਰ ਤੇ ਅੰਮ੍ਰਿਤਸਰ ਦੇ ਖਾਣੇ ਦੀ ਇੱਕੋ ਜਿਹੀ ਖੁਸ਼ਬੂ ਹੈ, ਇੱਕੋ ਜਿਹੇ ਪਿੰਡ, ਇੱਕੋ ਜਿਹੇ  ਲੋਕ ਤੇ ਇੱਕੋ ਜਿਹੇ ਹੀ ਬਚਪਨ ਹਨ ।

ਪਰਵਾਸੀ ਕਾਮੇ ਡਾਲਰਾਂ ਦੇ ਲਾਲਚ ਵਿਚ ਮਸ਼ੀਨਾਂ ਨਾਲ ਮਸ਼ੀਨ ਹੋ ਕੇ ਰਹਿ ਗਏ ਹਨ, ਓਵਰਟਾਈਮ ਕਰਕੇ ਮਾਂ ਬਾਪ ਆਪਣੇ ਬੱਚਿਆਂ ਪ੍ਰਤੀ ਲਾਪਰਵਾਹੀ ਕਰਦੇ ਤੇ ਇਸ ਦੇ ਸਿੱਟੇ ਵਜੋਂ ਬੱਚੇ ਬੇਪਰਵਾਹ ਹੋ ਗਏ ।[2]

ਪੰਜਾਬੀ ਫ਼ਿਲਮਾਂ ਵਿੱਚ ਪੇਸ਼ 1947 ਤੋਂ ਪਹਿਲਾਂ ਦਾ ਸੱਭਿਆਚਾਰ :-[ਸੋਧੋ]

      ਅੰਗਰੇਜ਼ ਫ਼ਿਲਮ 1947 ਈ. ਤੋਂ ਪਹਿਲਾਂ ਦੇ ਸੱਭਿਆਚਾਰ ਨੂੰ ਪੇਸ਼ ਕਰਦੀ ਹੈ। ਉਸ ਸਮੇਂ ਕਿਸੇ ਪਰਾਈ ਔਰਤ ਨੂੰ ਤੱਕਣਾ ਤਾਂ ਦੂਰ ਘਰ ਵਾਲਾ ਆਪਣੀ ਘਰਵਾਲੀ ਤੋਂ ਵੀ ਪੰਦਰਾਂ ਗਜ਼ ਦੀ ਦੂਰੀ ਤੇ ਚੱਲਦਾ ਸੀ। ਕੁੜੀ ਵੱਲ ਅੱਖ ਚੁੱਕ ਕੇ ਦੇਖਣ ਵਾਲੇ ਨੂੰ ਵੀ ਸਖਤ ਸਜ਼ਾ ਦਿੱਤੀ ਜਾਂਦੀ ਸੀ ਤੇ ਮੁੰਡੇ ਨੂੰ ਕੁੜੀ ਦਾ ਮੂੰਹ ਵੀ ਵਿਆਹ ਤੋਂ ਬਾਅਦ ਹੀ ਵਿਖਾਇਆ ਜਾਂਦਾ ਸੀ । ਪਰਿਵਾਰ ਦੇ ਮੈਂਬਰ ਆਪਣੇ ਬਜੁਰਗ ਦੀ ਆਗਿਆ ਦਾ ਪਾਲਣ ਕਰਦੇ ਸਨ । ਉਸ ਸਮੇਂ ਮੁੰਡੇ ਕੁੜੀ ਦਾ ਆਪਸੀ ਪਿਆਰ ਹੋਣਾ ਬਹੁਤ ਘੱਟ ਸੀ ਜੇਕਰ ਹੁੰਦਾ ਵੀ ਸੀ ਤਾਂ ਮੁੰਡੇ ਤੇ ਕੁੜੀ ਦੋਨਾਂ ਲਈ ਹੀ ਘਰ ਵਾਲਿਆਂ ਨੂੰ ਵਿਆਹ ਲਈ ਰਾਜ਼ੀ ਕਰਨ ਲਈ ਕਹਿਣਾ ਹੀ ਮੌਤ ਨੂੰ ਮਾਸੀ ਕਹਿਣ ਵਾਂਗ ਸੀ । ਕੁੜੀ ਦਾ ਘਰਦੇ ਕੰਮਾਂ ਵਿੱਚ ਨਿਪੁੰਨ ਹੋਣਾ ਜਾਂ ਉਸ ਦਾ ਇੱਕ ਦੋ ਜਮਾਤਾਂ ਪੜ੍ਹੇ ਹੋਣਾ ਵਿਸ਼ੇਸ਼ ਮਹੱਤਵ ਰੱਖਦਾ ਸੀ । ਉਸ ਸਮੇਂ ਬਰਾਤ ਵਿੱਚ ਕੇਵਲ ਬੰਦੇ ਹੀ ਹੁੰਦੇ ਸਨ ਤੇ ਬਰਾਤ ਤਿੰਨ ਤੋਂ ਚਾਰ ਦਿਨ ਰਹਿੰਦੀ ਸੀ । ਕੁੜੀ ਵਾਲਿਆਂ ਵੱਲੋਂ ਬਰਾਤ ਦਾ ਪੂਰਾ ਧਿਆਨ ਰੱਖਿਆ ਜਾਂਦਾ ਸੀ ਤਾਂ ਜੋ ਸੇਵਾ ਵਿੱਚ ਕੋਈ ਕਮੀ ਨਾ ਰਹਿ ਜਾਏ ।

   'ਰਾਂਝਾ ਰਫਿਊਜ਼ੀ' ਫਿਲਮ 1947 ਦੇ ਇੱਕ ਛੋਟੇ ਜਿਹੇ ਫਲੈਸ਼ ਤੋਂ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਹੀ ਕਹਾਣੀ ਪੰਜਾਬ ਦੀ ਆ ਜਾਂਦੀ ਹੈ ਅਤੇ ਪਾਕਿਸਤਾਨ ਤੋਂ ਆਏ ਇਕ ਰਿਫਿਊਜੀ ਦੇ ਲੜਕੇ  ਰਾਂਝੇ ਨੂੰ ਲੋਕ 'ਰਾਂਝਾ ਰਫਿਊਜੀ' ਕਹਿੰਦੇ ਹਨ । ਪਰ ਉਹ ਕਿਸੇ ਪਾਸਿਓਂ ਵੀ ਰਾਂਝਾ ਨਹੀਂ ਲੱਗਦਾ। ਫ਼ਿਲਮ ਵਿੱਚ ਰੋਸ਼ਨ ਪ੍ਰਿੰਸ ਦੁਆਰਾ ਚੜ੍ਹਦੇ ਪੰਜਾਬ ਦੇ ਫੌਜੀ ਦਾ ਰੋਲ ਪੱਗ ਬੰਨ੍ਹ ਕੇ ਅਤੇ ਲਹਿੰਦੇ ਪੰਜਾਬ ਦੇ ਫੌਜੀ ਦਾ ਰੋਲ ਮੁਸਲਮਾਨੀ ਰੂਪ ਵਿੱਚ ਕੀਤਾ ਗਿਆ ਹੈ । ਪਰ ਉਸ ਦੇ ਹਾਵ-ਭਾਵ ਵਿੱਚ ਕੋਈ ਵਿਲੱਖਣਤਾ ਦਿਖਾਈ ਨਹੀਂ ਦਿੰਦੀ। ਇਸ ਫ਼ਿਲਮ ਦੀ ਹੀਰੋਇਨ ਮਾਨਵੀ ਧੀਮਾਨ ਵੀ ਹੀਰ ਦੇ ਸੁਹੱਪਣ ਤੋਂ ਕੋਹਾਂ ਦੂਰ ਹੈ।

ਹੋਰ ਵਿਸ਼ਿਆਂ ਨਾਲ ਸੰਬੰਧਤ ਫਿਲਮਾਂ:-[ਸੋਧੋ]

             ਸ਼ਰੀਕ ਫਿਲਮ ਦੋ ਸੱਕੇ ਭਰਾਵਾਂ ਦੀ ਕਹਾਣੀ ਹੈ ਜੋ ਘਰ ਅਲੱਗ ਅਲੱਗ ਹੋਣ ਤੇ ਜ਼ਮੀਨ ਦੀ ਵੰਡ ਤੋਂ ਬਾਅਦ ਕਿਸ ਤਰ੍ਹਾਂ ਉਹ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਜਾਂਦੇ ਹਨ । ਇਸ ਸ਼ਰੀਕੇਬਾਜ਼ੀ ਨੂੰ ਪੇਸ਼ ਕਰਦਾ ਡਾਇਲਾਗ ਫਿਲਮ ਵਿੱਚ ਸਾਹਮਣੇ ਆਉਂਦਾ ਹੈ :-

ਸ਼ਰੀਕਾ ਅਤੇ ਭਾਈਚਾਰਾ ਉਦੋਂ ਸ਼ਰੀਕੇਬਾਜ਼ੀ ਬਣ ਜਾਵੇ

ਜਦੋਂ ਭਰਾ ਭਰਾ ਤੋਂ ਵੱਧ ਕੇ ਜ਼ਮੀਨ ਤੇ ਹੱਕ ਜਤਾਵੇ ।

ਜੱਟ ਦਾ ਜਦੋਂ ਇੱਕ ਭਰਾ ਨੌਕਰੀ ਲੱਗ ਜਾਂਦਾ ਹੈ ਤੇ ਦੂਸਰਾ ਕਿਸੇ ਕਾਰਨ ਨੌਕਰੀ ਲੱਗਣ ਤੋਂ ਰਹਿ ਜਾਂਦਾ ਹੈ ਤਾਂ ਉਹ ਉਸ ਨੂੰ ਕਹਿੰਦਾ ਹੈ ਕਿ ਤੂੰ ਤਾਂ ਸਾਰੀ ਉਮਰ ਮੋਜਾਂ ਲਈਆਂ ਹਨ ,ਇਸ ਕਾਰਨ ਉਹ ਆਪਣਾ ਜ਼ਮੀਨ ਤੇ ਵੱਧ ਹੱਕ ਸਮਝ ਦਾ ਹੈ ।

ਜੱਟ ਤੇ ਜ਼ਮੀਨ ਦੇ ਰਿਸ਼ਤੇ ਨੂੰ ਭਰਾਵਾਂ ਦੇ ਰਿਸ਼ਤੇ ਤੋੰ ਵੀ ਨਿਆਰਾ ਦੱਸਿਆ ਗਿਆ ਹੈ :-

ਜੱਟ ਤੇ ਜ਼ਮੀਨ ਦਾ ਰਿਸ਼ਤਾ ਲੋਕੋ ਸਭ ਰਿਸ਼ਤਿਆਂ ਤੋਂ ਨਿਆਰਾ      

ਇਸ ਰਿਸ਼ਤੇ ਵਿੱਚ ਇਤਿਹਾਸ ਜੱਟਾਂ ਦਾ ਸਮਾਇਆ ੲੇ  ਸਾਰਾ

ਸਕਿਆਂ ਭਾਈਆਂ ਵਿੱਚ ਜਮੀਨ ਦਾ ਜਦ ਹੁੰਦਾ ਏ ਬਟਵਾਰਾ

ਮਰਦਾ-ਮਰਦਾ ਮਰ ਜਾਂਦਾ ਏ ਭਾਈਅਾਂ ਵਿੱਚੋਂ ਭਾਈਚਾਰਾ ।

ਫ਼ਿਲਮ ਵਿੱਚ ਪਹਿਲਾਂ ਰੌਲਾ ਕੇਵਲ ਜ਼ਮੀਨ ਦਾ ਹੀ ਹੁੰਦਾ ਹੈ ਤੇ ਬਾਅਦ ਵਿੱਚ ਪਾਲੀ ਦੀ ਮੰਗੇਤਰ ਤੇ ਜੱਸਾ ਇੱਕ ਦੂਜੇ ਨੂੰ ਪਸੰਦ ਆ ਜਾਂਦੇ ਹਨ । ਜੱਸਾ ਇਹ ਗੱਲ ਪਾਲੀ ਨੂੰ ਉਨ੍ਹਾਂ ਦੇ ਘਰ ਜਾ ਕੇ ਦੱਸਦਾ ਹੋਇਆ ਕਹਿੰਦਾ ਹੈ ਕਿ :-   

ਪਹਿਲਾਂ ਸਾਡਾ ਸਾਰਾ ਰੌਲਾ ਜਿਹੜਾ ਹੈਗਾ ਸੀ ਜ਼ਮੀਨ ਦਾ ਹੁਣ ਜਨਾਨੀ ਵੀ ਰਲ ਗੀ ਹੁਣ ਅਾਉਗਾ ਸਵਾਦ ਹੁਣ ਹੋਈ ਆ ਦੁਸ਼ਮਣੀ ਗੂੜ੍ਹੀ ।

ਇਸ ਗੱਲ ਦੇ ਜਵਾਬ ਵਿੱਚ ਪਾਲੀ ਜੱਸੇ ਨੂੰ ਕਹਿੰਦਾ ਹੈ ਕਿ ਤੂੰ ਮੇਰੇ ਵਿਹੜੇ ਵਿੱਚ ਖੜ੍ਹਾ ਹੈ ਜਿਸ ਕਾਰਨ ਤੂੰ ਜ਼ਿੰਦਾ ਹੈ ਨਹੀਂ ਤਾਂ ਲੋਕ ਕਹਿਣਗੇ ਵਿਹੜੇ ਆਇਆ ਸ਼ਰੀਕ ਵੱਢਤਾ । ਇਸ ਨੂੰ ਦੇਖ ਕੇ ਲੱਗਦਾ ਹੈ ਕਿ ਸ਼ਰੀਕੇਬਾਜ਼ੀ ਵੀ ਚੰਗੀ ਤਰ੍ਹਾਂ ਨਿਭਾਈ ਜਾਂਦਾ ਸੀ ।

ਇਸ ਤੋਂ ਬਾਅਦ ਪਾਲੀ ਤੇ ਦਾਰਾ ਜੱਸੇ ਦੇ ਪਿਉ ਦਾ ਕਤਲ ਕਰ ਦਿੰਦੇ ਹਨ ਤੇ ਇਸ ਗੱਲ ਦਾ ਪਤਾ ਜਦੋਂ ਜੱਸੇ ਨੂੰ ਪਤਾ ਲੱਗਦਾ ਹੈ ਤਾਂ ਉਹ ਪਾਲੀ ਨੂੰ ਜਾਨੋਂ ਮਾਰ ਦਿੰਦਾ ਹੈ । ਇਸ ਤਰ੍ਹਾਂ ਬਦਲਾ ਲੈ ਕੇ ਸਮਝਦੇ ਹਨ ਅਸੀਂ ਆਪਣੀ ਸਰਦਾਰੀ ਕਾਇਮ ਰੱਖੀ ਹੈ :-

ਜਾਂ ਸਿਰ ਲੈ ਕੇ ਜਾਂ ਸਿਰ ਦੇ ਕੇ ਕੈਮ ਹੁੰਦੀ ਸਰਦਾਰੀ

ਕਤਲ ਕਰਨ ਤੋਂ ਬਾਅਦ ਜੱਸੇ ਨੂੰ  ਉਸ ਦਾ ਵੱਡਾ ਭਰਾ ਸੁਰਜੀਤ ਬਾਹਰ ਭੇਜ ਦਿੰਦਾ ਹੈ। ਪਾਲੀ ਦੇ ਸਸਕਾਰ ਸਮੇਂ ਦਾਰਾ ਕਹਿੰਦਾ ਹੈਂ ਕਿ:-

ਆਹ ਜਿਹੜੀ ਭਾਜੀ ਤੂੰ ਪਾਈਏ ਨਾ ਜੱਸਿਆ ਦਾਰਾ ਤੈਨੂੰ ਸੂਤ ਸਮੇਤ ਮੋੜੂ

ਫ਼ਿਲਮ ਵਿੱਚ ਜੱਸੇ ਦੇ ਨਾਲ  ਉਸ ਦਾ ਭਤੀਜਾ ਏਕਮ ਜੋ ਕਿ ਪੰਜਾਬ ਵਿੱਚ ਰਹਿੰਦੇ ਸਮੇਂ ਸਰਦਾਰ ਹੁੰਦਾ ਹੈ ਤੇ ਬਾਹਰ ਜਾ ਕੇ ਪੱਛਮੀ ਰੰਗ ਵਿੱਚ ਢਲ ਜਾਂਦਾ ਹੈ ।

ਜਦੋਂ ਜ਼ਮੀਨ ਅਗਮ ਬਰਾੜ ਦੇ ਹੱਕ ਵਿੱਚ ਹੋ ਜਾਂਦੀ ਹੈ ਤਾਂ ਦਾਰਾ ਉਸ ਦਾ ਕਤਲ ਕਰਵਾ ਦਿੰਦਾ ਹੈ। ਇਹ ਗੱਲ ਸੁਣ ਕੇ ਜੱਸਾ ਵਾਪਸ ਆਪਣੇ ਘਰ ਆ ਜਾਂਦਾ ਹੈ । ਪਾਲੀ ਦੀ ਮੰਗੇਤਰ ਜੋ ਜੱਸੇ ਨੂੰ ਪਸੰਦ ਕਰਦੀ ਸੀ , ਜੱਸੇ ਦੇ ਜਾਣ ਤੋਂ ਬਾਅਦ ਉਸ ਦਾ ਵਿਆਹ ਪਾਲੀ ਦੇ ਭਰਾ ਦਿਲਸ਼ੇਰ ਬੈਰਾੜ ਨਾਲ ਹੋ ਜਾਂਦਾ ਹੈ , ਉਸ ਦੇ ਘਰ ਮੁੰਡਾ ਹੁੰਦਾ ਹੈ ਉਸ ਨੂੰ ਵੀ ਦਾਰਾ ਛੋਟੀ ਉਮਰ ਵਿੱਚ ਸ਼ਰੀਕਪੁਣੇ ਦਾ ਪਾਠ ਪੜ੍ਹਾਉਣਾ ਸ਼ੁਰੂ ਕਰ ਦਿੰਦਾ ਹੈ।  ਉਸ ਨੌ-ਦਸ ਸਾਲ ਦੀ ਉਮਰ ਦੇ ਬੱਚੇ ਨੂੰ ਜਦੋਂ ਜੱਸਾ ਮਿਲਦਾ ਹੈ ਤੇ ਜੱਸਾ ਜਦੋਂ ਉਸ ਨੂੰ ਉਸ ਦਾ ਨਾਂ ਪੁੱਛਦਾ ਹੈ ਤਾਂ ਉਹ ਅੱਗੋਂ ਕਹਿੰਦਾ ਹੈ ਕਿ ਤੁਸੀਂ ਵੀ ਬਰਾੜ ਅਸੀਂ ਵੀ ਬਰਾੜ ਪਰ ਸ਼ਰੀਕ ਬਰਾੜ । ਪਹਿਲਾਂ ਤਾਂ ਦਾਰਾ ਆਪਣੇ ਇੱਕ ਭਰਾ ਲਈ ਜੱਸੇ ਦੀ ਮੰਗ ਜੱਸੀ ਨੂੰ ਵਿਆਹ ਕੇ ਲਿਆਉਂਦਾ ਹੈ ।  ਅਗਮ ਦੀ ਮੌਤ ਤੋਂ ਬਾਅਦ ਆਪਣੇ ਭਰਾ ਬਿੱਟੂ ਲਈ ਰੂਹੀ ਦਾ ਰਿਸ਼ਤਾ ਮੰਗਣ ਲਈ ਜਾਂਦਾ ਹੈ ਇਸ ਤਰ੍ਹਾਂ ਉਹ ਸ਼ਰੀਕਾਂ ਹੰਢਾਉਂਦਾ ਹੈ । ਇਸ ਗੱਲ ਦਾ ਪਤਾ ਜਦੋਂ ਜੱਸੇ ਦੇ ਘਰ ਲੱਗਦਾ ਹੈ ਤਾਂ ਉਹ ਤੇ ਉਸ ਦਾ ਭਰਾ ਸੁਰਜੀਤ ਆਪਣੇ ਛੋਟੇ ਲੜਕੇ ਏਕਮ ਲਈ ਰਿਸ਼ਤੇ ਦੀ ਮੰਗ ਕਰਦੇ ਹਨ , ਇਸ ਤਰ੍ਹਾਂ ਇੱਕ ਤਾਂ  ਆਪਣੀ ਸ਼ਰੀਕੇਬਾਜ਼ੀ ਪੂਰੀ ਕਰਦੇ ਹਨ ਤੇ ਨਾਲ ਹੀ ਸਭ ਦੀ ਅੱਖ ਜ਼ਮੀਨ ਤੇ ਹੁੰਦੀ ਹੈ ।     ਇਸ ਤੋਂ ਬਾਅਦ ਇੱਕ ਘਰ ਵਿੱਚੋਂ ਏਕਮ ਦੀ ਬਰਾਤ ਤੇ ਦੂਜੇ ਘਰ ਵਿੱਚੋਂ ਬਿੱਟੂ ਦੀ ਬਰਾਤ ਚੜ੍ਹਦੀ ਹੈ । ਸਾਰੇ ਆਦਮੀਆਂ ਕੋਲ ਅਸਲਾ ਹੁੰਦਾ ਹੈ ਅਤੇ ਪਿੰਡ ਦੇ ਮੋੜ ਤੇ ਆਹਮਣੇ ਸਾਹਮਣੇ ਹੁੰਦੇ ਹਨ ਤਾਂ ਕੁਝ ਸਮੇਂ ਲਈ ਜੱਸਾ ਦਿਖਾਈ ਨਹੀਂ ਦਿੰਦਾ । ਦਾਰੇ ਦਾ ਭਰਾ ਕਹਿੰਦਾ ਹੈ ਕਿ ਉਹ ਭੱਜ ਗਿਆ ਪਰ ਦਾਰਾ ਸ਼ਰੀਕ ਹੋਣ ਦੇ ਬਾਵਜੂਦ ਵੀ ਇਹ ਕਹਿੰਦਾ ਹੈ ਕਿ ਜੱਸਾ ਭੱਜਣ ਵਾਲਿਆਂ ਚੋਂ ਨਹੀਂ। ਇਹ ਸ਼ਰੀਕਾਂ ਉਨ੍ਹਾਂ ਵਿੱਚ ਇੰਨਾ ਭਰ ਜਾਂਦਾ ਹੈ ਕਿ ਦਾਰਾ ਕਹਿੰਦਾ ਹੈ ਕਿ ਤੂੰ ਹਜ਼ਾਰ ਵਾਰ ਜੰਮੇ ਤੇ ਮੈਂ ਤੈਨੂੰ ਹਜ਼ਾਰ ਵਾਰ ਮਾਰਾਂ ਤੇ ਜੱਸੇ ਦੀ ਪੱਗ ਆਪਣੇ ਸਿਰ ਤੇ ਰੱਖ ਕੇ ਜਾਣ ਦੀ ਗੱਲ ਕਰਦਾ ਹੈ ਇਸਦੇ ਜਵਾਬ ਵਿੱਚ ਜੱਸਾ ਵੀ ਕਹਿੰਦਾ ਹੈ ਕਿ

ਜੇ ਇੰਨ੍ਹਾਂ ਵੈਰ ਇੱਕ ਗੋਲੀ ਨਾਲ ਮੁੱਕ ਗਿਆ ਤਾਂ ਸਵਾਦ ਨਹੀਂ ਆਉਣਾ

ਫ਼ਿਲਮ ਦੇ ਅੰਤ ਵਿੱਚ ਜਦੋਂ ਦਾਰਾ ਮਰਨ ਵਾਲਾ ਹੁੰਦਾ ਹੈ ਤਾਂ ਉਹ ਜੱਸੇ ਨੂੰ ਕਹਿੰਦਾ ਹੈ ਕਿ ਉਸ ਨੂੰ ਪਤਾ ਸੀ ਜੱਸੀ ਦਾ ਮੁੰਡਾ ਜ਼ੋਰਾਵਰ ਜੱਸੇ ਦਾ ਖੂਨ ਹੈ। ਪਰ ਉਸਨੂੰ ਮੈਂ ਤੇਰਾ ਸ਼ਰੀਕ ਬਣਾ ਕੇ ਪਾਲਿਆ ਤੇ ਇਹ ਭਾਜੀ ਤੇਰਾ ਆਪਣਾ ਖੂਨ ਮੋੜੇਗਾ। ਜੱਸਾ ਦਾਰੇ ਦਾ ਕਤਲ ਕਰ ਦਿੰਦਾ ਹੈ ਅਤੇ ਜੇਲ੍ਹ ਚਲਾ ਜਾਂਦਾ ਹੈ । ਜਦੋਂ ਜੱਸੇ ਦੀ ਰਿਹਾਈ ਦੀ ਖ਼ਬਰ ਪਿੰਡ ਵਿੱਚ ਪਹੁੰਚਦੀ ਹੈ ਤਾਂ ਜੱਸੀ ਜੱਸੇ ਨੂੰ ਚਿੱਠੀ ਰਾਹੀਂ ਦਾਰੇ ਦੁਆਰਾ ਜੋਰਾਵਰ ਦੇ ਦਿਲ ਅੰਦਰ ਪੈਦਾ ਕੀਤੀ ਸ਼ਰੀਕੇਬਾਜ਼ੀ ਬਾਰੇ ਦੱਸਦੀ ਹੈ ਜੋ ਕਿ ਹੁਣ ਉਸਦੇ ਅੰਦਰ ਅੱਗ ਬਣ ਕੇ ਧੁਖ ਰਹੀ ਹੈ ।ਜੱਸੇ ਦੇ ਜੇਲ੍ਹ  ਵਿਚ ਆਉਣ ਤੋਂ ਬਾਅਦ ਜ਼ੋਰਾਵਰ ਉਸਦਾ ਕਤਲ ਕਰ ਦਿੰਦਾ ਹੈ ਇਸ ਤਰ੍ਹਾਂ ਸ਼ਰੀਕੇਬਾਜ਼ੀ ਪੀੜ੍ਹੀ ਦਰ ਪੀੜ੍ਹੀ ਚੱਲਦੀ ਰਹਿੰਦੀ ਹੈ । ਇਸ ਗੱਲ ਨੂੰ ਪੇਸ਼ ਕਰਦਾ ਇੱਕ ਡਾਇਲਾਗ ਫ਼ਿਲਮ ਦੇ ਅੰਤ ਵਿੱਚ ਸਾਹਮਣੇ ਆਉਂਦਾ ਹੈ -

ਮੋਹ ਮਮਤਾ ਸਭ ਪੱਤਰ ਹੋ ਗਈ ਕੈਸੀ ਬਣੀ ਕਹਾਣੀ ,

ਪਤਾ ਨਹੀਂ ਇਸ ਬਲਦੀ ਅੱਗ ਤੇ ਕੌਣ ਪਾਊਗਾ ਪਾਣੀ ।

ਫ਼ਿਲਮ ਦੇ ਇਸ ਅੰਤਮ ਡਾਇਲਾਗ ਨੂੰ ਸੁਣ ਕੇ ਲੱਗਦਾ ਹੈ ਸ਼ਰੀਕੇਬਾਜ਼ੀ ਪੰਜਾਬੀ ਸੱਭਿਆਚਾਰ ਵਿੱਚੋਂ ਨਾ ਖਤਮ ਹੋਣਾ ਲਈ ਚੀਜ਼ ਹੈ।

ਹਵਾਲੇ:-[ਸੋਧੋ]

  1. ਬੇਦੀ, ਸੰਪਾ. ਹਰਚੰਦ ਸਿੰਘ. ਪਰਵਾਸ ਦਾ ਮਸਲਾ, ਪਰਵਾਸੀ ਪੰਜਾਬੀ ਸਾਹਿਤ ਦੇ ਮਸਲੇ. p. 13. 
  2. ਸਿੰਘ, ਸੰਪਾ. ਜਗਦੀਪ. ਪਰਵਾਸ ਸਭਿਆਚਾਰਕ ਤਨਾਓ, ਪਰਵਾਸੀ ਪੰਜਾਬੀ ਸਾਹਿਤ ਪੁਨਰ ਸੰਵਾਦ. p. 17.