ਸਲੀਕਾ
ਸਲੀਕਾ ਮਨੁੱਖ ਦੀ ਸ਼ਖ਼ਸੀਅਤ ਦਾ ਮਹੱਤਵਪੂਰਨ ਅੰਗ ਹੈ। ਇਨਸਾਨ ਕਿੰਨਾ ਵੀ ਸੱਚਾ-ਸੁੱਚਾ ਕਿਉਂ ਨਾ ਹੋਵੇ ਜੇ ਉਸ ਦੀ ਗੱਲਬਾਤ ਵਿੱਚ ਕੁੜੱਤਣ ਹੈ ਤਾਂ ਉਹ ਦੂਜਿਆਂ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਹੋ ਸਕਦਾ ਉਸ ਦੇ ਨਿੱਜੀ ਸਬੰਧ ਵੀ ਲੋਕਾਂ ਨਾਲ ਸੁਖਾਵੇਂ ਨਾ ਹੋਣ। ਆਪਣੇ ਮਨ ਦੇ ਬਹੁਤੇ ਭਾਵ ਅਸੀਂ ਭਾਸ਼ਾ ਦੀ ਮਦਦ ਨਾਲ ਹੀ ਦਰਸਾਉਂਦੇ ਹਾਂ। ਅਸੀਂ ਆਪਣੇ ਭਾਵ ਉਦੋਂ ਹੀ ਦੂਜੇ ਤੀਕ ਪਹੁੰਚਾ ਸਕਦੇ ਹਾਂ, ਜਦੋਂ ਦੂਜੇ ਲਈ ਵੀ ਸ਼ਬਦਾਂ ਦੇ ਉਹੋ ਅਰਥ ਹੋਣ ਜਿਹੜੇ ਕਿ ਸਾਡੇ ਲਈ ਹਨ। ਇੱਕ ਵਸਤ ਲਈ ਕਈ ਸ਼ਬਦ ਹੋ ਸਕਦੇ ਹਨ। ਇਸੇ ਤਰ੍ਹਾਂ ਇੱਕ ਸ਼ਬਦ ਦੇ ਕਈ ਅਰਥ ਹੋ ਸਕਦੇ ਹਨ। ਮੌਕੇ ਮੁਤਾਬਕ ਅਤੇ ਕਹਿਣ ਦੇ ਅੰਦਾਜ਼ ਨਾਲ ਵੀ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ।[1]ਵਧੀਆ ਜੀਵਨ ਜਿਊਣ ਦਾ ਸਲੀਕਾ ਇਹ ਕਹਿੰਦਾ ਹੈ ਕਿ ਆਪਣੇ ਪਰਿਵਾਰ ਨੂੰ ਵਕਤ ਦਿਓ। ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝੋ ਤੇ ਉਨ੍ਹਾਂ ਦੇ ਜਜ਼ਬਾਤਾਂ ਦੀ ਕਦਰ ਕਰੋ। ਬਹੁਤੇ ਲੋਕ ਸੋਚਦੇ ਹਨ ਕਿ ਪੈਸੇ ਨਾਲ ਜ਼ਿੰਦਗੀ ਹੁਸੀਨ ਬਣਾਈ ਜਾ ਸਕਦੀ ਹੈ, ਪਰ ਜ਼ਿੰਦਗੀ ਹੁਸੀਨ ਸਿਰਫ਼ ਸਲੀਕੇ ਨਾਲ ਹੀ ਹੁੰਦੀ ਹੈ। ਸਲੀਕਾ ਸਾਡੀ ਜ਼ਿੰਦਗੀ ਦੀ ਰੀੜ੍ਹ ਦੀ ਹੱਡੀ ਹੈ। ਜੇਕਰ ਇਹ ਮਜ਼ਬੂਤ ਨਹੀਂ ਤਾਂ ਅਸੀਂ ਜ਼ਿੰਦਾ ਤਾਂ ਰਹਿ ਸਕਦੇ ਹਾਂ, ਪਰ ਮਜ਼ਬੂਤ ਤੇ ਹੰਢਣਸਾਰ ਜ਼ਿੰਦਗੀ ਨਹੀਂ ਜਿਉਂ ਸਕਦੇ।[2]