ਸੁਰਜੀਤ ਸਫ਼ਰੀ
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। (ਸਤੰਬਰ 2025) |
ਸੁਰਜੀਤ ਸਫ਼ਰੀ ਸਮਾਣੇ ਦਾ ਰਹਿਣ ਵਾਲਾ ਤੂੰਬੇ ਜੋੜੀ ਦੀ ਗਾਇਕੀ ਦੀ ਸਿਆਲਕੋਟ ਸ਼ੈਲੀ ਦਾ ਗਾਇਕ ਹੈ।[1]
ਜਨਮ ਤੇ ਪੜ੍ਹਾਈ
[ਸੋਧੋ]ਸੁਰਜੀਤ ਕੁਮਾਰ ਦਾ ਜਨਮ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਸਮਾਣਾ ਵਿਖੇ ਬਾਜ਼ੀਗਰ ਬਰਾਦਰੀ ਵਿੱਚ ਪਿਤਾ ਚਾਨਣ ਰਾਮ ਘਨੋਤ ਤੇ ਮਾਤਾ ਛਾਣੀ ਦੇਵੀ ਦੇ ਘਰ 1960-61 ਦੇ ਦਰਮਿਆਨ ਹੋਇਆ। ਮਾਪਿਆਂ ਦੀਆਂ ਅੱਠ ਔਲਾਦਾਂ, ਚਾਰ ਪੁੱਤਰਾਂ ਅਤੇ ਚਾਰ ਧੀਆਂ ਵਿੱਚੋਂ ਸੁਰਜੀਤ ਦਾ ਸੱਤਵਾਂ ਨੰਬਰ ਸੀ। ਮਾਪਿਆਂ ਨੇ ਉਸ ਨੂੰ ਸਮਾਣਾ ਦੇ ਸਰਕਾਰੀ ਸਕੂਲ ਵਿੱਚ ਪੜ੍ਹਨੇ ਪਾ ਦਿੱਤਾ। ਉਹ ਪੜ੍ਹਨ ਨੂੰ ਹੁਸ਼ਿਆਰ ਵੀ ਸੀ, ਪ੍ਰੰਤੂ ਘਰੇਲੂ ਤੰਗੀਆਂ ਤੁਰਸ਼ੀਆਂ ਕਾਰਨ ਬਹੁਤਾ ਨਹੀਂ ਪੜ੍ਹ ਸਕਿਆ। ਉਹ ਛੇਵੀਂ ਜਮਾਤ ਵਿੱਚੋਂ ਹੀ ਸਕੂਲ ਛੱਡ ਗਿਆ।
ਗਾਇਕੀ ਦਾ ਸਫ਼ਰ
[ਸੋਧੋ]ਗਾਉਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਹੀ ਸੀ। ਉਸ ਦੇ ਮਾਮੇ ਦਾ ਪੁੱਤਰ ਸੁਦਾਗਰ ਰਾਮ ਪਿੰਡ ਜੈਨਪੁਰ (ਕੁਰੂਕਸ਼ੇਤਰ) ਕਿੰਗ ਜੋੜੀ ਨਾਲ ਗਾਉਂਦਾ ਸੀ, ਜੋ ਸਮਾਣੇ ਕਿਸੇ ਨਾ ਕਿਸੇ ਪ੍ਰੋਗਰਾਮ ’ਤੇ ਆਉਂਦਾ ਰਹਿੰਦਾ ਸੀ। ਉਸ ਨੂੰ ਦੇਖ ਸੁਣ ਕੇ ਸੁਰਜੀਤ ਨੂੰ ਵੀ ਇਸ ਗਾਇਕੀ ਦੀ ਚੇਟਕ ਲੱਗ ਗਈ। ਇਸ ਤਰ੍ਹਾਂ ਹੀ ਕੁਲਦੀਪ ਮਾਣਕ ਦੀਆਂ ਕਲੀਆਂ ਸਪੀਕਰਾਂ ਤੋਂ ਸੁਣ ਸੁਣ ਕੇ ਉਸ ਨੇ ਯਾਦ ਕਰ ਲਈਆਂ। ਇਨ੍ਹਾਂ ਨੂੰ ਉਹ ਆਪ ਮੁਹਾਰੇ ਗਾਉਂਦਾ ਰਹਿੰਦਾ। ਕੁਦਰਤੀ ਉਸ ਦੀ ਆਵਾਜ਼ ਉੱਚੀ ਅਤੇ ਸੁਰੀਲੀ ਸੀ। ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਉਹ ਸੁਦਾਗਰ ਰਾਮ ਦਾ ਸ਼ਾਗਿਰਦ ਹੋ ਗਿਆ। ਛੇ-ਸੱਤ ਸਾਲ ਉਸਤਾਦ ਦੇ ਕੋਲ ਰਹਿ ਕੇ ਉਸ ਨੇ ਇਸ ਗਾਇਕੀ ਦੀਆਂ ਬਾਰੀਕੀਆਂ ਸਿੱਖੀਆਂ। ਬਹੁਤ ਸਾਰੀਆਂ ਲੜੀਬੱਧ ਰਚਨਾਵਾਂ (ਲੋਕ ਗਾਥਾਵਾਂ) ਕੰਠ ਕੀਤੀਆਂ। ਆਪਣੇ ਨਾਂ ਨਾਲ ਤਖੱਲਸ ‘ਸਫ਼ਰੀ’ ਜੋੜ ਕੇ ਉਹ ਸੁਰਜੀਤ ਸਫ਼ਰੀ ਬਣ ਗਿਆ।[ਹਵਾਲਾ ਲੋੜੀਂਦਾ]
ਸੁਰਜੀਤ ਸਫ਼ਰੀ ਸ਼ੁਰੂ ਵਿੱਚ ਭਾਵੇਂ ਲੋਕ ਮੇਲਿਆਂ ਅਤੇ ਸੱਭਿਆਚਾਰਕ ਮੇਲਿਆਂ ਦੇ ਅਖਾੜਿਆਂ ਵਿੱਚ ਆਮ ਗਾਉਂਦਾ ਸੀ, ਪ੍ਰੰਤੂ ਅੱਜਕੱਲ੍ਹ ਜ਼ਿਆਦਾਤਰ ਉਸ ਨੂੰ ਪੀਰਾਂ ਫ਼ਕੀਰਾਂ ਦੀਆਂ ਦਰਗਾਹਾਂ ਜਾਂ ਸਥਾਨਾਂ ’ਤੇ ਲੱਗਦੇ ਮੇਲਿਆਂ ਵਿੱਚ ਹੀ ਬੁਲਾਇਆ ਜਾਂਦਾ ਹੈ। ਸਫ਼ਰੀ ਆਲ ਇੰਡੀਆ ਰੇਡੀਓ ਜਲੰਧਰ ਕੇਂਦਰ ਦਾ ਬੀ ਗਰੇਡ ਵਿੱਚ ਰਜਿਸਟਰਡ ਕਲਾਕਾਰ ਹੈ। ‘ਬੁੱਲਾ ਨੱਚ ਨੱਚ ਯਾਰ ਮਨਾਵੇ’, ‘ਕੁੱਲੀ ਵਿੱਚੋਂ ਯਾਰ ਲੱਭ ਲੈ[2]’, ‘ਰੰਗਲੀ ਚਰਖੀ’, ‘ਡੇਰੇ ਵਾਲਿਆਂ ਫਕੀਰਾ’, ‘ਪੰਛੀ ਉੱਡ ਗਏ ਘਰਾਂ ਨੂੰ ਮੇਰਾ ਪੀਰ ਨ੍ਹੀਂ ਆਇਆ’ ਅਤੇ ‘ਨਗਾਹੇ ਵਾਲੇ ਪੀਰਾ ਸਾਡੀ ਝੋਲੀ ਭਰ ਜਾ’ ਆਦਿ ਰਚਨਾਵਾਂ ਸੁਣੀਆਂ ਜਾ ਸਕਦੀਆਂ ਹਨ। ਸਫ਼ਰੀ ਨੇ ਕੁੱਝ ਰਚਨਾਵਾਂ ਆਪ ਵੀ ਲਿਖੀਆਂ ਹਨ ਅਤੇ ਹੋਰਾਂ ਗੀਤਕਾਰਾਂ ਦੀਆਂ ਲਿਖੀਆਂ ਰਚਨਾਵਾਂ ਵੀ ਗਾਈਆਂ ਹਨ।
ਹਵਾਲੇ
[ਸੋਧੋ]- ↑ "ਗਾਇਕੀ ਦੀ ਸਿਆਲਕੋਟ ਸ਼ੈਲੀ ਦਾ ਵਾਰਸ ਸੁਰਜੀਤ ਸਫ਼ਰੀ". Punjabi Tribune. Retrieved 2025-09-02.
- ↑ Mayana Sound (2022-09-06), Kulli Vichor ni yaar / ਕੁੱਲੀ ਵਿਚੋਂ ਨੀ ਯਾਰ ਲੱਬ ਲੈ /Surjit Safri Samana /Peer Malerkotla/Mayana Sound, retrieved 2025-09-02