ਸੈਲੀ ਬਲਜੀਤ

ਸੈਲੀ ਬਲਜੀਤ (ਜਨਮ: 7 ਜਨਵਰੀ, 1949) ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਹਿੰਦੀ ਕਹਾਣੀਕਾਰ ਹਨ। ਇਨ੍ਹਾਂ ਦੀਆਂ ਹੁਣ ਤੱਕ ਚਾਲੀ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। 1986 ਵਿੱਚ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਗਿਆਨੀ ਜ਼ੈਲ ਸਿੰਘ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ।[1][2]
ਜੀਵਨ
[ਸੋਧੋ]ਸੈਲੀ ਬਲਜੀਤ ਦਾ ਜਨਮ 7 ਜਨਵਰੀ 1949 ਨੂੰ ਪੰਜਾਬੀ ਦੇ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਦੇ ਸ਼ਹਿਰ ਬਟਾਲਾ ਵਿਖੇ ਹੋਇਆ। ਇਨ੍ਹਾਂ ਦੇ ਪਿਤਾ ਤਹਿਸੀਲਦਾਰ ਸਨ, ਮਾਂ ਇੱਕ ਆਮ ਘਰੇਲੂ ਔਰਤ ਅਤੇ ਪੂਰੀ ਤਰ੍ਹਾਂ ਅਨਪੜ੍ਹ ਸੀ। ਬਚਪਨ ਡੇਰਾ ਬਾਬਾ ਨਾਨਕ, ਦੀਨਾਨਗਰ ਅਤੇ ਬਟਾਲਾ ਵਿੱਚ ਬੀਤਿਆ।
ਸਿੱਖਿਆ
[ਸੋਧੋ]ਇਨ੍ਹਾਂ ਨੇ ਦਸਵੀਂ ਤਕ ਦੀ ਪੜ੍ਹਾਈ ਹਿੰਦੀ ਮੀਡੀਆ ਵਿੱਚ ਕੀਤੀ। ਹਿੰਦੀ ਵੱਲ ਝੁਕਾਅ ਕਾਰਨ ਉਨ੍ਹਾਂ ਦੀ ਆਰਟਸ ਕਾਲਜ ਵਿਚ ਪੜ੍ਹਨ ਦੀ ਇੱਛਾ ਸੀ ਪਰ ਘਰਦਿਆਂ ਦੇ ਜੋਰ ਪਾਉਣ ’ਤੇ ਟੁੱਟੇ ਦਿਲ ਨਾਲ ਤਕਨੀਕੀ ਸੰਸਥਾਵਾਂ ਵਿਚ ਪੜ੍ਹਨ ਲਈ ਮਜਬੂਰ ਹੋ ਗਏ। ਉਨ੍ਹਾਂ ਨੇ ਕਿਸੇ ਕਾਲਜ ਵਿੱਚ ਹਿੰਦੀ ਦਾ ਪ੍ਰੋਫ਼ੈਸਰ ਬਣਨਾ ਸੀ ਪਰ ਬਿਜਲੀ ਬੋਰਡ ਵਿੱਚ ਜੂਨੀਅਰ ਇੰਜੀਨੀਅਰ ਬਣ ਗਏ।
ਰਚਨਾ
[ਸੋਧੋ]ਬਿਜਲੀ ਬੋਰਡ ਵਿੱਚ ਨੌਕਰੀ ਕਾਰਨ ਪਾਵਰ ਪਲਾਂਟਾਂ ਦੇ ਵਿਚਕਾਰ ਵੱਡੇ-ਵੱਡੇ ਥੰਮ੍ਹ, ਟਾਵਰ ਅਤੇ ਟ੍ਰਾਂਸਫਾਰਮਰ ਇਨ੍ਹਾਂ ਦੇ ਰਚਨਾ ਦੇ ਚਸ਼ਮਦੀਦ ਗਵਾਹ ਬਣ ਗਏ। ਜੇ ਸੈਲੀ ਨੇ ਬਿਜਲੀ ਮਹਿਕਮੇ ਵਿੱਚ ਜੁਆਇਨ ਨਾ ਕੀਤਾ ਹੁੰਦਾ ਤਾਂ ਬਿਨਾਂ ਸ਼ੱਕ ਹਿੰਦੀ ਗਲਪ ਸਾਹਿਤ ਉਸ ਦੇ ਹਾਸ਼ੀਏ ਤੋਂ ਬਾਹਰ ਜੀਵਨ ਬਤੀਤ ਕਰਦੇ ਆਮ ਆਦਮੀ ਦੇ ਤਸ਼ੱਦਦ ਦੀਆਂ ਕਹਾਣੀਆਂ ਤੋਂ ਵਾਂਝੇ ਰਹਿ ਜਾਂਦਾ। ਇੱਥੇ ਹੀ ਇਨ੍ਹਾਂ ਨੇ ਆਮ ਆਦਮੀ ਦੇ ਦਰਦ ਨੂੰ ਅੰਦਰੂਨੀ ਰੂਪ ਵਿੱਚ ਮਹਿਸੂਸ ਕੀਤਾ ਅਤੇ ਸੁੰਦਰ ਕਹਾਣੀਆਂ ਦੀ ਰਚਨਾ ਕੀਤੀ।
1984 ਵਿੱਚ ਬਟਾਲਾ ਤੋਂ ਪਠਾਨਕੋਟ ਆਉਣਾ ਇਨ੍ਹਾਂ ਦੇ ਅੰਦਰ ਕਹਾਣੀ-ਭੂਮੀ ਨੂੰ ਹੋਰ ਉਪਜਾਊ ਕਰਨ ਦਾ ਮਾਧਿਅਮ ਬਣ ਗਿਆ। ਇੱਥੇ ਹੀ ਇਨ੍ਹਾਂ ਨੇ ਮਹਾਨ ਕਹਾਣੀਆਂ ਦੀ ਰਚਨਾ ਕੀਤੀ। ਰਾਜਿੰਦਰ ਯਾਦਵ ਨੇ ਇਨ੍ਹਾਂ ਦੀਆਂ ਕਹਾਣੀਆਂ 'ਹੰਸ' ਵਿਚ, ਕਮਲੇਸ਼ਵਰ ਨੇ 'ਸਾਰਿਕਾ' ਅਤੇ 'ਗੰਗਾ' ਵਿਚ, ਰਾਜਿੰਦਰ ਅਵਸਥੀ ਨੇ 'ਕਾਦੰਬਨੀ' ਅਤੇ 'ਸਪਤਾਹਿਕ ਹਿੰਦੁਸਤਾਨ' ਵਿਚ, ਸਤੀਸ਼ ਜਮਾਲੀ ਨੇ 'ਨਈ ਕਹਾਨੀ' ਵਿਚ, ਮਹੀਪ ਸਿੰਘ ਨੇ 'ਸੰਚੇਤਨਾ' ਵਿਚ, ਹਰੀਨਾਰਾਇਣ ਨੇ ‘ਕਥਾਦੇਸ਼' ਵਿਚ, ਸ਼ੈਲੇਂਦਰ ਸਾਗਰ ਨੇ ‘ਕਥਾਕ੍ਰਮ' ਵਿੱਚ ਪ੍ਰਕਾਸ਼ਿਤ ਕੀਤੀਆਂ। ਦੇਸ਼ ਦੇ ਪ੍ਰਸਿੱਧ ਸਾਹਿਤਕਾਰਾਂ ਨੇ ਸੈਲੀ ਬਲਜੀਤ ਦੀਆਂ ਕਹਾਣੀਆਂ ਦਾ ਨੋਟਿਸ ਲਿਆ। ਉਹ ਦੇਸ਼ ਦੇ ਚੋਟੀ ਦੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਣ ਵਾਲਾ ਕਹਾਣੀਕਾਰ ਬਣ ਗਏ। ਕਮਲੇਸ਼ਵਰ ਨਾਲ ਇਨ੍ਹਾਂ ਦੇ ਰਿਸ਼ਤੇ ਦੀ ਨੀਂਹ ਬਹੁਤ ਮਜ਼ਬੂਤ ਸੀ, ਕਮਲੇਸ਼ਵਰ ਨੇ ਹੀ ਇਨ੍ਹਾਂ ਦੇ ਸੰਗ੍ਰਿਹਾਂ ਦੀਆਂ ਭੂਮਿਕਾਵਾਂ ਲਿਖੀਆਂ ਹਨ। ਕਮਲੇਸ਼ਵਰ ਦੀ ਸੰਪਾਦਨਾ ਹੇਠ ਭਾਰਤੀ ਸਾਹਿਤ ਅਕਾਦਮੀ, ਨਵੀਂ ਦਿੱਲੀ ਤੋਂ ਪ੍ਰਕਾਸ਼ਿਤ ‘ਹਿੰਦੀ ਦੀਆਂ ਕਲਾਸਿਕ ਕਹਾਣੀਆਂ (ਪੰਜ ਜਿਲਦਾਂ)’ ਵਿੱਚ ਸੈਲੀ ਦੀ ਕਹਾਣੀ ਨੂੰ ਸ਼ਾਮਲ ਕੀਤਾ ਗਿਆ।
ਪ੍ਰਕਾਸ਼ਿਤ ਪੁਸਤਕਾਂ
[ਸੋਧੋ]ਉਨ੍ਹਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਵਿੱਚ 'ਆਪਣੀ-ਆਪਣੀ ਦਿਸ਼ਾਏਂ, ਗਿੱਲੀ ਮਿੱਟੀ ਕੇ ਖਿਲੌਣੇ', 'ਤਮਾਸ਼ਾ ਹੁਆ ਥਾ', ‘ਅਬ ਵਹਾਂ ਸੰਨਾਟਾ ਉਗਤਾ ਹੈ', 'ਬਾਪੂ ਬਹੁਤ ਉਦਾਸ ਹੈ', ‘ਘਰੋਂਦੇ ਸੇ ਦੂਰ', 'ਵਹ ਆਦਮੀ ਨਹੀਂ ਥਾ', 'ਮਖੌਟੇ ਵਾਲਾ ਆਦਮੀ', 'ਟੱਪਰਵਾਸ', ' ਤੁਮ ਯਹਾਂ ਖੁਸ਼ ਹੋ ਨਾ...ਚੰਦਰਮੋਹਣ, ਯੇਹ ਨਾਟਕ ਨਹੀਂ ਥਾ', ‘ਯੰਤਰਪੁਰਸ਼’, ‘ਘੋੜੇ ਅਬ ਹਾਂਫ਼ ਰਹੇ ਹੈਂ’, ‘ਅੰਧਾ ਘੋੜਾ’, ‘ਆਜ ਕੇ ਦੇਵਤਾ’, ‘ਖਾਲੀ ਹੱਥ ਔr ਲਪਟੇਂ’ (ਸਾਰੇ ਕਹਾਣੀ ਸੰਗ੍ਰਹਿ)। ‘ਮੱਕੜਜਾਲ' (ਨਾਵਲ) ' ਧੂਪ ਮੇਂ ਨੰਗੇ ਪਾਂਵ', ' ਕਹਿਰ ਕੇ ਕੀਂ', 'ਖ਼ੂਬਸੂਰਤ ਸ਼ਹਿਰ ਔਰ ਚੀਖੇਂ' (ਸੰਪਾਦਿਤ ਕਹਾਣੀ ਸੰਗ੍ਰਹਿ) ‘ਪਿਤਾ ਜੀ ਜਬ ਘਰ ਮੇਂ ਹੋਤੇ ਹੈਂ' (ਕਾਵਿ ਸੰਗ੍ਰਹਿ) 'ਮੇਰੇ ਆਇਨੇ ਮੇਂ’। ‘ਆਪੇ-ਆਪੇ ਆਇਨੇ’ ਅਤੇ ‘ਸਮ੍ਰਿਤੀ ਕੇ ਤਲਘਰ’, 'ਨਗਫਨਿਰ ਕੇ ਦੇਸ਼ ਮੇਂ' (ਨਾਟਕ) ਪ੍ਰਮੁੱਖ ਹਨ।
ਹਵਾਲੇ
[ਸੋਧੋ]- ↑ "inauthor:"सैली बलजीत ( Saili Baljeet )" - Google Search". www.google.co.in. Retrieved 2025-04-03.
- ↑ "हाशिए के लोगों की यातना का आईना – archivedainiktribune" (in ਅੰਗਰੇਜ਼ੀ (ਅਮਰੀਕੀ)). 2017-01-14. Retrieved 2025-04-03.