ਸੱਚ ਨੂੰ ਫਾਂਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੱਚ ਨੂੰ ਫਾਂਸੀ 1944 ਵਿੱਚ ਲਿਖਿਆ ਜਸਵੰਤ ਸਿੰਘ ਕੰਵਲ ਦਾ ਪਹਿਲਾ ਨਾਵਲ ਹੈ। ਇਹ ਇੱਕ ਸੱਚੀ ਘਟਨਾ ਤੇ ਅਧਾਰਿਤ ਹੈ। ਸੱਚ ਨੂੰ ਫ਼ਾਂਸੀ ਨਾਵਲ ਵਿਚ ਜ਼ਿਲ੍ਹਾ ਮਿੰਟਗੁਮਰੀ ਦੀ ਉਕਾੜਾ ਤਹਿਸੀਲ ਦੇ ਇਕ ਪਿੰਡ ਦੀ ਕਹਾਣੀ ਹੈ। ਇਸ ਵਿਚ ਕੰਵਰ ਅਤੇ ਦਲੀਪ ਦੇ ਪਿਆਰ ਸੰਬੰਧਾਂ ਦਾ ਚਿੱਤਰ ਉਕਤ ਨੈਤਿਕ ਆਦਰਸ਼ਵਾਦੀ ਦ੍ਰਿਸ਼ਟੀ ਤੋਂ ਪੇਸ਼ ਕੀਤਾ ਗਿਆ ਹੈ। ਨਾਵਲ ਦੇ ਸ਼ੁਰੂ ਵਿਚ ਹੀ ਕੰਵਰ ਨੂੰ ਆਦਰਸ਼ਵਾਦੀ ਸਦਾਚਾਰ ਦਾ ਮੁਜੱਸਮਾ ਬਣਾ ਕੇ ਪੇਸ਼ ਕੀਤਾ ਗਿਆ ਹੈ। ਸਦਾਚਾਰਿਕ ਹਮਦਰਦੀ ਦੀ ਭਾਵਨਾ ਤੋਂ ਪ੍ਰੇਰਿਤ ਦਲੀਪ ਪ੍ਰਤਿ ਉਸ ਦਾ ਵਤੀਰਾ ਇਕ ਆਦਰਸ਼ ਮਨੁੱਖ ਵਰਗਾ ਹੈ। ਦੋਹਾਂ ਦਾ ਮੇਲ ਬੜੀ ਰੁਮਾਂਟਿਕ ਸਥਿਤੀ ਵਿਚ ਹੁੰਦਾ ਹੈ। ਦੋਵੇਂ ਇਕੋ ਪਿੰਡ ਦੇ ਹੁੰਦੇ ਹੋਏ ਵੀ ਇਕ ਦੂਜੇ ਨੂੰ ਨਹੀਂ ਜਾਣਦੇ ਅਤੇ ਕੰਵਰ ਦਲੀਪ ਕੌਰ ਲਈ ਗੱਡੀ ਵਿਚ ਆਪਣੀ ਥਾਂ (ਸੀਟ) ਛੱਡਦਾ ਵਿਖਾਇਆ ਗਿਆ ਹੈ। ਦੋਹਾਂ ਦੀ ਵਾਰਤਾਲਾਪ ਬੜੀ ਚੁਸਤ, ਕਲਪਿਤ, ਰੁਮਾਂਟਿਕ ਅਤੇ ਆਦਰਸ਼ਵਾਦੀ ਹੈ। ਨਾਵਲਕਾਰ ਕੰਵਰ ਦੀ ਸਿਆਣਪ, ਮਿਠਾਸ, ਨਿਮਰਤਾ ਅਤੇ ਪਰਉਪਕਾਰ ਦਾ ਅਜਿਹਾ ਅਮਿਟ ਪ੍ਰਭਾਵ ਦਲੀਪ ਦੇ ਮਨ ਉੱਤੇ ਪਾਉਂਦਾ ਹੈ ਕਿ ਦੋਵੇਂ ਪਹਿਲੀ ਤੱਕਣੀ ਵਿਚ ਹੀ ਇਕ ਦੂਜੇ ਦੇ ਹੋ ਜਾਂਦੇ ਹਨ। ਇਹ ਗੱਲ ਆਪਣੇ ਆਪ ਵਿਚ ਹੀ ਰੁਮਾਂਟਿਕ ਹੈ, ਪਰੰਤੂ ਜਸਵੰਤ ਸਿੰਘ ਕੰਵਲ ਦੋਹਾਂ ਦੇ ਸੰਬੰਧ ਨੂੰ ‘ਬੇਲਾਗ ਪਿਆਰ` ਦੇ ਰੰਗ ਵਿਚ ਰੰਗਣ ਲਈ ਦੋਹਾਂ ਦੀ ਗੱਲਬਾਤ ਨੂੰ ਆਦਰਸ਼ਵਾਦੀ ਰੂਪ ਦੇ ਦਿੰਦਾ ਹੈ।

ਸੱਚ ਨੂੰ ਫ਼ਾਂਸੀ ਨਾਵਲ ਦੇ ਨਾਇਕ ਕੰਵਰ ਦਾ ਇਹ ਆਦਰਸ਼ਵਾਦੀ ਸੁਭਾਅ ਇਕ ਹੋਰ ਸਥਿਤੀ ਵਿਚੋਂ ਵੀ ਉਘੜਦਾ ਹੈ। ਪਿੰਡ ਵਿਚ ਸਰਵਣ ਅਤੇ ਕਿਹਰੂ ਦੇ ਦੋ ਧੜੇ ਹਨ। ਦੋਹਾਂ ਵਿਚ ਲੜਾਈ ਹੁੰਦੀ ਹੈ। ਕੰਵਰ ਆਪਣੇ ਆਦਰਸ਼ਵਾਦੀ ਸੁਭਾਅ ਤੋਂ ਪ੍ਰੇਰਿਤ ਹੋ ਕੇ ਬਿਨਾਂ ਕਿਸੇ ਨਿੱਜੀ ਲੋੜ ਜਾਂ ਹਿਤ ਤੋਂ, ਲੜਾਈ ਵਿਚ ਕੁੱਦ ਪੈਂਦਾ ਹੈ। ਲੜਾਈ ਵਿਚ ਕਿਹਰੂ ਨੂੰ ਸੱਟਾਂ ਵਜਦੀਆਂ ਹਨ ਅਤੇ ਕੰਵਰ ਜ਼ਖਮੀ ਕਿਹਰੂ ਨੂੰ ਚੁੱਕ ਕੇ ਉਸ ਦੇ ਘਰ ਛੱਡ ਆਉਂਦਾ ਹੈ ਅਤੇ ਰਿਸਾਲਦਾਰ ਕਿਸ਼ਨ ਸਿੰਘ ਨੂੰ ਮੁਕੱਦਮਾ ਕਰਨ ਤੋਂ ਵੀ ਰੋਕ ਦਿੰਦਾ ਹੈ। ਆਪਣੇ ਅਜਿਹੇ ਆਦਰਸ਼ਵਾਦੀ ਵਤੀਰੇ ਕਾਰਨ ਕੰਵਰ ਪਿੰਡ ਦੀ ਧੜੇਬਾਜ਼ੀ ਤਾਂ ਨਹੀਂ ਮੁਕਾਅ ਸਕਦਾ, ਕਿਉਂਕਿ ਧੜੇਬਾਜ਼ੀ ਦੇ ਕਾਰਨ ਪਿੰਡ ਦੀ ਸਮਾਜਿਕ-ਸੰਸਕ੍ਰਿਤਿਕ ਸਥਿਤੀ ਵਿਚ ਬੜੇ ਡੂੰਘੇ ਪਏ ਹੋਏ ਹਨ, ਜਿਨ੍ਹਾਂ ਨੂੰ ਕੰਵਰ ਸਮਝਦਾ ਹੀ ਨਹੀਂ, ਪਰ ਉਹ ਸਰਵਣ ਨਾਲ ਵੈਰ ਜ਼ਰੂਰ ਸਹੇੜ ਲੈਂਦਾ ਹੈ |

ਇਸ ਤੋਂ ਪਿੱਛੋਂ ਦੀ ਸਾਰੀ ਕਹਾਣੀ ਨੂੰ ਅਜਿਹੇ ਮੋੜ ਦਿੱਤੇ ਗਏ ਹਨ ਕਿ ਸਾਰਾ ਨਾਵਲ ਹੀ ਰੁਮਾਂਟਿਕ ਕਲਪਨਾ ਦੀ ਸਿਰਜਣਾ ਪ੍ਰਤੀਤ ਹੁੰਦਾ ਹੈ। ਰੁਮਾਂਸ ਆਦਰਸ਼ਵਾਦ ਦਾ ਜ਼ਰੂਰੀ ਲੱਛਣ ਹੈ। ਦਲੀਪ ਦਾ ਆਪਣੀ ਸਹੇਲੀ ਤਾਰੋ ਅਤੇ ਉਸ ਦੇ ਪਤੀ ਤੋਂ ਸਹਾਇਤਾ ਲੈਣਾ, ਕੰਵਰ ਦਾ ਜੇਲ੍ਹ ਤੋੜ ਕੇ ਭੱਜ ਜਾਣਾ, ਜੰਗਲ ਵਿਚ ਇਕ ਸੇਠ ਮੋਹਨ ਦੀ ਕਾਰ ਠੀਕ ਕਰਨਾ, ਮੋਹਨ ਦਾ ਉਸ ਨੂੰ ਆਪਣੇ ਨਾਲ ਹੈਦਰਾਬਾਦ ਲੈ ਜਾਣਾ, ਕੰਵਰ ਅਤੇ ਦਲੀਪ ਦਾ ਵਿਚਿੱਤਰ ਮਿਲਾਪ, ਕੰਵਰ ਦੀ ਮੁੜ ਗ੍ਰਿਫ਼ਤਾਰੀ ਆਦਿ ਸਾਰੀਆਂ ਘਟਨਾਵਾਂ ਫ਼ਿਲਮੀ ਲੱਗਦੀਆਂ ਹਨ, ਜਿਹੜੀਆਂ ਨਾਵਲਕਾਰ ਨੇ ਆਪਣੇ ਆਦਰਸ਼ਵਾਦੀ ਪਿਆਰ' ਦਾ ਆਦਰਸ਼ ਸਥਾਪਿਤ ਕਰਨ ਲਈ ਆਪਣੀ ਕਲਪਨਾ ਨਾਲ ਘੜੀਆਂ ਹਨ। ਸਪਸ਼ਟ ਹੈ ਕਿ ਨਾਵਲ ਦੀਆਂ ਘਟਨਾਵਾਂ ਵਿਚ ਪੇਸ਼ ਜੀਵਨ ਪਰਿਸਥਿਤੀਆਂ ਵਿਚੋਂ, ਉਨ੍ਹਾਂ ਨਾਲ ਉਲਝੇ ਪਾਤਰਾਂ ਦੇ ਸੁਭਾਅ ਅਤੇ ਵਰਤਾਰੇ ਵਿਚੋਂ, ਉਨ੍ਹਾਂ ਦੀ ਵਾਰਤਾਲਾਪ ਵਿਚੋਂ, ਨਾਵਲਕਾਰ ਦੀ ਬੋਲੀ, ਸ਼ੈਲੀ, ਭਾਸ਼ਣਾਂ ਅਤੇ ਟਿੱਪਣੀਆਂ ਵਿਚੋਂ ਆਦਰਸ਼ਵਾਦੀ ਸਦਾਚਾਰ ਦੀ ਝਲਕ ਪੈਂਦੀ ਹੈ। ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਨਾਵਲਕਾਰ ਪਾਤਰਾਂ ਦੇ ਆਤਮਿਕ ਜਗਤ ਨੂੰ ਵਸਤੂ-ਜਗਤ ਨਾਲੋਂ ਨਿਖੇੜ ਕੇ ਆਪਣੇ ਨੈਤਿਕ ਮਾਪਾਂ ਦੇ ਸੰਚੇ ਵਿਚ ਢਾਲ ਕੇ ਪੇਸ਼ ਕਰ ਰਿਹਾ ਹੋਵੇ ਅਤੇ ਇਸੇ ਨੂੰ ਅਸੀਂ ਨੈਤਿਕ ਆਦਰਸ਼ਵਾਦੀ ਵਿਚਾਰਧਾਰਾ ਦਾ ਇਕ ਅਹਿਮ ਅੰਗ ਕਹਿੰਦੇ ਹਾਂ।

ਸੱਚ ਨੂੰ ਫ਼ਾਂਸੀ ਨਾਵਲ ਦੀ ਰੂਪ-ਰਚਨਾ ਵਿਚ ਨਾਵਲ ਦੇ ਨਾਇਕ ਕੰਵਰ ਰਾਹੀਂ ਪ੍ਰਗਟ ਹੋਣ ਵਾਲਾ ਲੇਖਕ ਦਾ ਇਹ ਆਦਰਸ਼ਵਾਦ ਨਾਵਲ ਦੇ ਸਮੁੱਚੇ ਰਚਨਾ-ਵਿਧਾਨ ਵਿਚ ਧੁਨੀ ਬਣ ਕੇ ਸਮਾਇਆ ਹੋਇਆ ਹੈ ਅਤੇ ਨਾਵਲ ਦੇ ਕਥਾਨਕ, ਭਾਸ਼ਾ, ਸ਼ੈਲੀ, ਸਥਿਤੀ ਸਿਰਜਣ ਆਦਿ ਹਰੇਕ ਤੱਤ ਵਿਚੋਂ ਝਲਕਦਾ ਹੈ। ਕੰਵਰ ਅਤੇ ਦਲੀਪ ਵਿਰੋਧੀ ਸਥਿਤੀਆਂ ਦੇ ਬਾਵਜੂਦ ਆਪਣੇ ਆਦਰਸ਼ਕ ਪਿਆਰ ਤੋਂ ਇਕ ਵਾਰ ਵੀ ਨਹੀਂ ਥਿੜਕਦੇ। ਪਿੰਡ ਦੇ ਸਥਾਪਿਤ ਸੱਭਿਆਚਾਰਿਕ' ਮੁੱਲਾਂ ਅਨੁਸਾਰ ਇੱਕ ਪਿੰਡ ਦੇ ਵਸਨੀਕ ਮੁੰਡੇ-ਕੁੜੀ ਦਾ ਵਿਆਹ ਨਹੀਂ ਹੋ ਸਕਦਾ ਅਤੇ ਇਹ ਮੁੱਲ ਕੰਵਰ ਅਤੇ ਦਲੀਪ ਦੇ ਮਨ ਵਿਚ ਵੀ ਵਸਿਆ ਹੋਇਆ ਹੋਵੇਗਾ, ਪਰੰਤੂ ਨਾਵਲਕਾਰ ਪਿੰਡ ਦੀ ਇਸ ਯਥਾਰਥਿਕ ਸਥਿਤੀ ਦਾ ਅਤੇ ਕੰਵਰ ਅਤੇ ਦਲੀਪ ਦੀ ਮਾਨਸਿਕ ਅਵਸਥਾ ਦਾ ਕੋਈ ਨੋਟਿਸ ਹੀ ਨਹੀਂ ਲੈਂਦਾ। ਉਹ ਤਾਂ ਦਲੀਪ ਦੇ ਪਿਓ ਰਿਸਾਲਦਾਰ ਕਿਸ਼ਨ ਸਿੰਘ ਨੂੰ ਦੋਹਾਂ ਦੇ ਪਿਆਰ ਦੇ ਹੱਕ ਵਿਚ ਖੜ੍ਹਾ ਕਰ ਦਿੰਦਾ ਹੈ, ਜਿਹੜਾ ਆਪਣੇ ਜੁਆਨ ਅਤੇ ਵੈਲੀ ਪੁੱਤਰ ਸਰਵਣ ਤੋਂ ਵਿਹਰ ਕੇ ਅਤੇ ਪਿੰਡ ਦੀ ਸੰਸਕ੍ਰਿਤੀ ਤੋਂ ਆਪਣਾ ਆਪਾ ‘ਨਿਰਲਿਪਤ ਕਰਕੇ ਦੋਹਾਂ ਦੀ ਮੰਗਣੀ ਵੀ ਕਰ ਦਿੰਦਾ ਹੈ ਅਤੇ ਦੋਹਾਂ ਦਾ ਵਿਆਹ ਵੀ ਪੱਕਾ ਕਰ ਦਿੰਦਾ ਹੈ। ਇਥੋਂ ਤੱਕ ਕਿ ਉਹ ਜ਼ਖਮੀ ਕੰਵਰ ਦੀ ਸੇਵਾ ਕਰਨ ਲਈ ਆਪਣੀ ਜੁਆਨ-ਜਹਾਨ ਕੁਆਰੀ ਧੀ ਨੂੰ ਉਸ ਕੋਲ ਛੱਡ ਦਿੰਦਾ ਹੈ। ਰਿਸਾਲਦਾਰ ਕਿਸ਼ਨ ਸਿੰਘ ਦਾ ਇਹ ਕਿਰਦਾਰ ਲੇਖਕ ਦੀ ਆਦਰਸ਼ਵਾਦੀ ਸੋਚ ਦੀ ਉਪਜ ਹੈ, ਜਿਸ ਦਾ ਵਿਰੋਧ ਪਿੰਡ ਦਾ ਭਾਈਚਾਰਾ ਵੀ ਨਹੀਂ ਕਰਦਾ, ਕਿਉਂਕਿ ਨਾਵਲਕਾਰ ਨੂੰ ਇਹ ਸੰਸਕ੍ਰਿਤਿਕ ਵਿਰੋਧ ਦਿਸਿਆ ਹੀ ਨਹੀਂ।

ਸੱਚ ਨੂੰ ਫ਼ਾਂਸੀ ਨਾਵਲ ਦੇ ਅੰਤ ਬਾਰੇ ਕਿਹਾ ਜਾ ਸਕਦਾ ਹੈ ਕਿ ਇਹ ਆਦਰਸ਼ਵਾਦੀ ਵਿਚਾਰਧਾਰਾ ਦਾ ਲਖਾਇਕ ਨਹੀਂ, ਕਿਉਂਕਿ ਇਸ ਵਿਚਾਰਧਾਰਾ ਅਨੁਸਾਰ ਤਾਂ ਅੰਤ ਭਲੇ ਦਾ ਭਲਾ' ਹੋਣਾ ਚਾਹੀਦਾ ਹੈ, ਪਰੰਤੂ ਇਸ ਨਾਵਲ ਵਿਚ ਇਸ ਤੋਂ ਉਲਟ ਹੁੰਦਾ ਹੈ। ਬੇਗੁਨਾਹ ਕੰਵਰ ਨੂੰ ਫ਼ਾਂਸੀ ਦੀ ਸਜ਼ਾ ਮਿਲਦੀ ਹੈ। ਨਾਵਲਕਾਰ ਕੰਵਰ ਨੂੰ ਤ੍ਰਾਸਦਿਕ ਪਾਤਰ ਬਣਾ ਕੇ ਨਹੀਂ ਸਿਰਜ ਰਿਹਾ ਸਗੋਂ ਇਕ ਆਦਰਸ਼ਕ ਪਾਤਰ ਦੇ ਰੂਪ ਵਿਚ ਪੇਸ਼ ਕਰ ਰਿਹਾ ਹੈ, ਜਿਹੜਾ ਆਪਣੀਆਂ ਆਦਰਸ਼ਵਾਦੀ ਨੈਤਿਕ ਕਦਰਾਂ ਦੀ ਜਿੱਤ ਲਈ ਆਪਣਾ ਆਪਾ ਵਾਰ ਦਿੰਦਾ ਹੈ। ਕੰਵਰ ਨੂੰ ਇਸ ਗੱਲ ਦੀ ਕੋਈ ਸੂਝ ਨਹੀਂ ਕਿ ਕਦਰਾਂ ਵਸਤੂ-ਸਥਿਤੀ ਵਿਚੋਂ ਪੈਦਾ ਹੋ ਕੇ ਵਸਤੂ-ਸਥਿਤੀ ਬਣਾਈ ਰੱਖਣ ਜਾਂ ਪਰਿਵਰਤਿਤ ਕਰਨ ਵਿਚ ਸਹਾਈ ਹੁੰਦੀਆਂ ਹਨ। ਉਹ ਤਾਂ ਹਵਾ ਵਿਚ ਸੋਟੀਆਂ ਮਾਰਦਾ ਫਿਰਦਾ ਹੈ ਅਤੇ ਜਸਵੰਤ ਸਿੰਘ ਕੰਵਲ ਨੂੰ ਅਜਿਹਾ ਚਰਿੱਤਰ ਪ੍ਰਵਾਨ ਹੈ। ਕਿਉਂਕਿ ਜਸਵੰਤ ਸਿੰਘ ਕੰਵਲ ਉਸ ਮੁੱਲ-ਵਿਧਾਨ ਨੂੰ ਅਪਣਾਉਣ ਦਾ ਸੰਦੇਸ਼ ਦਿੰਦਾ ਹੈ, ਜਿਸ ਵਿਧਾਨ ਅਧੀਨ ਵਿਅਕਤੀ ਨੂੰ ਪੂਰਨ ਸੁਤੰਤਰਤਾ ਹੁੰਦੀ ਹੈ। ਕੰਵਲ ਜਗੀਰਦਾਰੀ ਦੇ ਉਸ ਮੁੱਲ-ਪ੍ਰਬੰਧ ਨੂੰ ਤੋੜਣਾ ਚਾਹੁੰਦਾ ਹੈ, ਜਿਹੜਾ ਮੁੱਲ-ਪ੍ਰਬੰਧ ਵਿਅਕਤੀ ਸੁਤੰਤਰਤਾ ਦੇ ਰਾਹ ਵਿਚ ਰੁਕਾਵਟ ਹੈ। ਭਾਵੇਂ ਭਾਰਤੀ ਸੰਸਕ੍ਰਿਤਿਕ ਕਦਰਾਂ-ਕੀਮਤਾਂ ਅਧੀਨ ਬੱਚਿਆਂ ਦੇ ਵਿਆਹ ਦਾ ਅਧਿਕਾਰ ਮਾਪਿਆਂ ਕੋਲ ਹੈ, ਪਰ ਬਦਲਦੇ ਰਾਜਸੀ ਪਰਿਵੇਸ਼ ਅਧੀਨ, ਪੰਜਾਬੀ ਸੱਭਿਆਚਾਰ ਉੱਤੇ ਪੱਛਮੀ ਸੱਭਿਆਚਾਰ ਦੇ ਉਦਾਰਵਾਦੀ ਮੁੱਲ-ਪ੍ਰਬੰਧ ਅਧੀਨ ਮਾਪਿਆਂ ਦਾ ਇਹ ਅਧਿਕਾਰ ਖੁੱਸਦਾ ਹੈ, ਜਿਸ ਦੇ ਕਾਰਨ ਪੂੰਜੀਵਾਦੀ ਵਿਵਸਥਾ ਵਿਚ ਪਏ ਹਨ। ਕੰਵਲ ਦਾ ਇਹ ਜਤਨ ਇਕ ਪ੍ਰਗਤੀਵਾਦੀ ਜਤਨ ਹੈ।