ਸੱਬਰ ਕੱਤਾ
ਬੋਹਲ ਬਣਾਉਣ ਸਮੇਂ ਦਾਣਿਆਂ ਨੂੰ ਇਕ ਥਾਂ ਢੇਰ ਦੇ ਰੂਪ ਵਿਚ ਕੱਠੇ ਕਰਨ ਵਾਲੇ ਲੱਕੜ ਦੇ ਬਣੇ ਖੇਤੀ ਸੰਦ ਨੂੰ ਸਬਰ ਕੱਤਾ ਕਹਿੰਦੇ ਹਨ। ਪਿੜ (ਖੇਤ ਜਾਂ ਨਿਆਈ ਦੇ ਖਾਲੀ ਪਲਾਟ ਵਿੱਚ ਉਹ ਥਾਂ ਜਿੱਥੇ ਫ਼ਸਲ ਗਾਹਾਈ ਤੇ ਉਡਾਈ ਜਾਂਦੀ ਹੈ) ਵਿੱਚ ਦਾਣੇ ਇਕੱਠੇ ਕਰਨ ਵਾਲਾ ਫੌਹੜੇ ਵਰਗਾ ਲੱਕੜੀ ਦਾ ਸੰਦ। ਬਾਅਦ ਵਿੱਚ ਜਦ ਮਸ਼ੀਨਾਂ ਨਾਲ ਦਾਣੇ ਕੱਢੇ ਜਾਂਦੇ ਸੀ ਉਸ ਸਮੇਂ ਵੀ ਦਾਣਿਆ ਨੂੰ ਮਸ਼ੀਨ ਦੇ ਪਰਨਾਲੇ ਤੋਂ ਪਾਸੇ ਕਰਨ ਵਾਸਤੇ ਵੀ ਸੱਬਰ ਕੱਤੇ ਦੀ ਜਰੂਰਤ ਪੈਂਦੀ ਰਹੀ ਹੈ। ਅੱਜ-ਕੱਲ ਦਾਣਾ ਮੰਡੀਆਂ ਵਿੱਚ ਲੋਹੇ ਦੇ ਬਣੇ ਹੋਏ ਸੱਬਰ ਕੱਤੇ ਵਰਤੇ ਜਾਂਦੇ ਹਨ।
ਸੱਬਰ ਕੱਤਾ ਬਣਾਉਣ ਲਈ 4/5 ਕੁ ਫੁੱਟ ਲੰਮੀ ਬਾਂਸ ਦੀ ਜਾਂ ਲੱਕੜ ਦੀ ਸੋਟੀ ਲਈ ਜਾਂਦੀ ਹੈ। ਇਸ ਸੋਟੀ ਨੂੰ ਹੱਥਾ ਕਹਿੰਦੇ ਹਨ। ਇਕ ਲੱਕੜ ਦਾ 18 ਕੁ ਇੰਚ ਲੰਬਾ 12 ਕੁ ਇੰਚ ਉਚਾ ਤੇ ਇਕ ਕੁ ਇੰਚ ਮੋਟਾ ਫੱਟਾ ਲਿਆ ਜਾਂਦਾ ਹੈ। ਏਸ ਫੱਟੇ ਦੇ ਲੰਬਾਈ ਵਾਲੇ ਇਕ ਪਾਸੇ ਦੇ ਵਿਚਾਲੇ, ਪਰ ਉਪਰ ਤੋਂ 3 ਕੁ ਇੰਚ ਹੇਠਾਂ ਕਰ ਕੇ ਇਕ ਚੌਰਸ ਗਲੀ ਕੱਢੀ ਜਾਂਦੀ ਹੈ। ਏਸ ਗਲੀ ਵਿਚ ਹੱਥਾ ਫਿੱਟ ਕੀਤਾ ਜਾਂਦਾ ਹੈ। ਫੱਟੇ ਵਿਚ ਪਾਏ ਹੱਥੇ ਦੇ ਪਿਛਲੇ ਪਾਸੇ ਵਿਚ ਇਕ ਫਾਲ ਲਈ ਜਾਂਦੀ ਹੈ। ਏਸ ਫਾਲ ਨੂੰ ਧਤੂਰੀ ਕਹਿੰਦੇ ਹਨ। ਇਹ ਧਤੂਰੀ ਹੀ ਹੱਥੇ ਨੂੰ ਫੱਟੇ ਵਿਚੋਂ ਨਿਕਲਣ ਨਹੀਂ ਦਿੰਦੀ। ਫੱਟੇ ਦਾ ਦੂਸਰਾ ਲੰਬਾਈ ਵਾਲਾ ਪਾਸਾ ਹੇਠਾਂ ਤੋਂ 3 ਕੁ ਇੰਚ ਟੇਪਰ ਕੀਤਾ ਜਾਂਦਾ ਹੈ। ਹੇਠਲਾ ਹਿੱਸਾ ਟੇਪਰ ਹੋਇਆ ਹੋਣ ਕਰਕੇ ਦਾਣਿਆਂ ਨੂੰ ਢੇਰ ਬੋਹਲ ਦੇ ਰੂਪ ਵਿਚ ਕੱਠੇ ਕਰਨ ਵਿਚ ਸਹਾਈ ਹੁੰਦਾ ਹੈ। ਫੱਟੇ ਦੇ ਲੰਬਾਈ ਵਾਲੇ ਉਪਰਲੇ ਹਿੱਸੇ ਦੇ ਕਿਨਾਰਿਆਂ ਨੂੰ ਥੋੜਾ ਜਿਹਾ ਗੋਲ ਕੀਤਾ ਜਾਂਦਾ ਹੈ। ਇਹ ਹੈ ਸਬਰ ਕੱਤੇ ਦੀ ਬਣਤਰ।[1]
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.