ਸੱਭਿਆਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੱਭਿਆਚਾਰ (ਲਾਤੀਨੀ: cultura, ਸ਼ਬਦਾਰਥ: " ਤਰਬੀਅਤ (cultivation)"[1]) ਮਨੁੱਖ ਦੁਆਰਾ ਸਿਰਜੀ ਜੀਵਨ ਜਾਚ ਨੂੰ ਕਹਿੰਦੇ ਹਨ। ਇਹ ਕਿਸੇ ਸਮਾਜ ਵਿੱਚ ਗਹਿਰਾਈ ਤੱਕ ਵਿਆਪਤ ਗੁਣਾਂ ਦੇ ਸਮੁੱਚ ਦਾ ਨਾਮ ਹੈ, ਜੋ ਉਸ ਸਮਾਜ ਦੇ ਸੋਚਣ, ਵਿਚਾਰਨ, ਕਾਰਜ ਕਰਨ, ਖਾਣ-ਪੀਣ, ਬੋਲਣ, ਨਾਚ, ਗਾਉਣ, ਸਾਹਿਤ, ਕਲਾ, ਆਰਕੀਟੈਕਟ ਆਦਿ ਵਿੱਚ ਰੂਪਮਾਨ ਹੁੰਦਾ ਹੈ। ਏ ਡਬਲਿਊ ਗਰੀਨ ਅਨੁਸਾਰ ਸੰਸਕ੍ਰਿਤੀ ਗਿਆਨ, ਵਿਵਹਾਰ, ਵਿਸ਼ਵਾਸ ਦੀਆਂ ਉਨ੍ਹਾਂ ਆਦਰਸ਼ ਪਧਤੀਆਂ ਦੀ ਅਤੇ ਗਿਆਨ ਅਤੇ ਵਿਵਹਾਰ ਦੁਆਰਾ ਪੈਦਾ ਕੀਤੇ ਵਸੀਲਿਆਂ ਦੀ ਵਿਵਸਥਾ ਨੂੰ ਕਹਿੰਦੇ ਹਨ ਜੋ ਸਾਮਾਜਕ ਤੌਰ ਤੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਸੌਂਪੀ ਜਾਂਦੀ ਹੈ।[2]

ਸੱਭਿਆਚਾਰ ਦੇ ਅੰਗ[ਸੋਧੋ]

ਵੱਖ-ਵੱਖ ਵਿਦਵਾਨਾਂ ਨੇ ਸੱਭਿਆਚਾਰ ਦੇ ਅੰਗਾਂ ਨੂੰ ਵੱਖ-ਵੱਖ ਤਰੀਕਿਆਂ ਵਿੱਚ ਵੰਡਿਆ ਹੈ। ਭੁਪਿੰਦਰ ਸਿੰਘ ਖਹਿਰਾ ਨੇ ਸੱਭਿਆਚਾਰ ਦੇ 5 ਅੰਗ ਮੰਨੇ ਹਨ; ਪਦਾਰਥਕ ਅੰਗ, ਸਮਾਜਕ ਅੰਗ, ਸੰਚਾਰਤ ਅੰਗ, ਧਾਰਮਕ ਅੰਗ ਅਤੇ ਰਾਜਨੀਤੀ।[3] ਪੰਜਾਬੀ ਚਿੰਤਨ ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਂਕ ਦੁਆਰਾ, ਰੀਸ ਮੈਕਗੀ ਦੀ ਵੰਡ ਦੇ ਆਧਾਰ ਉੱਤੇ, ਸੱਭਿਆਚਾਰ ਨੂੰ 3 ਅੰਗਾਂ ਵਿੱਚ ਵੰਡਿਆ ਗਿਆ ਹੈ; ਪਦਾਰਥਕ ਸੱਭਿਆਚਾਰ, ਪ੍ਰਤਿਮਾਨਕ ਸੱਭਿਆਚਾਰ ਅਤੇ ਬੋਧਾਤਮਿਕ ਸੱਭਿਆਚਾਰ। ਇਹ ਵੰਡ ਜ਼ਿਆਦਾ ਪ੍ਰਵਾਨਿਤ ਹੈ।[4]

ਪਦਾਰਥਕ ਸੱਭਿਆਚਾਰ[ਸੋਧੋ]

ਪਦਾਰਥਕ ਸੱਭਿਆਚਾਰ ਵਿੱਚ ਉਹ ਸਭ ਵਸਤਾਂ ਸ਼ਾਮਲ ਹੁੰਦੀਆਂ ਹਨ ਜੋ ਉਸ ਸੱਭਿਆਚਾਰ ਦੁਆਰਾ ਸਿਰਜੀਆਂ ਅਤੇ ਵਰਤੀਆਂ ਜਾਂਦੀਆਂ ਹਨ। ਇਹ ਵਸਤਾਂ ਕੁਦਰਤ ਵਿੱਚੋਂ ਵੀ ਲਈਆਂ ਹੋ ਸਕਦੀਆਂ ਹਨ।


ਪਦਾਰਥਕ ਸੱਭਿਆਚਾਰ ਦਾ ਸੰਬੰਧ ਸੱਭਿਆਚਾਰ ਦੇ ਮੁੱਢਲੇ ਪੈਮਾਨਿਆਂ ਨਾਲ਼ ਹੈ। ਉਂਝ ਸੱਭਿਆਚਾਰ ਇੱਕ ਜਟਿਲ ਅਤੇ ਜੁੱਟ ਸਿਸਟਮ ਹੈ। ਇਸ ਦੇ ਅੰਗਾਂ ਦਾ ਆਪਸ ਵਿੱਚ ਪ੍ਰਸਪਰ ਸੰਬੰਧ ਹੈ। ਇੱਕ ਅੰਗ ਵਿੱਚ ਆਈ ਤਬਦੀਲੀ ਦੂਜੇ ਅੰਗੇ ਨੂੰ ਪ੍ਰਭਾਵਿਤ ਕਰਦੀ ਹੈ। ਸੰਸਾਰ ਦੇ ਵੱਖੋ-ਵੱਖ ਸੱਭਿਆਚਾਰਾਂ ਦੇ ਮੁੱਖ ਅੰਗ ਲਗਭਗ ਇਕੋ ਜਿਹੇ ਹੀ ਹੁੰਦੇ ਹਨ। ਮਨੁੱਖ ਕਿਸੇ ਥਾਂ ਵੀ ਰਹਿੰਦਾ ਹੋਵੇ ਉਸ ਦੀਆਂ ਮੂਲ ਲੋੜਾਂ ਸਾਂਝੀਆਂ ਹੁੰਦੀਆਂ ਹਨ।

ਭੂਮਿਕਾ[ਸੋਧੋ]

ਪਦਾਰਥਕ ਸੱਭਿਆਚਾਰ ਦਾ ਸੰਬੰਧ ਸਭਿਆਚਾਤ ਵਿੱਚ ਵਿਚਰਦੇ ਮਨੁੱਖ ਨਾਲ਼ ਹੈ। ਪ੍ਰੋ. ਜੀਤ ਸਿੰਘ ਜੋਸ਼ੀ ਅਨੁਸਾਰ- “ਰੋਟੀ, ਕੱਪੜਾ ਅਤੇ ਮਕਾਨ ਮਨੁੱਖ ਦੀਆਂ ਬੁਨਿਆਦੀ ਲੋੜਾਂ ਹਨ।"[5] ਹਰ ਮਨੁੱਖ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਆਪਣੇ ਸੱਭਿਆਚਾਰਾਂ ਅਨੁਸਾਰ ਇਨ੍ਹਾਂ ਲੋੜਾਂ ਦੀ ਪੂਰਤੀ ਕਰਦਾ ਹੈ। ਸੱਭਿਆਚਾਰ ਦੇ ਮੁੱਖ ਅੰਗ ਮੰਨੇ ਜਾਂਦੇ ਹਨ:-

  1. ਪਦਾਰਥਕ ਸੱਭਿਆਚਾਰ
  2. ਪ੍ਰਤਿਮਾਨਿਕ ਸੱਭਿਆਚਾਰ
  3. ਬੋਧਾਤਮਿਕ ਸੱਭਿਆਚਾਰ

ਪਦਾਰਥਕ ਸੱਭਿਆਚਾਰ[ਸੋਧੋ]

ਪਦਾਰਥਕ ਸੱਭਿਆਚਾਰ ਵਿੱਚ ਉਹ ਸਾਰੀਆਂ ਵਸਤਾਂ ਆਉਂਦੀਆਂ ਹਨ, ਜਿਹੜੀਆਂ ਮਨੁੱਖ ਨੇ ਸਿਰਜੀਆਂ ਹਨ, ਜਾਂ ਜਿਹਨਾਂ ਨੂੰ ਮਨੁੱਖ ਵਰਤਦਾ ਹੈ, ਭਾਵੇਂ ਉਹ ਪ੍ਰਕਿਰਤੀ ਵਿੱਚ ਹੀ ਬਣੀਆਂ ਬਣਾਈਆਂ ਕਿਉਂ ਨਾ ਮਿਲਦੀਆਂ ਹੋਣ।ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਂਕ ਅਨੁਸਾਰ - ‘ਫੁੱਲ ਪ੍ਰਕਿਰਤੀ ਵਿੱਚ ਮਿਲਦੀ ਵਸਤੂ ਹੈ, ਪਰ ਮਨੁੱਖੀ ਯਤਨ ਨਾਲ ਵਿਹੜੇ ਵਿੱਚ ਲੱਗੀ ਜਾਂ ਵਿਹੜੇ ਦਾ ਸ਼ਿੰਗਾਰ ਬਣੀ ਇਹ ਪ੍ਰਕਿਰਤਕ ਵਸਤੂ ਸੱਭਿਆਚਾਰ ਦਾ ਅੰਗ ਬਣ ਜਾਂਦੀ ਹੈ। ਪ੍ਰਕਿਰਤੀ ਵਿੱਚ ਮਿਲਦਾ ਫੁੱਲ ਵੀ ਜਦੋਂ ਖ਼ਾਸ ਮੌਕੇ ਉੱਤੇ ਖ਼ਾਸ ਆਸ਼ੇ ਨਾਲ ਪੇਸ਼ ਕੀਤਾ ਜਾਂਦਾ ਹੈ, ਤਾਂ ਇਹ ਪਦਾਰਥਕ ਸੱਭਿਆਚਾਰ ਦਾ ਅੰਸ਼ ਬਣ ਜਾਂਦਾ ਹੈ।[6] ਸੱਭਿਆਚਾਰ ਦੇ ਪਦਾਰਥਕ ਅੰਗ ਨੂੰ ਪਦਾਰਥਕ ਸੱਭਿਆਚਾਰ ਵੀ ਕਿਹਾ ਜਾਂਦਾ ਹੈ।

ਪ੍ਰੋ. ਸ਼ੈਰੀ ਸਿੰਘ ਅਨੁਸਾਰ- “ਸੱਭਿਆਚਾਰ ਦੇ ਪਦਾਰਥਕ ਅੰਗ ਸੱਭਿਆਚਾਰ ਦੀ ਪਹਿਚਾਣ ਲਈ ਬਹੁਤ ਹੀ ਮਹੱਤਵਪੂਰਨ ਮਾਧਿਅਮ ਹਨ।"[7]

ਪਦਾਰਥਕ ਸੱਭਿਆਚਾਰ ਦੇ ਮਹੱਤਵਪੂਰਨ ਅੰਸ਼ ਕੰਮ-ਧੰਦੇ, ਸਾਜੋ ਸਮਾਨ, ਪਹਿਰਾਵਾ, ਹਾਰ-ਸ਼ਿੰਗਾਰ, ਰਹਿਣ-ਸਹਿਣ ਤੇ ਖਾਣ-ਪੀਣ ਆਦਿ ਹਨ। ਇਹਨਾਂ ਦਾ ਵਰਨਣ ਇਸ ਪ੍ਰਕਾਰ ਹੈ। ਜਿਵੇਂ,

ਕੰਮ ਧੰਦੇ[ਸੋਧੋ]

ਕਿਸੇ ਸਮਾਜ ਦੇ ਕੰਮ ਧੰਦੇ ਸੱਭਿਆਚਾਰ ਦਾ ਅਨਿਖੜ ਅੰਗ ਹੁੰਦੇ ਹਨ। ਕੰਮ ਧੰਦੇ ਸਮਾਜ ਦੀ ਆਰਥਕਤਾ ਸਮੇਤ ਸੁਮੱਚੇ ਪਦਾਰਥਕ ਸੱਭਿਆਚਾਰ ਨੂੰ ਨਿਰਧਾਰਤ ਕਰਦੇ ਹਨ। ਮਨੁੱਖ ਦੀ ਮੁੱਢਲੀ ਲੋੜ ਰੋਟੀ ਹੈ, ਇਸ ਦੀ ਪ੍ਰਾਪਤੀ ਲਈ ਉਹ ਵੱਖ-ਵੱਖ ਕੰਮ ਧੰਦੇ ਅਪਣਾਉਂਦਾ ਹੈ।

ਭੁਪਿੰਦਰ ਸਿੰਘ ਖਹਿਰਾ ਅਨੁਸਾਰ - “ਮਨੁੱਖ ਆਪਣੇ ਭੋਜਨ ਦੀ ਪ੍ਰਾਪਤੀ ਕਿਵੇਂ ਕਰਦਾ ਹੈ, ਇਹ ਉਤਰ ਹੀ ਮਨੁੱਖ ਦੀ ਆਰਥਿਕਤਾ ਅਤੇ ਉਸ ਦੇ ਭੋਜਨ ਦੀ ਅਵਸਥਾ ਪ੍ਰਗਟ ਕਰਦਾ ਹੈ।"[8]

ਉਦਾਹਰਨ ਲਈ ਜੇਕਰ ਮਨੁੱਖ ਭੋਜਨ ਲਈ ਪਾਲਤੂ ਪੌਦਿਆਂ (ਫ਼ਸਲਾਂ) ਤੇ ਨਿਰਭਰ ਕਰਦਾ ਹੈ ਤਾਂ ਉਸ ਦਾ ਧੰਦਾ ਖੇਤੀਬਾੜੀ ਹੋਵੇਗਾ।

ਸਾਜ਼ੋ ਸਮਾਨ[ਸੋਧੋ]

ਕੰਮ ਧੰਦੇ ਨਾਲ ਸਬੰਧਤ ਮਨੁੱਖ ਆਪਣਾ ਸੰਦਾ ਵਲੇਵਾਂ ਜਾਂ ਸਾਜ਼ੋ ਸਮਾਨ ਤਿਆਰ ਕਰਦਾ ਹੈ। ਜੇਕਰ ਮਨੁੱਖ ਸ਼ਿਕਾਰੀ ਹੈ ਤਾਂ ਉਹ ਗੰਡਾਸਾ, ਬਰਛਾ, ਭਾਲਾ, ਕੁਹਾੜੀ, ਤੀਰ-ਕਮਾਨ ਆਦਿ ਸੰਦਾਂ ਦੀ ਤਿਆਰੀ ਕਰਦਾ ਹੈ। ਇਹ ਸੰਦ ਸਮਾਜ ਪ੍ਰਬੰਧ ਅਤੇ ਲੋਕਧਾਰਾ ਵਿੱਚ ਹਰਮਨ ਪਿਆਰੇ ਹੁੰਦੇ ਹਨ। ਖੇਤੀ ਪ੍ਰਧਾਨ, ਸਮਾਜ ਖੇਤੀ ਨਾਲ ਸਬੰਧਤ ਸੰਦ ਤਿਆਰ ਕਰਦਾ ਹੈ। ਹਲ, ਸੁਹਾਗਾ, ਕਹੀ, ਰੰਬਾ ਆਦਿ ਅਨੇਕ ਵੰਨਗੀ ਦੇ ਸੰਦ ਉਸ ਦੇ ਸੱਭਿਆਚਾਰ ਦਾ ਅੰਗ ਬਣਦੇ ਹਨ।

ਪਹਿਰਾਵਾ[ਸੋਧੋ]

ਪਦਾਰਥਕ ਸੱਭਿਆਚਾਰਕ ਨਾਲ ਸਬੰਧਤ ਪਹਿਰਾਵਾ ਵੀ ਇੱਕ ਮਹੱਤਵਪੂਰਨ ਅੰਗ ਹੈ।

ਡਾ. ਜਸਵਿੰਦਰ ਸਿੰਘ ਅਨੁਸਾਰ “ ਪਹਿਰਾਵਾ ਮਨੁੱਖ ਨੂੰ ਜੀਵਾਂ ਨਾਲੋਂ ਨਿਖੇੜਨ ਵਾਲਾ ਪ੍ਰਮੁੱਖ ਬਾਹਰੀ ਪਛਾਣ ਚਿੰਨ੍ਹ ਵੀ ਹੈ ਅਤੇ ਮਨੁੱਖੀ ਵਿਕਾਸ ਅਤੇ ਸੁਹਜ ਬਿਰਤੀ ਦਾ ਠੋਸ ਪ੍ਰਮਾਣ ਵੀ ਹੈ। ਪਹਿਰਾਵਾ ਮਨੁੱਖ ਦੇ ਜੀਵ ਸੰਸਾਰ ਨਾਲੋਂ ਨਿਖੇੜੇ ਤੋਂ ਸ਼ੁਰੂ ਹੋ ਕੇ ਲਿੰਗ, ਉਮਰ, ਰੁਤਬੇ, ਮੌਕੇ ਤੇ ਰਿਸ਼ਤਿਆਂ ਦੇ ਨਿਖੇੜੇ ਤੱਕ ਵਿਭਿੰਨ ਪੜਾ ਤੇ ਪਰਤਾਂ ਗ੍ਰਹਿਣ ਕਰਦਾ ਹੈ।"[9] 

ਮਨੁੱਖ ਆਪਣੇ ਕੰਮ ਧੰਦੇ ਦੇ ਅਧਾਰਤ ਪਹਿਰਾਵੇ ਨੂੰ ਸਿਰਜਦਾ ਹੈ। ਘੱਗਰਾ, ਫੂਤਹੀ, ਸਾੜੀ, ਧੋਤੀ, ਕਛਹਿਰਾ ਆਦਿ ਲੋਕਾਂ ਦੀ ਸੱਭਿਆਚਾਰਕ ਬਣਤਰ ਨਾਲ ਜੁੜੇ ਹੋਏ ਹਨ। ਹਰ ਸੱਭਿਆਚਾਰ ਆਪਣਾ ਵਿਲੱਖਣ ਪਹਿਰਾਵਾ ਸਿਰਜਦਾ ਹੈ।

ਹਾਰ-ਸ਼ਿੰਗਾਰ[ਸੋਧੋ]

ਪਹਿਰਾਵੇ ਵਿੱਚ ਸਰੀਰ ਨੂੰ ਸਜਾਉਣ ਵਾਲੀ ਸਮੱਗਰੀ ਗਹਿਣੇ ਆਦਿ ਵੀ ਸ਼ਾਮਲ ਕੀਤੇ ਜਾ ਸਕਦੇ ਹਨ।

ਪ੍ਰੋ. ਜੀਤ ਸਿੰਘ ਜੋਸ਼ੀ ਅਨੁਸਾਰ, ‘ਹਾਰ ਸ਼ਿੰਗਾਰ ਦਾ ਸੰਬੰਧ ਮਨੁੱਖ ਦੀ ਸੁਹਜ ਤ੍ਰਿਪਤੀ ਨਾਲ ਹੈ। ਗਹਿਣਾ ਸ਼ਿੰਗਾਰ ਦਾ ਪ੍ਰਮੁੱਖ ਸਾਧਨ ਹੈ। ਗਹਿਣਾ ਪਹਿਨਣ ਦਾ ਸ਼ੌਕ ਮਨੁੱਖ ਅੰਦਰ ਢੇਰ ਪੁਰਾਣਾ ਹੈ।'[10]

ਪੰਜਾਬ ਵਿੱਚ ਔਰਤ ਮਰਦ ਦੋਵੇਂ ਹੀ ਗਹਿਣੇ ਪਹਿਨਦੇ ਹਨ। ਵਿਅਕਤੀ ਨੇ ਸਿਰ ਤੋਂ ਪੈਰਾਂ ਤੀਕ ਸਰੀਰ ਦੇ ਹਰ ਅੰਗ ਲਈ ਵੱਖੋ-ਵੱਖਰੇ ਗਹਿਣਿਆਂ ਦੀ ਸਿਰਜਨਾ ਕੀਤੀ ਹੈ। ਮਨੁੱਖ ਆਪਣੀ ਆਰਥਿਕ ਅਵਸਥਾ ਅਨੁਸਾਰ ਗਹਿਣੇ ਪਹਿਨਦਾ ਹੈ।

ਰਹਿਣ-ਸਹਿਣ[ਸੋਧੋ]

ਪਦਾਰਥਕ ਸੱਭਿਆਚਾਰ ਵਿੱਚ ਮਨੁੱਖ ਦਾ ਰਹਿਣ-ਸਹਿਣ ਵੀ ਇੱਕ ਮਹੱਤਵਪੂਰਨ ਅੰਗ ਹੈ। ਵਿਅਕਤੀ ਦੇ ਰਹਿਣ-ਸਹਿਣ ਜਾਂ ਰਿਹਾਇਸ਼ ਦਾ ਪ੍ਰਬੰਧ ਭੂਗੋਲਿਕ ਅਤੇ ਇਤਿਹਾਸਕ ਵਾਤਾਵਰਣ ਅਨੁਸਾਰ ਹੀ ਹੁੰਦਾ ਹੈ।

ਭੁਪਿੰਦਰ ਸਿੰਘ ਖਹਿਰਾ ਅਨੁਸਾਰ, “ਪੰਜਾਬੀ ਸਮਾਜ ਪਿੰਡਾਂ ਵਿੱਚ ਵਸਿਆ ਹੋਇਆ ਹੈ। ਪੰਜਾਬ ਦਾ ਜਲਵਾਯੂ ਅਜੇਹਾ ਹੈ ਕਿ ਇੱਥੇ ਬਹੁਤੀ ਵਰਖਾ ਨਹੀਂ ਹੁੰਦੀ ਅਤੇ ਨਾ ਹੀ ਇੱਥੇ ਕੁਦਰਤੀ ਆਫ਼ਤ ਭੂਚਾਲ ਆਦਿ ਦਾ ਕੋਈ ਖ਼ਤਰਾ ਹੈ। ਇਸ ਲਈ ਪੰਜਾਬ ਦੇ ਘਰ ਕਿਸੇ ਵਿਸ਼ੇਸ਼ ਤਕਨੀਕ ਨੂੰ ਆਧਾਰ ਨਹੀਂ ਬਣਾਉਂਦੇ।[11]

ਸੋ, ਜਿਸ ਥਾਂ ਬਹੁਤੇ ਭੂਗੋਲਿਕ ਪਰਿਵਰਤਨ ਨਾ ਆਉਣ ਉਥੋਂ ਦੇ ਲੋਕੀਂ ਵਧੇਰੇ ਪੱਕੇ ਮਕਾਨਾਂ ਦੀ ਸਿਰਜਨਾ ਕਰਦੇ ਹਨ। ਜਿੱਥੇ ਮੀਂਹ, ਭੂਚਾਲ ਆਦਿ ਦਾ ਡਰ ਹੁੰਦਾ ਹੈ, ਉਥੇ ਅਸਥਾਈ ਰਿਹਾਇਸ਼ ਜਾਂ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਖਾਣ-ਪੀਣ[ਸੋਧੋ]

ਖਾਣ-ਪੀਣ ਵੀ ਸੱਭਿਆਚਾਰ ਦਾ ਪ੍ਰਮੁੱਖ ਅੰਗ ਮੰਨਿਆ ਗਿਆ ਹੈ। ਵੱਖ-ਵੱਖ ਮੌਕਿਆਂ ਤੇ ਮਨੁੱਖਾਂ ਦੇ ਖਾਣ-ਪੀਣ ਵਿੱਚ ਪਰਿਵਰਤਨ ਹੁੰਦਾ ਰਹਿੰਦਾ ਹੈ। ਆਮ ਦਿਨਾਂ ਜਾਂ ਸਧਾਰਨ ਦਿਨਾਂ ਵਿੱਚ ਲੋਕ ਸਾਧਾਰਨ ਰੋਟੀ ਖਾਂਦੇ ਹਨ। ਮੇਲੇ, ਤਿਉਹਾਰ ਦੇ ਦਿਨਾਂ ਵਿੱਚ ਲੋਕ ਵਿਸ਼ੇਸ਼ ਪਕਵਾਨ ਪਕਾਉਂਦੇ ਹਨ। ਕੁਝ ਮਹੱਤਵਪੂਰਨ ਦਿਨਾਂ ਤੇ ਉਹ ਦੇਵੀ-ਦੇਵਤਿਆਂ ਜਾਂ ਆਪਣੇ ਇਸ਼ਟ ਅਨੁਸਾਰ ਵੱਡੇ-ਭੋਜ ਵੀ ਕਰਦੇ ਹਨ। ਕੁਝ ਲੋਕ ਖਾਸ ਦਿਨਾਂ ਤੇ ਸ਼ਰਾਬ(ਦਕਸ਼ਿਰਾ) ਦਾ ਪ੍ਰਯੋਗ ਵੀ ਕਰਦੇ ਹਨ।

ਪ੍ਰਤਿਮਾਨਿਕ ਸੱਭਿਆਚਾਰ[ਸੋਧੋ]

ਪ੍ਰਤਿਮਾਨਿਕ ਸੱਭਿਆਚਾਰ ਵਿੱਚ ਮਨੁੱਖੀ ਵਿਹਾਰ ਨੂੰ ਤੈਅ ਕਰਨ ਵਾਲੇ ਨਿਯਮ ਸ਼ਾਮਲ ਹੁੰਦੇ ਹਨ। ਇਸ ਵਿੱਚ ਲੋਕਾਚਾਰ, ਸਦਾਚਾਰ, ਤਾਬੂ, ਕਾਨੂੰਨ ਆਦਿ ਸ਼ਾਮਲ ਹੁੰਦੇ ਹਨ।ਸਭਿਆਚਾਰ ਦਾ ਦੂਸਰਾ ਅੰਗ ਹੈ। ਇਹ ਸਭਿਆਚਾਰ ਸਮਾਜ ਅਤੇ ਵਿਅਕਤੀ ਦੇ ਦਵੰਦਾਤਮਕ ਸੰਬੰਧਾਂ ਵਿੱਚੋਂ ਪੈਦਾ ਹੁੰਦਾ ਹੈ। ਪ੍ਰਤਿਮਾਨ ਮਨੁੱਖੀ ਵਿਹਾਰ ਦੀ ਨਿਮਨਤਮ ਨਿਰਦੇਸ਼ਮੂਲਕ ਇਕਾਈ ਹੈ, ਜਿਸ ਅਨੁਸਾਰ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ। ਇਸ ਵਿੱਚ ਮਨੁੱਖੀ ਵਿਹਾਰ ਦੇ ਚਿਹਨ ਸ਼ਾਮਿਲ ਹੁੰਦੇ ਹਨ। ਸਮਾਜ ਵਿੱਚ ਹਮੇਸ਼ਾਂ ਦੋ ਧਿਰਾਂ ਸ਼ਾਮਿਲ ਹੁੰਦੀਆਂ ਹਨ ਇੱਕ ਧਿਰ ਨਿਯਮਾਂ ਨੂੰ ਪਰਵਾਨ ਕਰਦੀ ਹੈ ਅਤੇ ਦੂਸਰੀ ਅਪਰਵਾਨ। ਪਰ ਸਮਾਜ ਦਾ ਹਰ ਇੱਕ ਵਿਅਕਤੀ ਇੰਨ੍ਹਾਂ ਨਿਯਮਾਂ ਤੋਂ ਜਾਣੂ ਹੁੰਦਾ ਹੈ ਅਤੇ ਲੋੜ ਅਨੁਸਾਰ ਇੰਨ੍ਹਾਂ ਦੀ ਵਰਤੋਂ ਕਰਦਾ ਹੈ। ਡਾ. ਗੁਰਬਖ਼ਸ਼ ਸਿੰਘ ਫ਼ਰੈਂਕ ਦੇ ਅਨੁਸਾਰ, “ਪ੍ਰਤਿਮਾਨਿਕ ਸਭਿਆਚਾਰ, ਸਭਿਆਚਾਰ ਦਾ ਉਹ ਅੰਗ ਹੈ, ਜਿਹੜਾ ਮਨੁੱਖੀ ਵਿਹਾਰ ਲਈ ਪ੍ਰਤਿਮਾਨਿਕ ਜਾਂ ਨਿਯਮ ਸਥਾਪਤ ਕਰਦਾ ਹੈ ਅਤੇ ਇਸ ਤਰ੍ਹਾਂ ਮਨੁੱਖੀ ਵਿਹਾਰ ਨੂੰ ਨਿਯਮਿਤ ਕਰਦਾ ਹੈ ਅਤੇ ਅਗਵਾਈ ਦੇਂਦਾ ਹੈ।[12]

ਪ੍ਰਤਿਮਾਨਾ ਦਾ ਵਰਗੀਕਰਨ[ਸੋਧੋ]

ਪ੍ਰਤਿਮਾਨ ਸਭਿਆਚਾਰ ਮਨੁੱਖੀ ਵਿਹਾਰ ਲਈ ਨਿਯਮ ਸਥਾਪਤ ਕਰਦਾ ਹੈ। ਨਿਯਮ ਸਮਾਜ ਦਾ ਅਧਾਰ ਹੁੰਦੇ ਹਨ। ਪ੍ਰਤਿਮਾਨ ਦੇ ਵਰਗੀਕਰਨ ਵਿੱਚ ਵੱਖ-ਵੱਖ ਨਿਯਮਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜਿਵੇਂ ਨਿਰਦੇਸ਼ਾਤਮਕ ਤੇ ਨਿਸ਼ੇਧਾਤਮਕ ਨਿਯਮ, ਆਦਰਸ਼ਕ ਤੇ ਵਿਆਪਕ ਨਿਯਮ, ਲੋਕਾਚਾਰ, ਸਦਾਚਾਰ, ਟੈਬੂ ਅਤੇ ਕਾਨੂੰਨ। ਇਹਨਾਂ ਨਿਯਮਾਂ ਦੀ ਵਿਸਥਾਰਪੂਰਵਕ ਵਿਆਖਿਆ ਹੇਠ ਲਿਖੇ ਅਨੁਸਾਰ ਹੈ:

ਨਿਰਦੇਸ਼ਾਤਮਕ ਨਿਯਮ ਤੇ ਨਿਸ਼ੇਧਾਤਮਕ ਨਿਯਮ[ਸੋਧੋ]

ਨਿਰਦੇਸ਼ਾਤਮਕ ਤੋਂ ਭਾਵ ‘ਇਹ ਕਰੋ` ਅਤੇ ਨਿਸ਼ੇਧਾਤਮਕ ਤੋਂ ਭਾਵ ‘ਇਹ ਨਾ ਕਰੋ` ਇਹ ਨਿਯਮ ‘ਪ੍ਰਤੱਖ` ਵੀ ਹੋ ਸਕਦੇ ਹਨ ਤੇ ‘ਪ੍ਰੋਖ` ਵੀ। ਪ੍ਰਤੱਖ ਨਿਯਮ ਉਹ ਨਿਯਮ ਹਨ ਜੋ ਸਿਖਾਏ ਜਾਂਦੇ ਹਨ ਜਿਵੇਂ: ਹੱਥ ਜੋੜ ਕੇ ਨਮਸਤੇ ਕਰੋ, ਸੰਗਤ ਵਿੱਚ ਉਦਾਸੀ ਨਾ ਲਵੋ ਜਾਂ ਉਬਾਸੀ ਲੈਣ ਲੱਗਿਆ ਮੂੰਹ ਅੱਗੇ ਹੱਥ ਰੱਖ ਲੋਵ। ਪ੍ਰੋਖ ਨਿਯਮ ਉਹ ਨਿਯਮ ਹੰੁਦੇ ਹਨ ਜੋ ਸਿਖਾਏ ਨਹੀਂ ਜਾਂਦੇ ਸਗੋਂ ਉਨ੍ਹਾਂ ਨੂੰ ਮਨੁੱਖ ਸਮਾਜ ਵਿੱਚ ਵਿਚਰਦਾ ਆਪਣੇ ਆਪ ਗ੍ਰਹਿਣ ਕਰ ਲੈਂਦਾ ਹੈ। ਜਿਵੇਂ ਸਤਿਕਾਰ ਵਜੋਂ ਸਿਰ ਕੱਢ ਲੈਣ, ਹੱਸਦਿਆਂ ਤਾੜੀ ਮਾਰ ਕੇ ਖ਼ੁਸ਼ੀ ਦਾ ਪ੍ਰਗਟਾਅ,ਸਤਿਕਾਰ ਵਜੋਂ ਸਿਰ ਢੱਕ ਲੈਣਾ ਹੈ।[13]

ਆਦਰਸ਼ਕ ਅਤੇ ਵਿਆਪਕ ਨਿਯਮ[ਸੋਧੋ]

ਨਿਯਮ ਆਦਰਸ਼ਕ ਵੀ ਹੁੰਦੇ ਹਨ ਅਤੇ ਵਿਆਪਕ ਵੀ। ਆਦਰਸ਼ਕ ਨਿਯਮ ਉਹ ਹੁੰਦੇ ਹਨ, ਜਿੰਨ੍ਹਾਂ ਨੂੰ ਸਮਾਜ ਨੇ ਉਦਾਹਰਣੀ ਮੰਨ ਲਿਆ ਹੈ, ਪਰ ਜ਼ਰੂਰੀ ਨਹੀਂ ਸਮਾਜ ਵਿੱਚ ਸਾਰੇ ਵਿਅਕਤੀਆਂ ਦਾ ਵਿਹਾਰ ਹੀ ਆਦਰਸ਼ਕ ਹੋਵੇ। ਆਦਰਸ਼ ਕਦੇ ਵਿਆਪਕ ਨਹੀਂ ਹੁੰਦਾ, ਨਹੀਂ ਤਾਂ ਇਹ ਆਦਰਸ਼ਕ ਨਾ ਰਹੇ। ਜੇਕਰ ਆਦਰਸ਼ਕ ਅਤੇ ਵਿਆਪਕ ਦਾ ਪਾੜਾ ਵਧ ਜਾਏ ਤਾਂ ਸਮਾਜ ਦੀ ਏਕਤਾ, ਸੰਗਠਨ ਹੋਂਦ ਖ਼ਤਰੇ ਵਿੱਚ ਪੈ ਜਾਂਦੀ ਹੈ। ਇਸ ਲਈ ਸਮਾਜ ਲਈ ਜ਼ਰੂਰੀ ਹੈ ਉਹ ਨਿਯਮਾਂ ਦੀ ਪਾਲਣਾ ਕਰਵਾਏ, ਜਿਹੜੇ ਨਿਯਮ ਸਮਾਜ ਦਾ ਆਧਾਰ ਹੰੁਦੇ ਹਨ।

ਲੋਕਾਚਾਰ[ਸੋਧੋ]

ਡਾ. ਗੁਰਬਖ਼ਸ਼ ਸਿੰਘ ਫ਼ਰੈਂਕ, “ਅਮਰੀਕੀ ਸਮਾਜ ਵਿੱਚ ਵਿਗਿਆਨੀ ਸਮਨਰ ਦੇ ਹਵਾਲੇ ਨਾਲ ਲਿਖਦੇ ਹਨ ਕਿ ਉਸਨੇ ਨਿਯਮਾਂ ਨੂੰ ‘ਫ਼ੋਕਵੇਜ਼` ਅਤੇ ‘ਮੋਰਜ਼` ਦੋ ਕਿਸਮਾਂ ਵਿੱਚ ਵੰਡਿਆ ਹੈ ਪੰਜਾਬੀ ਵਿੱਚ ਉਨ੍ਹਾਂ ਨੇ ਇਸ ਦਾ ਨਾਮਕਰਣ ‘ਲੋਕਾਚਾਰ` ਅਤੇ ‘ਸਦਾਚਾਰ` ਕੀਤਾ ਹੈ।``[14] ਲੋਕਾਚਾਰ ਪ੍ਰਤਿਮਾਨਾਂ ਦਾ ਸਮੂਹ ਹੈ। ਇਹ ਰਵਾਇਤੀ ਕਿਸਮ ਦੇ ਨਿਯਮ ਹੁੰਦੇ ਹਨ। ਜੇਕਰ ਕੋਈ ਵਿਅਕਤੀ ਇੰਨ੍ਹਾਂ ਨਿਯਮਾਂ ਦੀ ਉਲੰਘਣਾ ਕਰੇ ਤਾਂ ਉਸਨੂੰ ਕੋਈ ਸਖ਼ਤ ਸਜਾ ਨਹੀਂ ਦਿੱਤੀ ਜਾਂਦੀ ਜਿਵੇਂ:- ਪਚਾਕੇ ਮਾਰ ਕੇ ਖਾਣ ਵਾਲੇ ਨੂੰ ਤੁਸੀਂ ਜੇਲ ਨਹੀਂ ਭਿਜਵਾ ਸਕਦੇ ਜਾਂ ਵਿਅਕਤੀ ਆਪਣੀ ਮਰਜੀ ਅਨੁਸਾਰ ਕੋਈ ਵੀ ਪਹਿਰਾਵਾ ਪਹਿਨ ਸਕਦਾ ਹੈ। ਇੰਨ੍ਹਾਂ ਨਿਯਮਾਂ ਦੀ ਪਾਲਣਾ ਜਿਆਦਾਤਰ ਮਨ ਦੀ ਸ਼ਾਂਤੀ ਲਈ ਕੀਤੀ ਜਾਂਦੀ ਹੈ।

ਸਦਾਚਾਰ[ਸੋਧੋ]

ਇਹ ਨਿਯਮ ਸਮਾਜਕ ਸਦਾਚਾਰ ਜਾਂ ਕਦਰਾਂ-ਕੀਮਤਾਂ ਦੇ ਰੂਪ ਵਿੱਚ ਕਾਰਜ਼ਸ਼ੀਲ ਸਮਾਜਕ ਮੁੱਲ ਹੰੁਦੇ ਹਨ। “ਸਮਾਜਕ ਕਦਰਾਂ-ਕੀਮਤਾਂ ਲਾਜ਼ਮੀ ਤੌਰ ਸਮਾਜਿਕ ਲੋੜਾਂ ਅਨੁਸਾਰ ਅਤੇ ਲੋਕ ਪ੍ਰਵਾਨਗੀ ਪ੍ਰਾਪਤ ਕਰਨ ਉਪਰੰਤ ਹੀ ਸਥਾਪਤ ਹੁੰਦੀਆਂ ਹਨ ਅਤੇ ਇੰਨ੍ਹਾਂ ਦਾ ਸੁਭਾਅ ਹਮੇਸ਼ਾਂ ਪਰਿਵਰਤਨਸ਼ੀਲ ਹੁੰਦਾ ਹੈ।``[15] ਜਿਵੇਂ ਕਿਸੇ ਵੇਲੇ ਧੀਆਂ ਪੁੱਤਰਾਂ ਲਈ ਮਾਪਿਆਂ ਦੀ ਰਜ਼ਾ ਵਿੱਚ ਰਹਿਣਾ ਅਤੇ ਉਹਨਾਂ ਦੇ ਫ਼ੈਸਲਿਆਂ ਦੀ ਪਾਲਣਾ ਕਰਨਾ ਆਦਰਸ਼ਕ ਵਤੀਰਾ ਸਮਝਿਆ ਜਾਂਦਾ ਸੀ, ਤਾਂ ਅੱਜ ਪਹਿਲ ਇਸ ਗੱਲ ਨੂੰ ਨਹੀਂ ਦਿੱਤੀ ਜਾਂਦੀ ਸਗੋਂ ਵੇਖਿਆ ਜਾਂਦਾ ਹੈ ਕਿ ਫੈਸਲਾ ਤਰਕ-ਸੰਗਤ ਹੈ ਜਾਂ ਨਹੀਂ। ਇਹਨਾਂ ਨਿਯਮਾਂ ਦਾ ਰੂਪ ਜਾਂ ਇਹਨਾਂ ਦੀ ਪਾਲਣਾ ਅਤੇ ਉਲੰਘਣਾ ਵੱਲ ਸਮਾਜ ਦਾ ਵਤੀਰਾ ਹਮੇਸ਼ਾ ਹੀ ਇਕੋ ਜਿਹਾ ਨਹੀਂ ਰਹਿੰਦਾ। ਇਸ ਤਰ੍ਹਾਂ ਜੇਕਰ ਕੋਈ ਵਿਅਕਤੀ ਰੋਟੀ ਖਾਂਦੇ ਸਮੇਂ ਸ਼ਰਾਬ ਦੇ ਨਸ਼ੇ ਵਿੱਚ ਗਾਹਲਾ ਕੱਢੇ ਤਾਂ ਉਸਨੂੰ ਕੁਝ ਵਧੇਰੇ ਸਜਾ ਦਿੱਤੀ ਜਾਂਦੀ ਹੈ। ਉਸਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਜਾਂ ਪੁਲਿਸ ਕੋਲ ਫੜਾਇਆ ਜਾਂਦਾ ਹੈ।

ਟੈਬੂ[ਸੋਧੋ]

ਇਹ ਉਹ ਨਿਯਮ ਹੁੰਦੇ ਹਨ, ਜਿੰਨ੍ਹਾਂ ਬਾਰੇ ਕੋਈ ਸਮਾਜ ਇਹ ਕਿਆਸ ਹੀ ਨਹੀਂ ਕਰਦਾ ਕਿ ਇਹਨਾਂ ਦੀ ਉਲੰਘਣਾ ਵੀ ਕੀਤੀ ਜਾ ਸਕਦੀ ਹੈ। “ਅੰਗਰੇਜ਼ੀ ਭਾਸ਼ਾ ਦਾ ਸ਼ਬਦ ਟੈਬੂ ‘ਪੋਲੀਨੇਸ਼ੀਆ` ਦੇ ਸ਼ਬਦ ‘ਟਾਬੂ` ਤੋਂ ਲਿਆ ਗਿਆ ਹੈ। ਇਸ ਸ਼ਬਦਾਂ ਨੂੰ ਕਿਸੇ ਵਿਸ਼ੇਸ਼ ਪ੍ਰਕਾਰ ਦੀ ਮਨਾਹੀ ਦੇ ਅਰਥਾਂ ਵਿੱਚੋਂ ਲਿਆ ਜਾਂਦਾ ਹੈ।``[16]ਹਰੇਕ ਸਮਾਜ ਦੇ ਤਾਬੂ ਵੱਖੋ-ਵੱਖਰੇ ਹੋ ਸਕਦੇ ਹਨ ਜਿਵੇਂ ਪਤੀ-ਪਤਨੀ ਤੋਂ ਇਲਾਵਾ ਮੂਲ ਪਰਿਵਾਰ ਦੇ ਮੈਬਰਾਂ ਵਿੱਚ ਜਿਨਸੀ ਸਬੰਧ ਰੱਖਣਾ, ਯੂਨਾਨੀ ਈਡੀਪਸ ਮਿੱਥ ਟੈਬੂ ਦੀ ਅਵਤੇਲਨਾ ਅਤੇ ਉਪਜੇ ਭਿਆਨਕ ਪਰਿਵਾਰ ਦੀ ਗਾਥਾ ਹੈ। ਹਿੰਦੂ ਸਮਾਜ ਵਿੱਚ ਗਊ ਹੱਤਿਆ ਆਦਿ। “ਟੈਬੂ ਦੀ ਪ੍ਰਾਕਿਤੀ ਵਿੱਚ ਸਮਾਜਿਕ ਕੀਮਤਾਂ ਤੇ ਸੰਸਕਾਰਕ ਕੀਮਤਾਂ ਸ਼ਾਮਿਲ ਹੁੰਦੀਆਂ ਹਨ। ਸੰਸਾਕਾਰਕ ਕੀਮਤਾਂ ਦਾ ਸਬੰਧ ਲੋਕ ਸਮੂਹ ਦੀ ਸਾਂਝੀ ਜੀਵਨ ਸ਼ੈਲੀ ਦੇ ਪੈਟਰਨ ਤੇ ਪ੍ਰਤਿਮਾਨ ਨਿਸ਼ਚਤ ਕਰਨਾ ਹੁੰਦਾ ਹੈ। ਜੀਵਨ ਦੇ ਵੱਡੇ ਸੰਕਟਸ਼ੀਲ ਮੌਕਿਆਂ ਖਾਸ ਕਰਕੇ ਜਨਮ, ਵਿਆਹ ਅਤੇ ਮੌਤ ਬਾਰੇ ਜ਼ਿਆਦਾ ਟੈਬੂ ਪ੍ਰਚਲਿਤ ਹਨ। ਪ੍ਰਸੂਤ, ਨਵਜਨਮ ਬਾਲ ਤੇ ਇਸ ਨਾਲ ਸਬੰਧਤ ਕਿਰਿਆਵਾਂ ਬਾਰੇ ਟੈਬੂ ਵਿਆਹੰਦੜ ਮੁੰਡੇ-ਕੁੜੀ ਬਾਰੇ ਟੈਬੂ, ਮ੍ਰਿਤਕ ਸਰੀਰ ਬਾਰੇ ਸਾਡੇ ਸਭਿਆਚਾਰ ਦਾ ਹਿੱਸਾ ਹਨ।``[17]ਟੈਬੂ ਦਾ ਸੰਬੰਧ ਸੰਸਕਾਰਕ ਕੀਮਤਾਂ ਨਾਲ ਵੀ ਹੁੰਦਾ ਹੈ। ਟੈਬੂ ਮੰਨਣ ਵਾਲੇ ਲੋਕ ਹਰ ਟੈਬੂ ਦੀ ਆਪਣੀ ਤਰ੍ਹਾਂ ਵਿਆਖਿਆ ਕਰਦੇ ਹਨ। ਉਨ੍ਹਾਂ ਟੈਬੂਆਂ ਪਿੱਛੇ ਲੁਪਤ ਮਨੋਰਥ ਛੁਪੇ ਹੰੁਦੇ ਹਨ। “ਟੈਬੂ ਨਾਲ ਸਬੰਧਿਤ ਸੰਸਾਕਾਰਕ ਕਾਰਜ ਤਕਨੀਕੀ ਕਾਰਜ ਤੋਂ ਵੱਖਰੇ ਹੁੰਦੇ ਹਨ। ਇਹ ਪ੍ਰਤੀਕਮਈ ਕਾਰਜ ਹੰੁਦੇ ਹਨ। ਜਿਵੇਂ:- ਕੁਝ ਵਿਅਕਤੀ ਮੰਗਲਵਾਰ ਨੂੰ ਮੀਟ ਅਤੇ ਸ਼ਰਾਬ ਦੀ ਵਰਤੋਂ ਨਹੀਂ ਕਰਦੇ, ਕੁਝ ਲੋਕ ਸਨਿੱਚਰਵਾਰ ਲੋਹਾ ਖਰੀਦਣ ਨੂੰ ਟੈਬੂ ਮੰਨਦੇ ਹਨ। ਇਸ ਤਰ੍ਹਾਂ ਖ਼ਾਸ ਸਭਿਆਚਾਰ ਕੁਝ ਖਾਸ ਅੰਕਾਂ ਨੂੰ ਟੈਬੂ ਮੰਨਦੇ ਹਨ।

ਕਾਨੂੰਨ[ਸੋਧੋ]

ਸਭਿਆਚਾਰ ਨਿਆਂ ਸੰਸਥਾਵਾਂ ਦੀ ਆਪਣੀ ਨਿਵੇਕਲੀ ਨਿਆਂ ਵਿਧੀ ਸਜ਼ਾਵਾਂ ਅਤੇ ਅਨੁਸ਼ਾਸ਼ਨ ਹੁੰਦਾ ਹੈ। ਜਿਸਨੂੰ ਸਹਿਜ ਸਮੂਹਿਕ ਪ੍ਰਵਾਨਗੀ ਮਿਲੀ ਹੁੰਦੀ ਹੈ। ਪੰਜਾਬੀ ਸਭਿਆਚਾਰ ਵਿੱਚ ਪੰਚ ਜਾਂ ਬਰਾਦਰੀ ਦੇ ਮੁਖੀਏ ਇਸ ਦੇ ਕਾਰਮੁਖਤਾਰ ਹੁੰਦੇ ਹਨ। ਚੋਰੀ, ਗਲਤ ਵਿਹਾਰ, ਅਣ-ਵੰਚਿਤ ਕੰਮਾਂ ਵਿਹਾਰਾਂ ਲਈ ਮੁਆਫੀ ਮੰਗਣਾ ਭਾਈਚਾਰਕ ਬਾਈਕਾਟ ਆਦਿ ਸਜਾ ਦੇ ਰੂਪ ਪ੍ਰਚੱਲਿਤ ਸਨ। ਕਾਨੂੰਨ ਪ੍ਰਤਿਮਾਨਿਕ ਸਭਿਆਚਾਰ ਨੂੰ ਨਾ ਸਿਰਫ ਠੋਸ ਅਤੇ ਸਪੱਸ਼ਟ ਰੂਪ ਦੇਂਦਾ ਹੈ ਸਗੋਂ ਵੇਲੇ ਦੀਆਂ ਪ੍ਰਧਾਨ ਕਦਰਾਂ-ਕੀਮਤਾਂ ਨੂੰ ਮੁਖ ਰੱਖਦਿਆਂ ਉਹਨਾਂ ਵਿੱਚ ਤਬਦੀਲੀ ਲਿਆਉਣ ਦੀ ਵੀ ਕੋਸ਼ਿਸ਼ ਕਰਦਾ ਹੈ। ਪਰ ਅਜੋਕੇ ਸਮੇਂ ਵਿੱਚ ਇਹ ਸਭਿਆਚਾਰ ਨਿਆਂ ਪ੍ਰਣਾਲੀ ਗਾਇਬ ਹੋ ਰਹੀ ਹੈ, ਇਸਦੀ ਥਾਂ ਜੱਜ, ਵਕੀਲਾਂ ਅਤੇ ਕਾਨੂੰਨ ਦੀ ਸ਼ਕਤੀ ਦਾ ਪ੍ਰਭਾਵ ਵੱਧ ਰਿਹਾ ਹੈ, ਕਾਨੂੰਨੀ ਨਿਯਮਾਂ ਦੀ ਉਲੰਘਣ ਲਈ ਸਜ਼ਾ ਹਮੇਸ਼ਾਂ ਨਿਸ਼ਚਿਤ ਹੁੰਦੀ ਹੈ। ਇਹਨਾਂ ਵਿੱਚ ਲੋਕਾਚਾਰ ਜਾਂ ਸਦਾਚਾਰ ਦੇ ਨਿਯਮਾਂ ਵਾਲੀ ਅਨਿਸਚਿਤਤਾ ਨਹੀਂ ਹੁੰਦੀ।ਇਸੇ ਲਈ ਕਾਨੂੰਨ ਵਿਚ ਬੁਨਿਆਦੀ ਤਬਦੀਲੀਆਂ ਓਦੋਂ ਤੱਕ ਸੰਭਵ ਨਹੀਂ ਹੁੰਦੀਆਂ,ਜਦੋਂ ਤੱਕ ਸਮਾਜ ਦੀ ਬਣਤਰ ਅਤੇ ਸਮਾਜਕ ਰਿਸ਼ਤਿਆਂ ਵਿਚ ਬੁਨਿਆਦੀ ਤਬਦੀਲੀਆਂ ਨਾ ਆ ਜਾਣ,ਇਸ ਤਰ੍ਹਾਂ ਨਾਲ ਕਿਸੇ ਸਮਾਜ ਦੀ ਦੰਡਾਵਲੀ ਉਸ ਸਮਾਜ ਦੇ ਇਕ ਸਮੁੱਚੇ ਪੜਾਅ ਦੀ ਬੜੀ ਚੰਗੀ ਸਚੂਕ ਹੋ ਸਕਦੀ ਹੈ।[18]

ਬੋਧਾਤਮਿਕ ਸੱਭਿਆਚਾਰ[ਸੋਧੋ]

ਪਦਾਰਥਕ ਸੱਭਿਆਚਾਰ ਅਤੇ ਪ੍ਰਤਿਮਾਨਿਕ ਸੱਭਿਆਚਾਰ ਤੋਂ ਬਿਨਾਂ ਸੱਭਿਆਚਾਰ ਸਿਸਟਮ ਦਾ ਤੀਜਾ ਅੰਗ ਬੋਧਾਤਮਿਕ ਸੱਭਿਆਚਾਰ ਹੈ। “ਬੋਧਾਤਮਿਕ ਸੱਭਿਆਚਾਰ ਵਿੱਚ ਵਿਚਾਰ, ਵਤੀਰੇ, ਵਿਸ਼ਵਾਸ, ਸਾਹਿਤ, ਕਲਾ, ਧਰਮ, ਮਿਥਿਹਾਸ, ਫ਼ਲਸਫ਼ਾ ਸਾਰਾ ਕੁਝ ਇਸ ਅੰਗ ਵਿੱਚ ਆਉਂਦਾ ਹੈ।”1 ਜੇ ਪ੍ਰਤਿਮਾਨਿਕ ਸੱਭਿਆਚਾਰ ਸਮਾਜਕ ਕਾਰਜ ਦੀ ਉਚਿਤਤਾ ਜਾਂ ਅਣਉਚਿਤਤਾ ਬਾਰੇ ਮਿਆਰ ਕਾਇਮ ਕਰਦਾ ਹੈ ਤਾਂ ਇਹਨਾਂ ਮਿਆਰਾਂ ਦਾ ਸੋਮਾ ਉਹ ਫ਼ਲਸਫ਼ਾ, ਸੰਸਾਰ ਦ੍ਰਿਸ਼ਟੀਕੋਣ ਜਾਂ ਵਿਸ਼ਵਾਸ ਹੁੰਦੇ ਹਨ ਜਿਹਨਾਂ ਨੂੰ ਸਮਾਜ ਨੇ ਆਪਣੀਆਂ ਉੱਪਰੋਕਤ ਸਿਰਜਣਾਵਾਂ ਵਿੱਚ ਰਚਨ ਦੇ ਢੰਗ ਨਾਲ ਸਾਕਾਰ ਕੀਤਾ ਹੁੰਦਾ ਹੈ। “ਮਿਥਿਹਾਸ ਨਿਰਾ ਕਲਪਤ ਕਹਾਣੀਆਂ ਦਾ ਸਮੂਹ ਨਹੀਂ ਹੈ ਸਗੋਂ ਰੋਜ਼ਾਨਾ ਜੀਵਨ ਤੋਂ ਲੈ ਕੇ ਪਰਾਲੌਕਿਕ ਜਗਤ ਦੇ ਵਰਤਾਰਿਆਂ ਤੱਕ ਕਿਸੇ ਸਮਾਜ ਦੇ ਦ੍ਰਿਸ਼ਟੀਕੋਣ ਨੂੰ ਚਿੰਨ੍ਹਾਤਮਕ ਢੰਗ ਨਾਲ ਪੇਸ਼ ਕੀਤਾ ਹੁੰਦਾ ਹੈ।”2 ਇਸੇ ਤਰ੍ਹਾਂ ਦਰਸ਼ਨ, ਕਲਾ, ਸਾਹਿਤ ਅਤੇ ਧਰਮ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ।

ਸੱਭਿਆਚਾਰ ਦੇ ਬੋਧਾਤਮਿਕ ਪੱਖ ਵਿੱਚ ਕਈ ਤਰ੍ਹਾਂ ਦੇ ਅੰਸ਼ ਪਾਏ ਜਾਂਦੇ ਹਨ। “ਬੋਧਾਤਮਿਕ ਸੱਭਿਆਚਾਰ ਦੇ ਅੰਸ਼ ਮੁੱਖ ਤੌਰ `ਤੇ ਸਾਹਿਤ, ਕਲਾ, ਧਰਮ, ਅਨੁਸ਼ਠਾਨ, ਵਤੀਰੇ ਅਤੇ ਮਿਥਿਹਾਸ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ। ਸੱਭਿਆਚਾਰ ਦਾ ਇਹ ਪੱਖ ਹੀ ਮਨੁੱਖ ਨੂੰ ਭੂਤ, ਵਰਤਮਾਨ ਅਤੇ ਭਵਿੱਖ ਦੀ ਕਲਪਣਾ ਕਰ ਸਕਣ ਦੇ ਸਮਰੱਥ ਬਣਾਉਂਦਾ ਹੈ।”3

ਸੱਭਿਆਚਾਰ ਦੇ ਵਿਭਿੰਨ ਪੱਖ (ਪਦਾਰਥਕ, ਪ੍ਰਤਿਮਾਨਿਕ, ਬੋਧਾਤਮਿਕ) ਅਸਲ ਵਿੱਚ ਸੰਬੰਧਤ ਕਦਰਾਂ ਨੂੰ ਹੀ ਚਿਹਨਿਤ ਕਰਦੇ ਹਨ। ਇਹ ਪੱਖ ਆਪਣੀ ਵੱਖਰੀ ਹੋਂਦ ਰੱਖ ਦੇ ਹੋਏ ਵੀ ਦੂਸਰੇ ਭਾਗਾਂ ਨਾਲ ਅਨਿੱਖੜ ਤੌਰ `ਤੇ ਜੁੜੇ ਹੋਏ ਹੁੰਦੇ ਹਨ, ਜਿਵੇਂ ਸਿਗਰਟ ਦਾ ਇੱਕ ਟੁਕੜਾ ਪਦਾਰਥਕ ਚਿਹਨ ਹੈ, ਪਰੰਤੂ ਇਹ ਕਿਵੇਂ ਪੀਣੀ ਹੈ ; ਇਸ ਦਾ ਸੰਬੰਧ ਪ੍ਰਤਿਮਾਨਿਕ ਕਦਰ ਨਾਲ ਜੁੜਦਾ ਹੈ। ਜਦੋਂ ਕਿ ਇਹ ਪੀਣੀ ਚਾਹੀਦੀ ਹੈ ਜਾਂ ਨਹੀਂ =;ਵਸ ਇਸ ਗੱਲ ਦਾ ਸੰਬੰਧ ਬੋਧਾਤਮਿਕ ਪੱਖ ਨਾਲ ਹੁੰਦਾ ਹੈ। ਇਸ ਤਰ੍ਹਾਂ ਦੀਆਂ ਹੋਰ ਅਨੇਕਾਂ ਉਦਾਹਰਨਾਂ ਹਨ ਜੋ ਸੱਭਿਆਚਾਰ ਨੂੰ ਇੱਕ ਜੁੱਟ ਸਿਸਟਮ ਵੱਜੋਂ ਪੇਸ਼ ਕਰਦੀਆਂ ਹਨ। “ਸੱਭਿਆਚਾਰ ਦੇ ਵਿਭਿੰਨ ਪੱਖ ਨਾ ਕੇਵਲ ਅੰਤਰ ਸੰਬੰਧਤ ਹੀ ਹੁੰਦੇ ਹਨ ਸਗੋਂ ਅੰਤਰ-ਨਿਰਧਾਰਿਤ ਵੀ ਹੁੰਦੇ ਹਨ। ਅਜਿਹੀ ਹਾਲਤ ਵਿੱਚ ਸੱਭਿਆਚਾਰ ਦੇ ਕਿਸੇ ਇੱਕ ਪੱਖ ਵਿੱਚ ਆਈ ਤਬਦੀਲੀ ਉਸ ਦੇ ਸਮੁੱਚੇ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ।”4 ਬੋਧਾਤਮਿਕ ਸੱਭਿਆਚਾਰ ਵਿੱਚ ਸ਼ਾਮਲ ਹੋਰਨਾਂ ਉਪ-ਅੰਗਾਂ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ:-

ਸਾਹਿਤ[ਸੋਧੋ]

ਸਾਹਿਤ ਸੱਭਿਆਚਾਰ ਦੇ ਅੰਗ, ਬੋਧਾਤਮਿਕ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ ਹੈ। “ਸਾਹਿਤ ਵੀ ਸੱਭਿਆਚਾਰ ਦੇ ਸੰਚਾਰ ਲਈ ਇੱਕ ਜ਼ਰੂਰੀ ਭੂਮਿਕਾ ਨਿਭਾਉਂਦਾ ਹੈ। ਸਾਹਿਤ ਦੇ ਤੱਤ ਜਿਹੜੇ ਵਿਅਕਤੀਗਤ ਵੰਨਗੀ ਵਿੱਚ ਵੀ ਆਉਂਦੇ ਹਨ, ਉਹ ਵੀ ਪ੍ਰੇਰਨਾ ਸੱਭਿਆਚਾਰਕ ਧਰਾਤਲ ਤੋਂ ਹੀ ਹਾਸਲ ਕਰਦੇ ਹਨ। ਸਾਹਿਤ ਇੱਕ ਅਜਿਹਾ ਜ਼ਜ ਹੈ ਜਿਸ ਦੀ ਸਿਰਜਣਾ ਸੱਭਿਆਚਾਰਕ ਸਮੱਗਰੀ ਤੋਂ ਬਿਨਾਂ ਸੰਭਵ ਨਹੀਂ।”5 ਜੇਕਰ ਪੰਜਾਬੀ ਸੱਭਿਆਚਾਰ ਨੂੰ ਸਮਝਣਾ ਹੋਵੇ ਤਾਂ ਉਸ ਦਾ ਆਧਾਰ ਸਾਹਿਤ ਬਣਦਾ ਹੈ। ਸਾਹਿਤ ਦੀ ਰਚਨਾ ਸੱਭਿਆਚਾਰ ਪਰੰਪਰਾ ਅਤੇ ਪ੍ਰਤਿਭਾਵਾਨ ਵਿਅਕਤੀ ਦੇ ਬੋਧਿਕ ਅਮਲ ਦੀ ਅੰਤਰ ਪ੍ਰਕਿਰਿਆ ਸਦਕਾ ਹੈ।

ਭਾਸ਼ਾ[ਸੋਧੋ]

ਭਾਸ਼ਾ ਨੂੰ ਸੱਭਿਆਚਾਰ ਦਾ ਵਾਹਣ ਕਿਹਾ ਜਾਂਦਾ ਹੈ। ਬਹੁਤ ਸਾਰੇ ਵਿਦਵਾਨਾਂ ਦਾ ਵਿਚਾਰ ਹੈ ਕਿ ਭਾਸ਼ਾ ਹੀ ਸੱਭਿਆਚਾਰ ਦੀ ਜਣਨੀ ਹੈ। ਇਹ ਸੱਭਿਆਚਾਰ ਦੀ ਸ਼ਰਤ ਵੀ ਹੈ। ਭਾਸ਼ਾ ਅਤੇ ਸੱਭਿਆਚਾਰ ਸਮਾਨ ਸਮੱਗਰੀ ਦੇ ਬਣੇ ਹੋਏ ਹੁੰਦੇ ਹਨ। ਭਾਸ਼ਾ ਵਿਵਹਾਰ ਅਤੇ ਸੱਭਿਆਚਾਰ ਦਾ ਵਿਵਹਾਰ ਵੀ ਚਿੰਨ੍ਹਾਤਮਕ ਹੈ। “ਹਰ ਭਾਸ਼ਾ ਆਪਣੇ ਸੱਭਿਆਚਾਰ ਦੇ ਪ੍ਰਸੰਗ ਵਿੱਚ ਹੀ ਅਰਥ ਰੱਖਦੀ ਹੈ ਜਿਸ ਕਰ ਕੇ ਇਸ ਦਾ ਕਿਸੇ ਹੂ-ਬ-ਹੂ ਅਨੁਵਾਦ ਅਸੰਭਵ ਹੁੰਦਾ ਹੈ।”6

ਕਲਾ[ਸੋਧੋ]

ਕਲਾਵਾਂ ਸੱਭਿਆਚਾਰ ਦਾ ਅਹਿਮ ਅੰਗ ਹਨ। ਕਲਾਵਾਂ ਮਨੁੱਖ ਦੀ ਸਿਰਜਣਾਤਮਕ ਪ੍ਰਤਿਭਾ ਦਾ ਅਨੂਠਾ ਸੱਭਿਆਚਾਰਕ ਪ੍ਰਗਟਾ-ਮਾਧਿਅਮ ਹਨ। ਇਹ ਸੱਭਿਆਚਾਰਕ ਅਨੁਭਵਾਂ, ਅਹਿਸਾਸਾਂ, ਸੰਕਟਾਂ ਅਤੇ ਆਕਾਂਖਿਆਵਾਂ ਦੀ ਪੇਸ਼ਕਾਰੀ ਦਾ ਮਾਧਿਅਮ ਹਨ।

ਧਰਮ[ਸੋਧੋ]

ਧਰਮ ਸੱਭਿਆਚਾਰ ਪ੍ਰਬੰਧ ਦਾ ਇਤਨਾ ਪ੍ਰਬਲ ਤੇ ਫੈਸਲਾਕੁਨ ਅੰਗ ਹੈ ਕਿ ਕਈ ਵਾਰੀ ਇਹ ਵਿਸ਼ੇਸ਼ ਸੱਭਿਆਚਾਰ ਦੀ ਨਿਖੜਵੀ ਪਛਾਣ, ਨਾਮਕਰਣ ਅਤੇ ਪ੍ਰਮਾਣਿਕਤਾ ਦਾ ਆਧਾਰ ਵੀ ਬਣ ਜਾਂਦਾ ਹੈ। ਸੱਭਿਆਚਾਰ ਦੇ ਇਤਿਹਾਸ ਵਿੱਚ ਧਰਮ ਦਾ ਰੋਲ ਅਤੇ ਮਹੱਤਤਾ ਪੁਰਾਤਨ ਕਾਲ ਤੋਂ ਆਧੁਨਿਕ ਕਾਲ ਤੱਕ ਨਿਰੰਤਰ ਬਦਲਦੀ ਆਈ ਹੈ। “ਆਦਿ-ਕਾਲੀ ਇਤਿਹਾਸ ਤੋਂ ਲੈ ਕੇ ਹੁਣ ਤੱਕ ਧਰਮ ਨੂੰ ਮਨੁੱਖੀ ਅਮਲ, ਵਿਵਹਾਰ, ਉਦੇਸ਼, ਪ੍ਰਤਿਮਾਨ, ਕੀਮਤਾਂ, ਵਿਸ਼ਵਾਸਾਂ ਤੇ ਰੀਤੀ-ਰਿਵਾਜਾਂ ਨੂੰ ਨਿਰਧਾਰਿਤ ਕਰਨ ਦਾ ਸਭ ਤੋਂ ਅਹਿਮ ਪ੍ਰੇਰਕ ਰਿਹਾ ਹੈ। ਜਿਸਦੇ ਫਲਸਰੂਪ ਵਿਭਿੰਨ ਧਰਮਾਂ ਦੇ ਨਾਂ ਤੇ ਹੀ ਸੱਭਿਆਚਾਰਾਂ ਦਾ ਨਾਮਕਰਣ ਪ੍ਰਚਲਿਤ ਹੋਇਆ ਜਿਵੇਂ ਸਿੱਖ ਸੱਭਿਆਚਾਰ, ਹਿੰਦੂ ਸੱਭਿਆਚਾਰ ਅਤੇ ਇਸਲਾਮੀ ਸੱਭਿਆਚਾਰ ਆਦਿ।”7

ਵਿਵਹਾਰ/ਵਤੀਰਾ[ਸੋਧੋ]

ਵਿਵਹਾਰ ਵੀ ਸੱਭਿਆਚਾਰ ਪ੍ਰਬੰਧ ਦੇ ਵਿਭਿੰਨ ਅੰਗਾਂ ਵਿਚੋਂ ਅਹਿਮ ਅੰਗ ਹੈ। “ਜੋ ਮਨੁੱਖ ਨੂੰ ਪਸ਼ੂ ਨਾਲੋਂ ਵਖਰਿਆਉਣ ਅਤੇ ਸਮੁੱਚਾ ਇਨਸਾਨ ਬਣਾਉਣ ਦੀ ਮੁੱਖ ਅਨੁਸ਼ਾਸਨੀ-ਜੁਗਤ ਦਾ ਸਮੁੱਚ ਹੈ। ਜੋ ਬੱਚੇ ਦੇ ਜੰਮਣ ਤੋਂ ਸ਼ੁਰੂ ਹੋ ਕੇ ਮਰਦੇ ਦਮ ਤਕ ਹਾਜ਼ਰ ਰਹਿੰਦਾ ਹੈ।”8 ਇਸ ਵਿੱਚ ਸਹਿਜ ਸਿਖਿਆ, ਸੁਚੇਤ ਵਿਦਿਆ ਤੋਂ ਲੈ ਕੇ ਸ਼ਲਾਘਾ/ਸਜ਼ਾ ਦੇ ਵਿਭਿੰਨ ਰੂਪ ਸ਼ਾਮਲ ਹੁੰਦੇ ਹਨ।

ਲੋਕਧਾਰਾ[ਸੋਧੋ]

ਸੱਭਿਆਚਾਰ ਲੋਕਧਾਰਾ ਦਾ ਵਿਭਾਵ ਹੈ। ਲੋਕਧਾਰਾ ਸੱਭਿਆਚਾਰ ਦੀ ਉਤਪਤੀ ਹੋਣ ਕਰ ਕੇ ਇਸ ਦਾ ਅਨਿਖੜ ਅੰਗ ਹੈ। ਲੋਕਧਾਰਾ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਭਾਗ ਸਿਰਜਦੀ ਹੈ। ਲੋਕਧਾਰਾ ਸਮਾਜ ਦੀ ਸਥਾਪਤੀ, ਸਿੱਖਿਆ ਦਾ ਪਾਸਾਰ ਅਤੇ ਭਾਈਚਾਰੇ ਦੀ ਸਥਾਪਨਾ ਦਾ ਪ੍ਰਕਾਰਜ ਕਰਦੀ ਹੈ। “ਸਮੇਂ ਸਥਾਨ ਅਤੇ ਸਨਮੁੱਖ ਪਰਿਸਥਿਤੀਆਂ ਦੇ ਪ੍ਰਸੰਗ ਵਿੱਚ ਲੋਕ-ਸਮੂਹ ਦੀ ਸੱਭਿਆਚਾਰਕ ਸੋਚਣੀ ਦਾ ਵਿਅਕਤ ਰੂਪ ਹੀ ਲੋਕਧਾਰਾ ਹੈ। ਇਸ ਪ੍ਰਗਟਾ ਲਈ ਵਰਤੀ ਗਈ ਸਮੱਗਰੀ ਅਤੇ ਮਾਧਿਅਮ ਦੀ ਕਿਸਮ ਲੋਕਧਾਰਾ ਦੇ ਵਿਭਿੰਨ ਰੂਪਾਂ ਨੂੰ ਨਿਰਧਾਰਤ ਕਰਦੀ ਹੈ।”9 ਲੋਕਧਾਰਾ ਇੱਕ ਵਰਤਾਰਾ ਹੈ। ਇਸ ਦਾ ਪਾਸਾਰ ਵਿਸ਼ਵ ਦੇ ਸਾਰਿਆਂ ਸੱਭਿਆਚਾਰਾ ਵਿੱਚ ਹੈ। ਲੋਕਧਾਰਾ ਦਾ ਅਧਿਐਨ ਸੰਬੰਧਤ ਸੱਭਿਆਚਾਰ ਦੀ ਸੀਮਾਂ ਅੰਦਰ ਹੀ ਕੀਤਾ ਜਾ ਸਕਦਾ ਹੈ।

ਸੱਭਿਆਚਾਰ ਦੇ ਇਹ ਤਿੰਨੋਂ ਅੰਗ (ਪਦਾਰਥਕ, ਪ੍ਰਤਿਮਾਨਕ, ਬੋਧਾਤਮਿਕ) ਅੰਤਰ-ਸੰਬੰਧਤ ਹਨ। ਜਿਵੇਂ: ਕੋਈ ਗੱਲ ਕਿਵੇਂ ਕਰਨੀ ਹੈ: ਕਿਵੇਂ ਨਹੀਂ ਕਰਨੀ =;ਵਸ ਇਸ ਦਾ ਗਿਆਨ ਸਾਨੂੰ ਪ੍ਰਤਿਮਾਨਿਕ ਸੱਭਿਆਚਾਰ ਤੋਂ ਮਿਲੇਗਾ। ਪਰ ਕਿਉਂ ਕਰਨੀ ਹੈ ਅਤੇ ਕਿਉਂ ਨਹੀਂ ਕਰਨੀ =;ਵਸ ਇਸ ਦਾ ਪਤਾ ਬੋਧਾਤਮਿਕ ਸੱਭਿਆਚਾਰ ਤੋਂ ਲੱਗੇਗਾ। ਇਸ ਤਰ੍ਹਾਂ ਸੱਭਿਆਚਾਰ ਸਿਸਟਮ ਦੇ ਅੰਗ ਅੰਤਰ-ਸੰਬੰਧਤ ਹੋਣ ਦੇ ਨਾਲ-ਨਾਲ ਇਕ-ਦੂਜੇ ਨੂੰ ਪ੍ਰਭਾਵਿਤ ਵੀ ਕਰਦੇ ਹਨ। ਇੱਕ ਅੰਗ ਵਿੱਚ ਆਈ ਤਬਦੀਲੀ ਦੂਸਰੇ ਅੰਗਾਂ ਨੂੰ ਵੀ ਨਿਰੰਤਰ ਪ੍ਰਭਾਵਿਤ ਕਰਦੀ ਹੈ। ਜਿਸ ਤੋਂ ਪਤਾ ਲਗਦਾ ਹੈ ਕਿ ਸੱਭਿਆਚਾਰ ਇੱਕ ਜੁੱਟ ਅਤੇ ਜਟਿਲ ਸਿਸਟਮ ਹੈ।

ਸਭਿਆਚਾਰਕ ਪਰਿਵਰਤਨ[ਸੋਧੋ]

ਸੱਭਿਆਚਾਰ ਦੇ ਸੰਬੰਧ ਵਿੱਚ ਇੱਕ ਨਿਰਪੇਖ ਸਚਾਈ ਇਹ ਹੈ ਕਿ ਇਹ ਬਦਲਦਾ ਰਹਿੰਦਾ ਹੈ। ਇਹ ਇੱਕ ਗਤੀਸ਼ੀਲ ਵਰਤਾਰਾ ਹੈ। ਖੜੋਤ ਵਿੱਚ ਲੱਗਦੇ ਸਭਿਆਚਾਰ ਵੀ ਨਿਰੰਤਰ ਪਰਿਵਰਤਨ ਵਿਚੋਂ ਲੰਘ ਰਹੇ ਹੁੰਦੇ ਹਨ, ਜਿਸ ਦਾ ਪਤਾ ਸਾਨੂੰ ਉਦੋਂ ਲੱਗਦਾ ਹੈ, ਜਦੋਂ ਇਹਨਾਂ ਦੀ ਹੋਂਦ ਦੇ ਲੰਮੇ ਸਮੇਂ ਨੂੰ ਅਸੀਂ ਨਿਰੀਖਣ ਹੇਠ ਲਿਆਈਏ। ਸੱਭਿਆਚਾਰ ਪਰਿਵਰਤਨ ਪਿੱਛੇ ਕਈ ਕਾਰਨ ਕੰਮ ਕਰਦੇ ਹਨ। ਇਨ੍ਹਾਂ ਕਾਰਨਾਂ ਨੂੰ ਤਿੰਨ ਮੁੱਖ ਹਿੱਸਿਆਂ ਵਿੱਚ ਵੰਡਦੇ ਹਨ:-

  1. ਪ੍ਰਕਿਰਤਕ ਮਾਹੌਲ ਵਿੱਚ ਆਏ ਪਰਿਵਰਤਨ।
  2. ਸਮਾਜ ਦੇ ਅੰਦਰੋਂ ਪੈਦਾ ਹੋਏ ਪਰਿਵਰਤਨ।
  3. ਸਮਾਜ ਤੋਂ ਬਾਹਰੋਂ ਆਏ ਪਰਿਵਰਤਨ।

ਸਭਿਆਚਾਰੀਕਰਨ[ਸੋਧੋ]

ਸਮਾਜ ਤੋਂ ਬਾਹਰ ਆਏ ਕਾਰਨਾਂ ਵਿੱਚ ਮਹੱਤਵਪੂਰਨ ਅਮਲ ‘ਸਭਿਆਚਾਰੀਕਰਨ` ਹੈ। ਸੱਭਿਆਚਾਰੀਕਰਨ ਦੂਜੇ ਸਭਿਆਚਾਰ ਨਾਲ ਸਿੱਧਾ, ਵਿਸ਼ਾਲ ਪੈਮਾਨੇ ਉੱਤੇ ਅਤੇ ਕਾਫ਼ੀ ਅਰਸੇ ਤਕ ਸੰਪਰਕ ਵਿੱਚ ਆਉਣ ਦੇ ਅਮਲ ਨੂੰ ਕਹਿੰਦੇ ਹਨ। ਸਭਿਆਚਾਰੀਕਰਨ ਵਿੱਚ ਦੋ ਸਭਿਆਚਾਰਾਂ ਦਾ ਆਪਸੀ ਸੰਪਰਕ ਵਿੱਚ ਲੰਮੇ ਸਮੇਂ ਤੋਂ ਰਹਿਣਾ ਜ਼ਰੂਰੀ ਹੈ। ਸੱਭਿਆਚਾਰੀਕਰਨ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। “ਸੱਭਿਆਚਾਰੀਕਰਨ ਨੂੰ ਦੋ ਵੱਖ-ਵੱਖ ਸੱਭਿਆਚਾਰਾਂ ਵਾਲੇ ਜਨ-ਸਮੂਹਾਂ ਦੇ ਸਿੱਧੇ, ਵੱਡੇ ਪੈਮਾਨੇ ਉੱਤੇ ਅਤੇ ਕਾਫ਼ੀ ਅਰਸੇ ਤੱਕ ਸੰਪਰਕ ਨੂੰ ਅਤੇ ਇਸ ਸੰਪਰਕ ਤੋਂ ਨਿਕਲਦੇ ਸਿੱਟਿਆਂ ਨੂੰ ਸੱਭਿਆਚਾਰੀਕਰਨ ਕਹਿੰਦੇ ਹਨ"

ਸਭਿਆਚਾਰਕ ਪਰਿਵਰਤਨ ਦੇ ਇਸ ਸਰੂਪ ਦੀ ਵਿਲੱਖਣਤਾ ਇਹ ਹੈ ਕਿ ਜਦੋਂ ਦੋ ਸਭਿਆਚਾਰ ਇੱਕ ਦੂਜੇ ਦੇ ਸਿਧੇ ਸੰਪਰਕ ਵਿੱਚ ਆਉਂਦੇ ਹਨ ਤਾਂ ਅਨੁਕੁਲਣ ਪ੍ਰਤਿਕਰਮ ਜਾਂ ਟਕਰਾਅ ਉਤਪੰਨ ਹੁੰਦਾ ਹੈ, ਉਸ ਨੂੰ ਸੱਭਿਆਚਾਰੀਕਰਨ ਕਹਿੰਦੇ ਹਨ। ਸੱਭਿਆਚਾਰੀਕਰਨ ਦਾ ਮੁੱਖ ਆਧਾਰ ਇੱਕ ਸੱਭਿਆਚਾਰ ਦੀ ਦੂਸਰੇ ਉੱਤੇ ਰਾਜਸੀ ਜਿੱਤ, ਦਬਾਉ ਅਤੇ ਦਮਨ ਵਾਲਾ ਵੀ ਹੋ ਸਕਦਾ ਹੈ। ਇਹ ਪਰਿਵਰਤਨ ਸਹਿਜ ਵੀ ਅਤੇ ਆਰੋਪਤ ਜਾਂ ਦਬਾਉਪੂਰਣ ਦੋਹਾਂ ਤਰਾਂ ਦਾ ਹੋ ਸਕਦਾ ਹੈ, ਜਿਸ ਕਾਰਨ ਇਹ ਪ੍ਰਕਿਰਿਆ ਸੁਖਾਵੀਂ, ਸੁਭਾਵਕ ਅਤੇ ਸੰਤੁਲਿਤ ਹੋਣ ਦੀ ਥਾਂ ਕਈ ਵਾਰੀ ਵਿਨਾਸ਼ਮੂਲਕ, ਦਬਾਉਮੂਲਕ ਅਤੇ ਦਮਨ ਦਾ ਰੂਪ ਹੁੰਦੀ ਹੈ। ਜਿਸ ਤੋਂ ਵਿਭਿੰਨ ਵਿਪਰੀਤ ਪ੍ਰਭਾਵ, ਪ੍ਰਤਿਕਰਮ, ਵਿਰੋਧ ਟਕਰਾਉ, ਅਸੁੰਤਲਨ ਅਤੇ ਵਿਰੂਪਣ ਉਤਪੰਨ ਹੁੰਦੇ ਹਨ।

ਸੱਭਿਆਚਾਰੀਕਰਨ ਵਿੱਚ ਦੋ ਸੱਭਿਆਚਾਰਾਂ ਦਾ ਆਪਸੀ ਸੰਪਰਕ ਇੱਕ ਜਨ-ਸਮੂਹ ਵੱਲੋਂ ਦੂਜੇ ਉੱਪਰ ਹਮਲਾ ਕਰਨ, ਦੂਜੇ ਨੂੰ ਅਧੀਨ ਕਰਨ, ਉਸ ਉੱਤੇ ਆਪਣਾ ਸੱਭਿਆਚਾਰ ਠੋਸਣ ਦੇ ਰੂਪ ਵਿੱਚ ਹੁੰਦਾ ਹੈ। ਇਹ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਸਦਾ ਵਿਜਈ ਧਿਰ ਦੇ ਸੱਭਿਆਚਾਰ ਨੇ ਹੀ ਜੇਤੂ ਬਣਨਾ ਹੈ ਸਮਾਂ ਪਾ ਕੇ ਸੱਭਿਆਚਾਰਕ ਪੱਧਰ ਉੱਤੇ ਇਹ ਪਾਸੇ ਪੁੱਠੇ ਵੀ ਪੈ ਜਾਂਦੇ ਹਨ। ਜੇ ਭਾਰਤ ਦੇ ਪ੍ਰਸੰਗ ਵਿੱਚ ਉੱਪਰੋਕਤ ਕਥਨਾਂ ਦੀਆਂ ਉਦਾਹਰਨਾਂ ਲੱਭਣੀਆਂ ਹੋਣ ਤਾਂ ਇੱਕ ਪਾਸੇ ਤਾਂ ਆਰੀਆ ਲੋਕ ਹਮਲਾਵਰ ਹੋਣ ਦੇ ਬਾਵਜੂਦ ਵੀ ਸਾਡੇ ਸਨਮਾਨਿਤ ਪੂਰਵਜ ਬਣੇ ਹੋਏ ਹਨ ਦੂਜੇ ਪਾਸੇ ਇਸੇ ਤਰ੍ਹਾਂ ਦੇ ਤਬਕੇ ਵੱਲੋਂ ਹੀ ਮੁਸਲਮਾਨਾਂ ਦੇ ਸਭਿਆਚਾਰੀਕਰਨ ਅਮਲ ਦੇ ਸਿੱਟੇ ਕਦੀ ਵੀ ਇੱਕ ਪਾਸੜ ਨਹੀਂ ਹੁੰਦੇ ਇਸ ਅਮਲ ਵਿੱਚ ਸ਼ਾਮਿਲ ਦੋਹਾਂ ਸੱਭਿਆਚਾਰਾਂ ਵਿੱਚ ਹੀ ਤਬਦੀਲੀਆਂ ਆਉਂਦੀਆਂ ਹਨ, ਭਾਵੇਂ ਇੱਕ ਪਾਸੇ ਇਹ ਤਬਦੀਲੀ ਬਹੁਤ ਉਘੜਵੀਂ ਹੋਵੇ ਅਤੇ ਦੂਜੇ ਪਾਸੇ ਨਾਮ-ਮਾਤਰ ਹੀ ਹੋਵੇ ਇਸ ਅਮਲ ਦਾ ਚਰਮ-ਸਿੱਟਾ ਇੱਕ ਸੱਭਿਆਚਾਰ ਦੇ ਦੂਜੇ ਸਭਿਆਚਾਰ ਵਿੱਚ ਜ਼ਜ਼ਬ ਹੋ ਜਾਣ ਵਿੱਚ ਵੀ ਨਿਕਲ ਸਕਦਾ ਹੈ ਜਿਹਨਾਂ ਨੂੰ ‘ਅਸਿਸੀਲੇਸ਼ਨ` ਦਾ ਨਾਂਅ ਦਿੱਤਾ ਜਾਂਦਾ ਹੈ। ਇਨ੍ਹਾਂ ਦੋਵਾਂ ਉੱਪਰੋਕਤ ਸਿੱਟਿਆਂ ਦੇ ਵਿਚਕਾਰਲਾ ਵੀ ਇੱਕ ਸਿੱਟਾ ਹੋ ਸਕਦਾ ਹੈ ਜਦੋਂ ਦੋਵੇ ਸਭਿਆਚਾਰ ਮਿਲ ਕੇ ਇੱਕ ਤੀਜੇ ਸਭਿਆਚਾਰ ਨੂੰ ਜਨਮ ਦੇ ਦੇਂਦੇ ਹਨ ਜਿਸ ਵਿੱਚ ਦੋਹਾਂ ਸੱਭਿਆਚਾਰਾਂ ਦੇ ਅੰਸ਼ ਪਾਏ ਜਾਂਦੇ ਹਨ ਅਤੇ ਜਿਸ ਦੀ ਆਪਣੀ ਨਿਵੇਕਲੀ ਹਸਤੀ ਵੀ ਹੁੰਦਾ ਹੈ। ਭਾਰਤ ਵਿਚਲੀ ਭਗਤੀ ਲਹਿਰ ਨੂੰ ਇਸ ਤਰ੍ਹਾਂ ਦੇ ਸੰਸਲਿਸ਼ਤ ਸੱਭਿਆਚਾਰ ਵੱਲ ਨੂੰ ਪਤਨ ਕਿਹਾ ਜਾ ਸਕਦਾ ਹੈ।

ਇਸ ਤਰ੍ਹਾਂ ਸੱਭਿਆਚਾਰੀਕਰਨ ਬਾਹਰੀ ਪਰਿਵਰਤਨਾਂ ਦੇ ਕਾਰਨਾਂ ਵਿਚੋਂ ਬਹੁਤ ਮਹੱਤਵਪੂਰਨ ਅਮਲ ਹੈ। ਸੱਭਿਆਚਾਰੀਕਰਨ ਤੋਂ ਪੈਦਾ ਹੋਏ ਪਰਿਵਰਤਨ ਨੂੰ ਠੀਕ ਤਰ੍ਹਾਂ ਜਾਂਚਣ ਲਈ ਪੂਰੇ ਸੰਬੰਧਤ ਸੱਭਿਆਚਾਰਾਂ ਵਿੱਚ ਆਈਆਂ ਤਬਦੀਲੀਆਂ ਦਾ ਨਿਰੀਖਣ ਕਰਨਾ ਜ਼ਰੂਰੀ ਹੈ।

ਸਭਿਆਚਾਰ ਦਾ ਪ੍ਰਤੀਕਵਾਦੀ ਸਿਧਾਂਤ[ਸੋਧੋ]

ਸਭਿਆਚਾਰ ਨੂੰ ਇਕ ਚਿਹਨ ਸਿਸਟਮ ਵਜੋਂ ਵੇਖਣ ਤੋਂ ਪਹਿਲਾਂ ਜਰੂਰੀ ਹੈ ਕਿ ਸਭਿਆਚਾਰਕ ਚਿਹਨ ਦੀ ਪ੍ਰਕਿਰਤੀ ਨਿਰਧਾਰਿਤ ਕਰ ਲਈ ਜਾਵੇ। ਜਿਹੜੇ ਪੱਛਮੀ ਸਮਾਜ ਵਿਗਿਆਨੀ ਸਭਿਆਚਾਰ ਨੂੰ ਮਨੁੱਖੀ ਵਿਹਾਰ ਵਜੋਂ ਵੇਖਦੇ ਹਨ। ਉਹ ਸਭਿਆਚਾਰਕ ਚਿਹਨ ਨੂੰ ਵੀ ਮਨੁੱਖੀ ਵਿਹਾਰ ਦੇ ਚੋਖਟੇ ਵਿਚ ਰੱਖ ਕੇ ਹੀ ਪਛਾਣਦੇ ਹਨ। ਕਿਉਂਕਿ ਸਭਿਆਚਾਰ ਦੇ ਅੰਤਰਗਤ ਵਿਚਾਰੇ ਜਾਣ ਵਾਲੇ ਹਰ ਵਿਚਾਰ ਵਸਤ ਅਤੇ ਵਰਤਾਰੇ ਦਾ ਸੁਭਾਅ ਪ੍ਰਤੀਕਾਤਮਕ ਹੁੰਦਾ ਹੈ।ਸਮਾਜ ਸਾਸਤਰੀ ਅਰਨੈਸਟ ਕੈਜ਼ੀਰਰ ਅੰਗਰੇਜ਼ੀ ਸਬਦ ਸਿਗਨਲ ਅਤੇ ਸਿੰਬਲ ਵਿਚਕਾਰ ਅੰਤਰ ਨਿਖੇੜ ਸਥਾਪਤ ਕਰਦਾ। ਇਨ੍ਹਾਂ ਦੋਵੇਂ ਸ਼ਬਦਾਂ ਨੂੰ ਮਨੁੱਖੀ ਆਦਾਨ-ਪ੍ਰਦਾਨ ਦੇ ਦੋ ਵਿਭਿੰਨ ਪ੍ਰਪੰਚਾ ਮੰਨਦਾ ਹੈ। ਜੇ ਇਨ੍ਹਾਂ ਦੋਵੇਂ ਸਬਦਾਂ ਨੂੰ ਕ੍ਰਮਵਾਰ ਪੰਜਾਬੀ ਸਬਦ 'ਸੰਕੇਤ' ਅਤੇ ' ਪ੍ਰਤੀਕ' ਦਾ ਪਰਿਆਇ ਮੰਨ ਲਈਏ ਤਾਂ ਅਰਨੈਸਟ ਅਨੁਸਾਰ ਸੰਕੇਤ ਵਸਤੂਗਤ ਸੰਸਾਰ ਦੀ ਚੀਜ ਹੈ ਅਤੇ ਪ੍ਰਤੀਕ ਮਨੁੱਖ ਦੇ ਵਿਚਾਰਾਤਮਕ ਜਗਤ ਨਾਲ ਸਬੰਧ ਰੱਖਦਾ ਹੈ। 'ਡਾ.ਜੀਤ ਸਿੰਘ ਜੋਸ਼ੀ ਅਨੁਸਾਰ' :" ਪ੍ਰਤੀਕ ਦੀ ਸੰਰਚਨਾ ਵਿਚ ਇਕੋ ਸਮੇਂ ਸੰਯੁਕਤ ਰੂਪ ਵਿਚ ਦੋ ਤੱਤ ਕਾਰਜਸ਼ੀਲ ਹੁੰਦੇ ਹਨ। ਪ੍ਰਤੀਕ ਮਨੁੱਖ ਦੇ ਕਿਸੇ ਨਿਸ਼ਚਿਤ ਸਮਾਜਕ ਅਦਾਰੇ ਵਿਚ ਹੀ ਅਰਥ ਪ੍ਰਾਪਤ ਕਰਦਾ ਹੈ।"[19] ਮਾਨਵ ਵਿਗਿਆਨ ਦੇ ਖੇਤਰ ਵਿਚ ਪ੍ਰਤੀਕਾਤਮਕਤਾ ਨੂੰ ਸਭਿਆਚਾਰ ਦੀ ਬੁਨਿਆਦੀ ਵਿਸ਼ੇਸ਼ਤਾ ਮੰਨਣ ਵਾਲਾ ਪ੍ਰਥਮ ਮਾਨਵ ਵਿਗਿਆਨੀ ਲੈਜ਼ਲੀ ਏ ਵਾਈਟ ਵੀ ਪ੍ਰਤੀਕ ਅਤੇ ਸੰਕੇਤ ਵਿਚਕਾਰ ਅੰਤਰ ਨਿਖੇੜ ਕਰਦਾ ਹੋਇਆ ਪ੍ਰਤੀਕ ਨੂੰ ਹੀ ਮਨੁੱਖੀ ਵਤੀਰੇ ਦਾ ਪ੍ਰਗਟਾ ਮਾਧਿਅਮ ਮਿਥਦਾ ਹੈ।ਉਸਦੇ ਅਨੁਸਾਰ ਪ੍ਰਤੀਕ ਕੋਈ ਚੀਜ਼,ਘਟਨਾ, ਜਾ ਵਰਤਾਰਾ ਕੁਝ ਵੀ ਹੋ ਸਕਦਾ ਹੈ।ਬਸ ਸ਼ਰਤ ਇਹ ਹੈ ਕਿ ਉਸ ਨੂੰ ਸੰਬੰਧਿਤ ਮਨੁੱਖੀ ਸਮਾਜ ਵੱਲੋ ਕੁਝ ਅਰਥ ਪ੍ਰਦਾਨ ਹੋਣ।ਪ੍ਰਤੀਕ ਦੀ ਸੰਰਚਨਾ ਵਿਚ ਇਕੋ ਸਮੇਂ ਸੰਯੁਕਤ ਰੂਪ ਵਿਚ ਦੋ ਤੱਤ ਕਾਰਜਸ਼ੀਲ ਹੁੰਦੇ ਹਨ।ਪਹਿਲਾ ਤੱਤ ਉਸ ਵਿਚਲਾ ਅਰਥ ਹੈ,ਦੂਸਰਾ ਉਸ ਦਾ ਬਾਹਰੀ ਰੂਪ ਹੈ।ਅਰਥ ਅਤੇ ਬਾਹਰੀ ਰੂਪ ਵਿਚ ਆਪਹੁਦਰਾ ਸੰਬੰਧ ਹੁੰਦਾ ਹੈ।ਸੰਕੇਤ ਜਦੋਂ ਮਨੁੱਖੀ ਵਤੀਰੇ ਦਾ ਅੰਗ ਬਣ ਜਾਂਦਾ ਹੈ ਤਾਂ ਇਸ ਵਿਚ ਪ੍ਰਤੀਕਾਤਮਕਤਾ ਦੇ ਲੱਛਣ ਪੈਦਾ ਹੋ ਜਾਂਦੇ ਹਨ। ਪ੍ਰਤੀਕ ਅਤੇ ਸੰਕੇਤ ਵਿਚਲਾ ਅੰਤਰ ਅਸਲ ਵਿਚ ਸਥਿਤੀ ਅਤੇ ਸੰਦਰਭ ਉਤੇ ਅਤੇ ਪ੍ਰਤੀਕ ਦੁਆਰਾ ਪ੍ਰਗਟਾਏ ਗਏ ਅਰਥ ਉਤੇ ਨਿਰਭਰ ਕਰਦਾ ਹੈ ।[20]

ਹਵਾਲੇ[ਸੋਧੋ]

  1. Harper, Douglas (2001). Online Etymology Dictionary
  2. Clement I. (2010). Sociology For Nurses. Pearson Education India. p. 77. 
  3. ਭੁਪਿੰਦਰ ਸਿੰਘ ਖਹਿਰਾ (2013). ਲੋਕਧਾਰਾ: ਭਾਸ਼ਾ ਅਤੇ ਸੱਭਿਆਚਾਰ. ਪੈਪਸੂ ਬੁੱਕ ਡਿਪੂ. pp. 164–168. 
  4. ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਂਕ (2015). ਸਭਿਆਚਾਰ ਅਤੇ ਪੰਜਾਬੀ ਸਭਿਆਚਾਰ. ਵਾਰਿਸ ਸ਼ਾਹ ਫ਼ਾਉਂਡੇਸ਼ਨ. p. 26. ISBN 978-81-7856-365-7. 
  5. ਜੀਤ ਸਿੰਘ ਜੋਸ਼ੀ (ਪ੍ਰੋ.), ਸੱਭਿਆਚਾਰ ਸਿਧਾਂਤ ਅਤੇ ਵਿਹਾਰ, ਵਾਰਿਸ ਸ਼ਾਹ ਫ਼ਾਊਂਡੇਸ਼ਨ, ਅੰਮ੍ਰਿਤਸਰ, 2012, ਪੰਨਾ-89
  6. ਗੁਰਬਖ਼ਸ਼ ਸਿੰਘ ਫ਼ਰੈਂਕ (ਪ੍ਰੋ.), ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ, ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 2012, ਪੰਨਾ-27
  7. ਪ੍ਰੋ. ਸ਼ੈਰੀ ਸਿੰਘ (ਸੰਪਾ.), ਪੰਜਾਬੀ ਸੱਭਿਆਚਾਰ ਵਿਭਿੰਨ ਪਰਿਪੇਖ, ਰੂਹੀ ਪ੍ਰਕਾਸ਼ਨ, ਅੰਮ੍ਰਿਤਸਰ, 2009, ਪੰਨਾ-19
  8. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ, ਪੈਪਸੂ ਬੁੱਕ ਡਿਪੂ, ਬੁੱਕਸ ਮਾਰਕੀਟ, ਪਟਿਆਲ਼ਾ, 2013, ਪੰਨਾ-165
  9. ਜਸਵਿੰਦਰ ਸਿੰਘ (ਡਾ.), ਪੰਜਾਬੀ ਸੱਭਿਆਚਾਰ ਪਛਾਣ ਚਿੰਨ੍ਹ, 2012, ਪੰਨਾ-57
  10. ਜੀਤ ਸਿੰਘ ਜੋਸ਼ੀ (ਪ੍ਰੋ.), ਸੱਭਿਆਚਾਰ ਸਿਧਾਂਤ ਅਤੇ ਵਿਹਾਰ, ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 2009, ਪੰਨਾ-98
  11. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ, ਪੈਪਸੂ ਡਿਪੂ, ਬੁੱਕਸ ਮਾਰਕੀਟ, ਪਟਿਆਲ਼ਾ, 2013, ਪੰਨਾ-166
  12. ਡਾ., ਗੁਰਬਖ਼ਸ਼ ਸਿੰਘ ਫ਼ਰੈਂਕ (2017). ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ. ਅੰਮ੍ਰਿਤਸਰ: ਵਾਰਿਸ਼ ਸ਼ਾਹ ਫ਼ਾਊਡੇਸ਼ਨ. p. 27. ISBN 978-81-7856-365-7. 
  13. ਡਾ., ਗੁਰਬਖ਼ਸ਼ ਸਿੰਘ ਫ਼ਰੈਂਕ (2017). ਸਭਿਆਚਾਰ ਅਤੇ ਪੰਜਾਬੀ ਸਭਿਆਚਾਰ. ਅੰਮ੍ਰਿਤਸਰ: ਵਾਰਿਸ ਸ਼ਾਹ ਫ਼ਾਉਂਡੇਸ਼ਨ. p. 27. ISBN 978-81-7856-365-7. 
  14. ਡਾ., ਗੁਰਬਖ਼ਸ਼ ਸਿੰਘ ਫ਼ਰੈਂਕ (2017). ਸਭਿਆਚਾਰ ਮੁੱਢਲੀ ਜਾਣ ਪਛਾਣ. ਅੰਮ੍ਰਿਤਸਰ: ਵਾਰਿਸ ਸ਼ਾਹ ਫ਼ਾਉਂਡੇਸ਼ਨ. p. 31. ISBN 978-81-7856-365-7. 
  15. ਡਾ., ਜੀਤ ਸਿੰਘ ਜੋਸ਼ੀ. ਲੋਕ ਕਲਾ ਅਤੇ ਸਭਿਆਚਾਰ ਮੁੱਢਲੀ ਜਾਣ ਪਹਿਚਾਣ. ਪਟਿਆਲਾ: ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ. p. 20. 
  16. ਸਿੰਘ, ਬਲਦੇਵ. ਪ੍ਰਾਚੀਨ ਸਮਾਜ ਬਣਤਰ ਤੇ ਕਿਰਿਆ. ਚੰਡੀਗੜ੍ਹ: ਪੰਜਾਬ ਸਟੇਟ ਬੁੱਕ ਬੋਰਡ. p. 129. 
  17. ਡਾ., ਜਸਵਿੰਦਰ ਸਿੰਘ. ਪੰਜਾਬੀ ਸਭਿਆਚਾਰ ਪਛਾਣ:ਚਿੰਨ੍ਹ. p. 72. 
  18. ਡਾ., ਗੁਰਬਖ਼ਸ਼ ਸਿੰਘ ਫ਼ਰੈਂਕ (2017). ਸਭਿਆਚਾਰ ਅਤੇ ਪੰਜਾਬੀ ਸਭਿਆਚਾਰ. ਅੰਮ੍ਰਿਤਸਰ: ਵਾਰਿਸ ਸ਼ਾਹ ਫ਼ਾਉਂਡੇਸ਼ਨ. p. 31. ISBN 978-81-7856-365-7. 
  19. ਡਾ. ਦਵਿੰਦਰ ਸਿੰਘ, ਸਭਿਆਚਾਰ ਵਿਗਿਆਨ ਅਤੇ ਪੰਜਾਬੀ ਸਭਿਆਚਾਰ.ਪੰਨਾ ਨੰ:38
  20. ਜੀਤ ਸਿੰਘ ਜੋਸ਼ੀ,ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਪੰਨਾ ਨੰ:21-22