ਹਜੂਮੀ ਹਿੰਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਜੂਮੀ ਹਿੰਸਾ ਭੀੜ ਦੁਆਰਾ ਕੀਤੀ ਹਿੰਸਾ ਨੂੰ ਕਿਹਾ ਜਾਂਦਾ ਹੈ। ਇਸ ਹਿੰਸਾ ਵਿੱਚ ਭੀੜ ਵੱਲੋਂ ਤੋੜਫੋੜ , ਕਿਸੇ ਦਾ ਪਿੱਛਾ ਕਰਨਾ ਤੇ ਕਤਲ ਕਰ ਦੇਣਾ ਸ਼ਾਮਿਲ ਹੁੰਦਾ ਹੈ।ਵੱਖ ਵੱਖ ਥਾਵਾਂ ’ਤੇ ਲੋਕ ਇਕੱਠੇ ਕੀਤੇ ਜਾਂਦੇ ਹਨ ਤੇ ਫੇਰ ਉਨ੍ਹਾਂ ਦਾ ਰੁਖ਼ ‘ਸਵੈ-ਇੱਛਤ ਨਿਸ਼ਾਨਿਆਂ’ ਜਿਵੇਂ ਗਊਆਂ ਦੇ ਹੱਤਿਆਰੇ, ਪ੍ਰੇਮੀ ਜੋੜੇ ਤੇ ਘੱਟਗਿਣਤੀ ਨਾਲ ਸਬੰਧਿਤ ਲੋਕਾਂ ਵੱਲ ਮੋੜ ਦਿੱਤਾ ਜਾਂਦਾ ਹੈ। ਭੀੜ ਇਕੱਠੀ ਹੋਣ ਤੋਂ ਪਹਿਲਾਂ ਕੋਈ ਅਫ਼ਵਾਹ ਫੈਲਦੀ ਹੈ ਜਾਂ ਫੈਲਾਈ ਜਾਂਦੀ ਹੈ ਤੇ ਉਸ ਨੂੰ ਯੋਜਨਾਬੱਧ ਢੰਗ ਨਾਲ ਸੋਸ਼ਲ ਮੀਡੀਆ ਦੇ ਪਲੇਟਫਾਰਮ – ਵੱਟਸਐਪ ਜਾਂ ਫੇਸਬੁੱਕ ਰਾਹੀਂ ਪ੍ਰਚਾਰਿਆ ਜਾਂਦਾ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਸੋਚੀ-ਸਮਝੀ ਸਿਆਸਤ ਅਧੀਨ ਕੀਤਾ ਜਾਂਦਾ ਹੈ ਤੇ ਇਕੱਠੀ ਹੋਈ ਭੀੜ ਨੂੰ ਸਿਆਸੀ ਸੰਦ ਵਜੋਂ ਵਰਤਿਆ ਜਾਂਦਾ ਹੈ।[1]ਇਹ ਮੰਨਿਆ ਜਾਂਦਾ ਹੈ ਕਿ ਇਕੱਲਾ ਬੰਦਾ ਉਸ ਤਰ੍ਹਾਂ ਦੀ ਹਿੰਸਾ ਨਹੀਂ ਕਰਦਾ ਜਿਸ ਤਰ੍ਹਾਂ ਦੀ ਉਹ ਹਜੂਮ ਵਿਚ ਸ਼ਾਮਿਲ ਹੋ ਕੇ ਕਰਦਾ ਹੈ।[2]

ਕਾਰਨ[ਸੋਧੋ]

ਭੀੜ ਦਾ ਅਸਰ[ਸੋਧੋ]

ਇਕੱਲੇ ਰਹਿੰਦਿਆਂ, ਮਨੁੱਖ ਆਪਣੇ ਮਨ ਵਿਚ ਉਭਰਦੇ ਤਰਕਹੀਣ ਵਿਚਾਰਾਂ ਨੂੰ ਸਮਾਜਿਕ ਦਬਾਅ ਕਾਰਨ ਕਾਬੂ ਵਿਚ ਰੱਖਦਾ ਹੈ। ਜਦ ਉਹ ਕਿਸੇ ਹਜੂਮ ਵਿਚ ਸ਼ਾਮਿਲ ਹੋ ਜਾਂਦਾ ਹੈ ਤਾਂ ਉਹ ਇਹ ਸਮਝਦਾ ਹੈ ਕਿ ਉਸ ਦੀ ਨਿੱਜੀ ਜ਼ਿੰਮੇਵਾਰੀ ਖ਼ਤਮ ਹੋ ਗਈ ਹੈ ਅਤੇ ਉਹ ਚਿਹਰਾਹੀਣ ਭੀੜ ਦਾ ਹਿੱਸਾ ਬਣ ਗਿਆ ਹੈ। ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਭੀੜ ਦਾ ਆਪਣਾ ਆਜ਼ਾਦਾਨਾ ‘‘ਦਿਮਾਗ਼’’ ਹੁੰਦਾ ਹੈ ਜੋ ਇਕੱਠੇ ਹੋਏ ਲੋਕਾਂ ਦੇ ਦਿਮਾਗ਼ਾਂ ਵਿਚ ਚੱਲ ਰਹੀ ਸੋਚ ਪ੍ਰਕਿਰਿਆ ਉੱਤੇ ਕਾਬੂ ਪਾ ਲੈਂਦਾ ਹੈ। ਇਹ ਸਮੂਹਿਕ ਸੋਚਣ ਸ਼ਕਤੀ ਜਾਂ ‘ਦਿਮਾਗ਼’ ਕਿਵੇਂ ਬਣਦਾ ਹੈ? ਭੀੜ ਵਿਚ ਕੁਝ ਵਿਚਾਰ ਬਹੁਤ ਜਲਦੀ ਨਾਲ ਫੈਲਾਏ ਜਾਂਦੇ ਹਨ। ਹਜੂਮ ਦੀ ਆਪਮੁਹਾਰੇਪਣ ਵਾਲੀ ਪ੍ਰਵਿਰਤੀ ਕਾਰਨ ਕੁਝ ਲੋਕਾਂ ਵੱਲੋਂ ਦਿੱਤੇ ਜਾ ਰਹੇ ਇਹ ਸੁਝਾਅ ਭੀੜ ਦਾ ਮਨ ਜਿੱਤ ਲੈਂਦੇ ਹਨ ਤੇ ਉਸ ਦੀ ਸਮੂਹਿਕ ਸੋਚ ਬਣ ਜਾਂਦੇ ਹਨ। ਭੀੜ ਵਿਚ ਸ਼ਾਮਿਲ ਬੰਦਾ ਜਜ਼ਬਾਤੀ ਸੁਝਾਵਾਂ ਵੱਲ ਜਲਦੀ ਖਿੱਚਿਆ ਜਾਂਦਾ ਹੈ, ਭਾਵ ਉਸ ਦਾ ਬੌਧਿਕ ਪੱਧਰ ਡਿੱਗਦਾ ਹੈ। ਅਜਿਹੀ ਗਿਰਾਵਟ ਦਾ ਕਾਰਨ ਤਰਕ ਦੀ ਥਾਂ ਜਜ਼ਬਾਤ ਦਾ ਗ਼ਲਬਾ ਅਤੇ ਭੀੜ ਦਾ ਇਸ ਨੂੰ ਹੋਰ ਤੀਬਰ ਕਰਨ ਵਾਲਾ ਸੁਭਾਅ ਹੁੰਦਾ ਹੈ। ਫਰਾਇਡ ਦੇ ਅਨੁਸਾਰ, ਭੀੜ ਵਿਚ ਸਮਾਜਿਕ ਤੌਰ ’ਤੇ ਪ੍ਰਾਪਤ ਹੋਈ ਨੈਤਿਕਤਾ (ਸੁਪਰ ਈਗੋ) ਦਾ ਸੰਚਾਲਣ ਮੱਠਾ ਪੈ ਜਾਂਦਾ ਹੈ ਅਤੇ ਅਵਚੇਤਨ ਵਿਚ ਦਬੀਆਂ ਪੁਰਾਣੀਆਂ ਹਿੰਸਕ ਭੁੱਸਾਂ ਸਾਹਮਣੇ ਆ ਜਾਂਦੀਆਂ ਹਨ। ਹਜੂਮ ਦੀ ਮਾਨਸਿਕਤਾ ਕਚਿਆਈ ਵਾਲੀ, ਡੋਲਵੀਂ ਅਤੇ ਖਰ੍ਹਵੀਆਂ ਸੋਚਾਂ ਦੇ ਬੋਲਬਾਲੇ ਵਾਲੀ ਹੁੰਦੀ ਹੈ ਜਿਸ ਵਿਚ ਸੰਵੇਦਨਸ਼ੀਲਤਾ ਤੇ ਤਰਕ ਲਈ ਕੋਈ ਥਾਂ ਨਹੀਂ ਹੁੰਦੀ। ਇਸੇ ਤਰ੍ਹਾਂ ਹਜੂਮ ਵਿਚ ਨਾ ਤਾਂ ਸਵੈ-ਚੇਤਨਤਾ ਦਾ ਕੋਈ ਤੱਤ ਹੁੰਦਾ ਹੈ ਅਤੇ ਨਾ ਹੀ ਸਵੈਮਾਣ ਦਾ। ਹਜੂਮ ਚਿਹਰਾਹੀਣ ਹੁੰਦਾ ਹੈ।[2]

ਰਾਜਨੀਤਕ ਉਦੇਸ਼[ਸੋਧੋ]

ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਹਜਮੂੀ ਹਿੰਸਾ ਨੂੰ ਉਤਸ਼ਾਹ ਦੇਣ ਪਿੱਛੇ ਇਕ ਖ਼ਾਸ ਤਰ੍ਹਾਂ ਦੀ ਸਮਝ ਕੰਮ ਕਰ ਰਹੀ ਹੈ ਜਿਸ ਅਧੀਨ ਬਹੁਗਿਣਤੀ ਨਾਲ ਸਬੰਧਿਤ ਲੋਕਾਂ ਵਿਚਲੇ ਧਾਰਮਿਕ ਜਜ਼ਬਿਆਂ ਨੂੰ ਭੜਕਾਇਆ ਜਾ ਰਿਹਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਕਰਾ ਕੇ ਇਕ ਇਹੋ ਜਿਹੀ ਵਿਚਾਰਕ ਬਣਤਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਅਨੁਸਾਰ ਬਹੁਗਿਣਤੀ ਨਾਲ ਸਬੰਧਤ ਲੋਕ ਇਹ ਸਮਝਣ ਕਿ ਘੱਟਗਿਣਤੀ ਨਾਲ ਸਬੰਧਤ ਲੋਕ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਜਾਣਬੁੱਝ ਕੇ ਖੇਡ ਰਹੇ ਹਨ। ਇਸ ਤਰ੍ਹਾਂ ਦੀ ਸਮਾਜਿਕ ਸਮਝ ਬਣਾਉਣ ਪਿੱਛੇ ਵੋਟਾਂ ਲੈਣ ਦੀ ਸਿਆਸਤ ਹੈ ਅਤੇ ਜਜ਼ਬਾਤ ਭੜਕਾਉਣ ਵਾਲੇ ਲੋਕ ਸਮਝਦੇ ਹਨ ਕਿ ਉਹ ਬਹੁਗਿਣਤੀ ਦੇ ਲੋਕਾਂ ਦੀਆਂ ਵੋਟਾਂ ਲੈਣ ਵਾਲੀਆਂ ਪਾਰਟੀਆਂ ਦੀ ‘ਸੇਵਾ’ ਕਰ ਰਹੇ ਹਨ।[3]

ਨਿਆਂ ਪ੍ਰਬੰਧ ਤੇ ਬੇਭਰੋਸਗੀ[ਸੋਧੋ]

ਨਿਆਂ ਪ੍ਰਣਾਲੀ ਨਾਲ ਸਬੰਧਤ ਸੰਸਥਾਵਾਂ, ਜਿਨ੍ਹਾਂ ਵਿਚੋਂ ਪੁਲੀਸ ਪ੍ਰਮੁੱਖ ਹੈ, ਉਨ੍ਹਾਂ ਨੂੰ ਨਿਆਂ ਨਹੀਂ ਦਿਵਾ ਸਕਦੀਆਂ। ਇਸ ਤਰ੍ਹਾਂ ਦੀ ਵਿਸ਼ਵਾਸਹੀਣਤਾ ਕਾਰਨ ਹਜੂਮੀ ਭੀੜਾਂ ਖ਼ੁਦ ਇਨਸਾਫ਼ ਕਰਨਾ ਸ਼ੁਰੂ ਕਰਦੀਆਂ ਹਨ।[4]

ਭਾਰਤ ਵਿੱਚ ਹਜੂਮੀ ਹਿੰਸਾ[ਸੋਧੋ]

ਉੱਤਰ ਪ੍ਰਦੇਸ਼ ਵਿਚ ਗਊ ਦੇ ਮਾਸ ਨਾਲ ਸਬੰਧਿਤ ਇਕ ਘਟਨਾ ਦੇ ਦੋਸ਼ ਹੇਠ ਮੁਹੰਮਦ ਇਖਲਾਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਰੇਲਵੇ ਦੀ ਸੀਟ ਤੋਂ ਹੋਏ ਝਗੜੇ ਕਾਰਨ ਨੌਜਵਾਨ ਮੁਹੰਮਦ ਜੁਨੈਦ ਨੂੰ ਆਪਣੀ ਜਾਨ ਗੁਆਉਣੀ ਪਈ। ਗੁਜਰਾਤ ਸਮੇਤ ਕਈ ਥਾਵਾਂ ਉੱਤੇ ਦਲਿਤ ਨੌਜਵਾਨਾਂ ਨੂੰ ਹਜੂਮ ਵੱਲੋਂ ਕੁੱਟਮਾਰ ਕਰਕੇ ਵੀਡੀਓ ਵਾਇਰਲ ਕੀਤੀਆਂ ਗਈਆਂ। ਭੀੜਾਂ ਜਿਸ ਦਲੇਰੀ ਨਾਲ ਹਜੂਮੀ ਹਿੰਸਾ ਕਰਦੀਆਂ ਹਨ, ਉਸ ਕਾਰਨ ਉਨ੍ਹਾਂ ਨੂੰ ਸਰਕਾਰੀ ਸਰਪ੍ਰਸਤੀ ਮਿਲਣ ਦੇ ਇਲਜ਼ਾਮ ਵੀ ਲੱਗਦੇ ਰਹੇ ਹਨ। ਭਾਜਪਾ ਦੇ ਕਈ ਵੱਡੇ ਆਗੂ ਹਜੂਮੀ ਹਿੰਸਾ ਵਿਚ ਸ਼ਾਮਿਲ ਕਈ ਵੱਡੇ ਆਗੂਆਂ ਨੂੰ ਜੇਲ੍ਹਾਂ ਵਿਚ ਮਿਲਣ ਗਏ ਅਤੇ ਟੀਵੀ ਚੈਨਲਾਂ ਉੱਤੇ ਆਪਣੀ ਕਾਰਵਾਈ ਨੂੰ ਸਹੀ ਠਹਿਰਾਇਆ। ਹਜੂਮੀ ਹਿੰਸਾ ਜਮਹੂਰੀਅਤ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ।[5][6][7]

ਹਵਾਲੇ[ਸੋਧੋ]

  1. "84 ਦੀ ਹਜੂਮੀ ਹਿੰਸਾ ਤੇ ਨਿਆਂ ਵੱਲ ਪੇਸ਼ਕਦਮੀ". Tribune Punjabi (in ਹਿੰਦੀ). 2018-12-10. Retrieved 2018-12-13. 
  2. 2.0 2.1 "ਹਜੂਮੀ ਹਿੰਸਾ ਦੀ ਮਾਨਸਿਕਤਾ". Tribune Punjabi (in ਹਿੰਦੀ). 2018-12-08. Retrieved 2018-12-10. 
  3. "ਹਜੂਮੀ ਹਿੰਸਾ". Tribune Punjabi (in ਹਿੰਦੀ). 2018-12-30. Retrieved 2019-01-02. 
  4. "ਕਾਨੂੰਨ ਨਾਲ ਖਿਲਵਾੜ". Punjabi Tribune Online (in ਹਿੰਦੀ). 2019-06-04. Retrieved 2019-06-05. 
  5. "ਹਜੂਮੀ ਹਿੰਸਾ ਦੀ ਦਹਿਸ਼ਤ". Punjabi Tribune Online (in ਹਿੰਦੀ). 2019-04-11. Retrieved 2019-04-12. 
  6. ਸਵਰਾਜਬੀਰ (2019-05-05). "ਧਾਰਮਿਕ ਕੁੜੱਤਣ ਦੇ ਰਾਹ-ਰਸਤੇ". Punjabi Tribune Online. Retrieved 2019-05-05. 
  7. "ਪਹਿਲੂ ਖ਼ਾਨ ਹਜੂਮੀ ਹੱਤਿਆ ਕਾਂਡ ਦੇ ਸਾਰੇ ਛੇ ਮੁਲਜ਼ਮ ਬਰੀ". Punjabi Tribune Online (in ਹਿੰਦੀ). 2019-08-15. Retrieved 2019-08-15.