ਹਰਕਿਸ਼ਨ ਸਿੰਘ ਸੁਰਜੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਰਕਿਸ਼ਨ ਸਿੰਘ ਸੁਰਜੀਤ
Surjith-3.JPG
ਹਰਕਿਸ਼ਨ ਸਿੰਘ ਸੁਰਜੀਤ
ਜਨਰਲ ਸੈਕਟਰੀ, ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ)
ਦਫ਼ਤਰ ਵਿੱਚ
1992–2005
ਸਾਬਕਾਈ ਐਮ ਐਸ ਨਬੂੰਦਰੀਪਾਦ
ਉੱਤਰਾਧਿਕਾਰੀਪ੍ਰਕਾਸ਼ ਕਰਾਤ
ਨਿੱਜੀ ਜਾਣਕਾਰੀ
ਜਨਮ(1916-03-23)23 ਮਾਰਚ 1916
ਜਲੰਧਰ, ਪੰਜਾਬ, ਬਰਤਾਨਵੀ ਭਾਰਤ
ਮੌਤਅਗਸਤ 1, 2008(2008-08-01) (ਉਮਰ 92)
ਨੋਇਡਾ, ਉੱਤਰ ਪ੍ਰਦੇਸ਼, ਭਾਰਤ
ਸਿਆਸੀ ਪਾਰਟੀਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ)
ਪਤੀ/ਪਤਨੀਪ੍ਰੀਤਮ ਕੌਰ
ਸੰਤਾਨ2 ਪੁੱਤਰ, 2 ਧੀਆਂ

ਹਰਕਿਸ਼ਨ ਸਿੰਘ ਸੁਰਜੀਤ (23 ਮਾਰਚ 1916 – 1 ਅਗਸਤ 2008) ਪੰਜਾਬੀ ਮੂਲ ਦੇ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) ਯਾਨੀ ਸੀ ਪੀ ਐਮ ਦੀ ਰਾਸ਼ਟਰੀ ਕੇਂਦਰੀ ਕਮੇਟੀ ਦੇ 1992 ਤੋਂ 2005 ਤੱਕ ਜਨਰਲ ਸੈਕਟਰੀ ਅਤੇ ਭਾਰਤ ਦੇ ਮਸ਼ਹੂਰ ਸਿਆਸੀ ਆਗੂ ਸਨ। ਉਹ 1964 ਤੋਂ 2008 ਤੱਕ ਪਾਰਟੀ ਦੀ ਪੋਲਿਟ ਬਿਊਰੋ ਦੇ ਮੈਂਬਰ ਰਹੇ।[1][2]

ਜੀਵਨ ਵੇਰਵਾ[ਸੋਧੋ]

ਹਰਕਿਸ਼ਨ ਸਿੰਘ ਦਾ ਜਨਮ 23 ਮਾਰਚ 1916 ਨੂੰ ਪਿੰਡ ਰੋਪੋਵਾਲ ਜ਼ਿਲ੍ਹਾ ਜਲੰਧਰ ਦੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਸ: ਹਰਨਾਮ ਸਿੰਘ ਨੇ ਆਪਣੇ ਪੁੱਤਰ ਨੂੰ ਅਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਅਤੇ ਨਾ ਮੰਨਣ ਤੇ ਉਸਨੂੰ ਅੱਡ ਕਰ ਦਿੱਤਾ। 1929 ਵਿੱਚ ਹਰਕਿਸ਼ਨ ਦੇ ਪਿਤਾ ਜ਼ਮੀਨ ਗਹਿਣੇ ਰੱਖ ਕੇ ਅਮਰੀਕਾ ਚਲੇ ਗਏ।

1930 ਵਿੱਚ ਕਾਮਰੇਡ ਸੁਰਜੀਤ ਦੇ ਪਿੰਡ ਬਾਬਾ ਕਰਮ ਸਿੰਘ ਚੀਮਾ ਤੇ ਭਾਗ ਸਿੰਘ ਕਨੇਡੀਅਨ ਆਏ ਤਾਂ ਹਰਕਿਸ਼ਨ ਨੇ ਪਿੰਡ ਵਿੱਚ ਜਨਤਕ ਮੀਟਿੰਗ ਲਈ ਸਹਿਯੋਗ ਦਿੱਤਾ। ਦੂਜੇ ਦਿਨ ਹੀ ਪੁਲਿਸ ਨੇ ਹਰਕਿਸ਼ਨ ਨੂੰ ਉਸ ਦੇ ਹੈਡਮਾਸਟਰ ਨੂੰ ਕਹਿ ਕੇ ਸਕੂਲ ਤੋਂ ਕਢਵਾ ਦਿੱਤਾ। ਫਿਰ ਕਾਂਗਰਸੀ ਨੇਤਾ ਹਰੀ ਸਿੰਘ ਜਲੰਧਰ ਦੀ ਮਦਦ ਨਾਲ ਸੁਰਜੀਤ ਨੇ ਖ਼ਾਲਸਾ ਸਕੂਲ ਜਲੰਧਰ ਦਾਖ਼ਲ ਹੋ ਗਏ। ਬੜੀ ਮੁਸ਼ਕਲ ਸਥਿਤੀ ਦੇ ਬਾਵਜੂਦ ਉਹ ਮੈਟਰਿਕ ਕਰ ਗਏ।

1932 ਵਿੱਚ ਸੁਰਜੀਤ ਨੇ ਹੁਸ਼ਿਆਰਪੁਰ ਦੀਆਂ ਜ਼ਿਲ੍ਹਾ ਕਚਹਿਰੀਆਂ ਵਿੱਚ ਯੂਨੀਅਨ ਜੈਕ ਫਾੜ ਕੇ ਤਿਰੰਗਾ ਝੰਡਾ ਚੜ੍ਹਾ ਦਿੱਤਾ ਸੀ। ਇਸ ਕਾਰਨ ਉਸ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮਾ ਚਲਾਇਆ ਗਿਆ। ਜੱਜ ਵਲੋਂ ਨਾਂ ਪੁੱਛਣ ਤੇ ਉਨ੍ਹਾਂ ਨੇ ਅਪਣਾ ਨਾਂ ਲੰਡਨ ਤੋੜ ਸਿੰਘ ਦੱਸਿਆ।[3] ਜੱਜ ਨੇ ਉਨ੍ਹਾਂ ਨੂੰ ਇੱਕ ਸਾਲ ਕੈਦ ਦੀ ਸਜ਼ਾ ਕਰ ਦਿੱਤੀ। ਪਰ ਹਰਕਿਸ਼ਨ ਦੀ ਟਿੱਪਣੀ, "ਸਿਰਫ਼ ਇੱਕ ਸਾਲ" ਤੇ ਖਿਝ ਕੇ ਅਦਾਲਤ ਨੇ ਸਜ਼ਾ ਵਧਾ ਕੇ ਚਾਰ ਸਾਲ ਕਰ ਦਿੱਤੀ। ਇਹ ਸਜ਼ਾ ਉਨ੍ਹਾਂ ਨੇ ਬੋਰਸਟਲ ਜੇਲ੍ਹ ਲਾਹੌਰ ਵਿੱਚ ਭੁਗਤੀ। ਜੇਲ੍ਹ ਵਿੱਚ ਉਨ੍ਹਾਂ ਦੀ ਮੁਲਾਕਾਤ ਭਗਤ ਸਿੰਘ ਦੇ ਕਈ ਸਾਥੀਆਂ ਸਮੇਤ ਬਹੁਤ ਸਾਰੇ ਅਜ਼ਾਦੀ ਘੁਲਾਟੀਆਂ ਨਾਲ ਹੋ ਗਈ। ਅਤੇ ਜੇਲ ਸਿਆਸੀ ਸਿੱਖਿਆ ਦਾ ਸਕੂਲ ਬਣ ਗਈ।

1936 ਵਿੱਚ ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਮੈਂਬਰ ਬਣੇ। ਉਹ ਪੰਜਾਬ ਵਿੱਚ ਕਿਸਾਨ ਸਭਾ ਦੀ ਬੁਨਿਆਦ ਰੱਖਣ ਵਾਲਿਆਂ ਵਿੱਚੋਂ ਇੱਕ ਸਨ। 1938 ਵਿੱਚ ਉਹ ਪੰਜਾਬ ਕਿਸਾਨ ਸਭਾ ਦੇ ਸੈਕਟਰੀ ਚੁਣੇ ਗਏ।

ਅਜ਼ਾਦੀ ਤੋਂ ਬਾਅਦ ਸੁਰਜੀਤ ਭਾਰਤੀ ਕਮਿਊਨਿਸਟ ਪਾਰਟੀ ਦੇ ਈ ਐਮ ਐਸ ਨਬੂੰਦਰੀਪਦ, ਪੀ ਸੀ ਜੋਸ਼ੀ, ਐਸ ਏ ਡਾਂਗੇ, ਬੀ ਟੀ ਰਣਦੀਵੇ, ਏ ਕੇ ਗੋਪਾਲਨ, ਅਜੈ ਘੋਸ਼, ਪੀ ਰਾਮਾਮੂਰਤੀ, ਪੀ ਸੁੰਦਰਈਆ, ਕਾਮਰੇਡ ਵਾਸੂਪਨਈਆ, ਜਿਓਤੀ ਬਸੂ, ਪਰਮੋਦ ਦਾਸ ਗੁਪਤਾ, ਰਾਜੇਸ਼ਵਰ ਰਾਓ, ਸੋਹਣ ਸਿੰਘ ਜੋਸ਼ ਅਤੇ ਸਮਰ ਮੁਖਰਜੀ ਵਰਗੇ ਸਿਰਕੱਢ ਲੀਡਰਾਂ ਵਿੱਚ ਸ਼ਾਮਲ ਸਨ।

ਹਵਾਲੇ[ਸੋਧੋ]