ਸਮੱਗਰੀ 'ਤੇ ਜਾਓ

ਹਰਪ੍ਰੀਤ ਸਿੰਘ ਸਵੈਚ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਰਪ੍ਰੀਤ ਸਿੰਘ ਸਵੈਚ
ਜਨਮ (1984-10-02) 2 ਅਕਤੂਬਰ 1984 (ਉਮਰ 40)
ਚਾਓਮਾਜਰਾ, ਐੱਸ.ਏ.ਐੱਸ. ਨਗਰ, ਪੰਜਾਬ, ਭਾਰਤ
ਰਾਸ਼ਟਰੀਅਤਾਭਾਰਤੀ
ਸਿੱਖਿਆਐੱਮ.ਏ. (ਪੰਜਾਬੀ ਅਤੇ ਰਾਜਨੀਤੀ ਸ਼ਾਸਤਰ)
ਪੇਸ਼ਾਸੀਨੀਅਰ ਰਿਪੋਰਟਰ, ਪੰਜਾਬ ਵਿਧਾਨ ਸਭਾ ਸਕੱਤਰੇਤ, ਚੰਡੀਗੜ੍ਹ
ਲਈ ਪ੍ਰਸਿੱਧਸਾਹਿਤਕਾਰ
ਜ਼ਿਕਰਯੋਗ ਕੰਮ"ਇਬਾਦਤਗਾਹ" (ਕਾਵਿ-ਸੰਗ੍ਰਹਿ, 2023)
"ਰਤੇ ਇਸਕ ਖੁਦਾਇ" (ਨਕਸ਼ ਨਵੀਸੀ, 2024)
ਜੀਵਨ ਸਾਥੀਗੁਰਸਿਮਰਤ ਕੌਰ
ਮਾਤਾ-ਪਿਤਾ
  • ਸ. ਗੁਰਨਾਮ ਸਿੰਘ (ਪਿਤਾ)
  • ਸਰਦਾਰਨੀ ਕ੍ਰਿਪਾਲ ਕੌਰ (ਮਾਤਾ)

ਹਰਪ੍ਰੀਤ ਸਿੰਘ ਸਵੈਚ (02 ਅਕਤੂਬਰ, 1984) ਪੰਜਾਬੀ ਸਾਹਿਤ ਦਾ ਲੇਖਕ ਹੈ। ਉਹ ਕਵਿਤਾ, ਕਹਾਣੀ, ਲੇਖ, ਨਿਬੰਧ, ਸਫ਼ਰਨਾਮੇ ਆਦਿ ਰਚ/ਲਿਖ ਰਿਹਾ ਹੈ। ਉਸ ਦੀਆਂ ਦੋ ਮੌਲਿਕ ਪੁਸਤਕਾਂ "ਇਬਾਦਤਗਾਹ" (ਕਾਵਿ-ਸੰਗ੍ਰਹਿ: ਅਗਸਤ, 2023) ਅਤੇ "ਰਤੇ ਇਸਕ ਖੁਦਾਇ" (ਨਕਸ਼ ਨਵੀਸੀ: ਜੂਨ, 2024) ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਲੇਖਕ ਵੱਲੋਂ ਪਦਮਸ਼੍ਰੀ ਡਾ. ਸੁਰਜੀਤ ਪਾਤਰ ਜੀ ਦੇ ਸਹਿਯੋਗ ਨਾਲ਼ “ਪੰਜਾਬੀ ਜ਼ੁਬਾਨ, ਸਾਡੀ ਪਛਾਣ” ਦਸਤਾਵੇਜ਼ੀ ਫ਼ਿਲਮ ਸਮੇਤ ਵੱਖ-ਵੱਖ ਸਮਾਜਿਕ ਵਿਸ਼ਿਆਂ ’ਤੇ ਚਾਰ ਲਘੂ-ਫ਼ਿਲਮਾਂ ਦਾ ਨਿਰਮਾਣ ਕੀਤਾ ਗਿਆ ਅਤੇ ਸਵੈਚ ਦੇ ਤਕਰਬੀਨ ਪੰਜਾਹ ਲੇਖ/ਨਿਬੰਧ ਦੇਸ਼ ਵਿਦੇਸ਼ ਦੇ ਸੁਪ੍ਰਸਿੱਧ ਪੰਜਾਬੀ ਅਖ਼ਬਾਰਾਂ ਅਤੇ ਸਾਹਿਤਕ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ।

ਜੀਵਨੀ

[ਸੋਧੋ]

ਉਸਦਾ ਜਨਮ ਪਿੰਡ ਚਾਓਮਾਜਰਾ, ਐੱਸ.ਏ.ਐੱਸ.ਨਗਰ ਜ਼ਿਲ੍ਹਾ (ਮੋਹਾਲੀ), ਪੰਜਾਬ ਵਿਖੇ ਸਰਦਾਰ ਗੁਰਨਾਮ ਸਿੰਘ ਦੇ ਘਰ ਮਾਤਾ ਕ੍ਰਿਪਾਲ ਕੌਰ ਦੀ ਕੁੱਖੋਂ ਹੋਇਆ।

ਸਵੈਚ ਨੇ ਕਾਲਜ ਪੜ੍ਹਦਿਆਂ ਕੁੱਝ ਮੁਹੱਬਤੀ ਖ਼ਿਆਲਾਂ ਨੂੰ ਕੱਚੇ-ਪੱਕੇ ਲਫ਼ਜ਼ਾਂ ’ਚ ਪਰੋਣਾ ਸ਼ੁਰੂ ਕੀਤਾ, ਜਿਸ ਨੇ ਉਸਦੀ ਕਵਿਤਾ ਨਾਲ਼ ਸਾਂਝ ਪੁਆਈ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਐੱਮ.ਏ. ਪੰਜਾਬੀ ਕਰਦਿਆਂ ਹੀ ਸਾਹਿਤ ਨਾਲ਼ ਬਹੁਤੀ ਵਾਕਫ਼ੀ ਹੋਈ ਅਤੇ ਉਸਨੇ ਕਈ ਨਵੇਂ ਪੁਰਾਣੇ ਲੇਖਕਾਂ ਦੇ ਜੀਵਨ ਅਤੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਗਹੁ ਨਾਲ਼ ਪੜ੍ਹਿਆ, ਜਿੱਥੋਂ ਉਸ ਨੇ ਜੀਵਨੀ ਸਾਹਿਤ ਲਿਖ਼ਣ ਦੀ ਸੇਧ ਪ੍ਰਾਪਤ ਕੀਤੀ। ਇਸੇ ਦੌਰਾਨ ਪ੍ਰਸਿੱਧ ਮਨੋਵਿਗਿਆਨੀ ਸਿਗਮੰਡ ਫਰਾਈਡ ਦੇ ਸੁਪਨਿਆਂ ਦੇ ਸਿਧਾਂਤ ਤੋਂ ਮੁਤਾਸਿਰ ਹੋ ਕੇ ਉਸਨੇ ਆਪਣੇ ਸੁਪਨਿਆਂ ਨੂੰ ਕਲਮਬੱਧ ਕਰਨਾ ਸ਼ੁਰੂ ਕੀਤਾ, ਜਿਸ ਨੇ ਹੌਲ਼ੀ ਹੌਲ਼ੀ ਕਹਾਣੀ ਸਾਹਿਤ ਨਾਲ਼ ਵੀ ਸਾਂਝ ਪੁਆ ਦਿੱਤੀ। ਇਕ ਵਾਰ ਯੂਨੀਵਰਸਿਟੀ ਵਿੱਚ ਪੁਆਧੀ ਬੋਲੀ 'ਤੇ ਉਸ ਵੱਲੋਂ ਤਿਆਰ ਕੀਤੇ ਇੱਕ ਖੋਜ-ਪੱਤਰ ਨੂੰ ਉਸ ਦੇ ਪਰਮ ਮਿੱਤਰ ਸਰਦਾਰ ਹਰਮਿੰਦਰ ਸਿੰਘ ਨੇ ਪੰਜਾਬੀ ਟ੍ਰਿਬਿਊਨ ਦੇ ਦਫ਼ਤਰ ਪਹੁੰਚਾ ਦਿੱਤਾ। ਇਸ ਤੋਂ ਪਹਿਲਾਂ ਉਸਦਾ ਕੋਈ ਲੇਖ ਕਿਸੇ ਵੀ ਅਖ਼ਬਾਰ ਵਿੱਚ ਨਹੀਂ ਛਪਿਆ ਸੀ ਪਰ ਪੰਜਾਬੀ ਟ੍ਰਿਬਿਊਨ ਵਿੱਚ ਛਪੇ ਇਸ ਖੋਜ ਭਰਪੂਰ ਲੇਖ ਨੂੰ ਪਾਠਕਾਂ ਦਾ ਚੰਗਾ ਹੁੰਗਾਰਾ ਮਿਲਿਆ, ਜਿੱਥੋਂ ਉਸਦੀ ਲੇਖਣੀ ਦਾ ਸਫ਼ਰ ਸ਼ੁਰੂ ਹੋਇਆ। ਹਰਪ੍ਰੀਤ ਸਿੰਘ ਸਵੈਚ ਦੇ ਕਹਿਣ ਅਨੁਸਾਰ ਸਰਦਾਰ ਜਸਵੀਰ ਸਿੰਘ ਸ਼ਾਇਰ, ਉਸ ਦਾ ਸਾਹਿਤਕ ਗੁਰੂ ਹੈ ਜੋ ਉਸ ਦੇ ਔਖ਼ੇ-ਸੌਖੇ ਸਾਹਿਤਕ ਪੈਂਡੇ ਵਿੱਚ ਹਮੇਸ਼ਾ ਨਾਲ਼ ਰਿਹਾ ਹੈ ਅਤੇ ਲੇਖਕ ਦੀਆਂ ਪੁਸਤਕਾਂ ਪ੍ਰਕਾਸ਼ਿਤ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਰਿਹਾ ਹੈ। ਹਰਪ੍ਰੀਤ ਸਿੰਘ ਸਵੈਚ ਆਖਦਾ ਹੈ ਕਿ "ਜਸਵੀਰ ਸਿੰਘ ਸ਼ਾਇਰ ਦੀ ਹੌਂਸਲਾ ਅਫ਼ਜ਼ਾਈ ਅਤੇ ਯੋਗ ਅਗਵਾਈ ਨੇ ਹੀ ਉਸ ਦੀਆਂ ਬਿਖਰੀਆਂ/ਖਿੱਲਰੀਆਂ ਰਚਨਾਵਾਂ ਨੂੰ ਇੱਕ ਲੜੀ ਵਿੱਚ ਪ੍ਰੋ ਕੇ, ਉਸ ਨੂੰ ਲੇਖਕਾਂ ਦੀ ਫਹਿਰਿਸਤ ਵਿੱਚ ਸ਼ਾਮਲ ਕਰਵਾਇਆ ਹੈ।" ਹਰਪ੍ਰੀਤ ਸਿੰਘ ਸਵੈਚ ਦੇ ਮਨਪਸੰਦ ਲੇਖਕਾਂ ਦੀ ਸੂਚੀ ਵਿੱਚ ਭਾਈ ਵੀਰ ਸਿੰਘ, ਪ੍ਰੋਫ਼ੈਸਰ ਮੋਹਨ ਸਿੰਘ, ਅਵਤਾਰ ਸਿੰਘ ਸੰਧੂ (ਪਾਸ਼), ਡਾ. ਸੁਰਜੀਤ ਪਾਤਰ, ਸਰਦਾਰ ਕੁਲਵੰਤ ਸਿੰਘ ਵਿਰਕ, ਸਰਦਾਰ ਜਸਵੰਤ ਸਿੰਘ ਕੰਵਲ, ਅੰਮ੍ਰਿਤਾ ਪ੍ਰੀਤਮ ਅਤੇ ਬਲਵੰਤ ਗਾਰਗੀ ਆਦਿ ਦਾ ਨਾਂ ਆਉਂਦਾ ਹੈ। ਉਸ ਨੇ ਭਾਈ ਵੀਰ ਸਿੰਘ, ਡਾ. ਸੁਰਜੀਤ ਪਾਤਰ ਅਤੇ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਸਾਹਿਤ- ਰਚਨਾ ਤੋਂ ਖ਼ਾਸਾ ਪ੍ਰਭਾਵ ਕਬੂਲਿਆ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਸਫ਼ਰ ਕਰਨਾ, ਇਤਿਹਾਸਕ ਤੱਥਾਂ ਦੀ ਜਾਣਕਾਰੀ ਹਾਸਲ ਕਰਨਾ, ਰੂਹਦਾਰੀ ਵਾਲ਼ਾ ਸੰਗੀਤ ਸੁਣਨਾ, ਸਾਹਿਤਕ ਕਿਤਾਬਾਂ ਪੜ੍ਹਨਾ ਅਤੇ ਸਮੇਂ ਦੀ ਮੌਹਲਤ ਮਿਲਦਿਆਂ ਹੀ ਦੋਸਤਾਂ ਨਾਲ਼ ਗੱਲਾਂ ਕਰਨੀਆਂ ਸਵੈਚ ਦੇ ਮੁਖ਼ਤਲਿਫ਼ ਸ਼ੌਕ ਹਨ।

ਵਿੱਦਿਆ

[ਸੋਧੋ]

ਸਵੈਚ ਨੇ ਆਪਣੀ ਪਹਿਲੀ ਜਮਾਤ ਤੋਂ ਦਸਵੀਂ ਤੱਕ ਦੀ ਪੜ੍ਹਾਈ ਪੈਰਾਗੌਨ ਸੀਨੀਅਰ ਸੈਕੰਡਰੀ ਸਕੂਲ, ਫੇਜ਼-10, ਮੋਹਾਲੀ ਤੋਂ ਹਾਸਲ ਕੀਤੀ। ਇਸ ਉਪਰੰਤ ਗਿਆਰਵੀਂ ਅਤੇ ਬਾਰਵੀਂ ਜਮਾਤ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼- 3-ਬੀ-2, ਮੋਹਾਲੀ ਤੋਂ ਪ੍ਰਾਪਤ ਕੀਤੀ, ਜਦੋਂ ਕਿ ਆਰਟਸ ਵਿਸ਼ੇ ਵਿੱਚ ਗਰੈਜੁਏਸ਼ਨ ਦੀ ਪੜ੍ਹਾਈ ਸਰਕਾਰੀ ਕਾਲਜ, ਸੈਕਟਰ- 11, ਚੰਡੀਗੜ੍ਹ ਤੋਂ ਹਾਸਲ ਕੀਤੀ। ਇਸ ਉਪਰੰਤ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਈਵਨਿੰਗ ਵਿਭਾਗ ਤੋਂ ਐੱਮ.ਏ. ਰਾਜਨੀਤੀ ਸ਼ਾਸਤਰ ਅਤੇ ਐੱਮ.ਏ. ਪੰਜਾਬੀ ਦੀ ਵਿੱਦਿਆ ਹਾਸਲ ਕੀਤੀ। ਇਸ ਤੋਂ ਇਲਾਵਾ ਉਸ ਨੇ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸੰਕੇਤ-ਲਿਪੀ ਦੀ ਉੱਚ ਪੱਧਰੀ ਸਿੱਖਿਆ ਪ੍ਰਾਪਤ ਕੀਤੀ।

ਕਿੱਤਾ

[ਸੋਧੋ]

ਹਰਪ੍ਰੀਤ ਸਿੰਘ ਸਵੈਚ ਨੇ ਸਾਲ 2006 ਤੋਂ 2011 ਤੱਕ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ, ਲਾਂਡਰਾ, ਐੱਸ. ਏ. ਐੱਸ. ਨਗਰ, ਪੰਜਾਬ ਦੇ ਤਤਕਾਲੀ ਚੇਅਰਮੈਨ ਸਰਦਾਰ ਸਤਨਾਮ ਸਿੰਘ ਸੰਧੂ (ਹੁਣ ਮੈਂਬਰ, ਰਾਜ ਸਭਾ ਅਤੇ ਚਾਂਸਲਰ, ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ) ਦੇ ਨਿੱਜੀ ਸਹਾਇਕ ਵਜੋਂ ਕੰਮ ਕੀਤਾ। ਉਹ ਸਾਲ 2011 ਵਿੱਚ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਪੰਜਾਬੀ ਸਟੈਨੋਗ੍ਰਾਫਰ ਭਰਤੀ ਹੋਇਆ। ਇਸ ਉਪਰੰਤ ਉਸ ਨੇ ਪੰਜਾਬ ਵਿਧਾਨ ਸਭਾ ਸਕੱਤਰੇਤ, ਚੰਡੀਗੜ੍ਹ ਵਿਖੇ ਪੰਜਾਬੀ ਰਿਪੋਰਟਰ ਦੀ ਗਜ਼ਟਿਡ ਅਸਾਮੀ ਲਈ ਦਿੱਤੀ ਪ੍ਰੀਖਿਆ ਵਿੱਚ ਪੰਜਾਬ ਭਰ ਵਿੱਚੋਂ ਅੱਵਲ ਰੈਂਕ ਹਾਸਲ ਕੀਤਾ ਅਤੇ ਮੌਜੂਦਾ ਸਮੇਂ ਉਹ ਪੰਜਾਬ ਵਿਧਾਨ ਸਭਾ ਸਕੱਤਰੇਤ, ਚੰਡੀਗੜ੍ਹ ਵਿਖੇ ਬਤੌਰ ਸੀਨੀਅਰ ਰਿਪੋਰਟਰ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ।

ਵਿਆਹ

[ਸੋਧੋ]

ਸਵੈਚ ਦਾ ਵਿਆਹ 19 ਫ਼ਰਵਰੀ, 2019 ਨੂੰ ਗੁਰਸਿਮਰਤ ਕੌਰ ਨਾਲ਼ ਹੋਇਆ ਅਤੇ ਉਨ੍ਹਾਂ ਦੀ ਇੱਕ ਧੀ ਵੀ ਹੈ।

ਪ੍ਰਕਾਸ਼ਿਤ ਪੁਸਤਕਾਂ

[ਸੋਧੋ]
  1. ਇਬਾਦਤਗਾਹ 2023[1]
    ਇਬਾਦਤਗਾਹ ਕਿਤਾਬ
  2. ਰਤੇ ਇਸਕ ਖੁਦਾਇ 2024[2][3]
ਰਤੇ ਇਸਕ ਖੁਦਾਇ ਕਿਤਾਬ

ਦਸਤਾਵੇਜ਼ੀ ਅਤੇ ਲਘੂ ਫ਼ਿਲਮਾਂ

[ਸੋਧੋ]
  1. ਕਾਲਾ ਧਨ (ਇੱਕ ਪੱਖ ਇਹ ਵੀ) (2016)
  2. ਪੰਜਾਬੀ ਜ਼ੁਬਾਨ, ਸਾਡੀ ਪਛਾਣ (ਦਸਤਾਵੇਜ਼ੀ) (2017)
  3. ਖ਼ਪਤਕਾਰਾਂ ਦੇ ਹੱਕ-1 (2017)
  4. ਖ਼ਪਤਕਾਰਾਂ ਦੇ ਹੱਕ-2 (2018)
  5. ਮੈਂ ਨੀਂ ਬਣਨਾ ਪਰੀ (2018)

ਹਵਾਲੇ

[ਸੋਧੋ]
  1. Nabaz-e-Punjab (2023-08-09). "ਪ੍ਰੋ. ਗੁਰਭਜਨ ਗਿੱਲ ਵੱਲੋਂ ਹਰਪ੍ਰੀਤ ਸਿੰਘ ਦੀ ਕਿਤਾਬ 'ਇਬਾਦਤਗਾਹ' ਰਿਲੀਜ਼" (in ਅੰਗਰੇਜ਼ੀ (ਅਮਰੀਕੀ)). Retrieved 2024-12-02.
  2. singh, sukhwinder (2024-07-15). "ਸਵੈਚ ਦੀ ਪੁਸਤਕ 'ਰਤੇ ਇਸ਼ਕ ਖੁਦਾਇ' ਲੋਕ ਅਰਪਣ". Punjabi Tribune (in ਅੰਗਰੇਜ਼ੀ (ਅਮਰੀਕੀ)). Retrieved 2024-12-02.
  3. Supran, Ashok (2024-07-15). "ਨੌਜਵਾਨ ਲੇਖਕ ਹਰਪ੍ਰੀਤ ਸਿੰਘ ਸਵੈਚ ਦੀ ਪੁਸਤਕ "ਰਤੇ ਇਸਕ ਖੁਦਾਇ" ਲੋਕ ਅਰਪਣ - Samaj Weekly" (in ਅੰਗਰੇਜ਼ੀ (ਬਰਤਾਨਵੀ)). Retrieved 2024-12-02.