ਆਚਾਰੀਆ ਵਿਸ਼ਵਨਾਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁੱਢਲਾ ਜੀਵਨ ਅਤੇ ਪਰਿਵਾਰ[ਸੋਧੋ]

ਆਚਾਰੀਆ ਵਿਸ਼ਵਨਾਥ (ਪੂਰਾ ਨਾਮ ਆਚਾਰੀਆ ਵਿਸ਼ਵਨਾਥ ਮਹਾਪਾਤਰ) ਸੰਸਕ੍ਰਿਤ ਕਾਵਿ ਸ਼ਾਸਤਰ ਦੇ ਗੂੜ੍ਹ ਗਿਆਤਾ ਅਤੇ ਆਚਾਰੀਆ ਸਨ। ਉਹ ਸਾਹਿਤ ਦਰਪਣ ਸਹਿਤ ਅਨੇਕ ਸਾਹਿਤ ਸੰਬੰਧੀ ਸੰਸਕ੍ਰਿਤ ਗ੍ਰੰਥਾਂ ਦੇ ਰਚਣਹਾਰ ਹਨ। ਉਹਨਾਂ ਨੇ ਆਚਾਰੀਆ ਮੰਮਟ ਦੇ ਗ੍ਰੰਥ ਕਾਵਿ ਪ੍ਰਕਾਸ਼ ਦਾ ਟੀਕਾ ਵੀ ਕੀਤਾ ਹੈ ਜਿਸਦਾ ਨਾਮ ਕਾਵਿ-ਪ੍ਰਕਾਸ਼ ਦਰਪਣ ਹੈ।

ਆਚਾਰੀਆ ਵਿਸ਼ਵਨਾਥ ਵਿਸ਼ਵਨਾਥ ਕਵਿਰਾਜ ਇੱਕ ਅਜਿਹੇ ਬ੍ਰਾਹਮਣ ਘਰਾਣੇ ਵਿੱਚ ਪੈਦਾ ਹੋਏ ਸਨ ਜੋ ਵਿੱਦਿਆ ਲਈ ਪ੍ਰਸਿੱਧ ਸੀ। ਇੰਨ੍ਹਾਂ ਦੇ ਦਾਦਾ ਨਰਾਇਣ ਦਾਸ ਉੱਘੇ ਵਿਦਵਾਨ ਸਨ। ਇਨ੍ਹਾਂ ਦੇ ਪਿਤਾ ਚੰਦਰਸ਼ੇਖਰ ਵੀ ਵਿਦਵਾਨ ਅਤੇ ਕਵੀ ਸਨ। ਇਹ ਰਾਜਾ ਨਰਸਿੰਹ ਦੂਜੇ ਦੇ ਪੁੱਤਰ ਰਾਜਾ ਭਾਨੂੰ ਦੇਵ ਦੇ ਪ੍ਰਧਾਨ ਮੰਤਰੀ ਸਨ। ਇਹ ਕਾਲਿੰਗਾ(ਉੜੀਸਾ ਅਤੇ ਮੰਜਮ) ਦੇ ਰਹਿਣ ਵਾਲੇ, ਵੈਸ਼ਵ ਮਤ ਦੇ ਮੰਨਣ ਵਾਲੇ ਸਨ।[1]

ਆਚਾਰੀਆ ਵਿਸ਼ਵਨਾਥ ਬੜੇ ਉੱਘੇ ਵਿਦਵਾਨ ਤੇ ਕਵੀ ਹੋਏ ਹਨ। ਇਨ੍ਹਾਂ ਦਾ ਸਮਾਂ ਚੌਧਵੀਂ ਸਦੀ ਦੇ ਅੱਧ ਵਿੱਚ ਮੰਨਿਆ ਜਾਂਦਾ ਹੈ।[2]

ਵਿਸ਼ਵਨਾਥ ਦੀਆਂ ਰਚਨਾਂਵਾਂ[ਸੋਧੋ]

ਵਿਸ਼ਵਨਾਥ ਦੀ ਪ੍ਰਸਿੱਧ ਰਚਨਾ ਉਸਦਾ ਗ੍ਰੰਥ ਸਾਹਿਤ ਦਰਪਣ ਹੈ। ਸਾਹਿਤ ਦਰਪਣ ਕਾਵਿਪ੍ਰਕਾਸ਼ ਦੀ ਸ਼ੈਲੀ ਤੇ ਲਿਖੀ ਹੋਈ ਪੁਸਤਕ ਹੈ।

ਸਾਹਿਤ ਦਰਪਣ ਵਿੱਚ ਕਾਵਿ ਪ੍ਰਕਾਸ਼ ਦੇ ਸਾਰੇ ਵਿਸ਼ੇ ਆ ਗਏ ਹਨ। ਕੇਵਲ ਨਾਟ ਆਦਿ ਵਿਸ਼ਿਆਂ ਦਾ ਵਰਨਣ ਵਾਧੂ ਹੈ। ਸਾਹਿਤ ਦਰਪਣ ਦਾ ਨਾਟ ਵਰਨਣ ਦਸ਼ਰੂਪਕ ਨਾਲੋਂ ਵੀ ਚੰਗੇਰਾ ਹੈ। ਇਸਦਾ ਨਾਟਕ ਸੰਬੰਧੀ ਭਾਗ ਭਰਤ ਤੇ ਧਨੰਜਯ ਅਨੁਸਾਰ ਹੈ। ਆਲੰਕਾਰਾਂ ਦੇ ਵਾਲਾ ਭਾਗ ਰੁੱਯਕ ਦੇ ਅਨੁਸਾਰ ਅਤੇ ਬਾਕੀ ਦਾ ਭਾਗ ਮੰਮਟ ਅਨੁਸਾਰ ਹੈ।[3]

ਸਾਹਿਤ ਦਰਪਣ ਸਮੇਤ ਵਿਸ਼ਵਨਾਥ ਦੀਆਂ ਕ੍ਰਿਤਾਂ ਕੁੱਲ ਨੌਂ ਹਨ, ਜੋ ਕਾਲਕ੍ਰਮ ਅਨੁਸਾਰ ਇਸ ਤਰ੍ਹਾਂ ਹਨ:-

  • ਰਾਘਵ ਵਿਲਾਸ(ਮਹਾਂਕਾਵਿ)
  • ਕੁਵਲਿਆਸਵਚਰਿਤ(ਪ੍ਰਾਕ੍ਰਿਤ ਮਹਾਂਕਾਵਿ)
  • ਚੰਦ੍ਰ-ਕਲਾ(ਨਾਟਿਕਾ)
  • ਪ੍ਰਭਾਵਤੀ ਪਰਿਵਯ(ਨਾਟਕ)
  • ਪ੍ਰਸ਼ਸਤੀ-ਰਤਨਾਵਲੀ(ਸੋਲਾਂ ਭਾਸ਼ਾਵਾਂ ਵਿੱਚ ਰਚਿਆ ਹੋਇਆ ਕਰੰਭਕ)
  • ਸਾਹਿਤਯ-ਦਰਪਣ(ਸਾਹਿਤ ਸ਼ਾਸਤ੍ਰ)
  • ਨਰਸਿੰਹ-ਵਿਜਯ(ਖੰਡ ਕਾਵਿ)
  • ਕਾਵਿ ਪ੍ਰਕਾਸ਼ ਦਰਪਣ(ਕਾਵਿ-ਪ੍ਰਕਾਸ਼ ਦੀ ਟੀਕਾ)
  • ਕੰਸਵਧ(ਕਾਵਿ)

ਉੱਪਰ ਦੱਸੇ ਨੌਵਾਂ ਗ੍ਰੰਥਾਂ ਵਿੱਚੋਂ ਸਾਹਿਤਯ ਦਰਪਣ ਹੀ ਸਾਹਿਤ-ਸ਼ਾਸਤ੍ਰ ਦੀ ਪ੍ਰਸਿੱਧ ਕਿਰਤ ਹੈ। ਇਸਦਾ ਵੱਡਾ ਗੁਣ ਇਹ ਹੈ ਕਿ ਇਸ ਇਕੱਲੀ ਪੁਸਤਕ ਵਿੱਚ ਸਾਹਿੱਤ-ਸ਼ਾਸਤ੍ਰ ਦੀਆਂ ਸਾਰੀਆਂ ਸ਼ਾਖਾਵਾਂ ਦਾ ਪੂਰਾ-ਪੂਰਾ ਵਰਨਣ ਹੈੈ। ਹੋਰ ਗੁਣ ਹੈ ਇਸ ਦੀ ਸਰਲ ਅਤੇ ਸੌਖੀ ਸ਼ੈਲੀ।[4]

ਸਾਹਿਤ ਦਰਪਣ ਕਾਵਿ ਪ੍ਰਕਾਸ਼ ਦੀ ਸ਼ੇੈਲੀ ਤੇ ਹੀ ਲਿਖੀ ਹੋਈ ਪੁਸਤਕ ਹੈ। ਇਹ ਵੀ ਕਾਰਿਕਾ, ਵ੍ਰਿੱਤੀ ਅਤੇ ਉਦਹਾਰਣ ਤਿੰਨ ਹਿੱਸਿਆਂ ਵਿੱਚ ਹੈੈ। ਕਾਵਿਕਾਵਾਂ ਦੀ ਗਿਣਤੀ 800 ਅਤੇ ਉਦਹਾਰਣ 740 ਹਨ। ਕੁਝ ਉਦਹਾਰਣ ਲੇਖਕ ਦੇ ਆਪਣੇ ਰਚੇ ਹੋਏ ਹਨ।[5]

ਭਾਵੇਂ ਦਰਪਨ ਦੇ ਕਰਤਾ ਨੇ ਮੰਮਟ ਤੋਂ ਬਹੁਤ ਸਾਰੀ ਸਮੱਗਰੀ ਲਈ ਹੈ, ਫੇਰ ਵੀ ਵਾਕਯੰ ਰਸਾਤਮਕੰ ਕਾਵਯੰ ਇਹ ਲੱਛਣ ਦੱਸ ਕੇ ਉਹਨਾਂ ਨੇ ਦੋਸ਼, ਗੁਣ, ਰੀਤੀ, ਅਲੰਕਾਰ ਸਭਨਾਂ ਨੂੰ ਰਸ ਦੇ ਅਧੀਨ ਕਰਕੇ ਰਸ-ਸਿਧਾਂਤ ਦੀ ਪ੍ਰਧਾਨਤਾ ਵਰਣਨ ਕੀਤੀ ਹੈ। ਧ੍ਵਨੀ ਨੂੰ ਵੀ ਮੁੱਖ ਸਮਝ ਕੇ ਧ੍ਵਨੀ-ਕਾਵਿ ਨੂੰ ਉੱਤਮ ਕਾਵਿ ਮੰਨਿਆ ਹੈ, ਫੇਰ ਰਸਾਇਧ੍ਵਨੀ ਹੀ ਮੁੱਖ ਸਮਝੀ ਗਈ ਹੈ ਅਤੇ ਵਸਤੂ ਧ੍ਵਨੀ ਅਤੇ ਅਲੰਕਾਰ-ਧ੍ਵਨੀ ਇਹ ਦੋਵੇਂ ਗੌਣ ਮੰਨੀਆਂ ਗਈਆਂ ਹਨ।

ਰਸ ਅੱਠ ਦੀ ਥਾਂ ਦਸ ਦੱਸੇ ਗਏ ਹਨ; ਸ਼ਾਂਤ ਰਸ ਅਤੇ ਵਾਤਸਲ ਰਸ ਵਾਧੂ ਹਨ। ਨਾਇਕ ਅਤੇ ਨਾਇਕਾ ਦੇ ਭੇਦ ਦਰਪਣ ਵਿੱਚ ਚੋਖੇ ਵਿਸਤਾਰ ਨਾਲ ਦੱਸੇ ਗਏ ਹਨ।[6]

ਵਿਸ਼ਵਨਾਥ ਦੀਆਂ ਧਾਰਨਾਵਾਂ[ਸੋਧੋ]

  • ਵਿਸ਼ਵਨਾਥ ਨੇ ਸਾਧਾਰਨੀਕਰਨ ਦੀਆਂ ਦੇ ਪ੍ਰਮੁੱਖ ਅਵਸਥਾਵਾਂ ਦੇ ਆਧਾਰ ਤੇ ਰਸ ਦੀਆਂ ਦੋ ਹਾਲਤਾਂ ਮੰਨੀਆਂ ਹਨ- 1) ਪੂਰਣ ਰਸ ਦੀ ਅਵਸਥਾ 2)ਆਂਸ਼ਿਕ ਰਸ ਦੀ ਅਵਸਥਾ। ਪਹਲੀ ਅਵਸਥਾ ਸਮੇਂ ਸ੍ਰੋਤੇ ਤੇ ਆਲੰਬਨ ਵਿਚਕਾਰ ਪੂਰਨ ਇਕਾਗ੍ਰਤਾ ਸਥਾਪਿਤ ਹੋ ਜਾਂਦੀ ਹੈੇ। ਸ੍ਰੋਤਾ ਆਪਣੇ ਆਪ ਨੂੰ ਭੁਲ ਕੇ ਆਲੰਬਨਮਈ ਹੋ ਜਾਂਦਾ ਹੈ, ਪਰੰਤੂ ਆਂਸ਼ਿਕ ਰਸ-ਅਨੁਭਵ ਦੀ ਅਵਸਥਾ ਵਿੱਚ ਸ੍ਰੋਤੇ ਅਤੇ ਆਲੰਬਨ ਵਿਚਕਾਰ ਇਕਾਗ੍ਰਤਾ ਸਥਾਪਿਤ ਨਹੀਂ ਹੁੰਦੀ। ਇਸੇ ਲਈ ਸ੍ਰੋਤਾ ਪੁਰਵ ਰਸ ਦਾ ਸਵਾਦ ਨਹੀਂ ਚਖ ਸਕਦਾ।[7]
  • ਆਚਾਰੀਆ ਵਿਸ਼ਵਨਾਥ ਨੇ ਭਾਰਤੀ ਕਾਵਿ-ਸ਼ਾਸਤਰ ਦੀ ਅਤਿਲੋਕਪ੍ਰਿਯ ਆਪਣੀ ਰਚਨਾ 'ਸਾਹਿਤਦਰਪਣ' ਵਿੱਚ ਕਾਵਿ ਦੇ ਪ੍ਰਯੋਜਨਾ ਬਾਰੇ ਉੱਘਾ ਵਿਚਾਰ ਕਰਦੇ ਹੋਏ 'ਚਤੁਰਵਰਗ' : ਧਰਮ-ਅਰਥ-ਕਾਮ-ਮੋਕਸ਼ ਨੂੰ ਹੀ ਕਾਵਿ ਦੇ ਪ੍ਰਮੁੱਖ ਪ੍ਰਯੋਜਨ ਸਵੀਕਾਰ ਕੀਤਾ ਹੈ।
  • ਵਿਸ਼ਵਨਾਥ ਨੇ ਰਸ-ਆਤਮਕ (ਸਾਹਿਤਕ ਰਸ ਨਾਲ ਓਤਪ੍ਰੋਤ) ਵਾਕ ਨੂੰ ਹੀ 'ਕਾਵਿ' ਮੰਨਿਆਂ ਹੈ। ਕਾਵਿ ਦੇ ਇਸ ਲਕਸ਼ਣ ਤੋਂ ਇਸ ਤਰਾਂ ਜਾਪਦਾ ਹੈ ਕਿ ਇਹਨਾਂ ਨੇ ਦੋਸ਼, ਗੁਣ, ਰੀਤੀ, ਅਲੰਕਾਰ ਆਦਿ ਕਾਵਿ ਦੇ ਤੱਤਾਂ ਨੂੰ 'ਰਸ' ਦੇ ਅਧੀਨ ਕਰਕੇ 'ਰਸ' ਦੀ ਮਹੱਤਤਾ ਸਥਾਪਿਤ ਕੀਤੀ ਹੈ।
  • ਵਿਸ਼ਵਨਾਥ ਨੇ ਸ਼ਬਦ ਅਤੇ ਅਰਥ ਨੂੰ ਜ਼ਿਆਦਾ ਮਹੱਤਵ ਨਾ ਦਿੰਦੇ ਹੋਏ 'ਰਸ' ਤੋਂ ਓਤਪ੍ਰੋਤ ਵਾਕ ਨੂੰ 'ਕਾਵਿ' ਸਵੀਕਾਰ ਕੀਤਾ ਹੈ।
  • ਵਿਸ਼ਵਨਾਥ ਨੇ ਤਾਂ ਆਪਣੇ ਗ੍ਰੰਥ 'ਸਾਹਿਤਦਰਪਣ' 'ਚ ਪੂਰੀ ਤਰਾਂ ਖੰਡਨ ਕਰਦੇ ਹੋਏ ਇਥੋਂ ਤੱਕ ਕਹਿ ਦਿਤਾ ਹੈ ਕਿ ਮੰਮਟ ਨੇ ਆਪਣੇ ਕਾਵਿ-ਲਕਸ਼ਣ 'ਚ ਜਿਨੇ ਪਦਾਂ ਦਾ ਪ੍ਰਯੋਗ ਕੀਤਾ ਹੈ; ਉਹਨਾਂ ਤੋਂ ਵੀ ਵੱਧ ਉਸ ਵਿੱਚ ਦੋਸ਼ ਵਿਦਮਾਨ ਹਨ।
  • ਵਿਸ਼ਵਨਾਥ ਨੇ 'ਸਾਹਿਤਦਰਪਣ' ਚ ਖ਼ੁਦ ਵੀ ਮੰਮਟ ਦੇ ਉਕਤ ਕਥਨ ਨੂੰ ਇਹ ਕਹਿ ਕੇ ਸਵੀਕਾਰ ਕੀਤਾ ਹੈ ਕਿ, " ਜਿਵੇਂ ਕੀੜਿਆਂ ਦੁਬਾਰਾ ਖਾਧਾ ਹੋਇਆ 'ਰਤਨ', 'ਰਤਨ' ਹੀ ਕਹਾਉਂਦਾ ਹੈ। ਉਸੇ ਤਰਾਂ ਜਿਸ 'ਕਾਵਿ' ਵਿੱਚ 'ਰਸ' ਆਦਿ ਦੀ ਅਨੁਭੂਤੀ ਸਪਸ਼ਟ ਰੂਪ ਵਿੱਚ ਹੁੰਦੀ ਰਹਿੰਦੀ ਹੈ, ਉਸ 'ਕਾਵਿ' 'ਚ ਸਾਧਾਰਣ ਦੋਸ਼ਾਂ ਦੇ ਰਹਿੰਦੇ ਹੋਏ ਵੀ 'ਕਾਵਿਤਵ' ਦੀ ਹਾਨੀ ਨਹੀਂ ਹੁੰਦੀ ਹੈ।
  • ਵਿਸ਼ਵਨਾਥ ਨੇ ਮੰਮਟ ਦੀ 'ਕਾਰਿਕਾ' ਵਿੱਚ ਕਹੇ ਗਏ 'ਅਵਿਅੰਗ' ਪਦ 'ਤੇ ਇਤਰਾਜ਼ ਕਰਦੇ ਹੋਏ ਕਿਹਾ ਹੈ ਕਿ ਜਿਸ 'ਕਾਵਿ' ਵਿਅੰਗਾਰਥ ਨਹੀਂ ਹੋਵੇਗਾ ਤਾਂ ਉਹ 'ਕਾਵਿ' ਕਿਵੇਂ 'ਕਾਵਿ' ਹੋ ਸਕਦਾ ਹੈ? ਕਿਉਂਕਿ ਵਿਅੰਗ-ਅਰਥ ਸਦਾ ਹੀ 'ਰਸ' ਦੇ ਆਸਰੇ ਰਹਿੰਦਾ ਹੈ।
  • ਵਿਸ਼ਵਨਾਥ ਦੁਆਰਾ ਪ੍ਰਸਤੁਤ 'ਵਿਅੰਜਨਾ' ਦੀ ਪ੍ਰੀਭਾਸ਼ਾ ਅਤਿ ਸਪਸ਼ਟ ਅਤੇ ਮੰਨਣਯੋਗ ਜਾਪਦੀ ਹੈ। ਇਹਨਾਂ ਦੇ ਅਨੁਸਾਰ, "ਜਿੱਥੇ ਅਭਿਧਾ ਅਤੇ ਲਕਸ਼ਣਾ (ਸ਼ਬਦ ਸ਼ਕਤੀ) ਦੇ ਆਪੋ- ਆਪਣਾ ਕੰਮ ਕਰਕੇ ਸ਼ਾਂਤ ਹੋ ਜਾਣ ਤੋਂ ਬਾਅਦ ਕਿਸੇ- ਨਾ- ਕਿਸੇ ਢੰਗ ਨਾਲ ਹੋਰ ਅਰਥ ਦਾ ਗਿਆਨ ਹੁੰਦਾ ਹੈ, ਓਥੇ 'ਵਿਅੰਜਨਾ' ਸ਼ਕਤੀ ਹੁੰਦੀ ਹੈ ਅਤੇ ਇਹ ਸ਼ਬਦਗਤ ਅਤੇ ਅਰਥਗਤ ਦੋਵੇਂ ਤਰਾਂ ਦੀ ਹੁੰਦੀ ਹੈ।"
  • ਆਚਾਰੀਆ ਵਿਸ਼ਵਨਾਥ ਨੇ ਕਿਹਾ ਹੈ ਕਿ, "ਜਿਸਦੇ ਲਈ 'ਲਕਸ਼ਣਾ ਸ਼ਬਦ ਸ਼ਕਤੀ' ਦਾ ਆਸਰਾ ਲਿਆ ਜਾਂਦਾ ਹੈ, ਉਹ 'ਪ੍ਰਯੋਜਨ' ਜਿਸ ਸ਼ਕਤੀ ਦੁਆਰਾ ਪ੍ਰਤੀਤ ਹੁੰਦਾ ਹੈ, ਉਹ ਲਕਸ਼ਣਾਸ਼੍ਰਿਤ (ਲਕਸ਼ਣਾ ਮੁਲਾ) ਵਿਅੰਜਨਾ ਕਹਾਉਂਦੀ ਹੈ।"
  • ਵਿਸ਼ਵਨਾਥ ਨੇ ਸ਼ਬਦ ਅਤੇ ਅਰਥ ਨੂੰ ਅਲੰਕਾਰਾਂ ਦਾ ਆਧਾਰ ਮੰਨਦੇ ਹੋਏ- ਸ਼ਬਦਾਲੰਕਾਰ, ਅਰਥਾਲੰਕਾਰ, ਸ਼ਬਦਾਰਥ-ਅਲੰਕਾਰ (ਉਭਯਾਲੰਕਾਰ)- ਇੱਕ ਸੌਖੀ ਤਿੰਨ ਤਰਾਂ ਦੀ ਵੰਡ ਪ੍ਰਸਤੁਤ ਕੀਤੀ ਹੈ ਜਿਸਨੂੰ ਅੱਜ ਤੱਕ ਸਵੀਕਾਰ ਕੀਤਾ ਜਾਂਦਾ ਹੈ।
  • ਵਿਸ਼ਵਨਾਥ ਦਾ ਮੰਤਵ ਹੈ, "ਅਲੰਕਾਰ-ਦੋਸ਼ਾਂ ਦਾ ਵੱਖਰੇ ਤੌਰ 'ਤੇ ਵਿਵੇਚਨ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਹਨਾਂ ਦਾ ਅੰਤਰ ਭਾਵ ਪਹਿਲਾਂ ਕਹੇ ਗਏ ਦੋਸ਼ਾਂ 'ਚ ਹੀ ਹੋ ਜਾਂਦਾ ਹੈ।"
  • ਵਿਸ਼ਵਨਾਥ ਨੇ ਕਿਹਾ ਕਿ, "ਲੋਕ 'ਚ ਜਿਹੜੇ ਪਦਾਰਥ ਜਾਂ ਪ੍ਰਾਕ੍ਰਿਤਿਕ ਤੱਤ 'ਰਤੀ' (ਪ੍ਰੇਮ) ਆਦਿ ਨੂੰ ਜਗਾਉਂਦੇ ਹਨ; ਉਹਨਾਂ ਨੂੰ ਕਾਵਿ ਅਤੇ ਨਾਟਕ 'ਚ 'ਵਿਭਾਵ' ਕਿਹਾ ਜਾਂਦਾ ਹੈ ਅਤੇ ਇਹ ਆਲੰਬਨ ਵਿਭਾਵ ਉੱਦੀਪਨ ਵਿਭਾਵ ਦੇ ਰੂਪ 'ਚ ਦੋ ਤਰਾਂ ਦੇ ਹੁੰਦੇ ਹਨ।"
  • ਵਿਸ਼ਵਨਾਥ ਦੇ ਅਨੁਸਾਰ, "ਜਿਸਨੂੰ ਵਿਰੋਧੀ- ਅਵਿਰੋਧੀ ਭਾਵ ਆਪਣੇ 'ਚ ਨਾ ਮਿਲਾ ਸਕਣ ਅਤੇ ਜਿਹੜਾ ਆਸੁਆਦ (ਸੁਖੋਪਭੋਗ) ਦਾ ਮੂਲ ਕਾਰਣ ਹੋਵੇ, ਉਹ ਸਥਾਈ ਭਾਵ ਹੈ।"
  • ਵਿਸ਼ਵਨਾਥ ਨੇ ਵਿਭਾਵ ਆਦਿ ਦਾ ਸਾਧਾਰਣੀਕਰਣ ਮੰਨਦੇ ਹੋਏ ਕਿਹਾ ਹੈ ਕਿ, " ਰਸ ਦੀ ਅਨੁਭੂਤੀ ਵੇਲੇ ਇਸ ਵਿਸ਼ੇਸ਼ ਸੰਬੰਧ ਦਾ ਪਰਿਹਾਰ (ਤਿਆਗ) ਨਹੀਂ ਹੁੰਦਾ ਹੈ ਕਿ, "ਇਹ ਵਿਭਾਵ ਆਦਿ ਮੇਰੇ ਆਪਣੇ ਅਥਵਾ ਮੇਰੇ ਨਹੀਂ ਹਨ ਜਾਂ ਦੂਜੇ ਦੇ ਹਨ ਅਥਵਾ ਦੂਜੇ ਦੇ ਨਹੀਂ ਹਨ।"
  • ਵਿਸ਼ਵਨਾਥ ਨੇ ਰੀਤੀਆਂ ਦਾ ਵਿਸ਼ੇਸ਼ ਵਿਵੇਚਨ ਕਰਦੇ ਹੋਏ ਕਿਹਾ ਹੈ ਕਿ, "(ਸਰੀਰ ਦੇ) ਅੰਗਾਂ ਦੀ ਰਚਨਾ ਦੇ ਸਮਾਨ (ਸਾਹਿਤ ਵਿੱਚ) ਪਦਾਂ ਦੀ ਰਚਨਾ 'ਰੀਤੀ' ਹੈ ਅਤੇ ਇਹ 'ਰਸ' ਆਦਿ ਤੱਤਾਂ ਦਾ ਉਪਕਾਰ ਕਰਦੀ ਹੈ। ਇਹਨਾਂ ਦੇ ਅਨੁਸਾਰ ਵੈਦਰਭੀ, ਗੌੜ੍ਹੀ, ਪਾਂਚਾਲੀ, ਲਾਟੀ ਚਾਰ ਰੀਤੀਆਂ ਹਨ ਅਤੇ ਇਹਨਾਂ ਦੇ ਪ੍ਰਤਿਪਾਦਨ 'ਚ ਵਰਣਾਂ ( ਅੱਖਰਾਂ) ਦੇ ਵਿਨਿਆਸ (ਕ੍ਰਮ ਨਾਲ ਰੱਖਣਾ) ਅਤੇ ਸਮਾਸ ਨੂੰ ਮੁੱਖ ਕਾਰਣ ਮੰਨਿਆਂ ਹੈ।"
  • ਵਿਸ਼ਵਨਾਥ ਨੇ ਮੰਮਟ ਦਾ ਸਮਰਥਨ ਕਰਦੇ ਹੋਏ ਵਾਚਯ ਤੋਂ ਜ਼ਿਆਦਾ ਉਤਕਰਸ਼ (ਉੱਚਤਾ) ਵਾਲੇ ਵਿਅੰਗ ਨੂੰ 'ਉੱਤਮ ਕਾਵਿ' ਅਥਵਾ ਧੁਨੀ ਕਾਵਿ ਕਿਹਾ ਹੈ।"[8]

ਵਿਸ਼ਵਨਾਥ ਦੇ ਮਤ ਅਨੁੁੁਸਾਰ ਮਹਾਂਂਕਾਵਿ ਦਾ ਸਰੂੂੂਪ[ਸੋਧੋ]

ਵਿਸ਼ਵ ਨਾਥ ਦੇ ਗ੍ਰੰਥ 'ਸਾਹਿਤਯ ਦਰਪਣ' ਵਿੱਚ ਮਹਾਂਕਾਵਿ ਦੇ ਹੇਠ ਲਿਖੇ ਲੱਛਣ ਪ੍ਰਾਪਤ ਹੁੰਦੇ ਹਨ:

1 ਮਹਾਂਕਾਵਿ ਦੀ ਕਹਾਣੀ (ਕਥਾਨਕ) ਸਰਗਾਂ ਵਿੱਚ ਜੜੀ ਹੋਈ ਹੁੰਦੀ ਹੈ।

2 ਨਾਇਕ ਦੇਵਤਾ ਜਾਂ ਉੱਚ ਘਰਾਣੇ ਦਾ ਜੰਮ-ਪਲ ਹੋਵੇ, ਗੰਭੀਰਤਾ, ਖਿਮਾ, ਸਨਿਮ੍ਰਤਾ, ਦ੍ਰਿੜਤਾ, ਸ੍ਵੈਮਾਨ ਹੁੰਦਾ ਹੈ।

3 ਸ੍ਰਿੰਗਾਰ ਰਸ,ਵੀਰ ਰਸ ਤੇ ਸ਼ਾਂਤਰਸ ਵਿੱਚ ਕੋਈ ਇੱਕ ਪ੍ਰਧਾਨ ਰਸ ਹੁੰਦਾ ਹੈ ਬਾਕੀ ਸਹਾਇਕ ਰਸ ਹੋਣ।

4 ਕਥਾਨਕ (ਕਥਾ-ਵਸਤੂ ) ਵਿੱਚ ਨਾਟਕੀ ਸੰਧੀਆਂ ਹੋਣ।

5 ਇਤਿਹਾਸ ਵਿੱਚ ਮਸ਼ਹੂਰ ਜਾਂ ਉਚੇ ਆਚਰਣ ਨਾਲ ਸੰਬੰਧਤ ਕਹਾਣੀ ਹੋਵੇ।

6 ਧਰਮ,ਅਰਥ,ਕਾਮ ਤੇ ਮੋਕਸ਼ ਚਾਰ ਮਨੁੱਖੀ ਆਦਰਸ਼ਾਂ ਦਾ ਉਲੇਖ ਹੋਵੇ।

7 ਮੁੱਢ ਵਿੱਚ ਮੰਗਲਾਚਰਣ, ਪਰਮਾਤਮਾ ਦੀ ਬੰਦਨਾ,ਆਸ਼ੀਰਵਾਦ, ਸੱਜਣਾਂ ਦੀ ਪ੍ਰਸੰਸਾ, ਦੁਸ਼ਟਾਂ ਦੀ ਨਿੰਦਾ ਹੁੰਦੀ ਹੈ।

8 ਸਰਗ ਦੇ ਅਖੀਰ ਵਿੱਚ ਛੰਦ ਬਦਲ ਜਾਵੇ ਪਰ ਕਹਾਣੀ ਦੇ ਵਹਿਣ ਨੂੰ ਨਿਰਵਿਘਨ ਜਾਰੀ ਰਖਣ ਲਈ ਇਕੋ ਤਰ੍ਹਾਂ ਦੇ ਛੰਦ ਦੀ ਲੋੜ ਹੈ।

9 ਘੱਟੋ ਘੱਟ ਅੱਠ ਛੰਦ ਹੋਣ ਜੋ ਨਾ ਤਾ ਬਹੁਤ ਵੱਡੇ ਅਤੇ ਨਾ ਹੀ ਬਹੁਤ ਛੋਟੇ ਹੋਣ।

10 ਸਰਗ ਦੇ ਅੰਤ ਵਿੱਚ ਅਗਲੇ ਸਰਗ ਵਿੱਚ ਆਉਣ ਵਾਲੀ ਕਹਾਣੀ ਦੀ ਪਹਿਲਾਂ ਹੀ ਸੂਚਨਾਂ ਹੁੰਦੀ ਹੈ।

11 ਮੌਕੇ ਮੁਤਾਬਕ ਅਤੇ ਥਾਂ ਸਿਰ ਆਥਣ,ਸੂਰਜ, ਰਾਤ,ਅਨ੍ਹੇਰਾ,ਪ੍ਰਭਾਤ,ਦੁਪਹਿਰਾ, ਸ਼ਿਕਾਰ, ਪਹਾੜ, ਰੁੱਤਾਂ,ਜੰਗਲਾਂ, ਸਮੁੰਦਰਾਂ, ਵਿਆਹ ਦੇ ਤਿਉਹਾਰਾਂ ਅਤੇ ਉਤਸਵਾਂ,ਰਾਜਕੁਮਾਰਾਂ ਦੇ ਜਨਮ ਦਿਨਾਂ ਦਾ ਵਰਣਨ ਹੁੰਦਾ ਹੈ।

12 ਮਹਾਂਕਾਵਿ ਦਾ ਨਾਮ ਕਵੀ,ਕਥਾਨਕ, ਨਾਇਕ, ਜਾਂ ਹੋਰ ਕਿਸੇ ਪਾਤਰ ਨੂੰ ਮੁਖ ਰੱਖਕੇ ਰਖਿਆ ਜਾ ਸਕਦਾ ਹੈ।[9]

ਹਵਾਲੇ[ਸੋਧੋ]

  1. ਚੰਦ, ਪ੍ਰੋ, ਦੁਨੀ (1972). ਸਾਹਿਤ ਦਰਪਣ(ਪੰਜਾਬੀ ਅਨੁਵਾਦ). ਚੰਡੀਗੜ੍ਹ: ਪਬਲੀੀਕੇਸ਼ਨ ਬਿਓਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ. p. 16.
  2. ਸ਼ਾਸਤਰੀ, ਰਾਜਿੰਦਰ. ਔਚਿਤਯ ਵਿਚਾਰ ਚਰਚਾ - ਕਸ਼ੇਮੇਂਦ੍ਰ(ਪੰਜਾਬੀ ਅਨੁਵਾਦ). ਪਟਿਆਲਾ: ਪਬਲੀਕੇਸ਼ਨ ਬਿਓਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 23.
  3. ਸ਼ਾਸਤਰੀ, ਰਾਜਿੰਦਰ ਸਿੰਘ. ਕਾਵਿ ਪ੍ਰਕਾਸ਼ - ਮੰਮਟ(ਪੰਜਾਬੀ ਅਨੁਵਾਦ). ਪਟਿਆਲਾ: ਪਬਲੀਕੇਸ਼ਨ ਬਿਓਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 25.
  4. ਚੰਦ, ਪ੍ਰੋ. ਦੁਨੀ (1972). ਸਾਹਿਤ ਦਰਪਣ(ਪੰਜਾਬੀ ਅਨੁਵਾਦ). ਚੰਡੀਗੜ੍ਹ: ਪਬਲੀਕੇਸ਼ਨ ਬਿਓਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ. p. 17.
  5. ਮੰਮਟ, ਆਚਾਰੀਆ. ਕਾਵਿਪ੍ਰਕਾਸ਼. ਪਟਿਆਲਾ: ਪਬਲਿਕੇਸ਼ਨ ਬਿਓਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 26.
  6. ਚੰਦ, ਪ੍ਰੋ. ਦੁਨੀ (1972). ਸਾਹਿਤ ਦਰਪਣ(ਪੰਜਾਬੀ ਅਨੁਵਾਦ). ਚੰਡੀਗੜ੍ਹ: ਪਬਲੀਕੇਸ਼ਨ ਬਿਓਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ. p. 18.
  7. ਸਿੰਘ, ਸੰਪਾ. ਹਜ਼ਾਰਾ (1962). "ਪੰਜਾਬੀ ਸਾਹਿਤ(ਇਤਿਹਾਸ ਤੇ ਪ੍ਰਵਿਰਤੀਆਂ)". ਭਾਰਤੀ ਸਾਹਿਤ ਆਲੋਚਨਾ ਦੀਆਂ ਮੁੱਖ ਪ੍ਰਵ੍ਰਿਤੀਆਂ(ਇਸ਼ਰ ਸਿੰਘ ਤਾਂਘ ਐਮ.ਏ.): 257.
  8. ਸ਼ਰਮਾ, ਪ੍ਰੋ. ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ. pp. 39, 58, 59, 61, 62, 74, 95, 97, 117, 139, 167, 168, 180, 206, 217. ISBN 978-81-302-0462-8.
  9. ਧਾਲੀਵਾਲ, ਡਾ ਪ੍ਰੇਮ ਪ੍ਰਕਾਸ਼ ਸਿੰਘ (2012). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਮਦਾਨ ਪਬਲੀਕੇਸ਼ਨ ਹਾਊਸ ਪਟਿਆਲਾ. p. 17.