ਔਚਿਤਯ ਦਾ ਕਾਵਿ ਦੇ ਦੂਜੇ ਪ੍ਰਮੁੱਖ ਤੱਤਾਂ ਨਾਲ ਸੰਬੰਧ:

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਔਚਿਤਯ

ਰਸ ਜੇਕਰ ਕਾਵਿ ਦਾ ਪ੍ਰਮੁੱਖ ਤੱਤ ਹੈ ਤਾਂ ਔਚਿਤ ਰਸ ਦਾ ਜੀਵਨ ਰੂਪੀ ਤੱਤ ਹੈ। ਔਚਿਤ ਦਾ ਅਰਥ ਹੈ ਜਿਥੇ ਜਿਸ ਤਰਾਂ ਹੋਣਾ ਚਾਹੀਦਾ ਹੈ, ਉੱਥੇ ਉਸ ਤਰ੍ਹਾਂ ਹੋਣਾ। ਥੋੜ੍ਹੀ ਜਿੰਨੀ ਅਣ-ਔਚਿੱਤਤਾ ਨਾਲ ਰਸ ਦੀ ਪ੍ਰਤੀਤੀ ਭੰਗ ਹੋ ਜਾਂਦੀ ਹੈ। ਇਸੇ ਲਈ ਆਨੰਦਵਰਧਨ ਨੇ ਲਿਖਿਆ ਹੈ :

ਅਨਾਓਚਿਤਯਾ ਦ੍ਰਿਤੇਨਾਨਯਦ੍ਰਸਭੰਗਸਯ ਕਾਰਣਮੇ:[1]

ਔਚਿੱਤ ਦਾ ਖੇਤਰ ਬੜਾ ਵਿਸ਼ਾਲ ਹੈ, ਭਾਸ਼ਾ ਦੇ ਛੋਟੇ ਤੋਂ ਛੋਟੇ ਅੰਸ਼ ਤੋਂ ਲੈ ਕੇ ਜਿਸ ਵਿੱਚ ਵਰਣ, ਪਦ, ਪਦਅੰਸ਼, ਪ੍ਰਕ੍ਰਿਤੀ, ਪ੍ਰਤਿਐ, ਸਮਾਸ ਸੱਭੇ ਸ਼ਾਮਲ ਹਨ। ਵਿਭਾਵ ਆਦਿ ਦੀ ਯੋਜਨਾ ਵਕਤਾ ਅਤੇ ਵਾਚਯ ਦੀ ਪ੍ਰਕ੍ਰਿਤੀ, ਜੀਵਨ ਮਿਆਰ, ਪਰਿਸਥਿਤੀਆਂ, ਕਾਵਿ ਦਾ ਮਿਆਰ ਅਰਥਾਤ ਕਾਵਿ ਦੇ ਅਤਰੰਗ ਅਤੇ ਬਹਿਰੰਗ ਸਰਵਾਂਗੀ ਖੇਤਰ ਵਚ ਔਚਿੱਤ ਦੀ ਸਥਾਪਨਾ ਜਰੂਰੀ ਹੈ।

         “ਔਚਿੱਤ ਸਿਧਾਂਤ ਦੀ ਸਥਾਪਨਾ ਦਾ ਸਿਹਰਾ ਆਚਾਰੀਆ ਕਸ਼ੇਮੇਂਦ੍ਰ ਦੇ ਸਿਰ ਤੇ ਬੱਝਦਾ ਹੈ। ਕਸ਼ੇਮੇਂਦ੍ਰ ਦਾ ਸਮਾਂ ਗਿਆਰ੍ਹਵੀਂ ਸਦੀ ਈ. ਮੰਨਿਆ ਜਾਂਦਾ ਹੈ। ਕਸ਼ੇਮੇਂਦ੍ਰ ਨੇ ਔਚਿੱਤ ਸਿਧਾਂਤ ਨੂੰ ਆਪਣੀ ਸੰਸਕ੍ਰਿਤ ਪੁਸਤਕ ‘’ਔਚਿਤਯ ਵਿਚਾਰ ਚਰਚਾ’’ ਵਿੱਚ ਖੋਲ੍ਹ ਕੇ ਸਮਝਾਇਆ ਹੈ। ਕਸ਼ੇਮੇਂਦ੍ਰ ਨੇ ਭਾਵੇਂ 34 ਦੇ ਕਰੀਬ ਪੁਸਤਕਾਂ ਦੀ ਰਚਨਾ ਕੀਤੀ ਪਰੰਤੂ ‘’ਔਚਿੱਤ ਵਿਚਾਰ ਚਰਚਾ’’ ਹੀ ਇਹਨਾਂ ਦੀ ਸਾਹਕਾਰ ਰਚਨਾ ਮੰਨੀ ਜਾਂਦੀ ਹੈ। ਕਸ਼ੇਮੇਂਦ੍ਰ ਜਿਥੇ ਉੱਚ ਕੋਟੀ ਦੇ ਸੰਸਕ੍ਰਿਤ ਕਵੀ ਸਨ ਉਥੇ ਕਾਵਿ-ਸਮੀਖਿਆ ਵਿੱਚ ਮੰਨੇ-ਪ੍ਰਮੰਨੇ ਆਚਾਰੀਆ ਵੀ ਸਨ ਇਹੋ ਕਾਰਨ ਹੈ ਕਿ ‘’ਔਚਿੱਤ ਵਿਚਾਰ ਚਰਚਾ’’ ਵਰਗੇ ਸਿੱਧਾਂਤਕ-ਗ੍ਰੰਥ ਰਚਨਾ ਨਾਲ ਉਹ ਆਚਾਰੀਆਂ ਦੀ ਸਰੇਣੀ ਵਿੱਚ ਜਾ ਰਲੇ ਹਨ, ਕਿਉਂਕਿ ਕਸ਼ੇਮੇਂਦ੍ਰ ਨੇ ਇਸ ਪੁਸਤਕ ਵਿੱਚ ਇੱਕ ਕਾਵਿ-ਸ਼ਾਸਤ੍ਰੀ ਆਲੋਚਨਾ-ਸਿਧਾਂਤ ਦੀ ਸਥਾਪਨਾ ਕਰਨ ਦਾ ਸਫਲ ਯਤਨ ਕੀਤਾ ਹੈ ਜਿਹੜਾ ਔਚਿੱਤ ਸਿਧਾਂਤ ਦੇ ਨਾਮ ਹੇਠ ਭਾਰਤੀ  ਕਾਵਿ –ਸ਼ਾਸਤ੍ਰ ਵਿੱਚ ਸਵੀਕਾਰ ਹੋਇਆ ਹੈ। ਔਚਿੱਤ ਦੀ ਮਹਾਨਤਾ ਦਾ ਭਾਵੇਂ ਕਸ਼ੇਮੇਂਦ੍ਰ ਤੋਂ ਪਹਿਲਾਂ ਦੇ ਆਚਾਰੀਆਂ ਨੇ ਵੀ ਸਰਸਰੀ ਉੱਲੇਖ ਕੀਤਾ ਹੈ ਪਰ ਔਚਿੱਤ ਦੇ ਸੰਕਲਪ ਨੂੰ ਕਾਵਿ ਦੇ ਜੀਵਨ-ਤੱਤ ਵਜੋਂ ਮਾਨਤਾ ਦੇਣ ਦਾ ਕੰਮ ਕਸ਼ੇਮੇਂਦ੍ਰ ਨੇ ਹੀ ਕੀਤਾ ਹੈ, ਜਿਸ ਕਰਕੇ ਔਚਿੱਤ ਸਿਧਾਂਤ, ਇੱਕ ਵਿਆਪਕ ਆਲੋਚਨਾ-ਸਿੱਧਾਂਤ ਦੀ ਸਕਲ ਵਿੱਚ ਸਥਾਪਿਤ ਹੋਇਆ ਹੈ।”[2]

ਔਚਿਤਯ ਦਾ ਕਾਵਿ ਦੇ ਦੂਜੇ ਪ੍ਰਮੁੱਖ ਤੱਤਾਂ ਨਾਲ ਸੰਬੰਧ:

ਆਚਾਰੀਆ ਕਸ਼ੇਮੇਂਦ੍ਰ ਤੋਂ ਪਹਿਲਾਂ ਰਸ, ਅਲੰਕਾਰ, ਰੀਤੀ, ਧੁਨੀ, ਵਕ੍ਰੋਕਤੀ-ਸ਼ਾਸਤਰ ਦੇ ਤੱਤਾਂ ਨੂੰ ਮਹੱਤਵ ਦੇਂਦੇ ਹੋਏ ਵੱਖ-ਵੱਖ ਆਚਾਰੀਆਂ ਨੇ ਉਕਤ ਤੱਤਾਂ ਨੂੰ ਕਾਵਿ ਦੀ ‘ਆਤਮਾ’ ਦੇ ਰੂਪ ਵਜੋਂ ਮਾਨਤਾ ਦਿੱਤੀ ਹੈ। ਕਸ਼ੇਮੇਂਦ੍ਰ ਨੇ ਵੀ ‘ਔਚਿਤਯ’ ਨੂੰ ਕਾਵਿ ਦੇ ਉਕਤ ਸਾਰੇ ਤੱਤਾਂ ਚ ਵਿਆਪਤ (ਰਹਿਣ ਵਾਲਾ) ਮੰਨ ਕੇ ਇਸਨੂੰ ਕਾਵਿ ਦੀ ‘ਆਤਮਾ’ ਘੋਸ਼ਿਤ ਕੀਤਾ ਹੈ।  ਇਸੇ ਲਈ ਇੱਥੇ ਰਸ ਆਦਿ ਤੱਤਾਂ ਨਾਲ ‘ਔਚਿਤਯ’ ਦੇ ਸੰਬੰਧ ਦੀ ਸੰਖਿਪਤ ਚਰਚਾ ਕੀਤੀ ਜਾ ਸਕਦੀ ਹੈ।

(ਓ) ਔਚਿਤਯ ਤੇ ਰਸ :   “ਔਚਿਤ ਧੁਨੀ ਆਲੋਚਕ ਦਾ ਮੁੱਖ ਵਿਸ਼ਾ ਹੈ। ਮੁੱਖ ਰਸ ਦਾ ਵਰਨਣ ਕਿਸ ਤਰਾਂ ਹੋਣਾ ਚਾਹੀਦਾ ਹੈ। ਰਸਾਂ ਵਿੱਚ ਆਪਸੀ ਵਿਰੋਧ ਕਿਸ ਤਰਾਂ ਹੁੰਦਾ ਹੈ। ਕਿਹੜਾ ਰਸ ਕਿਸ ਢੰਗ ਨਾਲ ਜੋੜ ਦੇਣ ਨਾਲ ਆਪਣਾ ਵਿਰੋਧ ਛੱਡ ਦਿੰਦਾ ਹੈ। ਗੌਣ ਵਸਤੂ ਘਟਨਾ, ਪਾਤਰ ਅਤੇ ਵਾਤਾਵਰਨ ਦੇ ਵਿਸਤਾਰ ਨਾਲ ਵਰਨਣ ਕਰਨ ਨਾਲ ਮੁੱਖ ਰਸ ਦੇ ਦੱਬ ਜਾਣ ਦਾ ਡਰ ਰਹਿੰਦਾ ਹੈ, ਵਿਰੋਧੀ ਰਸ ਦੇ ਅੰਗ ਵਿਭਾਵ ਦਾ ਵਰਨਣ ਕਰਨਾ ਯੋਗ ਨਹੀਂ, ਪ੍ਰਬੰਧ ਕਾਵਿ ਜਾਂ ਨਾਟਕ ਵਿੱਚ ਰਸ ਦੀ ਵਰਤੋਂ ਉੱਚਿਤ ਮੌਕੇ ਦੇ ਹੋਣੀ ਚਾਹੀਦੀ ਹੈ ਅਤੇ ਵਿਭਾਵ ਅਤੇ ਅਨੁਭਵ ਸੰਚਾਰੀ ਭਾਵਾਂ ਦੇ ਵਰਨਣ ਵਿੱਚ ਔਚਿਤਯ ਦੀ ਰੱਖਿਆ ਜਰੂਰੀ ਹੈ। ਆਦਿ ਬਾਰੇ ਧੁਨੀਆਲੋਚਕ ਵਿੱਚ ਵਿਸਤਾਰ ਨਾਲ ਵਰਨਣ ਕੀਤਾ ਗਿਆ ਹੈ। ਅੰਤ ਵਿੱਚ ਆਨੰਦਵਰਧਨ ਕਹਿੰਦੇ ਹਨ ਵਾਚਯ ਅਤੇ ਕਾਰਕ ਦੀ ਰਸ ਅਨੁਕੂਲ ਔਚਿਤ ਪੂਰਨ ਯੋਜਨਾ ਹੀ ਕਵਿਆਂ ਦਾ ਮੁੱਖ ਕਰਮ ਹੋਣਾ ਚਾਹੀਦਾ ਹੈ।”[3]

   (ਅ) ਔਚਿਤਯ ਅਤੇ ਅਲੰਕਾਰ :- “ਕਾਵਿ ਵਿੱਚ ਆਲੰਕਾਰਯ ਤੋਂ ਬਿਨਾਂ ਅਲੰਕਾਰਾਂ ਦਾ ਆਪਣਾ ਕੋਈ ਮੁੱਲ਼ ਨਹੀਂ। ਅਲੰਕਾਰਯ ਵਸਤੂ ਹੁੰਦੀ ਹੈ ਰਸ ਆਦਿ। ਇਸ ਲਈ ਰਸ ਆਦਿ ਨੂੰ ਪੁਸਟ ਕਰਨ ਲਈ ਆਲੰਕਾਰ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ਇਹਨ੍ਹਾਂ ਅਲੰਕਾਰਾਂ ਦੀ (ਔਚਿਤਯਪੂਰਨ) ਵਰਤੋਂ ਲਈ ਆਨੰਦਵਰਧਨ ਨੇ ਨਿਯਮਾਂ ਦਾ ਵੀ ਜਿਕਰ ਕੀਤਾ ਹੈ। ਉਹ ਕਹਿੰਦੇ ਹਨ ਅਲੰਕਾਰਾਂ ਨੂੰ ਸੁਭਾਵਿਕ ਹੋਣਾ ਚਾਹੀਦਾ ਹੈ। ਕਵੀ ਦੀ ਪ੍ਰਤਿਭਾ ਦਾ ਪੁਟ ਉਹਨਾਂ ਵਿੱਚ ਹੋਂਣਾ ਚਾਹੀਦਾ ਹੈ ਉਹ ਬਾਹਰੀ ਨਾ ਹੋ ਕੇ ਅੰਤਰਿਕ ਹੋਣ। ਉਨ੍ਹਾਂ ਦੀ ਰਚਨਾ ਲਈ ਨਾ ਤਾਂ ਕਵੀ ਨੂੰ ਕਿਸੇ ਤੱਤਾਂ ਦਾ ਯਤਨ ਕਰਨਾ ਪਏ ਅਤੇ ਨਾ ਉਹ ਇੰਨੇ ਚਮਤਕਾਰੀ ਹੋ ਜਾਣ ਕਿ ਪਾਠਕ ਪ੍ਰਤਿਭਾ ਰਸ ਦੀ ਸੁੰਦਰਤਾ ਤੋਂ ਹਟ ਕੇ ਉਨ੍ਹਾਂ ਦੀ ਪ੍ਰਭਾਵ ਵੱਲ ਹੀ ਖਿੱਚਿਆ ਜਾਏ। ਸ਼ਬਦ ਅਲੰਕਾਰ ਦੀ ਰਸ ਅਨੁਰੂਪਤਾ ਦੱਸਦੇ ਹੋਏ ਉਹਨਾਂ ਨੇ ਵਿਪ੍ਰਲੰਭ ਆਦਿ ਕੋਮਲ ਰਸਾਂ ਲਈ ਯਮਕ, ਸਲੇਸ, ਆਦਿ ਅਲੰਕਾਰ ਦੇ ਵਰਤਣ ਦੀ ਨਿਖੇਧੀ ਕੀਤੀ ਹੈ। ਕਾਵਿ ਵਿੱਚ ਕਿਸੇ ਵੀ ਵਸਤੂ ਦੀ ਉਪਯੁਕਤਾ ਤੇ ਅਨਉਪਯੁਕਤਾ, ਸੰਬੰਧਤਾ ਤੇ ਅਸੰਬੰਧਿਤਾ, ਸਰੂਪਤਾ ਤੇ ਕਰੂਪਤਾ ਰਸ ਦੀ ਪੁਸਟੀ ਤੇ ਅਪੁਸ਼ਟੀ ਤੇ ਹੀ ਨਿਰਭਰ ਕਰਦੀ ਹੈ। ਰਸ ਦੀ ਪੁਸਟੀ ਕਰਨ ਵਾਲੀ ਵਸਤੂ ਗ੍ਰਹਿਣ ਯੋਗ ਹੈ ਰਸ ਦੀ ਅਪੁਸਟੀ ਕਰਨ ਯੋਗ ਵਸਤੂ ਛੱਡਣਯੋਗ ਹੈ।”[4]

  (ਏ) ਔਚਿਤਯ ਅਤੇ ਰੀਤੀ :- “ਅਨੰਦਵਰਧਨ ਨੇ ਰੀਤੀ ਅਤੇ ਵ੍ਰਿਤੀ ਦੇ ਔਚਿਤ ਤੇ ਵੀ ਵਿਚਾਰ ਕੀਤਾ ਹੈ ਉਹ ਕਹਿੰਦੇ ਹਨ ਕੌਸਿਕੀ ਆਦਿ ਵ੍ਰਿਤੀਆਂ ਜਾਂ ਉਪਨਾਗਰਿਕਾਂ ਆਦਿ ਰੀਤੀਆਂ ਵੀ ਅਨੁਚਿਤ ਰੂਪ ਨਾਲ ਯੋਜਨਾ ਰਸ ਭੰਗ ਦਾ ਕਾਰਣ ਬਣਦੀਆਂ ਹਨ।”[5] “ਰੀਤੀ ਦੇ ਔਚਿਤ ਦੀ ਚਰਚਾ ਕਰਦੇ ਹੋਏ ਆਨੰਦਵਰਧਨ ਨੇ ਕਿਹਾ ਹੈ ਕਿ ਰੀਤੀ ਦਾ ਔਚਿਤਯ ਪ੍ਰਮੁੱਖ ਤੌਰ ਤੇ ਰਸ ਦੇ ਔਚਿਤਯ ਤੇ ਆਧਾਰਿਤ ਹੁੰਦਾ ਹੈ, ਉਸ ਤੋਂ ਬਾਅਦ ਅਪ੍ਰਧਾਨ ਤੌਰ ਤੇ ਵਕਤਾ, ਵਾਚਯ ਅਤੇ ਵਿਸ਼ੇ ਦਾ ਔਚਿਤ. ਹੀ ਰੀਤੀ ਦਾ ਨਿਯਮਨ (ਨਿਯੰਤ੍ਰਿਣ) ਕਰਦਾ ਹੈ। ਅਰਥਾਤ ਕਾਵਿ ਚ ਪਦਾਂ ਦੀ ਸੰਘਟਨਾ (ਰਚਨਾ) ਰਸ ਦੇ ਅਨੁਕੂਲ ਹੋਣੀ ਚਾਹੀਦੀ ਹੈ। ਜਿਵੇਂ ਸ਼੍ਰਿੰਗਾਰ, ਰੌਦ੍ਰ ਆਦਿ ਸਾਹਿਤਕ ਰਸਾਂ ਲਈ ਕੋਮਲ ਅਤੇ ਕਠੋਰ ਪਦਾਵਲੀ ਦੀ ਸੰਘਟਨਾ ਦਾ ਹੀ ਸਾਹਿਤ ਵਿੱਚ ਔਤਿਤਯ ਹੁੰਦਾ ਹੈ। ਵਕਤਾ ਤੋਂ ਮਤਲਬ-ਕਵਿ ਅਥਵਾ ਕਵੀ ਦੁਆਰਾ ਨਿਬੱਧ ਪਾਤ੍ਰ ਅਰਧਾਤ ਪਾਤ੍ਰ ਦੇ ਅਨੁਕੂਲ ਪਦਾਵਲੀ; ਵਾਚਯ-ਕਾਵਿ ਦਾ ਪ੍ਰਤਿਪਾਦਯ ਵਿਸ਼ੇ, ਉਸਦੇ ਅਨੁਸਾਰ ਅਤੇ ਵਿਸ਼ੇ ਤੋਂ ਭਾਵ ਕਾਵਿ ਦੀ ਵੱਖ-ਵੱਖ ਵਿਧਾਵਾਂ ਮੁਕਤਕ, ਮਹਾਕਾਵਿ, ਰੂਪਕ ਆਦਿ-ਹਨ। ਇਹਨਾਂ ਸਾਰਿਆੰ ਦੇ ਅਨੁਕੂਲ ਪਦਾਵਲੀ ਦਾ ਔਚਿਤਯਪੂਰਣ ਪ੍ਰਯੋਗ ਹੀ ਕਾਵਿ ਦੀ ਸ਼ੋਭਾ ਚ ਵਾਧਾ ਕਰਦਾ ਹੈ। ਆਨੰਦਵਰਧਨ ਨੇ ਪਦਸੰਘਨਾਰੂਪ (ਪਦ-ਰਚਨਾ ਹੂਪ ਵਾਲੀ) ਰੀਤੀ ਲਈ ਉਪਨਾਗਰਿਕਾ ਆਦਿ ਸ਼ਬਦਵ੍ਰਿੱਤੀਆਂ ਅਤੇ ‘ਕੈਸ਼ਿਕੀ’ ਆਦਿ ਅਰਧਵ੍ਰਿੱਤੀਆਂ ਲਈ ਵੀ ਔਚਿਤਯ ਦੀ ਵਿਵਸਥਾ ਕੀਤੀ ਹੈ ਅਤੇ ਕਿਹਾ ਹੈ ਕਿ ਇਹਨਾਂ ਦੇ ਔਚਿਤਯ ਦਾ ਵਿਧਾਨ ਨਾ ਹੋਣ ਤੇ ‘ਰਸਭੰਗ’ ਹੋ ਜਾਂਦਾ ਹੈ।”[6]

 (ਸ) ਔਚਿਤਯ ਅਤੇ ਧੁਨੀ :- “ਆਚਾਰੀਆ ਆਨੰਦਵਰਧਨ ਨੇ ਧੁਨੀ ਕਾਵਿ ਦੀ ‘ਆਤਮਾ’ ਦੇ ਪਦ ਤੇ ਪ੍ਰਤਿਸ਼ਠਿਤ ਕੀਤੀ ਹੈ; ਪਰੰਤੂ ਕਸ਼ੇਮੇਂਦ੍ਰ ਅਨੁਸਾਰ ‘ਔਚਿਤਯ’ ਹੀ ਕਾਵਿ ਦੀ ‘ਆਤਮਾ’ ਹੈ। ਅਸਲ ਚ ਔਚਿਤਯ ਦਾ ਮਹੱਤਵ ‘ਰਸਾਦਿਧੁਨੀ’ ਕਰਕੇ ਹੈ ਅਤੇ ਉਸਦਾ ਕੋਈ ਸੁਤੰਤਰ ਮੁਹੱਤਵ ਨਹੀਂ ਹੈ। ਜੋ ਰਸਾਦਿਧੁਨੀ ਕਾਵਿ ਦੀ ਆਤਮਾ ਹੈ ਤਾਂ ਔਚਿਤਯ ਉਸਦਾ ਜੀਵਨ ਹੈ। ਜਿਸ ਤਰਾਂ ਆਤਮਾ ਦੇ ਬਿਨਾਂ ਜੀਵਨ ਨਹੀਂ ਹੋ ਸਕਦਾ, ਉਸੇ ਤਰਾਂ ਰਸਾਦਿਧੁਨੀ ਤੋਂ ਬਿਨਾਂ ਔਚਿਤਯ ਦੀ ਹੋਂਦ ਵੀ ਨਾ-ਮੁਮਕਿਨ ਹੈ। ਆਨੰਦਵਰਧਨ ਨੇ ਰਸ ਆਦਿ ਦੇ ਨਿਬੰਧਨ ਚ ਔਚਿਤਯ ਦੀ ਅਨਿਵਾਰਯਤਾ ਕਹਿ ਕੇ ਇਸਨੂੰ ਰਸ ਦਾ ਪਰਮ ਰਹੱਸ ਮੰਨਿਆ ਹੈ। ਇਹਨਾਂ ਦੇ ਅਨੁਸਾਰ –ਸ਼ਬਦ, ਅਰਥ, ਸੰਘਟਨਾ (ਪਦਰਚਨਾ) ਆਦਿ ਦਾ ਪ੍ਰਤਿਪਾਦਨ ਰਸ ਦੇ ਔਚਿਤਯ ਦੀ ਦ੍ਰਿਸ਼ਟੀ ਤੋਂ ਹੀ ਹੋਣਾ ਚਾਹੀਦਾ ਹੈ। ਇਹਨਾਂ ਨੇ ਅੱਗੇ ਕਿਹਾ ਹੈ ਕਿ, ਸੁਧ, ਵਚਨ, ਸੰਬੰਧ, ਕਾਰਕ ਆਦਿ ਦੁਆਰਾ-ਅਸੰਲਕਸ਼.ਕ੍ਰਮਵਿਅੰਗ ਰਸਾਦਿਰੂਪ ਅਰਥ ਦੀ ਅਭਿਵਿਅਕਤੀ ਹੁੰਦੀ ਹੈ। ਸ਼ਾਇਦ ਕਸ਼ੇਮੇਂਦ੍ਰਨੇ ਵੀ ਆਨੰਦਵਰਧਨ ਦੇ ਉਕਤ ਕਧਨ ਦੇ ਅਨੁਸਾਰ, ਵਾਕ ਪ੍ਰਬੰਧ, ਗੁਣ ਆਦਿ ਦੇ ਰੂਪ ਵਿੱਚ ਔਚਿਤਯ ਦੇ ਭੇਦਾਂ ਦੀ ਕਲਪਨਾ ਕਰਕੇ ਕਾਵਿ ਵਿੱਚ ਔਚਿਤਯ ਦੇ ਚਮਤਕਾਰ ਨੂੰ ਸਵੀਕਾਰ ਕੀਤਾ ਹੈ। ਕਾਵਿ ਚ ਰਸਾਦਿਧੁਨੀ ਅਤੇ ਔਚਿਤਯ ਦਾ ਆਪਸੀ ਪੱਕਾ ਸੰਬੰਧ ਹੋਣ ਤੇ ਵੀ ਰਸਾਦਿਧੁਨੀ ਅੰਗੀ (ਪ੍ਰਮੁੱਖ) ਰੂਪ ਚ ਵਿਵਸਧਿਤ ਹੁੰਦੀ ਹੈ ਅਤੇ ਔਚਿਤਯ ਨੂੰ ਧੁਨੀ ਦਾ ਅਨਿਵਾਰਯ ਗੁਣ ਮੰਨਣ ਤੇ ਵੀ ਔਚਿਤਯ ਧੁਨੀ ਦਾ ਸਾਧਕ ਹੀ ਸਿੱਧ ਹੁੰਦਾ ਹੈ ਅਰਥਾਤ ਅਪ੍ਰਧਾਨ ਤੱਤ ਹੀ ਰਹਿੰਦਾ ਹੈ।”[7]

(ਹ) ਔਚਿਤਯ ਅਤੇ ਵਕ੍ਰੋਕਤੀ :- “ਆਚਾਰੀਆ ਕੁੰਤਕ ਨੇ ਚਾਹੇ ‘ਵਕ੍ਰੋਕਤੀ’ ਨੂੰ ਕਾਵਿ ਦੀ ਆਤਮਾ ਮੰਨਿਆ ਹੈ, ਪਰ ਇਹਨਾਂ ਨੇ ਔਚਿਤਯ ਦੀ ਵੀ ਉਪੇਖਿਆ ਨਹੀਂ ਕੀਤੀ ਹੈ। ਕੁੰਤਕ ਨੇ ਔਚਿਤਯ ਨੂੰ ‘ਵਕ੍ਰਤਾ’ ਦਾ ਜੀਵਨ ਸਵੀਕਾਰ ਕੀਤਾ ਹੈ ਅਰਥਾਤ ਔਚਿਤਯ ਤੋਂ ਭਰਪੂਰ ‘ਵਕ੍ਰਤਾ’ ਹੀ ਕਾਵਿ ਦਾ ਜੀਵਨ ਹੋ ਸਕਦੀ ਹੈ। ਇਹਨਾਂ ਦਾ ਮੰਨਣਾ ਹੈ ਕਿ, “ਵਸਤੂ ਦੇ ਸੁਭਾਅ ਦਾ ਸਪਸ਼ਟ ਪੋਸ਼ਣ ਕਰਨਾ ‘ਵਕ੍ਰਤਾ’ ਦਾ ਪਰਮ ਰਹੱਸ ਹੈ ਅਤੇ ਇਸਦਾ ਉਚਿਤ ਕਥਨ ਹੀ ਜੀਵਨ ਹੈ। ਵਾਕ ਦੇ ਇੱਕ ਅੰਸ਼ ਵਿੱਚ ਵੀ ਔਚਿਤਯ ਤੋਂ ਬਿਨਾਂ ਸਹ੍ਰਿਦਯ ਅਤੇ ਪਾਠਕ ਦੇ ਆਨੰਦ ਮਾਣਨ ਵਿੱਚ ਹਾਨੀ ਹੁੰਦੀ ਹੈ।‘’ ਜਿਸ ਤਰ੍ਹਾਂ ਕਾਵਿ ਦੇ ਦੂਜੇ ਅੰਗਾਂ ਰਸ, ਅਲੰਕਾਰ ਆਦਿ ਨਾਲ ਔਚਿਤਯ ਦਾ ਸੰਬੰਧ ਹੈ ਉਸੇ ਤਰ੍ਹਾਂ ‘ਵਕ੍ਰੋਕਤੀ’ ਨਾਲ ਵੀ ਹੈ। ਕੁੰਤਕ ਨੇ ਸਪਸ਼ਟ ਸ਼ਬਦਾਂ ਚ ਕਿਹਾ ਹੈ ਕਿ “ਪ੍ਰਬੰਧ ਦੇ ਇੱਕ ਹਿੱਸੇ ਜਾਂ ਪ੍ਰਕਰਣ ਵਿੱਚ ਵਾਕ੍ਰਤਾ ਦੇ ਔਚਿਤਯ ਦੀ ਹੋਂਦ ਨਾ ਹੋਣ ਤੇ ਸਾਰਾ ਕਾਵਿ ਉਸੇ ਤਰ੍ਹਾਂ ਦੂਸ਼ਿਤ ਹੋ ਜਾਂਦਾ ਹੈ ਜਿਸ ਤਰ੍ਹਾਂ ਕਪੜੇ ਦਾ ਇੱਕ ਹਿੱਸਾ ਜਲ ਜਾਣ ਤੇ ਸਾਰਾ ਕਪੜਾ ਦੂਸ਼ਿਤ (ਖਰਾਬ) ਹੋ ਜਾਂਦਾ ਹੈ।‘’ ਕੁੰਤਕ ਦੀ ‘ਵਕ੍ਰਤਾ’ ਦੇ ਹਰ ਪਦ ਅਤੇ ਔਚਿਤਯ ਤੋਂ ਇਸ ਤਰ੍ਹਾਂ ਜਾਪਦਾ ਹੈ ਕਿ ਵਕ੍ਰਤਾ ਅਤੇ ਔਚਿਤਯ ਦੋਨੋਂ ਇੱਕ ਹਨ; ਪਰੰਤੂ ਇਹ ਸਮਤਾ ਦਿਖਾਈ ਦੇਣ ਤੇ ਵੀ ਦੋਨੋਂ ਇੱਕ ਨਹੀਂ ਹਨ ਕਿਉਂਕਿ ਕੁੰਤਕ ਨੇ ਸਾਰੀਆਂ ਵਕ੍ਰਤਾਵਾਂ ਦਾ ਔਚਿਤਯ ਨੂੰ ਆਧਾਰ ਮੰਨਿਆ ਹੈ। ਇਸ ਤਰ੍ਹਾਂ, ਔਚਿਤਯ ਵਕ੍ਰਤਾ ਦੀ ਸਿੱਧੀ ਦਾ ਇੱਕ ਸਾਧਨ ਹੈ। ਕਾਵਿ ਵਿੱਚ ਰਸ ਦੀ ਨਿਸ਼ਪੱਤੀ ਹੀ ਪ੍ਰਮੁੱਖ ਪ੍ਰਤਿਪਾਦਯ ਹੋਣ ਕਰਕੇ ਵਕ੍ਰੋਕਤੀ ਅਤੇ ਔਚਿਤਯ ਦੋਨੋਂ ਹੀ ‘ਰਸ’ ਦੀ ਅਨੁਭੂਤੀ ਕਰਵਾਉਣ ਅਤੇ ਨਿਸ਼ਪੱਤੀ ਦੇ ਸਾਧਨ ਹਨ।”[8]

         ੳਪਰੋਕਤ ਚਰਚਾ ਤੋਂ ਇਹ ਸਪਸ਼ਟ ਹੈ ਕਿ (ਭਾਵੇਂ ਕਿ ਕਾਵਿ ਦੀ ਆਤਮਾ ਕਿਸਨੂੰ ਮੰਨਿਆ ਜਾਵੇ ਇਸ ਬਾਰੇ ਬਹੁਤ ਸਾਰੇ ਮੱਤਭੇਦ ਮਿਲਦੇ ਹਨ, ਪ੍ਰੰਤੂ) ਰਸ, ਧੁਨੀ, ਆਲੰਕਾਰ, ਵਕ੍ਰੋਕਤੀ, ਰੀਤੀ ਆਦਿ ਦੀ ਔਚਿਤਤਾ ਹੀ ਕਾਵਿ ਸੁੰਦਰਤਾ ਨੂੰ ਪ੍ਰਚੰਡ ਕਰਦੀ ਹੈ। ਰਸ, ਧੁਨੀ, ਆਲੰਕਾਰ, ਰੀਤੀ, ਵਖਰੋਕਤੀ ਅਦਿ ਆਪਣਾ ਪ੍ਰਭਾਵ ਤਾਂ ਹੀ ਛੱਡ ਸਕਦੇ ਹਨ ਜੇਕਰ ਉਨ੍ਹਾਂ ਦੀ ਵਰਤੋਂ ਉਚਿਤ ਰੂਪ ਵਿੱਚ ਕੀਤੀ ਗਈ ਹੋਵੇ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਔਚਿਤਯ ਕਾਵਿ ਦੇ ਸਾਰੇ ਪੱਖਾਂ ਅਤੇ ਤੱਤਾਂ ਨੂੰ ਪ੍ਰਭਾਵਿਤ ਕਰਦਾ ਹੈ।


[1]ਉਧਰਿਤ, ਰਜਿੰਦਰ ਸਿੰਘ ਸਾਸ਼ਤਰੀ, ਔਚਿੱਤਿਆਂ ਵਿਚਾਰ ਚਰਚਾ, ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ, ਪਟਿਆਲਾ, 1983,ਪੰਨਾ-2

[2] ਪ੍ਰੇਮ ਸਿੰਘ ਪ੍ਰਕਾਸ਼, ਭਾਰਤੀ ਕਾਵਿ ਸ਼ਾਸ਼ਤਰ, ਮਦਾਨ ਪਬਲੀਕੇਸ਼ਨ ਹਾਊਸ,ਪਟਿਆਲਾ, 2019, ਪੰਨਾ-179

[3]ਰਜਿੰਦਰ ਸਿੰਘ ਸਾਸ਼ਤਰੀ, ਔਚਿੱਤਿਆਂ ਵਿਚਾਰ ਚਰਚਾ, ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ, ਪਟਿਆਲਾ, 1983,ਪੰਨਾ-14

[4] ਉਹੀ, ਪੰਨਾ 13

[5] ਉਹੀ, ਪੰਨਾ 14

[6] ਸੁਕਦੇਵ ਸ਼ਰਮਾ,ਭਾਰਤੀ ਕਾਵਿ ਸ਼ਾਸ਼ਰ, ਪੰਜਾਬੀ ਸਾਹਿਤ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ,2017, ਪੰਨਾ 250

[7] ਉਹੀ, ਪੰਨਾ-ਉਹੀ

[8] ਉਹੀ, ਪੰਨਾ 252