ਪਾਸ਼: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਲਾਈਨ 82: ਲਾਈਨ 82:


ਅਮਰਜੀਤ ਸਿੰਘ ਗਰੇਵਾਲ, ਪਾਸ਼ ਦੀਆਂ ਕਵਿਤਾਵਾਂ ਦਾ ਜ਼ਿਕਰ ਕਰਦਿਆਂ ਲਿਖਦਾ ਹੈ,"ਇੰਝ ਲੱਗਦਾ ਹੈ ਕਿ ਸ਼ਾਇਦ ਪਾਸ਼ ਫ਼ਾਸ਼ਿਜ਼ਮ ਖਿਲ਼ਾਫ਼ ਸੰਪੂਰਨ ਯੁੱਧ ਛੇੜਨ ਵਾਲਾ ਪੰਜਾਬੀ ਦਾ ਪਹਿਲਾ ਕਵੀ ਹੈ। ਇਹ ਗੱਲ ਠੀਕ ਨਹੀਂ। ਗੁਰੂ ਨਾਨਕ ਨੇ ਵੀ ਤਾਂ ਇਸੇ ਤਰ੍ਹਾਂ ਕੀਤਾ ਸੀ ਤੇ ਇਸੇ ਲਈ ਇਹ ਕਹਿਣਾ ਵਧੇਰੇ ਢੁੱਕਵਾਂ ਹੋਵੇਗਾ ਕਿ ਪਾਸ਼ ਇਸ ਸਦੀ (ਵੀਹਵੀਂ) ਵਿਚ ਪੈਦਾ ਹੋਣ ਵਾਲਾ ਨਾਨਕ ਦਾ ਸ਼ਾਇਦ ਇਕੋ-ਇਕ ਸੱਚਾ ਵਾਰਿਸ ਹੈ।"<ref>ਅਜਮੇਰ ਸਿੱਧੂ, ਪਾਸ਼ ਦੀ ਚੋਣਵੀਂ ਕਵਿਤਾ, ਪੰਨਾ ਨੰ:8, ਤਰਕਭਾਰਤੀ ਪ੍ਰਕਾਸ਼ਨ ਬਰਨਾਲਾ 2010</ref>
ਅਮਰਜੀਤ ਸਿੰਘ ਗਰੇਵਾਲ, ਪਾਸ਼ ਦੀਆਂ ਕਵਿਤਾਵਾਂ ਦਾ ਜ਼ਿਕਰ ਕਰਦਿਆਂ ਲਿਖਦਾ ਹੈ,"ਇੰਝ ਲੱਗਦਾ ਹੈ ਕਿ ਸ਼ਾਇਦ ਪਾਸ਼ ਫ਼ਾਸ਼ਿਜ਼ਮ ਖਿਲ਼ਾਫ਼ ਸੰਪੂਰਨ ਯੁੱਧ ਛੇੜਨ ਵਾਲਾ ਪੰਜਾਬੀ ਦਾ ਪਹਿਲਾ ਕਵੀ ਹੈ। ਇਹ ਗੱਲ ਠੀਕ ਨਹੀਂ। ਗੁਰੂ ਨਾਨਕ ਨੇ ਵੀ ਤਾਂ ਇਸੇ ਤਰ੍ਹਾਂ ਕੀਤਾ ਸੀ ਤੇ ਇਸੇ ਲਈ ਇਹ ਕਹਿਣਾ ਵਧੇਰੇ ਢੁੱਕਵਾਂ ਹੋਵੇਗਾ ਕਿ ਪਾਸ਼ ਇਸ ਸਦੀ (ਵੀਹਵੀਂ) ਵਿਚ ਪੈਦਾ ਹੋਣ ਵਾਲਾ ਨਾਨਕ ਦਾ ਸ਼ਾਇਦ ਇਕੋ-ਇਕ ਸੱਚਾ ਵਾਰਿਸ ਹੈ।"<ref>ਅਜਮੇਰ ਸਿੱਧੂ, ਪਾਸ਼ ਦੀ ਚੋਣਵੀਂ ਕਵਿਤਾ, ਪੰਨਾ ਨੰ:8, ਤਰਕਭਾਰਤੀ ਪ੍ਰਕਾਸ਼ਨ ਬਰਨਾਲਾ 2010</ref>



ਮੈਂ ਉਮਰ ਭਰ ਉਸਦੇ ਖ਼ਿਲਾਫ਼ ਸੋਚਿਆ ਤੇ ਲਿਖਿਆ
ਮੈਂ ਉਮਰ ਭਰ ਉਸਦੇ ਖ਼ਿਲਾਫ਼ ਸੋਚਿਆ ਤੇ ਲਿਖਿਆ

07:58, 7 ਮਈ 2021 ਦਾ ਦੁਹਰਾਅ

ਪਾਸ਼

ਅਵਤਾਰ ਸਿੰਘ ਸੰਧੂ, ਤਖੱਲਸ ਪਾਸ਼ (9 ਸਤੰਬਰ 1950 - 23 ਮਾਰਚ 1988)[1] ਇੱਕ ਪੰਜਾਬੀ ਕਵੀ ਸੀ ਜੋ ਜੁਝਾਰਵਾਦੀ ਲਹਿਰ ਨਾਲ ਜੁੜਿਆ ਹੋਇਆ ਸੀ। ਇਸਨੂੰ 23 ਮਾਰਚ 1988 ਨੂੰ ਮਾਰਿਆ ਗਿਆ ਸੀ।[2]

ਜਨਮ ਅਤੇ ਮੁੱਢਲਾ ਸਮਾਂ

ਪਾਸ਼ ਦਾ ਜਨਮ ਪਿੰਡ ਤਲਵੰਡੀ ਸਲੇਮ ਜਿਲ੍ਹਾ ਜਲੰਧਰ ਵਿੱਚ ਹੋਇਆ। ਮੇਜਰ ਸੋਹਣ ਸਿੰਘ ਸੰਧੂ ਦਾ ਪੁੱਤਰ ਪਾਸ਼, ਭਾਰਤ ਦੇ ਆਮ ਲੋਕਾਂ ਦੀ ਗਰੀਬੀ ਤੋਂ ਪ੍ਰਭਾਵਿਤ ਹੋਇਆ ਅਤੇ ਅੱਲੜ੍ਹ ਉਮਰ ਵਿੱਚ ਹੀ ਵਿਦਰੋਹੀ ਕਵਿਤਾ ਲਿਖਣ ਲੱਗਿਆ। ਉਸ ਦੀ ਜਵਾਨੀ ਦੇ ਦਿਨਾਂ ਵਿੱਚ, ਪੰਜਾਬ ਦੇ ਵਿਦਿਆਰਥੀ, ਕਿਸਾਨ ਅਤੇ ਮਜ਼ਦੂਰ, ਸਮੇਂ ਦੇ ਪ੍ਰਸ਼ਾਸਨ ਦੇ ਵਿਰੁੱਧ ਨਕਸਲਬਾੜੀ ਅੰਦੋਲਨ ਨਾਂ ਦਾ ਹਥਿਆਰਬੰਦ ਸੰਘਰਸ਼ ਲੜ ਰਹੇ ਸਨ। 1970ਵਿਆਂ ਦਾ ਸਮਾਂ, ਪੰਜਾਬ ਦੀ ਰਾਜਨੀਤੀ ਵਿੱਚ ਜੁਝਾਰੂ ਯੁੱਗ ਵਜੋਂ ਵੀ ਜਾਣਿਆ ਜਾਂਦਾ ਹੈ।

ਬਚਪਨ ਤੋਂ ਹੀ ਪਾਸ਼ ਸੰਵੇਦਨਸ਼ੀਲ ਬੱਚਾ ਸੀ। ਛੇ ਸਾਲ ਦੀ ਉਮਰ ਵਿੱਚ ਉਸਨੂੰ ਗੁਆਂਢੀ ਪਿੰਡ ਖੀਵਾ ਵਿਖੇ ਪੜ੍ਹਨ ਲਾ ਦਿੱਤਾ। ਜਿਥੋਂ ਪਾਸ਼ ਨੇ 1964 ਵਿੱਚ ਅੱਠਵੀਂ ਦੀ ਪ੍ਰੀਖਿਆ ਪਾਸ ਕਰ ਲਈ। ਪਾਸ਼ ਨੇ ਆਜ਼ਾਦਾਨਾ ਸੁਭਾਅ ਕਾਰਨ ਨੌਵੀਂ ਕਲਾਸ ਵਿੱਚ ਦਾਖਲ ਹੋਣ ਦੀ ਥਾਂ ਕਪੂਰਥਲੇ ਖੁੱਲ੍ਹੇ ਤਕਨੀਕੀ ਸਕੂਲ ਵਿੱਚ ਦਾਖਲਾ ਲੈ ਲਿਆ। ਜਿਸ ਤੋਂ ਇੱਕ ਵਾਰ ਤਾਂ ਇਹ ਵੀ ਜਾਪਦਾ ਹੈ ਕਿ ਜਿਵੇਂ ਪਾਸ਼ ਰੋਜ਼ਗਾਰ ਪ੍ਰਤੀ ਚੇਤੰਨ ਹੋਵੇ। ਪਰ ਪਾਸ਼ ਨੇ ਡਿਪਲੋਮਾ ਪਾਸ ਨਹੀਂ ਕੀਤਾ ਅਤੇ ਉਸ ਦੀ ਖੱਬੇ ਪੱਖੀ ਰਾਜਨੀਤਿਕ ਕਾਰਕੁਨਾਂ ਨਾਲ ਮੇਲ-ਜੋਲ ਦੀ ਸ਼ੁਰੂਆਤ ਹੋ ਗਈ ਤੇ ਜਿਵੇਂ ਪਾਸ਼ ਦੀ ਜ਼ਿੰਦਗੀ ਨੇ ਆਪਣਾ ਰੁਖ਼ ਹੀ ਬਦਲ ਲਿਆ।

ਵਿਆਹ

ਹੱਥ ਜੇ ਹੋਣ ਤਾਂ ਜੋੜਨ ਲਈ ਹੀ ਨਹੀਂ ਹੁੰਦੇ
ਨਾ ਦੁਸ਼ਮਣ ਸਾਹਮਣੇ ਚੁੱਕਣ ਨੂੰ ਹੀ ਹੁੰਦੇ ਹਨ
ਉਹ ਗਿੱਚੀਆਂ ਮਰੋੜਨ ਲਈ ਵੀ ਹੁੰਦੇ ਹਨ।

— ਪਾਸ਼

ਮੈਂ ਲੋਹੇ ਦੀ ਅੱਖ ਨਾਲ
ਮਿੱਤਰਾਂ ਦੇ ਮੁਖੌਟੇ ਪਾਈ
ਦੁਸ਼ਮਣ ਵੀ ਪਹਿਚਾਣ ਸਕਦਾ ਹਾਂ।

— ਪਾਸ਼

1976 ਵਿੱਚ ਇੱਕ ਵਾਰ ਫਿਰ ਪਾਸ਼ ਨੇ ਪੜ੍ਹਾਈ ਸ਼ੁਰੂ ਕਰ ਦਿੱਤੀ। ਉਸਨੇ ਦਸਵੀਂ ਅਤੇ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ। ਈਵਨਿੰਗ ਕਾਲਜ ਜਲੰਧਰ ਤੋਂ ਬੀ.ਏ. ਭਾਗ - ਪਹਿਲਾ ਵੀ ਪਾਸ ਕਰ ਲਈ। 1978 ਵਿੱਚ ਪਾਸ਼ ਨੇ ਜੇ.ਬੀ.ਟੀ. ਜੰਡਿਆਲੇ ਸ਼ੁਰੂ ਕੀਤੀ ਪਰ ਪਾਸ ਕੀਤੀ ਸੇਖ਼ੂਪੁਰੇ (ਕਪੂਰਥਲਾ) ਤੋਂ। ਪਾਸ਼ ਭਾਵੇਂ ਆਪਣੀਆਂ ਚਿੱਠੀਆਂ 'ਚ ਇੱਕ ਕੁੜੀ ਨਾਲ ਆਪਣੇ ਪਿਆਰ ਦੀ ਗੱਲ ਵੀ ਕਰਦਾ ਹੈ ਪਰ ਜੂਨ 1978 ਨੂੰ ਪਾਸ਼ ਦਾ ਵਿਆਹ ਮਾਪਿਆਂ ਦੀ ਮਰਜ਼ੀ ਅਤੇ ਸਮਾਜਿਕ ਬੰਧਨਾਂ ਅਨੁਸਾਰ ਰਾਜਵਿੰਦਰ ਕੌਰ ਸੰਧੂ ਨਾਂ ਦੀ ਕੁੜੀ ਨਾਲ ਹੋ ਗਿਆ।

ਸਾਹਿਤਕ ਸਰਗਰਮੀਆਂ

ਪਾਸ਼ ਦੀਆਂ ਕਵਿਤਾਵਾਂ ਦੀ ਪਹਿਲੀ ਕਿਤਾਬ ਲੋਹ ਕਥਾ 1970 ਵਿੱਚ ਛਪੀ, ਉਸ ਵੇਲੇ ਪਾਸ਼ ਦੀ ਉਮਰ ਅਜੇ 20 ਸਾਲ ਤੋਂ ਵੀ ਘੱਟ ਸੀ। ਉਸ ਦੀ ਕਵਿਤਾ ਦੇ ਉਕਸਾਊ ਸੁਭਾਅ ਅਤੇ ਹਥਿਆਰਬੰਦ ਲਹਿਰ ਨਾਲ ਹਮਦਰਦੀ ਰੱਖਣ ਕਰ ਕੇ,ਪਾਸ਼ ਨੂੰ ਝੂਠੇ ਕਤਲ ਕੇਸ ਵਿੱਚ ਫਸਾ ਦਿੱਤਾ ਗਿਆ। ਜਿਸ ਕਰ ਕੇ ਉਸਨੂੰ 2 ਸਾਲ ਜੇਲ੍ਹ ਕੱਟਣੀ ਪਈ। ਬਰੀ ਹੋਣ ਤੋਂ ਬਾਅਦ, ਉਹ ਪੰਜਾਬ ਦੀਆਂ ਮਾਓਵਾਦੀ ਜੱਥੇਬੰਦੀਆਂ ਵਿੱਚ ਸਰਗਰਮ ਹੋ ਗਿਆ। ਇਸ ਤੋਂ ਬਾਅਦ ਉਸ ਨੇ ਸਿਆੜ ਨਾਮੀ ਪਰਚੇ ਦੀ ਸੰਪਾਦਨਾ ਕੀਤੀ। ਪਾਸ਼ ਦੀ ਪ੍ਰਗਤੀਵਾਦੀ ਕਵਿਤਾ ਵਿਦਿਆਰਥੀਆਂ, ਕਮਿਊਨਿਸਟਾਂ ਅਤੇ ਖੱਬੇ-ਪੱਖੀ ਬੁੱਧੀਜੀਵੀਆਂ ਵਿੱਚ ਬਹੁਤ ਪ੍ਰਸਿੱਧ ਹੋਈ। ਪਾਸ਼ ਆਧੁਨਿਕ ਪੰਜਾਬੀ ਕਾਵਿ ਦਾ ਸਮਰੱਥਾਵਾਨ, ਚਿੰਤਨਸ਼ੀਲ ਤੇ ਮਕਬੂਲ ਕਵੀ ਹੋਇਆ ਹੈ। ਪਾਸ਼ ਦੀ ਵਿਲੱਖਣ ਕਾਵਿਕ ਪ੍ਰਤਿਭਾ ਕਰ ਕੇ ਉਸ ਦੀਆਂ ਕਵਿਤਾਵਾਂ ਨਿੱਤ ਨਵੇਂ ਅਰਥ ਸਿਰਜਦੀਆਂ, ਨਵੀਆਂ ਅੰਤਰ-ਦ੍ਰਿਸ਼ਟੀਆਂ ਪ੍ਰਦਾਨ ਕਰਦੀਆਂ ਹੋਈਆਂ ਦੇਸ਼/ਕਾਲ ਤੋਂ ਪਾਰ ਜਾਣ ਦੀ ਸਮਰੱਥਾ ਰੱਖਦੀਆਂ ਹਨ। ਪਾਸ਼ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਖਹਿ ਕੇ ਲੰਘਦਾ ਰਿਹਾ, ਹਾਲਤਾਂ ਨਾਲ ਜੂਝਦਾ ਰਿਹਾ, ਸਮੇਂ ਨਾਲ ਲੜਦਾ ਰਿਹਾ, ਝੱਖੜਾਂ-ਹਨ੍ਹੇਰੀਆਂ ਵਿੱਚ ਵੀ ਚੌਰਾਹੇ ਦੀਵਾ ਬਾਲਣ ਦਾ ਹੌਂਸਲਾ ਰੱਖਦਾ ਰਿਹਾ। ਇਹੀ ਸਾਰਾ ਜੀਵਨ ਅਨੁਭਵ/ਦ੍ਰਿਸ਼ਟੀ ਉਸ ਦੀ ਕਵਿਤਾ 'ਚ ਢਲਦੀ ਰਹੀ, ਜਿਸ ਕਰ ਕੇ ਉਸ ਦੀ ਕਵਿਤਾ ਵਿਲੱਖਣ, ਮੌਲਿਕ ਤੇ ਸੱਜਰਾ ਮੁਹਾਂਦਰਾ ਰੱਖਦੀ ਹੈ। ਡਾ. ਰਾਜਿੰਦਰ ਪਾਲ ਸਿੰਘ ਬਰਾੜ ਅਨੁਸਾਰ, "ਪਾਸ਼ ਨਾਬਰੀ ਤੇ ਬਰਾਬਰੀ ਦਾ ਸ਼ਾਇਰ ਸੀ ਜਿਸ ਨੂੰ ਮਾਨਵੀ ਸ਼ਾਨ ਵਾਲੀ ਜ਼ਿੰਦਗੀ ਜਿਉਣ ਦੀ ਤੀਬਰ ਲੋਚਾ ਸੀ।"[ਹਵਾਲਾ ਲੋੜੀਂਦਾ]

ਉਪਨਾਮ ‘ਪਾਸ਼’

1967 ਵਿੱਚ ਪਾਸ਼ ਬਾਰਡਰ ਸਕਿਓਰਿਟੀ ਫੋਰਸ ਵਿੱਚ ਭਰਤੀ ਹੋ ਗਿਆ ਪਰ ਤਿੰਨ ਮਹੀਨਿਆਂ ’ਚ ਹੀ ਇਹ ਨੌਕਰੀ ਛੱਡ ਆਇਆ। ਜਲੰਧਰ ਛਾਉਣੀ ਵਿਖੇ ਜੈਨ ਹਾਈ ਸਕੂਲ ਤੋਂ ਨੌਂਵੀਂ ਜਮਾਤ ਪਾਸ ਕੀਤੀ। ਇੱਥੇ ਪਾਸ਼ ਦਾ ਇੱਕ ‘ਪ੍ਰਵੇਸ਼’ ਨਾਮ ਦੀ ਅਧਿਆਪਕਾ ਨਾਲ ਆਦਰਸ਼ਕ ਮੋਹ ਹੋ ਗਿਆ ਤੇ ਉਸ ਨੇ ਆਪਣਾ ਉਪਨਾਮ ‘ਪਾਸ਼’ ਵੀ ਇਸੇ ਅਧਿਆਪਕਾ ਦੇ ਨਾਮ ਦੇ ਪਹਿਲੇ ਤੇ ਆਖ਼ਰੀ ਅੱਖਰ ਨੂੰ ਜੋੜ ਕੇ ਬਣਾਇਆ। ਪਾਸ਼ ਸ਼ਬਦ ਫਾਰਸੀ ਭਾਸ਼ਾ ਦਾ ਹੈ ਅਤੇ ਇਸ ਦੇ ਅਰਥ ‘ਛਿੜਕਣ ਵਾਲੇ’ ਜਾਂ ‘ਫੈਲਾਉਣ ਵਾਲੇ’ ਹਨ। ਡਾ. ਤੇਜਵੰਤ ਸਿੰਘ ਗਿੱਲ ਅਨੁਸਾਰ,“ਸ਼ੋਲੋਖੋਵ ਦੇ ਉਪਨਿਆਸ ‘ਤੇ ਡਾਨ ਵਹਿੰਦਾ ਰਿਹਾ’ ਦੇ ਨਾਇਕ ਪਾਸ਼ਾ ਨਾਲ ਲੋਹੜੇ ਦਾ ਲਗਾਵ ਅਨੁਭਵ ਕਰ ਕੇ ਉਸਨੇ ਆਪਣਾ ਨਾਮ ਅਵਤਾਰ ਸਿੰਘ ਸੰਧੂ ਤਾਂ ਬਿਲਕੁਲ ਅਲੋਪ ਹੀ ਕਰ ਲਿਆ ਸੀ।”[ਹਵਾਲਾ ਲੋੜੀਂਦਾ]

ਨਕਸਲਬਾੜੀ

1968 ਵਿੱਚ ਨਕਸਲਬਾੜੀ ਲਹਿਰ ਪੰਜਾਬ ਵਿੱਚ ਜ਼ੋਰ ਫੜਨ ਲੱਗੀ। ਇਸ ਸਮੇਂ ਪਾਸ਼ ਦੀ ਉਮਰ 18 ਸਾਲ ਸੀ ਅਤੇ ਉਸ ਦਾ ਨਾਂ ਇਸ ਲਹਿਰ ਨਾਲ ਜੁੜ ਗਿਆ ਜਾਂ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਪਾਸ਼ ਨਕਸਲਬਾੜੀ ਲਹਿਰ ਵਿੱਚ ਸ਼ਾਮਿਲ ਹੋ ਗਿਆ। ਨਕਸਲਬਾੜੀ ਲਹਿਰ ਨਾਲ ਜੁੜਨ ਦਾ ਭਾਵ ਸੀ ਮਾਰਕਸਵਾਦ ਨਾਲ ਸਹਿਮਤ ਹੋਣਾ ਜਾਂ ਮਾਰਕਸਵਾਦ ਤੋਂ ਪ੍ਰਭਾਵਿਤ ਹੋਣਾ। ਉਸ ਵੇਲੇ ਰੂਸ ਅਤੇ ਚੀਨ ਦਾ ਸਮਾਜਵਾਦੀ ਇਨਕਲਾਬ ਦੁਨੀਆਂ ਨੂੰ ਪ੍ਰੇਰਿਤ ਅਤੇ ਪ੍ਰਭਾਵਿਤ ਕਰ ਰਿਹਾ ਸੀ। ਇਸੇ ਲਈ ਪਾਸ਼ ਮਾਰਕਸਵਾਦੀ ਵਿਚਾਰਧਾਰਾ ਦਾ ਚਿੰਤਨ/ਮੰਥਨ ਕਰਦਾ ਹੋਇਆ ਇਸਨੂੰ ਆਪਣੀ ਕਵਿਤਾ ਦਾ ਧੁਰਾ ਬਣਾਉਂਦਾ ਹੈ। ਉਸ ਦੇ ਤੱਤੇ ਖੂਨ'ਚੋਂ ਉੱਬਲਦੀ ਕਵਿਤਾ ਪੈਦਾ ਹੋਈ ਜੋ ਕਵਿਤਾ ਆਪਣੇ ਸੀਨੇ ਅੰਦਰ ਕ੍ਰਾਂਤੀ ਦੀ ਤੜਪ/ਤਾਂਘ, ਸਮਾਜਿਕ ਬਰਾਬਰੀ ਦੀ ਇੱਛੁਕ ਅਤੇ ਲੋਟੂ ਸਮਾਜ ਦਾ ਤੀਬਰ ਵਿਰੋਧ ਕਰਦੀ। ਸਾਹਿਤਕ ਗਤੀਵਿਧੀਆਂ ਦੇ ਨਾਲ-ਨਾਲ ਪਾਸ਼ ਰਾਜਸੀ ਗਤੀਵਿਧੀਆਂ ਵਿੱਚ ਵੀ ਸਰਗਰਮ ਹੋ ਗਿਆ ਸੀ। ਭਾਵੇਂ ਪਾਸ਼ ਦੀ ਕਿਸੇ ਡਾਇਰੀ, ਚਿੱਠੀ, ਮੁਲਾਕਾਤ 'ਚੋਂ ਉਸ ਦੇ ਹਥਿਆਰਬੰਦ ਹੋਣ ਦੀ ਪੁਸ਼ਟੀ ਨਹੀਂ ਹੁੰਦੀ, ਡਾ. ਤੇਜਵੰਤ ਸਿੰਘ ਗਿੱਲ ਅਨੁਸਾਰ "ਨਕੋਦਰ ਵਿੱਚ ਇੱਕ ਭੱਠਾ ਮਾਲਕ ਮੱਲ੍ਹਾ ਦੇ ਕਤਲ ਉੱਪਰੰਤ 10 ਮਈ, 1970 ਨੂੰ ਪਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ" ਤੇ ਅਗਲੇ ਸਾਲ ਸਤੰਬਰ ਵਿੱਚ ਉਸ ਦੀ ਰਿਹਾਈ ਸੰਭਵ ਹੋ ਸਕੀ।[ਹਵਾਲਾ ਲੋੜੀਂਦਾ] ਇਸ ਤੋਂ ਬਾਅਦ ਉਹ ਨਕਸਲਬਾੜੀ ਲਹਿਰ ਨਾਲ ਜੁੜੀਆਂ ਸਾਹਿਤਕ ਅਤੇ ਰਾਜਸੀ ਗਤੀਵਿਧੀਆਂ ਵਿੱਚ ਸਰਗਰਮ ਰਿਹਾ। 1970 ਵਿੱਚ ਛਪਿਆ ਪਾਸ਼ ਦਾ ਪਹਿਲਾ ਕਾਵਿ-ਸੰਗ੍ਰਹਿ ਲੋਹ ਕਥਾ ਨਿਰਸੰਦੇਹ ਉਸ ਦੀਆਂ ਨਕਸਲਬਾੜੀ ਲਹਿਰ ਨਾਲ ਜੁੜੀਆਂ ਗਤੀਵਿਧੀਆਂ ਦਾ ਹੀ ਸਾਹਿਤਕ ਸਿੱਟਾ ਕਿਹਾ ਜਾ ਸਕਦਾ ਹੈ।

ਸਾਹਿਤਕ ਸਮਾਂ

ਪਾਸ਼ ਦੀ ਜ਼ਿੰਦਗੀ ਦਾ 1972 ਤੋਂ 1975 ਤੱਕ ਦਾ ਸਮਾਂ ਸਾਹਿਤਕ/ਰਾਜਸੀ ਗਤੀਵਿਧੀਆਂ ਨਾਲ ਭਰਿਆ ਹੋਇਆ ਸੀ। 1972 ਵਿੱਚ ਪਾਸ਼ ਨੇ ਸਿਆੜ ਨਾਂ ਦਾ ਪਰਚਾ ਕੱਢਣਾ ਸ਼ੁਰੂ ਕੀਤਾ। ਇਸੇ ਵੇਲੇ ਉਸਨੂੰ ਮੋਗਾ-ਕਾਂਡ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। 1973 ਵਿੱਚ 'ਸਿਆੜ' ਪਰਚਾ ਬੰਦ ਹੋ ਗਿਆ ਅਤੇ 1974 ਵਿੱਚ ਪਾਸ਼ ਦੀ ਦੂਜੀ ਕਾਵਿ-ਪੁਸਤਕ 'ਉਡਦੇ ਬਾਜਾਂ ਮਗਰ' ਛਪੀ। ਮਈ 1974 ਵਿੱਚ ਹੋਈ ਰੇਲਵੇ ਹੜਤਾਲ ਦੌਰਾਨ ਪਾਸ਼ ਦੀ ਗ੍ਰਿਫ਼ਤਾਰੀ ਹੋਈ। ਰਿਹਾਅ ਹੋ ਕੇ 'ਹੇਮ ਜਯੋਤੀ' ਦੀ ਸੰਪਾਦਕੀ ਕੀਤੀ। ਕੁਝ ਸਮਾਂ 'ਦੇਸ-ਪ੍ਰਦੇਸ' (ਲੰਡਨ) ਦਾ ਪੱਤਰ-ਪ੍ਰੇਰਕ ਰਿਹਾ ਅਤੇ ਇਸੇ ਸਮੇਂ ਪਾਸ਼ ਨੇ ਮਿਲਖਾ ਸਿੰਘ ਐਥਲੀਟ ਦੀ 'ਸਵੈ-ਜੀਵਨੀ' 'ਫਲਾਇੰਗ ਸਿੱਖ' ਲਿਖ ਕੇ ਦਿੱਤੀ।

ਲਿਖਤ ਪਰਚਾ ‘ਹਾਕ’

ਇਨ੍ਹੀਂ ਦਿਨੀਂ ਸਤੰਬਰ 1978 ਨੂੰ ਪਾਸ਼ ਦਾ ਤੀਜਾ ਤੇ ਆਖ਼ਰੀ ਕਾਵਿ-ਸੰਗ੍ਰਹਿ ਸਾਡੇ ਸਮਿਆਂ ਵਿੱਚ ਛਪਦਾ ਹੈ। ਗ੍ਰਹਿਸਥੀ ਜੀਵਨ ਦੀ ਗੱਡੀ ਨੂੰ ਤੋਰਨ ਲਈ ਪਾਸ਼ ਨੇ 1979 ਵਿੱਚ ਗੁਆਂਢੀ ਪਿੰਡ ਉੱਗੀ ਵਿਖੇ ਗੁਰੂ ਨਾਨਕ ਨੈਸ਼ਨਲ ਮਾਡਲ ਸਕੂਲ ਖੋਲ੍ਹ ਲਿਆ ਅਤੇ ਇਸੇ ਸਾਲ ਉਸਨੇ ਹੱਥ ਲਿਖਤ ਪਰਚਾ ‘ਹਾਕ’ ਕੱਢਣਾ ਸ਼ੁਰੂ ਕੀਤਾ। ਪਰ ਪਾਸ਼ ਪੰਜਾਬ ਦੇ ਵਿਗੜ ਰਹੇ ਮਾਹੌਲ ਅਤੇ ਪ੍ਰਤੀਕੂਲ ਸਥਿਤੀਆਂ ਕਾਰਨ ਨਾ ਸਕੂਲ ਹੀ ਚਲਾ ਸਕਿਆ ਅਤੇ ਨਾ ‘ਹਾਕ’ ਪਰਚੇ ਨੂੰ ਲਗਾਤਾਰ ਕੱਢ ਸਕਿਆ।

ਨਕਸਲਬਾੜੀ ਲਹਿਰ ਦੇ ਪੰਜਾਬ ਵਿਚੋਂ ਬਿਖਰਨ ਅਤੇ ਵਿਚਾਰਧਾਰਕ ਵਖਰੇਵਿਆਂ/ਵਿਰੋਧਾਂ ਵਾਲੀ ਲਹਿਰ (ਖਾਲਿਸਤਾਨੀ ਲਹਿਰ) ਦੇ ਪੰਜਾਬ ਵਿੱਚ ਜ਼ੋਰ ਫੜ੍ਹਨ ਨੇ ਪਾਸ਼ ਦੀਆਂ ਮੁਸ਼ਕਿਲਾਂ ’ਚ ਵਾਧਾ ਕਰ ਦਿੱਤਾ। ਇਸੇ ਵੇਲੇ 19 ਜਨਵਰੀ 1982 ਨੂੰ ਪਾਸ਼ ਦੇ ਘਰ ਧੀ ਵਿੰਕਲ ਦਾ ਜਨਮ ਹੋਇਆ, ਜਿਸ ਨੇ ਪਾਸ਼ ਦੀਆਂ ਜਿੰਮੇਵਾਰੀਆਂ ਨੂੰ ਵਧਾ ਦਿੱਤਾ। ਅਜਿਹੇ ਮਾਹੌਲ ਵਿੱਚ ਪਾਸ਼ ਆਪਣੇ ਆਪ ਨੂੰ ਅਸੁਰੱਖਿਅਤ ਸਮਝਦਾ ਸੀ। ਪਰ ਫਿਰ ਵੀ ਉਸਨੇ ਜ਼ਿੰਦਗੀ ਦਾ ਸਾਹਮਣਾ ਕੀਤਾ ਜਿਸ ਦਾ ਵਰਣਨ ਉਸ ਦੀ ਡਾਇਰੀ ਵਿੱਚ ਕਈ ਥਾਈਂ ਆਉਂਦਾ ਹੈ। ਉਹ ਦੋਸਤੀਆਂ ਨਿਭਾਉਂਦਾ, ਜ਼ਿੰਦਗੀ ਦੀਆਂ ਧੁਪਾਂ-ਛਾਵਾਂ ਹੰਢਾਉਂਦਾ, ਤਿਉਹਾਰ ਮਨਾਉਂਦਾ, ਚਿੰਤਨ ਕਰਦਾ, ਵਰਜਿਸ਼ ਕਰਦਾ, ਘਰ ਦੇ ਫਿਕਰਾਂ ’ਚ ਰੁੱਝਿਆ ਉਮਰ ਦੇ ਹਰ ਪਲ ਨਾਲ ਖਹਿ ਕੇ ਲੰਘਦਾ ਰਿਹਾ। ਅਸਲ ਵਿੱਚ ਪਾਸ਼ ਭਰਪੂਰ ਜ਼ਿੰਦਗੀ ਜਿਉਣ ਦਾ ਚਾਹਵਾਨ ਸੀ। ਉਸ ਦੇ ਹਰ ਸਾਲ ਦਾ ਹਿਸਾਬ, ਉਸ ਪ੍ਰਤੀ ਵਿਸ਼ਲੇਸ਼ਣੀ ਦ੍ਰਿਸ਼ਟੀ, ਭਵਿੱਖ ਨੂੰ ਹੋਰ ਮਾਨਣ ਦੀ ਇੱਛਾ, ਪਾਸ਼ ਦੇ ਆਮ ਮਨੁੱਖ ਨਾਲੋਂ ਵਿਸ਼ੇਸ਼ ਤੇ ਵਿਲੱਖਣ ਹੋਣ ਦਾ ਪ੍ਰਮਾਣ ਹੈ।

ਸਾਹਿਤਕ ਰਚਨਾ

ਲੋਹ ਕਥਾ (1970)

ਉੱਡਦੇ ਬਾਜ਼ਾਂ ਮਗਰ (1974)

ਸਾਡੇ ਸਮਿਆਂ ਵਿੱਚ (1978)

ਵਰਤਮਤਨ ਦੇ ਰੂ-ਬਰੂ (1989)

ਖਿਲਰੇ ਹੋਏ ਵਰਕੇ (1989)[3]

ਪਾਸ਼ ਦੀਆਂ ਰਚਨਾਵਾਂ ਦੀ ਖਾਸੀਅਤ ਇਹ ਵੀ ਹੈ ਕਿ ਉਹ ਮਿਥਭੰਜਕ ਹਨ। ਉਸਨੇ ਮਿਥ ਨੂੰ ਗੁਲਾਮੀ ਦੇ ਸੰਦ ਵਜੋਂ ਪਛਾਣਿਆ। ਇਸੇ ਲਈ ਉਹ ਲੋਕ ਮਨਾਂ ਅੰਦਰ ਬੈਠੀਆਂ ਮਿਥਾਂ ਨੂੰ ਚਕਨਾਚੂਰ ਕਰਦਾ ਹੈ। ਉਹ ਦੇਸ਼, ਕੌਮ, ਜਮਹੂਰੀਅਤ ਆਦਿ ਨੂੰ ਪਰਿਭਾਸ਼ਿਤ ਕਰਦਾ ਹੈ। ਪਾਸ਼ ਦੀ ਇਹ ਵੀ ਖੂਬਸੂਰਤੀ ਸੀ ਕਿ ਉਹ ਸਮਾਜਵਾਦੀ ਵਿਚਾਰਧਾਰਾ ਦਾ ਹਾਮੀ ਕਵੀ ਸੀ।

ਉਸ ਦੀ ਸਾਰੀ ਕਵਿਤਾ ਦਾ ਰੰਗ ਹੀ ਭਾਵੇਂ ਸੰਬੋਧਨੀ ਅਤੇ ਸੰਵਾਦੀ ਸੁਰ ਵਾਲਾ ਹੈ ਪਰ ਆਪਣੀਆਂ ਰਚਨਾਵਾਂ ਵਿਚ ਜਿਸ ਤਰ੍ਹਾਂ ਉਹ ਸਵਾਲਾਂ ਦੀ ਝੜੀ ਲਾਉਂਦਾ ਹੈ ਅਤੇ ਹਰ ਨੁਕਤੇ ਨੂੰ ਵੱਖ ਵੱਖ ਕੌਣਾਂ ਤੋਂ ਦੇਖਦਾ ਹੈ, ਉਸ ਨਾਲ ਉਹ ਆਪਣੇ ਸਾਰੇ ਸਮਕਾਲੀ ਕਵੀਆਂ ਨਾਲੋਂ ਵੱਖਰਾ ਖੜ੍ਹਾ ਨਜ਼ਰ ਆਉਂਦਾ ਹੈ। ਉਹ ਆਪਣੀ ਹਰ ਕਵਿਤਾ ਵਿਚ ਸੰਵਾਦ ਰਚਾਉਂਦਾ ਹੈ। ਪਾਸ਼ ਦੀ ਤੀਜੀ ਅਤੇ ਮਹੱਤਵਪੂਰਨ ਕਿਤਾਬ ਸਾਡੇ ਸਮਿਆਂ ਵਿਚ ਬਾਰੇ ਬਹਿਸ ਛੇੜਦਿਆਂ ਡਾ.ਅਤਰ ਸਿੰਘ ਵੇ ਬੜੀ ਪਤੇ ਦੀ ਗੱਲ ਕੀਤੀ ਸੀ ਕਿ ਪਾਸ਼ ਆਪਣੇ ਚੁਣੇ ਹੋਏ ਨਾਲ ਸੰਵਾਦ ਰਚਾ ਰਿਹਾ ਹੈ। ਇਹ ਸੰਵਾਦ ਅਸਲ ਵਿਚ ਉਸਦੀ ਕਾਵਿ ਸਤਰ "ਮੇਰੇ ਫ਼ਿਕਰ ਦੀ ਬਾਂਹ ਫੜੀ ਰੱਖਣੀ" ਦਾ ਹੀ ਵਿਸਥਾਰ ਹੈ।[4]

ਪਾਸ਼ ਦੀਆਂ ਤਿੰਨ ਕਵਿਤਾਵਾਂ

ਪਾਸ਼ ਦੀਆਂ ਤਿੰਨ ਕਵਿਤਾਵਾਂ ਬੇਦਖ਼ਲੀ ਲਈ ਬਿਨੈ-ਪੱਤਰ, ਧਰਮ ਦੀਕਸ਼ਾ ਲਈ ਬਿਨੈ-ਪੱਤਰ ਅਤੇ ਸਭ ਤੋਂ ਖ਼ਤਰਨਾਕ ਨੂੰ ਜੇ ਸੰਵਾਦ ਦੇ ਨੁਕਤੇ ਵਿਚਾਰੀਏ ਤਾਂ ਉਸ ਸਟੇਟ, ਧਾਰਮਿਕ ਕੱਟੜਪੰਥੀਆਂ ਅਤੇ ਆਮ ਲੋਕਾਂ ਨਾਲ ਗੱਲ ਕਰਨ ਦੇ ਦਾਈਏ ਦੀ ਸੋਅ ਮਿਲਦੀ ਹੈ। ਪਾਸ਼ ਦੀ ਮੌਤ ਤੋਂ ਪਹਿਲਾਂ ਛਪੀਆਂ ਉਸਦੀਆਂ ਇਹ ਤਿੰਨ ਕਵਿਤਾਵਾਂ ਮਹੱਤਵਪੂਰਨ ਵੀ ਹਨ ਅਤੇ ਉਸਦੀ ਸਿਆਸੀ ਸੋਚ ਨੂੰ ਵੀ ਦਰਸਾਉਂਦੀਆਂ ਹਨ।

ਅਮਰਜੀਤ ਸਿੰਘ ਗਰੇਵਾਲ, ਪਾਸ਼ ਦੀਆਂ ਕਵਿਤਾਵਾਂ ਦਾ ਜ਼ਿਕਰ ਕਰਦਿਆਂ ਲਿਖਦਾ ਹੈ,"ਇੰਝ ਲੱਗਦਾ ਹੈ ਕਿ ਸ਼ਾਇਦ ਪਾਸ਼ ਫ਼ਾਸ਼ਿਜ਼ਮ ਖਿਲ਼ਾਫ਼ ਸੰਪੂਰਨ ਯੁੱਧ ਛੇੜਨ ਵਾਲਾ ਪੰਜਾਬੀ ਦਾ ਪਹਿਲਾ ਕਵੀ ਹੈ। ਇਹ ਗੱਲ ਠੀਕ ਨਹੀਂ। ਗੁਰੂ ਨਾਨਕ ਨੇ ਵੀ ਤਾਂ ਇਸੇ ਤਰ੍ਹਾਂ ਕੀਤਾ ਸੀ ਤੇ ਇਸੇ ਲਈ ਇਹ ਕਹਿਣਾ ਵਧੇਰੇ ਢੁੱਕਵਾਂ ਹੋਵੇਗਾ ਕਿ ਪਾਸ਼ ਇਸ ਸਦੀ (ਵੀਹਵੀਂ) ਵਿਚ ਪੈਦਾ ਹੋਣ ਵਾਲਾ ਨਾਨਕ ਦਾ ਸ਼ਾਇਦ ਇਕੋ-ਇਕ ਸੱਚਾ ਵਾਰਿਸ ਹੈ।"[5]


ਮੈਂ ਉਮਰ ਭਰ ਉਸਦੇ ਖ਼ਿਲਾਫ਼ ਸੋਚਿਆ ਤੇ ਲਿਖਿਆ

ਜੇ ਉਸ ਦੇ ਸੋਗ ਵਿਚ ਸਾਰਾ ਹੀ ਦੇਸ਼ ਸ਼ਾਮਿਲ ਹੈ

ਤਾਂ ਇਸ ਦੇਸ਼ 'ਚੋਂ ਮੇਰਾ ਨਾਮ ਕੱਟ ਦੇਵੋ।


ਤੇ ਠੀਕ ਏਸੇ ਸਰਦ ਹਨੇਰੇ ਵਿਚ ਸਰਤ ਸੰਭਾਲਣ ਤੇ

ਜੀਣ ਦੇ ਨਾਲ ਨਾਲ

ਜਦ ਪਹਿਲੀ ਵਾਰ ਇਸ ਜੀਵਨ ਬਾਰੇ ਸੋਚਣਾ ਸ਼ੁਰੂ ਕੀਤਾ

ਮੈਂ ਖ਼ੁਦ ਨੂੰ ਇਸ ਕਤਲ ਦੀ ਸਾਜਿਸ਼ ਵਿਚ ਸ਼ਰੀਕ ਪਾਇਆ


ਮੈਂ ਸਦਾ ਹੀ ਉਸਨੂੰ ਕਤਲ ਕੀਤਾ ਹੈ

ਹਰ ਵਾਕਿਫ਼ ਜਣੇ ਦੀ ਹਿਕ 'ਚੋ' ਲੱਭ ਕੇ

ਜੇ ਉਸਦੇ ਕਾਤਲਾਂ ਨੂੰ ਇੰਜ ਹੀ ਸੜਕਾਂ ਤੇ ਸਿਝਣਾ ਹੈ

ਤਾਂ ਬਣਦੀ ਸਜ਼ਾ ਮੈਨੂੰ ਵੀ ਮਿਲੇ।


●('ਬੇਦਖ਼ਲੀ ਲਈ ਬਿਨੈ-ਪੱਤਰ' ਵਿਚੋਂ)


ਮੇਰਾ ਇੱਕੋ ਈ ਪੁੱਤ ਹੈ ਧਰਮ-ਗੁਰੂ!

ਉਂਝ ਭਲਾ ਸੱਤ ਵੀ ਹੁੰਦੇ

ਉਨ੍ਹਾਂ ਤੇਰਾ ਕੁਝ ਨਹੀਂ ਕਰ ਸਕਣਾ ਸੀ

ਤੇਰੇ ਬਾਰੂਦ ਵਿੱਚ ਰੱਬੀ ਮਹਿਕ ਹੈ

ਤੇਰਾ ਬਾਰੂਦ ਰਾਤਾਂ ਨੂੰ ਰੌਣਕਾਂ ਵੰਡਦਾ ਹੈ

ਤੇਰਾ ਬਾਰੂਦ ਰਾਹੋਂ ਭਟਕਿਆਂ ਨੂੰ ਸੇਧਦਾ ਹੈ

ਮੈਂ ਤੇਰੀ ਆਸਤਕ ਗੋਲੀ ਨੂੰ ਆਰਗ ਦਿਆ ਕਰਾਂਗੀ

ਮੇਰਾ ਇੱਕੋ ਈ ਪੁੱਤ ਹੈ ਧਰਮ-ਗੁਰੂ!

ਤੇ ਮਰਦ ਵਿਚਾਰਾ ਸਿਰ ਤੇ ਨਹੀਂ ਰਿਹਾ।


●('ਧਰਮ ਦੀਕਸ਼ਾ ਲਈ ਬਿਨੈ-ਪੱਤਰ' ਵਿੱਚੋਂ)


ਸਭ ਤੋਂ ਖ਼ਤਰਨਾਕ ਹੁੰਦਾ ਹੈ

ਮੁਰਦਾ ਸ਼ਾਂਤੀ ਨਾਲ ਭਰ ਜਾਣਾ,

ਨਾ ਹੋਣਾ ਤੜਪਦਾ, ਸਭ ਸਹਿਣ ਕਰ ਜਾਣਾ

ਘਰਾਂ ਤੋਂ ਨਿਕਲਣਾ ਕੰਮ ਤੇ

ਤੇ ਕੰਮ ਤੋਂ ਘਰ ਜਾਣਾ,

ਸਭ ਤੋਂ ਖ਼ਤਰਨਾਕ ਹੁੰਦਾ ਹੈ

ਸਾਡੇ ਸੁਪਨਿਆਂ ਦਾ ਮਰ ਜਾਣਾ।

●('ਸਭ ਤੋਂ ਖ਼ਤਰਨਾਕ' ਵਿੱਚੋਂ)

ਉਪਰੋਕਤ ਕਵਿਤਾਵਾਂ ਪੰਜਾਬ ਦੇ ਕਾਲੇ ਦੌਰ ਦਾ ਇਤਿਹਾਸ ਹਨ, ਜਿਸ ਵਿੱਚ ਪੰਜਾਬ ਲਹੂ-ਲੁਹਾਣ ਹੋਇਆ ਪਿਆ ਸੀ। ਓਦੋਂ ਪੰਜਾਬ ਵਿੱਚ ਵਾਪਰਦੀਆਂ ਘਟਨਾਵਾਂ ਪਾਸ਼ ਲਈ ਸਦਮੇ ਤੇ ਪਰੇਸ਼ਾਨੀ ਦਾ ਕਾਰਨ ਬਣੀਆਂ ਸਨ, ਤਾਂ ਹੀ ਉਸਨੇ 'ਧਰਮ ਦੀਕਸ਼ਾ ਲਈ ਬਿਨੈ-ਪੱਤਰ' ਲਿਖਿਆ। ਉਸ ਨੇ 'ਸਭ ਤੋਂ ਖ਼ਤਰਨਾਕ' ਕਵਿਤਾ ਰਾਹੀਂ ਲੋਕਾਂ ਨੂੰ ਖ਼ਾਮੋਸ਼ੀ ਤੋੜਨ ਲਈ ਹਾਕਾਂ ਮਾਰੀਆਂ ਜੋ ਉਸ ਦੌਰ ਵਿੱਚ ਚੁੱਪ ਕਰ ਗਏ ਸਨ ਅਤੇ ਇਨਕਲਾਬ ਕਰਨ ਦਾ ਸੁਪਨਾ ਛੱਡ ਗਏ ਸਨ। 'ਬੇਦਖ਼ਲੀ ਲਈ ਬਿਨੈ-ਪੱਤਰ' ਅਤੇ 'ਧਰਮ ਦੀਕਸ਼ਾ ਲਈ ਬਿਨੈ-ਪੱਤਰ' ਦੀ ਸੁਰ ਉਦਾਸੀ ਅਤੇ ਨਿਰਾਸ਼ਾ ਵਾਲੀ ਜਾਪਦੀ ਹੈ ਪਰ 'ਸਭ ਤੋਂ ਖ਼ਤਰਨਾਕ' ਵਿੱਚ ਉਹ ਆਪਣੇ ਓਸੇ ਜੁੱਟ ਨੂੰ ਸੰਬੋਧਤ ਹੈ ਜਿਸ ਨੇ ਇਨਕਲਾਬ ਦਾ ਰਾਹ ਦਸੇਰਾ ਬਣਨਾ ਹੈ। ਇਉਂ ਉਹ ਉਸ ਦੌਰ ਵਿੱਚ ਚੁੱਪ ਕਰ ਗਏ ਲੋਕਾਂ ਨਾਲ ਵਾਰ ਵਾਰ ਗੱਲਾਂ ਕਰ ਰਿਹਾ ਹੈ। ਇਹ ਖਾਮੋਸ਼ੀ ਤੋੜਨ ਲਈ ਹੀ ਉਹ 'ANTI' 47 FRONT' ਦਾ ਵਿਸ਼ੇਸ਼ ਅੰਕ ਕੱਢਦਾ ਹੈ, ਜਿਹੜਾ ਕੱਟੜਪੰਥੀਆਂ ਨੂੰ ਬਹੁਤ ਔਖਾ ਕਰ ਜਾਂਦਾ ਹੈ।[6]

ਸਭ ਤੋਂ ਖ਼ਤਰਨਾਕ

ਪਾਸ਼ ਦੀ ਇਹ ਕਵਿਤਾ ਬਹੁਤ ਮਕਬੂਲ ਹੈ, ਇਸ ਕਵਿਤਾ ਦਾ ਇਕ ਹੋਰ ਪਾਸਾਰ ਫਿਰਕਾਪ੍ਰਸਤ ਤਾਕਤਾਂ ਦਾ ਜਬਰਦਸਤ ਵਿਰੋਧ ਕਰਨਾ ਹੈ ਅਤੇ ਇਹ ਵੀ ਦੱਸਣਯੋਗ ਹੈ ਕਿ ਅਜਿਹਾ ਕਰਦਿਆਂ ਉਸ ਨੇ ਨਾ ਤਾਂ ਰਾਜਸੱਤਾ ਦਾ ਖੁਸ਼ਾਮਦੀ ਪੱਖ ਪੂਰਿਆ ਹੈ ਅਤੇ ਨਾ ਹੀ ਫਿਰਕਾਪ੍ਰਸਤ ਅੱਤਵਾਦੀਆਂ ਕਾਤਲਾਂ ਨੂੰ ਮਾਸੂਮ ਦਰਸਾਇਆ ਹੈ ਸਗੋਂ ਉਸ ਨੇ ਦੋਹਾਂ ਧਿਰਾਂ ਦੇ ਅਨਿਆਂ ਅੱਗੇ ਬੇਵਸੀ ਦੇ ਹੰਝੂ ਕੇਰਨ ਦੀ ਥਾਂ ਦੋਹਾਂ ਹੀ ਜਾਲਮ ਦੋਸ਼ੀ ਧਿਰਾਂ ਨੂੰ ਇਨਕਲਾਬੀ ਵੰਗਾਰ ਦਿੱਤੀ। ਅਜਿਹੇ ਸਮੇਂ 'ਸਭ ਤੋਂ ਖ਼ਤਰਨਾਕ' ਵਰਗੀ ਕਵਿਤਾ ਲਿਖਣੀ ਸਿਰਫ ਪਾਸ਼ ਦੇ ਹੀ ਹਿੱਸੇ ਆਈ ਹੈ ਜਿਸ ਵਿਚ ਉਹ ਲਿਖਦਾ ਹੈ:[7]


ਸਭ ਤੋਂ ਖ਼ਤਰਨਾਕ


ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ

ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ

ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ


ਬੈਠੇ ਸੁੱਤਿਆਂ ਫੜੇ ਜਾਣਾ-ਬੁਰਾ ਤਾਂ ਹੈ

ਡਰੂ ਜਿਹੀ ਚੁੱਪ ਵਿਚ ਮੜ੍ਹੇ ਜਾਣਾ-ਬੁਰਾ ਤਾਂ ਹੈ

ਸਭ ਤੋਂ ਖ਼ਤਰਨਾਕ ਨਹੀਂ ਹੁੰਦਾ


ਕਪਟ ਦੇ ਸ਼ੋਰ ਵਿਚ

ਸਹੀ ਹੁੰਦਿਆਂ ਵੀ ਦਬ ਜਾਣਾ, ਬੁਰਾ ਤਾਂ ਹੈ

ਕਿਸੇ ਜੁਗਨੂੰ ਦੀ ਲੋਅ ਵਿਚ ਪੜ੍ਹਨ ਲੱਗ ਜਾਣਾ-ਬੁਰਾ ਤਾਂ ਹੈ

ਸਭ ਤੋਂ ਖ਼ਤਰਨਾਕ ਨਹੀਂ ਹੁੰਦਾ।


ਸਭ ਤੋਂ ਖ਼ਤਰਨਾਕ ਹੁੰਦਾ ਹੈ

ਮੁਰਦਾ ਸ਼ਾਂਤੀ ਨਾਲ਼ ਭਰ ਜਾਣਾ,

ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ

ਘਰਾਂ ਤੋਂ ਨਿਕਲਣਾ ਕੰਮ ਤੇ

ਤੇ ਕੰਮ ਤੋਂ ਘਰ ਜਾਣਾ,

ਸਭ ਤੋਂ ਖ਼ਤਰਨਾਕ ਹੁੰਦਾ ਹੈ

ਸਾਡੇ ਸੁਪਨਿਆਂ ਦਾ ਮਰ ਜਾਣਾ।

ਸਭ ਤੋਂ ਖ਼ਤਰਨਾਕ ਉਹ ਘੜੀ ਹੁੰਦੀ ਹੈ

ਤੁਹਾਡੇ ਗੁੱਟ 'ਤੇ ਚਲਦੀ ਹੋਈ ਵੀ ਜੋ

ਤੁਹਾਡੀ ਨਜ਼ਰ ਦੇ ਲਈ ਖੜ੍ਹੀ ਹੁੰਦੀ ਹੈ।


ਸਭ ਤੋਂ ਖ਼ਤਰਨਾਕ ਉਹ ਅੱਖ ਹੁੰਦੀ ਹੈ

ਜੋ ਸਭ ਦੇਖਦੀ ਹੋਈ ਵੀ ਠੰਢੀ ਯੱੱਖ਼ ਹੁੰਦੀ ਹੈ

ਜਿਸਦੀ ਨਜ਼ਰ ਦੁਨੀਆਂ ਨੂੰ ਮੁਹੱਬਤ ਨਾਲ਼ ਚੁੰਮਣਾ ਭੁੱਲ ਜਾਂਦੀ ਹੈ

ਜੋ ਚੀਜ਼ਾਂ 'ਚੋਂ ਉਠਦੀ ਅੰਨ੍ਹੇਪਣ ਦੀ ਭਾਫ਼ ਉਤੇ ਡੁਲ੍ਹ ਜਾਂਦੀ ਹੈ

ਜੋ ਨਿੱਤ ਦਿਸਦੇ ਦੀ ਸਾਧਾਰਣਤਾ ਨੂੰ ਪੀਂਦੀ ਹੋਈ

ਇਕ ਮੰਤਵਹੀਣ ਦੁਹਰਾਅ ਦੇ ਗਧੀ-ਗੇੜ ਵਿਚ ਹੀ ਰੁਲ਼ ਜਾਂਦੀ ਹੈ।


ਸਭ ਤੋਂ ਖ਼ਤਰਨਾਕ ਉਹ ਚੰਨ ਹੁੰਦਾ ਹੈ

ਜੋ ਹਰ ਕਤਲ ਕਾਂਡ ਦੇ ਬਾਅਦ

ਸੁੰਨ ਹੋਏ ਵਿਹੜਿਆਂ ਵਿਚ ਚੜ੍ਹਦਾ ਹੈ

ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ।


ਸਭ ਤੋਂ ਖ਼ਤਰਨਾਕ ਉਹ ਗੀਤ ਹੁੰਦਾ ਹੈ

ਤੁਹਾਡੇ ਕੰਨਾਂ ਤੱਕ ਪਹੁੰਚਣ ਲਈ

ਜਿਹੜਾ ਕੀਰਨਾ ਉਲੰਘਦਾ ਹੈ

ਡਰੇ ਹੋਏ ਲੋਕਾਂ ਦੇ ਬਾਰ ਮੂਹਰੇ-

ਜੋ ਵੈਲੀ ਦੀ ਖੰਘ ਖੰਘਦਾ ਹੈ।


ਸਭ ਤੋਂ ਖ਼ਤਰਨਾਕ ਉਹ ਰਾਤ ਹੁੰਦੀ ਹੈ

ਜੋ ਪੈਂਦੀ ਹੈ ਜੀਊਂਦੀ ਰੂਹ ਦਿਆਂ ਆਕਾਸ਼ਾਂ 'ਤੇ

ਜਿਹਦੇ ਵਿਚ ਸਿਰਫ਼ ਉੱਲੂ ਬੋਲਦੇ ਗਿੱਦੜ ਹਵਾਂਕਦੇ

ਚਿਮਟ ਜਾਂਦੇ ਸਦੀਵੀ ਨੇਰ੍ਹ ਬੰਦ ਬੂਹਿਆਂ ਚੁਗਾਠਾਂ 'ਤੇ


ਸਭ ਤੋਂ ਖ਼ਤਰਨਾਕ ਉਹ ਦਿਸ਼ਾਂ ਹੁੰਦੀ ਹੈ

ਜਿਹਦੇ ਵਿਚ ਆਤਮਾ ਦਾ ਸੂਰਜ ਡੁੱਬ ਜਾਵੇ

ਤੇ ਉਸਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ

ਤੁਹਾਡੇ ਜਿਸਮ ਦੇ ਪੂਰਬ 'ਚ ਖੁਭ ਜਾਵੇ।

ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ

ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ

ਗ਼ੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ।


2005 ਵਿੱਚ, ਇਹ ਕਵਿਤਾ ਐਨ ਸੀ ਈ ਆਰ ਟੀ(NCERT)ਦੀ 11 ਵੀਂ ਜਮਾਤ ਦੀ ਹਿੰਦੀ ਕਿਤਾਬ ਵਿੱਚ ਸ਼ਾਮਲ ਕੀਤੀ ਗਈ ਸੀ।[8]

ਸਨਮਾਨ

1985 ਵਿੱਚ ਪੰਜਾਬੀ ਸਾਹਿਤ ਅਕਾਦਮੀ ਨੇ ਪਾਸ਼ ਨੂੰ 1 ਸਾਲ ਦੀ ਫੈੱਲੋਸ਼ਿੱਪ ਦਿੱਤੀ। ਪਾਸ਼ ਨੇ ਬਾਹਰਲੇ ਦੇਸ਼ਾਂ ਦੀਆਂ ਕਾਫੀ ਫੇਰੀਆਂ ਲਾਈਆਂ, 1986 ਵਿੱਚ ਉਹ ਅਮਰੀਕਾ ਦੀ ਫੇਰੀ ਉੱਤੇ ਸੀ। ਇੱਥੋਂ ਉਸ ਨੇ ਐਂਟੀ 47 ਫਰੰਟ ਨਾਮੀ ਪਰਚਾ ਕੱਢਿਆ।

ਮੌਤ

ਇਸ ਪਰਚੇ ਵਿੱਚ ਉਸ ਨੇ 1980ਵਿਆਂ ਦੀ ਸਿੱਖ ਦੀ, ਵੱਖਰੇ ਸਿੱਖ ਰਾਜ ਖਾਲਿਸਤਾਨ ਦੀ ਮੰਗ ਦਾ ਵਿਰੋਧ ਕੀਤਾ। ਇਸ ਕਾਰਨ 23 ਮਾਰਚ1988 ਨੂੰ ਉਸ ਦੇ ਖੇਤ ਵਿੱਚ ਕਤਲ ਕਰ ਦਿੱਤਾ। ਇਤਫ਼ਾਕ ਨਾਲ 23 ਮਾਰਚ ਨੂੰ ਹੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਥਾਪਰ ਦਾ ਸ਼ਹੀਦੀ ਦਿਨ ਵੀ ਹੈ।ਇਨ੍ਹਾਂ ਇਨਕਲਾਬੀਆਂ ਨੂੰ ਅੰਗਰੇਜ਼ਾਂ ਨੇ, ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਵੇਲੇ ਫਾਂਸੀ ਦੀ ਸਜ਼ਾ ਦੇ ਦਿੱਤੀ ਸੀ।

ਸਾਹਿਤਕ ਸਫ਼ਰ

  1. ਲੋਹ ਕਥਾ (1970),
  2. ਉੱਡਦੇ ਬਾਜ਼ਾਂ ਮਗਰ (1973),
  3. ਸਾਡੇ ਸਮਿਆਂ ਵਿੱਚ (1978), ਅਤੇ
  4. ਖਿਲਰੇ ਹੋਏ ਵਰਕੇ (ਮੌਤ ਉੱਪਰੰਤ, 1989)

ਬਾਹਰੀ ਸਬੰਧ

ਪਾਸ਼ ਬਾਰੇ ਵਧੇਰੇ ਜਾਣਕਾਰੀ

ਪੰਜਾਬੀ ਕਵਿਤਾ ਵੈਬਸਾਈਟ 'ਤੇ ਅਵਤਾਰ ਸਿੰਘ ਪਾਸ਼ ਦੀਆਂ ਕਵਿਤਾਵਾਂ




ਹਵਾਲੇ

  1. Pash - Tejawanta Siṅgha Gill, Page- 1
  2. "Naxalism too narrow a word to define Pash: historian". HT. 11 ਸਤੰਬਰ 2014. Retrieved 1 ਅਪਰੈਲ 2016.
  3. ਅਜਮੇਰ ਸਿੱਧੂ, ਪਾਸ਼ ਦੀ ਚੋਣਵੀਂ ਕਵਿਤਾ, ਪੰਨਾ ਨੰ:8, ਤਰਕਭਾਰਤੀ ਪ੍ਰਕਾਸ਼ਨ ਬਰਨਾਲਾ 2010
  4. ਅਜਮੇਰ ਸਿੱਧੂ, ਪਾਸ਼ ਦੀ ਚੋਣਵੀਂ ਕਵਿਤਾ, ਪੰਨਾ ਨੰ:5, ਤਰਕਭਾਰਤੀ ਪ੍ਰਕਾਸ਼ਨ ਬਰਨਾਲਾ 2010
  5. ਅਜਮੇਰ ਸਿੱਧੂ, ਪਾਸ਼ ਦੀ ਚੋਣਵੀਂ ਕਵਿਤਾ, ਪੰਨਾ ਨੰ:8, ਤਰਕਭਾਰਤੀ ਪ੍ਰਕਾਸ਼ਨ ਬਰਨਾਲਾ 2010
  6. ਅਜਮੇਰ ਸਿੱਧੂ, ਪਾਸ਼ ਦੀ ਚੋਣਵੀਂ ਕਵਿਤਾ, ਪੰਨਾ ਨੰ:7-8, ਤਰਕਭਾਰਤੀ ਪ੍ਰਕਾਸ਼ਨ ਬਰਨਾਲਾ 2010
  7. ਰਾਜਿੰਦਰ ਪਾਲ ਸਿੰਘ, ਪਾਸ਼ ਮੈਂ ਹੁਣ ਵਿਦਾ ਹੁੰਦਾ ਹਾਂ, ਪੰਨਾ ਨੰ:9, ਲੋਕਗੀਤ ਪ੍ਰਕਾਸ਼ਨ 2011
  8. https://thewire.in/politics/rss-afraid-revolutionary-punjabi-poet-pash,,ਆਰ ਐਸ ਐਸ(rss) ਇਨਕਲਾਬੀ ਪੰਜਾਬੀ ਕਵੀ ਪਾਸ਼ ਤੋਂ ਕਿਉਂ ਡਰਦਾ ਹੈ?