ਗੁਰਦੁਆਰਾ ਸਿੰਘ ਸ਼ਹੀਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰਦੁਆਰਾ ਸਿੰਘ ਸ਼ਹੀਦ ਪਿੰਡ 'ਮੋਹੀ ਖੁਰਦ' (ਛੋਟੀ ਮੋਹੀ) ਦੇ ਅਸਥਾਨ 'ਤੇ ਹਰ ਮਹੀਨੇ ਸੁਦੀ ਦਸਮੀ ਭਰਦੀ (ਮਨਾਈ ਜਾਂਦੀ) ਹੈ। ਕਾਫ਼ੀ ਮਾਨਤਾ ਹੋਣ ਕਾਰਨ ਸੰਗਤਾਂ ਇੱਥੇ ਨੇੜੇ-ਤੇੜੇ ਅਤੇ ਦੂਰ-ਦੂਰ ਤੋਂ ਆ ਕੇ ਜੁੜ੍ਹਦੀਆਂ ਹਨ।ਮੇਰੇ ਮਨ 'ਚ ਅਕਸਰ ਇਹ ਸਵਾਲ ਪੈਦਾ ਹੁੰਦਾ ਸੀ ਕਿ ਇਹ ਅਸਥਾਨ ਬਣਨ ਤੇ ਦਸਮੀ ਭਰਨ ਦਾ ਇਤਿਹਾਸ ਕੀ ਹੋਵੇਗਾ?ਕਦੋਂ ਤੇ ਕਿਸਨੇ ਸ਼ੁਰੂ ਕੀਤੀ ਹੋਵੇਗੀ ਇੱਥੇ ਦਸਮੀ?

ਪੜਚੋਲ ਕਰਨ 'ਤੇ ਪਤਾ ਲੱਗਾ ਕਿ ਇਸਦੀਆਂ ਜੜ੍ਹਾਂ ਇਤਿਹਾਸ 'ਚ ਡੂੰਗੀਆਂ ਸਮਾਈਆਂ ਹੋਈਆਂ ਹਨ ਤੇ ਇਸ ਸੰਬੰਧੀ ਕਾਫ਼ੀ ਮਤਭੇਦ ਵੀ ਪ੍ਰਚਲਿਤ ਹਨ। ਇਸ ਦੌਰਾਨ ਜਿਹੜੀ ਜਾਣਕਾਰੀ ਮੇਰੇ ਸਾਹਮਣੇ ਆਈ, ਉਸਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਾਂਗੀ।ਨਾਲ ਹੀ ਇੱਕ ਗ਼ੱਲ ਜੋ ਪਹਿਲਾਂ ਹੀ ਸਪਸ਼ਟ ਕਰ ਦੇਣੀ ਜਰੂਰੀ ਹੈ ਉਹ ਇਹ ਹੈ ਕਿ ਖੋਜ ਇੱਥੇ ਹੀ ਖਤਮ ਨਹੀਂ ਹੁੰਦੀ ਕਿਉਂਕਿ ਇਸਦੀਆਂ ਜੜ੍ਹਾਂ ਇਤਿਹਾਸ 'ਚ ਸਮਾਈਆਂ ਹੋਣ ਕਾਰਨ ਕੋਈ ਵੀ ਅੰਤਿਮ ਫ਼ੈਸਲਾ ਕਰਨਾ ਸਹੀ ਨਹੀਂ ਹੋਵੇਗਾ।

ਪਹਿਲੀ ਜਾਣਕਾਰੀ ਅਨੁਸਾਰ[ਸੋਧੋ]

ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਵਿਖੇ 29 ਮਾਰਚ,1734 ਨੂੰ ਈ: ਨੂੰ ਖ਼ਾਲਸੇ ਦਾ ਇੱਕ ਭਾਰੀ ਇਕੱਠ ਹੋਇਆ, ਜਿਸ ਵਿੱਚ 65 ਜਥੇ ਹਾਜ਼ਰ ਹੋਏ|ਇਹਨਾਂ ਸਾਰੇ ਜਥਿਆਂ ਨੂੰ ਇੱਕ ਦਲ ਵਿੱਚ ਇਕੱਠਾ ਕੀਤਾ ਗਿਆ|ਫਿਰ ਖ਼ਾਲਸਾ ਦਲ ਨੂੰ ਦੋ ਹਿੱਸਿਆਂ 'ਬੁੱਢਾ ਦਲ' ਤੇ 'ਤਰੁਨਾ ਦਲ' ਵਿੱਚ ਵੰਡਿਆ ਗਿਆ|ਵੱਡੀ ਉਮਰ ਦੇ ਸਿੰਘਾਂ ਦੇ ਦਲ ਨੂੰ 'ਬੁੱਢਾ ਦਲ' ਦਾ ਨਾਂ ਅਤੇ 40 ਸਾਲ ਤੋਂ ਘੱਟ ਉਮਰ ਦੇ ਸਿੰਘਾਂ ਦੇ ਦਲ ਨੂੰ 'ਤਰੁਨਾ ਦਲ' ਦਾ ਨਾਂ ਦਿੱਤਾ ਗਿਆ| ਬੁੱਢਾ ਦਲ ਦੀ ਕਮਾਨ ਪਹਿਲਾਂ ਜਥੇਦਾਰ ਅਕਾਲੀ ਫੂਲਾ ਸਿੰਘ ਜੀ(ਸ੍ਰੀ ਅਕਾਲ ਤਖ਼ਤ ਸਾਹਿਬ ਦੇ ਛੇਵੇਂ ਜਥੇਦਾਰ)ਨੇ ਸੰਭਾਲੀ ਤੇ ਉਹਨਾਂ ਤੋਂ ਉਪਰੰਤ ਜਥੇਦਾਰ ਹਨੂੰਮਾਨ ਸਿੰਘ ਜੀ(ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਤਵੇਂ ਜਥੇਦਾਰ)ਨੇ|(ਜਿਹਨਾਂ ਦਾ ਜਨਮ ਪਿੰਡ ਨੌਰੰਗ ਵਾਲ, ਤਹਿਸੀਲ ਫਿਰੋਜ਼ਪੁਰ ਵਿਖੇ ਸੰਨ 1756 ਈ: ਵਿੱਚ ਹੋਇਆ)|

ਪਿੰਡ ਮੁੱਦਕੀ ਦੇ ਮੈਦਾਨ ਵਿੱਚ ਜੋ ਫਿਰੋਜ਼ਪੁਰ ਤੋਂ 15-16 ਮੀਲ ਦੀ ਦੂਰੀ 'ਤੇ ਸਥਿਤ ਹੈ,ਅੰਗਰੇਜ਼ ਫ਼ੌਜ ਨੇ 12000 ਸੈਨਿਕ,48 ਤੋਪਾਂ ਤੇ 4 ਘੌੜਸਵਾਰ,ਤੋਪਖਾਨੇ ਤੇ ਦਸਤਿਆਂ ਸਮੇਤ ਚੜਾਈ ਕਰ ਦਿਤੀ|ਦੂਸਰੇ ਪਾਸੇ ਜਥੇਦਾਰ ਲਾਲ ਸਿੰਘ ਛੋਟੀ ਜਿਹੀ ਸਿੱਖ ਫ਼ੌਜ,2000 ਪੈਦਲ ਸੈਨਿਕ,3500ਘੋੜ ਸਵਾਰ ਅਤੇ 20 ਤੋਪਾਂ ਸਮੇਤ ਮੁੱਦਕੀ ਪਹੁੰਚ ਗਏ ਪਰ ਲੜਾਈ ਦੀ ਸ਼ੁਰੂਆਤ ਵਿੱਚ ਹੀ ਲਾਲ ਸਿੰਘ ਧੋਖਾ ਦੇ ਕੇ ਫਰਾਰ ਹੋ ਗਿਆ,ਜਿਸ ਕਾਰਨ ਸਿੱਖ ਫ਼ੌਜ ਨੂੰ ਹਾਰ ਦਾ ਮੂੰਹ ਦੇਖਣਾ ਪਿਆ|ਜਦੋਂ ਇਹ ਖ਼ਬਰ ਜਥੇਦਾਰ ਹਨੂੰਮਾਨ ਸਿੰਘ ਜੀ ਨੂੰ ਮਿਲੀ ਤਾਂ ਫਿਰ ਉਹ ਤੁਰੰਤ ਆਪਣੀ ਖ਼ਾਲਸਾ ਫ਼ੌਜ ਸਮੇਤ ਮੁੱਦਕੀ ਪਹੁੰਚੇ ਤੇ ਘਮਸਾਨ ਦਾ ਯੁੱਧ ਹੋਇਆ ਤੇ ਬਾਬਾ ਹਨੂੰਮਾਨ ਸਿੰਘ ਜੀ ਨੇ ਆਪਣੀ ਫ਼ੌਜ ਦੀ ਮਦਦ ਨਾਲ ਅੰਗਰੇਜ਼ ਫ਼ੌਜ ਦੇ ਮੁਖੀ ਟੁੰਡੇਲਾਟ ਨੂੰ ਵੀ ਉੱਥੋਂ ਭਜਾਇਆ|[1]

ਟੁੰਡੇਲਾਟ ਨੂੰ ਭਾਜ ਦੇ ਕੇ ਜਥੇਦਾਰ ਹਨੂੰਮਾਨ ਸਿੰਘ ਜੀ ਨੇ ਪਟਿਆਲੇ ਵੱਲ ਨੂੰ ਚਾਲੇ ਪਾ ਲਏ| ਉਹਨਾਂ ਨੇ ਪੈਦਲ ਸੈਨਿਕ ਤੇ ਘੋੜ ਸਵਾਰ ਲੈ ਕੇ ਟੋਬਾ ਨਿਹੰਗ ਸਿੰਘਾਂ ਬਗ਼ੀਚੀ ਬਾਬਾ ਰਾਜੂ ਸਿੰਘ ਜੀ ਸ਼ਹੀਦ(ਨੇੜੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ)ਵਿਖੇ ਉਤਾਰਾ ਕਰ ਲਿਆ|ਅਜੇ ਨਿਹੰਗ ਸਿੰਘ ਲੰਗਰ ਛਕਣ ਉਪਰੰਤ ਅਰਾਮ ਕਰਨ ਹੀ ਲੱਗੇ ਸਨ ਕਿ ਪਟਿਆਲੇ ਦੇ ਰਾਜੇ ਨੇ ਅੰਗਰੇਜ਼ਾਂ ਤੋਂ ਡਰਦੇ ਹੋਏ ਉਹਨਾਂ ਉੱਤੇ ਹੀ ਫ਼ੌਜ ਚਾੜ ਦਿੱਤੀ|ਤੋਪਾਂ ਨੇ ਅੱਗ ਵਰਾਉਣੀ ਸ਼ੁਰੂ ਕਰ ਦਿੱਤੀ|ਨਿਹੰਗ ਸਿੰਘਾਂ ਨੇ ਵਿਰੋਧੀ ਧਿਰ ਦਾ ਡਟ ਕੇ ਮੁਕਾਬਲਾ ਕੀਤਾ ਤੇ ਬਾਬਾ ਹਨੂੰਮਾਨ ਸਿੰਘ ਜੀ ਨੇ ਆਪ ਹੱਲਾ ਬੋਲ ਕੇ ਤੋਪ ਦੇ ਮੂੰਹ ਵਿੱਚ ਆਪਣਾ ਭੂਰਾ(ਕੰਬਲ)ਫਸਾ ਦਿੱਤਾ ਤੇ ਤੋਪਚੀ ਨੂੰ ਮਾਰ ਮੁਕਾਇਆ|ਇੱਥੇ ਉਹਨਾਂ ਦੇ 1500 ਸਿੰਘ ਸ਼ਹੀਦ ਹੋਏ ਤੇ ਸ਼ਹੀਦ ਹੋਏ ਸਿੰਘਾਂ ਦਾ ਉਹਨਾਂ ਨੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਸਾਹਮਣੇ ਅੰਗੀਠਾ ਚਿਣ ਕੇ ਸਸਕਾਰ ਕਰ ਦਿੱਤਾ|(ਜਿੱਥੇ ਅਜਕਲ ਜੋਤ ਜਗਦੀ ਹੈ)|

ਇਸ ਉਪਰੰਤ ਬਾਬਾ ਹਨੂੰਮਾਨ ਸਿੰਘ ਜੀ ਆਪਣਾ ਜਥਾ ਲੈ ਕੇ ਘੁੜਾਮ ਵੱਲ ਚਲੇ ਗਏ, ਇੱਥੇ ਵੀ ਉਹਨਾਂ ਦਾ ਫ਼ੌਜ ਨਾਲ ਟਾਕਰਾ ਹੋਇਆ ਤੇ ਤੋਪ ਦੇ ਗੋਲੇ ਨਾਲ ਬਾਬਾ ਹਨੂੰਮਾਨ ਸਿੰਘ ਜੀ ਜ਼ਖਮੀ ਵੀ ਹੋੋੋਏ|ਇਸ ਤਰਾਂ ਫੌ਼ਜਾਂ ਦਾ ਟਾਕਰਾ ਕਰਦੇ ਹੋਏ ਉਹ ਰਾਜਪੁਰੇ ਵੱਲ ਆ ਗਏ ਤੇ ਇੱਥੇ ਵੀ ਉਹਨਾਂ ਦਾ ਇੱਕ ਫ਼ੌਜ ਨਾਲ ਟਾਕਰਾ ਹੋਇਆ(ਜਿੱਥੇ ਹੁਣ ਗਗਨ ਚੌਂਕ/ਬਾਈ ਪਾਸ/ਬਾਬਾ ਮੌੜ ਸਥਿਤ ਹੈ)(ਇਹ ਦੋਵੇਂ ਜੰਗਾਂ ਉਨ੍ਹਾਂ ਦੀਆਂ ਕਿਸ ਨਾਲ ਤੇ ਕਿਉਂ ਹੋਈਆਂ ਇਹ ਅਜੇ ਖੋਜ ਦਾ ਵਿਸ਼ਾ ਹੈ|)ਫਿਰ ਬਾਬਾ ਹਨੂੰਮਾਨ ਸਿੰਘ ਜੀ ਨੇ ਪਹਾੜਾਂ(ਉੱਤਰ ਦਿਸ਼ਾ) ਵੱਲ ਨੂੰ ਚਾਲੇ ਪਾ ਲਏ|ਦੁਸਮਣਾਂ ਨਾਲ ਲੜਦਿਆਂ-ਲੜਦਿਆਂ ਕੁਝ ਸਿੰਘ ਸ਼ਹੀਦ ਹੋ ਗਏ,ਕੁਝ ਜ਼ਖਮੀ ਤੇ ਕੁਝ ਵਿਛੜ ਗਏ|(ਬਾਬਾ ਹਨੂੰਮਾਨ ਸਿੰਘ ਜੀ ਨੇ ਰਾਜਪੁਰੇ ਤੋਂ ਪਿੰਡ ਸੁਹਾਣਾ ਵੱਲ ਟਿਕਾਣਾ ਕੀਤਾ ਤੇ ਉੱਥੇ ਹੀ ਸ਼ਹੀਦ ਹੋ ਗਏ(ਅੱਜਕਲ ਜ਼ਿਲ੍ਹਾ ਮੋਹਾਲੀ))ਨ੍ਹਾਂ ਸਿੰਘਾਂ ਦੇ ਸਰੀਰਾਂ ਨੂੰ ਲੋਕਾਂ ਦੁਆਰਾ ਸਾਂਭ ਲਿਆ ਗਿਆ, ਉਹਨਾਂ ਦੇ ਅੰਗੀਠੇ ਬਣਾ ਦਿੱਤੇ ਗਏ|ਉਹਨਾਂ ਜ਼ਖਮੀ ਹੋ ਕੇ ਵਿਛੜੇ ਹੋਏ ਸਿੰਘਾਂ ਵਿਚੋਂ ਦੋ ਸਿੰਘ 'ਬਾਬਾ ਅਮਰਜੀਤ ਸਿੰਘ ਜੀ'(ਜ਼ਿਲ੍ਹਾ ਅੰਮ੍ਰਿਤਸਰ)ਅਤੇ 'ਬਾਬਾ ਜੰਗ ਸਿੰਘ ਜੀ'(ਗਾਂਵ ਰਾਜਪੁਰੇ ਕੇ ਨਜਦੀਕ ਪਰ ਪਿੰਡ ਦਾ ਨਾਮ ਨਹੀਂ ਲਿਖਿਆ) ਜ਼ਖਮੀ ਹਾਲਤ ਵਿੱਚ ਪਿੰਡ ਛੋਟੀ ਮੋਹੀ(ਮੋਹੀ ਖੁਰਦ)ਦੇ ਬਾਹਰਵਾਰ ਛੋਟੀ ਨਹਿਰ ਦੇ ਝਾਲ ਵਾਲੀ ਥਾਂ 'ਤੇ ਪਿੰਡ ਵਾਸੀਆਂ ਨੂੰ ਮਿਲੇ| ਪਿੰਡ ਵਾਸੀਆਂ ਨੇ ਪਿੰਡ ਦੇ ਬਾਹਰਵਾਰ ਟਿਕਾਣਾ ਕਰ ਕੇ ਉਹਨਾਂ ਦੀ ਸਾਂਭ-ਸੰਭਾਲ ਕੀਤੀ ਤੇ ਉੱਥੇ ਹੀ ਦੋਵਾਂ ਸਿੰਘਾਂ ਨੇ 31ਦਸੰਬਰ,1846 ਈ: ਨੂੰ ਆਪਣੇ ਸਰੀਰ ਤਿਆਗ ਦਿੱਤੇ ਤੇ ਉਸੇ ਅਸਥਾਨ 'ਤੇ ਉਹਨਾਂ ਦਾ ਸਸਕਾਰ ਕੀਤਾ ਗਿਆ|(ਜਿੱਥੇ ਕਿ ਅੱਜ ਵੀ ਗੁਰਦੁਆਰਾ ਸਾਹਿਬ ਵਿਖੇ ਬੇਰੀ ਸਥਿਤ ਹੈ)

ਇਹ ਅਸਥਾਨ ਪ੍ਰਗਟ ਕਿਵੇਂ ਹੋਇਆ?[ਸੋਧੋ]

ਲਗਭਗ ਸੰਨ 1934 ਈ: ਵਿੱਚ ਬਾਬਾ ਭਾਗ ਸਿੰਘ ਜੀ(ਵਾਸੀ ਪਿੰਡ ਮੋਹੀ ਖੁਰਦ)ਦੇ ਪਿਤਾ ਜੀ ਦੇ ਚਲਾਣਾ ਕਰਨ ਉਪਰੰਤ ਦਸਵੇਂ ਦਿਨ ਉਹਨਾਂ ਦੇ ਸਹਿਜ ਪਾਠ ਦੇ ਭੋਗ 'ਤੇ ਸੰਤ ਬਾਬਾ ਸੰਪੂਰਨ ਸਿੰਘ ਜੀ 'ਮਸਤ' (ਸੰਪ੍ਰਦਾਇ ਰਾੜਾ ਸਾਹਿਬ)ਇੱਥੇ ਆਏ,ਜੋ ਕਿ ਸੰਤ ਬਾਬਾ ਈਸ਼ਰ ਸਿੰਘ ਜੀ(ਰਾੜੇ ਵਾਲੇ)ਮਹਾਪੁਰਸ਼ਾਂ ਦੇ ਜਥੇ ਵਿੱਚ ਰਹੇ ਸਨ ਅਤੇ ਪੂਰੇ ਹਿੰਦੁਸਤਾਨ ਵਿੱਚ ਖੁੱਲ੍ਹਾ ਵਿਚਰ ਕੇ ਕਥਾ-ਕੀਰਤਨ ਦੁਆਰਾ ਗੁਰਸਿੱੱਖੀ ਦਾ ਪ੍ਰਚਾਰ ਕਰਦੇੇ ਸਨ|ਭੋਗ ਪੈਣ ਉਪਰੰਤ ਨਗਰ-ਨਿਵਾਸੀਆਂ ਦੇ ਕਾਫ਼ੀ ਕਹਿਣ ਤੇ ਸੰਪੂਰਨ ਸਿੰਘ ਜੀ ਇੱਥੇ(ਮੋਹੀ ਖੁਰਦ)ਹੀ ਠਹਿਰ ਗਏ|ਉਹਨਾਂ ਦੇ ਰਹਿਣ ਦਾ ਇੰਤਜ਼ਾਮ ਪਿੰਡ ਵਾਸੀ ਕਰਮ ਸਿੰਘ ਦੇ ਘਰ(ਚੁਬਾਰੇ)ਵਿਚ ਕੀਤਾ ਗਿਆ, ਜਿੱਥੇ ਹਰ ਰੋਜ਼ ਉਹ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਅਤੇ ਸ਼ਾਮ ਨੂੰ ਗੁਰਬਾਣੀ, ਕੀਰਤਨ ਤੇ ਕਥਾ-ਵਿਚਾਰ ਕਰਦੇ|ਇਕ ਦਿਨ ਉਹ ਆਪਣੇ ਸੇਵਾਦਾਰਾਂ ਨਾਲ ਇਸ ਅਸਥਾਨ(ਜਿੱਥੇ ਅੱਜ ਗੁਰਦੁਆਰਾ ਸਿੰਘ ਸ਼ਹੀਦ ਸਥਿਤ ਹੈ)ਵੱਲ ਜਿੱਥੇ ਬਹੁਤ ਦਰਖ਼ਤ ਤੇ ਧਰਤੀ 'ਤੇ ਭੰਖੜੇ (ਕੰਡੇ) ਉੱਗੇ ਹੋਏ ਸਨ, ਤੁਰਨ-ਫਿਰਨ ਲਈ ਆ ਗਏ|ਕੁਝ ਸਮਾਂ ਉਨ੍ਹਾਂ ਨੇ ਇੱਥੇ ਮੰਜਾ ਡਾਹ ਕੇ ਬੈਠਣਾ ਚਾਹਿਆ ਪਰ ਜਿਵੇਂ ਹੀ ਉਹ ਮੰਜਾ ਡਾਹ ਕੇ ਬੈਠੇ ਤਾਂ ਮੰਜਾ ਆਪਣੇ-ਆਪ ਹਿੱਲਣ ਲੱਗ ਪਿਆ|ਸੇਵਾਦਾਰਾਂ ਤੋਂ ਮੰਜਾ ਹਿਲਾਉਣ ਬਾਰੇ ਪੁੱਛਣ ਤੇ ਨਾ 'ਚ ਜਵਾਬ ਮਿਲਣ ਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਮੰਜਾ ਹਿਲਾਉਣ ਵਾਲੀ ਕੋਈ ਅਗੰਮੀ ਸ਼ਕਤੀ ਹੈ ਤਾਂ ਉਹ ਭੁੰਜੇ ਹੀ ਆਸਣ ਲਾ ਕੇ ਬੈਠ ਗਏ|

ਉਸੇ ਰਾਤ ਸੰਤ ਬਾਬਾ ਸੰਪੂਰਨ ਸਿੰਘ ਜੀ ਨੂੰ ਸਿੰਘ ਸ਼ਹੀਦਾਂ ਨੇ ਸੁਪਨੇ ਵਿੱਚ ਦਰਸ਼ਨ ਦਿੱਤੇ ਤੇ ਕਿਹਾ ਕਿ ਇਸ ਜਗ੍ਹਾਂਂ 'ਤੇ ਅਸੀਂ ਤੁਹਾਨੂੰ ਪ੍ਰੇਰ ਕੇ ਲਿਆਏ ਹਾਂ ਤਾਂ ਜੋ ਤੁਸੀਂ ਇੱਥੇ ਸਾਡਾ ਅਸਥਾਨ ਪ੍ਰਗਟ ਕਰੋ|ਸਵੇਰੇ ਉਨ੍ਹਾਂ ਨੇ ਇਹ ਸਾਰਾ ਵਾਕਿਆ ਜਦੋਂ ਪਿੰਡ ਵਾਲਿਆਂ ਨਾਲ ਸਾਂਝਾ ਕੀਤਾ ਤਾਂ ਸਭ ਨੇ ਉਨ੍ਹਾਂ ਪ੍ਰਤੀ ਸ਼ਰਧਾ ਦਿਖਾਈ| ਬਾਬਾ ਸੰਪੂਰਨ ਸਿੰਘ ਜੀ ਨੇ ਇਥੇ ਹੀ ਵਾਸ ਕਰ ਲਿਆ|ਬਾਬਾ ਭਾਗ ਸਿੰਘ(ਵਾਸੀ ਮੋਹੀ ਖੁਰਦ)ਜੀ ਨੇ ਆਪਣੇ ਹਿੱਸੇ ਦੀ ਕੁਝ ਜ਼ਮੀਨ ਉਨ੍ਹਾਂ ਨੂੰ ਭੇਟ ਕਰ ਦਿੱਤੀ|(ਜਿੱਥੇ ਅੱਜ ਛੇ ਕੁਣੀ ਕੋਠੀ ਮੌਜੂਦ ਹੈ,ਇਥੇ ਉਨ੍ਹਾਂ ਦੀ ਨਿੱਜੀ ਰਿਹਾਇਸ਼ ਸੀ)

ਸਮੂਹ ਸੰਗਤਾਂ ਦੀ ਮੰਗ 'ਤੇ ਉਹਨਾਂ ਨੇ ਦੀਵਾਨ ਸਜਾਉਣ ਲਈ ਸੁਦੀ ਦਸਮੀ ਦਾ ਦਿਨ ਮਿੱੱਥ ਲਿਆ,ਜਿਸ ਸੰਬੰਦੀ ਸਾਰੇ ਨਗਰ-ਨਿਵਾਸੀਆਂ ਨੇ ਵੀ ਸਹਿਮਤੀ ਪ੍ਰਗਟਾਈ|

ਸੰਤ ਜੀ ਦਾ ਸੰਪਰਕ ਦੂਰ-ਦੂਰ ਹੋਣ ਕਰਕੇ ਲੁਧਿਆਣਾ, ਮਲੇਰਕੋਟਲਾ, ਖੰਨਾ,ਰਾਜਪੁਰਾ ਤੇ ਸਮਰਾਲਾ ਆਦਿ ਤਕ ਦੀਆਂ ਸੰਗਤਾਂ ਮੋਹੀ ਖੁਰਦ ਵਿਖੇ ਦਸਮੀ ਦੇ ਦੀਵਾਨ ਸੁਣਨ ਲਈ ਆਉਂਦੀਆਂ|(ਉਸ ਸਮੇਂ ਇੱਥੇ ਕੋਈ ਪੱਕੀ ਇਮਾਰਤ ਨਹੀਂ ਬਣੀ ਹੋਈ ਸੀ ਤੇ ਨਾ ਹੀ ਹਾਲੇ ਗੁਰਦੁਆਰਾ ਬਣਿਆ ਸੀ, ਛੱਪਰ(ਛੰਨਾ)ਹੀ ਸੀ, ਜਿੱਥੇ ਦੀਵਾਨ ਸਜਦੇ,ਲੰਗਰ ਚਲਦੇ ਆਦਿ)|

ਹੁਣ ਸੰਤ ਬਾਬਾ ਸੰਪੂਰਨ ਸਿੰਘ ਜੀ ਨੇ ਇੱਥੇ ਪੱਕੇ ਤੌਰ 'ਤੇ ਗੁਰਦੁਆਰਾ ਬਣਾਉਣ ਲਈ ਬਚਨ ਕੀਤਾ ਪਰ ਉਸ ਸਮੇਂ ਇਹ ਇਲਾਕਾ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਜੀ ਅਧੀਨ ਹੋਣ ਕਾਰਨ ਉਨ੍ਹਾਂ ਵੱਲੋਂ ਮਨਜ਼ੂਰੀ ਲੈਣੀ ਲਾਜ਼ਮੀ ਸੀ|ਇਸ ਗੱਲ ਨੂੰ ਮੁੱਖ ਰੱਖਦਿਆਂ ਮਹਾਰਾਜਾ ਪਟਿਆਲਾ ਨੂੰ ਇੱਕ ਦਰਖ਼ਾਸਤ ਭੇਜੀ ਗਈ, ਜਿਸਨੂੰ ਮਨਜ਼ੂਰੀ ਮਿਲਦਿਆਂ ਲਗਪਗ ਛੇ ਮਹੀਨੇ ਦਾ ਸਮਾਂ ਲੱਗਿਆ(1946 ਈ: ਦੇ ਨੇੜੇ ਲਗਪਗ)|ਮਨਜ਼ੂਰੀ ਮਿਲਣ 'ਤੇ ਇੱਥੇ ਸਭ ਤੋਂ ਪਹਿਲਾਂ ਚਾਰ ਕਮਰੇ ਬਣਾਏ ਗਏ(ਜਿਨ੍ਹਾਂ 'ਚੋਂ ਇੱਕ ਕਮਰੇ ਵਿੱਚ ਸਤਿਕਾਰ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ,ਦੂਸਰੇ ਕਮਰੇ ਵਿੱਚ ਬਾਬਾ ਭਾਗ ਸਿੰਘ ਜੀ ਰਹਿੰਦੇ ਸਨ, ਤੀਸਰੇ ਕਮਰੇ ਵਿੱਚ ਲੰਗਰ ਚਲਦਾ ਸੀ, ਚੌਥੇ ਕਮਰੇ ਵਿੱਚ ਜ਼ਰੂਰੀ ਸਮਾਨ ਰੱਖਿਆ ਜਾਂਦਾ ਸੀ)ਨਾਲ ਹੀ ਸਿੰਘ ਸ਼ਹੀਦਾਂ ਦਾ ਯਾਦਗਾਰ ਸਥਾਨ ਬਣਾਇਆ ਗਿਆ|(ਬਾਬਾ ਸੰਪੂਰਨ ਸਿੰਘ ਜੀ ਛੱਪਰ ਵਿੱਚ ਰਹਿੰਦੇ ਸਨ)|ਲੰਗਰ ਦੇ ਪ੍ਰਬੰਧ ਲਈ ਬਾਬਾ ਭਾਗ ਸਿੰਘ ਜੀ ਪਿੰਡ 'ਚੋਂ ਪੱਕਿਆ ਹੋਇਆ ਅੰਨ, ਦੁੱਧ ਤੇ ਸਬਜ਼ੀ ਆਦਿ ਦੀ ਡਾਲੀ(ਗਜਾ)ਦੋ ਸਮੇਂ(ਸਵੇਰੇ ਤੇ ਦੁਪਹਿਰੇ)ਲੈ ਕੇ ਆਇਆ ਕਰਦੇ ਸਨ|(ਜੋ ਕੇ ਅੱਜ ਤੱਕ ਨਿਰੰਤਰ ਜਾਰੀ ਹੈ)

ਸੰਤ ਬਾਬਾ ਸੰਪੂਰਨ ਸਿੰਘ ਜੀ ਦੇ ਸੰੰਗੀ,ਪਿੰਡ ਅਸਰਪੁੁੁਰ(ਨੇੜੇ ਸਨੋਰ)ਵਿਚ ਰਹਿੰਦੇ ਸਨ, ਉਸ ਜਗ੍ਹਾਂਂ 'ਤੇ ਸੰਤ ਜੀ ਦੇ ਦੀਵਾਨ ਚਲ ਰਹੇ ਸਨ|(ਇਹ ਗੱਲ 1947 ਈ: ਦੀ ਵੰਡ ਤੋਂ ਬਾਅਦ ਲਗਭਗ 1950-51 ਦੀ ਹੈ|)ਦੀਵਾਨ ਕਈਂ ਦਿਨ ਚਲਦੇ ਸਨ, ਜਿੱਥੇ ਸੰਤਾਂ ਦੀ ਰਿਹਾਇਸ਼ ਸੀ, ਉਸ ਜਗ੍ਹਾਂਂ ਪਾਕਿਸਤਾਨ ਤੋਂ ਆਏ ਹੋਏ ਤਿੰਨ ਭਰਾ(ਬੱਚੇ)ਵੀ ਰਹਿੰਦੇ ਸਨ ਜੋ ਕਿ ਆਪਣੇ ਪਰਿਵਾਰ ਤੋਂ ਵਿਛੜ ਚੁੱਕੇ ਸਨ|ਉਨ੍ਹਾਂ ਦੀ ਸੰਭਾਲ ਕਰਨ ਵਾਲੇ ਸਰਦਾਰ ਜੀ ਨੇ ਸੰਤ ਜੀ ਨੂੰ ਕਿਹਾ ਕਿ ਇਨ੍ਹਾਂ ਵਿਚੋਂ ਇੱਕ ਬੱਚਾ ਤੁਸੀਂ ਆਪਣੇ ਨਾਲ ਲੈ ਜਾਵੋ|ਸੰਤ ਜੀ ਨੇ ਕਿਹਾ ਜਿਹੜਾ ਬੱਚਾ ਦੌੜ ਕੇ ਸਭ ਤੋਂ ਪਹਿਲਾਂ ਮੇਰੀ ਗੋਦੀ 'ਚ ਆਵੇਗਾ,ਮੈਂ ਉਸ ਨੂੰ ਨਾਲ ਲੈ ਜਾਵਾਂਗਾ|ਉਸ ਸਮੇਂ ਬਾਬਾ ਹਰਕ੍ਰਿਸ਼ਨ ਸਿੰਘ ਜੀ(ਜਿਨ੍ਹਾਂ ਨੂੰ ਪਿੰਡ ਵਿੱਚ ਸਾਰੇ ਜੰਬਰ ਬਾਬਾ ਜੀ ਦੇ ਨਾਂ ਨਾਲ ਜਾਣਦੇ ਸਨ) ਸਭ ਤੋਂ ਤੇਜ਼ ਦੌੜ ਕੇ ਸੰਤ ਜੀ ਦੀ ਗੋਦੀ 'ਚ ਆ ਗਏ(ਉਸ ਸਮੇਂ ਉਨ੍ਹਾਂ ਦੀ ਉਮਰ ਤਕਰੀਬਨ 7-8 ਸਾਲ ਦੀ ਹੋਵੇਗੀ)|

ਸੰਤ ਬਾਬਾ ਸੰਪੂਰਨ ਸਿੰਘ ਜੀ 14 ਅਕਤੂਬਰ,1975 ਨੂੰ ਬਨੂੜ ਵਿਖੇ ਇੱਕ ਸਮਾਗਮ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ|ਉਨ੍ਹਾਂ ਦਾ ਸਸਕਾਰ ਗਿਆਨੀ ਦਿਆਲ ਸਿੰਘ ਜੀ(ਉਨ੍ਹਾਂ ਦੇ ਸੰਗੀ)ਦੁਆਰਾ ਉਨ੍ਹਾਂ ਦੀ ਰਿਹਾਇਸ਼ ਸਾਹਮਣੇ ਹੀ ਕੀਤਾ ਗਿਆ(ਜਿੱਥੇ ਅੱਜ ਵੀ ਉਨ੍ਹਾਂ ਦੀ ਯਾਦਗਾਰ ਕੋਠੀ ਮੌਜੂਦ ਹੈ)|ਦੁਸਹਿਰੇ ਵਾਲੇ ਦਿਨ(ਚਲਾਣਾ ਕਰਨ ਤੋਂ 10 ਦਿਨ ਬਾਅਦ)ਉਨ੍ਹਾਂ ਦਾ ਭੋਗ ਪਾਉਣ ਤੋਂ ਬਾਅਦ ਇਸ ਅਸਥਾਨ ਦੀ ਜਿੰਮੇਵਾਰੀ ਬਾਬਾ ਭਾਗ ਸਿੰਘ(ਵਾਸੀ ਪਿੰਡ ਮੋਹੀ ਖੁਰਦ) ਜੀ ਨੂੰ ਦਿੱਤੀ ਗਈ|ਬਾਬਾ ਭਾਗ ਸਿੰਘ ਜੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਇਹ ਜਿੰਮੇਵਾਰੀ ਬਾਬਾ ਹਰਿਕ੍ਰਿਸ਼ਨ ਸਿੰਘ ਜੀ ਨੂੰ ਦਿੱਤੀ ਗਈ(ਜਿਨ੍ਹਾਂ ਨੂੰ ਬਾਬਾ ਸੰਪੂਰਨ ਸਿੰਘ ਜੀ ਲੈ ਕੇ ਆਏ ਸਨ)|10 ਦਸੰਬਰ,2009 ਨੂੰ ਬਾਬਾ ਹਰਕ੍ਰਿਸ਼ਨ ਜੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਇਹ ਜਿੰਮੇਵਾਰੀ ਬਾਬਾ ਤਰਵਿੰਦਰ ਸਿੰਘ ਜੀ ਨੂੰ ਉਨ੍ਹਾਂ ਦੀ ਦਸਤਾਰਬੰਦੀ ਕਰ ਕੇ ਸੌਂਪੀ ਗਈ|(ਜੋ ਕਿ ਹੁਣ ਇਹ ਸੇਵਾ ਨਿਭਾ ਰਹੇ ਹਨ)|

ਦੂਸਰੀ ਜਾਣਕਾਰੀ ਅਨੁਸਾਰ[ਸੋਧੋ]

ਇਸ ਅਸਥਾਨ 'ਤੇ ਬਾਬਾ ਅਮਰਜੀਤ ਸਿੰਘ ਜੀ ਤੇ ਬਾਬਾ ਜੰਗ ਸਿੰਘ ਜੀ ਨੇ 1761-1762 ਈ: ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਟੱਕਰ ਲੈਂਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕੀਤੀ ਸੀ|

1761 ਈ: ਵਿੱਚ ਜਦੋਂ ਕਿ ਅਹਿਮਦ ਸ਼ਾਹ ਅਬਦਾਲੀ ਹਜ਼ਾਰਾਂ ਲੜਕੀਆਂ ਨੂੰ ਬੰਨ੍ਹ ਕੇ ਹਿੰਦੁਸਤਾਨ 'ਚੋਂ ਕਾਬੁਲ ਲਿਜਾ ਰਿਹਾ ਸੀ ਤਾਂ ਰਸਤੇੇ ਵਿੱਚ ਇਨ੍ਹਾਂ ਸਿੰਘਾਂ ਨੇ ਕੁਝ ਲੜਕੀਆਂ ਨੂੰ ਮੁਗਲਾਂ ਦੇ ਫੰਦੇ ਤੋਂ ਛੁਡਵਾਇਆ ਤੇ ਘਰ-ਘਰ ਪਹੁੰਚਾਇਆ ਤੇ ਨਾਲ ਹੀ ਪਤਾ ਲਗਦਾ ਹੈ ਕਿ ਜਦੋਂ 6,000 ਸਿੰਘਾਂ ਦੇ ਸੀਸ(ਸਿਰ)ਕੱਟ ਕੇ ਮੁਸਲਮਾਨ ਗੱੱਡਿਆਂ ਉੱਪਰ ਲਈ ਲਿਜਾ ਰਹੇ ਸਨ ਤਾਂ ਪਿੰਡ ਸ਼ੰਭੂ(ਜੋ ਕੇ ਇਥੋਂ(ਮੋਹੀ ਖੁਰਦ ਤੋਂ)4-5 ਮੀਲ ਦੀ ਦੂਰੀ 'ਤੇ ਸਥਿਤ ਹੈ)ਕੋਲ ਇਹਨਾਂ ਸਿੰਘਾਂ ਨੇ ਇਹ ਸੀਸ ਛੁਡਵਾ ਕੇ ਸਸਕਾਰ ਵੀ ਕਰਵਾਇਆ|

ਉਸ ਸਮੇਂ ਇੱਥੇ ਬਹੁਤ ਵੱਡਾ ਜੰਗਲ ਤੇ ਸਿੰਘਾਂ ਤੇ ਘੋੜਿਆਂ ਲਈ ਪਾਣੀ ਦਾ ਪ੍ਰਬੰਧ ਅਤੇ ਛੁਪਣ ਲਈ ਜਗ੍ਹਾ ਵੀ ਸੀ, ਜੋ ਉਨ੍ਹਾਂ ਲਈ ਜ਼ਰੂਰੀ ਸੀ|ਇਸ ਲਈ ਸਿੰਘ ਸ਼ੇਰ ਸ਼ਾਹ ਸੂਰੀ ਮਾਰਗ ਤੋਂ ਆ ਕੇ ਇਸ ਅਸਥਾਨ 'ਤੇ ਅਰਾਮ ਕਰਿਆ ਕਰਦੇ ਸਨ|ਇਹ ਅਸਥਾਨ ਉਸ ਸਮੇਂ ਦੇ ਸਿੰਘਾਂ ਨੇ ਤਾਂ ਚੁਣਿਆ ਸੀ ਕਿਉਂਕਿ ਸ਼ੇਰ ਸ਼ਾਹ ਸੂਰੀ ਮਾਰਗ 'ਤੇ ਮੁਗ਼ਲਾਂ ਦੀ ਆਵਾਜਾਈ ਬਹੁਤ ਸੀ ਅਤੇ ਇਹ ਸਥਾਨ ਬਹੁਤ ਸ਼ਾਂਤਮਈ ਸੀ|

ਸੰਤ ਬਾਬਾ ਭਾਗ ਸਿੰਘ ਜੀ ਸੰਗਤਾਂ ਨੂੰ ਰਾੜਾ ਸਾਹਿਬ ਲੈ ਕੇ ਜਾਇਆ ਕਰਦੇ ਸਨ,ਜਿੱਥੇ ਉਨ੍ਹਾਂ ਦਾ ਸੰਤ ਬਾਬਾ ਸੰਪੂਰਨ ਸਿੰਘ ਜੀ ਨਾਲ ਮੇਲ ਹੋਇਆ ਤੇ ਉਹ ਆਪਣੇ ਪਿੰਡ ਕੀਰਤਨ ਕਰਨ ਲਈ(1931 ਈ: ਵਿਚ) ਉਹਨਾਂ ਨੂੰ ਵੀ ਆਪਣੇ ਨਾਲ ਲੈ ਆਏ|ਸੰਤ ਬਾਬਾ ਸੰਪੂਰਨ ਸਿੰਘ ਜੀ, ਸੰਤ ਬਾਬਾ ਈਸ਼ਰ ਸਿੰਘ ਜੀ(ਰਾੜਾ ਵਾਲੇ)ਦੇ ਸੇਵਕ ਸਨ,ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਅਸਥਾਨ ਦੀ ਸੇਵਾ ਕਰਨ ਲਈ ਬਚਨ ਕੀਤਾ ਸੀ|ਸੰਤ ਬਾਬਾ ਸੰਪੂਰਨ ਸਿੰਘ ਜੀ ਇੱਕ ਸੀ.ਆਈ.ਡੀ. ਇੰਸਪੈਕਟਰ ਸਨ ਅਤੇ ਉਨ੍ਹਾਂ ਕੋਲ ਇੱਕ ਰਾਇਫਲ ਤੇ ਇੱਕ ਪਿਸਤੌਲ ਆਪਣੀ ਸੀ|ਉਹ ਭਾਰਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਦੇ ਪੱਕੇ ਮਿੱਤਰ ਸਨ, ਜਿਸ ਕਰਕੇ ਗਿਆਨੀ ਜੈਲ ਸਿੰਘ ਜੀ ਨੇ ਤਿੰਨ ਵਾਰ ਇਸ ਨਗਰ(ਮੋਹੀ ਖੁਰਦ)ਵਿਖੇ ਚਰਨ ਪਾਏ|ਇਥੋਂ ਦਾ ਸਕੂਲ, ਗੁਰਦੁਆਰੇ ਤੇ ਸ਼ਹਿਰ ਵਾਸਤੇ ਸੜ੍ਹਕ ਬਣਵਾਈ|

ਇਕ ਦਿਨ ਪਿੰਡ ਵਾਲਿਆਂ ਨੇ ਸੰਤ ਬਾਬਾ ਸੰਪੂਰਨ ਸਿੰਘ ਜੀ ਅੱਗੇ ਬੇਨਤੀ ਕੀਤੀ ਕਿ ਇੱਥੇ(ਪਿੰਡ ਵਿਚ)ਇਕ ਬੇਰੀ ਦਾ ਪੇੜ(ਦਰਖ਼ਤ)ਹੈ ਤੇ ਦੋ ਛੋਟੀਆਂ-ਛੋਟੀਆਂ ਸਮਾਧਾਂ ਵੀ ਹਨ, ਜਿਨ੍ਹਾਂ ਦਾ ਆਕਾਰ ਮਤਾਰਾਨੀ ਦੇ ਥਾਨਾਂ ਵਰਗਾ ਹੈ|ਉਸਦੇ ਨੇੜੇ ਪਿੰਡ ਦਾ ਕੋਈ ਵੀ ਜੀਅ ਨਹੀਂ ਜਾਂਦਾ ਅਤੇ ਦੀਵਾਲੀ ਵਾਲੇ ਦਿਨ ਲੋਕ ਪਿੰਡ ਮੋਹੀ, ਥੂਹਾ, ਸੁਰਜਗੜ੍ਹ,ਮੋਹੀ ਕਲਾਂਂ ਤੋਂ ਆ ਕੇ ਇੱਥੇ ਦੀਵਾ ਜਗਾਉਂਦੇ ਹਨ ਅਤੇ ਉੱਧਰ ਪਸ਼ੂ ਵਗੈਰਾ ਲੈ ਕੇ ਜਾਣ ਦੀ ਵੀ ਮਨਾਹੀ ਹੈ ਤਾਂ ਸੰਤ ਜੀ ਸ਼ਾਮ ਵੇਲੇ ਉਸ ਜਗ੍ਹਾਂਂ 'ਤੇ ਗਏ|ਸੰਗਤਾਂ ਨੇ ਉਨ੍ਹਾਂ ਦੇ ਬੈਠਣ ਲਈ ਬੇਰੀ ਦੇ ਪੇੜ ਹੇਠ ਮੰਜੀ ਡਾਹੀ ਪਰ ਉਨ੍ਹਾਂ ਨੇ ਬੈਠਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਮੈਂ ਅਨੁਭਵ ਕੀਤਾ ਹੈ ਕਿ ਇਹ ਅਸਥਾਨ ਸਿੰਘ ਸ਼ਹੀਦਾਂ ਦਾ ਹੈ ਤੇ ਉਹ ਭੁੰਜੇ ਹੀ ਬੈਠ ਗਏ|ਦੂਸਰੇ ਦਿਨ ਉਨ੍ਹਾਂ ਨੇ ਸੰਗਤਾਂ ਦੀ ਮਦਦ ਨਾਲ ਇਸ ਸਾਰੀ ਜਗ੍ਹਾਂਂ ਨੂੰ ਸਾਫ਼ ਕਰਵਾਇਆ(ਜਿੱਥੇ ਕਿ ਬਹੁਤ ਕੰਡੇਦਾਰ ਬੂਟੇ ਤੇ ਭੌਂਖੜੇ ਸਨ)|ਪਿੰਡ ਦੇ ਜ਼ੈਲਦਾਰ ਆਸਾ ਸਿੰਘ ਜੀ ਸੰਗਤਾਂ ਨਾਲ ਪਟਿਆਲੇ ਵਾਲੇ ਮਹਾਰਾਜੇ ਕੋਲ ਗਏ ਤੇ ਉਨ੍ਹਾਂ ਤੋਂ ਪੈਸਿਆਂ ਦੀ ਸਹਾਇਤਾ ਮੰਗੀ|ਇਸ ਤਰ੍ਹਾਂ ਮਾਇਆ ਇਕੱਤਰਤ ਕਰਕੇ ਦਰਬਾਰ ਸਾਹਿਬ ਬਣ ਗਿਆ|

ਸੰਤ ਜੀ ਨੇ ਹਰ ਮਹੀਨੇ ਸੁਦੀ ਦਸਮੀ ਦਾ ਦਿਹਾੜਾ ਨਿਸ਼ਚਿਤ ਕਰ ਦਿੱਤਾ ਕਿ ਹਰ ਮਹੀਨੇ ਇੱਥੇ ਕਥਾ-ਕੀਰਤਨ ਤੇ ਵਿਚਾਰ ਹੋਇਆ ਕਰਨਗੇ|ਹੌਲੀ-ਹੌਲੀ ਇਸ ਦਿਹਾੜੇ 'ਤੇ ਬਹੁਤ ਦੂਰ-ਦੂਰ ਤੋਂ ਸੰਗਤਾਂ ਆਉਣ ਲੱਗੀਆਂ(ਜਿਨ੍ਹਾਂ ਦੇ ਪਰਿਵਾਰ ਹੁਣ ਤੱਕ ਵੀ ਦਸਮੀ ਦੇ ਦਿਹਾੜੇ ਨੂੰ ਪਹੁੰਚਦੇ ਹਨ, ਜਿਵੇਂ ਕਿ ਬਲਦੇਵ ਸਿੰਘ ਵੇਰਕਾ(ਅੰਮ੍ਰਿਤਸਰ),ਭਾਈ ਪ੍ਰਿਤਪਾਲ ਸਿੰਘ ਜੀ(ਫਲੋਰ ਤੋਂ),ਇਕ ਮਾਈ ਪਿੰਡ ਘੜੂੰਏ ਤੋਂ ਤੇ ਸ਼ਹਿਰ ਨਾਭੇ ਤੋਂ ਇੱਕ ਪਰਿਵਾਰ ਹੁਣ ਵੀ ਹਰ ਦਸਮੀ ਤੇ ਇੱਥੇ ਪਹੁੰਚਦੇ ਹਨ|ਇਥੋਂ ਤਕ ਕਿ ਦਿੱਲੀ, ਬਠਿੰਡੇ ਤੋਂ ਵੀ ਸੰਗਤਾਂ ਇਸ ਅਸਥਾਨ ਤੇ ਪਹੁੰਚਦੀਆਂ ਹਨ)|(ਮੌਜੂਦਾ ਸਮੇਂ ਵਿੱਚ ਸੰਤ ਬਾਬਾ ਸੰਪੂਰਨ ਸਿੰਘ ਜੀ ਦੀ ਪੁੱਤਰੀ ਦੀ ਪੁੱਤਰੀ ਦਾ ਪਰਿਵਾਰ ਵੀ ਲੁਧਿਆਣਾ ਤੋਂ ਹਰ ਮਹੀਨੇ ਦਸਮੀ ਨੂੰ ਸੇਵਾ ਵਾਸਤੇ ਹਾਜ਼ਰ ਹੁੰਦਾ ਹੈ)|

ਸੰਤ ਬਾਬਾ ਸੰਪੂਰਨ ਸਿੰਘ ਜੀ ਪਿੰਡ ਵਿੱਚ ਘੱਟ ਹੀ ਰਹਿੰਦੇ ਸਨ, ਉਹ ਜਿਸ ਦਿਨ ਦਸਮੀ ਦੇ ਅਖੰਡ ਪਾਠ ਆਰੰਭ ਹੁੰਦੇ, ਉਸ ਦਿਨ ਨਗਰ ਵਿਖੇ ਆਉਂਦੇ ਤੇ ਦਸਮੀ ਵਾਲੇ ਦਿਨ ਭੋਗ ਪੈਣ ਉਪਰੰਤ ਵਾਪਿਸ ਚਲੇ ਜਾਂਦੇ|ਸੰਤ ਬਾਬਾ ਸੰਪੂਰਨ ਸਿੰਘ ਜੀ ਕੁਝ ਸਮੇਂ ਵਾਸਤੇ ਨਾਭੇ ਵੀ ਰਹੇ ਸਨ,(ਹੁਣ ਵੀ ਉੱਥੇ ਪਿੰਡ ਮੋਹੀ ਖੁਰਦ ਦੇ ਨਾਂ 'ਤੇ ਗੁਰਦੁਆਰਾ ਬਣਿਆ ਹੋਇਆ ਹੈ)|ਕਹਿੰਦੇ ਹਨ ਕਿ ਇੱਕ ਵਾਰੀ ਸੰਤ ਬਾਬਾ ਸੰਪੂਰਨ ਸਿੰਘ ਜੀ ਕਿਸੇ ਕਾਰਨ ਦਸਮੀ ਦੇ ਦਿਹਾੜੇ 'ਤੇ ਪਹੁੰਚ ਨਾ ਸਕੇ ਤਾਂ ਅਚਾਨਕ ਉਨ੍ਹਾਂ ਦਾ ਸਰੀਰ ਦਰਦ ਕਰਨ ਲਗ ਪਿਆ ਤੇ ਉਨ੍ਹਾਂ ਨੂੰ ਤੇਜ਼ ਬੁਖ਼ਾਰ ਚੜ੍ਹ ਗਿਆ|ਜਦੋਂ ਉਨ੍ਹਾਂ ਦੇ ਚੇਤੇ ਆਇਆ ਕਿ ਅੱਜ ਉਹ ਦਸਮੀ 'ਤੇ ਗੈਰਹਾਜ਼ਰ ਹਨ ਤਾਂ ਉਹ ਦਸਮੀ 'ਤੇ ਆਉਣ ਲਈ ਤੁਰ ਪਏ, ਰਸਤੇ ਵਿੱਚ ਹੀ ਉਨ੍ਹਾਂ ਦੀ ਗੱਡੀ(ਕਾਰ)ਦਾ ਐਕਸੀਡੈਂਟ ਹੋ ਗਿਆ ਪਰ ਉਹ ਬਾਰ-ਬਾਰ ਬਚ ਗਏ|ਇਸ ਘਟਨਾ ਤੋਂ ਬਾਅਦ ਉਹ ਕਦੇ ਵੀ ਦਸਮੀ ਵਾਲੇ ਦਿਨ ਗੈਰਹਾਜ਼ਰ ਨਾ ਹੋਏ|(ਸੰਤ ਬਾਬਾ ਸੰਪੂਰਨ ਸਿੰਘ ਜੀ ਦਾ ਕੁਝ ਇਤਿਹਾਸ ਸੰਤ ਬਾਬਾ ਈਸ਼ਰ ਸਿੰਘ ਜੀ,ਰਾੜਾ ਵਾਲੇ ਦੀ ਜੀਵਨ ਕਥਾ ਦੇ ਵਿੱਚ ਵੀ ਲਿਖਿਆ ਹੋਇਆ ਮਿਲਦਾ ਹੈ, ਜਿਸਦੇ ਲੇਖਕ ਭਾਈ ਮੋਹਨ ਸਿੰਘ ਜੀ ਤੇ ਭਾਈ ਮਿਹਰ ਸਿੰਘ ਜੀ ਹਨ|

ਕਹਿੰਦੇ ਹਨ ਕਿ ਸੰਤ ਬਾਬਾ ਸੰਪੂਰਨ ਸਿੰਘ ਜੀ ਜਦੋਂ ਕੀਰਤਨ ਕਰਿਆ ਕਰਦੇ ਸਨ ਤਾਂ ਉਹ ਕਿਹਾ ਕਰਦੇ ਸਨ ਕਿ ਇਹ ਸਿੰਘ ਸ਼ਹੀਦ ਗੁਰੂ ਕੀ ਵਡਾਲੀ(ਅੰਮ੍ਰਿਤਸਰ)ਤੋਂ ਸਨ ਤੇ ਇਨ੍ਹਾਂ ਦੇ ਨਾਂ ਸ਼ਹੀਦ ਬਾਬਾ ਅਮਰਜੀਤ ਸਿੰਘ ਜੀ ਤੇ ਸ਼ਹੀਦ ਬਾਬਾ ਜੰਗ ਸਿੰਘ ਜੀ ਹਨ|

ਸੰਤ ਬਾਬਾ ਸੰਪੂਰਨ ਸਿੰਘ ਜੀ ਆਪਣੇ ਨਾਲ ਇੱਕ ਪੰਜ ਸਾਲ ਦਾ ਬੱਚਾ ਲੈ ਕੇ ਆਏ ਸੀ, ਜਿਹੜਾ ਕਿ ਬਾਅਦ ਵਿੱਚ ਸੰਤ ਬਾਬਾ ਹਰਕ੍ਰਿਸ਼ਨ ਸਿੰਘ ਜੀ ਦੇ ਨਾਂ ਨਾਲ ਜਾਣਿਆ ਗਿਆ|

ਉਸ ਸਮੇਂ ਸਕੂਲ ਨਹੀਂ ਹੋਇਆ ਕਰਦੇ ਸਨ ਤਾਂ ਉਸ ਵੇਲੇ ਮਾਸਟਰ ਗੁਰਬਚਨ ਸਿੰਘ ਜੀ ਘਰਾਣੀ ਵਾਲੇ ਗੁਰਦੁਆਰੇ ਦੇ ਕੋਲ ਹੀ ਪਿੰਡ ਦੇ ਬੱਚਿਆਂ ਨੂੰ ਪੜ੍ਹਾਇਆ ਕਰਦੇ ਸਨ|ਇੱਥੇ ਹੀ ਮਾਸਟਰ ਜੀ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਵਿਦਿਆਰਥੀ ਕਈਂ ਵਾਰ ਰਾਤ ਨੂੰ ਉਨ੍ਹਾਂ ਕੋਲ ਹੀ ਰੁਕ ਜਾਂਦੇ ਤੇ ਸਵੇਰੇ ਸੁਵੱਖਤੇ ਤਿੰਨ ਵਜੇ ਉੱਠ ਕੇ ਸਿੰਘ ਸ਼ਹੀਦਾਂ ਨੂੰ ਇਸ਼ਨਾਨ ਕਰਵਾਉਂਦੇ ਤੇ ਗੁਰੂ ਘਰ ਦੀ ਸੇਵਾ ਕਰਦੇ|ਉਦੋਂ ਤੋਂ ਹੀ ਇਹ ਸੇਵਾ ਹੁਣ ਤੱਕ ਲਗਾਤਾਰ ਜਾਰੀ ਹੈ|(ਉਨ੍ਹਾਂ ਵਿਦਿਆਰਥੀਆਂ 'ਚੋਂ ਦੋ ਵਿਦਿਆਰਥੀ ਅੱਜ ਵੀ ਪਿੰਡ ਵਿੱਚ ਜਿਓੰਦੇ ਹਨ-ਭਾਈ ਡੀ. ਐੱਸ. ਪੀ. ਗੁਰਦੇਵ ਸਿੰਘ ਜੀ ਤੇ ਪ੍ਰਧਾਨ ਜਗੀਰ ਸਿੰਘ ਜੀ)|

ਇਸਦੇ ਸਬੰਧ ਵਿੱਚ ਇੱਕ ਘਟਨਾ ਇਹ ਵੀ ਦੱਸੀ ਜਾਂਦੀ ਹੈ ਕਿ ਸੰਤ ਬਾਬਾ ਸੰਪੂਰਨ ਸਿੰਘ ਜੀ ਨੇ ਜਦੋਂ ਇਹ ਅਸਥਾਨ ਤਿਆਰ ਕਰਵਾਇਆ ਤਾਂ ਇਸਨੂੰ ਬਣਾਉਣ ਵਾਲੇ ਮਿਸਤਰੀ ਭਾਈ ਤੇਜਾ ਸਿੰਘ ਤੇ ਭਾਈ ਸੁੱਚਾ ਸਿੰਘ ਪਿੰਡ ਬਾਂਢਿਆਂ(ਬਨੂੜ) ਤੋਂ ਆਇਆ ਕਰਦੇ ਸਨ|ਇਕ ਦਿਨ ਅਚਾਨਕ ਭਾਈ ਤੇੇਜਾ ਸਿੰਘ ਤੇੇਜ਼ੀ ਨਾਲ ਭੱਜੇ ਹੋੋੋਏ ਇਸ ਅਸਥਾਨ ਵਲ ਆਏ ਤੇ ਇਸ ਅਸਥਾਨ ਦੇ ਲਗਾਤਾਰ ਕਈਂ ਚੱਕਰ ਕੱਟਣ ਤੋਂ ਬਾਅਦ ਬੇਹੋਸ਼ ਹੋ ਕੇ ਡਿੱਗ ਪਏ|(ਇਹ ਘਟਨਾ ਸੰਤ ਬਾਬਾ ਭਾਗ ਸਿੰਘ ਜੀ ਤੇ ਬਾਬਾ ਹਰਕ੍ਰਿਸ਼ਨ ਸਿੰਘ ਜੀ ਨੇ ਆਪਣੀ ਅੱਖਾਂ ਨਾਲ ਵੇਖੀ ਤੇ ਬਾਬਾ ਹਰਕ੍ਰਿਸ਼ਨ ਸਿੰਘ ਜੀ ਨੇ ਇਹ ਗੱਲ ਭਾਈ ਮਲਕੀਤ ਸਿੰਘ ਜੀ ਨੂੰ ਦੱਸੀ)|ਇਸ ਤੋਂ ਬਾਅਦ ਵੀ ਇਹ ਘਟਨਾ ਦੋ-ਤਿੰਨ ਵਾਰ ਵਾਪਰੀ|ਇਕ ਵਾਰ ਸੰਤ ਬਾਬਾ ਭਾਗ ਸਿੰਘ ਜੀ ਦੁਆਰਾ ਪੁੱਛਣ 'ਤੇ ਭਾਈ ਤੇਜਾ ਸਿੰਘ ਜੀ ਬੇਹੋਸ਼ੀ ਦੀ ਹਾਲਤ ਵਿੱਚ ਬੋਲੇ ਕਿ ਅਸੀਂ ਅਮਰਜੀਤ ਸਿੰਘ ਤੇ ਜੰਗ ਸਿੰਘ ਹਾਂ ਤੇ ਅਸੀਂ ਗੁਰੂ ਕੀ ਵਡਾਲੀ ਕੇ ਰਹਿਣ ਵਾਲੇ ਹਾਂ, ਜਿਨ੍ਹਾਂ ਨੇ ਮੁਗ਼ਲਾਂ ਤੋਂ ਲੜਕੀਆਂ ਛੁਡਾਈਆਂ ਤੇ ਸ਼ਹੀਦਾਂ ਦੇ ਸੀਸ ਛੁਡਵਾ ਕੇ ਸਸਕਾਰ ਕੀਤਾ|ਬਸ ਏਨਾ ਦੱਸ ਕੇ ਉਹ ਬੇਹੋਸ਼ ਹੋ ਗਏ|ਉਦੋਂ ਤੋਂ ਹੀ ਸਿੰਘ ਸ਼ਹੀਦਾਂ ਦੇ ਨਾਂ ਅਤੇ ਗੁਰੂ ਕੀ ਵਡਾਲੀ ਦੇ ਹੋਣ ਬਾਰੇ ਪੱਕਾ ਵਿਸ਼ਵਾਸ ਹੋ ਗਿਆ|

ਅੱਜ ਇਸ ਅਸਥਾਨ 'ਤੇ ਦਸਮੀ ਵਾਲੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਹੁੁੰਦਾ ਹੈ|ਅਖੰਡ ਪਾਠਾਂ ਦੀ ਲੜੀ ਜੋ ਬਾਬਾ ਸਰੂਪ ਸਿੰਘ ਜੀ(ਘੜਾਮਾਂ ਵਾਲੇ) ਨੇ ਇੱਕ ਅਖੰਡ ਪਾਠ ਨਾਲ ਸ਼ੁਰੂ ਕੀਤੀ ਸੀ, ਅੱਜ ਬਾਰਾਂ ਤੱਕ ਪਹੁੰਚ ਗਈ ਹੈ|ਸੱਠ ਅਖੰਡ ਪਾਠੀ ਪਾਠ ਕਰਦੇ ਹਨ, ਬਹੁਤ ਦੂਰ-ਦੂਰ ਤੋਂ ਸੰਗਤਾਂ, ਢਾਡੀ ਜਥੇ,ਕਵੀਸ਼ਰੀ, ਰਾਗੀ, ਕਥਾਕਾਰ ਆ ਕੇ ਸ਼ਰਧਾ ਨਾਲ ਇੱਥੇ ਜੁੜਦੇ ਹਨ ਤੇ ਕਈਂ ਵਾਰ ਤਾਂ ਸੰਗਤਾਂ ਦਸ ਹਜ਼ਾਰ ਜਾਂ ਇਸ ਤੋਂ ਵੀ ਵੱਧ ਇੱਕਤਰ ਹੋ ਜਾਂਦੀਆਂ ਹਨ|ਇਸ ਤਰ੍ਹਾਂ ਹਰ ਮਹੀਨੇ ਸੁਦੀ ਦਸਮੀ ਵਾਲੇ ਦਿਨ ਇੱਥੇ ਦਸਮੀ ਦਾ ਦਿਹਾੜਾ ਮਨਾਇਆ ਜਾਂਦਾ ਹੈ|

ਹਵਾਲੇ[ਸੋਧੋ]

  1. ਜੰਗਨਾਮਾ ਸਿੰਘਾਂ ਤੇ ਫਰੰਗੀਆਂ. ਸ਼ਾਹ ਮੁਹੰਮਦ.