ਗੋਗੋਆਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੋਗੋਆਣੀ
ਦੇਸ਼ India
ਰਾਜਪੰਜਾਬ
ਜ਼ਿਲ੍ਹਾਫਿਰੋਜ਼ਪੁਰ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)

ਗੋਗੋਆਣੀ ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਦਾ ਇੱਕ ਪਿੰਡ ਹੈ। ਪਿੰਡ ਦੀ ਆਬਾਦੀ 3000 ਦੇ ਕਰੀਬ ਹੈ। ਕੁੱਲ ਵੋਟਰਾਂ ਦੀ ਗਿਣਤੀ ਲਗਭਗ 720 ਹੈ। ਪਿੰਡ ਦਾ ਕੁੱਲ ਰਕਬਾ 800 ਹੈ। ਪਿੰਡ ਵਿੱਚ ਐਲੀਮੈਂਟਰੀ ਸਕੂਲ ਤੇ ਆਂਗਨਵਾੜੀ ਸੈਂਟਰ, 66 ਕੇ.ਵੀ. ਸਬ ਸਟੇਸ਼ਨ ਵੀ ਹੈ। ਇਹ ਅਕਾਲੀ ਲੀਡਰ ਜਗਜੀਤ ਸਿੰਘ ਗੋਗੋਆਣੀ ਦਾ ਪਿੰਡ ਹੈ ਜੋ 1962 ਤੋਂ 1967 ਤੱਕ ਹਲਕਾ ਜ਼ੀਰਾ ਤੋਂ ਐਮ.ਐਲ.ਏ. ਰਹੇ।

ਪਿਛੋਕੜ[ਸੋਧੋ]

ਉਨੀਵੀਂ ਸਦੀ ਦੇ ਪੰਜਵੇਂ ਦਹਾਕੇ ਵਿੱਚ ਇਹ ਪਿੰਡ ‘ਓਡ’ ਜਾਤੀ ਦੀ ‘ਗੋਗੋ’ ਨਾਂ ਦੀ ਓਡਣੀ ਦੇ ਨਾਮ ਉਪਰ ਆਬਾਦ ਹੋਇਆ। ਮਹਾਨਕੋਸ਼ ਵਿੱਚ ‘ਓਡ’ ਨੂੰ ਧਰਤੀ ਦੇ ਅੰਦਰਲੇ ਭੇਤ ਜਾਨਣ ਵਾਲੀ ਜਾਤ ਲਿਖਿਆ ਹੈ, ਜੋ ਖੂਹ ਲਾਉਂਦੇ ਅਤੇ ਤਜਰਬੇ ਨਾਲ ਖਾਰੇ ਤੇ ਮਿੱਠੇ ਪਾਣੀ ਬਾਰੇ ਅਗਾਊਂ ਦੱਸ ਦਿੰਦੇ ਸਨ। ਇਸ ਲਈ ‘ਗੋਗੋ ਓਡਣੀ’ ਦੇ ਪਰਿਵਾਰ ਨੇ ਇਸ ਪਿੰਡ ਦੀ ਮੋਹੜੀ ਗੱਡੀ ਸੀ ਤੇ ਪਿੰਡ ਦਾ ਨਾਂ ਗੋਗੋਆਣੀ ਪ੍ਰਚੱਲਿਤ ਹੋਇਆ। ਦਸੰਬਰ 1845 ‘ਚ ਮੁਦੱਕੀ (ਫਿਰੋਜ਼ਪੁਰ) ਦੀ ਜੰਗ ਅੰਗਰੇਜ਼ਾਂ ਤੇ ਸਿੱਖਾਂ ਦਰਮਿਆਨ ਹੋਈ। ਉਸ ਸਮੇਂ ਬਾਬਾ ਚੈਨ ਸਿੰਘ ਨਿਹੰਗ ਆਪਣੇ ਭਰਾ ਹਮੀਰ ਸਿੰਘ ਦੇ ਨਾਲ ਇਸ ਪਿੰਡ ਆਇਆ। ਇਹ ਦੋਵੇਂ ਭਰਾ ਇੱਥੇ ਰਹਿਣ ਲੱਗ ਪਏ। ਇਸ ਪਿੰਡ ਦੀ ਗਿੱਲ ਪੱਤੀ ਵਿੱਚ ਇਨ੍ਹਾਂ ਬਜ਼ੁਰਗਾਂ ਦਾ ਪਰਿਵਾਰ ਹੈ। ਪਿੰਡ ਵਿੱਚ ਦੂਜੀ ਪੱਤੀ ਸਿੱਧੂ ਬਰਾੜਾਂ ਦੀ ਹੈ ਜੋ ਜੋਧ ਸਿੰਘ ਦੀ ਸੰਤਾਨ ਹੈ। ਇਹ ਜੈਮਲ ਵਾਲਾ ਪਿੰਡ ਤੋਂ ਆ ਕੇ ਇੱਥੇ ਵਸੇ ਸਨ। ਜੋਧ ਸਿੰਘ ਤੇ ਨੌਧ ਸਿੰਘ ਸਕੇ ਭਰਾ ਸਨ। ਇਨ੍ਹਾਂ ਵਿੱਚੋਂ ਨੌਧ ਸਿੰਘ ਦੇ ਪੁੱਤਰ ਸਾਧ ਹੋ ਗਏ।

ਜੋਧ ਸਿੰਘ ਦੀ ਸੰਤਾਨ ਵਿੱਚੋਂ ਸਿੱਧੂ ਬਰਾੜਾਂ ਦੇ ਪਰਿਵਾਰ ਹਨ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਰਾਜਪੂਤਾਂ ਵਿੱਚ ਜੈਸਲ ਪ੍ਰਤਾਪੀ ਯੋਧਾ ਹੋਇਆ। ਜੈਸਲ ਦੀ ਛੇਵੀਂ ਪੀੜ੍ਹੀ ਵਿੱਚ ਸਿੱਧੂ ਹੋਇਆ ਜਿਸ ਤੋਂ ਸਿੱਧੂ ਗੋਤ ਚੱਲਿਆ। ਸਿੱਧੂ ਦੀ ਨੌਵੀਂ ਪੀੜ੍ਹੀ ਵਿੱਚ ਬਰਾੜ ਹੋਇਆ, ਜਿਸ ਤੋਂ ਵੰਸ਼ ਦੀ ਬਰਾੜ ਸੰਗਿਆ ਹੋਈ। ਪਿੰਡ ਵਿੱਚ ਤੀਜੀ ਖੋਸਾ ਪੱਤੀ ਹੈ ਜੋ ਇੱਕ ਬਜ਼ੁਰਗ ਦਿਆਲ ਸਿੰਘ ਪਿੰਡ ਪਾਂਡੋ ਕੇ ਖੋਸਾ ਤੋਂ ਆ ਕੇ ਇੱਥੇ ਵਸਿਆ ਸੀ। ਇਹ ਅੱਗੋਂ ਉਸ ਦਾ ਪਰਿਵਾਰ ਹੈ। ਕੁਝ ਸੋਹਲ ਪਰਿਵਾਰ ਦੁਆਬੇ ਤੋਂ ਆ ਕੇ ਇਸ ਪਿੰਡ ਵਸੇ ਸਨ।[1]

ਹਵਾਲੇ[ਸੋਧੋ]

  1. ਡਾ. ਇੰਦਰਜੀਤ ਸਿੰਘ ਗੋਗੋਆਣੀ. "ਸਾਹਿਤਕਾਰਾਂ, ਸਿਆਸਤਦਾਨਾਂ ਤੇ ਮੁਲਾਜ਼ਮਾਂ ਦਾ ਪਿੰਡ ਗੋਗੋਆਣੀ".