ਨਿਬੰਧ ਅਤੇ ਲੇਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

'ਨਿਬੰਧ' ਅਤੇ 'ਲੇਖ' ਦੋਵੇ ਹੀ ਆਧੁਨਿਕ ਵਾਰਤਕ ਦੇ ਅਹਿਮ ਰੂਪ ਹਨ। ਇਹ ਦੋਵੇਂ ਰੂਪ ਹੀ ਕਲਪਨਾ ਦੇ ਸੰਸਾਰ ਤੋਂ ਵਿਥ ਥਾਪ ਕੇ ਜੀਵਨ ਦੀਆਂ ਠੋਸ ਸਮੱਸਿਆਵਾਂ ਨਾਲ ਸਾਡੀ ਵਾਕਫ਼ੀਅਤ ਕਰਵਾਉਂਦੇ ਹਨ। ਇਹਨਾਂ ਦੀ ਮੁੱਖ ਭੂਮਿਕਾ ਸਾਡੇ ਗਿਆਨ ਵਿਚ ਵਾਧਾ ਕਰਨ ਦੀ ਹੈ। ਉਹ ਵਿਸ਼ੇ ਜੋ ਗਲਪ ਸਾਹਿਤ ਦੇ ਖੇਤਰ ਵਿੱਚੋਂ ਬਾਹਰ ਹਨ, ਆਧੁਨਿਕ ਵਾਰਤਕ ਦੇ ਇਹ ਰੂਪ ਉਹਨਾਂ ਨੂੰ ਆਪਣੇ ਕਲੇਵਰ ਵਿੱਚ ਲੈਂਦੇ ਹਨ। ਵਿਸ਼ੇ ਪੱਖੋਂ ਦੋਵੇਂ ਹੀ ਰੂਪ ਅਸੀਮ ਅਤੇ ਵਿਆਪਕ ਹਨ।

        'ਨਿਬੰਧ' ਅਤੇ 'ਲੇਖ' ਭਾਵੇਂ ਆਧੁਨਿਕ ਵਾਰਤਕ ਦੇ ਦੋ ਵੱਖਰੇ ਵੱਖਰੇ ਰੂਪ ਹਨ। ਪਰ ਆਮ ਤੌਰ 'ਤੇ ਇਹਨਾਂ ਦੋਵਾਂ ਰੂਪਾਂ ਨੂੰ ਨਿਖੇੜ ਕੇ ਨਹੀਂ ਦੇਖਿਆ ਜਾਂਦਾ। ਸਾਧਾਰਨ ਪਾਠਕ ਦੋਵਾਂ ਨੂੰ ਇਕ ਰੂਪ ਵਿੱਚ ਹੀ ਸਮੇਟ ਦਿੰਦਾ ਹੈ। ਉਹ ਨਿਬੰਧ ਨੂੰ ਲੇਖ ਅਤੇ ਲੇਖ ਨੂੰ ਨਿਬੰਧ ਸਮਝ ਲੈਂਦਾ ਹੈ। ਪਰ ਇਹ ਆਧੁਨਿਕ ਵਾਰਤਕ ਦੇ ਦੋ ਵੱਖੋ ਵੱਖਰੇ ਰੂਪ ਹਨ। ਇਹਨਾਂ ਵਿੱਚ ਅੰਤਰ ਸਪਸ਼ਟ ਕਰਨਾ ਬਹੁਤ ਹੀ ਸੂਖਮ ਕਾਰਜ ਹੈ। ਸੋ ਆਪਾਂ ਪਹਿਲਾਂ 'ਨਿਬੰਧ' ਤੇ 'ਲੇਖ' ਦੇ ਸਰੂਪ ਬਾਰੇ ਜਾਣਾਂਗੇ ਅਤੇ ਅੰਤ ਵਿੱਚ ਇਹਨਾਂ ਵਿਚਲੇ ਸੂਖਮ ਨਿਖੇੜ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗੇ।

ਨਿਬੰਧ[ਸੋਧੋ]

     ਆਧੁਨਿਕ ਵਾਰਤਕ ਵਿੱਚ ਨਿਬੰਧ ਦਾ ਵਿਸ਼ੇਸ਼ ਸਥਾਨ ਹੈ। ਨਿਬੰਧ ਦੀ ਪਰੰਪਰਾ ਪ੍ਰਾਚੀਨ ਸਮੇਂ ਤੋਂ ਚੱਲੀ ਆਉਂਦੀ ਹੈ। ਪਰ ਪ੍ਰਾਚੀਨ ਅਤੇ ਆਧੁਨਿਕ ਨਿਬੰਧ ਦੋਵੇਂ ਵੱਖੋ ਵੱਖਰੇ ਹਨ।

     ਨਿਬੰਧ ਸ਼ਬਦ ਸੰਸਕ੍ਰਿਤ ਦੇ ਮੂਲ ਧਾਤੂ 'ਬੰਧ' ਨਾਲ 'ਨਿ' ਅਗੇਤਰ ਲਗਾ ਕੇ ਬਣਿਆ ਹੈ। ਜਿਸਦਾ ਅਰਥ ਹੈ ਬੰਨ੍ਹਣਾ, ਰੋਕਣਾ, ਸੰਗ੍ਰਹਿਤ ਕਰਨਾ, ਤਰਤੀਬ ਵਿੱਚ ਰੱਖਣਾ । ਪ੍ਰਾਚੀਨ ਕਾਲ ਵਿੱਚ ਜਦੋਂ ਕਾਗਜ਼ ਅੱਜ ਵਾਂਗ ਮੌਜੂਦ ਨਹੀਂ ਸੀ ਤਾਂ ਲੇਖਕ ਭੋਜ ਪੱਤਰਾਂ ਉੱਤੇ ਲਿਖ ਕੇ ਉਨ੍ਹਾਂ ਨੂੰ ਕਿਸੇ ਤਰਤੀਬ ਵਿੱਚ ਚੰਗੀ ਤਰ੍ਹਾਂ ਬੰਨ੍ਹ/ਪਰੋ ਦਿੰਦੇ ਸਨ। ਇਸ ਬੰਨ੍ਹਣ ਪ੍ਰਕਿਰਿਆ ਨੂੰ 'ਨਿਬੰਧਨ' ਅਤੇ ਬੰਨੀ ਹੋਈ ਰਚਨਾ ਨੂੰ 'ਨਿਬੰਧ' ਕਿਹਾ ਜਾਂਦਾ ਸੀ। ਪੁਰਾਤਨ ਸਾਹਿਤ ਵਿੱਚ ਨਿਬੰਧ ਦੀ ਰਚਨਾ ਪਦ ਅਤੇ ਗਦ ਦੋਵਾਂ ਰੂਪਾਂ ਵਿੱਚ ਹੀ ਹੁੰਦੀ ਸੀ। ਕਾਵਿ ਸ਼ਾਸਤਰ ਦੇ ਸਿਧਾਂਤਕਾਰਾਂ ਵਿੱਚੋਂ ਵਾਮਨ ਨੇ ਗਦਾਤਮਕ ਅਤੇ ਪਦਾਤਮਕ ਦੋ ਤਰ੍ਹਾਂ ਦੇ ਕਾਵਿ ਗ੍ਰੰਥਾਂ ਦੇ ਦੋ ਪ੍ਰਕਾਰ ਮੰਨੇ ਹਨ - ਅਨਿਬੰਧ ਅਤੇ ਨਿਬੰਧ। ਅਨਿਬੰਧ ਮੁਕਤਕ ਰਚਨਾ ਨੂੰ ਕਹਿੰਦੇ ਹਨ ਅਤੇ ਨਿਬੰਧ ਪ੍ਰਬੰਧ ਰਚਨਾ ਨੂੰ।"[1]

       ਆਧੁਨਿਕ ਨਿਬੰਧ ਪ੍ਰਾਚੀਨ ਨਿਬੰਧ ਨਾਲੋਂ ਬਿਲਕੁਲ ਨਵੀਨ ਹੈ। ਨਿਬੰਧ ਦਾ ਇਹ ਆਧੁਨਿਕ ਰੂਪ ਪੱਛਮ ਦੀ ਦੇਣ ਹੈ। ਇਹ ਅੰਗਰੇਜ਼ੀ ਭਾਸ਼ਾ ਦੇ Essay ਸ਼ਬਦ ਦਾ ਅਨੁਵਾਦ ਹੈ। ਆਧੁਨਿਕ ਨਿਬੰਧ ਤੋਂ ਭਾਵ ਚੰਗੀ ਤਰ੍ਹਾਂ ਗੁੰਦੀ ਸਵਾਰੀ ਅਤੇ ਤਰਤੀਬ ਬੱਧ ਕੀਤੀ ਰਚਨਾ ਤੋਂ ਹੈ। ਨਿਬੰਧ ਵਿੱਚ ਨਿਬੰਧਕਾਰ ਦੇ ਆਪੇ ਦੀ ਸ਼ਮੂਲੀਅਤ ਮਹੱਤਵਪੂਰਣ ਹੁੰਦੀ ਹੈ। ਕਿਉਂਕਿ ਨਿਬੰਧ ਵਿੱਚ ਨਾ ਤਾਂ ਸ਼ਾਸਤਰਾਂ ਦਾ ਰੁੱਖਾ ਗਿਆਨ ਹੁੰਦਾ ਹੈ ਅਤੇ ਨਾ ਹੀ ਨਿਰੋਲ ਕਲਪਨਾਵਾਂ ਦਾ। ਨਿਬੰਧਕਾਰ ਦੇ ਆਪੇ ਨਾਲੋਂ ਟੁੱਟੀਆਂ ਚੋਰੀ ਕੀਤੀਆਂ ਭਾਵਨਾਵਾਂ ਦੀ ਨਿਬੰਧ ਵਿੱਚ ਕੋਈ ਥਾਂ ਨਹੀਂ। ਨਿਬੰਧ ਦੇ ਕੇਂਦਰ ਵਿੱਚ ਗਿਆਨ ਦੀ ਮੌਜੂਦਗੀ ਹੈ। ਇਹ ਕਲਪਨਾ ਦੇ ਸੰਸਾਰ ਤੋਂ ਦੂਰ ਜੀਵਨ ਦੀਆਂ ਠੋਸ ਸਚਾਈਆਂ ਨਾਲ ਵਾਕਫ਼ੀਅਤ ਕਰਵਾ ਕੇ ਪਾਠਕ ਦੇ ਗਿਆਨ ਵਿੱਚ ਵਾਧਾ ਕਰਦਾ ਹੈ। ਨਿਬੰਧ ਨੂੰ ਇਕ ਪਰਿਭਾਸ਼ਾ ਵਿੱਚ ਬੰਨਣਾ ਹੋਵੇ ਤਾਂ ਆਸ਼ਾ ਨੰਦ ਵੋਹਰਾ ਅਨੁਸਾਰ- "ਨਿਬੰਧ ਗਦ ਵਿਧਾਨ ਦਾ ਉਹ ਰੂਪ ਹੈ ਜਿਸ ਵਿੱਚ ਸੰਸਾਰ ਦੇ ਕਿਸੇ ਵੀ ਪਦਾਰਥ ਜਾਂ ਪ੍ਰਸੰਗ ਨੂੰ ਵਿਸ਼ੈ ਦੇ ਅਨੁਰੂਪ ਤੇ ਸੁਚੱਜੀ ਸ਼ੈਲੀ ਵਿੱਚ ਅਭਿਵਿਅਕਤ ਕੀਤਾ ਜਾ ਸਕਦਾ ਹੈ, ਅਤੇ ਉਸ ਵਿੱਚ ਲੇਖਕ ਦੀ ਸ਼ਖ਼ਸੀਅਤ ਲਾਜ਼ਮੀ ਤੌਰ ਤੇ ਝਲਕਣੀ ਚਾਹੀਦੀ ਹੈ।"[2]

ਲੇਖ[ਸੋਧੋ]

ਲੇਖ ਇਕ ਅਜਿਹਾ ਲਿਖਤ ਕਾਰਜ ਹੁੰਦਾ ਹੈ ਜੋ ਇਕ ਪ੍ਰਿੰਟ ਜਾਂ ਇਲੈਕਟ੍ਰਾਨਿਕ ਮਾਧਿਅਮ ਵਿੱਚ ਪ੍ਰਕਾਸ਼ਤ ਹੁੰਦਾ ਹੈ। ਖ਼ਬਰਾਂ, ਖੋਜ ਨਤੀਜੇ, ਅਕਾਦਮਿਕ ਵਿਸ਼ਲੇਸ਼ਣ ਜਾਂ ਬਹਿਸ (ਜਿਵੇਂ ਨਾਰੀਵਾਦ ਬਾਰੇ ਦੋ ਜਾਂ ਵੱਧ ਚਿੰਤਕਾਂ ਦਾ ਆਪਸੀ ਵਾਦ ਵਿਵਾਦ) ਆਦਿ ਲੇਖ ਦੀ ਸ਼੍ਰੇਣੀ ਵਿਚ ਆਉਂਦੇ ਹਨ।[1] ਨਿਬੰਧ ਵਾਂਗ ਲੇਖ ਵਿਸ਼ੈ ਖੇਤਰ ਪੱਖੋਂ ਅਸੀਮਤਾ, ਆਕਾਰ ਪੱਖੋਂ ਸੰਜਮਤਾ ਤੇ ਸੰਖੇਪਤਾ ਦੇ ਗੁਣਾ ਦਾ ਧਾਰਨੀ ਹੁੰਦਾ ਹੈ ਅਤੇ ਛੋਹੇ ਗਏ ਵਿਸ਼ੇ ਦੇ ਵਿਭਿੰਨ ਪਹਿਲੂਆਂ ਦਾ ਨਿਰੂਪਣ ਕਰਦਾ ਹੈ ਪਰ ਅਜਿਹਾ ਕਰਦਿਆਂ ਲੇਖਕ ਦੀ ਸ਼ਖ਼ਸੀਅਤ ਨਿਬੰਧ ਦੇ ਮੁਕਾਬਲਤਨ ਗ਼ੈਰ-ਹਾਜ਼ਰ ਰਹਿੰਦੀ ਹੈ। ਲੇਖਕ ਇਕ ਵਿਥ ਤੇ ਖਲੋਕੇ ਵਿਸ਼ੇ ਬਾਬਤ ਆਪਣੇ ਵਿਚਾਰਾਂ ਨੂੰ ਦਰਜ ਕਰਦਾ ਹੈ। ਕਲਾਤਮਕਤਾ ਦਾ ਗੁਣ ਨਿਬੰਧ ਦੀ ਨਿਸਬਤ ਲੇਖ ਵਿਚ ਘੱਟ ਹੁੰਦਾ ਹੈ।

ਲੇਖ ਦੀਆਂ ਪ੍ਰਮੁੱਖ ਕਿਸਮਾਂ[ਸੋਧੋ]

  • ਅਖ਼ਬਾਰੀ ਲੇਖ : ਇੱਕ ਅਖ਼ਬਾਰੀ ਲੇਖ ਆਮ ਦਿਲਚਸਪੀ (ਭਾਵ ਰੋਜ਼ਾਨਾ ਖ਼ਬਰਾਂ) ਜਾਂ ਕਿਸੇ ਖਾਸ ਵਿਸ਼ੇ (ਜਿਵੇਂ ਕਿ ਰਾਜਨੀਤਿਕ ਜਾਂ ਵਪਾਰਕ ਆਦਿ) ਬਾਬਤ ਮੌਜੂਦਾ ਜਾਂ ਤਾਜ਼ਾ ਜਾਣਕਾਰੀ ਨੂੰ ਪਾਠਕ ਤਕ ਪਹੁੰਚਾਉਣ ਦਾ ਮਾਧਿਅਮ ਹੁੰਦਾ ਹੈ।  ਇਕ ਖ਼ਬਰ ਲੇਖ ਵਿਚ ਵਾਪਰੀ ਘਟਨਾ ਦੇ ਚਸ਼ਮਦੀਦਾਂ ਤੋਂ ਪ੍ਰਾਪਤ ਬਿਰਤਾਂਤ ਦੀ ਤਫ਼ਸੀਲ ਸ਼ਾਮਲ ਹੋ ਸਕਦੀ ਹੈ. ਇਸ ਵਿਚ ਫੋਟੋਆਂ, ਅਕਾਉਂਟ, ਅੰਕੜੇ, ਗ੍ਰਾਫ, ਯਾਦ, ਇੰਟਰਵਿਊ, ਵਿਸ਼ੇ 'ਤੇ ਬਹਿਸਾਂ ਆਦਿ ਸ਼ਾਮਲ ਹੋ ਸਕਦੇ ਹਨ। ਸਿਰਲੇਖਾਂ ਦੀ ਵਰਤੋਂ ਲੇਖ ਦੇ ਵਿਸ਼ੇਸ਼ (ਜਾਂ ਮੁੱਖ) ਹਿੱਸੇ ਤੇ ਪਾਠਕਾਂ ਦਾ ਧਿਆਨ ਕੇਂਦ੍ਰਤ ਕਰਨ ਲਈ ਕੀਤੀ ਜਾ ਸਕਦੀ ਹੈ. ਲੇਖਕ ਆਮ ਪ੍ਰਸ਼ਨਾਂ ਜਿਵੇਂ ਕਿ ਕੌਣ, ਕੀ, ਕਦੋਂ, ਕਿੱਥੇ, ਕਿਉਂ ਅਤੇ ਕਿਵੇਂ ਦੇ ਉੱਤਰਾਂ ਵਜੋਂ ਤੱਥ ਅਤੇ ਵਿਸਤ੍ਰਿਤ ਜਾਣਕਾਰੀ ਵੀ ਦੇ ਸਕਦਾ ਹੈ..
  • ਅਕਾਦਮਿਕ ਪੇਪਰ : ਕਿਸੇ ਅਕਾਦਮਿਕ ਰਸਾਲੇ ਵਿੱਚ ਪ੍ਰਕਾਸ਼ਤ ਇੱਕ ਲੇਖ ਅਕਾਦਮਿਕ ਪੇਪਰ ਵਜੋਂ ਜਾਣਿਆ ਜਾਂਦਾ ਹੈ। ਕਿਸੇ ਸੈਮੀਨਾਰ ਆਦਿ ਵਿਚ ਖੋਜਾਰਥੀਆਂ ਜਾਂ ਵਿਸ਼ੇਸ਼ੱਗਾਂ ਦੁਆਰਾ ਕਿਸੇ ਵਿਸ਼ੇ ਬਾਬਤ ਪੜ੍ਹੇ ਪਰਚੇ ਵੀ ਅਕਾਦਮਿਕ ਪੇਪਰ ਦੀ ਸ਼੍ਰੇਣੀ ਵਿਚ ਆਉਂਦੇ ਹਨ।
  • ਬਲੌਗ (Blog) : ਆਧੁਨਿਕ ਸਮੇਂ ਵਿਚ ਇੰਟਰਨੈਂਟ ਉਪਰ ਵਿਭਿੰਨ ਪ੍ਰਕਾਰ ਦੀ ਸਮੱਗਰੀ ਸਾਂਝੀ ਕਰਨ ਦਾ ਸਾਧਨ ਹੈ। ਕੁਝ ਬਲੌਗ ਲੇਖ ਰਸਾਲੇ ਜਾਂ ਅਖਬਾਰਾਂ ਦੇ ਲੇਖਾਂ ਵਰਗੇ ਹੁੰਦੇ ਹਨ ਅਤੇ ਕੁਝ ਇਕ ਨਿੱਜੀ ਰੋਜ਼ਾਨਾਮਚੇ ਵਿੱਚ ਸ਼ਾਮਿਲ ਕੀਤੇ ਇੰਦਰਾਜ਼ ਵਾਂਗ ਲਿਖੇ ਜਾਂਦੇ ਹਨ.
  • ਐਨਸਾਈਕਲੋਪੀਡੀਆ ਲੇਖ : ਕਿਸੇ ਵਿਸ਼ਵ ਕੋਸ਼ ਜਾਂ ਕਿਸੇ ਹੋਰ ਹਵਾਲਾਗਤ ਕਿਰਤ ਵਿਚ ਕਿਸੇ ਵੀ ਸਮੱਗਰੀ ਦੀ ਮੁੱਢਲੀ ਵੱਖਰਤਾ ਨੂੰ ਪੇਸ਼ ਕਰਨ ਵਾਲਾ ਲੇਖ।
  • ਵਪਾਰਕ ਲੇਖ : ਵੇਚਣਯੋਗ ਸਮੱਗਰੀ ਦੀ ਅਤੀ ਸੰਖੇਪ ਜਾਣਕਾਰੀ ਦੇਣ ਵਾਲਾ ਲੇਖ, ਜੋ ਪਾਠਕ ਨੂੰ ਵਪਾਰਕ ਵੈਬਸਾਈਟ ਜਾਂ ਉਤਪਾਦ ਵੱਲ ਖਿੱਚਣ ਲਈ ਤਿਆਰ ਕੀਤਾ ਗਿਆ ਹੈ, ਨੂੰ ਵਪਾਰਕ ਲੇਖ ਵਜੋਂ ਨਾਮਿਆਂ ਜਾਂਦਾ ਹੈ।
  • ਵਿਗਿਆਨਕ ਪੇਪਰ : ਵਿਗਿਆਨ ਨਾਲ ਸੰਬੰਧਿਤ ਵਿਸ਼ੇ ਬਾਰੇ ਲਿਖੇ ਲੇਖ ਨੂੰ ਵਿਗਿਆਨਕ ਲੇਖ ਵਜੋਂ ਜਾਣਿਆ ਜਾਂਦਾ ਹੈ। ਅਜਿਹੇ ਲੇਖ ਅਕਸਰ ਸ਼ੁੱਧ ਵਿਗਿਆਨਾਂ ਨਾਲ ਸੰਬੰਧਿਤ ਰਸਾਲਿਆਂ ਵਿੱਚ ਪ੍ਰਕਾਸ਼ਤ ਹੁੰਦੇ ਹਨ।[3]

ਨਿਬੰਧ ਅਤੇ ਲੇਖ ਵਿਚ ਅੰਤਰ[ਸੋਧੋ]

ਹੁਣ ਅਸੀਂ ਉਪਰੋਕਤ ਚਰਚਾ ਅਧਾਰਿਤ ਹੇਠਾਂ ਕੁਝ ਅੰਤਰ ਦੇ ਸਕਦੇ ਹਾਂ ਜੋ ਨਿਬੰਧ ਅਤੇ ਲੇਖ ਦੀ ਸ਼ਨਾਖ਼ਤ ਵਿਚ ਸਹਾਈ ਹੋ ਸਕਦੇ ਹਨ-

  • ਨਿਬੰਧ ਚੰਗੀ ਤਰ੍ਹਾਂ ਗੁੰਦੀ ਸਵਾਰੀ ਅਤੇ ਇਕ ਨਿਸ਼ਚਿਤ ਤਰਤੀਬ ਵਿੱਚ ਬੱਝੀ ਹੋਈ ਰਚਨਾ ਹੁੰਦੀ ਹੈ ਜਦੋਂ ਕਿ ਲੇਖ ਵਿੱਚ ਅਜਿਹਾ ਬੰਧਨ ਮੁਕਾਬਲਤਨ ਘੱਟ ਹੁੰਦਾ ਹੈ।
  • ਨਿਬੰਧ ਅਤੇ ਲੇਖ ਭਾਵੇਂ ਦੋਵੇਂ ਹੀ ਗਿਆਨ ਦਾ ਸੋਮਾ ਹਨ, ਪਰ ਨਿਬੰਧ ਦੇ ਵਿੱਚ ਵਿਅਕਤੀਗਤ ਸ਼ਖ਼ਸੀਅਤ ਦਾ ਹੋਣਾ ਅਨਿਵਾਰੀ ਸਵੀਕਾਰਿਆ ਗਿਆ ਹੈ ਜਦਕਿ ਲੇਖ ਵਿੱਚ ਵਿਸ਼ੇ ਜਾਂ ਵਿਚਾਰ ਨੂੰ ਕੇਂਦਰੀ ਮਹੱਤਵ ਦਿੱਤਾ ਜਾਂਦਾ ਹੈ।
  • ਨਿਬੰਧ ਸਾਹਿਤ ਦੇ ਵਧੇਰੇ ਨੇੜੇ ਹੋਣ ਕਾਰਣ ਸਾਹਿਤਕ ਗੁਣਾਂ ਦਾ ਧਾਰਨੀ ਹੁੰਦਾ ਹੈ ਪਰ ਲੇਖ ਵਿਚਾਰ/ਵਿਸ਼ੇ ਦੇ ਵਿਵੇਚਨ ਦਾ ਸਾਧਨ ਹੈ ਇਸ ਲਈ ਸਾਹਿਤਕ/ਕਲਾਤਮਕ ਗੁਣਾਂ ਪੱਖੋਂ ਨਿਬੰਧ ਦੀ ਨਿਸਬਤ ਨਿਰਲੇਪਤਾ ਦਾ ਧਾਰਨੀ ਹੁੰਦਾ ਹੈ।[4] ਇਸੇ ਕਾਰਨ ਅਖ਼ਬਾਰ, ਰਸਾਲਿਆਂ ਵਿੱਚ ਛਪਣ ਵਾਲੇ ਗਦ ਰੂਪਾਂ ਨੂੰ ਲੇਖ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ।
  • ਨਿਬੰਧ ਵਿੱਚ ਵਿਚਾਰਾਂ ਅਤੇ ਭਾਵਨਾਵਾਂ ਦੀ ਇੱਕੋ ਜਿੰਨੀ ਅਹਿਮੀਅਤ ਹੁੰਦੀ ਹੈ ਜਦ ਕਿ ਲੇਖ ਵਿੱਚ ਭਾਵਨਾਵਾਂ ਦੀ ਬਜਾਇ ਵਿਚਾਰ ਵਧੇਰੇ ਮਹੱਤਵਪੂਰਣ ਹੁੰਦੇ ਹਨ।

ਹਵਾਲੇ[ਸੋਧੋ]

  1. ਡਾ. ਆਸ਼ਾ ਨੰਦ ਵੋਹਰਾ, "ਨਿਬੰਧ : ਸਰੂਪ ਅਤੇ ਸੰਰਚਨਾ". ਵਾਰਤਕ ਸਿਧਾਂਤ, ਸੰਪਾ. ਡਾ. ਗੁਰਨਾਇਬ ਸਿੰਘ, ਡਾ. ਚਰਨਜੀਤ ਕੌਰ. ਪਟਿਆਲਾ, ਪਬਲੀਕੇਸ਼ਨ ਬਿਊਰੋ, 2019, ਦੂਜਾ ਸੰਸਕਰਣ. ਪੰਨਾ ਨੰ. 60.
  2. ਉਹੀ, ਪੰਨਾ ਨੰ. 65.
  3. "Article (publishing)". wikipedia.org. Retrieved 13 Dec, 2020. {{cite web}}: Check date values in: |access-date= (help)
  4. ਡਾ. ਧਰਮਪਾਲ ਸਿੰਗਲ, "ਨਿਬੰਧ ਅਤੇ ਹੋਰ ਗਦ ਰੂਪ". ਵਾਰਤਕ ਸਿਧਾਂਤ, ਸੰਪਾ. ਡਾ. ਗੁਰਨਾਇਬ ਸਿੰਘ, ਡਾ. ਚਰਨਜੀਤ ਕੌਰ. ਪਟਿਆਲਾ, ਪਬਲੀਕੇਸ਼ਨ ਬਿਊਰੋ, 2019, ਦੂਜਾ ਸੰਸਕਰਣ. ਪੰਨਾ ਨੰ. 72.