ਪੰਜਾਬ ਦੇ ਤਿਓਹਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬ ਵਿੱਚ ਮੇਲਿਆਂ ਵਾਂਗ ਤਿਉਹਾਰਾਂ ਦੀ ਲੜੀ ਵੀ ਤੁਰੀ ਰਹਿੰਦੀ ਹੈ। ਮੇਲਿਆਂ ਵਾਂਗ ਤਿਉਹਾਰ ਵੀ ਇੱਥੋਂ ਦੇ ਸਭ ਵਰਗਾਂ ਦੇ ਲੋਕ ਸਮੂਹਿਕ ਤੌਰ ਤੇ ਮਨਾਉਂਦੇ ਹਨ। ਜੋ ਇੱਥੋਂ ਦੀ ਭਾਈਚਾਰਕ ਸਾਂਝ ਅਤੇ ਫਿਰਕੂ ਸੋਚ ਦੇ ਗਵਾਹ ਹਨ ।ਡਾ ਵਣਜਾਰਾ ਬੇਦੀ ਅਨੁਸਾਰ ਤਿਉਹਾਰਾਂ ਦਾ ਮੁੱਢ ਪੰਜਾਬ ਦੀ ਸਮੂਹਿਕ ਵਿਕਾਸ ਦੀ ਭਾਵਨਾ ਵਿੱਚ ਬੱਝਿਆ ਅਤੇ ਹੌਲੀ ਹੌਲੀ ਇਨ੍ਹਾਂ ਰਾਂਗਲੀਆਂ ਚੂਲਾਂ ਦੁਆਲੇ ਜਾਤੀ ਦਾ ਸਾਰਾ ਸਮਾਜਿਕ ,ਧਾਰਮਿਕ ਅਤੇ ਭਾਈਚਾਰਕ ਜੀਵਨ ਚੱਕੀ ਦੇ ਪੁੜ ਵਾਂਗ ਘੁੰਮਣ ਲੱਗਾ। ਤਿਉਹਾਰ ਨਾਲ ਅੰਦਰਲਾ ਖਿੜਦਾ ਤੇ ਮਹਿਕਦਾ ਹੈ ਅਤੇ ਲੋਕਾਂ ਵਿੱਚ ਨਵੀਂ ਸ਼ਕਤੀ ਉੱਭਰਦੀ ਅਤੇ ਨਵੇਂ ਸੰਕਲਪ ਜਾਗਦੇ ਹਨ।

ਪਿੰਡਾਂ ਦੇ ਲੋਕਾਂ ਦਾ ਵਰ੍ਹਾ ਚੇਤ ਦੀ ਏਕਮ ਤੋਂ ਆਰੰਭ ਹੁੰਦਾ ਹੈ । ਜਿਸ ਦਿਨ ਪਹਿਲਾ ਤਿਉਹਾਰ ਨਵਾਂ ਸੰਮਤ ਮਨਾਇਆ ਜਾਂਦਾ ਹੈ। ਬਸ ਫਿਰ ਤਿਉਹਾਰਾਂ ਦਾ ਕਾਫ਼ਲਾ ਸ਼ੁਰੂ ਹੋ ਜਾਂਦਾ ਹੈ। ਚੰਦ ਦੀ ਤਿੱਥਾਂ ਨਾਲ ਸੰਬੰਧਿਤ ਪੂਰਬੀ ਇਕਾਦਸ਼ੀ ਪੂਰਨਮਾਸ਼ੀ ਤੇ ਮੱਸਿਆ ,ਸੰਗਰਾਂਦ ਹਰ ਮਹੀਨੇ ਆਉਂਦੀ ਹੈ। ਡਾ .ਵਣਜਾਰਾ ਬੇਦੀ ਅਨੁਸਾਰ : "ਸੂਰਜ ਦਾ ਨਵੀਂ ਰਾਸ਼ੀ ਵਿੱਚ ਪੈਰ ਪਾਉਣ ਕਰਕੇ ਇਸ ਸੁੱਚੇ ਦਿਨ ਦਾ ਖਾਸ ਮਹੱਤਵ ਹੈ । ਜੇ ਇਹ ਦਿਨ ਚੰਗਾ ਲੰਘ ਜਾਵੇ, ਤਾਂ ਕਹਿੰਦੇ ਹਨ ਸਾਰਾ ਮਹੀਨਾ ਸੁੱਖ ਦਾ ਬੀਤਦਾ ਹੈ ।"

ਮੇਲੇ ਤੇ ਤਿਉਹਾਰ ਲੋਕ ਜੀਵਨ ਵਿੱਚ ਤਾਜ਼ਗੀ ਭਰਦੇ ਹਨ। ਇਨ੍ਹਾਂ ਦੀ ਹੋਂਦ ਜੀਵਨ ਦੀ ਖੜੋਤ ਅਤੇ ਨੀਰਸਤਾ ਨੂੰ ਭੰਗ ਕਰਦੀ ਹੈ। ਜੀਵਨ ਵਿਚ ਸੱਜਰੇਪਣ ਦਾ ਅਹਿਸਾਸ ਹੁੰਦਾ ਹੈ । ਨਵੀਆਂ ਉਮੰਗਾਂ ਜੀਵਨ ਲੈਂਦੀਆਂ ਹਨ। ਬੁਸਬੁਸੇਪਣ ਨੂੰ ਦੂਰ ਕਰਕੇ ਮੇਲੇ ਤੇ ਤਿਉਹਾਰ ਠੰਡੇ ਯੱਖ ਜੀਵਨ ਨੂੰ ਹੁਲਾਰਾ ਪ੍ਰਦਾਨ ਕਰਦੇ ਹਨ। ਬੱਚੇ ਤੋਂ ਬੁੱਢੇ ਤਕ ਹਰ ਦਿਲ ਤਿਉਹਾਰ ਵਾਲੇ ਦਿਨ ਮਾਨਸਿਕ ਆਨੰਦ ਦਾ ਲੁਤਫ਼ ਮਾਣਦੇ ਹਨ । ਲੋਕ ਜੀਵਨ ਦੀ ਸ਼ਕਤੀ ਉਨ੍ਹਾਂ ਦੇ ਵਿਸ਼ਵਾਸ ਉੱਤੇ ਨਿਰਭਰ ਕਰਦੀ ਹੈ । ਜਦੋਂ ਕਿਸੇ ਦੇ ਵਿਸ਼ਵਾਸ ਨੂੰ ਠੇਸ ਪਹੁੰਚ ਜਾਵੇ ਤਾਂ ਉਸ ਦੀ ਜੀਵਨ ਚਾਲ ਹੀ ਥਿੜਕ ਜਾਂਦੀ ਹੈ । ਨਵੀਂ ਚੇਤਨਾ ਦੇ ਪ੍ਰਚਾਰ ਅਧੀਨ ਜਿਵੇਂ ਜਿਵੇਂ ਲੋਕ ਤਿਉਹਾਰਾਂ ਦਾ ਫਾਲਤੂ ਦੇ ਅੰਧਵਿਸ਼ਵਾਸ ਮੰਨ ਕੇ ਤਿਆਗ ਦੇ ਜਾ ਰਹੇ ਹਨ, ਉਨ੍ਹਾਂ ਦੇ ਜੀਵਨ ਦੀ ਸ਼ਾਂਤੀ ਭੰਗ ਹੁੰਦੀ ਜਾ ਰਹੀ ਹੈ। ਸਾਡੀ ਬਦਕਿਸਮਤੀ ਇਸ ਗੱਲ ਵਿੱਚ ਹੈ ਕਿ ਅਸੀਂ ਬਹੁਤ ਸਾਰਾ ਪੁਰਾਣਾ ਲੋਕਧਾਰਾਈ ਵਰਤਾਰੇ ਪੱਛਮੀ ਸੋਚ ਆਖ ਕੇ ਤਿਆਗ ਤਾਂ ਦਿੱਤਾ ਹੈ, ਪਰ ਉਸ ਦੇ ਬਦਲ ਵਿਚ ਉਤਨਾ ਹੀ ਉਸਾਰੂ ਅਤੇ ਸਾਰਥਿਕ ਵਰਤਾਰਾ ਸਿਰਜਿਆ ਨਹੀਂ ਹੈ। ਜਿਸ ਦੇ ਫਲਸਰੂਪ ਜੀਵਨ ਦੀ ਨਿਰੰਤਰ ਗਤੀ ਕਾਫ਼ੀ ਹੱਦ ਤਕ ਡਾਵਾਂਡੋਲ ਹੋ ਗਈ ਹੈ ।

ਪੰਜਾਬੀ ਜੀਵਨ ਵਿਚ ਤਿਉਹਾਰਾਂ ਦਾ ਲੰਮਾ ਚੌੜਾ ਸਿਲਸਿਲਾ ਰਿਹਾ ਹੈ। ਚੰਨ ਦੀਆਂ ਤਿੱਥਾਂ ਨਾਲ ਸਬੰਧੀ ਤਿਉਹਾਰ ਕਾਦਸ਼ੀ ਪੁੰਨਿਆ ਅਤੇ ਮੱਸਿਆ ਪ੍ਰਚੱਲਿਤ ਹਨ। ਹਰ ਦੇਸੀ ਮਹੀਨੇ ਦੀ ਪਹਿਲੀ ਤਾਰੀਕ ਨੂੰ ਸੂਰਜ ਨਵੀਂ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ । ਲੋਕ ਵਿਸ਼ਵਾਸ ਅਨੁਸਾਰ ਜੇ ਮਹੀਨੇ ਦਾ ਪਹਿਲਾ ਦਿਨ ਸੁਖਾਵਾਂ ਲੰਘ ਜਾਵੇ ਤਾਂ ਮਹੀਨਾ ਭਰ ਖੁਸ਼ੀ ਬਣੀ ਰਹਿੰਦੀ ਹੈ। ਇਸ ਦਿਨ ਨੂੰ ਸੰਗਰਾਂਦ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਦੇਸੀ ਮਹੀਨੇ ਚੇਤ ਤੋਂ ਸ਼ੁਰੂ ਹੁੰਦੇ ਹਨ। ਚੇਤਰ ਦੀ ਸੰਗਰਾਂਦ ਨੂੰ ਨਵਾਂ ਸੰਮਤ ਦੇ ਰੂਪ ਵਿੱਚ ਮਨਾਈ ਜਾਂਦੀ ਹੈ। ਵਿਸਾਖੀ ਦੀ ਸੰਗਰਾਂਦ ਵਿਸਾਖੀ ਦੇ ਰੂਪ ਵਿੱਚ ਅਤੇ ਮਾਘ ਦੀ ਸੰਗਰਾਂਦ ਮਾਘੀ ਦੇ ਪੂਰਵ ਤੋਂ ਉਹ ਪੂਰਵ ਵਜੋਂ ਮਨਾਈ ਜਾਂਦੀ ਹੈ । ਚੇਤਰ ਦੇ ਨਰਾਤਿਆਂ ਵਿੱਚ ਚੇਤ ਸੁਦੀ ਅਸ਼ਟਮੀ ਨੂੰ ਕੰਜਕਾਂ ਚੇਤ ਸੁਦੀ ਨੌਵੀਂ ਨੂੰ ਰਾਮ ਨੌਮੀ ਦਾ ਤਿਉਹਾਰ ਹੁੰਦਾ ਹੈ । ਜੇਠ ਸੁਦੀ ਚੌਥ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਤੇ ਜੇਠ ਸੁਦੀ ਇਕਾਦਸ਼ੀ ਨੂੰ ਨਿਰਜਲਾ ਇਕਾਦਸ਼ੀ ਦਾ ਉਤਸਵ ਮਨਾਇਆ ਜਾਂਦਾ ਹੈ। ਹਾੜ੍ਹ ਦੀ ਅਖਾਂ ਤੀਜ ਤੋਂ ਬਿਨਾਂ ਕੋਈ ਵੀ ਪੂਰਵ ਮਨਾਉਣ ਦਾ ਵਿਧਾਨ ਨਹੀਂ ਹੈ ।

ਇੱਥੇ ਅਸੀਂ ਕੁਝ ਮਹੱਤਵਪੂਰਨ ਤਿਉਹਾਰਾਂ ਦਾ ਵਰਣਨ ਕਰਦੇ ਹਾਂ  :

ਵਿਸਾਖੀ[ਸੋਧੋ]

ਵਿਸਾਖੀ ਪੰਜਾਬ ਦਾ ਇੱਕ ਕੌਮੀ ਤਿਉਹਾਰ ਹੈ । ਇਹ ਪੰਜਾਬ ਦੀ ਕਿਰਸਾਨੀ ਦਾ ਤਿਉਹਾਰ ਹੈ। ਇਸ ਸਮੇਂ ਕਿਸਾਨ ਦੀ ਮੁੱਖ ਫ਼ਸਲ ਕਣਕ ਬਿਲਕੁਲ ਤਿਆਰ ਹੋ ਜਾਂਦੀ ਹੈ। ਸੋਨੇ ਰੰਗੀਆਂ ਬੱਲੀਆਂ ਦੀ ਚਮਕ ਖੇਤਾਂ ਨੂੰ ਸੁਨਹਿਰਾ ਬਣਾਉਂਦੀ ਹੈ । ਜੱਟ ਖ਼ੁਸ਼ੀ ਖ਼ੁਸ਼ੀ ਵਿਸਾਖੀ ਦੇ ਮੇਲੇ ਤੇ ਜਾਂਦਾ ਹੈ । ਜਿੱਥੇ ਭੰਗੜੇ ਪਾਏ ਜਾਂਦੇ ਹਨ। ਫ਼ਸਲਾਂ ਦੀ ਰਾਖੀ ਮੁੱਕ ਚੁੱਕੀ ਹੁੰਦੀ ਹੈ |


ਜੱਟਾ ਆਈ ਵਿਸਾਖੀ

ਮੁੱਕ ਗਈ ਫਸਲਾਂ ਦੀ ਰਾਖੀ

ਪੰਜਾਬ ਵਿਚ ਦਮਦਮਾ, ਕਰਤਾਰਪੁਰ ,ਆਨੰਦਪੁਰ ਸਾਹਿਬ ਆਦਿ ਵਿਸਾਖੀ ਬੜੀ ਮਸ਼ਹੂਰ ਹੈ। ਲੋਕੀਂ ਨਹਿਰਾਂ ਦਰਿਆਵਾਂ ਅਤੇ ਸਰੋਵਰਾਂ ਵਿੱਚ ਇਸ਼ਨਾਨ ਕਰਦੇ ਹਨ। ਜਿੱਥੇ ਇੱਕ ਮੌਸਮੀ ਤਿਉਹਾਰ ਹੈ ਉੱਥੇ ਹੀ ਧਾਰਮਿਕ ਤਿਉਹਾਰ ਵੀ ਹੈ। ਖਾਲਸਾ ਪੰਥ ਦੀ ਸਿਰਜਣਾ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਕੀਤੀ ਸੀ। ਜਲ੍ਹਿਆਂਵਾਲੇ ਬਾਗ਼ ਦਾ ਖ਼ੂਨੀ ਸਾਕਾ ਵੀ ਇਸੇ ਦਿਨ ਵਾਪਰਿਆ ਸੀ ।

ਨਿਰਜਲਾ ਇਕਾਦਸ਼ੀ[ਸੋਧੋ]

ਇਹ ਗਰਮੀ ਦੀ ਰੁੱਤ ਦਾ ਤਿਉਹਾਰ ਹੈ । ਇਸ ਦਿਨ ਹਿੰਦੂ ਨਿਰਜਲਾ ਵਰਤ ਰੱਖਦੇ ਹਨ। ਜੋ ਸਭ ਵਰਤਾਂ ਤੋਂ ਔਖਾ ਹੈ। ਇਸ ਰੁੱਤ ਜਦੋਂ ਘੜੀ ਮੁੜੀ ਮੂੰਹ ਸੁੱਕਦਾ ਹੈ ਤਾਂ ਪਿਆਸ ਲੱਗਦੀ ਹੈ । ਇਸ ਦਿਨ ਮਿੱਠੇ ਪਾਣੀ ਦੀਆਂ ਛਬੀਲਾਂ ਲਾਈਆਂ ਜਾਂਦੀਆਂ ਹਨ ।

ਤੀਆਂ ਦਾ ਤਿਉਹਾਰ[ਸੋਧੋ]

ਤੀਆਂ ਦਾ ਤਿਉਹਾਰ ਪੰਜਾਬੀ ਮੁਟਿਆਰਾਂ ਦਾ ਸਭ ਤੋਂ ਵੱਧ ਹਰਮਨ ਪਿਆਰਾ ਤਿਉਹਾਰ ਹੈ। ਸਾਵਣ ਦੀ ਤੀਜ ਤਿੱਥ ਤੋਂ ਸ਼ੁਰੂ ਹੋ ਕੇ ਪੂਰਨਮਾਸ਼ੀ ਤਕ ਚਲਦਾ ਹੈ। ਹਰ ਇਹ ਤਿਉਹਾਰ ਮਾਲਵੇ ਵਿਚ ਵਧੇਰੇ ਪ੍ਰਚੱਲਿਤ ਹੈ। ਕੁੜੀਆਂ ਆਪਣੇ ਪੇਕੇ ਘਰ ਆ ਕੇ ਪੀਂਘਾਂ ਝੂਟਦੀਆਂ ਤੇ ਗਿੱਧਾ ਪਾਉਂਦੀਆਂ ਹਨ ।ਇਸ ਮਹੀਨੇ ਘਰ ਵਿੱਚ ਖੀਰ ਪੂੜੇ ਤੇ ਸੇਵੀਆਂ ਆਦਿ ਪਕਾ ਕੇ ਖਾਧੀਆਂ ਜਾਂਦੀਆਂ ਹਨ। ਇਸ ਬਾਰੇ ਇੱਕ ਅਖਾਣ ਬੜਾ ਪ੍ਰਸਿੱਧ ਹੈ ।

ਸਾਵਣ ਖੀਰ ਨਾ ਖਾਧੀਆ

ਤਾਂ ਕਿਉਂ ਜੰਮੀਆਂ ਅਪਰਾਧੀਆਂ।

ਇਹ ਪ੍ਰੇਮੀ ਦੇ ਪਿਆਰ ਦੀ ਰੁੱਤ ਦੇ ਨਾਲ ਧੀਆਂ ਕਾਰਨ ਭੈਣ ਪਿਆਰ ਦੀ ਵੀ ਰੁੱਤ ਹੈ ।

ਰੱਖੜੀ ਦਾ ਤਿਉਹਾਰ[ਸੋਧੋ]

ਸਾਉਣ ਦੀ ਪੂਰਨਮਾਸ਼ੀ ਨੂੰ ਰੱਖੜੀਆਂ ਦਾ ਤਿਉਹਾਰ ਬੜਾ ਮਹੱਤਵਪੂਰਨ ਹੈ। ਇਸ ਦਿਨ ਭੈਣਾਂ ਭਰਾਵਾਂ ਨੂੰ ਰੱਖੜੀਆਂ ਬੰਨ੍ਹਦੀਆਂ ਹਨ ,ਅਤੇ ਭਰਾ ਭੈਣਾਂ ਨੂੰ ਰੁਪਏ ਤੇ ਤੋਹਫ਼ੇ ਦਿੰਦੇ ਹਨ। ਇਹ ਸਾਡਾ ਬੜਾ ਪੁਰਾਤਨ ਤਿਉਹਾਰ ਹੈ। ਜਦੋਂ ਲੜਾਈਆਂ ਹੁੰਦੀਆਂ ਸਨ। ਭੈਣਾਂ ਭਰਾਵਾਂ ਦੇ ਹੱਥਾਂ ਨੂੰ ਗਾਨੇ ਬੰਨ੍ਹ ਦਿੰਦੀਆਂ ਸਨ । ਕਿ ਤੁਸੀਂ ਜਾ ਕੇ ਰਣ ਮੈਦਾਨ ਵਿੱਚ ਬੀਰਤਾ ਨਾਲ ਲੜੋ। ਲਾਗੀ ਲੋਕ ਆਪਣੇ ਜਜਮਾਨਾਂ ਪਾਸੋਂ ਲਾਗ ਉਗਰਲਾਉਂਦੇ ਹਨ ।

ਗੁੱਗਾ ਨੌਮੀ[ਸੋਧੋ]

ਗੁੱਗਾ ਨੌਮੀ ਗੁੱਗੇ ਪੀਰ ਦਾ ਤਿਉਹਾਰ ਹੈ । ਇਸ ਦਿਨ ਸੇਵੀਆਂ ਰਿੰਨ੍ਹੀਆਂ ਜਾਂਦੀਆਂ ਹਨ । ਗੁੱਗੇ ਦੇ ਕਈ ਭਗਤ ਛਪਾਰ ਵਿੱਚ ਗੁੱਗੇ ਦੀ ਮਾੜੀ ਉੱਤੇ ਜਾ ਕੇ ਮਿੱਟੀ ਕੱਢਦੇ ਹਨ। ਔਰਤਾਂ ਗੁੱਗੇ ਦੀ ਮਹਿਮਾ ਵਿੱਚ ਗੀਤ ਗਾਉਂਦੀਆਂ ਹਨ

ਝੋਲ ਮੇਰੀ ਵਿੱਚ ਛੱਲੀਆਂ

ਅਸੀਂ ਗੁਗਾ ਮਨਾਉਣ ਚੱਲੀਆਂ

ਨੀਂ ਮੈਂ ਵਾਰੀ ਗੁੱਗੇ ਤੋਂ

ਛੰਨਾ ਭਰਿਆ ਦੁੱਧ ਦਾ

ਮੇਰਾ ਗੁੱਗਾ ਮਾੜੀ ਵਿੱਚ ਕੁੱਦਦਾ

ਨ੍ਹੀਂ ਮੈਂ ਵਾਰੀ ਗੁੱਗੇ ਤੋਂ।

ਇਹ ਸਭ ਸੱਪਾਂ ਦੇ ਪੀਰ ਗੁੱਗੇ ਨੂੰ ਖੁਸ਼ ਕਰਨ ਦੇ ਯਤਨ ਹਨ ।


ਸ਼ਰਾਧ[ਸੋਧੋ]

ਸਰਾਧ ਸ਼ਬਦ ਸ਼ਰਧਾ ਤੋਂ ਬਣਿਆ ਹੈ। ਇਸ ਦਾ ਸ਼ਾਬਦਿਕ ਅਰਥ ਸ਼ਰਧਾ ਨਾਲ ਕੀਤਾ ਕੰਮ ਹੈ। ਇਹ ਇੱਕ ਧਾਰਮਿਕ ਰਸਮ ਹੈ ।ਜੋ ਆਪਣੇ ਪਿੱਤਰਾਂ ਪ੍ਰਤੀ ਸ਼ਰਧਾ ਪ੍ਰਗਟਾਉਣ ਕਾਰਨ ਲਈ ਪੂਰੀ ਕੀਤੀ ਜਾਂਦੀ ਹੈ । ਬ੍ਰਾਹਮਣਾਂ ਨੂੰ ਭੋਜਨ ਖਵਾਇਆ ਜਾਂਦਾ ਹੈ । ਅੱਸੂ ਦੇ ਮਹੀਨੇ ਹੀ ਤਿਉਹਾਰ ਪੰਦਰਾਂ ਦਿਨ ਚੱਲਦਾ ਹੈ। ਲੋਕ ਵਿਸ਼ਵਾਸ ਹੈ ਕਿ ਇਹ ਸਭ ਪਦਾਰਥ ਅਗਲੀ ਲੋਕਾਂ ਵਿਚ ਪਿੱਤਰਾਂ ਨੂੰ ਪਹੁੰਚਦੇ ਹਨ । ਸ਼ਾਸਤਰਾਂ ਅਨੁਸਾਰ ਹਰ ਹਿੰਦੂ ਦਾ ਇਹ ਧਾਰਮਿਕ ਫ਼ਰਜ਼ ਬਣਦਾ ਹੈ ,ਕਿ ਉਹ ਸ਼ਰਾਧ ਕਰ ਕੇ ਪਿੱਤਰਾਂ ਦਾ ਰਿਣ ਚੁਕਾਵੇ।

ਦੁਸਹਿਰਾ ਤੇ ਸਾਂਝੀ[ਸੋਧੋ]

ਸ਼ਰਾਧਾਂ ਦੇ ਮੁੱਕਦਿਆਂ ਹੀ ਨਰਾਤੇ ਸ਼ੁਰੂ ਹੋ ਜਾਂਦੇ ਹਨ। ਪਹਿਲੇ ਨਰਾਤੇ ਹੀ ਕੁੜੀਆਂ ਤੌੜੀਆਂ ਵਿਚ ਘੜੋਂਜ਼ੀ ਹੇਠ ਜਾਂ ਉੱਖਲੀ ਵਿੱਚ ਜਾਂ ਕੋਰੇ ਕੁੱਜੇ ਠੂਠੇ ਤੇ ਬੱਠਲਾਂ ਵਿੱਚ ਰੇਤਾ ਪਾ ਕੇ ਜੌਂ ਬੀਜ ਦਿੰਦੀਆਂ ਹਨ । ਇਸ ਨੂੰ ਮਾਤਾ ਗੌਰਜਾਂ ਦਾ ਬਾਗ ਕਿਹਾ ਜਾਂਦਾ ਹੈ, ਤੇ ਹਰ ਰੋਜ਼ ਸਵੇਰੇ ਉੱਠ ਕੇ ਜੌਂਆਂ ਦੇ ਇਸ ਬਾਗ਼ ਨੂੰ ਮੱਥਾ ਟੇਕ ਕੇ ਪਾਣੀ ਪਾਇਆ ਜਾਂਦਾ ਹੈ ।ਦੁਸਹਿਰੇ ਵਾਲੇ ਦਿਨ ਇਹ ਫੁੱਟੀਆਂ ਕਰੂੰਬਲਾਂ ਕੁੜੀਆਂ ਆਪਣੇ ਭਰਾਵਾਂ ਚਾਚਿਆਂ ਤੇ ਸਿਰ ਟੰਗ ਦਿੰਦੀਆਂ ਹਨ ।ਪਰ ਪੰਜਾਬ ਦੇ ਪਿੰਡਾਂ ਖਾਸ ਕਰਕੇ ਜੱਟਾਂ ਦੇ ਹਰੀਜਨਾ ਵਿੱਚ ਇਹ ਰਿਵਾਜ ਨਹੀਂ ਹੈ । ਦੁਸਹਿਰੇ ਵਿੱਚ ਦਸਾਂ ਨਰਾਤਿਆਂ ਵਿੱਚ ਰਾਮਲੀਲਾ ਵਿਖਾਈ ਜਾਂਦੀ ਹੈ। ਜੋ ਰਾਮ ਅਤੇ ਰਾਵਣ ਦੇ ਸੰਘਰਸ਼ ਦਾ ਚਿੱਤਰ ਪੇਸ਼ ਕਰਦੀ ਹੈ ।

ਨਰਾਤਿਆਂ ਵਿੱਚ ਇੱਕ ਸਾਂਝੀ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ। ਕੁੜੀਆਂ ਪਹਿਲੇ ਨਰਾਤੇ ਇੱਕ ਕੰਧ ਉੱਤੇ ਗੋਹਾ ਮਿੱਟੀ ਥੱਪ ਕੇ ਇੱਕ ਸਾਂਝੀ ਮਾਈ ਦੀ ਮੂਰਤੀ ਬਣਾ ਲੈਂਦੀਆਂ ਹਨ। ਮੂਰਤੀ ਵਿੱਚ ਕਲਾਤਮਿਕ ਸੁੰਦਰਤਾ ਭਰਨ ਲਈ ਕਈ ਵਿਧੀਆਂ ਵਰਤੀਆਂ ਜਾਂਦੀਆਂ ਹਨ । ਉਸ ਨੂੰ ਫੁੱਲਾ ਕੌਡੀਆਂ ਤੇ ਮੋਤੀਆਂ ਨਾਲ ਸਜਾਇਆ ਤੇ ਗਹਿਣਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ। ਸਾਂਝੀ ਮਾਈ ਦੀ ਪੂਜਾ ਹਰ ਰੋਜ਼ ਸ਼ਾਮ ਵੇਲੇ ਕੀਤੀ ਜਾਂਦੀ ਹੈ। ਕੁੜੀਆਂ ਸਾਂਝੀ ਮਾਈ ਤੇ ਜੱਸ ਵਿੱਚ ਗੀਤ ਗਾਉਂਦੀਆਂ ਹਨ |

ਨੀ ਤੂੰ ਜਾਗ ਸਾਂਝੀ ਜਾਗ

ਸਾਡੇ ਜਾਗ ਪੈਣ ਭਾਗ

ਮੈਂ ਆਈ ਤੇਰੇ ਦਵਾਰ

ਮੈਨੂੰ ਤਾਰ ਮਾਈ ਤਾਰ ।

ਕੁੜੀਆਂ ਜੋਤਾਂ ਜਗਾ ਕੇ ਸਾਂਝੀ ਮਾਈ ਦੀ ਆਰਤੀ ਉਤਾਰਦੀਆਂ ਹਨ ,ਤੇ ਸ਼ੱਕਰ ਤੇ ਤਿਲ ਚੌਲੀ ਰਲਾ ਕੇ ਬਣਾਇਆ ਪ੍ਰਸ਼ਾਦ ਵੰਡਦੀਆਂ ਹਨ । ਦੁਸਹਿਰੇ ਵਾਲੇ ਦਿਨ ਸਰਘੀ ਵੇਲੇ ਸਾਂਝੀ ਮਾਈ ਦੀ ਮੂਰਤੀ ਨੂੰ ਕਿਸੇ ਟੋਭੇ ਜਾਂ ਨਦੀ ਨਾਲੇ ਵਿੱਚ ਜਲ ਪ੍ਰਵਾਹ ਕੀਤਾ ਜਾਂਦਾ ਹੈ ।

ਦੀਵਾਲੀ[ਸੋਧੋ]

ਦੀਵਾਲੀ ਵੀ ਰਾਮਚੰਦਰ ਦੇ ਵਾਪਸ ਅਯੁੱਧਿਆ ਦੇ ਸੰਦਰਭ ਵਿੱਚ ਮਨਾਈ ਜਾਂਦੀ ਹੈ । ਲੋਕ ਖੁਸ਼ੀ ਵਿੱਚ ਘਰ ਦੀਵੇ ਜਗਾਉਂਦੇ ਹਨ । ਦੀਵਾਲੀ ਤੋਂ ਪਹਿਲਾਂ ਲੋਕੀਂ ਘਰਾਂ ਨੂੰ ਲਿਸ਼ਕਾਉਂਦੇ ਪੋਚਦੇ ਹਨ । ਪੰਜਾਬ ਵਿੱਚ ਅੰਮ੍ਰਿਤਸਰ ਦੀ ਦੀਵਾਲੀ ਆਪਣੀ ਨਿਵੇਕਲੀ ਦਿੱਖ ਹੈ ।

ਲੋਹੜੀ[ਸੋਧੋ]

ਲੋਹੜੀ ਦਾ ਤਿਉਹਾਰ ਮਾਘ ਦੀ ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਆਉਂਦਾ ਹੈ । ਇਉਂ ਲੱਗਦਾ ਹੈ ਜਿਵੇਂ ਲੋਹੜੀ ਸਮੇਂ ਲੋਕ ਪੋਹ ਦੀ ਕਹਿਰ ਭਰੀ ਠੰਢ ਤੋਂ ਬਚਣ ਦਾ ਜਸ਼ਨ ਮਨਾਉਂਦੇ ਹੋਣ। ਮਾਘੀ ਨੂੰ ਮੁਡ਼ ਕੇਸੀ ਇਸ਼ਨਾਨ ਤੱਕ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ । ਲੋਹੜੀ ਤਕ ਫੈਲਿਆ ਦਲਿੱਦਰ ਦੂਰ ਹੋ ਜਾਂਦਾ ਹੈ ।ਇਸੇ ਲਈ ਲੋਹੜੀ ਦੀ ਅੱਗ ਦੁਆਲੇ ਇਹ ਤੁਕਾਂ ਉਚਾਰੀਆਂ ਜਾਂਦੀਆਂ ਹਨ |

ਈਸ਼ਵਰ ਆਏ ਦਲਿੱਦਰ ਜਾਏ

ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ ।

ਲੋਹੜੀ ਦੇ ਤਿਉਹਾਰ ਨਾਲ ਸਭ ਤੋਂ ਵੱਧ ਗੀਤ ਜੁੜੇ ਹੋਏ ਹਨ। ਅਰਥਾਤ ਇਹ ਵਧੇਰੇ ਖ਼ੁਸ਼ੀਆਂ ਤੇ ਸ਼ੁਭ ਆਗਮਨ ਦਾ ਤਿਆਰ ਹੈ । ਜਿਸ ਘਰ ਵਿੱਚ ਮੁੰਡਾ ਹੁੰਦਾ ਹੈ । ਉਸ ਘਰੋਂ ਗੁੜ ਪੈਸੇ ਤੇ ਹੋਰ ਖਾਣ ਪੀਣ ਦਾ ਸਾਮਾਨ ਬੱਚੇ ਤੇ ਜਵਾਨ ਮੰਗਦੇ ਹਨ। ਇਸ ਤਿਉਹਾਰ ਦਾ ਸੰਬੰਧ ਦੁੱਲਾ ਭੱਟੀ ਦੀ ਲੋਕ ਕਥਾ ਨਾਲ ਵੀ ਜੋੜਿਆ ਜਾਂਦਾ ਹੈ । ਛੋਟੇ ਛੋਟੇ ਬੱਚਿਆਂ ਦੀਆਂ ਟੋਲੀਆਂ ਗੀਤ ਗਾਉਂਦੀਆਂ ਬੜੀਆਂ ਪਿਆਰੀਆਂ ਲੱਗਦੀਆਂ ਹਨ :

ਕੋਠੀ ਹੇਠ ਚਾਕੂ

ਗੁੜ ਦੇਊ ਮੁੰਡੇ ਮੁੰਡੇ ਦਾ ਬਾਪੂ

ਕੋਠੇ ਉੱਤੇ ਕਾਂ ਗੁੜ ਦੇਵੇ ਮੁੰਡੇ ਦੀ ਮਾਂ


ਕੌਮੀ ਪੱਧਰ ਤੇ ਤਿਉਹਾਰ ਦੀਵਾਲੀ, ਦੁਸਹਿਰਾ ,ਲੋਹੜੀ, ਜਨਮਾਸ਼ਟਮੀ, ਰਾਮਨੌਮੀ, ਈਦ, ਕ੍ਰਿਸਮਿਸ, ਗੁਰਪੁਰਬ, ਮਾਘੀ, ਨਿਮਾਣੀ ਇਕਾਦਸ਼ੀ ,ਬਸੰਤ ਪੰਚਮੀ ,ਰੱਖੜੀ ,ਸ਼ਿਵਰਾਤਰੀ, ਕਰੂਆ ਤੇ ਚੱਕਰੀ ਤੇ ਵਰਤਾ ਨਾਲ ਜੁੜੇ ਭਾਵ ਜਾਂ ਮਹਾਤਮ ਲਗਪਗ ਹਰ ਥਾਂ ਉੱਤੇ ਇੱਕੋ ਜਿਹੇ ਹੀ ਹਨ । ਦੀਵਾਲੀ ਨੂੰ ਜ਼ੋਰ ਸ਼ੋਰ ਨਾਲ ਮਨਾਉਣ ਦੇ ਲੱਛਮੀ ਦੇਵੀ ਨੂੰ ਪ੍ਰਸੰਨ ਕਰਨਾ ਮੰਨਿਆ ਜਾਂਦਾ ਹੈ। ਮਾਘੀ ਨੂੰ ਸਵੇਰੇ ਕੇਸੀ ਇਸ਼ਨਾਨ ਕਰਨ ਪਿੱਛੋਂ ਲੋਕ ਵਿਸਵਾਸ ਸੋਨੇ ਦੇ ਵਾਲ ਕਰਨ ਦਾ ਹੁੰਦਾ ਹੈ । ਕਰੂਆ ਪਤੀ ਦੀ ਸਲਾਮਤੀ ਲਈ, ਝੱਕਰੀਆਂ ਪੁੱਤ ਦੀ ਸਲਾਮਤੀ ਲਈ, ਅਤੇ ਰੱਖੜੀ ਭਰਾ ਦੀ ਸਲਾਮਤੀ ਲਈ ਕਰਮਵਾਰ ਪਤਨੀ , ਮਾਂ ਅਤੇ ਭੈਣ ਵੱਲੋਂ ਕੀਤੇ ਗਏ ਕਰਮ ਕਾਂਡ ਨਾਲ ਸਬੰਧ ਰੱਖਦੇ ਤਿਉਹਾਰ ਹਨ । ਇਉਂ ਤਿਉਹਾਰਾਂ ਦੇ ਆਯੋਜਨ ਸਮੇਂ ਸਮਾਨਤਾ ਤੇ ਆਂਸ਼ਿਕ ਵਖਰੇਵੇਂ ਦੀ ਝਲਕ ਬਰਾਬਰ ਕਾਇਮ ਰਹਿੰਦੀ ਹੈ। ਫੱਗਣ ਦੇ ਮਹੀਨੇ ਸ਼ਿਵਰਾਤਰੀ ਅਤੇ ਹੋਲੇ ਮਹੱਲੇ ਦਾ ਮਨੋਰੰਜਨ ਭਰਿਆ ਤਿਉਹਾਰ ਹੁੰਦਾ ਹੈ। ਇਉਂ ਤਿਉਹਾਰਾਂ ਦਾ ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ ਹੈ। ਸਾਲ ਦੇ ਬਾਰਾਂ ਮਹੀਨੇ ਵਿੱਚੋਂ ਸ਼ਾਇਦ ਹੀ ਕੋਈ ਮਹੀਨਾ ਖਾਲੀ ਜਾਂਦਾ ਹੋਵੇ ,ਜਿਸ ਵਿੱਚ ਤਿਉਹਾਰ ਨਾ ਹੋਣ। ਇਸ ਪ੍ਰਕਾਰ ਲੋਕਧਾਰਾ ਦੀ ਇਹ ਨਿਰੰਤਰ ਵਹਿੰਦੀ ਧਾਰਾ ਲੋਕ ਜੀਵਨ ਵਿੱਚ ਤਾਜ਼ਗੀ ਉਮਾਹਾਂ ਤੇ ਮੰਗ ਦਾ ਸੰਦੇਸ਼ ਲੈ ਕੇ ਆਉਂਦੀ ਹੈ, ਤੇ ਲੋਕ ਸਮੂਹ ਨੂੰ ਜ਼ਿੰਦਗੀ ਜਿਊਣ ਦੀ ਪ੍ਰੇਰਨਾ ਦਿੰਦੀ ਹੈ। ਇਸ ਤੋਂ ਮਾਯੂਸ ਹੋਣ ਦੀ ਨਹੀਂ ।

ਮੁੱਕਦੀ ਗੱਲ ਇਹ ਕੀ ਪੰਜਾਬ ਦੇ ਮੇਲੇ ਤੇ ਤਿਉਹਾਰ ਪੰਜਾਬੀ ਸੱਭਿਆਚਾਰ, ਭਾਈਚਾਰਕ ਏਕਤਾ ਤੇ ਅਲਬੇਲੇ ਸੁਭਾਅ ਦੇ ਪ੍ਰਤੀਕ ਹਨ ।ਜੇਕਰ ਭਾਰਤ ਦੀ ਦੂਜੇ ਪ੍ਰਾਂਤਾਂ ਦੇ ਮੇਲੇ ਤੇ ਤਿਉਹਾਰਾਂ ਵਿੱਚ ਏਕਤਾ ਸਾਂਝੀਵਾਲਤਾ ਦਾ ਅੰਸ਼ ਬਿਨਾਂ ਜਾਤੀ ਧਰਮ ਦੇ ਹੋਵੇ ਤਾਂ ਭਾਰਤ ਦੀ ਕੌਮੀ ਏਕਤਾ ਨੂੰ ਕੋਈ ਖਤਰਾ ਨਹੀਂ ਹੈ। ਜੇਕਰ ਕਿਸੇ ਵਿਅਕਤੀ ਨੇ ਕੌਮੀ ਏਕਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੱਖ ਪ੍ਰਮਾਣ ਵੇਖਣਾ ਹੋਵੇ ,ਤਾਂ ਉਹ ਪੰਜਾਬ ਦੇ ਮੇਲੇ ਤੇ ਤਿਉਹਾਰਾਂ ਦਾ ਅੱਖੀਂ ਵੇਖਣ ਤੇ ਸਰਵੇਖਣ ਕਰੇ ਇੱਥੇ ਹਰ ਜਾਤ ਤੇ ਧਰਮ ਦੇ ਲੋਕੀਂ ਇਨ੍ਹਾਂ ਨੂੰ ਬਿਨਾਂ ਕਿਸੇ ਭਿੰਨ ਭੇਦ ਦੇ ਮਨਾਉਂਦੇ ਦਿੱਸਣਗੇ ।

ਹਵਾਲੇ[ਸੋਧੋ]

1."ਪੰਜਾਬ ਦੀ ਲੋਕਧਾਰਾ" ਬਲਵੀਰ ਸਿੰਘ ਪੂੰਨੀ ।

2."ਪੰਜਾਬ ਦੀ ਲੋਕਧਾਰਾ" ਬਲਵੀਰ ਸਿੰਘ ਪੂੰਨੀ।

3." ਪੰਜਾਬ ਦੀ ਲੋਕਧਾਰਾ" ਬਲਵੀਰ ਸਿੰਘ ਪੂੰਨੀ ।

4 ".ਲੋਕਧਾਰਾ ਸਿਧਾਂਤ ਅਤੇ ਵਿਸ਼ਲੇਸ਼ਣ "ਪ੍ਰੋ ਜੀਤ ਸਿੰਘ ਜੋਸ਼ੀ ।

5."ਲੋਕਧਾਰਾ ਸਿਧਾਂਤ ਅਤੇ ਵਿਸ਼ਲੇਸ਼ਣ " ਪ੍ਰੋ ਜੀਤ ਸਿੰਘ ਜੋਸ਼ੀ।

6." ਲੋਕਧਾਰਾ ਸਿਧਾਂਤ ਅਤੇ ਵਿਸ਼ਲੇਸ਼ਣ" ਪ੍ਰੋ ਜੀਤ ਸਿੰਘ ਜੋਸ਼ੀ ।